ਪੰਜਾਬ ਵਿਚ ਕਮਾਈ ਦਾ ਸੌਖਾ ਜ਼ਰੀਆ ਬਣੀ ਨਸ਼ਾ ਤਸਕਰੀ

ਚੰਡੀਗੜ੍ਹ: ਪੰਜਾਬ ਵਿਚ ਨਸ਼ਾ ਤਸਕਰੀ ਰਾਹੀਂ ਪੈਸਾ ਕਮਾਉਣ ਨੂੰ ਸਭ ਤੋਂ ਸੌਖਾ ਢੰਗ ਸਮਝਿਆ ਜਾਣ ਲੱਗਾ ਹੈ। ਪਿਛਲੇ ਦਿਨੀਂ ਹੋਈਆਂ ਪੁਲਿਸ ਕਾਰਵਾਈਆਂ ਵਿਚ ਪਤਾ ਲੱਗਾ ਹੈ ਕਿ ਸਰਹੱਦ ਪਾਰੋਂ ਆਈ ਨਸ਼ੇ ਦੀ ਇਕ ਖੇਪ ਨੂੰ ਅਸਲ ਟਿਕਾਣੇ ‘ਤੇ ਪੁੱਜਦੀ ਕਰਨ ਨਾਲ ਸਾਰੀ ਜ਼ਿੰਦਗੀ ਦੀ ਰੋਟੀ ਬਣ ਜਾਂਦੀ ਹੈ।

ਇਹੀ ਕਾਰਨ ਹੈ ਕਿ ਪਿੰਡ ਦੇ ਸਰਪੰਚ ਤੋਂ ਲੈ ਕੇ ਪੁਲਿਸ ਮੁਲਾਜ਼ਮ, ਬੀæਐਸ਼ਐਫ਼ ਦੇ ਜਵਾਨ ਤੋਂ ਡਾਕਟਰ ਤੇ ਰੇਲਵੇ ਟੀæਟੀæ ਤੇ ਇਥੋਂ ਤੱਕ ਕਿ ਵੱਡੇ ਕਾਰੋਬਾਰੀ ਵੀ ਨਸ਼ਿਆਂ ਦੇ ਕਾਰੋਬਾਰ ਵੱਲ ਖਿੱਚੇ ਆ ਰਹੇ ਹਨ। ਇਕ ਕਿਲੋਗ੍ਰਾਮ ਹੈਰੋਇਨ ਦੀ ਖੇਪ ਟਿਕਾਣੇ ‘ਤੇ ਪਹੁੰਚਾਉਣ ਲਈ 50 ਹਜ਼ਾਰ ਤੋਂ ਲੈ ਕੇ ਇਕ ਲੱਖ ਰੁਪਏ ਮਿਲਦੇ ਹਨ।
ਯੂਥ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਡੇਰਾ ਬਾਬਾ ਨਾਨਕ ਲਾਗਲੇ ਪਿੰਡ ਵੈਰੋਕੇ ਦੇ ਸਰਪੰਚ ਰਾਜਿੰਦਰ ਸਿੰਘ ਨੂੰ 2010 ਵਿਚ ਬੀæਐਸ਼ਐਫ਼ ਵਲੋਂ ਪੰਜ ਕਿਲੋ ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਸੀ ਤੇ ਇਸ ਵੇਲੇ ਉਹ ਜੇਲ੍ਹ ਵਿਚ ਹੈ। ਉਸ ਦੀ ਪਤਨੀ ਸੁਖਜੀਤ ਕੌਰ ਅਕਾਲੀ ਦਲ ਦੀ ਟਿਕਟ ‘ਤੇ ਸਰਪੰਚ ਬਣ ਗਈ। ਘਰ ਦੇ ਡਰਾਇੰਗ ਰੂਮ ਵਿਚ ਰਾਜਿੰਦਰ ਸਿੰਘ ਦੀਆਂ ਵੱਡੇ ਅਕਾਲੀ ਆਗੂਆਂ ਨਾਲ ਤਸਵੀਰਾਂ ਸਜਾ ਕੇ ਰੱਖੀਆਂ ਹੋਈਆਂ ਹਨ। ਲੰਘੀ 10 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੁੱਲਾਕੋਟ ਤੋਂ ਬੀæਐਸ਼ਐਫ਼ ਨੇ ਸੁਰਜੀਤ ਦੇ ਖੇਤ ਵਿਚੋਂ ਸੱਤ ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਖੇਪ ਕਾਂਗਰਸ ਪਾਰਟੀ ਨਾਲ ਸਬੰਧਤ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਲਈ ਭੇਜੀ ਗਈ ਸੀ। ਉਹ ਤਿੰਨ ਕਿਲੋ ਹੈਰੋਇਨ ਸਮੇਤ ਫੜੇ ਜਾਣ ਕਰਕੇ ਪਹਿਲਾਂ ਹੀ ਜੇਲ੍ਹ ਵਿਚ ਹੈ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀਆਂ ਨਸ਼ਿਆਂ ਦੇ ਧੰਦੇ ਨਾਲ ਜੁੜੀਆਂ ਤਾਰਾਂ ਅਜੇ ਖੁੱਲ੍ਹਣੀਆਂ ਬਾਕੀ ਹਨ ਪਰ ਮੁਕਾਮੀ ਪੱਧਰ ‘ਤੇ ਬਹੁਤ ਸਾਰੇ ਸਿਆਸਤਦਾਨ ਸ਼ਿਕੰਜੇ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦੇ ਸਬੰਧ ਹੁਕਮਰਾਨ ਅਕਾਲੀ ਦਲ ਨਾਲ ਹਨ ਜਦਕਿ ਕਾਂਗਰਸ ਨਾਲ ਸਬੰਧਤ ਕੁਝ ਆਗੂ ਵੀ ਫੜੇ ਗਏ ਹਨ। ਇਸ ਬਾਰੇ ਇਕ ਤਫਤੀਸ਼ੀ ਅਫ਼ਸਰ ਨੇ ਦੱਸਿਆ ਕਿ ਸਾਡੇ ਲਈ ਇਹ ਪਤਾ ਲਾਉਣਾ ਖਾਸ ਕਰਕੇ ਮਾਝਾ ਖੇਤਰ ਵਿਚ ਔਖਾ ਕੰਮ ਨਹੀਂ ਕਿ ਸਬੰਧਤ ਲਿੰਕ ਮੌਜੂਦਾ ਵਿਧਾਇਕ ਦਾ ਹੈ ਜਾਂ ਫਿਰ ਸਾਬਕਾ ਵਿਧਾਇਕ ਦਾ ਪਰ ਠੋਸ ਸਬੂਤ ਨਾ ਹੋਣ ਕਰਕੇ ਸਿੱਧੇ ਤੌਰ ‘ਤੇ ਕਾਰਵਾਈ ਨਹੀਂ ਕੀਤੀ ਜਾ ਸਕਦੀ।
ਕੌਮਾਂਤਰੀ ਸਰਹੱਦ ਦੇ ਆਸ-ਪਾਸ ਫੜੀ ਗਈ ਹੈਰੋਇਨ ਦੀ ਖੇਪ ਆਮ ਤੌਰ ‘ਤੇ ਮਾਝੇ ਦੇ ਕੁਝ ਬੰਦਿਆਂ ਲਈ ਭੇਜੀ ਹੁੰਦੀ ਹੈ। ਪਿਛਲੇ ਦਿਨੀਂ ਪੁਲਿਸ ਨੇ ਪਿੰਡ ਕਾਲੀਏਵਾਲਾ ਦੇ ਕਾਂਗਰਸ ਆਗੂ ਕੁਲਵੀਰ ਸਿੰਘ ਕਾਲਾ, ਯੂਥ ਅਕਾਲੀ ਦਲ ਦੇ ਆਗੂ ਸ਼ੇਰ ਸਿੰਘ ਤੇ ਮੈਂਬਰ ਮਨਪ੍ਰੀਤ ਸਿੰਘ ਵਾਸੀ ਪਿੰਡ ਭਲੂਰ ਨੂੰ ਬੱਘੀਪੁਰ ਚੌਕ ਲਾਗਿਓਂ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਡੀæਜੀæਪੀæ ਸੁਮੇਧ ਸਿੰਘ ਸੈਣੀ ਨੇ ਪਿਛਲੇ ਮਹੀਨੇ ਅੰਕੜੇ ਜਾਰੀ ਕਰਦਿਆਂ ਇਕ ਡੀæਐਸ਼ਪੀæ ਸਮੇਤ 67 ਪੁਲਿਸ ਮੁਲਾਜ਼ਮਾਂ ਖਿਲਾਫ ਨਸ਼ਿਆਂ ਦੀ ਤਸਕਰੀ ਦੇ ਦੋਸ਼ ਤਹਿਤ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਵਿਚੋਂ 48 ਮੁਲਾਜ਼ਮ ਨੂੰ ਬਰਖਾਸਤ ਕੀਤਾ ਗਿਆ ਤੇ 19 ਨੂੰ ਮੁਅੱਤਲ ਕੀਤਾ ਗਿਆ।
___________________
ਡਰੱਗ ਕੇਸ: ਈæਡੀæ ਅਫ਼ਸਰ ਦੀ ਬਦਲੀ ‘ਤੇ ਰੋਕ ਵਧੀ
ਚੰਡੀਗੜ੍ਹ: ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਡਰੱਗਜ਼ ਦੇ ਕੇਸ ਵਿਚ ਪੁੱਛ-ਪੜਤਾਲ ਕਰਨ ਵਾਲੇ ਐਨਫੋਰਸਮੈਂਟ ਡਾਇਰੈਕਟੋਰੇਟ (ਈæਡੀæ) ਅਫਸਰ ਨਿਰੰਜਣ ਸਿੰਘ ਦੀ ਬਦਲੀ ‘ਤੇ ਲਾਈ ਰੋਕ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵਾਧਾ ਕਰ ਦਿੱਤਾ ਹੈ। ਇਹ ਸਟੇਅ ਦੇ ਹੁਕਮ ਅਗਲੀ ਸੁਣਵਾਈ ਦੀ ਤਰੀਕ 26 ਫਰਵਰੀ ਤੱਕ ਲਾਗੂ ਰਹਿਣਗੇ। ਈæਡੀæ ਨੇ ਅਦਾਲਤ ਨੂੰ ਪੂਰਾ ਭਰੋਸਾ ਦਿਵਾਇਆ ਕਿ ਸਬੰਧਤ ਅਫ਼ਸਰ ਦੀ ਬਦਲੀ ਨਾਲ ਕੇਸ ਦੀ ਚਲ ਰਹੀ ਜਾਂਚ ਉਤੇ ਕੋਈ ਅਸਰ ਨਹੀਂ ਪਵੇਗਾ। ਬੈਂਚ ਨੂੰ ਈæਡੀæ ਦੀ ਇਹ ਦਲੀਲ ਬਹੁਤ ਵਜ਼ਨੀ ਨਹੀਂ ਜਾਪੀ।
ਸੂਤਰਾਂ ਅਨੁਸਾਰ ਜਾਂਚ ਅਧਿਕਾਰੀ ਨਿਰੰਜਣ ਸਿੰਘ ਵਲੋਂ ਇਹ ਤਿਆਰੀ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦਾ ਚਲਾਨ ਮਿੱਥੇ ਸਮੇਂ ਦੌਰਾਨ ਹੀ ਪੇਸ਼ ਕਰ ਦਿੱਤਾ ਜਾਵੇ। ਇਸ ਤੋਂ ਪਹਿਲਾਂ 26 ਦਸੰਬਰ ਨੂੰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਈæਡੀæ ਦਫ਼ਤਰ ਵਿਚ ਤਲਬ ਕੀਤਾ ਗਿਆ ਸੀ। ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਿਲੌਰ, ਉਨ੍ਹਾਂ ਦੇ ਪੁੱਤਰ ਦਮਨਬੀਰ ਸਿੰਘ, ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ, ਕਾਂਗਰਸ ਦੇ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਤੇ ਐਨæਆਰæਆਈæ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੂੰ ਵੀ ਈæਡੀæ ਦਫ਼ਤਰ ਤਲਬ ਕਰ ਚੁੱਕਾ ਹੈ।