ਦਰਿਆਵੈ ਕੰਨੀ ਰੁਖੜਾ

ਕਾਨਾ ਸਿੰਘ ਨੇ ਆਪਣੀ ਚੜ੍ਹਦੀ ਉਮਰ ਦੇ ਦਿਨਾਂ ਦੀ ਬਾਤ ਆਪਣੇ ਇਸ ਲੇਖ ‘ਦਰਿਆਵੈ ਕੰਨੀ ਰੁਖੜਾ’ ਵਿਚ ਛੇੜੀ ਹੈ ਅਤੇ ਫਿਰ ਉਹ ਆਪਣੀ ਇਹ ਕਥਾ ਕਰਦੀ ਕਰਦੀ ਕਹਾਣੀ ਨੂੰ ਉਮਰ ਦੇ ਅੰਤਲੇ ਪੜਾਅ ਨਾਲ ਜੋੜ ਦਿੰਦੀ ਹੈ। ਪੂਰੀ ਉਮਰ ਦਾ ਇਹ ਸਫਰ ਵੀ ਉਸ ਨੇ ਪੂਰੇ ਸਬਰ ਤੇ ਸਹਿਜ ਨਾਲ ਸੁਣਾਇਆ ਹੈ ਅਤੇ ਨਾਲ ਹੀ ਇਸ ਵਿਚ ਜ਼ਿੰਦਗੀ ਦੀਆਂ ਕੁਝ ਤਲਖ ਹਕੀਕਤਾਂ ਵੀ ਬਿਆਨ ਕੀਤੀਆਂ ਹਨ

ਜੋ ਅਕਸਰ ਸਾਡੀ ਜ਼ਿੰਦਗੀ ਵਿਚ ਆਉਂਦੀਆਂ ਰਹਿੰਦੀਆਂ ਹਨ। ਅਸਲ ਵਿਚ ਕਾਨਾ ਸਿੰਘ ਦੀ ਹਰ ਕਥਾ ਕਿਸੇ ਨਾ ਕਿਸੇ ਸਬਕ ਨਾਲ ਜੁੜੀ ਹੁੰਦੀ ਹੈ। ਲਿਖਤ ਪੜ੍ਹਦਿਆਂ ਜਾਪਦਾ ਹੈ ਕਿ ਜ਼ਿੰਦਗੀ ਨਾਲ ਭਰੀ-ਭੁਕੰਨੀ ਨਦੀ ਤੁਹਾਡੇ ਆਲੇ-ਦੁਆਲੇ ਹੀ ਕਿਤੇ ਵਗ ਰਹੀ ਹੈ ਅਤੇ ਇਸ ਦੀ ਕਲ ਕਲ ਤੁਹਾਡੇ ਦਿਲ ਵਿਚ ਉਮੰਗਾਂ ਦੇ ਰੰਗ ਭਰ ਰਹੀ ਹੈ। -ਸੰਪਾਦਕ

ਕਾਨਾ ਸਿੰਘ
ਫੋਨ:+91-95019-44944

ਮਾਰਚ-ਅਪਰੈਲ 1960, ਉਮਰ ਤੇਈ ਸਾਲ। ਉਦੋਂ ਮੈਂ ਪੁਰਾਣੀ ਦਿੱਲੀ ਦੀ ਘੁੱਗ ਵਸਦੀ ਬਸਤੀ, ਕੂਚਾ ਘਾਸੀ ਰਾਮ ਦੀ ਭੀੜੀ ਗਲੀ ਦੀ ਪਾਠਸ਼ਾਲਾ ਵਿਚ ਪੜ੍ਹਾ ਰਹੀ ਸਾਂ। ਇਸ ਤੋਂ ਪਹਿਲਾਂ ਮੈਂ ਚਾਰ ਸਾਲਾਂ ਤੋਂ ਨਵੀਨ ਸ਼ਾਹਦਰੇ ਦੇ ਨਗਰ ਪਾਲਿਕਾ ਸਕੂਲ ਵਿਚ ਪੜ੍ਹਾਉਣ ਦੇ ਨਾਲ ਨਾਲ ਬੀæਏæ ਵੀ ਕਰ ਲਈ ਸੀ ਤੇ ਹੁਣ ਮੈਂ ਦਿੱਲੀ ਯੂਨੀਵਰਸਿਟੀ ਵਿਚ ਈਵਨਿੰਗ ਕਲਾਸ ਵਿਚ ਪੰਜਾਬੀ ਦੀ ਐਮæਏæ ਦਾ ਦਾਖ਼ਲਾ ਵੀ ਲੈ ਲਿਆ। ਸਕੂਲ ਵਿਚ ਮੈਂ ਦੁਪਹਿਰ ਦੀ ਸ਼ਿਫਟ ਲਈ ਸਾਢੇ ਬਾਰ੍ਹਾਂ ਤੋਂ ਪੰਜ ਤੱਕ ਜਾਂਦੀ ਸਾਂ ਤੇ ਫਿਰ ਉਥੋਂ ਹੀ ਬਸ ਫੜ ਕੇ ਯੂਨੀਵਰਸਿਟੀ ਚਲੀ ਜਾਂਦੀ, ਠੀਕ ਛੇ ਵਜੇ ਹਾਜ਼ਰ ਹੋਣ ਲਈ।
ਇਹ ਬਦਲੀ ਮੈਂ ਆਪ ਹੀ ਕੋਸ਼ਿਸ਼ ਕਰ ਕੇ ਕਰਵਾਈ ਸੀ ਤਾਂ ਜੁ ਸਵੇਰ ਦਾ ਸਮਾਂ ਮੈਂ ਘਰ ਵਿਚ ਪੜ੍ਹਾਈ ਕਰ ਸਕਾਂ।
ਨਵੀਨ ਸ਼ਾਹਦਰਾ ਤਾਂ ਸੀ ਹੀ ਨਵੀਂ ਬਸਤੀ ਤੇ ਉਸ ਵਿਚ ਪ੍ਰਾਇਮਰੀ ਸਕੂਲ ਵੀ ਨਵਾਂ ਨਵਾਂ ਹੀ ਖੁੱਲ੍ਹਿਆ ਸੀ ਜਿਸ ਦੇ ਪਹਿਲੇ ਸਟਾਫ਼ ਵਿਚ ਹੀ ਮੇਰੀ ਨਿਯੁਕਤੀ ਹੋਈ ਸੀ। ਉਥੇ ਟੀਚਰਾਂ ਵੀ ਮੇਰੇ ਸਮੇਤ ਅਣਵਿਆਹੀਆਂ ਹੀ ਸਨ। ਨਵੀਂ ਨੌਕਰੀ, ਨਵਾਂ ਚਾਅ, ਨਵੇਂ ਸ਼ੌਕ ਅਰ ਨਾਲੋ-ਨਾਲ ਅਗੇਰੀ ਉਚ ਸਿੱਖਿਆ ਦੀਆਂ ਵਿਦਿਆਰਥਣਾਂ ਵੀ ਸਾਂ ਅਸੀਂ ਸਾਰੀਆਂ। ਕੋਈ ਪ੍ਰਾਈਵੇਟ ਐਫ਼æਏæ ਬੀæਏæ ਕਰ ਰਹੀ ਸੀ ਤੇ ਕੋਈ ਪ੍ਰਭਾਕਰ। ਕੋਈ ਸੰਗੀਤ ਦੀ ਸਿਖਿਆਰਥੀ ਤੇ ਕੋਈ ਨ੍ਰਿਤ ਦੀ। ਇਸ ਦੇ ਉਲਟ ਕੂਚਾ ਘਾਸੀ ਰਾਮ ਦੇ ਸਕੂਲ ਦਾ ਵਾਤਾਵਰਨ ਘੁਟਵਾਂ ਸੀ।
ਘਣੀ ਆਬਾਦੀ ਵਾਲੇ ਖਾਰੀ ਬਾਉਲੀ ਦੇ ਖੇਤਰ ‘ਚ ਸਥਿਤ ਕੂਚਾ ਘਾਸੀ ਰਾਮ ਦੇ ਸਦੀਆਂ ਪੁਰਾਣੇ ਸਕੂਲ ਦੀਆਂ ਲਗਭਗ ਸਾਰੀਆਂ ਹੀ ਅਧਿਆਪਕਾਵਾਂ ਅਧਖੜ ਤੇ ਵਡੇਰੀਆਂ ਸਨ ਜੋ ਉਸੇ ਹੀ ਇਲਾਕੇ ਦੀਆਂ ਮੂਲ ਵਸਨੀਕ ਸਨ। ਜ਼ਿਆਦਾ ਕਰ ਕੇ ਉਹ ਅੱਧੀ ਛੁੱਟੀ ਵੇਲੇ ਘਰ ਤੁਰ ਜਾਂਦੀਆਂ ਤੇ ਮੁੜ ਕੇ ਪਰਤਦੀਆਂ ਹੀ ਨਾ। ਜੇ ਕਿਸੇ ਨੇ ਇਕ ਦਿਨ ਦੀ ਛੁੱਟੀ ਲੈਣੀ ਹੁੰਦੀ ਤਾਂ ਉਹ ਪਹਿਲੇ ਦਿਨ ਦਫ਼ਤਰ ਦੇ ਮੇਜ਼ ਉਤੇ ਆਪਣੀ ਲਿਖਤੀ ਦਰਖ਼ਾਸਤ ਛੋੜ ਜਾਂਦੀ, ਅਰ ਦੂਜੇ ਦਿਨ ਗੈਰ-ਹਾਜ਼ਰ ਹੋ ਕੇ ਮੁੜ ਤੀਜੇ ਦਿਨ ਆਉਂਦਿਆਂ ਹੀ ਅਰਜ਼ੀ ਫਾੜ ਕੇ ਪਿਛਲੀ ਹਾਜ਼ਰੀ ਲਗਾ ਦਿੰਦੀ। ਇਹ ਸਭ ਕਿਉਂਕਿ ਇਕੋ ਹੀ ਥੈਲੀ ਦੇ ਚੱਟੇ-ਵੱਟੇ ਸਨ, ਇਸ ਲਈ ਇਹ ਵਤੀਰਾ ਸਭ ਨੂੰ ਰਾਸ ਸੀ। ਮੁੱਖ ਅਧਿਆਪਕਾ ਮੁਕਾਬਲਤਨ ਚੰਗੇਰੀ ਤੇ ਲਿੱਸੀ ਸੀ, ਭਲੀਮਾਣਸ। ਉਹ ਇਕ ਦੁੱਧ-ਮੂੰਹੀਂ ਬੱਚੀ ਦੀ ਮਾਂ ਸੀ ਤੇ ਆਉਂਦੀ ਵੀ ਦੂਰੋਂ ਸੀ, ਕਮਲਾਨਗਰ ਤੋਂ, ਬੱਸ ਉਤੇ। ਅਕਸਰ ਹੀ ਲੇਟ ਹੋ ਜਾਂਦੀ। ਇਸ ਅਤੇ ਕਈ ਹੋਰ ਮਜਬੂਰੀਆਂ ਕਾਰਨ ਉਹ ਘੱਟ-ਵੱਧ ਹੀ ਕਿਸੇ ਨੂੰ ਕੁਝ ਆਖਦੀ।
ਅੱਧੀ ਛੁੱਟੀ ਦੀ ਤਫ਼ਰੀਹ ਵੇਲੇ ਦਫ਼ਤਰ ਵਿਚ ਜੁੜੀਆਂ ਉਸਤਾਨੀਆਂ ਰਸਮੀ ਤੇ ਜ਼ਿਆਦਾ ਕਰ ਕੇ ਲੁੱਚੀਆਂ ਗੱਲਾਂ ਕਰਦੀਆਂ। ਮੈਨੂੰ ਉਨ੍ਹਾਂ ਦੀਆਂ ਗੱਲਾਂ ਚੰਗੀਆਂ ਨਾ ਲੱਗਦੀਆਂ। ਮੈਂ ਵਧੇਰੇ ਕਰ ਕੇ ਆਪਣੀ ਜਮਾਤ ਦੇ ਕਮਰੇ ਵਿਚ ਹੀ ਬਾਲਕਾਂ ਦੀ ਸੰਗਤ ਨਾਲ ਹੋਮਵਰਕ ਦੀਆਂ ਕਾਪੀਆਂ ਚੈਕ ਕਰਨ ਦੇ ਨਾਲ ਨਾਲ ਸ਼ਾਮ ਦਾ ਚਾਹ-ਪਾਣੀ ਦਾ ਨਾਸ਼ਤਾ ਕਰ ਲੈਂਦੀ।
ਇਕ ਦਿਨ ਬਿਨਾਂ ਪੂਰਬ ਸੂਚਨਾ ਦੇ ਹੀ ਇੰਸਪੈਕਟਰ ਆ ਨਿਕਲੀ। ਮੈਂ ਪੰਜਵੀਂ ਜਮਾਤ ਨੂੰ ਭੂਗੋਲ ਪੜ੍ਹਾ ਰਹੀ ਸਾਂ। ਤਖ਼ਤ-ਸਿਆਹ ਉਤੇ ਮੈਂ ਭਾਰਤ ਦਾ ਨਕਸ਼ਾ ਵਾਹਿਆ ਹੋਇਆ ਸੀ। ਕਣਕ, ਜਵਾਰ, ਬਾਜਰਾ ਜਾਂ ਚਾਵਲ ਤੇ ਗੰਨੇ ਦੀ ਪੈਦਾਵਾਰ ਲਈ ਕਿਹੋ ਜਿਹੀ ਮਿੱਟੀ ਅਤੇ ਰੁੱਤ ਲਾਜ਼ਮੀ ਹੁੰਦੀ ਹੈ, ਮੈਂ ਬੱਚਿਆਂ ਤੋਂ ਪੁੱਛ ਪੁੱਛ ਕੇ ਜਿਸ ਜਿਸ ਪ੍ਰਾਂਤ ਵਿਚ ਉਨ੍ਹਾਂ ਲਈ ਅਨੁਕੂਲ ਵਾਤਾਵਰਨ ਹੁੰਦਾ ਹੈ, ਇਸ ਦੀ ਵੀ ਪੁੱਛ-ਗਿੱਛ ਕਰਦੀ ਹੋਈ, ਜਿੱਥੇ ਜਿੱਥੇ ਉਹ ਕਹਿੰਦੇ-ਦੱਸਦੇ, ਰੰਗੀਨ ਚਾਕਾਂ ਨਾਲ ਭਿੰਨ ਭਿੰਨ ਅਨਾਜਾਂ ਦੇ ਸਿੱਟੇ ਉਲੀਕਦੀ ਜਾਂਦੀ। ਖੇਡ ਖੇਡ ਵਿਚ ਹੀ ਮੈਂ ਤੇ ਬਾਲਕ ਦੱਸ-ਸਿੱਖ ਰਹੇ ਸਾਂ। ਉਨ੍ਹਾਂ ਦਿਨਾਂ ਵਿਚ ਪ੍ਰਾਇਮਰੀ ਸਕੂਲ ਵਿਚ ਇਕ ਜਮਾਤ ਦੀ ਇਕੋ ਅਧਿਆਪਕਾ ਹੁੰਦੀ ਸੀ ਤੇ ਸਾਰੇ ਮਜ਼ਮੂਨ ਉਸੇ ਨੇ ਹੀ ਪੜ੍ਹਾਉਣੇ ਹੁੰਦੇ ਸਨ।
ਇੰਸਪੈਕਟਰ ਹੋਰ ਸਾਰੀਆਂ ਜਮਾਤਾਂ ਦਾ ਨਿਰੀਖਣ ਕਰਨ ਮਗਰੋਂ ਅਖੀਰ ਵਿਚ ਹੀ ਮੇਰੇ ਜਮਾਤ-ਕਮਰੇ ਵਿਚ ਆਈ ਸੀ। ਮੇਰੇ ਪੜ੍ਹਾਉਣ ਢੰਗ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਸਾਰੀਆਂ ਹੀ ਜਮਾਤਾਂ ਨੂੰ ਜੁਗਰਾਫ਼ੀਆ ਪੜ੍ਹਾਉਣ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਦੇਣ ਲਈ ਮੁੱਖ ਅਧਿਆਪਕਾ ਨੂੰ ਆਦੇਸ਼ ਦੇ ਦਿੱਤਾ।
ਖੇਡਾਂ ਤੇ ਕਲਾ ਦੇ ਪੱਖੋਂ ਵੀ ਕੂਚਾ ਘਾਸੀ ਰਾਮ ਦਾ ਸਕੂਲ ਪਛੜਿਆ ਹੋਇਆ ਸੀ। ਇਸ ਸਕੂਲ ਦੀ ਕਿਸੇ ਵੀ ਟੀਮ ਜਾਂ ਵਿਦਿਆਰਥੀ ਨੇ ਕਦੇ ਕਿਸੇ ਅੰਤਰ ਖੇਤਰੀ ਖੇਡ ਜਾਂ ਕਲਾ ਦੇ ਮੁਕਾਬਲਿਆਂ ਵਿਚ ਹਿੱਸਾ ਨਹੀਂ ਸੀ ਲਿਆ। ਦੌੜਾਂ ਤੋਂ ਸਿਵਾ ਤਾਂ ਮੈਂ ਵੀ ਆਪਣੇ ਵਿਦਿਆਰਥੀ ਜੀਵਨ ਵਿਚ ਕਦੇ ਕੋਈ ਖੇਡ ਨਹੀਂ ਸੀ ਖੇਡੀ, ਪਰ ਸੰਗੀਤ ਵਿਚ ਡਾਢੀ ਰੁਚੀ ਸੀ ਅਤੇ ਸ਼ਾਸਤਰੀ ਸੰਗੀਤ ਦੀ ਸਿਖਿਆਰਥੀ ਹੋਣ ਕਾਰਨ ਕੁਝ ਸਮਝ ਵੀ।
ਮੁੱਖ ਅਧਿਆਪਕਾ ਨੇ ਸਾਰੀਆਂ ਜਮਾਤਾਂ ਦਾ ਸੰਗੀਤ ਅਤੇ ਨਾਟਕ ਵੀ ਮੇਰੇ ਸਪੁਰਦ ਕਰ ਦਿੱਤਾ।
ਉਮਰ ਦੇ ਪੱਖੋਂ ਵੀ ਮੈਂ ਬਾਲਕਾਂ ਦੇ ਜ਼ਿਆਦਾ ਨੇੜੇ ਸਾਂ। ਪੰਜਵੀਂ ਜਮਾਤ ਦੇ ਮੁੰਡਿਆਂ ਕੁੜੀਆਂ ਨੇ ਕਿਸ਼ੋਰ ਅਵਸਥਾ ‘ਚ ਲਗਭਗ ਪ੍ਰਵੇਸ਼ ਕਰ ਲਿਆ ਹੁੰਦਾ ਹੈ। ਉਹ ਸਾਰੇ ਮੈਨੂੰ ਦੀਦੀ ਕਰ ਕੇ ਪੁਕਾਰਦੇ, ਜਦਕਿ ਬਾਕੀ ਸਭ ਉਸਤਾਨੀਆਂ ‘ਬਹਿਨ ਜੀ’ ਕਹਿੰਦੀਆਂ।
ਸਾਲਾਨਾ ਇਮਤਿਹਾਨ ਸ਼ੁਰੂ ਹੋਣ ਵਾਲੇ ਸਨ। ਹਰ ਅਧਿਆਪਕਾ ਨੂੰ ਇਕ ਇਕ ਜਮਾਤ ਇਮਤਿਹਾਨ ਲੈਣ ਲਈ ਸੌਂਪ ਦਿੱਤੀ ਗਈ। ਮੇਰੇ ਸਪੁਰਦ ਚੌਥੀ ਜਮਾਤ ਹੋਈ। ਪਰਚੇ ਸ਼ੁਰੂ ਹੋ ਗਏ। ਚੌਥੀ ਜਮਾਤ ਦੀ ਅਧਿਆਪਕਾ ਬਰਫ਼ੀ ਦੇਵੀ ਨੇ ਆਪਣੀ ਜਮਾਤ ਦੇ ਬੱਚਿਆਂ ਦੀ ਲਿਸਟ ਫੜਾਉਂਦਿਆਂ ਮੈਨੂੰ ਆਦੇਸ਼ ਦਿੱਤਾ ਕਿ ਲਾਲ ਸਿਆਹੀ ਨਾਲ ਲੱਗੇ ਤਿੰਨ ਨਿਸ਼ਾਨਾਂ ਵਾਲੇ ਨਾਂਵਾਂ ਨੂੰ ਛੋੜ ਕੇ ਬਾਕੀ ਸਾਰੇ ਪ੍ਰੀਖਿਆਰਥੀ ਮੈਂ ਪਾਸ ਕਰਨੇ ਹੋਣਗੇ। ਜਵਾਬੀ ਪਰਚਿਆਂ ਮੁਤਾਬਕ ਉਸ ਦੀ ਜਮਾਤ ਦੇ ਪੰਜ ਬਾਲਕ ਵੀ ਪੂਰੇ ਨਹੀਂ ਸਨ ਉਤਰ ਰਹੇ। ਬਾਕੀ ਦੇ ਤੀਹ-ਪੈਂਤੀਆਂ ਵਿਚੋਂ ਬਾਹਲਿਆਂ ਦੇ ਜਵਾਬੀ ਪਰਚੇ ਜਾਂ ਤਾਂ ਅਸਲੋਂ ਹੀ ਕੋਰੇ ਸਨ, ਤੇ ਜਾਂ ਫਿਰ ਨਿਰਰਥ ਘੀਚ-ਮਚੌਲੇ।
ਘਬਰਾਈ ਘਬਰਾਈ ਮੈਂ ਮੁੱਖ ਅਧਿਆਪਕਾ ਕੋਲ ਗਈ।
“ਤੂੰ ਬੱਚੀ ਏਂ ਤੇ ਇਹ ਸਾਰੀਆਂ ਘਾਗ। ਇਸ ਬਸਤੀ ਵਿਚ ਇਨ੍ਹਾਂ ਦਾ ਹੀ ਬੋਲਬਾਲਾ ਹੈ। ਤੇਰੇ ਨਾਲ ਕੁਝ ਵੀ ਹੋ ਸਕਦਾ ਹੈ। ਮੇਰੀ ਮੰਨ ਤੇ ਅੱਖਾਂ ਮੀਟ ਕੇæææ।”
ਮੈਨੂੰ ਤਾਂ ਜਿਵੇਂ ਕੱਪੋ ਤੇ ਖੂਨ ਨਹੀਂ। ਬੱਚਿਆਂ ਦਾ ਵੀ ਕੀ ਕਸੂਰ ਸੀ? ਉਨ੍ਹਾਂ ਦੇ ਪੱਲੇ ਪਾਇਆ ਵੀ ਕੀ ਗਿਆ ਸੀ?
ਐਮæਏæ ਦੇ ਪਹਿਲੇ ਸਾਲ ਦੇ ਇਮਤਿਹਾਨ ਵਿਚ ਮੈਂ ਅੱਵਲ ਰਹੀ। ਗਿਆਨੀ ਪਾਸ ਹੋਣ ਅਤੇ ਸੱਤ ਸਾਲਾਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਰਹਿਣ ਕਾਰਨ ਮੇਰਾ ਪਿਛੋਕੜ ਚੰਗੇਰਾ ਸੀ ਅਤੇ ਆਲੋਚਨਾ ਸਾਹਿਤ ਵਿਚ ਵਿਸ਼ੇਸ਼ ਰੁਚੀ ਵੀ ਸੀ, ਪਰ ਦੂਜੇ ਸਾਲ ਵਿਚ ਜਿਉਂ ਜਿਉਂ ਇਮਤਿਹਾਨ ਨੇੜੇ ਢੁਕਦੇ ਗਏ, ਹਾਲਾਤ ਬਦਲਣ ਲੱਗੇ। ਜਿਹੜੇ ਸਹਿਪਾਠੀ ਮੇਰੇ ਨੋਟ ਲੈ ਲੈ ਪੜ੍ਹਦੇ ਸਨ, ਹੁਣ ਪ੍ਰੋਫ਼ੈਸਰਾਂ ਦੇ ਚਹੇਤੇ, ਚੇਲੇ ਸਨ। ਵੀਹ ਮੁੰਡਿਆਂ ਨਾਲ ਇਕ ਤੇ ਸਿਰਫ਼ ਇਕ ਹੀ ਮੈਂ ਕੁੜੀ ਸਾਂ। ਹਰ ਰੋਜ਼ ਨਵੀਆਂ ਗੱਲਾਂ ਤੇ ਨਵੇਂ ਹੀ ਸ਼ੋਸ਼ੇ ਸੁਣਨ ਨੂੰ ਮਿਲਦੇ। ਫਲਾਣਾ ਪਰਚਾ ਪੰਜਾਬ ਦੇ ਫਲਾਣੇ ਪ੍ਰੋਫ਼ੈਸਰ ਕੋਲ ਜਾ ਰਿਹਾ ਹੈ ਤੇ ਫਲਾਣਾ ਫਲਾਣੇ ਕੋਲ। ਫਲਾਣਾ ਵਿਦਿਆਰਥੀ ਫਲਾਣੇ ਅਧਿਆਪਕ ਨੂੰ ਆਪਣੇ ਚਾਚੇ ਦੀ ਗੱਡੀ ਵਿਚ ਪੰਜਾਬ ਘੁਮਾ ਕੇ ਲਿਆਇਆ ਹੈ ਤੇ ਫਲਾਣਾ ਫਲਾਣੇ ਪ੍ਰੋਫ਼ੈਸਰ ਦੇ ਘਰ ਰੋਜ਼ ਹਾਜ਼ਰੀ ਭਰਦਾ ਹੈ, ਉਸ ਦੇ ਬੱਚਿਆਂ ਨੂੰ ਪੜ੍ਹਾਉਂਦਾ ਹੈ, ਆਦਿ ਆਦਿ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਸਾਰੇ ਹੀ ਜਮਾਤੀ ਮੇਰਾ ਬਹੁਤ ਖ਼ਿਆਲ ਤੇ ਸਤਿਕਾਰ ਕਰਦੇ ਸਨ। ਫਾਰਗ ਹੋਣ ਮਗਰੋਂ ਉਹ ਮੇਰੇ ਨਾਲ ਤੁਰਦੇ ਅਤੇ ਮੋਰਿਸ ਨਗਰ ਦੇ ਬੱਸ ਅੱਡੇ ‘ਤੇ ਮੇਰੇ ਬੱਸ ਵਿਚ ਬੈਠ ਜਾਣ ਮਗਰੋਂ ਹੀ ਆਪਣੇ ਸਾਈਕਲਾਂ ‘ਤੇ ਸਵਾਰ ਹੁੰਦੇ। ਕਿਸੇ ਕੋਲ ਸਕੂਟਰ ਜਾਂ ਮੋਟਰਸਾਈਕਲ ਨਹੀਂ ਸੀ ਹੁੰਦਾ। ਠੀਕ ਨੌਂ ਵੱਜ ਕੇ ਦਸ ਮਿੰਟ ‘ਤੇ ਮੈਂ ਸ਼ਾਹਦਰੇ ਲਈ ਆਖ਼ਰੀ ਬਸ ਫੜਨੀ ਹੁੰਦੀ ਸੀ। ਜੇ ਰਤਾ ਵੀ ਦੇਰ ਨਾਲ ਕਲਾਸ ਛੁੱਟੇ ਤਾਂ ਬਸ ਫੜਨੋਂ ਖੁੰਝ ਸਕਦੀ ਸੀ। ਕੀ ਪ੍ਰੋਫ਼ੈਸਰ ਤੇ ਕੀ ਸਹਿਪਾਠੀ, ਸਭ ਨੂੰ ਹੀ ਮੇਰੀ ਚਿੰਤਾ ਹੁੰਦੀ ਸੀ। ਕਲਾਸ ਪੰਜ ਮਿੰਟ ਪਹਿਲਾਂ ਭਾਵੇਂ ਛੱਡ ਦਿੱਤੀ ਜਾਵੇ, ਲੇਟ ਨਹੀਂ ਸੀ ਛੱਡੀ ਜਾਂਦੀ।
ਐਮæਏæ ਪਾਸ ਕਰ ਲਈ। ਉਧਰੋਂ ਵੀਰ ਜੀ ਵੀ ਸਰਕਾਰੀ ਵਜ਼ੀਫ਼ੇ ‘ਤੇ ਨਿਊ ਯਾਰਕ (ਅਮਰੀਕਾ) ਤੋਂ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਡਿਗਰੀ ਲੈ ਕੇ ਦਿੱਲੀ ਪਰਤ ਆਏ ਤੇ ਸੁਰੱਖਿਆ ਮੰਤਰਾਲੇ ਵਿਚ ਸੁਰੱਖਿਆ ਮੰਤਰੀ ਕ੍ਰਿਸ਼ਨਾ ਮੈਨਨ ਦੇ ਨਿੱਜੀ ਸਲਾਹਕਾਰ ਨਿਯੁਕਤ ਹੋ ਗਏ। ਉਨ੍ਹਾਂ ਮੈਨੂੰ ਪੀæਐਚæਡੀæ ਲਈ ਪ੍ਰੇਰਿਆ ਤੇ ਮੈਨੂੰ ਵਿਭਾਗ ਦੇ ਮੁਖੀ ਡਾæ ਸੁਰਿੰਦਰ ਸਿੰਘ ਕੋਹਲੀ ਕੋਲ ਲੈ ਗਏ। ਵਿਸ਼ਾ ਵੀ ਚੁਣ ਲਿਆ, ‘ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਵਿਸ਼ਲੇਸ਼ਣਾਤਮਕ ਅਧਿਐਨ।’ ਐਮæਏæ ਦੀ ਪੜ੍ਹਾਈ ਦੌਰਾਨ ਮੇਰਾ ਖੋਜ ਪੱਤਰ ਵੀ ਇਸੇ ਵਿਸ਼ੇ ਨਾਲ ਸਬੰਧਤ ਸੀ। ਡਾæ ਕੋਹਲੀ ਨੇ ਗਾਈਡ ਵਜੋਂ ਦਿੱਲੀ ਸਥਿਤ ਹੀ ਇਕ ਪ੍ਰਮੁੱਖ ਸ਼ਾਇਰ ਅਤੇ ਬੁੱਧੀਜੀਵੀ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਵੀਰ ਜੀ ਨਾਲ ਉਸ ਸਤਿਕਾਰਤ ਬਜ਼ੁਰਗ ਨੂੰ ਮੈਂ ਮਿਲਣ ਗਈ। ਉਹ ਖੁਸ਼ੀ ਖੁਸ਼ੀ ਰਾਜ਼ੀ ਹੋ ਗਏ।
ਮੁੜ ਦੂਜੀ ਵੇਰਾਂ ਜਦੋਂ ਇਕੱਲੀ ਮਿਲਣ ਗਈ ਤਾਂ ਗਾਈਡ ਦੀ ਨਜ਼ਰ ਵੀ ਹੋਰ ਸੀ ਤੇ ਭਾਸ਼ਾ ਵੀ।
“ਨਹੀਂ ਕਰਾਂਗੀ ਮੈਂ ਪੀæਐਚæਡੀæææਬਿਲਕੁਲ ਨਹੀਂ।” ਮੈਂ ਵੀਰ ਜੀ ਨੂੰ ਆਪਣਾ ਦੋ-ਟੁੱਕ ਫੈਸਲਾ ਸੁਣਾ ਦਿੱਤਾ।
ਠੀਕ ਉਨ੍ਹਾਂ ਹੀ ਦਿਨਾਂ ਵਿਚ ਮੈਂ ਅਖ਼ਬਾਰ ਵਿਚ ਭਾਰਤੀ ਜੀਵਨ ਬੀਮਾ ਨਿਗਮ ਦੇ ਮੁੰਬਈ ਸਥਿਤ ਮੁੱਖ ਦਫਤਰ ਵੱਲੋਂ ਦਿੱਤਾ ਇਸ਼ਤਿਹਾਰ ਪੜ੍ਹਿਆ। ਇਹ ਸੀ ਪੰਜਾਬੀ ਭਾਸ਼ਾ ਦੇ ਮਾਹਿਰ ਵਜੋਂ ਸਹਿ ਸੰਪਾਦਕ ਦੀ ਪੋਸਟ। ਅਰਜ਼ੀ ਦਿੱਤੀ ਤੇ ਇੰਟਰਵਿਊ ਮਗਰੋਂ ਨਿਯੁਕਤੀ ਹੋ ਗਈ। ਇਸ ਨੌਕਰੀ ਮੁਤਾਬਕ ਮੈਂ ਜੀਵਨ ਬੀਮਾ ਨਿਗਮ ਦੇ ਮੁੰਬਈ ਸਥਿਤ ਕੇਂਦਰੀ ਦਫ਼ਤਰ ਵਿਚ ਫਰਵਰੀ 1962 ਦੇ ਪਹਿਲੇ ਹਫ਼ਤੇ ਵਿਚ ਹਾਜ਼ਰ ਹੋਣਾ ਸੀ।
ਮੁੰਬਈ ਵਿਚ ਮੇਰੀ ਸਕੀ ਭੈਣ, ਮਾਸੀ, ਚਾਚੇ ਤੇ ਹੋਰ ਵੀ ਕਈ ਰਿਸ਼ਤੇਦਾਰਾਂ ਤੋਂ ਇਲਾਵਾ ਬੜੇ ਨਾਨਕੇ ਤੇ ਦਾਦਕੇ ਪਰਿਵਾਰ ਵੀ ਰਹਿੰਦੇ ਸਨ। ਵਕਤ ਪਾ ਕੇ ਮੈਨੂੰ ਨਿਗਮ ਵੱਲੋਂ ਵੀ ਰਿਹਾਇਸ਼ੀ ਪ੍ਰਬੰਧ ਮਿਲ ਜਾਣ ਦਾ ਵਾਅਦਾ ਸੀ।
ਨੌਕਰੀ ਪਰਵਾਨ ਕਰ ਲਈ, ਖੁਸ਼ੀ ਖੁਸ਼ੀ।
ਮੈਂ ਦਿੱਲੀ ਨਗਰਪਾਲਿਕਾ ਦੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਇਸ ਤਰ੍ਹਾਂ ਪੰਜਾਬੀ ਖੋਜ ਦੀ ਪੜ੍ਹਾਈ ਅਤੇ ਕੂਚਾ ਘਾਸੀ ਰਾਮ ਸਕੂਲ ਦੇ ਕੌੜੇ ਤਜਰਬੇ ਤੋਂ ਸਦਾ ਸਦਾ ਲਈ ਨਜਾਤ ਪਾ ਲਈ।
ਸਫ਼ਰ ਦੀ ਤਿਆਰੀ ਦੌਰਾਨ ਮਾਂ ਨੇ ਝਿਝਕਦਿਆਂ ਝਿਝਕਦਿਆਂ ਆਖਿਆ: “ਬੱਚੀਏ, ਬੰਬਈ ਇਕ ਡਾਕਟਰ ਹੈ, ਸਰਦਾਰ। ਤੇਰੀ ਭੈਣ ਨੇ ਗਵਾਂਢ ਵਿਚ ਹੀ ਹੈ ਦੁਕਾਨ ਉਸਨੀ, ਤੇਰਾ ਭਾਈਆ (ਜੀਜਾ) ਗੁਰਬਖ਼ਸ਼ ਉਸਨੀ ਬੜੀ ਸਿਫ਼ਤ ਕਰਨੈ, ਜੇ ਨਜ਼ਰ ਮਾਰ ਲਵੇਂ ਤਾਂæææਹੁਣ ਉਮਰ ਹੈ ਤੇਰੀ ਤੈ ਪਰਦੇਸ ਵੀæææਉਂਜ ਜਿੰਝ ਆਖਸੇਂæææਕਰਸੀਏ, ਮਾਂ ਸਦਕੇæææ।”
ਛਲਕ ਪਈ ਮਾਂ ਤੇ ਮੇਰਾ ਵੀ ਗੱਚ ਭਰ ਆਇਆ।
ਜਾ ਭਰੀ ਹਾਜ਼ਰੀ ਮੈਂ ਨਿਗਮ ਦੇ ਦਫ਼ਤਰ ਵਿਚ।
ਬਾਰ੍ਹਾਂ ਅਗਸਤ ਮੰਗਣੀ ਹੋਈ ਤੇ ਬਾਰ੍ਹਾਂ ਸਤੰਬਰ ਵਿਆਹ ਦੇ ਨਾਲ ਹੀ ਮੈਂ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਬਾਰ੍ਹਾਂ ਅਕਤੂਬਰ ਮੈਂ ਘਰ ਬੈਠ ਗਈ। ਨੌਕਰੀ ਛੱਡਣ ਦਾ ਫੈਸਲਾ ਮੇਰਾ ਆਪਣਾ ਸੀ, ਸ਼ਤ-ਪ੍ਰਤੀਸ਼ਤ।
ਮੰਗਣੀ ਲਈ ਮਿੱਥੀ ਗਈ ਮੁਲਾਕਾਤ ਦੌਰਾਨ ਮੈਂ ਆਪਣੇ ਹੋਣ ਵਾਲੇ ਪਤੀ ਅੱਗੇ ਸ਼ਾਦੀ ਦੀ ਹਾਮੀ ਭਰਨ ਤੋਂ ਪਹਿਲਾਂ ਤਿੰਨ ਸ਼ਰਤਾਂ ਰੱਖੀਆਂ। ਪਹਿਲੀ, ਮੈਂ ਅਨੰਦ ਕਾਰਜ ਦੇ ਫੇਰਿਆਂ ਵਿਚ ਪਤੀ ਦੇ ਨਾਲ ਹੀ ਕਦਮ ਮਿਲਾ ਕੇ ਤੁਰਾਂਗੀ, ਨਾ ਕਿ ਮਗਰ। ਦੂਜੀ, ਅਨੰਦ ਕਾਰਜ ਦੌਰਾਨ ਮੇਰਾ ਲਿਬਾਸ ਸਾੜ੍ਹੀ ਹੀ ਹੋਵੇਗਾ, ਸੂਟ ਨਹੀਂ ਕਿਉਂਕਿ ਮੈਂ ਇਸੇ ਦੀ ਹੀ ਆਦੀ ਹਾਂ। ਤੀਜੀ, ਮੈਂ ਵਿਆਹ ਮਗਰੋਂ ਨੌਕਰੀ ਨਹੀਂ ਕਰਾਂਗੀ।
ਪਹਿਲੀਆਂ ਦੋ ਸ਼ਰਤਾਂ ਉਸ ਨੇ ਹੱਸ ਕੇ ਮੰਨ ਲਈਆਂ, ਪਰ ਤੀਜੀ ਲਈ ਉਹ ਹਿਚਕਿਚਾਇਆ।
ਪਤੀ ਹਾਲਾਂ ਪੂਰੀ ਤਰ੍ਹਾਂ ਸੌਖਾ ਨਹੀਂ ਸੀ ਹੋਇਆ। ਉਹ ਹਾਲੇ ਲੌਜ ਵਿਚ ਰਹਿੰਦਾ ਸੀ ਆਰਜ਼ੀ ਤੌਰ ‘ਤੇ, ਅਤੇ ਦੋ ਸਾਲ ਪਹਿਲਾਂ ਹੀ ਦੁਕਾਨ ਖਰੀਦਣ ਕਾਰਨ ਉਸ ਦੇ ਸਿਰ ‘ਤੇ ਕਰਜ਼ਾ ਵੀ ਸੀ। ਨਵਾਂ ਨਵਾਂ ਹੀ ਤਾਂ ਆਇਆ ਸੀ ਉਹ ਅੰਮ੍ਰਿਤਸਰ ਤੋਂ।
“ਮੈਂ ਘੱਟ ਖਾ ਲਾਂਗੀ। ਤੰਗੀ ‘ਚ ਗੁਜ਼ਾਰਾ ਕਰ ਲਾਂਗੀ ਹੱਸ ਕੇ, ਪਰ ਨੌਕਰੀ ਨਹੀਂ ਕਰਾਂਗੀ, ਬਿਲਕੁਲ ਨਹੀਂ। ਮੈਂ ਗ੍ਰਹਿਣੀ ਤੇ ਕੇਵਲ ਗ੍ਰਹਿਣੀ ਰਹਿ ਕੇ ਹੀ ਜਿਉਣਾ ਚਾਹੁੰਦੀ ਹਾਂ, ਹੋਣ ਵਾਲੇ ਬੱਚਿਆਂ ਦੀ ਮਾਂ ਬਣ ਕੇ, ਨਿਰੋਲ ਤੇ ਨਿਰੋਲ ਮਾਂ।”
ਪਤੀ ਨੇ ਇਹ ਸ਼ਰਤ ਵੀ ਕਬੂਲ ਕਰ ਲਈ।
ਵਿਆਹ ਦੀ ਰਸਮ ਬਹੁਤ ਸਾਦੀ ਸੀ, ਨਾ ਦਾਜ ਨਾ ਵਰੀ। ਕੁੱਲ ਮਿਲਾ ਕੇ ਦੁੰਹਾਂ ਧਿਰਾਂ ਦੇ ਵੀਹ ਬੰਦੇ। ਨਾ ਘੋੜੀ, ਨਾ ਡੋਲੀ, ਨਾ ਢੋਲ ਨਾ ਵਾਜੇ।
ਇਹ ਅਸਾਂ ਦੋਹਾਂ ਦਾ ਫ਼ੈਸਲਾ ਸੀ।
ਕੁਆਰੇ ਜੀਵਨ ਦੌਰਾਨ ਜੋੜੀ ਗਈ ਮੇਰੀ ਕੁੱਲ ਕਮਾਈ ਸੀ ਦਸ ਹਜ਼ਾਰ। ਚੰਦ ਮਹੀਨਿਆਂ ਵਿਚ ਹੀ ਇਹ ਰਕਮ ਪੇਸ਼ਗੀ ਦੇ ਕੇ ਅਸਾਂ ਪੂਰਬੀ ਸਾਂਤਾਕਰੂਜ਼ ਵਿਚ ਉਸਰ ਰਹੀ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਵਿਚ ਫਲੈਟ ਬੁੱਕ ਕਰ ਲਿਆ। ਫਲੈਟ ਦੀ ਕੁੱਲ ਕੀਮਤ ਸਾਢੇ ਸਤਾਰਾਂ ਹਜ਼ਾਰ ਸੀ। ਬਾਕੀ ਦੀ ਰਕਮ ਅਸਾਂ ਗ੍ਰਹਿ ਪ੍ਰਵੇਸ਼ ਮਗਰੋਂ ਮਹੀਨੇਵਾਰ ਕਿਸ਼ਤਾਂ ਰਾਹੀਂ ਅਦਾ ਕਰਨੀ ਸੀ, ਪੰਜਾਹ ਰੁਪਿਆ ਪ੍ਰਤੀ ਮਾਹ।
ਇਕ ਮਹੀਨਾ ਅਸੀਂ ਕਦੇ ਧਰਮਸ਼ਾਲਾ ਵਿਚ ਰਹੇ ਤੇ ਕਦੇ ਕਿਸੇ ਸਸਤੇ ਹੋਟਲ ਵਿਚ। ਨਾਲ ਦਿਓਰ ਵੀ ਸੀ। ਅਨੰਦ ਪ੍ਰਸੰਨ।
ਇਹ ਸੀ ਸਾਡੇ ਵਿਵਾਹਿਕ ਜੀਵਨ ਦਾ ਅਰੰਭ। ਅੱਜ ਦੇ ਸ਼ਬਦਾਂ ਵਿਚ ਹਨੀਮੂਨ!
ਪੰਦਰਾਂ ਅਕਤੂਬਰ ਸਾਨੂੰ ਕਮਰਾ ਮਿਲ ਗਿਆ ਕਿਰਾਏ ‘ਤੇ। ਇਹ ਸੀ ਗਵਾਲੀਅਰ ਪੈਲੇਸ, ਗਵਾਲੀਅਰ ਦੇ ਰਾਜੇ ਦਾ ਬੰਗਲਾ। ਪੱਛਮੀ ਅੰਧੇਰੀ ਦੀ ‘ਸਾਤ ਬੰਗਲਾ’ ਬਸਤੀ ਦੇ ਸਾਗਰ ਕੰਢੇ ‘ਤੇ। ਇਸੇ ਕਮਰੇ ਦੇ ਠੀਕ ਥੱਲੇ ਸਾਹਿਰ ਲੁਧਿਆਣਵੀ ਦੀਆਂ ਰਚਨਾਤਮਕ ਦਿਹਾੜੀਆਂ ਤੇ ਸੁਰਮਈ ਸ਼ਾਮਾਂ ਗੁਜ਼ਰਦੀਆਂ ਸਨ। ਨੌਂ ਸਾਲਾਂ ਦੀ ਇਥੋਂ ਦੀ ਰਿਹਾਇਸ਼ ਦੌਰਾਨ ਹੀ ਦੋਵੇਂ ਬਾਲਕ ਜੰਮੇ ਪਲੇ ਤੇ ਫਿਰ ਸਾਂਤਾਕਰੂਜ਼ ਦੀਆਂ ਇਮਾਰਤਾਂ ਦੀ ਢਿੱਲੀ-ਮੱਠੀ ਉਸਾਰੀ ਦੇ ਪੂਰੇ ਹੋਣ ‘ਤੇ ਅਸੀਂ ਜਾ ਵੜੇ ਆਪਣੇ ਫਲੈਟ ਵਿਚ, ਵਾਕੋਲਾ ਬ੍ਰਿਜ ਦੀ ਸੰਤ ਸੁਦਾਮਾ ਸੁਸਾਇਟੀ ਵਾਲੇ ਘਰ।
ਇਹੀ ਫਲੈਟ ਵੇਚ ਕੇ ਫਿਰ ਮੈਨੂੰ ਮੁਹਾਲੀ ਆਉਣਾ ਪਿਆ, ਆਤੰਕਵਾਦ ਦੇ ਦਿਨਾਂ ਵਿਚ।
ਇਕ ਚੌਥਾਈ ਸਦੀ ਮੁੰਬਈ ਵਿਚ ਰਹਿਣ ਮਗਰੋਂ ਚੌਥਾਈ ਸਦੀ ਤੋਂ ਵੀ ਵੱਧ ਦੀ ਮੈਂ ਇਥੇ ਹਾਂ, ਮੁਹਾਲੀ।
ਦਰਿਆਵੈ ਕੰਨੀ ਰੁਖੜਾ!