ਪੰਜਾਂ ਸਾਲਾਂ ਦੀ ਕਥਾ: ਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼

ਜਗਜੀਤ ਸਿੰਘ ਸੇਖੋਂ
ਦੱਖਣੀ ਅਫਰੀਕਾ ਹੀ ਨਹੀਂ, ਸਮੁੱਚੇ ਸੰਸਾਰ ਵਿਚ ਨਸਲੀ ਵਿਤਕਰੇ ਨਾਲ ਸੰਘਰਸ਼ ਦੇ ਚਿੰਨ੍ਹ ਬਣੇ ਨੈਲਸਨ ਮੰਡੇਲਾ ਦੀ ਦੂਜੀ ਸਵੈ-ਜੀਵਨੀ Ḕਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼Ḕ ਅਗਲੇ ਸਾਲ ਛਾਪੀ ਜਾ ਰਹੀ ਹੈ। ਉਸ ਦੀ ਪਹਿਲੀ ਸਵੈ-ਜੀਵਨੀ Ḕਲੌਂਗ ਵਾਕ ਟੂ ਫਰੀਡਮḔ 1995 ਵਿਚ ਪ੍ਰਕਾਸ਼ਿਤ ਹੋਈ ਸੀ। 630 ਸਫਿਆਂ ਦੀ ਇਸ ਸਵੈ-ਜੀਵਨੀ ਵਿਚ ਨੈਲਸਨ ਮੰਡੇਲਾ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ ਹਰ ਪੱਖ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਸੀ।

Ḕਲੌਂਗ ਵਾਕ ਟੂ ਫਰੀਡਮḔ ਅੰਗਰੇਜ਼ੀ ਵਿਚ ਛਪੀ ਸੀ, ਫਿਰ ਇਸ ਕਿਤਾਬ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਅਤੇ ਇਹ ਸੰਸਾਰ ਭਰ ਵਿਚ ਪੜ੍ਹੀ ਗਈ। ਅਸਲ ਵਿਚ ਨਸਲੀ ਵਿਤਕਰੇ ਖਿਲਾਫ ਨੈਲਸਨ ਮੰਡੇਲਾ ਨੇ ਜਾਨ ਹੂਲ ਕੇ ਸੰਘਰਸ਼ ਕੀਤਾ ਸੀ ਅਤੇ ਉਹ 27 ਸਾਲ ਜੇਲ੍ਹ ਵਿਚ ਬੰਦ ਰਹੇ। ਉਸ ਦੀ ਜ਼ਿੰਦਗੀ ਵਿਚ ਬਹੁਤ ਜ਼ਿਆਦਾ ਉਤਰਾਅ-ਚੜ੍ਹਾਅ ਆਉਂਦੇ ਰਹੇ, ਪਰ ਉਨ੍ਹਾਂ ਆਪਣੀ ਲੜਾਈ ਨੂੰ ਰੱਤੀ ਭਰ ਵੀ ਢੈਲੀ ਨਹੀਂ ਪੈਣ ਦਿੱਤਾ। ਉਹਦੇ ਇਸੇ ਹਠ ਦਾ ਨਤੀਜਾ ਹੈ ਕਿ ਅੱਜ ਉਹ ਸੰਸਾਰ ਭਰ ਦੇ ਜੁਝਾਰੂ ਲੋਕਾਂ ਲਈ ਰਾਹ ਦਸੇਰਾ ਬਣੇ ਹੋਏ ਹਨ। ਇਸੇ ਕਰ ਕੇ ਹੀ ਹੁਣ ਲੋਕ ਉਸ ਦੀ ਨਵੀਂ ਸਵੈ-ਜੀਵਨੀ ਨੂੰ ਬਹੁਤ ਬੇਸਬਰੀ ਨਾਲ ਉੁਡੀਕ ਰਹੇ ਹਨ।
ਉਂਜ, ਇਕ ਬਹੁਤ ਵੱਡਾ ਸਵਾਲ ਅੱਜ ਵੀ ਲੋਕਾਂ ਦੇ ਮਨਾਂ ਵਿਚ ਘੁੰਮ ਰਿਹਾ ਹੈ ਕਿ ਦੱਖਣੀ ਅਫਰੀਕਾ ਵਿਚ ਨਸਲਪ੍ਰਸਤ ਸਰਕਾਰ ਦਾ ਖਾਤਮਾ ਤਾਂ ਨੈਲਸਨ ਮੰਡੇਲਾ ਅਤੇ ਉਸ ਦੇ ਸਾਥੀਆਂ ਨੇ ਕਰ ਦਿੱਤਾ, ਪਰ ਵਿਤਕਰੇ ਰਹਿਤ ਜਿਸ ਸਮਾਜ ਦੀ ਉਸਾਰੀ ਹੋਣੀ ਚਾਹੀਦੀ ਸੀ, ਉਹ ਅੱਜ ਤੱਕ ਵੀ ਸੰਭਵ ਨਹੀਂ ਹੋ ਸਕੀ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਨੈਲਸਨ ਮੰਡੇਲਾ ਨੇ ਦੱਖਣੀ ਅਫਰੀਕਾ ਦੇ ਬੁਨਿਆਦੀ ਢਾਂਚੇ ਵਿਚ ਕੋਈ ਖਾਸ ਤਬਦੀਲੀ ਨਹੀਂ ਕੀਤੀ ਜਿਸ ਕਰ ਕੇ ਬਹੁਤ ਸਾਰੀਆਂ ਚੀਜ਼ਾਂ ਜਿਉਂ ਦੀਆਂ ਤਿਉਂ ਰਹਿ ਗਈਆਂ। ਉਸ ਦੀ ਇਸ ਹਾਰ ਨੂੰ ਸਮਝਣ ਲਈ ਬਹੁਤ ਸਾਰੇ ਵਿਦਵਾਨ ਭਾਰਤ ਦੀ ਮਿਸਾਲ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਰਤ ਭਾਵੇਂ 1947 ਵਿਚ ਅੰਗਰੇਜ਼ਾਂ ਦੇ ਕਬਜ਼ੇ ਤੋਂ ਤਾਂ ਆਜ਼ਾਦ ਹੋ ਗਿਆ, ਪਰ ਭਾਰਤ ਦੇ ਨਵੇਂ ਸ਼ਾਸਕਾਂ ਨੇ ਅੰਗਰੇਜ਼ਾਂ ਵਲੋਂ ਉਸਾਰਿਆ ਸਮੁੱਚਾ ਢਾਂਚਾ ਹੀ ਅਪਨਾ ਲਿਆ।
ਸਿੱਟੇ ਵਜੋਂ ਆਜ਼ਾਦੀ ਦਾ ਉਹ ਰੰਗ ਦੇਖਣ ਨੂੰ ਨਹੀਂ ਮਿਲਿਆ ਜਿਸ ਦੇ ਲਈ ਭਾਰਤ ਦੇ ਸੰਘਰਸ਼ਸ਼ੀਲ ਲੋਕਾਂ ਨੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਸਨ। ਨੈਲਸਨ ਮੰਡੇਲਾ ਦਾ ਵੀ ਇਹੀ ਦੁਖਾਂਤ ਰਿਹਾ। ਉਹ ਗੋਰਿਆਂ ਵਲੋਂ ਉਸਾਰੇ ਢਾਂਚੇ ਤੋਂ ਖੇਰੂੰ-ਖੇਰੂੰ ਕਰ ਕੇ ਆਪਣੇ ਲੋਕਾਂ ਦੇ ਹਿਸਾਬ ਨਾਲ ਹੋਰ ਢਾਂਚਾ ਉਸਾਰਨ ਦੇ ਮਾਮਲੇ ਵਿਚ ਉਕ ਗਿਆ। ਉਸ ਨੇ 5 ਸਾਲ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਵਜੋਂ ਅਗਵਾਈ ਕੀਤੀ ਅਤੇ ਫਿਰ ਸੱਤਾ, ਆਪਣੇ ਹੋਰ ਪਾਰਟੀ ਸਾਥੀਆਂ ਨੂੰ ਸੌਂਪ ਕੇ ਸੱਤਾ ਤੋਂ ਲਾਂਭੇ ਹੋ ਗਿਆ। ਫਿਰ 5 ਦਸੰਬਰ 2013 ਨੂੰ ਉਸ ਨੇ ਆਖਰੀ ਸਾਹ ਲਿਆ ਅਤੇ ਇਤਿਹਾਸ ਦਾ ਹਿੱਸਾ ਹੋ ਗਿਆ।
ਆਪਣੀ ਦੂਜੀ ਸਵੈ-ਜੀਵਨੀ Ḕਦਿ ਪ੍ਰੈਜ਼ੀਡੈਂਸ਼ੀਅਲ ਯੀਅਰਜ਼Ḕ ਉਸ ਨੇ 1998 ਵਿਚ ਲਿਖਣੀ ਸ਼ੁਰੂ ਕੀਤੀ ਸੀ ਅਤੇ ਇਸ ਦੇ 10 ਚੈਪਟਰ ਮੁਕੰਮਲ ਕਰ ਲਏ ਸਨ। ਨੈਲਸਨ ਮੰਡੇਲਾ ਫਾਊਂਡੇਸ਼ਨ ਦੀ ਤਰਜਮਾਨ ਡੇਨੀਅਲ ਮੈਲਵਿਲੇ ਨੇ ਦੱਸਿਆ ਕਿ ਇਨ੍ਹਾਂ 10 ਚੈਪਟਰਾਂ ਨੂੰ ਆਧਾਰ ਬਣਾ ਕੇ ਹੁਣ ਨਵੀਂ ਸਵੈ-ਜੀਵਨੀ ਤਿਆਰ ਕੀਤੀ ਗਈ ਹੈ। ਉਂਜ ਉਨ੍ਹਾਂ ਇਹ ਖੁਲਾਸਾ ਨਹੀਂ ਕੀਤਾ ਕਿ ਇਹ ਕਿਤਾਬ ਮੁੱਖ ਰੂਪ ਵਿਚ ਮੁਕੰਮਲ ਕਿਸ ਨੇ ਕੀਤੀ ਹੈ। ਯਾਦ ਰਹੇ ਕਿ ਨੈਲਸਨ ਮੰਡੇਲਾ ਨੇ ਇਹ ਚੈਪਟਰ ਆਪਣੇ 5 ਸਾਥੀਆਂ ਨੂੰ ਸੌਂਪਣ ਦਾ ਵਾਅਦਾ ਆਪਣੇ ਨੇੜਲਿਆਂ ਤੋਂ ਲਿਆ ਸੀ। ਇਨ੍ਹਾਂ ਵਿਚ ਰਾਸ਼ਟਰਪਤੀ ਜੈਕਬ ਜ਼ੂਮਾ, ਉਪ ਰਾਸ਼ਟਰਪਤੀ ਸਾਇਰਿਲ ਰੰਪੋਸਾ ਅਤੇ ਰਾਸ਼ਟਰਪਤੀ ਭਵਨ ਦੀ ਤਰਜਮਾਨ ਮੈਕ ਮਹਾਰਾਜ ਸ਼ਾਮਲ ਹਨ। ਮੈਕ ਮਹਾਰਾਜ ਮੰਡੇਲਾ ਨਾਲ ਰੌਬਿਨ ਆਈਲੈਂਡ ਜੇਲ੍ਹ ਵਿਚ ਬੰਦ ਰਹੀ ਸੀ।