‘ਵਿਆਪਮ’ ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਦਾ ਹਿੰਦੀ ਵਿਚ ਛੋਟਾ ਨਾਂ ਹੈ। ਇਹ ਸਰਕਾਰੀ ਬੋਰਡ ਸੂਬੇ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿਚ ਨੌਕਰੀਆਂ ਲਈ ਨਿਯੁਕਤੀਆਂ ਕਰਨ ਅਤੇ ਵਿਦਿਅਕ ਸੰਸਥਾਵਾਂ ਵਿਚ ਦਾਖਲਿਆਂ ਲਈ ਇਮਤਿਹਾਨ ਲੈਂਦਾ ਹੈ।
ਬੋਰਡ ਦੇ ਇਸ ਕਾਰਜ ਵਿਚ ਬੇਨਿਯਮੀਆਂ ਦੀਆਂ ਗੱਲਾਂ 1995 ਦੇ ਨੇੜੇ-ਤੇੜੇ ਹੋਣੀਆਂ ਸ਼ੁਰੂ ਹੋਈਆਂ, ਪਰ ਪੂਰੇ ਪੰਜ ਸਾਲ ਬਾਅਦ 2000 ਵਿਚ ਹੀ ਇਸ ਸਬੰਧੀ ਕੇਸ ਦਰਜ ਹੋ ਸਕਿਆ। ਉਂਜ ਇਸ ਐਫ਼ਆਈæਆਰæ ਉਤੇ ਵੀ ਕੋਈ ਕਾਰਵਾਈ ਨਹੀਂ ਹੋਈ। ਫਿਰ 2009 ਵਿਚ ਪ੍ਰੀ-ਮੈਡੀਕਲ ਟੈਸਟ (ਪੀæਐਮæਟੀæ) ਬਾਰੇ ਵੱਡੇ ਪੱਧਰ ਉਤੇ ਸ਼ਿਕਾਇਤਾਂ ਰਿਪੋਰਟ ਹੋਈਆਂ। ਇਹ ਟੈਸਟ ਮੈਡੀਕਲ ਕਾਲਜਾਂ ਵਿਚ ਦਾਖਲੇ ਲਈ ਹੁੰਦਾ ਹੈ। ਅਣਗਿਣਤ ਸ਼ਿਕਾਇਤਾਂ ਤੋਂ ਬਾਅਦ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਲਈ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੀ ਰਿਪੋਰਟ ਤਿਆਰ ਹੋਣ ਨੂੰ ਭਾਵੇਂ ਤਕਰੀਬਨ ਦੋ ਸਾਲ ਲੱਗ ਗਏ, ਪਰ ਰਿਪੋਰਟ ਤਿਆਰ ਹੋ ਗਈ ਅਤੇ ਇਸ ਸਬੰਧ ਵਿਚ 100 ਦੇ ਕਰੀਬ ਬੰਦੇ ਗ੍ਰਿਫਤਾਰ ਕਰ ਲਏ ਗਏ। ਲੋਕਾਂ ਦੀ ਵਾਰ ਵਾਰ ਮੰਗ ਅਤੇ ਸਰਗਰਮੀ ਪਿਛੋਂ ਮੱਧ ਪ੍ਰਦੇਸ਼ ਸਰਕਾਰ ਨੂੰ 2012 ਵਿਚ ਸਪੈਸ਼ਲ ਟਾਸਕ ਫੋਰਸ (ਐਸ਼ਟੀæਐਫ਼) ਵੀ ਬਣਾਉਣੀ ਪਈ। ਅਗਲੀ ਪੁਣ-ਛਾਣ ਤੋਂ ਬਾਅਦ ਮਾਮਲਾ ਬਹੁਤ ਗੰਭੀਰ ਹੋ ਗਿਆ ਅਤੇ 2013 ਵਿਚ ਇੰਦੌਰ ਪੁਲਿਸ ਨੇ 20 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਗ੍ਰਿਫਤਾਰੀਆਂ ਤੋਂ ਬਾਅਦ ਘਪਲੇ ਦੇ ਸੰਚਾਲਕ ਜਗਦੀਸ਼ ਸਾਗਰ ਦੀ ਗ੍ਰਿਫਤਾਰੀ ਹੋਈ ਅਤੇ ਹੌਲੀ ਹੌਲੀ ਇਸ ਘਪਲੇ ਨਾਲ ਵੱਡੇ ਵੱਡੇ ਸਿਆਸਤਦਾਨਾਂ, ਨੌਕਰਸ਼ਾਹਾਂ, ਬੋਰਡ ਦੇ ਮੁਲਾਜ਼ਮਾਂ ਅਤੇ ਵਿਚੋਲਿਆਂ ਦੇ ਨਾਂ ਜੁੜਨੇ ਸ਼ੁਰੂ ਹੋ ਗਏ। ਇਸ ਕੇਸ ਵਿਚ ਹੁਣ ਤੱਕ 2000 ਤੋਂ ਵੱਧ ਲੋਕ ਗ੍ਰਿਫਤਾਰ ਹੋ ਚੁੱਕੇ ਹਨ ਜਿਨ੍ਹਾਂ ਵਿਚ ਸੂਬੇ ਦੇ ਸਾਬਕਾ ਸਿਖਿਆ ਮੰਤਰੀ ਲਕਸ਼ਮੀ ਕਾਂਤ ਸ਼ਰਮਾ ਸਮੇਤ 100 ਦੇ ਕਰੀਬ ਸਿਆਸੀ ਲੀਡਰ ਸ਼ਾਮਲ ਹਨ। ਇਹ ਲੋਕ ਮੋਟੀਆਂ ਰਕਮਾਂ ਲੈ ਕੇ ਪ੍ਰੀਖਿਆਰਥੀਆਂ ਨੂੰ ਵੱਖ ਵੱਖ ਢੰਗਾਂ-ਤਰੀਕਿਆਂ ਰਾਹੀਂ ਪਾਸ ਕਰਵਾਉਂਦੇ ਸਨ।
ਇਸ ਘਪਲੇ ਵਿਚ ਸੂਬੇ ਦੇ ਰਾਜਪਾਲ ਰਾਮ ਨਰੇਸ਼ ਯਾਦਵ ਦਾ ਨਾਂ ਵੀ ਵੱਜਿਆ। ਰਾਜਪਾਲ ਦਾ ਪੁੱਤਰ ਸ਼ੈਲੇਸ਼ ਯਾਦਵ ਠੇਕੇ ‘ਤੇ ਭਰਤੀ ਕੀਤੇ ਅਧਿਆਪਕਾਂ ਵਾਲੇ ਕੇਸ ਵਿਚ ਸ਼ਾਮਲ ਸੀ। ਮਗਰੋਂ ਮਾਰਚ 2015 ਵਿਚ ਉਸ ਦੀ ਲਾਸ਼ ਭੇਤਭਰੀ ਹਾਲਤ ਵਿਚ ਉਸ ਦੇ ਘਰੋਂ ਮਿਲੀ। ‘ਵਿਆਪਮ’ ਵਿਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਨਾਂ ਵੀ ਬੋਲ ਚੁੱਕਾ ਹੈ। ਇਹੀ ਨਹੀਂ, ਇਸ ਕੇਸ ਦੀਆਂ ਤਾਰਾਂ ਹੁਣ ਆਰæਐਸ਼ਐਸ਼ ਲੀਡਰਾਂ ਨਾਲ ਵੀ ਜੁੜ ਚੁੱਕੀਆਂ ਹਨ। ਇਸ ਕੇਸ ਦੇ ਸਬੰਧ ਵਿਚ ਹੁਣ ਤੱਕ 50 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਸਭ ਤੋਂ ਪਹਿਲੀ ਮੌਤ 21 ਨਵੰਬਰ 2009 ਨੂੰ ਹੋਈ ਸੀ ਅਤੇ ਮਰਨ ਵਾਲਾ ਵਿਕਾਸ ਸਿੰਘ ਠਾਕੁਰ ਇਸ ਘਪਲੇ ਵਿਚ ਵਿਚੋਲਾ ਸੀ।
ਸਿਤਮਜ਼ਰੀਫੀ ਇਹ ਰਹੀ ਕਿ ਕੱਲ੍ਹ ਤੱਕ ਇਹ ਘਪਲਾ ਲੋਕਲ ਹੀ ਸੀ। ਇਕ-ਦੋ ਅਖਬਾਰਾਂ ਨੂੰ ਛੱਡ ਕੇ ਇਹ ਮਾਮਲਾ ਕਿਸੇ ਕੌਮੀ ਅਖਬਾਰ ਦੇ ਕਾਲਮਾਂ ਦਾ ਹਿੱਸਾ ਨਹੀਂ ਬਣਿਆ। ਹੁਣ ਜਦੋਂ 4-5-6 ਅਤੇ 7 ਜੁਲਾਈ ਨੂੰ ਚਾਰ ਦਿਨਾਂ ਵਿਚ ਉਪਰੋਥਲੀ ਚਾਰ ਮੌਤਾਂ ਹੋਈਆਂ, ਤਾਂ ਕਿਤੇ ਜਾ ਕੇ ਮੀਡੀਆ ਦੀ ਨੀਂਦ ਟੁੱਟੀ। ਦਰਅਸਲ ਇਨ੍ਹਾਂ ਚਾਰ ਮ੍ਰਿਤਕਾਂ ਵਿਚੋਂ ਇਕ ਪੱਤਰਕਾਰ ਅਕਸ਼ੈ ਸਿੰਘ ਵੀ ਸੀ ਜੋ ਇਸ ਮਾਮਲੇ ਦੀ ਪੁਣ-ਛਾਣ ਕਰ ਰਿਹਾ ਸੀ ਅਤੇ ਇਸ ਤੋਂ ਬਆਦ ਹੀ ਇਹ ਮਾਮਲਾ ਕੌਮੀ ਅਖਬਾਰਾਂ ਦੀ ਸੁਰਖੀ ਬਣ ਸਕਿਆ। ਹੁਣ ਇਸ ਮਾਮਲੇ ਦੀ ਗੂੰਜ ਸੁਪਰੀਮ ਕੋਰਟ ਤੱਕ ਵੀ ਅੱਪੜ ਗਈ ਹੈ। ਇਸ ਮਾਮਲੇ ਨੂੰ ਉਠਾਉਣ ਵਾਲੇ ਚੀਕਾਂ ਮਾਰਦੇ ਹਫ ਗਏ, ਪਰ ਉਨ੍ਹਾਂ ਦੀ ਗੱਲ ਕਿਸੇ ਨੇ ਵੀ ਨਹੀਂ ਸੁਣੀ। ਉਨ੍ਹਾਂ ਹਰ ਦਫਤਰ, ਇਥੋਂ ਤੱਕ ਕਿ ਅਦਾਲਤਾਂ ਵਿਚ ਵੀ ਟੱਕਰਾਂ ਮਾਰੀਆਂ, ਪਰ ਕਿਸੇ ਦੇ ਵੀ ਕੰਨ ਉਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਉਤੇ ਲਗਾਤਾਰ ਹਮਲੇ ਹੁੰਦੇ ਰਹੇ, ਹਰ ਹਮਲੇ ਦੀ ਰਿਪੋਰਟ ਅਦਾਲਤ ਤੱਕ ਵੀ ਪੁੱਜਦੀ ਰਹੀ, ਪਰ ਇਹ ਘਪਲਾ ਕਰਨ ਵਾਲੇ ਇੰਨੇ ਤਕੜੇ ਤੇ ਤਾਕਤ ਵਾਲੇ ਸਨ ਕਿ ਇਨਸਾਫ ਵੀ ਅੰਨ੍ਹਾ ਹੋ ਗਿਆ। ਹੁਣ ਜਦੋਂ ਅਤਿ ਦੀ ਆਈ ਨੂੰ ਇਸ ਕੇਸ ਨਾਲ ਦਿੱਲੀ ਦੀ ਸਰਕਾਰ ਵੀ ਹਿੱਲ ਗਈ ਹੈ ਤਾਂ ਕਿਤੇ ਜਾ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਕੇਸ ਦੀ ਜਾਂਚ ਸੀæਬੀæਆਈæ ਤੋਂ ਕਰਵਾਉਣ ਲਈ ਹਾਮੀ ਭਰੀ ਹੈ। ਸਿਆਸੀ ਗਲਿਆਰਿਆਂ ਵਿਚ ਚਰਚਾ ਇਹ ਵੀ ਹੈ ਕਿ ਪਹਿਲਾਂ ਹੀ ਸਿਆਸੀ ਸਕੈਂਡਲਾਂ ਵਿਚ ਘਿਰੀ ਮੋਦੀ ਸਰਕਾਰ ਨੇ ਆਪਣੀ ਖੱਲ ਬਚਾਉਣ ਖਾਤਰ ਹੀ ਸੀæਬੀæਆਈæ ਜਾਂਚ ਵਾਲਾ ਪੱਤਾ ਖੇਡਿਆ ਹੈ। ਇਹ ਤੱਥ ਚਿੱਟੇ ਦਿਨ ਵਾਂਗ ਸਾਫ ਹੈ ਕਿ ਸੀæਬੀæਆਈæ ਭਾਵੇਂ ਆਪਣੇ ਪੱਧਰ ਉਤੇ ਜਾਂਚ ਕਰਨ ਲਈ ਮਸ਼ਹੂਰ ਹੈ, ਪਰ ਸੱਚ ਇਹ ਵੀ ਹੈ ਕਿ ਮੌਕੇ ਦੀ ਸਰਕਾਰ ਦਾ ਇਸ ਜਾਂਚ ਏਜੰਸੀ ਉਤੇ ਕਿੰਨਾ ਜ਼ਿਆਦਾ ਅਸਰ ਹੁੰਦਾ ਹੈ। ਉਂਜ ਇਕ ਗੱਲ ਹੁਣ ਸਪਸ਼ਟ ਹੈ ਕਿ ਇਸ ਕੇਸ ਦੀਆਂ ਪਰਤਾਂ ਹੋਰ ਖੁੱਲ੍ਹਣਗੀਆਂ ਅਤੇ ਪਤਾ ਲੱਗ ਸਕੇਗਾ ਕਿ ਇਸ ਘਪਲੇ ਉਤੇ ਪਰਦਾ ਪਾਉਣ ਲਈ ਇੰਨੀ ਵੱਡੀ ਖੂਨੀ ਖੇਡ ਕੌਣ ਖੇਡ ਰਿਹਾ ਹੈ। ਇਹ ਖੇਡ ਖੇਡਣ ਵਾਲਿਆਂ ਨੇ ਮਾਨਵਤਾ ਦੇ ਪਰਖਚੇ ਉਡਾ ਛੱਡੇ ਹਨ, ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਸਿਆਸੀ ਲੀਡਰ ਆਪੋ-ਆਪਣੇ ਸੌੜੇ ਹਿਤਾਂ ਲਈ ਆਮ ਲੋਕਾਂ ਦੀ ਬਲੀ ਦੇਣ ਲਈ ਸਦਾ ਤਿਆਰ ਹੀ ਰਹਿੰਦੇ ਹਨ। ਇਹ ਭਾਰਤ ਦੀ ਜਮਹੂਰੀਅਤ ਅੰਦਰ ਚੱਲਦੇ ਗੋਰਖ ਧੰਦੇ ਦਾ ਇਕ ਕਣ ਮਾਤਰ ਹੈ। ਹਰ ਥਾਂ ਅਜਿਹੇ ਧੰਦੇ ਚੱਲ ਰਹੇ ਹਨ ਅਤੇ ਜਿਨ੍ਹਾਂ ਜ਼ਿੰਮੇਵਾਰ ਲੋਕਾਂ ਨੇ ਅਜਿਹੇ ਧੰਦਿਆਂ ਨੂੰ ਡੱਕਣਾ ਹੈ, ਉਹ ਖੁਦ ਹੀ ਇਸ ਖੇਡ ਦਾ ਹਿੱਸਾ ਬਣੇ ਹੋਏ ਹਨ। ਇਸੇ ਕਰ ਕੇ ਆਮ ਬੰਦਾ ਹਰ ਖੇਤਰ ਵਿਚ ਫੇਲ੍ਹ ਹੋ ਰਿਹਾ ਹੈ। ਮੁਲਕ ਚਲਾ ਰਹੇ ਲੋਕਾਂ ਨੂੰ ਸ਼ਾਇਦ ਅਜੇ ਇਹ ਖਬਰ ਨਹੀਂ ਕਿ ਆਮ ਬੰਦੇ ਦੇ ਫੇਲ੍ਹ ਹੋਣ ਨਾਲ ਮੁਲਕ ਵੀ ਕਦੀ ਪਾਸ ਨਹੀਂ ਹੋ ਸਕਦਾ। ਸੰਭਵ ਹੈ ਕਿ ਇਸ ਤੱਥ ਨੂੰ ‘ਵਿਆਪਮ’ ਘਪਲੇ ਵਾਂਗ ਕੁਝ ਸਮੇਂ ਲਈ ਦਬਾਅ ਕੇ ਰੱਖਿਆ ਜਾ ਸਕੇ, ਪਰ ਇਹ ਤੈਅ ਹੈ ਕਿ ਲੋਕ ਕਿਸੇ ਦਿਨ ਤਾਂ ਇਸ ਫੇਲ੍ਹ-ਪਾਸ ਦਾ ਹਿਸਾਬ ਮੰਗਣਗੇ।