ਬੰਗਲਾ ਲੇਖਕ ਰਵਿੰਦਰ ਨਾਥ ਟੈਗੋਰ ਦਾ ਇਹ ਲੇਖ ਡਾæ ਗੁਰਤਰਨ ਸਿੰਘ ਨੇ ‘ਪੰਜਾਬ ਟਾਈਮਜ਼’ ਲਈ ਭੇਜਿਆ ਹੈ। ਇਹ ਲੇਖ ਬਾਬੂ ਸ਼ਰਤ ਕੁਮਾਰ ਰੇਅ (ਸ਼ਾਂਤੀ ਨਿਕੇਤਨ ਸਕੂਲ, ਬੋਲਪੁਰ) ਦੀ ਬੰਗਲਾ ਪੁਸਤਕ “ਦਿ ਸਿੱਖ ਗੁਰੂਜ਼ ਐਂਡ ਸਿੱਖ ਪੀਪਲ” ਦੀ ਭੂਮਿਕਾ ਦੇ ਤੌਰ ‘ਤੇ ਛਾਪਿਆ ਗਿਆ ਸੀ। ਮੂਲ ਲੇਖ ਬੰਗਲਾ ਵਿਚ ਹੈ। ਇਸ ਦੇ ਅੰਗਰੇਜ਼ੀ ਵਿਚ ਹੋਏ ਅਨੁਵਾਦ ਦਾ ਪੰਜਾਬੀ ਵਿਚ ਅਨੁਵਾਦ ਡਾæ ਗੁਰਤਰਨ ਸਿੰਘ ਨੇ ਆਪ ਕੀਤਾ ਹੈ। ਸਾਨੂੰ ਇਹ ਲੇਖ ਇਸ ਪੱਖੋਂ ਦਿਲਚਸਪ ਲੱਗਿਆ ਹੈ ਕਿ ਕੋਈ ਗੈਰ-ਸਿੱਖ ਲੇਖਕ, ਉਹ ਵੀ ਟੈਗੋਰ ਵਰਗੇ ਰੁਤਬੇ ਵਾਲਾ, 20ਵੀਂ ਸਦੀ ਦੇ ਮੁੱਢ ਦੌਰਾਨ ਸਿੱਖੀ ਅਤੇ ਸਿੱਖਾਂ ਬਾਰੇ ਕੀ ਵਿਚਾਰ ਬਣਾਈ ਬੈਠਾ ਸੀ! ਇਹ ਲੇਖ ਬਿਨਾਂ ਸ਼ੱਕ ਅਣਜਾਣਪੁਣੇ ਵਿਚ ਕੀਤੀ ਟਿੱਪਣੀ ਹੈ ਪਰ ਇਸ ਟਿੱਪਣੀ ਦਾ ਦੂਜਾ ਪਾਸਾ ਇਹ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਬਾਰੇ ਅਜਿਹੀ ਕਾਣ-ਸੂਤੀ ਜਾਣਕਾਰੀ ਹੀ ਟੈਗੋਰ ਤੱਕ ਪਹੁੰਚੀ ਹੋਵੇਗੀ। ਇਸ ਕੋਣ ਤੋਂ ਇਥੇ ਸਿੱਖੀ ਦੇ ਪ੍ਰਚਾਰ ਦਾ ਮਾਮਲਾ ਮੁੱਖ ਰੂਪ ਵਿਚ ਉਭਰਦਾ ਹੈ। ਸਾਰਾ ਸੰਸਾਰ ਸਿੱਖੀ ਬਾਰੇ ਗੱਲਾਂ ਸੁਣਨ ਲਈ ਸਦਾ ਤਿਆਰ ਰਿਹਾ ਹੈ; ਅਜੇ ਤੱਕ ਵੀ ਇਹ ਗੱਲਾਂ ਭਰਪੂਰ ਰੂਪ ਵਿਚ ਤੇ ਸਹੀ ਪ੍ਰਸੰਗ ਵਿਚ ਬੰਨ੍ਹ ਕੇ ਸ਼ਾਇਦ ਸੁਣਾਈਆਂ ਨਹੀਂ ਜਾ ਸਕੀਆਂ। ਹੁਣ ਤਾਂ ਸਗੋਂ, ਜਦੋਂ ਸਾਰਾ ਸੰਸਾਰ ਪਿੰਡ ਵਿਚ ਬਦਲਣ ਦੇ ਦਾਅਵੇ ਹੋ ਰਹੇ ਹਨ ਤਾਂ ਸਿੱਖੀ ਨੂੰ ਸੰਸਾਰ ਦੇ ਧਰਮ ਵਜੋਂ ਪ੍ਰਚਾਰਨ ਦੀ ਥਾਂ ਸਿਰਫ ਸਿੱਖਾਂ ਤੱਕ ਹੀ ਸੀਮਤ ਕੀਤਾ ਜਾ ਰਿਹਾ ਹੈ। ਇਸੇ ਪਰਥਾਏ ਆਪਣੇ ਸੁਹਿਰਦ ਪਾਠਕਾਂ ਨਾਲ ਇਹ ਨੁਕਤਾ ਸਾਂਝਾ ਕਰਨ ਦੇ ਕੋਣ ਤੋਂ ਇਹ ਲੇਖ ਛਾਪ ਰਹੇ ਹਾਂ। -ਸੰਪਾਦਕ
ਰਵਿੰਦਰ ਨਾਥ ਟੈਗੋਰ
ਅਨੁਵਾਦਕ: ਗੁਰਤਰਨ ਸਿੰਘ
ਫੋਨ: 905-636-9515
ਮਰਹੱਟਾ ਅਤੇ ਸਿੱਖ ਇਤਿਹਾਸ ਵਿਚ ਮੁੱਖ ਫਰਕ ਇਹ ਹੈ ਕਿ ਮਰਹੱਟਿਆਂ ਦੇ ਪਹਿਲੇ ਅਤੇ ਮੁੱਖ ਨੇਤਾ ਸ਼ਿਵਾ ਜੀ ਮਰਹੱਟਾ ਦੇ ਜ਼ਿਹਨ ਵਿਚ ਆਦਰਸ਼ ਹਿੰਦੂ ਰਾਜ ਕਾਇਮ ਕਰਨ ਦਾ ਮਨੋਰਥ ਪਹਿਲਾਂ ਹੀ ਦ੍ਰਿੜ ਹੋ ਚੁੱਕਿਆ ਸੀ ਅਤੇ ਇਸੇ ਨੁਕਤਾ-ਏ-ਨਜ਼ਰ ਤੋਂ ਉਸ ਨੇ ਮਰਹੱਟਾ ਕੌਮ ਨੂੰ ਇਤਿਹਾਸ ਦੇ ਮੰਚ ‘ਤੇ ਲਿਆਂਦਾ। ਉਸ ਦੀਆਂ ਸਾਰੀਆਂ ਮੁਹਿੰਮਾਂ, ਵੱਢ-ਟੁੱਕ, ਦੂਜੀਆਂ ਰਿਆਸਤਾਂ ਨੂੰ ਨਾਲ ਜੋੜਨਾ ਆਦਿ ਉਸ ਦੀ ਇਸੇ ਵਿਸ਼ਾਲ ਯੋਜਨਾ ਦਾ ਹੀ ਹਿੱਸਾ ਸਨ ਜਿਸ ਨੇ ਸਾਰੇ ਹਿੰਦੁਸਤਾਨ ਨੂੰ ਆਪਣੇ ਕਲਾਵੇ ਵਿਚ ਲੈ ਲਿਆ।
ਦੂਜੇ ਬੰਨੇ, ਸਿੱਖਾਂ ਦਾ ਉਦਭਵ ਧਾਰਮਿਕ ਫਿਰਕੇ ਵਜੋਂ ਹੋਇਆ। ਬਾਬੇ ਨਾਨਕ ਨੇ ਆਪਣੇ ਮਨ ਵਿਚ ਜਿਹੜੀ ਆਜ਼ਾਦੀ ਮਹਿਸੂਸ ਕੀਤੀ ਸੀ, ਉਹ ਸਿਆਸੀ ਆਜ਼ਾਦੀ ਨਹੀਂ ਸੀ। ਬੁੱਤ ਪੂਜਾ ਵਿਅਕਤੀਗਤ ਦਾਇਰਿਆਂ ਤੋਂ ਲੈ ਕੇ ਕੌਮਾਂ ਤੱਕ ਦੀ ਦਿਮਾਗੀ ਕਸਰਤ ਅਤੇ ਸਤਹੀ ਅਭਿਆਸ ਤੱਕ ਸੀਮਤ ਹੋ ਚੁੱਕੀ ਹੈ; ਇਹ ਸੁਤੰਤਰ ਤੌਰ ‘ਤੇ ਧਾਰਮਿਕ ਜ਼ੀਨਤ ਨੂੰ ਪ੍ਰਵਾਨ ਨਾ ਕਰ ਕੇ ਸਗੋਂ ਮਨੁੱਖਤਾ ਦੇ ਮਨਾਂ ਨੂੰ ਸਮੁੱਚੇ ਤੌਰ ‘ਤੇ ਸੀਮਤ ਘੇਰਿਆਂ ਤੱਕ ਨਿਸ਼ਚਿਤ ਕਰਦੀ ਹੈ। ਮਿਥਿਹਾਸ ਦੇ ਤੰਗ ਦਾਇਰਿਆਂ ਵਿਚ ਪਾਬੰਦ ਹੋ ਚੁੱਕੇ ਧਰਮਾਂ ਤੋਂ ਗੁਰੂ ਨਾਨਕ ਨੇ ਸੁਤੰਤਰਤਾ ਪ੍ਰਾਪਤ ਕਰ ਲਈ ਸੀ ਅਤੇ ਉਨ੍ਹਾਂ ਨੇ ਆਪਣੀ ਸਮੁੱਚੀ ਜ਼ਿੰਦਗੀ ਸਮੂਹਿਕ ਮਨੁੱਖਤਾ ਨੂੰ ਰੂਹਾਨੀ ਸੁਤੰਤਰਤਾ ਹਾਸਲ ਕਰਨ ਲਈ ਪ੍ਰਚਾਰਕ ਦੇ ਤੌਰ ‘ਤੇ ਸਮਰਪਣ ਕਰ ਦਿੱਤੀ।
ਜਿਹੜੇ ਲੋਕਾਂ ਨੇ ਨਾਨਕ ਦੀਆਂ ਸਿੱਖਿਆਵਾਂ ਰਾਹੀਂ ਉਨ੍ਹਾਂ ਵਿਚ ਭਰੋਸਾ ਧਾਰਨ ਕੀਤਾ, ਉਨ੍ਹਾਂ ਨੂੰ ਸਿੱਖ ਜਾਂ ਸ਼ਿਸ਼, ਅਥਵਾ ਸ਼ਰਧਾਲੂ ਆਖਿਆ ਜਾਣ ਲੱਗਾ। ਸਾਰੇ ਵਰਗਾਂ ਦੇ ਲੋਕ ਆਪਣੀਆਂ ਜਾਤਾਂ ਭੁਲਾ ਕੇ ਇਸ ਧਰਮ ਦਾ ਨਿੱਘ ਪ੍ਰਾਪਤ ਕਰ ਸਕਦੇ ਸਨ। ਇਸ ਲਈ ਉਨ੍ਹਾਂ ਦੀ ਇਹ ਸ਼ੁਰੂਆਤ ਇਸ ਗੱਲ ਦਾ ਇਕਰਾਰ ਨਹੀਂ ਸੀ ਕਰਦੀ ਕਿ ਨਾਨਕ ਦੇ ਸ਼ਰਧਾਲੂ ਕਦੀ ਕਿਸੇ ਸੀਮਤ ਸਿੱਖ ਕੌਮ ਦੇ ਇਤਿਹਾਸ ਦੀ ਉਸਾਰੀ ਕਰਨਗੇ, ਪਰ ਮੁਗਲਾਂ ਦੇ ਹੱਲਿਆਂ ਨੇ ਨਾਨਕ ਦੇ ਸ਼ਰਧਾਲੂਆਂ ਨੂੰ ਵਿਸ਼ੇਸ਼ ਵਰਗ ਤੱਕ ਹੀ ਸੀਮਤ ਕਰ ਦਿੱਤਾ ਅਤੇ ਉਨ੍ਹਾਂ ਦਾ ਮੁੱਖ ਮਨੋਰਥ ਲੋਕਾਂ ਵਿਚ ਧਰਮ ਪ੍ਰਚਾਰ ਦੀ ਥਾਂ ਕੇਵਲ ਆਪਣੀ ਸੰਗਤ ਨੂੰ ਤਬਾਹੀ ਅਤੇ ਹਮਲਿਆਂ ਤੋਂ ਬਚਾਉਣ ਤੱਕ ਹੀ ਸੀਮਤ ਹੋ ਗਿਆ। ਇਸ ਤਰ੍ਹਾਂ ਇਸ ਬਾਹਰਲੇ ਜ਼ੋਰ ਨੇ ਸਿੱਖਾਂ ਨੂੰ ਸੀਮਤ ਕੌਮ ਤੱਕ ਹੀ ਨਿਸ਼ਚਤ ਕਰ ਦਿੱਤਾ। ਸਿੱਖਾਂ ਦੇ ਆਖਰੀ ਗੁਰੂ ਨੇ ਕੇਵਲ ਇਸ ਆਖਰੀ ਮਨੋਰਥ ਤੱਕ ਹੀ ਆਪਣੇ-ਆਪ ਨੂੰ ਸੀਮਤ ਕਰ ਲਿਆ। ਉਨ੍ਹਾਂ ਨੇ ਲੋਕਾਂ ਵਿਚ ਧਰਮ ਪ੍ਰਚਾਰ ਦੀ ਥਾਂ ਆਪਣੀ ਜ਼ਿੰਦਗੀ ਦਾ ਇਕੋ ਇਕ ਮਨੋਰਥ ਮਿਥ ਲਿਆ ਕਿ ਸਿੱਖਾਂ ਨੂੰ ਮਜ਼ਬੂਤ ਕੌਮ ਵਜੋਂ ਉਸਾਰਿਆ ਜਾਵੇ। ਇਸ ਦਾ ਮੂਲ ਸਾਰ ਤੱਤ ਇਹੋ ਹੈ ਕਿ ਇਹ ਧਾਰਮਿਕ ਪ੍ਰਚਾਰਕ ਦਾ ਕਾਰਜ ਨਹੀਂ ਰਹਿ ਜਾਂਦਾ, ਸਗੋਂ ਇਸ ਨੂੰ ਫੌਜ ਦਾ ਜਰਨੈਲ ਅਤੇ ਸਿਆਸੀ ਨੇਤਾ ਹੀ ਮੰਨਿਆ ਜਾਵੇਗਾ। ਗੁਰੂ ਗੋਬਿੰਦ ਸਿੰਘ ਵਿਚ ਇਹ ਪਿਛਲੀਆਂ ਯੋਗਤਾਵਾਂ ਹੀ ਮੰਨੀਆਂ ਜਾਣਗੀਆਂ। ਉਹ ਅਤੁਲ ਦ੍ਰਿੜ੍ਹਤਾ ਦੀਆਂ ਯੋਗਤਾਵਾਂ ਰੱਖਣ ਵਾਲੇ ਆਗੂ ਸਨ ਜੋ ਦੁਸ਼ਮਣ ਨੂੰ ਦਬਾਉਣ ਲਈ ਵਿਸ਼ੇਸ਼ ਫੌਜ ਜਥੇਬੰਦ ਕਰ ਸਕਦੇ ਸਨ। ਇਹ ਉਹ ਹੀ ਸਨ ਜਿਨ੍ਹਾਂ ਨੇ ਇਕ ਵਿਸ਼ੇਸ਼ ਵਰਗ ਦੇ ਲੋਕਾਂ ਨੂੰ ਵੱਡੀ ਫੌਜ ਵਿਚ ਤਬਦੀਲ ਕਰ ਲਿਆ ਅਤੇ ਗੁਰੂ ਨਾਨਕ ਦੇ ਧਰਮ ਪ੍ਰਚਾਰ ਦੀ ਅਸਾਮੀ ਨੂੰ ਖਾਲੀ ਛੱਡ ਦਿੱਤਾ। ਗੁਰੂ ਗੋਬਿੰਦ ਸਿੰਘ ਆਪਣਾ ਧਿਆਨ ਆਜ਼ਾਦੀ ਦੀ ਉਸ ਭਾਵਨਾ ਵੱਲ ਕੇਂਦਰਤ ਨਾ ਰੱਖ ਸਕੇ ਜਿਸ ਨੂੰ ਗੁਰੂ ਨਾਨਕ ਨੇ ਸਭ ਤੋਂ ਮੁੱਖ ਮੰਨਿਆ ਸੀ। ਉਨ੍ਹਾਂ ਨੇ ਆਪਣੇ ਸਿੱਖਾਂ ਦੇ ਦਿਲਾਂ ‘ਤੇ ਅਜਿਹੀ ਮੋਹਰ ਲਗਾਈ ਜੋ ਕੇਵਲ ਧਰਤੀ ਦੇ ਦੁਸ਼ਮਣਾਂ ਤੋਂ ਆਜ਼ਾਦੀ ਲੈਣ ਦੀ ਹੀ ਪ੍ਰਚੰਡ ਖਾਹਿਸ਼ ਰੱਖਦੀ ਸੀ। ਸੱਚਮੁੱਚ, ਪ੍ਰਚਾਰ ਦੀ ਇਸ ਤਬਦੀਲੀ ਨੇ ਸਿੱਖ ਸੂਰਬੀਰਤਾ ਨੂੰ ਜਿੱਤ ਦੇ ਰੂਪ ਵਿਚ ਇਤਿਹਾਸ ਦੇ ਸਫ਼ਿਆਂ ‘ਤੇ ਇਕ ਨਿਸ਼ਚਿਤ ਸਮੇਂ ਲਈ ਪ੍ਰੇਰਤ ਕੀਤਾ। ਸੱਚਮੁੱਚ ਇਸ ਪ੍ਰਚਾਰ ਨਾਲ ਸਿੱਖਾਂ ਵਿਚ ਸੂਰਬੀਰਤਾ ਦੀਆਂ ਯੋਗਤਾਵਾਂ ਆਈਆਂ, ਪਰ ਇੱਥੇ ਹੀ ਉਨ੍ਹਾਂ ਦੇ ਰੂਹਾਨੀ ਸਫ਼ਰ ਦਾ ਤੋਸ਼ਾ ਥਕਾਵਟ ਦੇ ਰੂਪ ਵਿਚ ਚੂਰ ਹੋ ਗਿਆ, ਜਦੋਂ ਕਿ ਬਾਬਾ ਨਾਨਕ ਨੇ ਉਨ੍ਹਾਂ ਦੀ ਬੁਨਿਆਦ ਇਕ ਨੇਕ ਰਸਤੇ ਰਾਹੀਂ ਅਰੰਭੀ ਸੀ। ਸੋ, ਇਥੇ ਹੀ ਉਨ੍ਹਾਂ (ਸਿੱਖਾਂ) ਦੀ ਤਰੱਕੀ ਦਾ ਰਸਤਾ ਬੰਦ ਹੋ ਗਿਆ।
ਇਸ ਪਿੱਛੋਂ ਸਾਡੇ ਕੋਲ ਕੇਵਲ ਲੜਾਈਆਂ ਅਤੇ ਜਿੱਤਾਂ ਦਾ ਇਤਿਹਾਸ ਹੀ ਰਹਿ ਗਿਆ। ਇਸ ਅਨੁਪਾਤ ਨੂੰ ਧਿਆਨ ਵਿਚ ਰੱਖਦਿਆਂ ਕਿ ਮੁਗਲਾਂ ਦੀ ਸ਼ਕਤੀ ਕਮਜ਼ੋਰ ਹੁੰਦੀ ਗਈ ਅਤੇ ਸਿੱਖ ਆਪਣੀਆਂ ਮੁਹਿੰਮਾਂ ਵਿਚ ਸਫਲ ਹੁੰਦੇ ਗਏ; ਸਿੱਖਾਂ ਦੇ ਬਚਾਅ ਵਾਲੇ ਪੱਖ ਦਾ ਅੰਤ ਹੋ ਕੇ ਸਗੋਂ ਸਿੱਖਾਂ ਵਿਚ ਉਲਾਰੂ ਹੋ ਕੇ ਸ਼ਕਤੀ ਹਾਸਲ ਕਰਨ ਦੀ ਭੁੱਖ ਵਧਦੀ ਗਈ। ਜਿੰਨੇ ਸਮੇਂ ਤੱਕ ਸਾਡੇ ਦੁਸ਼ਮਣ ਸ਼ਕਤੀਸ਼ਾਲੀ ਹਨ, ਸਾਡੇ ਅੰਦਰ ਆਪਣੇ ਆਪ ਨੂੰ ਸਥਿਰ ਰੱਖਣ ਦਾ ਜਜ਼ਬਾ ਅਤਿ ਪ੍ਰਚੰਡ ਤੇ ਤੀਬਰ ਰਹਿੰਦਾ ਹੈ ਅਤੇ ਸਾਂਝੇ ਖਤਰੇ ਦੀ ਸੂਝ ਸਾਨੂੰ ਪੂਰੀ ਦ੍ਰਿੜ੍ਹਤਾ ਨਾਲ ਸੰਗਠਿਤ ਰੱਖਦੀ ਹੈ; ਜਦੋਂ ਬਾਹਰੀ ਖਤਰੇ ਦਾ ਇਹ ਦਬਾਅ ਦੂਰ ਹੋ ਜਾਂਦਾ ਹੈ ਤਾਂ ਉਹ ਕਿਹੜੀ ਸ਼ਕਤੀ ਹੈ ਜਿਹੜੀ ਸਾਨੂੰ ਜਿੱਤਾਂ ਦੇ ਦੁਨਿਆਵੀ ਨਸ਼ੇ ਤੋਂ ਰੋਕ ਸਕੇ? ਆਪਣੇ ਸਵੈ ਦੀ ਰਾਖੀ ਦੀ ਜਦੋ-ਜਹਿਦ ਵਿਚ ਜੰਗੀ ਸ਼ਕਤੀ ਉਭਰ ਕੇ ਸਾਹਮਣੇ ਆਈ, ਪਰ ਅਜਿਹਾ ਕੌਣ ਹੈ ਜੋ ਇਸ ਅਸਲ ਮਾਰਗ ਤੋਂ ਬੇਮੁੱਖ ਹੋਈ ਜਿੱਤ ਦੇ ਬੇਗਾਨੇ ਰਸਤੇ ‘ਤੇ ਭਟਕੀ ਸ਼ਕਤੀ ਨੂੰ ਮੋੜ ਕੇ ਆਪਣੇ ਸਵੈ ਦੀ ਸਹੀ ਉਸਾਰੀ ਵੱਲ ਲਿਆ ਸਕੇ?
ਅਜਿਹੀ ਸ਼ਕਤੀ ਜ਼ਰੂਰ ਸੀ ਜੋ ਇਸ ਭਟਕੀ ਸਿੱਖ ਸ਼ਕਤੀ ਨੂੰ ਸਹੀ ਰਾਹ ਵੱਲ ਮੋੜ ਸਕਦੀ ਸੀ, ਪਰ ਗੁਰੂ ਗੋਬਿੰਦ ਸਿੰਘ ਨੇ ਆਪਣੀ ਦਿਸ਼ਾਹੀਣ ਖਾਹਿਸ਼ (ਅੰਨ੍ਹੀ ਖਾਹਿਸ਼) ਅਨੁਸਾਰ ਇਸ ਨੂੰ ਢਾਲ ਲਿਆ ਤਾਂ ਕਿ ਸਿੱਖ ਕੌਮ ਦੀ ਵਕਤੀ ਲੋੜ ਪੂਰੀ ਕੀਤੀ ਜਾ ਸਕੇ। ਸਿੱਖਾਂ ਲਈ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਨੇ ਅਗਲੇ ਗੁਰੂ ਦੇ ਤੌਰ ‘ਤੇ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਥਾਂ ਸਗੋਂ ਕਿਰਪਾਨ ਹੀ ਆਪਣੀ ਵਿਰਾਸਤ ਬਣਾ ਦਿੱਤੀ। ਉਨ੍ਹਾਂ ਦੇ ਜਾਣ ਉਪਰੰਤ ਜਿਹੜੇ ਸੱਚ ਦਾ ਗੁਰੂ ਨਾਨਕ ਸਾਹਿਬ ਨੇ ਐਲਾਨ ਕੀਤਾ ਸੀ, ਕੇਵਲ ਕਿਤਾਬ (ਗ੍ਰੰਥ ਸਾਹਿਬ) ਤੱਕ ਸੀਮਤ ਹੋ ਕੇ ਰਹਿ ਗਿਆ। ਗੁਰੂਆਂ ਦੀ ਰੂਹਾਨੀ ਪਰੰਪਰਾ ਇਸ ਵਿਚ ਬੇਰੋਕ ਹੋ ਕੇ ਅਮਰ ਨਦੀ ਵਾਂਗ ਵਗਣੀ ਸ਼ੁਰੂ ਹੋ ਗਈ; ਜੋ ਰੂਹਾਨੀ ਸੱਚ ਦੇ ਕੀਮਤੀ ਅੰਮ੍ਰਿਤ ਦਾ ਵੇਗ ਸੀ, ਜਿਸ ਨਾਲ ਮਨੁੱਖਤਾ ਦੇ ਦਿਲਾਂ ਨੂੰ ਮੁੜ ਜਰਖੇਜ ਕੀਤਾ ਜਾ ਸਕੇ, ਹੁਣ ਇਹ ਅੰਮ੍ਰਿਤ ਰੂਪੀ ਜਲ ਅੱਗੇ ਵਧਣ ਤੋਂ ਸਦਾ ਲਈ ਰੁਕ ਗਿਆ ਹੈ; ਇਹ ਕੇਵਲ ਇਕੋ ਸਵਾਰਥੀ ਕੌਮ ਦੀਆਂ ਹੱਦਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਇਸ ਪਿੱਛੋਂ ਸਿੱਖਾਂ ਦੀ ਸ਼ਕਤੀ ਬਹੁਤ ਤੇਜ਼ੀ ਨਾਲ ਜ਼ਬਤ ਤੋਂ ਬੇਮੁਹਾਰੀ ਹੋ ਕੇ ਲਾਲਚ ਵੱਲ ਵਧਣ ਲੱਗੀ। ਇਸ ਵਿਚੋਂ ਦੈਵੀ ਗੁਣ ਅਲੋਪ ਹੋ ਗਿਆ ਅਤੇ ਰਾਖਸ਼ਾਂ ਨੇ ਇਸ ਸਟੇਜ ਨੂੰ ਧਾ ਕੇ ਮੱਲ ਲਿਆ। ਬਰਬਾਦੀ ਅਤੇ ਧੜੇਬੰਦੀ ਇਸ ਉਤੇ ਹਾਵੀ ਹੋ ਗਈ। ਇਸ ਆਤਮਘਾਤੀ ਦੌਰ ਦੇ ਵਿਚਕਾਰ ਹੀ ਰਣਜੀਤ ਸਿੰਘ ਸਾਹਮਣੇ ਆਇਆ। ਕੁਝ ਸਮੇਂ ਲਈ ਉਸ ਨੇ ਖਿੰਡ ਚੁੱਕੀ ਸਿੱਖ ਸ਼ਕਤੀ ਨੂੰ ਇਕੱਠਿਆਂ ਕੀਤਾ ਪਰ ਇਹ ਕੇਵਲ ਜੰਗੀ ਤਾਕਤ ਰਾਹੀਂ ਹੀ ਅਮਲ ਵਿਚ ਆਇਆ। ਉਸ ਨੇ ਬਾਕੀ ਸਾਰਿਆਂ ਨੂੰ ਆਪਣੇ ਵਸ ਕਰ ਲਿਆ, ਕਿਉਂਕਿ ਉਹ ਇਨ੍ਹਾਂ ਸਾਰਿਆਂ ਤੋਂ ਤਾਕਤਵਰ ਮਨੁੱਖ ਸੀ ਜਿਸ ਨੇ ਲੋਕਾਂ ਨੂੰ ਆਪਣੀ ਜੰਗੀ ਸ਼ਕਤੀ ਨਾਲ ਇਕੱਠਿਆਂ ਕੀਤਾ ਸੀ। ਕੇਵਲ ਦੂਜਿਆਂ ਨੂੰ ਕਮਜ਼ੋਰ ਕਰ ਕੇ ਹੀ ਉਹ ਇਸ ਵਿਚ ਸਫਲਤਾ ਹਾਸਲ ਕਰ ਸਕਿਆ।
ਇਸ ਤੋਂ ਵੀ ਮਾੜੀ ਹਾਲਤ ਇਹ ਕਿ ਪਿਆਰ ਦੇ ਨਾਂ ‘ਤੇ ਸੱਚੀ ਏਕਤਾ ਦੇ ਮੂਲ ਸਿਧਾਂਤ ਉਤੇ ਭਾਰੂ ਹੁੰਦਿਆਂ ਇਸ ਨੂੰ ਨਕਾਰਾ ਕਰ ਕੇ ਉਸ ਨੇ ਆਪਣੇ ਆਪ ਦਾ ਅੰਤ ਕਰ ਲਿਆ। ਆਪਣੇ ਸੁਆਰਥੀ ਮਨੋਰਥ ਦੀ ਪੂਰਤੀ ਤੱਕ ਹੀ ਇਹ ਸੀਮਤ ਸੀ ਕਿ ਰਣਜੀਤ ਸਿੰਘ ਨੇ ਪੂਰੀ ਮਜ਼ਬੂਤੀ ਨਾਲ ਸਿੱਖਾਂ ਨੂੰ ਜੁਗਤਮਈ ਤਰਤੀਬ, ਸ਼ਕਤੀ ਅਤੇ ਰਾਜਨੀਤੀ ਤੱਕ ਨਿਸ਼ਚਤ ਕਰ ਲਿਆ। ਉਹ ਸਿੱਖਾਂ ਦੇ ਦਿਲਾਂ ਅੰਦਰ ਕੋਈ ਅਜਿਹਾ ਨੇਕ ਜਜ਼ਬਾ ਨਾ ਉਸਾਰ ਸਕਿਆ ਜਿਹੜਾ ਉਸ ਦੀ ਗ਼ੈਰ-ਹਾਜ਼ਰੀ ਵਿਚ ਉਨ੍ਹਾਂ ਨੂੰ ਇਕੱਠੇ ਰੱਖ ਸਕਦਾ। ਉਹ ਕੇਵਲ ਬੇਰੋਕ ਹੁਸ਼ਿਆਰੀ, ਸਦਾ ਚੇਤੰਨ ਦ੍ਰਿੜ੍ਹਤਾ ਅਤੇ ਸਵੈ-ਉਨਤੀ ਦੀ ਸੀਮਤ ਮਿਸਾਲ ਬਣ ਕੇ ਰਹਿ ਗਿਆ।
ਉਸ ਦੇ ਲਾਲਚ ਦੀ ਕੋਈ ਸੀਮਾ ਨਹੀਂ ਸੀ ਅਤੇ ਨਾ ਹੀ ਉਸ ਦੀ ਸੰਸਾਰਕ ਇੰਦਰਿਆਵੀ ਹਿਰਸ ਉਪਰ ਕੋਈ ਜ਼ਬਤ ਸੀ। ਉਸ ਦੀ ਅਜਿਹੀ ਸਿਫਤ ਦਾ ਸਿਰਲੇਖ ਕੇਵਲ ਇਹੋ ਬਣਦਾ ਹੈ ਕਿ ਉਸ ਨੇ ਜਿਸ ਕਾਸੇ ਦੀ ਲਾਲਸਾ ਕੀਤੀ, ਉਹ ਉਸ ਨੂੰ ਪ੍ਰਾਪਤ ਹੋ ਗਿਆ; ਕੋਈ ਵੀ ਅਜਿਹਾ ਚਾਰਾ ਨਹੀਂ ਸੀ ਜੋ ਉਸ ਨੂੰ ਇਸ ਪੱਖੋਂ ਰੋਕ ਸਕਦਾ। ਜੇ ਕੇਵਲ ਤੇ ਕੇਵਲ ਇਕ ਵਾਰ ਹੀ ਆਪਣੀ ਇਸ ਬੇਰੋਕ ਸੁਆਰਥੀ ਖਾਹਿਸ਼ ‘ਤੇ ਕਾਬੂ ਪਾਇਆ ਹੁੰਦਾ ਤਾਂ ਅਭਿਲਾਸ਼ਾ ਦੀ ਕੋਈ ਵੀ ਤੀਬਰਤਾ ਉਸ ਨੂੰ ਬਰਤਾਨਵੀ ਰਾਜ ਦੀ ਲਹੂ ਰੰਗੀ ਲਕੀਰ ਦੀ ਸੀਮਾ ਨੂੰ ਪਾਰ ਨਾ ਕਰਨ ਦਿੰਦੀ ਪਰ ਉਸ ਦੇ ਨਿੱਜੀ ਸੁਆਰਥ ਨੇ ਉਸ ਨੂੰ ਇਥੋਂ ਤੱਕ ਹੀ ਸੀਮਤ ਕਰ ਲਿਆ। ਕਿਸੇ ਨਾ ਕਿਸੇ ਤਰ੍ਹਾਂ ਉਸ ਨੇ ਇਸ ਸੁਆਰਥੀ ਮਨੋਰਥ ਵਿਚ ਸਫਲਤਾ ਵੀ ਹਾਸਲ ਕਰ ਲਈ।
ਕੋਈ ਚੀਜ਼ ਵੀ ਮਨੁੱਖ ਨੂੰ ਅਜਿਹੀ ਵੱਡੀ ਮੁਸ਼ਕਿਲ ਵਿਚ ਨਹੀਂ ਪਾਉਂਦੀ, ਜਿਹੋ ਜਿਹੀ ਮੁਸ਼ਕਿਲ ਅਜਿਹੀ ਸਫਲਤਾ ਰਾਹੀਂ ਖੜ੍ਹੀ ਹੁੰਦੀ ਹੈ। ਅਜਿਹੀਆਂ ਉਦਾਹਰਣਾਂ ਸਾਡੀ ਉਸਾਰੂ ਸੂਝ ‘ਤੇ ਹਾਵੀ ਹੋ ਜਾਂਦੀਆਂ ਹਨ ਅਤੇ ਸਾਡੇ ਸੁਆਰਥੀ ਜਜ਼ਬਿਆਂ ਨੂੰ ਪ੍ਰੇਰਤ ਕਰਦੀਆਂ ਹਨ। ਇਕ ਤਰ੍ਹਾਂ ਨਾਲ ਉਹ ਸਵੈ-ਤਬਾਹੀ ਦੇ ਰਸਤੇ ਦੀ ਨਿਸ਼ਾਨਦੇਹੀ ਹੀ ਕਰਦੀਆਂ ਹਨ।
ਨਾਨਕ ਜੋ ਸਿੱਖ ਧਰਮ ਦਾ ਬਾਨੀ ਸੀ, ‘ਸੀਮਤ’ ਸਫਲਤਾ ਦੀ ਮਿਸਾਲ ਬਣ ਕੇ ਰਹਿ ਗਿਆ। ਇਸ ਮੱਤ ਸਬੰਧੀ ਨਾਨਕ ਦੇ ਵਪਾਰੀ ਪਿਤਾ ਨੇ ਵੀ ਉਸ ਨੂੰ ਬਹੁਤ ਪ੍ਰੇਸ਼ਾਨ ਕੀਤਾ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਾਨਕ ਨੇ ਲੂਣ ਦੇ ਵਪਾਰ ਵਿਚ ਕੀ ਨਫ਼ਾ ਕਮਾਇਆ। ਉਹ ਭਾਵੇਂ ਗਰੀਬ ਸੀ, ਪਰ ਦੁਨੀਆਂਦਾਰੀ ਵਪਾਰ ਵਿਚ ਇਸ ਗੈਰ-ਤਜਰਬਾਕਾਰ ਮਾਇਆ ਰਹਿਤ ਸ਼ਰਧਾਲੂ ਨੇ ਅਜਿਹੀ ਸ਼ਕਤੀ ਇਕੱਠੀ ਕਰ ਲਈ ਜਿਸ ਨੇ ਜੱਟ ਕਿਸਾਨਾਂ ਨੂੰ ਇਸ ਯੋਗ ਬਣਾ ਦਿੱਤਾ ਕਿ ਉਹ ਮੌਤ ਨੂੰ ਨਕਾਰ ਕੇ ਅਤੇ ਉਦਾਸੀ ਨੂੰ ਦੁਰਕਾਰ ਕੇ ਮਹਾਨਤਾ ਨੂੰ ਪ੍ਰਾਪਤ ਕਰ ਸਕਣ।
ਪਰ ਰਣਜੀਤ ਸਿੰਘ ਸਿੱਖਾਂ ਲਈ ਕੀ ਛੱਡ ਕੇ ਗਿਆ? ਰਣਜੀਤ ਸਿੰਘ ਮਹਾਰਾਜ ਦੁਨਿਆਵੀ ਸਫਲਤਾ ਦਾ ਨਮੂਨਾ ਸੀ, ਉਸ ਨੇ ਸਿੱਖਾਂ ਦੇ ਜੱਦੀ ਦੁਸ਼ਮਣਾਂ ਦਾ ਨਾਸ਼ ਕੀਤਾ ਜਿਸ ਦੀ ਅਭਿਲਾਸ਼ਾ ਨੂੰ ਕੋਈ ਵੀ ਅਸਫਲਤਾ ਤੋੜ ਨਹੀਂ ਸਕਦੀ ਸੀ, ਜਿਸ ਦੀ ਅਚਾਨਕ ਲਿਸ਼ਕ ਨੇ ਅਸਮਾਨ ‘ਤੇ ਛਾਈ ਸ਼ਾਮ ਨੂੰ ਗੂੜ੍ਹੇ ਲਾਲ ਰੰਗ ਨਾਲ ਚਮਕਾ ਦਿੱਤਾ, ਜਿਸ ਆਖਰੀ ਸ਼ਾਮ ਵਿਚ ਮੁਗਲ ਰਾਜ ਦਾ ਸੂਰਜ ਛੁਪ ਰਿਹਾ ਸੀ, ਜਦੋਂ ਕਿ ਅੰਗਰੇਜ਼ੀ ਹਕੂਮਤ ਤਰੱਕੀ ਵਲ ਵਧ ਰਹੀ ਸੀ? ਉਸ (ਰਣਜੀਤ ਸਿੰਘ) ਨੇ ਸਿੱਖਾਂ ਨੂੰ ਖੇਰੂੰ-ਖੇਰੂੰ ਕਰ ਕੇ, ਸਮੂਹਿਕ ਨਿਰਾਸ਼ਾ, ਕਾਨੂੰਨ ਰਹਿਤ ਅਵਸਥਾ ਵਿਚ ਧੱਕ ਦਿੱਤਾ।
ਸਿੱਖ ਨੇਤਾਵਾਂ ਨੇ ਰਣਜੀਤ ਸਿੰਘ ਦੀ ਸਫਲਤਾ ਤੋਂ ਕੇਵਲ ਇਹੋ ਸਬਕ ਲਿਆ ਕਿ ਜਿਸ ਦੀ ਲਾਠੀ ਉਸ ਦੀ ਮੱਝ। ਉਨ੍ਹਾਂ ਨੇ ਕੁਰਬਾਨੀ ਜਾਂ ਆਤਮ ਤਿਆਗ ਦੀ ਸਿੱਖਿਆ ਨਹੀਂ ਲਈ। ਉਹ ਇਸ ਸੱਚਾਈ ਨੂੰ ਭੁੱਲ ਗਏ ਕਿ ਸਹੀ ਮਾਰਗ ਹੀ ਸ਼ਕਤੀ ਵਧਾਉਂਦਾ ਹੈ। ਦੂਜੇ ਸ਼ਬਦਾਂ ਵਿਚ ਉਹ ਸ਼ਕਤੀ ਜਿਸ ਰਾਹੀਂ ਗਰੀਬ ਪਰ ਸਾਦਗੀ ਭਰਪੂਰ ਨਾਨਕ ਨੇ ਇਨ੍ਹਾਂ ਨੂੰ ਇਕ ਲੜੀ ਵਿਚ ਪਰੋਇਆ ਸੀ, ਹੁਣ ਉਹ ਇਸ ਸ਼ਕਤੀਸ਼ਾਲੀ ਬਾਦਸ਼ਾਹ ਰਾਹੀਂ ਸੜ ਕੇ ਸੁਆਹ ਹੋ ਗਈ। ਇਸ ਲਈ ਇਤਿਹਾਸ ਦੇ ਅਸਮਾਨ ਵਿਚ ਸਿੱਖ ਟੁੱਟਦੇ ਤਾਰੇ ਵਾਂਗ ਵਕਤੀ ਤੌਰ ‘ਤੇ ਲਿਸ਼ਕ ਕੇ ਸਦਾ ਲਈ ਡੁੱਬ ਗਏ।
ਅੱਜ ਸਿੱਖਾਂ ਵਿਚ ਤਰੱਕੀ ਵਾਲੀ ਕੋਈ ਵੀ ਸ਼ਕਤੀ ਬਾਕੀ ਨਹੀਂ ਰਹੀ। ਇਨ੍ਹਾਂ ਨੇ ਆਪਣੇ ਆਪ ਨੂੰ ਛੰਡ-ਛਾਣ ਕੇ ਕੇਵਲ ਨਿੱਕੇ ਜਿਹੇ ਫਿਰਕੇ ਤੱਕ ਸੀਮਤ ਕਰ ਲਿਆ ਹੈ। ਕਈ ਸਦੀਆਂ ਤੋਂ ਸਿੱਖਾਂ ਵਿਚ ਕੋਈ ਨਵਾਂ ਰੂਹਾਨੀ ਨੇਤਾ ਪੈਦਾ ਨਹੀਂ ਹੋਇਆ। ਦੁਨੀਆਂ ਦੇ ਗਿਆਨ, ਸਿਦਕ ਅਤੇ ਅਮਲ ਦੇ ਖੇਤਰ ਵਿਚ ਉਨ੍ਹਾਂ (ਸਿੱਖਾਂ) ਨੇ ਕੋਈ ਨਵਾਂ ਵਾਧਾ ਨਹੀਂ ਕੀਤਾ।
ਕੋਈ ਸ਼ੱਕ ਨਹੀਂ ਕਿ ਨਾਨਕ ਦੇ ਸ਼ਰਧਾਲੂ ਅੱਜ ਬਹੁਤ ਅੱਛਾ ਲੜ ਸਕਦੇ ਹਨ ਪਰ ਅਸੀਂ ਇਹ ਸਵੀਕਾਰ ਨਹੀਂ ਕਰ ਸਕਦੇ ਕਿ ਨਾਨਕ ਦੇ ਰੂਹਾਨੀ ਜੋਸ਼ ਵਾਲੇ ਵਾਰਸਾਂ ਲਈ ਇਹ ਸ਼ਾਨੋ-ਸ਼ੌਕਤ ਵਾਲਾ ਅੰਤ ਹੈ ਕਿ ਉਹ ਕੇਵਲ ਫੌਜ ਵਿਚ ਭਰਤੀ ਹੋ ਕੇ ਜਿਵੇਂ ਹੁਣ ਕਾਬੁਲ ਵਿਚ ਲੜ ਰਹੇ ਹਨ, ਫਿਰ ਚੀਨ ਵਿਚ ਅਤੇ ਫਿਰ ਅਫ਼ਰੀਕਾ ਵਿਚ। ਸਿੱਖਾਂ ਦੇ ਇਸ ਨਿਗੁਣੇ ਅੰਤ ਲਈ ਨਾਨਕ ਨੇ ਆਪਣਾ ਜੀਵਨ ਸਮਰਪਣ ਨਹੀਂ ਸੀ ਕੀਤਾ ਕਿ ਵਿਸ਼ਵ ਦੀ ਸਮੁੱਚੀ ਮਨੁੱਖਤਾ ਦੇ ਸਬੰਧ ਵਿਚ ਉਸ ਦੇ ਸ਼ਰਧਾਲੂ ਆਪਣਾ ਜੀਵਨ ਫੌਜੀ ਲਸ਼ਕਰਾਂ ਦੇ ਅਭਿਆਸ ਤੱਕ ਹੀ ਸੀਮਤ ਕਰ ਲੈਣ।
ਨਾਨਕ ਨੇ ਆਪਣੇ ਸ਼ਰਧਾਲੂਆਂ ਨੂੰ ਨਿੱਜੀ ਸੁਆਰਥ, ਤੰਗਦਿਲੀ ਵਾਲੀ ਹਠਧਰਮੀ, ਰੂਹਾਨੀ ਵਿਲਾਸਤਾ ਤੋਂ ਸੁਤੰਤਰ ਕਰਨ ਲਈ ਸੱਦਾ ਦਿੱਤਾ ਸੀ। ਉਸ ਨੇ ਉਨ੍ਹਾਂ ਦੀ ਇਨਸਾਨੀਅਤ ਨੂੰ ਭਰਪੂਰਤਾ ਸਹਿਤ ਅਹਿਸਾਸ ਵਿਚ ਲਿਆਉਣਾ ਚਾਹਿਆ। ਗੁਰੂ ਗੋਬਿੰਦ (ਸਿੰਘ) ਨੇ ਸਿੱਖਾਂ ਨੂੰ ਕੇਵਲ ਵਿਸ਼ੇਸ਼ ਮਨੋਰਥ ਨੂੰ ਮੁੱਖ ਰੱਖ ਕੇ ਸੰਗਠਿਤ ਕਰਨਾ ਚਾਹਿਆ; ਕਿਤੇ ਉਹ ਆਪਣੇ ਇਸ ਮਨੋਰਥ ਨੂੰ ਭੁੱਲ ਨਾ ਜਾਣ, ਉਨ੍ਹਾਂ ਨੇ ਸਿੱਖਾਂ ਦੇ ਦਿਲਾਂ ‘ਤੇ ਇਹ ਡੂੰਘੀ ਮੋਹਰ ਇਸ ਨਾਲ ਸਿੰਘ ਦਾ ਨਾਂ ਜੋੜ ਕੇ, ਨਵੀਂ ਪੋਸ਼ਾਕ, ਨਵੀਂ ਯੋਗਤਾ, ਨਵੀਆਂ ਧਾਰਮਿਕ ਰਸਮਾਂ ਦੇ ਰੂਪ ਵਿਚ ਲਗਾ ਦਿੱਤੀ। ਇਉਂ ਉਨ੍ਹਾਂ ਨੇ ਸਿੱਖਾਂ ਦੀ ਇਨਸਾਨੀ ਸ਼ਕਤੀ ਨੂੰ ਬਾਕੀ ਸਾਰੀਆਂ ਦਿਸ਼ਾਵਾਂ ਵੱਲੋਂ ਬੇਮੁੱਖ ਕਰ ਕੇ ਇਸ ਨੂੰ ਕੇਵਲ ਵਿਸ਼ੇਸ਼ ਦਿਸ਼ਾ ਵਲ ਪ੍ਰੇਰਿਤ ਕਰ ਦਿੱਤਾ। ਇਸ ਸਾਧਨ ਰਾਹੀਂ ਸਿੱਖ ਕੌਮ ਵਿਸ਼ੇਸ਼ ਮਨੋਰਥ ਦੇ ਢਾਂਚੇ ਵਿਚ ਢਾਲ ਲਈ ਗਈ ਅਤੇ ਇਸ ਤਰ੍ਹਾਂ ਨਾਲ ਇਸ ਨੇ ਵਿਸ਼ੇਸ਼ ਕੱਟੜਪੁਣਾ ਧਾਰਨ ਕਰ ਲਿਆ।
ਜਦੋਂ ਸਿੱਖ ਸੰਪੂਰਨਤਾ ਦੇ ਪੱਖ ਅਤੇ ਆਜ਼ਾਦ ਕੌਮ ਦੇ ਤੌਰ ‘ਤੇ ਸੀਮਤ ਹੋ ਕੇ ਰੁਕ ਗਏ ਅਤੇ ਕੇਵਲ ਵਿਸ਼ੇਸ਼ ਮਨੋਰਥ ਦਾ ਵਸੀਲਾ ਬਣ ਕੇ ਹੀ ਰਹਿ ਗਏ, (ਤਾਂ) ਇਕ ਸ਼ਕਤੀਸ਼ਾਲੀ ਬਾਦਸ਼ਾਹ ਨੇ ਉਨ੍ਹਾਂ ਨੂੰ ਇਸ ਹਾਲਤ ਵਿਚ ਆਪਣੀਆਂ ਨਿੱਜੀ ਲੋੜਾਂ ਲਈ ਵਰਤਿਆ ਅਤੇ ਅੱਜ ਦੇ ਯੁੱਗ ਵਿਚ ਉਨ੍ਹਾਂ ਨੂੰ ਸ਼ਕਤੀਸ਼ਾਲੀ ਵਿਸ਼ੇਸ਼ ਸਾਧਨ ਦੇ ਤੌਰ ‘ਤੇ ਹੀ ਭਰਤੀ ਕੀਤਾ ਜਾਂਦਾ ਹੈ। ਸੋ, ਯੂਨਾਨ ਦੇ ਪ੍ਰਾਚੀਨ ਸਪਾਰਟਾ ਦੇ ਵਸਨੀਕਾਂ ਵਾਂਗ ਇਸ ਨੇ ਆਪਣੀ ਕੌਮ ਨੂੰ ਵਿਸ਼ੇਸ਼ ਮਨੋਰਥ ਤੱਕ ਹੀ ਸੀਮਤ ਕਰ ਲਿਆ। ਸੋ, ਇਹ ਕੇਵਲ ਲੜ ਹੀ ਸਕਦੀ ਹੈ, ਪਰ ਇਸ ਨੇ ਆਪਣੇ ਆਪ ਨੂੰ ਬੌਣੇਪਣ ਤੱਕ ਲੈ ਆਂਦਾ, ਕਿਉਂਕਿ ਕੇਵਲ ਲੜਨ ਦੀ ਯੋਗਤਾ ਹੀ ਮਨੁੱਖਤਾ ਦਾ ਅੰਤਮ ਮਨੋਰਥ ਨਹੀਂ। ਇਸ ਰਸਤੇ ਨੂੰ ਧਾਰਨ ਕਰਨ ਨਾਲ ਸਿੱਖ ਆਪਣੀ ਬੇਮਿਸਾਲ ਚੰਗਿਆਈ ਨੂੰ ਕੇਵਲ ਵਕਤੀ ਨਿੱਜੀ ਲੋੜ ਲਈ ਹੀ ਕੁਰਬਾਨ ਕਰ ਦਿੰਦੇ ਹਨ, ਜਿਸ ਦੀਆਂ ਇਤਿਹਾਸ ਨੇ ਬਹੁਤ ਸਾਰੀਆਂ ਮਿਸਾਲਾਂ ਸੰਭਾਲੀਆਂ ਹੋਈਆਂ ਹਨ। ਅੱਜ ਵੀ ਇਸ ਅਲਪ ਦ੍ਰਿਸ਼ਟੀ ਵਾਲਾ ਲਾਲਚ ਸਾਰਿਆਂ ਵਰਗਾਂ ਦੇ ਲੋਕਾਂ ਨੂੰ ਮਨੁੱਖੀ ਕੁਰਬਾਨੀ ਲਈ ਪ੍ਰੇਰਿਤ ਕਰਦਾ ਹੈ। ਇਕ ਤਰ੍ਹਾਂ ਨਾਲ ਇਹ ਸੱਚੀ ਅਤੇ ਸਾਬਤ ਕਦਮਾਂ ਵਾਲੀ ਮਨੁੱਖਤਾ ਨੂੰ ਤਬਾਹ ਕਰਦਾ ਹੈ। ਲਹੂ ਦਾ ਭੁੱਖਾ ਰਾਖਸ਼ ਜਿਸ ਨੂੰ ਅਸੀਂ ਅਜਿਹੀ ਕੁਰਬਾਨੀ ਸੌਂਪਦੇ ਹਾਂ, ਵੱਖਰੀ ਤਰ੍ਹਾਂ ਦੇ ਨਾਮ ਧਾਰਨ ਕਰ ਲੈਂਦਾ ਹੈ-ਜਿਵੇਂ ਭਾਈਚਾਰਾ (ਸਮਾਜ), ਸਟੇਟ, ਧਰਮ ਜਾਂ ਕੋਈ ਸਮੇਂ ਅਨੁਸਾਰ ਆਕਰਸ਼ਤ ਕਰਨ ਵਾਲਾ ਸ਼ਬਦ ਜਦੋਂ ਇਹ ਆਪਣੇ ਤਬਾਹੀ ਦੇ ਕਾਰਜ ਨੂੰ ਵਰਤੋਂ ਵਿਚ ਲਿਆਉਂਦਾ ਹੈ।
ਸਿੱਖਾਂ ਦੇ ਇਤਿਹਾਸ ਦਾ ਅੰਤ ਮੈਨੂੰ ਬਹੁਤ ਉਦਾਸੀ ਭਰਿਆ ਨਜ਼ਰ ਆਉਂਦਾ ਹੈ। ਜਦੋਂ ਕੋਈ ਦਰਿਆ, ਸਮੁੰਦਰ ਤੱਕ ਪਹੁੰਚਣ ਲਈ ਬੱਦਲਾਂ ਨੂੰ ਚੁੰਮਦੀ ਬਰਫਾਂ ਲੱਦੀ ਚਿੱਟੀ ਪਹਾੜੀ ਚੋਟੀ ਤਿਆਗਦਾ ਹੈ, ਤਾਂ ਇਹ ਰੇਤ ਦੇ ਮੈਦਾਨ ਵਿਚ ਆਪਣੀ ਗਤੀ, ਆਪਣਾ ਸੰਗੀਤ ਤਿਆਗ ਕੇ ਅਲੋਪ ਹੋ ਜਾਂਦਾ ਹੈ, ਇਉਂ ਇਸ ਦੀ ਇਹ ਅਸਫਲਤਾ ਉਦਾਸੀ ਦਾ ਆਲਮ ਪੈਦਾ ਕਰਦੀ ਹੈ। ਫਿਰ ਵੀ, ਜਦੋਂ ਸ਼ਕਤੀ ਦੀ ਚਿੱਟੀ ਸ਼ੁਧ ਨਦੀ, ਜੋ ਕਿਸੇ ਭਗਤ ਦੇ ਦਿਲ ਵਿਚੋਂ ਧਰਤੀ ਨੂੰ ਸਵੱਛ ਅਤੇ ਜਰਖੇਜ ਬਣਾਉਣ ਲਈ ਨਿਕਲਦੀ ਹੈ, ਜੇ ਫੌਜ ਦੇ ਲਸ਼ਕਰ ਦੇ ਰੂਪ ਵਿਚ ਲਹੂ ਭਿੱਜੀ ਦਲਦਲ ਦੇ ਤੌਰ ‘ਤੇ ਆਪਣਾ ਅੰਤ ਕਰਦੀ ਹੈ ਤਾਂ ਲੋਕਾਂ ਨੂੰ ਕੋਈ ਸ਼ਾਨ ਜਾਂ ਖੁਸ਼ੀ ਪ੍ਰਾਪਤ ਨਹੀਂ ਹੁੰਦੀ।
ਕੇਵਲ ਬਦਲਾਲਊ ਭਾਵਨਾ ਨੂੰ ਖਿੱਚ ਦਾ ਮੂਲ ਕੇਂਦਰ ਬਣਾਉਂਦਿਆਂ ਜਾਂ ਕਿਸੇ ਹੋਰ ਤੁਛ ਮੰਤਵ ਨੂੰ ਮੁੱਖ ਰੱਖਦਿਆਂ, ਸਿੱਖ ਇਤਿਹਾਸ ਨੇ ਇਕ ਦਿਨ ਆਪਣੇ ਅਸਲ ਨਿਸ਼ਾਨੇ ਦਾ ਮਾਰਗ ਗੁਆ ਲਿਆ ਅਤੇ ਇਸ ਤਰ੍ਹਾਂ ਨਾਲ ਮਨੁੱਖਤਾ ਦੀ ਸੰਪੂਰਨਤਾ ਦੇ ਖੇਤਰ ਤੋਂ ਇਹ (ਸਿੱਖ ਇਤਿਹਾਸ) ਤਿਲਕ ਗਿਆ, ਪਰ ਇਹ ਇਥੋਂ ਤੱਕ ਅਸਫਲ ਹੋ ਗਿਆ ਕਿ ਕੌਮੀ ਸਫਲਤਾ ਦੀ ਸ਼ਾਨ ਦੀ ਹੇਠਲੀ ਅਵਸਥਾ ਨੂੰ ਵੀ ਪ੍ਰਾਪਤ ਨਾ ਕਰ ਸਕਿਆ। ਜਿਹੜਾ ਰਾਜ ਰਣਜੀਤ ਸਿੰਘ ਨੇ ਸਥਾਪਤ ਕੀਤਾ, ਕੇਵਲ ਰਣਜੀਤ ਸਿੰਘ ਤੱਕ ਹੀ ਸੀਮਤ ਹੋ ਕੇ ਰਹਿ ਗਿਆ; ਗੁਰੂ ਗੋਬਿੰਦ ਸਿੰਘ ਵਲੋਂ ਜੋ ਜੰਗਾਂ ਲੜੀਆਂ ਗਈਆਂ, ਉਹ ਕੇਵਲ ਸਿੱਖ ਫਿਰਕੇ ਤੱਕ ਹੀ ਸੀਮਤ ਸਨ। ਉਨ੍ਹਾਂ ਨੇ ਆਪਣੇ ਮਨੋਰਥ ਨੂੰ ਆਪਣੇ ਸ਼ਰਧਾਲੂਆਂ ਦੀ ਸੋਚ ਤੋਂ ਅੱਗੇ ਨਾ ਵਧਾਇਆ।
ਇਥੇ ਹੀ ਮਰਹੱਟਾ ਇਤਿਹਾਸ, ਸਿੱਖ ਇਤਿਹਾਸ ਨਾਲੋਂ ਵਿਲੱਖਣ ਰੁਤਬਾ ਰੱਖਦਾ ਹੈ। ਸ਼ਿਵਾ ਜੀ ਦਾ ਇਰਾਦਾ ਕੇਵਲ ਤੰਗਦਿਲ ਫਿਰਕੇ ਤੱਕ ਸੀਮਤ ਨਹੀਂ ਸੀ। ਮੁੱਖ ਤੌਰ ‘ਤੇ ਕਿਉਂਕਿ ਹਿੰਦੂ ਕੌਮ ਅਤੇ ਹਿੰਦੂ ਧਰਮ ਜਿਸ ਨੂੰ ਮੁਗਲਾਂ ਦੀ ਹਕੂਮਤ ਤੋਂ ਉਹ ਮੁਕਤ ਕਰਵਾਉਣ ਲਈ ਵਚਨਬੱਧ ਸੀ, ਬਹੁਤ ਵਿਸਥਾਰਤ ਹੱਦ ਤੱਕ ਸਿੱਖ ਕੌਮ ਅਤੇ ਸਿੱਖ ਧਰਮ ਨਾਲੋਂ ਅੱਗੇ ਕਾਰਜਸ਼ੀਲ ਸੀ। ਇਸ ਲਈ ਇਹ ਕਿਸੇ ਵੀ ਸ਼ੱਕ ਦੀ ਅਵਸਥਾ ਤੋਂ ਉਪਰ ਹੈ ਕਿ ਸ਼ਿਵਾ ਜੀ ਦਾ ਮਨੋਰਥ ਹਿੰਦੁਸਤਾਨ ਦੇ ਇਤਿਹਾਸ ਨੂੰ ਪੁਨਰ-ਸੁਰਜੀਤ ਕਰਨਾ ਸੀ। ਗੁਰੂ ਗੋਬਿੰਦ (ਸਿੰਘ) ਲਗਭਗ ਸ਼ਿਵਾ ਜੀ ਦੇ ਸਮਕਾਲੀ ਹੀ ਸਨ। ਉਨ੍ਹਾਂ ਦੇ ਕਾਰਜ ਕਾਲ ਵਿਚ ਅਕਬਰ ਦੀ ਸੁਹਿਰਦ ਨੀਤੀ ਤਿਆਗੀ ਜਾ ਚੁੱਕੀ ਸੀ ਅਤੇ ਮੁਗਲ ਹਕੂਮਤ ਨੇ ਸਵੈ-ਸੁਰੱਖਿਆ ਦਾ ਜਜ਼ਬਾ ਹਰ ਗੈਰ-ਮੁਸਲਮਾਨ ਅਤੇ ਭਾਰਤੀ ਭਾਈਚਾਰੇ ਵਿਚ ਪ੍ਰੇਰਿਤ ਕੀਤਾ। ਸੱਚਮੁੱਚ ਸਾਰੇ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਥਾਂਵਾਂ ‘ਤੇ ਇਕ ਨਵੀਨ ਧਾਰਮਿਕ ਸੋਚ ਵਾਲਾ ਜੀਵਨ ਅੰਦਰੋਂ ਅਤੇ ਬਾਹਰੋਂ ਦਬਾ ਪਾ ਕੇ ਜਾਗ੍ਰਿਤ ਕੀਤਾ ਗਿਆ। ਹਿੰਦੂ ਧਰਮ ਦੇ ਜੀਵਨ ਵਿਚ ਇਹ ਹਲਚਲ ਦੱਖਣ ਦੀਆਂ ਵੱਖ ਵੱਖ ਪਾਵਨ ਸ਼ਖਸੀਅਤਾਂ ਰਾਹੀਂ ਧਾਰਮਿਕ ਪਲਟੇ ਦੇ ਰੂਪ ਵਿਚ ਪ੍ਰਗਟ ਹੋਈ। ਇਹ ਸੁਭਾਵਕ ਹੀ ਸੀ ਕਿ ਹਿੰਦੂ ਭਾਈਚਾਰੇ ਦੀ ਰੂਹਾਨੀ ਚੇਤਨਾ ਦੇ ਪ੍ਰਸੰਗ ਵਿਚ ਸ਼ਿਵਾ ਜੀ ਜਿਹੀ ਵੀਰਤਾਪੂਰਨ ਰੂਹ ਔਰੰਗਜ਼ੇਬ ਦੇ ਅਤਿਆਚਾਰ ਕਾਰਨ ਇਸ ਗੱਲ ਦਾ ਵਚਨ ਧਾਰਨ ਕਰਦੀ ਕਿ ਉਸ ਦੇ ਧਰਮ ਨੂੰ ਭਾਰਤ ਵਿਚ ਫਤਿਹ ਪ੍ਰਾਪਤ ਹੁੰਦੀ।
ਫੇਰ ਇਸੇ ਸਮੇਂ ਅੰਦਰ ਭਾਰਤ ਦੀ ਪੱਛਮੀ ਸਰਹੱਦ ‘ਤੇ ਇਕ ਨਵੀਂ ਰੂਹ ਦੀ ਸ਼ਕਤੀ ਨੇ ਜੋ ਸਿੱਖ ਧਰਮ ਵਿਚ ਪਸਰ ਚੁੱਕੀ ਸੀ, ਸਿੱਖਾਂ ਦੇ ਦਿਲਾਂ ਨੂੰ ਬੀਰਤਾ ਦੇ ਅਹਿਸਾਸ ਨਾਲ ਭਰ ਦਿੱਤਾ। ਗੁਰੂ ਗੋਬਿੰਦ (ਸਿੰਘ) ਅਤੇ ਸ਼ਿਵਾ ਜੀ ਕੋਲ ਭਾਵੇਂ ਅੰਦਰੂਨੀ ਤਾਕਤ ਅਤੇ ਬਾਹਰੀ ਦਬਾਅ ਇਕੋ ਤਰ੍ਹਾਂ ਦਾ ਸੀ, ਪਰ ਇਸ ਦੀ ਕਾਰਜਸ਼ੀਲਤਾ ਵਿਚ ਅਸਲ ‘ਚ ਇਨ੍ਹਾਂ ਦੋਵਾਂ ਅਵਸਥਾਵਾਂ ਵਿਚ ਢੇਰ ਅੰਤਰ ਸੀ। ਗੁਰੂ ਗੋਬਿੰਦ (ਸਿੰਘ) ਦੀਆਂ ਮੁਗਲਾਂ ਨਾਲ ਹੋਈਆਂ ਬਹੁਤ ਸਾਰੀਆਂ ਜੰਗਾਂ ਕੇਵਲ ਨਿਰਉਦੇਸ਼ ਬਣ ਕੇ ਰਹਿ ਗਈਆਂ, ਜਿਵੇਂ ਉਹ ਮੁੱਖ ਤੌਰ ‘ਤੇ ਬਦਲੇ ਦੀ ਭਾਵਨਾ ਅਤੇ ਸਵੈ-ਰੱਖਿਆ ਪ੍ਰਤੀ ਹੀ ਪ੍ਰੇਰਿਤ ਸਨ ਪਰ ਸ਼ਿਵਾ ਜੀ ਦੀਆਂ ਜੰਗਾਂ ਪੌੜੀ ਦੇ ਡੰਡਿਆਂ ਵਾਂਗ ਜੜਤ ਨਫੀਸ ਤਰ੍ਹਾਂ ਦੇ ਤਰਤੀਬਮਈ ਕਦਮ ਸਨ। ਉਹ ਕਦਮ ਕੇਵਲ ਜੋਸ਼ ਦੇ ਉਛਾਲੇ ਹੀ ਨਹੀਂ ਸਨ ਅਤੇ ਨਾ ਹੀ ਕੇਵਲ ਤਕਰਾਰਾਂ ਤੱਕ ਹੀ ਸੀਮਤ ਸਨ; ਇਸ ਵਿਚ ਸ਼ਾਨਦਾਰ ਤਰਤੀਬ ਸੀ; ਵੱਖ ਵੱਖ ਵਰਗਾਂ ਨੂੰ ਆਪਣੀਆਂ ਜੰਗਾਂ ਵਿਚ ਇਕੱਠਿਆਂ ਕਰਨਾ ਸੀ। ਉਸ ਦੇ ਸਾਹਮਣੇ ਕੇਵਲ ਇਕੋ ਬੋਧਮਈ ਆਦਰਸ਼ ਸੀ ਜਿਸ ਦੇ ਧਿਆਨ ਵਿਚ ਲਗਾਤਾਰ ਸਮੁੱਚਾ ਭਾਰਤ ਅਤੇ ਦਿਸ ਰਿਹਾ ਸੁੰਨਸਾਨ ਭਵਿੱਖ ਸੀ। ਇਹ (ਜੰਗਾਂ) ਫਿਰਕਾਪ੍ਰਸਤੀ ਦੀ ਉਥਲ-ਪੁਥਲ ਤੱਕ ਸੀਮਤ ਨਹੀਂ ਸਨ, ਸਗੋਂ ਇਹ ਵਿਸ਼ਾਲ ਯੋਜਨਾ ਦੀ ਮੁੱਢਲੀ ਬੁਨਿਆਦ ਸਨ।
ਉਂਜ, ਕੁੱਲ ਮਿਲਾ ਕੇ ਸਿੱਖਾਂ ਅਤੇ ਮਰਹੱਟਿਆਂ ਦਾ ਇਤਿਹਾਸ ਇਕੋ ਸਮੇਂ ਇਕੋ ਤਰ੍ਹਾਂ ਨਾਲ ਅਸਫਲ ਹੋਇਆ।
ਅਜਿਹਾ ਕਿਉਂ ਵਪਰਿਆ? ਮੇਰਾ ਜਵਾਬ ਹੈ ਕਿ ਇਕ ਵਿਚਾਰ ਜੋ ਆਪਣੇ ਬੋਧ ਅਨੁਭਵ ਵਿਚ ਸਾਰੇ ਦੇਸ਼ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ, ਉਸ ਨੂੰ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ, ਜੇ ਇਸ ਨੂੰ ਕੇਵਲ ਇਕ ਮਹਾਨ ਵਿਅਕਤੀ ਜਾਂ ਕੁਝ ਕੁ ਮਹਾਨ ਮਨੁੱਖ ਹੀ ਅਪਨਾਉਂਦੇ ਹਨ। ਜੇ ਤੁਸੀਂ ਅੱਗ ਦੀ ਚੰਗਿਆੜੀ ਨੂੰ ਪੂਰੀ ਲਾਟ ਵਿਚ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਿਸ਼ੇਸ਼ ਬੱਤੀ ਦੀ ਲੋੜ ਹੈ, ਵਿਸ਼ੇਸ਼ ਪਦਾਰਥ ਦੀ, ਤਾਂ ਕਿ ਚੰਗਿਆੜੀ ਨੂੰ ਲਾਟ ਦੇ ਅਮਲ ਵਿਚ ਲਿਆਂਦਾ ਜਾ ਸਕੇ। ਇਹ ਹੀ ਕਾਫੀ ਨਹੀਂ ਹੋਵੇਗਾ ਕਿ ਅਸੀਂ ਆਪਣੀ ਪੂਰੀ ਸ਼ਕਤੀ ਨਾਲ ਪੱਥਰ ਨੂੰ ਲੋਹੇ ਨਾਲ ਟਕਰਾਈਏ। ਸ਼ਿਵਾ ਜੀ ਦਾ ਹਿਰਦਾ ਉਸ ਦੇ ਦੇਸ਼ ਦੇ ਸਮੁੱਚੇ ਲੋਕਾਂ ਨੂੰ ਆਪਣੇ ਨਾਲ ਜੋੜਨ ਪ੍ਰਤੀ ਸਫਲ ਨਾ ਹੋਇਆ, ਇਸ ਲਈ ਇਹੋ ਕੁਝ ਸਾਹਮਣੇ ਆਇਆ। ਉਸ ਦਾ ਆਪਣਾ ਮਨੋਰਥ ਭਾਵੇਂ ਕੋਈ ਵੀ ਸੀ, ਉਸ ਦਾ ਜਤਨ ਸਮੁੱਚੇ ਦੇਸ਼ ਦੇ ਜਤਨ ਵਿਚ ਪ੍ਰਵੇਸ਼ ਨਾ ਕਰ ਸਕਿਆ। ਇਸੇ ਕਰ ਕੇ ਮਹਾਂਰਾਸ਼ਟਰ ਦੀ ਇਹ ਸ਼ਕਤੀ ਅੰਤ ਨੂੰ ਦੂਜੇ ਫਿਰਕਿਆਂ ਦੇ ਲੋਕਾਂ ਨੂੰ ਲੁੱਟਣ ਵਾਲੀਆਂ ਵਹਿਸ਼ੀ ਧਾੜਾਂ ਦਾ ਰੂਪ ਧਾਰ ਗਈ।
ਜੇ ਵਿਸ਼ਵਵਿਆਪੀ ਚੰਗਿਆਈ ਦਾ ਆਦਰਸ਼ ਸਾਰੇ ਲੋਕਾਂ ਦੇ ਦਿਲਾਂ ਵਿਚ ਮੁੱਖ ਸਥਾਨ ਪ੍ਰਾਪਤ ਨਹੀਂ ਕਰ ਸਕਿਆ, ਜੇ ਇਹ ਆਦਰਸ਼ ਕੇਵਲ ਇਕੋ ਨੇਤਾ ਤੱਕ ਸੀਮਤ ਹੋ ਜਾਂਦਾ ਹੈ, ਤਾਂ ਉਸ ਦੇ ਕੁਝ ਪੱਖਪਾਤੀ ਲੋਕਾਂ ਵਿਚ, ਇਹ ਲਾਭ ਦੇਣ ਤੋਂ ਰੁਕ ਜਾਂਦਾ ਹੈ; ਅਤੇ ਹੌਲੀ ਹੌਲੀ ਦੂਜਿਆਂ ਲਈ ਮੁਸ਼ਕਿਲ ਦਾ ਵਸੀਲਾ ਬਣ ਜਾਂਦਾ ਹੈ। ਸ਼ਿਵਾ ਜੀ ਦਾ ਸ਼ੁੱਧ ਆਦਰਸ਼ ਹੌਲੀ ਹੌਲੀ ਵਿਅਕਤੀਗਤ ਸੁਆਰਥ ਦੇ ਰੂਪ ਵਿਚ ਪੇਸ਼ਵਾ ਲੋਕਾਂ ਵਿਚ ਮਲੀਨ ਹੋ ਕੇ ਰਹਿ ਜਾਂਦਾ ਹੈ ਪਰ ਇਹ ਬੁਰਾਈ ਰੋਕੀ ਜਾ ਸਕਦੀ ਸੀ, ਜੇ ਇਸ ਧਰਤੀ ਦੀ ਆਮ ਜਨਤਾ ਲਈ ਇਸ ਵਿਚਾਰ ਨੂੰ ਫੈਲਾਉਣ ਲਈ ਰਸਤਾ ਖੋਲ੍ਹ ਦਿੱਤਾ ਜਾਂਦਾ। ਫਿਰ ਇਸ ਮਹਾਨ ਆਦਰਸ਼ ਨੂੰ ਇਸ ਦੀ ਸਹੀ ਥਾਂ ਪ੍ਰਾਪਤ ਹੋਣ ਦੇ ਨਾਲ ਸਹੀ ਖੁਰਾਕ ਪ੍ਰਾਪਤ ਹੋ ਜਾਂਦੀ, ਇਸ ਵਿਸ਼ਾਲ ਗ੍ਰਹਿਣਸ਼ੀਲ ਆਕਾਰ (ਭਾਂਡੇ ਵਿਚ) ਦੇ ਨਾਲ। ਫਿਰ ਇਸ ਦੇ ਮੁੱਖ ਨੇਤਾ ਦੀ ਮੌਤ ‘ਤੇ ਆਪ ਮੁਹਾਰੇ ਅਗਲੇ ਨੇਤਾ ਦੇ ਉਠਣ ਦਾ ਸਿਲਸਿਲਾ ਜਾਰੀ ਰਹਿੰਦਾ, ਜਿਵੇਂ ਬੁਝ ਚੁੱਕੀ ਸ਼ਤੀਰੀ ਤੋਂ ਅੱਗ ਅਗਲੀ ਤਾਜ਼ੀ ਸ਼ਤੀਰੀ ਵਲ ਉਮਡ ਪੈਂਦੀ ਹੈ। ਭਾਰਤ ਦੇ ਇਤਿਹਾਸ ਨੇ ਇਹ ਦੁਹਰਾਇਆ ਹੈ ਕਿ ਇਥੋਂ ਜਿਹੜੀਆਂ ਸ਼ਕਤੀਆਂ ਪੈਦਾ ਹੋਈਆਂ, ਉਹ ਆਪਣੀ ਲਗਾਤਾਰਤਾ ਕਾਇਮ ਨਾ ਰੱਖ ਸਕੀਆਂ। ਮਹਾਨ ਆਦਮੀ ਆਉਂਦੇ ਹਨ ਤੇ ਆਪਣਾ ਕਾਰਜ ਨਿਭਾ ਕੇ ਚਲੇ ਜਾਂਦੇ ਹਨ, ਪਰ ਸਾਡੇ ਵਿਚ ਮੌਕਾ ਸੰਭਾਲਣ ਦੀ ਅਜਿਹੀ ਕੋਈ ਕੁਦਰਤੀ ਦਾਤ ਨਹੀਂ ਕਿ ਅਸੀਂ ਉਨ੍ਹਾਂ ਦੀ ਮੁਹਿੰਮ ਨੂੰ ਸਵੀਕਾਰ ਕਰ ਸਕੀਏ; ਇਸ ਦੀ ਪਾਲਣਾ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਪਰਪੱਕ ਕਰ ਸਕੀਏ। ਇਸ ਦਾ ਕਾਰਜ ਸਾਡੀ ਸਮੂਹਿਕ ਫੁੱਟ ਹੈ। ਇਕ ਪੋਲੀ ਰੇਤਲੀ ਧਰਤੀ ਬੀਜ ਪ੍ਰਾਪਤ ਕਰ ਸਕਦੀ ਹੈ, ਇਸ ਨੂੰ ਹਵਾਵਾਂ ਚੁੱਕ ਕੇ ਲਿਆਉਣ ਜਾਂ ਕੋਈ ਪੰਛੀ, ਪਰ ਅਜਿਹਾ ਬੀਜ ਪੁੰਗਰਦਾ ਨਹੀਂ ਜਾਂ ਕੁਝ ਕੁ ਪੱਤੇ ਕੱਢ ਕੇ ਅੰਤ ਨੂੰ ਮੁਰਝਾ ਜਾਂਦਾ ਹੈ, ਕਿਉਂਕਿ ਪੋਲੀ ਧਰਤੀ ਗਿੱਲ ਕਾਇਮ ਨਹੀਂ ਰੱਖ ਸਕਦੀ ਜਿਸ ਨਾਲ ਪੌਦਿਆਂ ਦਾ ਜੀਵਨ ਪਲ ਸਕੇ। ਸੋ, ਸਾਡੇ ਸਾਮਜ ਵਿਚ ਇਸੇ ਤਰ੍ਹਾਂ ਦੇ ਅਨੰਤ ਵਖਰੇਵੇਂ ਹਨ; ਧਰਮ, ਕੰਮ, ਖੁਰਾਕ, ਖੁਸ਼ੀ, ਸਮਾਜਕ ਮਿਲਵਰਤਣ ਆਦਿ ਹਰ ਥਾਂ ਅਸੀਂ ਭਿੰਨਤਾ ਵੇਖਦੇ ਹਾਂ। ਇਸ ਲਈ ਇਹੋ ਵੇਖਣ ਵਿਚ ਆਉਂਦਾ ਹੈ ਕਿ ਕਿਸੇ ਨਵੇਂ ਵਿਚਾਰ ਦੀ ਖੁਰਾਕ ਉਪਰੋਂ (ਰੱਬ ਵੱਲੋਂ) ਆਉਂਦੀ ਹੈ, ਪਰ ਛੇਤੀ ਹੀ ਮਿੱਟੀ ਵਿਚ ਅਲੋਪ ਹੋ ਜਾਂਦੀ ਹੈ। ਨਵੀਂ ਜ਼ਿੰਦਗੀ ਦੀ ਚੰਗਿਆੜੀ ਸਾਨੂੰ ਟੁੰਬਦੀ ਹੈ, ਪਰ ਛੇਤੀ ਹੀ ਧੂੰਏਂ ਵਿਚ ਮਿਟ ਜਾਂਦੀ ਹੈ। ਇਸੇ ਲਈ ਇਕ ਮਹਾਨ ਵਿਚਾਰ ਵਿਸ਼ਵ ਵਿਆਪੀ ਵਿਚਾਰ ਦਾ ਅਮਲ ਧਾਰਨ ਨਹੀਂ ਕਰਦਾ ਅਤੇ ਸਾਡੀਆਂ ਪ੍ਰਤਿਭਾਸ਼ੀਲ ਸ਼ਖਸੀਅਤਾਂ ਆਪਣੇ ਵਿਚਾਰਾਂ ਦੀ ਸਪੱਸ਼ਟ ਰੂਪ ਵਿਚ ਪ੍ਰਦਰਸ਼ਨੀ ਕਰਨ ਉਪਰੰਤ ਹੀ ਹੇਠਲੀ ਸਤਿਹ ਤੱਕ ਡੁੱਬ ਜਾਂਦੀਆਂ ਹਨ, ਭਾਰਤ ਦੀ ਆਮ ਜਨਤਾ ਦੀ ਗ੍ਰਹਿਣਸ਼ੀਲਤਾ ਦੀ ਅਸਮਰਥਾ ਕਾਰਨ।
ਸਿੱਖਾਂ ਅਤੇ ਮਰਹੱਟਿਆਂ ਦੀ ਚੜ੍ਹਤ ਅਤੇ ਗਿਰਾਵਟ ਦੀ ਤੁਲਨਾ, ਸਾਨੂੰ ਇਸ ਨਿਰਣੇ ‘ਤੇ ਪਹੁੰਚਾਉਂਦੀ ਹੈ ਕਿ ਸਿੱਖ ਇਕ ਦਿਨ ਬਹੁਤ ਮਹਾਨ ਆਦਰਸ਼ ਦੇ ਨਾਂ ‘ਤੇ ਇਕੱਠੇ ਕੀਤੇ ਗਏ ਸਨ। ਉਨ੍ਹਾਂ ਨੇ ਸੱਚ ਦੀਆਂ ਚੰਗੀਆਂ ਖ਼ਬਰਾਂ ਸੁਣੀਆਂ, ਸੱਚ ਜਿਹੜਾ ਪੁਰਾਣੀ ਰੀਤ ਅਨੁਸਾਰ ਵਿਸ਼ੇਸ਼ ਥਾਂ ਦੀ ਪਾਬੰਦੀ ਵਿਚ ਨਹੀਂ ਸੀ, ਜਿਹੜਾ ਇਸੇ ਵਿਸ਼ੇਸ਼ ਸਮੇਂ ਦੇ ਅੰਦੋਲਨ ਰਾਹੀਂ ਨਹੀਂ ਸੀ ਸਾਜਿਆ/ਘੜਿਆ ਗਿਆ, ਜਿਸ ਦੇ ਬੋਧ ਵਿਚ ਸਾਰੇ ਮਨੁੱਖ ਅਤੇ ਕੁਝ ਸਮੇਂ ਮੌਜੂਦ ਸਨ, ਜਿਸ ਨੇ ਮਨੁੱਖੀ ਹੱਕਾਂ ਨੂੰ ਪ੍ਰਫੁਲਤ ਕੀਤਾ ਅਤੇ ਮਹਾਨ ਤੇ ਸਾਧਾਰਨ ਲੋਕਾਂ ਦੀ ਆਤਮਾ ਨੂੰ ਸਮਾਨ ਮੰਨ ਕੇ ਸੁਤੰਤਰ ਕੀਤਾ, ਜਿਸ ਵਿਚ ਭਰੋਸਾ ਧਾਰਨ ਨਾਲ ਹਰ ਮਨੁੱਖ ਨੂੰ ਇਹ ਯੋਗਤਾ ਹਾਸਲ ਹੋਈ, ਜਿਸ ਰਾਹੀਂ ਮਨੁੱਖਤਾ ਦੀ ਭਰਪੂਰ ਸ਼ਾਨ ਦਾ ਅਹਿਸਾਸ ਹੋਇਆ। ਨਾਨਕ ਦੇ ਇਸ ਸੁਹਿਰਦ ਭਰੋਸੇ ਦੀ ਆਵਾਜ਼ ਰਾਹੀਂ ਸਿੱਖ ਸਦੀਆਂ ਲਈ ਬਲਵਾਨ ਰੂਪ ਵਿਚ ਉਭਰ ਕੇ ਸਾਹਮਣੇ ਆਏ, ਜਦੋਂ ਕਿ ਬਹੁਤ ਸਾਰੀਆਂ ਮੁਸ਼ਕਿਲਾਂ ਵੀ ਪੇਸ਼ ਆਈਆਂ। ਇਹ ਧਾਰਮਿਕ ਚੇਤਨਾ ਅਤੇ ਇਨ੍ਹਾਂ ਮੁਸ਼ਕਿਲਾਂ ਨੂੰ ਸਹਿਣ ਦੇ ਪਾਵਨ ਪ੍ਰਭਾਵ ਨੇ ਸਿੱਖਾਂ ਵਿਚ ਨੇਕ ਸੰਗਤ ਦਾ ਅਦ੍ਰਿਸ਼ਟ ਇਕਰਾਰ ਕਾਇਮ ਕਰ ਦਿੱਤਾ।
ਗੁਰੂ ਗੋਬਿੰਦ (ਸਿੰਘ) ਨੇ ਸਿੱਖ ਸੰਗਤ ਦੀ ਰੂਹਾਨੀ ਏਕਤਾ ਨੂੰ ਦੁਨਿਆਵੀ ਸਫਲਤਾ ਵਿਚ ਤਬਦੀਲ ਕਰ ਲਿਆ। ਕੇਵਲ ਇਕ ਵਿਸ਼ੇਸ਼ ਵਕਤੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਇਸ ਧਾਰਮਿਕ ਸ਼੍ਰੇਣੀ ਦੇ ਕੱਦ ਨੂੰ ਘਟਾ ਕੇ ਸਿਆਸੀ ਤਰੱਕੀ ਦਾ ਸਾਧਨ ਬਣਾ ਲਿਆ। ਉਂਜ ਉਨ੍ਹਾਂ ਨੇ ਸਿੱਖ ਸੰਗਤ ਦੀ ਏਕਤਾ ਨੂੰ ਪ੍ਰਚੰਡ ਕਰਨ ਦਾ ਮੌਕਾ ਪ੍ਰਾਪਤ ਕੀਤਾ। ਉਨ੍ਹਾਂ ਨੇ ਮੁਕੰਮਲ ਤੌਰ ‘ਤੇ ਵਰਣ ਵੰਡ ਨੂੰ ਜੜ੍ਹੋਂ ਪੁੱਟ ਦਿੱਤਾ ਜੋ ਇਸ ਦੀ ਏਕਤਾ ਲਈ ਵੱਡੀ ਰੁਕਾਵਟ ਸੀ।
ਗੁਰੂ ਗੋਬਿੰਦ (ਸਿੰਘ) ਕੇਵਲ ਇਕੋ ਸ਼ਬਦ ਨਾਲ ਸਿੱਖ ਸੰਗਤ ਵਿਚੋਂ ਜਾਤੀ ਵਖਰੇਵਿਆਂ ਨੂੰ ਮਿਟਾ ਸਕਦੇ ਸਨ, ਕਿਉਂਕਿ ਨਾਨਕ ਦਾ ਸੁਹਿਰਦ ਵਿਸ਼ਵਾਸ ਵਿਸ਼ੇਸ਼ ਤੌਰ ‘ਤੇ ਅਦ੍ਰਿਸ਼ਟ ਰੂਪ ਵਿਚ ਉਨ੍ਹਾਂ ਵਿਚ ਬਣਾਉਟੀ ਵਖਰੇਵਿਆਂ ਦੇ ਦੌਰਾਨ ਜੀਵਨ ਸ਼ਕਤੀ ਦੇ ਰੂਪ ਵਿਚ ਇਸ ਦੀ ਬੁਨਿਆਦ ਕਾਇਮ ਕਰ ਚੁੱਕਿਆ ਸੀ। ਗੁਰੂ ਗੋਬਿੰਦ (ਸਿੰਘ) ਦੇ ਇਕੋ ਝਟਕੇ ਨਾਲ, ਪਹਿਲਾਂ ਹੀ ਅਤਿ ਕਮਜ਼ੋਰ ਹੋ ਚੁੱਕੀ ਵਰਣ ਵੰਡ ਧਰਤੀ ਉਪਰ ਧੜੰਮ ਕਰ ਕੇ ਡਿੱਗੀ। ਜੇ ਮੈਦਾਨ ਪਹਿਲਾਂ ਤੋਂ ਹੀ ਮੁਕੰਮਲ ਤੌਰ ‘ਤੇ ਤਿਆਰ ਨਾ ਹੁੰਦਾ ਤਾਂ ਅਤਿ ਜ਼ੋਰ ਪਾਉਣ ਵਾਲੀ ਲੋੜ ਨੇ ਵੀ ਗੁਰੂ ਗੋਬਿੰਦ (ਸਿੰਘ) ਦੇ ਇਸ ਜਤਨ ਨੂੰ ਸਫਲਤਾ ਤੱਕ ਨਹੀਂ ਸੀ ਪਹੁੰਚਾਉਣਾ; ਨਾ ਹੀ ਉਨ੍ਹਾਂ ਨੇ ਇਸ ਯੋਜਨਾ ਨੂੰ ਪ੍ਰਾਪਤ ਕਰ ਸਕਣਾ ਸੀ ਜਿਸ ਰਾਹੀਂ ਆਤਮਘਾਤੀ ਵਰਣ ਵੰਡ ਨੂੰ ਮਿਟਾਇਆ ਜਾ ਸਕਦਾ।
ਪਰ ਉਨ੍ਹਾਂ ਨੇ ਅਸਲ ਵਿਚ ਕੀ ਕੀਤਾ? ਉਨ੍ਹਾਂ ਨੇ ਸਿੱਖ ਸੰਗਤ ਨੂੰ ਤਾਂ ਮਜ਼ਬੂਤ ਬਣਾਇਆ ਪਰ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਨੇ ਮਹਾਨ ਰੂਹਾਨੀ ਸ਼ਕਤੀ ਨੂੰ ਸਿੰਘਾਸਣ ਤੋਂ ਥੱਲੇ ਲਾਹ ਦਿੱਤਾ ਜਿਸ ਰਾਹੀਂ ਉਨ੍ਹਾਂ ਦੀ ਇਹ ਸੀਮਤ ਸਫਲਤਾ ਸੰਭਵ ਹੋ ਸਕੀ ਸੀ (ਉਨ੍ਹਾਂ ਨੇ ਸਿੱਖਾਂ ਦੇ ਆਦਰਸ਼ ਨੂੰ ਪਦਾਰਥਵਾਦੀ ਨਫੇ ਤੱਕ ਹੀ ਸੀਮਤ ਕਰ ਦਿੱਤਾ ਅਤੇ ਗੁਰੂਆਂ ਦੀ ਜਾਨਸ਼ੀਨੀ ‘ਤੇ ਰੋਕ ਲਗਾ ਦਿੱਤੀ)।
ਕੇਵਲ ਏਕਤਾ ਹੀ ਵਿਚਾਰਾਂ ਦੀ ਸਫਲਤਾ ਦਾ ਸਾਧਨ ਹੈ। ਇਸ ਲਈ ਹਰ ਮਹਾਨ ਵਿਚਾਰ ਆਪਣੀ ਸ਼ਕਤੀ ਨੂੰ ਸਮਰਪਣ ਕਰ ਕੇ ਇਸ ਸਾਧਨ ਨੂੰ ਤਰਾਸ਼ ਕੇ ਆਪਣੇ ਮਨੋਰਥ ਲਈ ਢਾਲਦਾ ਹੈ। ਸਾਧਨ ਦੀ ਮਹਾਨਤਾ ਕੇਵਲ ਵਿਚਾਰ ਦੀ ਮਹਾਨਤਾ ਨੂੰ ਹੀ ਪਰਿਵਰਤਿਤ ਕਰਦੀ ਹੈ ਜੋ ਇਸ ਨੂੰ ਪ੍ਰਾਪਤ ਹੁੰਦਾ ਹੈ। ਜਜ਼ਬੇ ਦੇ ਵਕਤੀ ਉਛਾਲ, ਵਕਤੀ ਲੋੜ ਦੀ ਸੂਝ ਨੇ ਗੁਰੂ ਗੋਬਿੰਦ (ਸਿੰਘ) ਨੂੰ ਇਸ ਸਾਧਨ ਨੂੰ ਪ੍ਰੇਰਤ ਕਰਨ ਲਈ ਸਮਰਥ ਬਣਾਇਆ, ਪਰ ਇਥੇ ਹੀ ਉਨ੍ਹਾਂ ਨੇ ਵਿਚਾਰ ਨੂੰ ਨੀਵੇਂ ਪੱਧਰ ਤੱਕ ਲੈ ਆਂਦਾ। ਨਤੀਜਾ ਇਹ ਸਾਹਮਣੇ ਆਇਆ ਕਿ ਵਕਤੀ ਤੌਰ ‘ਤੇ ਉਨ੍ਹਾਂ (ਗੁਰੂ ਗੋਬਿੰਦ ਸਿੰਘ) ਨੇ ਕੁਝ ਸਫਲਤਾ ਜ਼ਰੂਰ ਹਾਸਲ ਕੀਤੀ, ਪਰ ਇਕ ਸ਼ਕਤੀ ਜੋ ਆਜ਼ਾਦੀ ਲਈ ਲੜ ਰਹੀ ਸੀ, ਸਦੀਵੀ ਰੁਕਾਵਟ ਵਿਚ ਘਿਰ ਗਈ, ਸਿੱਖਾਂ ਨੇ ਹੁਣ ਆਪਣੇ ਆਪ ਵਿਚ ਨਜ਼ਦੀਕੀ ਏਕਤਾ ਦੀ ਵਿਉਂਤ ਪ੍ਰਾਪਤ ਕੀਤੀ, ਪਰ ਇਸ ਸੀਮਤ ਸੋਚ ਰਾਹੀਂ ਉਨ੍ਹਾਂ ਨੇ ਆਪਣੇ ਵਿਕਾਸ ਦੀ ਸ਼ਕਤੀ ਗੁਆ ਲਈ। ਇਸ ਲਈ ਸਿੱਖ ਜੋ ਬੜੀ ਸ਼ਾਨ ਨਾਲ ਬਹੁਤ ਸਦੀਆਂ ਤੋਂ ਸੱਚੇ ਮਨੁੱਖ ਬਣਨ ਲਈ ਅੱਗੇ ਵਧ ਰਹੇ ਸਨ, ਹੁਣ ਅਚਾਨਕ ਛੋਟੇਪਣ ‘ਤੇ ਰੁਕ ਗਏ ਅਤੇ ਕੇਵਲ ਸਿਪਾਹੀਆਂ ਤੱਕ ਹੀ ਸੀਮਤ ਹੋ ਕੇ ਰਹਿ ਗਏ। ਇਥੇ ਹੀ ਉਨ੍ਹਾਂ ਦੇ ਇਤਿਹਾਸ ਦਾ ਅੰਤ ਹੋ ਜਾਂਦਾ ਹੈ।
ਉਹ ਆਦਰਸ਼ ਜਿਸ ਲਈ ਸ਼ਿਵਾ ਜੀ ਨੇ ਆਪਣੀ ਜ਼ਿੰਦਗੀ ਸਮਰਪਣ ਕਰ ਦਿੱਤੀ, ਉਹ ਕਿਸੇ ਵਕਤੀ ਸੀਮਤ ਗਰਜ਼ ‘ਤੇ ਆਧਾਰਤ ਨਹੀਂ ਸੀ। ਇਸ ਦੀ ਸਫਲਤਾ ਲਈ ਮੈਦਾਨ ਪਹਿਲਾਂ ਹੀ ਦੱਖਣ ਦੇ ਧਾਰਮਿਕ ਸੁਧਾਰਕਾਂ ਨੇ ਆਪਣੀਆਂ ਸਿੱਖਿਆਵਾਂ ਰਾਹੀਂ ਤਿਆਰ ਕੀਤਾ ਹੋਇਆ ਸੀ। ਇਸ ਲਈ ਉਸ ਦਾ ਜੋਸ਼ ਕੁਝ ਸਮੇਂ ਲਈ ਸਮੁੱਚੀ ਮਰਹੱਟਾ ਕੌਮ ਨੂੰ ਪ੍ਰਭਾਵਤ ਕਰਨ ਵਾਲਾ ਸੀ।
ਟੁੱਟੇ ਹੋਏ ਪਿਆਲੇ ਨੂੰ ਨੱਕੋ ਨੱਕ ਭਰਿਆ ਜਾ ਸਕਦਾ ਹੈ, ਪਰ ਇਹ ਪਾਣੀ ਨੂੰ ਸੰਭਾਲ ਨਹੀਂ ਸਕਦਾ। ਵਕਤੀ ਜੋਸ਼ ਭਾਵੇਂ ਸਾਰੇ ਦੇਸ਼ ਨੂੰ ਆਪਣੀ ਗ੍ਰਿਫਤ ਵਿਚ ਲੈ ਲੈਂਦਾ ਹੈ ਅਤੇ ਅਸੀਂ ਇਹ ਅਨੁਭਵ ਕਰਦੇ ਹਾਂ ਕਿ ਇਹ ਇਕ ਹੋ ਗਿਆ ਹੈ, ਪਰ ਸਾਡੇ ਸਰੀਰ ਦੀਆਂ ਤਰੇੜਾਂ ਅਤੇ ਮੋਰੀਆਂ ਸਮਾਜਕ ਤੌਰ ‘ਤੇ ਆਪਣਾ ਕਾਰਜ ਅਦ੍ਰਿਸ਼ਟ ਰੂਪ ਵਿਚ ਜਾਰੀ ਰੱਖਦੀਆਂ ਹਨ। ਅਸੀਂ ਕਿਸੇ ਨੇਕ ਵਿਚਾਰ ਨੂੰ ਲੰਮਾ ਸਮਾਂ ਨਹੀਂ ਸੰਭਾਲ ਸਕਦੇ। ਇਸ ਲਈ ਹਰ ਜੀਵਨ ਦਾਤ ਦੇਣ ਵਾਲਾ ਵਿਚਾਰ ਹਿੰਦੂ ਸਮਾਜ ਵਿਚ ਅੰਤ ਨੂੰ ਅਤਿਆਚਾਰ ਵਾਲੀਆਂ ਖੁਸ਼ਕ ਜੀਵਨਹੀਣ ਰਸਮਾਂ ਨੂੰ ਥਾਂ ਦਿੰਦਾ ਹੈ।
ਇਹੋ ਜਿਹੀ ਵਿਸ਼ਾਲ ਹੱਦ ਤੱਕ ਮਰਹੱਟਾ ਹਿੰਦੂ ਸਮਾਜ ਨੂੰ ਸ਼ਿਵਾ ਜੀ ਨੇ ਸ਼ਕਤੀਸ਼ਾਲੀ ਵਿਚਾਰ ਆਪਣੇ ਸਮੇਂ ਅਰਪਣ ਕੀਤਾ ਜੋ ਉਸ ਦੀ ਮੌਤ ਪਿੱਛੋਂ ਵੀ ਇਸ ਦੀ ਸ਼ਕਤੀ ਵਿਸ਼ੇਸ਼ ਸਮੇਂ ਲਈ ਕਾਰਜਸ਼ੀਲ ਰਹੀ। ਪਰ ਉਹ (ਸ਼ਿਵਾ ਜੀ) ਇਸ ਵਿਚਾਰ ਦੀ ਗ੍ਰਹਿਣਸ਼ੀਲਤਾ ਨੂੰ ਪ੍ਰਭਾਵਸ਼ਾਲੀ ਨਾ ਬਣਾ ਸਕਿਆ। ਇਥੋਂ ਤੱਕ ਕਿ ਉਸ ਨੇ ਇਸ ਕੰਮ ਨੂੰ ਯਤਨ ਵਿਚ ਵੀ ਨਾ ਲਿਆਂਦਾ। ਉਸ ਨੇ ਇਸ ਵਿਚਾਰ ਨੂੰ ਮਨੁੱਖਤਾ ਦੇ ਕ੍ਰੋਧਵਾਨ (ਪ੍ਰਚੰਡ) ਸਮੁੰਦਰ ਵਿਚ ਧੱਕ ਦਿੱਤਾ, ਬਿਨਾਂ ਉਨ੍ਹਾਂ ਵੱਡੀਆਂ ਵੱਡੀਆਂ ਦਰਾੜਾਂ ਦਾ ਸਮੁੰਦਰ ਦੀਆਂ ਚੋਟਾਂ ਸਹਿਤ ਧਿਆਨ ਕੀਤਿਆਂ; ਇਹ ਕੋਈ ਆਦਰਸ਼ ਰਹਿਤ ਜ਼ਰੂਰਤ ਨਹੀਂ ਸੀ, ਨਾ ਹੀ ਸਾਧਨਾਂ ਦੀ ਨਿਰੀ ਕਮੀ ਹੀ ਸੀ, ਜਿਸ ਨੇ ਉਸ ਨੂੰ ਅਜਿਹੇ ਜਹਾਜ਼ ਉਪਰ ਚੜ੍ਹਨ ਲਈ ਮਜਬੂਰ ਕੀਤਾ; ਉਸ ਨੇ ਤਰੇੜਾਂ ਤੋਂ ਰੱਖਿਆ ਕਰਨ ਨੂੰ ਆਪਣਾ ਨਿਸ਼ਾਨਾ ਮਿਥਿਆ। ਸ਼ਿਵਾ ਜੀ ਨੇ ਮੁਗਲਾਂ ਦੇ ਹਮਲੇ ਤੋਂ ਹਿੰਦੂ ਸਮਾਜ ਨੂੰ ਬਚਾਉਣਾ ਚਾਹਿਆ ਜਿਸ ਵਿਚ ਰਸਮਾਂ ਦੇ ਵਖਰੇਵੇਂ ਅਤੇ ਜਾਤਾਂ ਦੀ ਅਲਹਿਦਗੀ ਜ਼ਿੰਦਗੀ ਦਾ ਵਿਸ਼ੇਸ਼ ਹਿੱਸਾ ਹਨ। ਇਸ ਭਿੰਨ ਭਿੰਨ ਜਾਤਾਂ ਵਾਲੇ ਸਮਾਜ ਵਿਚ ਉਸ ਨੇ ਸਾਰੇ ਹਿੰਦੁਸਤਾਨ ਵਿਚ ਆਪਣੇ ਆਪ ਨੂੰ ਵਿਜੇਤਾ ਦੇ ਤੌਰ ‘ਤੇ ਉਭਾਰਨਾ ਚਾਹਿਆ। ਉਸ ਨੇ ਰੇਤੇ ਦੀਆਂ ਰੱਸੀਆਂ ਨਾਲ ਬੁਣਤੀ ਕਰਨੀ ਚਾਹੀ, ਉਸ ਨੇ ਅਸੰਭਵਤਾ ਵੱਲ ਕਦਮ ਵਧਾਏ।
ਸ਼ਿਵਾ ਜੀ ਨੇ ਕਿਸੇ ਅਜਿਹੇ ਵਿਚਾਰ ਨੂੰ ਨਾ ਤਾਂ ਅਪਣੱਤ ਨਾਲ ਅਪਨਾਇਆ ਅਤੇ ਨਾ ਹੀ ਆਪਣੇ ਪ੍ਰਚਾਰ ਦਾ ਮਾਧਿਅਮ ਬਣਾਇਆ ਜਿਸ ਰਾਹੀਂ ਉਹ ਹਿੰਦੂ ਭਾਈਚਾਰੇ ਵਿਚ ਆਈਆਂ ਤਰੇੜਾਂ ਨੂੰ ਪੂਰ ਸਕਦਾ। ਇਹ ਬਿਨਾਂ ਸ਼ੱਕ, ਅਤਿ ਕੁਦਰਤੀ ਹੈ ਕਿ ਬਾਹਰਲੇ ਲੋਕਾਂ ਵਲੋਂ ਧਰਮ ‘ਤੇ ਢਾਹੇ ਜ਼ੁਲਮ ਅਤੇ ਹਤਕ ਪ੍ਰਤੀ ਰੋਸ ਪ੍ਰਗਟ ਕੀਤਾ ਜਾਵੇ ਅਤੇ ਸਾਰੇ ਦੇਸ਼ ਵਿਚ ਇਸ ‘ਤੇ ਫਤਿਹ ਪ੍ਰਾਪਤ ਕਰਨ ਦੀ ਦਿਲੀ ਖਾਹਿਸ਼ ਹੋਵੇ, ਪਰ ਅਜਿਹੀ ਖਾਹਿਸ਼ ਦੇ ਨਸੀਬਾਂ ਵਿਚ ਜਿੱਤ ਨਹੀਂ, ਕਿਉਂਕਿ ਜਿਥੇ ਵੀ ਇਕ ਧਰਮ ਤੇ ਇਸ ਦੇ ਆਪਣੇ ਹੀ ਲੋਕਾਂ ਵੱਲੋਂ ਜ਼ੁਲਮ ਢਾਹਿਆ ਜਾਵੇ, ਜਦੋਂ ਕਿ ਇਸ ਦੇ ਆਪਣੇ ਅੰਦਰ ਹੀ ਅਜਿਹੀਆਂ ਅੰਦਰੂਨੀ ਰੁਕਾਵਟਾਂ ਹਨ, ਜੋ ਲਗਾਤਾਰ ਲੋਕਾਂ ਨੂੰ ਇਕ ਦੂਜੇ ਨਾਲੋਂ ਨਿਖੇੜਨ ਅਤੇ ਨੀਵਾਂ ਦਿਖਾਉਣ ਦੇ ਰੁਝਾਨ ਵਿਚ ਹਨ, ਅਜਿਹਾ ਕਿਸੇ ਵੀ ਮਨੁੱਖ ਲਈ ਅਸੰਭਵ ਹੈ ਅਤੇ ਇਹ ਵਿਸ਼ਵ ਦੇ ਦੈਵੀ ਨਿਯਮ ਪ੍ਰਬੰਧ ਦੇ ਵੀ ਵਿਰੋਧ ਵਿਚ ਹੈ ਕਿ ਅੰਦਰੂਨੀ ਤੌਰ ‘ਤੇ ਲੀਰੋ ਲੀਰ ਅਤੇ ਵਿਗੋਚੇ ਹੋਏ ਧਾਰਮਿਕ ਭਾਈਚਾਰੇ ਵਾਲੇ ਵਿਸ਼ਾਲ ਮਹਾਂਦੀਪ ਉਪਰ ਜਿਵੇਂ ਭਾਰਤ ਵਿਚ ਵਰਣ ਵੰਡ ਤੋਂ ਸੁਤੰਤਰ ਸਵਰਾਜ ਕਾਇਮ ਕਰਨ।
ਕੋਈ ਵੀ ਕੌਮ ਪੂਰਬ ਪ੍ਰਧਾਨਤਾ ਵਾਲੀ ਅਤੇ ਮਹਾਨ ਨਹੀਂ ਬਣ ਸਕਦੀ ਜੇ ਉਸ ਦੇ ਜ਼ਾਤੀ ਘੁਮੰਡ ਅਤੇ ਗੁੱਸੇ ਨੂੰ ਕੇਵਲ ਕਿਸੇ ਬਾਹਰੀ ਜ਼ੁਲਮ ਨੇ ਪ੍ਰੇਰਤ ਕੀਤਾ ਹੈ। ਜਿੰਨਾ ਚਿਰ ਏਕਤਾ ਦਾ ਬੋਧ ਆਪਣੇ ਧਾਰਮਿਕ ਭਾਈਚਾਰੇ ਦੀ ਧਾਰਮਿਕ ਚੇਤਨਾ ਵਿਚ ਆਪਣੇ ਕਾਰਜ ਨੂੰ ਅਮਲ ਵਿਚ ਲਿਆਉਣ ਦੀ ਗੁੰਜਾਇਸ਼ ਪ੍ਰਾਪਤ ਨਹੀਂ ਕਰ ਲੈਂਦਾ, ਜਿੰਨਾ ਚਿਰ ਕਿਸੇ ਨੇਕ ਵਿਚਾਰ ਰਾਹੀਂ ਤੰਦਰੁਸਤ ਹੋਈ ਏਕੀਕਰਨ ਦੀ ਸ਼ਕਤੀ ਅੰਦਰੋਂ ਬਾਹਰੋਂ, ਏਕੇ ਦੇ ਨਿਸ਼ਾਨੇ ਵੱਲ ਨਾ ਵਧ ਰਹੀ ਹੋਵੇ, ਜਦੋਂ ਕਿ ਇਸ ‘ਤੇ ਕੋਈ ਬਾਹਰੀ ਦਬਾ ਨਾ ਹੋਵੇ, ਨਾ ਹੀ ਕਿਸੇ ਵਿਅਕਤੀਗਤ ਪ੍ਰਤਿਭਾ ਦੀ ਸੂਰਬੀਰਤਾ ਦਾ ਬੇਲੋੜਾ ਅਸਰ ਹੋਵੇ, ਦ੍ਰਿੜ੍ਹਤਾ ਨਾਲ ਅਜਿਹਾ ਸੰਗਠਿਤ ਭਾਈਚਾਰਾ ਉਸਾਰਨਾ ਜੋ ਜੀਵਨ ਅਤੇ ਸੂਝ ਨਾਲ ਸੁਭਾਵਕ ਰੁਚੀ ਅਨੁਸਾਰ ਜੁੜਿਆ ਹੋਵੇ, ਉਨੀ ਦੇਰ ਤੱਕ ਸੰਭਵ ਨਹੀਂ।
Leave a Reply