ਸਾਕਾ 84: ਬ੍ਰਿਟੇਨ ਨੇ ਵੀ ਸਿੱਖਾਂ ਨਾਲ ਸਿਆਸਤ ਖੇਡੀ

ਲੰਡਨ: 1984 ਵਿਚ ਆਪ੍ਰੇਸ਼ਨ ਬਲੂ ਸਟਾਰ ਵਿਚ ਬ੍ਰਿਟੇਨ ਦੀ ਭੂਮਿਕਾ ਬਾਰੇ ਜਾਰੀ ਹੋਏ ਨਵੇਂ ਦਸਤਾਵੇਜ਼ਾਂ ਨਾਲ ਇਕ ਵਾਰ ਫਿਰ ਖਲਬਲੀ ਮੱਚ ਗਈ ਹੈ। ਇਨ੍ਹਾਂ ਦਸਤਾਵੇਜ਼ਾਂ ਮੁਤਾਬਕ ਬ੍ਰਿਟੇਨ ਦੀ ਤਤਕਾਲੀਨ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ, ਸਿੱਖਾਂ ਨਾਲ ਨਿੱਬੜ ਰਹੀ ਭਾਰਤ ਸਰਕਾਰ ਦੀ ਮਦਦ ਲਈ ਕਈ ਹੱਥਕੰਡੇ ਅਪਨਾ ਰਹੀ ਸੀ। ਭਾਰਤ ਨੂੰ ਆਪਣੇ ਨਾਲ ਜੋੜਨ ਦੇ ਨਾਲ ਨਾਲ ਉਹ ਭਾਰਤ ਨੂੰ ਰੂਸ ਤੋਂ ਦੂਰ ਲਿਜਾਣ ਦੀ ਯੋਜਨਾ ਉਪਰ ਵੀ ਕੰਮ ਕਰ ਰਹੀ ਸੀ।

ਇਸ ਤੋਂ ਇਲਾਵਾ ਬ੍ਰਿਟੇਨ ਤੋਂ ਭਾਰਤ ਨੂੰ ਹਥਿਆਰਾਂ ਦੀ ਵਿਕਰੀ ਵਧਾਉਣ ਦੀ ਯੋਜਨਾ ‘ਤੇ ਕੰਮ ਕੀਤਾ ਜਾ ਰਿਹਾ ਸੀ। ਇਸ ਲਈ ਸ੍ਰੀਮਤੀ ਥੈਚਰ ਰਣਨੀਤਕ ਅਤੇ ਕੂਟਨੀਤਕ ਤੌਰ ‘ਤੇ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮਦਦ ਕਰਨ ਲਈ ਤਿਆਰ ਹੋਈ ਸੀ। ਨਵੇਂ ਦਸਤਾਵੇਜ਼ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੇ ਸਿੱਖ ਸੰਗਠਨਾਂ ਨੇ ਪੂਰੇ ਮਾਮਲੇ ਦੀ ਜਨਤਕ ਜਾਂਚ ਦੀ ਮੰਗ ਕੀਤੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿਚ ਇਹ ਜ਼ਿਕਰ ਹੈ ਕਿ ਥੈਚਰ ਨੇ ਇੰਦਰ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਦੀਆਂ ਖ਼ਬਰਾਂ ਵੀ ਬ੍ਰਿਟੇਨ ਵਿਚ ਦਬਾ ਦਿੱਤੀਆਂ ਸਨ। 13 ਮਾਰਚ 1985 ਨੂੰ ਥੈਚਰ ਦੀ ਪ੍ਰਾਈਵੇਟ ਸੈਕਟਰੀ ਚਾਰਲਸ ਪਾਵੇਲ ਦੀ ਮਾਸਕੋ ਵਿਚ ਰੂਸੀ ਸਰਕਾਰ ਨਾਲ ਬੈਠਕ ਹੋਈ ਸੀ। ਇਸ ਵਿਚ ਭਾਰਤ ਵਿਚ ਚੱਲ ਰਹੇ ਘਟਨਾਕ੍ਰਮ ਬਾਰੇ ਖੁੱਲ੍ਹ ਕੇ ਗੱਲਬਾਤ ਹੋਈ। ਪਾਵੇਲ ਹੁਣ ਕੰਜਰਵੇਟਿਵ ਪਾਰਟੀ ਵੱਲੋਂ ਹਾਊਸ ਆਫ ਲਾਰਡ ਦੇ ਮੈਂਬਰ ਹਨ। ਇਸ ਪੂਰੇ ਵਿਵਾਦ ‘ਤੇ ਤਕਰੀਬਨ 200 ਫਾਈਲਾਂ ਤੇ 23000 ਦਸਤਾਵੇਜ਼ ਹਨ। ਇਨ੍ਹਾਂ ਦੇ ਵਿਸ਼ਲੇਸ਼ਣ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਬ੍ਰਿਟੇਨ ਸੈਨਾ ਦਾ ਇਕ ਦਲ 8 ਅਤੇ 19 ਫਰਵਰੀ 1984 ਵਿਚ ਭਾਰਤ ਆਇਆ ਸੀ। ਇਸ ਦਲ ਵਿਚ ਰਣਨੀਤੀਕਾਰ ਸਨ। ਇਸ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਮੌਜੂਦ ਹਥਿਆਰਬੰਦ ਲੋਕਾਂ ਖਿਲਾਫ ਮੁਹਿੰਮ ਲਈ ਰੂਪਰੇਖਾ ਤਿਆਰ ਕਰਨ ਲਈ ਭਾਰਤੀ ਖ਼ੁਫ਼ੀਆ ਏਜੰਸੀਆਂ ਦੀ ਮਦਦ ਕੀਤੀ ਸੀ।
2014 ਵਿਚ ਤਤਕਾਲੀਨ ਵਿਦੇਸ਼ ਮੰਤਰੀ ਵਿਲੀਅਮ ਹੇਗ ਨੇ ਬ੍ਰਿਟੇਨ ਸੰਸਦ ਨੂੰ ਦੱਸਿਆ ਸੀ ਕਿ 1984 ਵਿਚ ਸ੍ਰੀ ਦਰਬਾਰ ਸਾਹਿਬ ਵਿਚੋਂ ਖਾੜਕੂਆਂ ਨੂੰ ਕੱਢਣ ਲਈ ਚਲਾਏ ਗਏ ਆਪ੍ਰੇਸ਼ਨ ਵਿਚ ਬ੍ਰਿਟਿਸ਼ ਸੈਨਾ ਦੀ ਭੂਮਿਕਾ ਸਲਾਹਕਾਰ ਵਜੋਂ ਸੀ, ਭਾਵੇਂ ਬਾਅਦ ਵਿਚ ਉਹ ਆਪ੍ਰੇਸ਼ਨ ਬਲੂ ਸਟਾਰ ਵਿਚ ਮਦਦ ਬਾਰੇ ਮੁੱਕਰ ਗਏ ਸਨ।
ਯੂæਕੇæ ਵਿਚ ਸਿੱਖ ਫੈਡਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਦਾ ਕਹਿਣਾ ਹੈ ਕਿ ਥੈਚਰ ਦੀ ਵਜ੍ਹਾ ਨਾਲ ਇਥੇ ਰਹਿਣ ਵਾਲੇ ਲੋਕਾਂ ਨੂੰ ਪੰਜਾਬ ਵਿਚ ਹੋ ਰਹੀਆਂ ਘਟਨਾਵਾਂ ਦੀ ਸਹੀ ਜਾਣਕਾਰੀ ਨਹੀਂ ਮਿਲੀ। ਬ੍ਰਿਟੇਨ ਸਰਕਾਰ ਦੇ ਦਸਤਾਵੇਜ਼ਾਂ ਤੋਂ ਜੋ ਖੁਲਾਸੇ ਹੋ ਰਹੇ ਹਨ ਉਨ੍ਹਾਂ ਬਾਰੇ ਸਿੱਖਾਂ ਨੂੰ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ। ਅਮਰੀਕ ਸਿੰਘ ਦਾ ਕਹਿਣਾ ਹੈ ਕਿ 31 ਸਾਲਾਂ ਤੋਂ ਬ੍ਰਿਟੇਨ ਵਿਚ ਸਿੱਖਾਂ ਦੀ ਗਲਤ ਛਵੀ ਨੂੰ ਪੇਸ਼ ਕੀਤਾ ਗਿਆ। ਉਨ੍ਹਾਂ ਉਮੀਦ ਕੀਤੀ ਕਿ ਵਰਤਮਾਨ ਸਰਕਾਰ ਸਿੱਖ ਦੀ ਪਰੇਸ਼ਾਨੀ ਸਮਝਦੀ ਹੋਏ ਇਸ ਦੀ ਜਾਂਚ ਕਰਵਾਏਗੀ।
_____________________________________
ਪਾਕਿਸਤਾਨ ਦੇ ਸੰਪਰਕ ਵਿਚ ਵੀ ਸੀ ਬ੍ਰਿਟਿਸ਼ ਸਰਕਾਰ
ਇਹ ਤੱਥ ਵੀ ਸਾਹਮਣੇ ਆਏ ਹਨ ਕਿ ਬ੍ਰਿਟਿਸ਼ ਸਰਕਾਰ ਪਾਕਿਸਤਾਨ ਦੇ ਵੀ ਸੰਪਰਕ ਵਿਚ ਸੀ। ਥੈਚਰ ਨੇ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਜ਼ਿਆ-ਉਲ-ਹੱਕ ਨੂੰ ਵੀ ਬ੍ਰਿਟੇਨ ਦੇ ਭਾਰਤ ਨਾਲ ਸਬੰਧਾਂ ਬਾਰੇ ਦੱਸਿਆ ਸੀ। ਪਾਕਿਸਤਾਨੀ ਰਾਸ਼ਟਰਪਤੀ ਨੇ ਵੀ ਥੈਚਰ ਨੂੰ ਕਿਹਾ ਸੀ ਕਿ ਉਹ ਵੀ ਸਿੱਖਾਂ ਦੇ ਪਾਕਿਸਤਾਨ ਸਮਰਥਨ ਨੂੰ ਲੈ ਕੇ ਉਠ ਰਹੀ ਗੱਲਾਂ ਨੂੰ ਲੈ ਕੇ ਦਬਾਅ ਵਿਚ ਹਨ। ਇਸ ਨਾਲ ਭਾਰਤ ਦੇ ਪਾਕਿਸਤਾਨ ਦੇ ਸਬੰਧ ਕਾਫੀ ਵਿਗੜ ਗਏ ਹਨ। ਜੁਲਾਈ 1984 ਵਿਚ ਤਿੰਨ ਸਿੱਖ ਨੌਜਵਾਨ, ਭਾਰਤੀ ਜਹਾਜ਼ ਹਾਈਜੈਕ ਕਰ ਕੇ ਲਾਹੌਰ ਲੈ ਗਏ ਸਨ। ਇਸ ‘ਤੇ ਵੀ ਪਾਕਿਸਤਾਨ ਦੀ ਮਦਦ ਦੇ ਦੋਸ਼ ਲੱਗ ਰਹੇ ਸਨ।