ਪੰਜਾਬ ਦੇ ਨਿਰਮਲ ਪਾਣੀਆਂ ਵਿਚ ਘੁਲਿਆ ਜ਼ਹਿਰ

ਚੰਡੀਗੜ੍ਹ: ਮਾਲਵੇ ਤੋਂ ਬਾਅਦ ਪੰਜਾਬ ਦੇ ਦੁਆਬਾ ਤੇ ਮਾਝਾ ਖੇਤਰ ਦੇ ਜ਼ਿਲ੍ਹਿਆਂ ਵਿਚਲੇ ਪਾਣੀ ਵਿਚ ਵੀ ਵੱਡੀ ਮਾਤਰਾ ਵਿਚ ਯੂਰੇਨੀਅਮ ਤੱਤ ਦੀ ਪੁਸ਼ਟੀ ਹੋਈ ਹੈ। ਕੇਂਦਰੀ ਜ਼ਮੀਨਦੋਜ਼ ਜਲ ਬੋਰਡ ਨਵੀਂ ਦਿੱਲੀ ਦੀ ਰਿਪੋਰਟ ਮੁਤਾਬਕ ਸੂਬੇ ਦੇ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚਲੇ ਜ਼ਮੀਨਦੋਜ਼ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਇੰਨੀ ਦਰਜ ਕੀਤੀ ਗਈ ਕਿ

ਬੋਰਡ ਨੇ ਇਨ੍ਹਾਂ ਜ਼ਿਲ੍ਹਿਆਂ ਵਿਚੋਂ ਟਿਊਬਵੈਲ ਦੇ ਪਾਣੀ ਦੇ ਨਮੂਨੇ ਫੇਲ੍ਹ ਕਰਾਰ ਦੇ ਦਿੱਤੇ ਹਨ। ਬੋਰਡ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਵਿਚੋਂ ਹਾਸਲ ਕੀਤੇ ਜ਼ਮੀਨਦੋਜ਼ ਪਾਣੀ ਦੇ ਨਮੂਨਿਆਂ ਦੀ ਜਾਂਚ ਭਾਬਾ ਐਟੋਮਿਕ ਰਿਸਰਚ ਸੈਂਟਰ ਮੁੰਬਈ ਤੋਂ ਕਰਵਾਈ ਗਈ ਸੀ।
ਸੈਂਟਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਸਮੇਤ ਉਪਰੋਕਤ ਜ਼ਿਲ੍ਹਿਆਂ ਦੇ ਭੂਮੀ ਹੇਠਲੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਭਾਰਤੀ ਐਟੋਮਿਕ ਊਰਜਾ ਰੈਗੂਲੇਟਰੀ ਬੋਰਡ (ਏæਈæਆਰæਬੀæ) ਵਲੋਂ ਤੈਅ (ਇਕ ਲੀਟਰ ਪਾਣੀ ਵਿਚ ਵੱਧ ਤੋਂ ਵੱਧ 60 ਮਾਈਕ੍ਰੋਗ੍ਰਾਮ ਯੂਰੇਨੀਅਮ) ਤੇ ਵਿਸ਼ਵ ਸਿਹਤ ਸੰਗਠਨ (ਡਬਲਿਯੂæਐਚæਓæ) ਵਲੋਂ ਤੈਅ ਮਾਤਰਾ (ਇਕ ਲੀਟਰ ਪਾਣੀ ਵਿਚ 15 ਮਾਈਕ੍ਰੋਗ੍ਰਾਮ ਯੂਰੇਨੀਅਮ) ਤੋਂ ਵੱਧ ਪਾਈ ਗਈ, ਜਿਸ ਦੇ ਚੱਲਦਿਆਂ ਇਹ ਨਮੂਨੇ ਫੇਲ੍ਹ ਕਰ ਦਿੱਤੇ ਗਏ। ਚੇਤੇ ਰਹੇ, ਸਿਹਤ ਮਾਹਿਰ ਯੂਰੇਨੀਅਮ ਤੱਤ ਨੂੰ ਕੈਂਸਰ ਤੇ ਹੋਰ ਬਿਮਾਰੀਆਂ ਨਾਲ ਜੋੜ ਕੇ ਵੇਖਦੇ ਹਨ।
ਰਿਪੋਰਟ ਅਨੁਸਾਰ ਬੋਰਡ ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਜ਼ਮੀਨਦੋਜ਼ ਪਾਣੀ ਦੇ 51 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ ਛੇ ਨਮੂਨਿਆਂ ਵਿਚ ਯੂਰੇਨੀਅਮ ਦੀ ਇੰਨੀ ਮਾਤਰਾ ਪਾਈ ਗਈ ਕਿ ਵਿਸ਼ਵ ਸਿਹਤ ਸੰਗਠਨ ਦੇ ਮਾਪਦੰਡਾਂ ਤਹਿਤ ਉਹ ਇਹ ਸਾਰੇ ਨਮੂਨੇ ਫੇਲ੍ਹ ਕਰਾਰ ਦੇ ਦਿੱਤੇ ਗਏ। ਜਲੰਧਰ ਜ਼ਿਲ੍ਹੇ ਵਿਚੋਂ ਜ਼ਮੀਨਦੋਜ਼ ਪਾਣੀ ਦੇ ਲਏ 50 ਨਮੂਨਿਆਂ ਵਿਚੋਂ 23 ਵਿਚ ਯੂਰੇਨੀਅਮ ਦੀ ਤੈਅ ਨਾਲੋਂ ਵਧੇਰੇ ਮਾਤਰਾ ਪਾਈ ਗਈ ਤੇ ਫੇਲ੍ਹ ਕਰਾਰ ਦੇ ਦਿੱਤੇ ਗਏ। ਕਪੂਰਥਲਾ ਜ਼ਿਲ੍ਹੇ ਵਿਚੋਂ ਲਏ 25 ਵਿਚੋਂ 9 ਨਮੂਨੇ ਯੂਰੇਨੀਅਮ ਦੀ ਵਧੇਰੇ ਮਾਤਰਾ ਕਾਰਨ ਫੇਲ੍ਹ ਕਰਾਰ ਦਿੱਤੇ ਗਏ। ਰਿਪੋਰਟ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿਚੋਂ ਲਏ ਭੂਮੀਗਤ ਪਾਣੀ ਦੇ 45 ਨਮੂਨਿਆਂ ਵਿਚੋਂ 9 ਨਮੂਨੇ ਫੇਲ੍ਹ ਪਾਏ ਗਏ, ਗੁਰਦਾਸਪੁਰ ਜ਼ਿਲ੍ਹੇ ਵਿਚੋਂ ਲਏ 56 ਵਿਚੋਂ ਚਾਰ ਨਮੂਨਿਆਂ ਵਿਚ ਯੂਰੇਨੀਅਮ ਦੀ ਮਾਤਰਾ ਵਧੇਰੇ ਪਾਈ ਗਈ। ਤਰਨਤਾਰਨ ਜ਼ਿਲ੍ਹੇ ਵਿਚੋਂ ਲਏ 56 ਨਮੂਨਿਆਂ ਵਿਚੋਂ 35 ਨਮੂਨੇ ਫੇਲ੍ਹ ਦਰਜ ਕੀਤੇ ਗਏ।
ਬਰਨਾਲਾ ਜ਼ਿਲ੍ਹੇ ਵਿਚ ਲਏ 106 ਨਮੂਨਿਆਂ ਵਿਚੋਂ 102 ਨਮੂਨੇ ਫੇਲ੍ਹ ਦਰਜ ਕੀਤੇ ਗਏ, ਜਦਕਿ ਭਾਰਤੀ ਐਟੋਮਿਕ ਊਰਜਾ ਰੈਗੂਲੇਟਰੀ ਬੋਰਡ ਦੇ ਮਾਪਦੰਡ ਅਨੁਸਾਰ ਇਸ ਜ਼ਿਲ੍ਹੇ ਦੇ 71 ਨਮੂਨੇ ਅਣ-ਸੁਰੱਖਿਅਤ ਦਰਜ ਕੀਤੇ ਗਏ। ਬਠਿੰਡਾ ਜ਼ਿਲ੍ਹੇ ਵਿਚੋਂ ਲਏ 49 ਨਮੂਨਿਆਂ ਵਿਚੋਂ 36 ਅਣਸੁਰੱਖਿਅਤ ਪਾਏ ਗਏ। ਫਰੀਦਕੋਟ ਜ਼ਿਲ੍ਹੇ ਵਿਚ 11 ਵਿਚੋਂ ਪੰਜ ਨਮੂਨੇ ਤੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਵਿਚ 26 ਵਿਚੋਂ 14 ਨਮੂਨੇ ਫ਼ੇਲ੍ਹ ਹੋਏ। ਫਿਰੋਜ਼ਪੁਰ ਜ਼ਿਲ੍ਹੇ ਵਿਚ 345 ਵਿਚੋਂ 260 ਨਮੂਨੇ ਫੇਲ੍ਹ ਕਰਾਰ ਦਿੱਤੇ ਗਏ, ਭਾਰਤੀ ਐਟੋਮਿਕ ਊਰਜਾ ਰੈਗੂਲੇਟਰੀ ਬੋਰਡ ਦੇ ਮਾਪਦੰਡ ਅਨੁਸਾਰ ਇਸ ਜ਼ਿਲ੍ਹੇ ਦੇ 61 ਨਮੂਨੇ ਫੇਲ੍ਹ ਹੋਏ।
ਲੁਧਿਆਣੇ ਜ਼ਿਲ੍ਹੇ ਦੇ 280 ਵਿਚੋਂ 196 ਨਮੂਨੇ, ਮਾਨਸਾ ਜ਼ਿਲ੍ਹੇ ਦੇ 26 ਵਿਚੋਂ 16 ਨਮੂਨੇ, ਮੋਗਾ ਜ਼ਿਲ੍ਹੇ ਦੇ 232 ਵਿਚੋਂ 222 ਨਮੂਨੇ ਫੇਲ੍ਹ ਦਰਜ ਕੀਤੇ ਗਏ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 22 ਵਿਚੋਂ 9 ਨਮੂਨਿਆਂ ਵਿਚ ਯੂਰੇਨੀਅਮ ਦੀ ਵਧੇਰੇ ਮਾਤਰਾ ਪਾਈ ਗਈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿਚੋਂ ਲਏ ਅੱਠ ਨਮੂਨਿਆਂ ਵਿਚੋਂ ਕੋਈ ਵੀ ਅਣਸੁਰੱਖਿਅਤ ਦਰਜ ਨਹੀਂ ਕੀਤਾ ਗਿਆ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚੋਂ ਹਾਸਲ ਕੀਤੇ 25 ਵਿਚੋਂ 11 ਫੇਲ੍ਹ ਦਰਜ ਕੀਤੇ ਗਏ। ਪਠਾਨਕੋਟ ਜ਼ਿਲ੍ਹੇ ਵਿਚੋਂ ਲਏ 25 ਵਿਚੋਂ 24 ਦੀ ਰਿਪੋਰਟ ਆਈ, ਜੋਕਿ ਸੁਰੱਖਿਅਤ ਦਰਜ ਕੀਤੀ ਗਈ। ਪਟਿਆਲਾ ਜ਼ਿਲ੍ਹੇ ਦੇ 88 ਵਿਚੋਂ 66 ਫੇਲ੍ਹ ਤੇ ਰੋਪੜ ਜ਼ਿਲ੍ਹੇ ਦੇ 24 ਵਿਚੋਂ ਸਿਰਫ ਇਕ ਹੀ ਫੇਲ੍ਹ ਦਰਜ ਕੀਤਾ ਗਿਆ। ਸੰਗਰੂਰ ਜ਼ਿਲ੍ਹੇ ਦੇ 140 ਵਿਚੋਂ 132 ਨਮੂਨੇ ਫੇਲ੍ਹ ਪਾਏ ਗਏ।
ਹੁਸ਼ਿਆਰਪੁਰ ਆਧਾਰਤ ਗੈਰ ਸਰਕਾਰੀ ਸੰਸਥਾ ‘ਸਫਲ ਭਾਰਤ ਗੁਰੂ ਪਰੰਪਰਾ’ ਦੇ ਚੇਅਰਮੈਨ ਪਰਵਿੰਦਰ ਰਾਣਾ ਨੇ ਕਿਹਾ ਕਿ ਉਹ ਇਸ ਰਿਪੋਰਟ ਨੂੰ ਆਧਾਰ ਬਣਾ ਕੇ ਕੇਂਦਰੀ ਗ੍ਰੀਨ ਟ੍ਰਿਬਿਊਨਲ ਵਿਚ ਪਟੀਸ਼ਨ ਦਾਇਰ ਕਰਨਗੇ। ਯੂਰੇਨੀਅਮ ਦੀ ਮਾਤਰਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਜਦੋਂ ਵੀ ਯੂਰੇਨੀਅਮ ਦੀ ਗੱਲ ਤੁਰਦੀ ਹੈ ਤਾਂ ਖੇਤੀਬਾੜੀ ਲਈ ਵਰਤੇ ਜਾਂਦੇ ਕੀਟਨਾਸ਼ਕਾਂ ‘ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਜਾਂਦਾ ਹੈ, ਜਦਕਿ ਇਸ ਦੀਆਂ ਮੁੱਖ ਜ਼ਿੰਮੇਵਾਰ ਸਨਅਤਾਂ ਹਨ, ਜਿਨ੍ਹਾਂ ਵਲੋਂ ਜ਼ਹਿਰੀਲੇ ਰਸਾਇਣ ਧਰਤੀ ਵਿਚ ਬਾਕਾਇਦਾ ਬੋਰ ਕਰਕੇ ਇੰਜੈਕਟ ਕੀਤੇ ਜਾਂਦੇ ਹਨ। ਉਘੇ ਵਾਤਾਵਰਨ ਪ੍ਰੇਮੀ ਤੇ ਚਿੰਤਕ ਓਮੇਂਦਰ ਦੱਤ ਨੇ ਕਿਹਾ ਕਿ ਵਿਗਿਆਨੀਆਂ ਦਾ ਇਕ ਵੱਡਾ ਹਿੱਸਾ ਯੂਰੇਨੀਅਮ ਨੂੰ ਰਸਾਇਣਕ ਖਾਦਾਂ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੱਭਿਅਤਾ ਨੂੰ ਖਤਮ ਕਰਨ ਵਾਲਾ ਵਾਤਾਵਰਨ ਪੈਦਾ ਹੋ ਗਿਆ ਹੈ। ਵਿਗਿਆਨੀਆਂ, ਸਿਆਸਤਦਾਨਾਂ ਤੇ ਅਫਸਰਾਂ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬ ਵਿਚ ਵਾਤਾਵਰਨ ਤੇ ਸਿਹਤ ਸੰਕਟਕਾਲੀਨ ਸਥਿਤੀ ਐਲਾਨੀ ਜਾਣੀ ਚਾਹੀਦੀ ਹੈ।
____________________________________________
ਕੈਂਸਰ ਦਾ ਕਾਰਨ ਬਣਦਾ ਹੈ ਯੂਰੇਨੀਅਮ
ਕੈਂਸਰ ਦੇ ਕਹਿਰ ਦਾ ਮੁੱਖ ਕਾਰਨ ਜ਼ਹਿਰੀਲਾ ਪਾਣੀ ਮੰਨਿਆ ਜਾ ਰਿਹਾ ਹੈ। ਜਰਮਨ ਦੀ ਇਕ ਲੈਬਾਰਟਰੀ ਮਾਈਕਰੋਟਰੇਸ ਮਿਨਰਲ ਵਲੋਂ ਖੇਤੀ ਵਿਰਾਸਤ ਨਾਲ ਮਿਲ ਕੇ ਕੈਂਸਰ ਤੋਂ ਪੀੜਤ ਤੇ ਸਿਹਤਮੰਦ ਲੋਕਾਂ ਦੇ ਨਹੁੰ ਤੇ ਵਾਲਾਂ ‘ਤੇ ਕੀਤੀ ਗਈ ਟੈਸਟ ਵਿਧੀ ਖੋਜ ਤੋਂ ਸਾਹਮਣੇ ਆਇਆ ਹੈ ਕਿ ਯੂਰੇਨੀਅਮ ਸਮੇਤ ਭਾਰੀ ਧਾਤਾਂ ਦੀ ਬਹੁਤਾਤ ਨੇ ਮਾਲਵਾ ਖੇਤਰ ਦੇ ਲੋਕਾਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀ ਹੈ। ਇਨ੍ਹਾਂ ਦੀ ਮਨੁੱਖੀ ਸਰੀਰ ਵਿਚ ਤੈਅਸ਼ੁਦਾ ਮਾਤਰਾ ਨਾਲੋ ਵੱਧ ਮਿਕਦਾਰ ਕੈਂਸਰ ਦਾ ਕਾਰਨ ਬਣ ਕੇ ਉਭਰ ਰਹੀ ਹੈ। ਇਸ ਖੋਜ਼ ਲਈ ਨਮੂਨੇ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ 12 ਪਿੰਡਾਂ ਤੇ ਫਰੀਦਕੋਟ ਸ਼ਹਿਰ ਵਿਚੋਂ ਲਏ ਗਏ ਸਨ ਜਿਨ੍ਹਾਂ ਦੇ ਆਧਾਰ ‘ਤੇ ਅੱਗੇ ਖੋਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਯੂਰਪੀਅਨਾਂ ਦੇ ਮੁਕਾਬਲੇ ਮਲਵੱਈਆਂ ਵਿਚ ਭਾਰੀ ਧਾਤਾਂ ਕਾਰਨ 23 ਫੀਸਦੀ ਵੱਧ ਛਾਤੀ ਦੇ ਕੈਂਸਰ ਫਿਰ ਯੂਟਰਾਈਨ ਤੇ ਖਾਣੇ ਵਾਲੀ ਨਲੀ ਵਿਚ ਵੱਧ ਪਾਇਆ ਗਿਆ ਹੈ।