ਜਨਤਾ ਦਲ ਦੀ ਮੀਟਿੰਗ ਨਾਲ ਕਾਂਗਰਸ ਤੇ ਭਾਜਪਾ ‘ਚ ਹਲਚਲ

-ਜਤਿੰਦਰ ਪਨੂੰ
ਬੀਤੀ ਚਾਰ ਦਸੰਬਰ ਨੂੰ ਦਿੱਲੀ ਵਿਚ ਕੀਤੀ ਗਈ ਇੱਕ ਮੀਟਿੰਗ ਵੇਖਣ ਨੂੰ ਛੋਟੀ ਜਿਹੀ ਸੀ, ਪਰ ਇਸ ਨਾਲ ਜਿੰਨੀ ਹਲਚਲ ਰਾਜਨੀਤੀ ਦੇ ਪਾਣੀਆਂ ਦੀ ਹੇਠਲੀ ਤਹਿ ਵਿਚ ਮਹਿਸੂਸ ਕੀਤੀ ਗਈ, ਉਸ ਨਾਲ ਮੀਟਿੰਗ ਦਾ ਅਸਰ ਦਿੱਸ ਪਿਆ ਹੈ। ਸਮਾਜਵਾਦੀ ਪਾਰਟੀ ਦੇ ਮੁਖੀ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਘਰ ਕੀਤੀ ਗਈ ਇਸ ਮੀਟਿੰਗ ਵਿਚ ਭਾਰਤ ਦਾ ਪ੍ਰਧਾਨ ਮੰਤਰੀ ਰਹਿ ਚੁੱਕਾ ਹਰਦਨਹੱਲੀ ਦੇਵਗੌੜਾ ਵੀ ਸ਼ਾਮਲ ਸੀ, ਬਿਹਾਰ ਦੇ ਦੋ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਵੀ, ਤੇ ਕਈ ਹੋਰ ਲੀਡਰ ਵੀ ਆਏ ਸਨ।

ਉਥੇ ਸਾਰੇ ਲੀਡਰਾਂ ਦੀ ਇਸ ਮਾਮਲੇ ਵਿਚ ਇੱਕ ਰਾਏ ਬਣ ਗਈ ਕਿ ਪੁਰਾਣੇ ਜਨਤਾ ਦਲ ਪਰਿਵਾਰ ਦੇ ਲੀਡਰਾਂ ਨੂੰ ਇਕੱਠੇ ਕਰ ਕੇ ਇੱਕ ਵਾਰ ਫਿਰ ਦੇਸ਼ ਦੀ ਰਾਜਨੀਤੀ ਨੂੰ ਮੋੜਾ ਦੇਣ ਦਾ ਯਤਨ ਕੀਤਾ ਜਾਵੇ। ਰਾਜਨੀਤੀ ਵਿਚ ਇਹ ਗੱਲ ਆਮ ਵੇਖੀ ਜਾਂਦੀ ਹੈ ਕਿ ਜਿਹੜਾ ਕੰਮ ਕੋਈ ਆਪ ਕਰੇ, ਉਹ ਸਿਧਾਂਤਕ ਆਖਦਾ ਹੈ, ਤੇ ਜਿਹੜਾ ਕਿਸੇ ਹੋਰ ਨੇ ਛੋਹ ਲਿਆ ਹੋਵੇ, ਉਸ ਨੂੰ ਮੌਕਾਪ੍ਰਸਤੀ ਕਹਿਣ ਵਿਚ ਦੇਰ ਨਹੀਂ ਕੀਤੀ ਜਾਂਦੀ। ਇਸ ਵਾਰ ਵੀ ਇਹੋ ਹੋਇਆ ਹੈ।
ਜਿਹੜੀ ਸਰਗਰਮੀ ਹੁਣ ਛੋਹੀ ਜਾ ਰਹੀ ਹੈ, ਇਸ ਦੀ ਚਰਚਾ ਤੋਂ ਪਹਿਲਾਂ ਅਸੀਂ ਇੱਕ ਪੁਰਾਣੀ ਗੱਲ ਦਾ ਚੇਤਾ ਕਰਵਾਉਣਾ ਚਾਹੁੰਦੇ ਹਾਂ। ਕਾਂਗਰਸ ਪਾਰਟੀ ਨੇ ਜਦੋਂ ਸਾਂਝੇ ਮੋਰਚੇ ਦੇ ਪ੍ਰਧਾਨ ਮੰਤਰੀ ਦੇਵਗੌੜਾ ਵਾਲੀ ਸਰਕਾਰ ਦੀ ਹਮਾਇਤ ਵਾਪਸ ਲੈਣ ਦਾ ਐਲਾਨ ਕੀਤਾ, ਉਸ ਦਿਨ ਅਸੀਂ ਦਿੱਲੀ ਵਿਚ ਸਾਂ। ਉਦੋਂ ਕੇਂਦਰ ਦੇ ਮੰਤਰੀ ਵਜੋਂ ਬਲਵੰਤ ਸਿੰਘ ਰਾਮੂਵਾਲੀਆ ਦੀ ਬੜੀ ਅਹਿਮੀਅਤ ਹੁੰਦੀ ਸੀ। ਮਾਰਕਸੀ ਕਮਿਊਨਿਸਟ ਪਾਰਟੀ ਸਰਕਾਰ ਵਿਚ ਸ਼ਾਮਲ ਨਹੀਂ ਸੀ, ਪਰ ਪਾਰਟੀ ਦੇ ਮੁਖੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨੁਮਾਇੰਦੇ ਵਜੋਂ ਬਲਵੰਤ ਸਿੰਘ ਰਾਮੂਵਾਲੀਆ ਉਸ ਸਰਕਾਰ ਵਿਚ ਮੰਤਰੀ ਬਣਾ ਦਿੱਤਾ ਗਿਆ ਸੀ। ਉਦੋਂ ਆਮ ਕਿਹਾ ਜਾਂਦਾ ਸੀ ਕਿ ਭਲਕੇ ਕਾਮਰੇਡ ਸੁਰਜੀਤ ਕੀ ਕਰਨਗੇ, ਇਹ ਗੱਲ ਸਿਰਫ ਰਾਮੂਵਾਲੀਆ ਜਾਣਦਾ ਹੈ। ਅਸੀਂ Aਦੋਂ ਰਾਮੂਵਾਲੀਏ ਨੂੰ ਪੁੱਛ ਲਿਆ ਕਿ ਪ੍ਰਧਾਨ ਮੰਤਰੀ ਦੀ ਕਲਗੀ ਭਲਕੇ ਕਿਸ ਨੂੰ ਲੱਗਣੀ ਹੈ? ਰਾਮੂਵਾਲੀਏ ਨੇ ਕੰਨ ਵਿਚ ਦੱਸਣ ਵਾਂਗ ਕਿਹਾ ਕਿ ਮੁਲਾਇਮ ਸਿੰਘ ਪ੍ਰਧਾਨ ਮੰਤਰੀ ਬਣ ਰਿਹਾ ਹੈ। ਜਿਹੜੀ ਗੱਲ ਉਹ ਕਈ ਲੋਕਾਂ ਨੂੰ ਦੱਸ ਚੁੱਕਾ ਹੋਵੇ, ਉਹ ਵੀ ਇਸ ਤਰ੍ਹਾਂ ਕੰਨ ਵਿਚ ਦੱਸਦਾ ਹੈ ਕਿ ਅਗਲਾ ਬੰਦਾ ਇਹ ਸਮਝ ਲਵੇ ਕਿ ਭੇਦ ਦੀ ਗੱਲ ਸਿਰਫ ਮੈਨੂੰ ਦੱਸੀ ਹੈ। ਮੈਂ ਇਹ ਗੱਲ ਸੁਣਦੇ ਸਾਰ ਹੱਸਦੇ ਹੋਏ ਕਹਿ ਦਿੱਤਾ, ‘ਬਾਈ, ਕੁੱਬੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਦਿਨ ਡੁੱਬ ਜਾਂਦਾ ਹੁੰਦੈ।’ ਉਸ ਨੇ ਕਾਰਨ ਪੁੱਛਿਆ। ਮੈਂ ਕਹਿ ਦਿੱਤਾ ਕਿ ਮੁਲਾਇਮ ਨੂੰ ਕਲਗੀ ਲਾਉਣ ਦੀ ਥਾਂ ਕਾਂਗਰਸ ਪਾਰਟੀ ਚੋਣਾਂ ਕਰਾਉਣ ਨੂੰ ਪਹਿਲ ਦੇਣਾ ਚੰਗਾ ਮੰਨੇਗੀ, ਜਾਂ ਤਾਂ ਕੋਈ ਹੋਰ ਲੀਡਰ ਪ੍ਰਧਾਨ ਮੰਤਰੀ ਬਣੇਗਾ, ਜਾਂ ਚੋਣਾਂ ਲੜਨੀਆਂ ਪੈਣਗੀਆਂ। ਅਗਲੇ ਦਿਨ ਅੜਿੱਕਾ ਪੈ ਗਿਆ ਅਤੇ ਮੁਲਾਇਮ ਸਿੰਘ ਨੂੰ ਪਾਸੇ ਕਰ ਕੇ ਇੰਦਰ ਕੁਮਾਰ ਗੁਜਰਾਲ ਨੂੰ ਪ੍ਰਧਾਨ ਮੰਤਰੀ ਬਣਾਉਣਾ ਪੈ ਗਿਆ ਸੀ।
ਕਾਂਗਰਸ ਦੀ ਇਹ ਰਣਨੀਤੀ ਰਹੀ ਹੈ ਕਿ ਉਹ ਸਿਰ ਚੁੱਕਣ ਦੀ ਸੰਭਾਵਨਾ ਵਾਲੇ ਆਗੂ ਨੂੰ ਆਪਣੀ ਪਾਰਟੀ ਵਿਚ ਵੀ ਚੱਜ ਦੀ ਥਾਂ ਨਹੀਂ ਦਿੰਦੀ ਤੇ ਜਿਸ ਗਠਜੋੜ ਨੂੰ ਬਾਹਰੋਂ ਮਦਦ ਦੇਵੇ, ਉਹਦੇ ਬਾਰੇ ਵੀ ਇਹ ਸੋਚ ਰੱਖਦੀ ਹੈ। ਪਾਰਟੀ ਵਿਚ ਪ੍ਰਣਬ ਮੁਖਰਜੀ ਦੀ ਥਾਂ ਮਨਮੋਹਨ ਸਿੰਘ ਵਰਗਾ ਵਿਚਾਰਾ ਜਿਹਾ ਬੰਦਾ ਅੱਗੇ ਕਰ ਦਿਓ ਤੇ ਤੀਸਰੇ ਮੋਰਚੇ ਵਿਚ ਸਿਰ ਚੁੱਕਣ ਦੀ ਸੰਭਾਵਨਾ ਰੱਖਦੇ ਸਾਰੇ ਲੀਡਰ ਪਾਸੇ ਧੱਕ ਕੇ ਇੰਦਰ ਕੁਮਾਰ ਗੁਜਰਾਲ ਲਈ ਹਾਮੀ ਭਰ ਦਿਓ, ਕਿਉਂਕਿ ਗੁਜਰਾਲ ਦੀ ਆਪਣੀ ਕਹੀ ਜਾਣ ਵਾਲੀ ਕੋਈ ਸੀਟ ਸਾਰੇ ਭਾਰਤ ਵਿਚ ਨਹੀਂ ਸੀ। ਜਿਹੜੇ ਲੋਕਾਂ ਨੇ ਉਦੋਂ ਇਹ ਚੁਸਤੀ ਵਿਖਾਈ ਸੀ, ਉਹ ਹੁਣ ਇਸ ਨਵੇਂ ਗਠਜੋੜ ਦੀ ਸ਼ੁਰੂਆਤ ਹੁੰਦੇ ਸਾਰ ਸਰਗਰਮ ਹੋ ਗਏ ਹਨ ਤੇ ਐਨ ਓਹੋ ਬੋਲੀ ਬੋਲ ਰਹੇ ਹਨ, ਜਿਹੜੀ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਲੀਡਰ ਬੋਲਦੇ ਹਨ। ਜਦੋਂ ਨਿਸ਼ਾਨਾ ਦੋਵਾਂ ਧਿਰਾਂ ਦਾ ਇੱਕੋ ਹੈ ਤਾਂ ਸਮਝਣਾ ਚਾਹੀਦਾ ਹੈ ਕਿ ਖਤਰਾ ਵੀ ਦੋਵਾਂ ਧਿਰਾਂ ਨੂੰ ਇੱਕੋ ਜਿਹਾ ਹੈ।
ਪਹਿਲੀ ਗੱਲ ਇਹ ਕਹੀ ਗਈ ਹੈ ਕਿ ਇਸ ਗਠਜੋੜ ਵਿਚ ਜਿਹੜੇ ਲੋਕ ਜੁੜਨ ਲੱਗੇ ਹਨ, ਬੀਤੇ ਸਮੇਂ ਵਿਚ ਉਨ੍ਹਾਂ ਸਭਨਾਂ ਨੇ ਇੱਕ ਦੂਸਰੇ ਦਾ ਪੈਰ ਮਿੱਧਿਆ ਹੋਇਆ ਹੈ ਅਤੇ ਮੁੱਢਾਂ ਦੇ ਵੈਰ ਕਾਰਨ ਨਿਭਾਅ ਨਹੀਂ ਕਰ ਸਕਣਗੇ। ਦੂਸਰੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਕਈ ਆਗੂ ਉਹ ਹਨ, ਜਿਨ੍ਹਾਂ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਬਦਨਾਮੀ ਬੜੀ ਹੋ ਚੁਕੀ ਹੈ। ਇਹ ਦੂਸਰੀ ਗੱਲ ਵਜ਼ਨਦਾਰ ਹੈ। ਲਾਲੂ ਪ੍ਰਸਾਦ ਯਾਦਵ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਅਦਾਲਤ ਵਿਚੋਂ ਸਜ਼ਾ ਹੋ ਚੁੱਕੀ ਹੈ। ਹਰਿਆਣੇ ਦੀ ਇਨੈਲੋ ਪਾਰਟੀ ਦਾ ਮੁਖੀ ਓਮ ਪ੍ਰਕਾਸ਼ ਚੌਟਾਲਾ ਵੀ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਜੇਲ੍ਹ ਵਿਚ ਹੈ ਤੇ ਉਸ ਦੇ ਪਰਿਵਾਰ ਦਾ ਇੱਕ ਜੀਅ ਮੁਲਾਇਮ ਦੇ ਘਰ ਹੋਈ ਮੀਟਿੰਗ ਵਿਚ ਗਿਆ ਸੀ। ਨਵੇ ਉਗਦੇ ਮੋਰਚੇ ਲਈ ਇਹ ਹਕੀਕਤਾਂ ਬੇੜੀ ਦੇ ਪੱਥਰ ਬਣ ਸਕਦੀਆਂ ਹਨ, ਪਰ ਤਸਵੀਰ ਦਾ ਦੂਸਰਾ ਪਾਸਾ ਇਹ ਹੈ ਕਿ ਭਾਜਪਾ ਤੇ ਕਾਂਗਰਸ- ਦੋਵਾਂ ਹੀ ਪਾਰਟੀਆਂ ਨੇ ਇਨ੍ਹਾਂ ਦਲਾਂ ਨਾਲ ਕਈ ਵਾਰੀ ਸਾਂਝ ਪਾਈ ਹੋਈ ਹੈ। ਓਮ ਪ੍ਰਕਾਸ਼ ਚੌਟਾਲਾ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਰਹਿ ਚੁੱਕਾ ਹੈ ਤੇ ਉਹ ਗਠਜੋੜ ਉਦੋਂ ਵੀ ਸੀ, ਜਦੋਂ ਭ੍ਰਿਸ਼ਟਾਚਾਰ ਦਾ ਉਹ ਕੇਸ ਅਦਾਲਤ ਵਿਚ ਪਹੁੰਚ ਚੁੱਕਾ ਸੀ, ਜਿਸ ਵਿਚ ਪਿਛੋਂ ਉਸ ਨੂੰ ਸਜ਼ਾ ਹੋਈ ਸੀ। ਕਾਂਗਰਸ ਪਾਰਟੀ ਨੇ ਲਾਲੂ ਪ੍ਰਸਾਦ ਨਾਲ ਕਈ ਵਾਰੀ ਚੋਣ ਸਮਝੌਤੇ ਕੀਤੇ ਹਨ ਤੇ ਉਸ ਦੇ ਭ੍ਰਿਸ਼ਟਾਚਾਰ ਦੀ ਉਦੋਂ ਕਦੀ ਪ੍ਰਵਾਹ ਨਹੀਂ ਸੀ ਕੀਤੀ। ਇਹ ਦੋਵੇਂ ਪਾਰਟੀਆਂ ਆਪ ਵੀ ਦੁੱਧ-ਧੋਤੀਆਂ ਨਹੀਂ। ਜਿਹੜੇ ਸੁਖ ਰਾਮ ਦੇ ਘਰੋਂ ਸਿਰਹਾਣਿਆਂ ਵਿਚ ਨੋਟ ਭਰੇ ਹੋਏ ਮਿਲੇ ਸਨ, ਉਸ ਨੇ ਇਹ ਕਮਾਈ ਕਾਂਗਰਸ ਦੀ ਸਰਕਾਰ ਵਿਚ ਹੁੰਦਿਆਂ ਕੀਤੀ ਸੀ ਤੇ ਜਦੋਂ ਨੋਟ ਫੜੇ ਗਏ ਤੇ ਕੇਸ ਚੱਲ ਪਿਆ, ਉਦੋਂ ਕਾਂਗਰਸ ਪਾਰਟੀ ਨੇ ਕੱਢ ਦਿੱਤਾ ਤੇ ਵਾਜਪਾਈ ਸਰਕਾਰ ਦਾ ਮੰਤਰੀ ਭਾਜਪਾ ਨੇ ਬਣਾਇਆ ਸੀ।
ਹੁਣ ਆਈਏ ਇਸ ਪਹਿਲੇ ਸਵਾਲ ਵੱਲ ਕਿ ਇਨ੍ਹਾਂ ਸਾਰਿਆਂ ਦੇ ਬੀਤੇ ਸਮੇਂ ਵਿਚ ਏਨੇ ਵਿਰੋਧ ਰਹੇ ਹਨ ਕਿ ਉਨ੍ਹਾਂ ਦਾ ਨਿਭਾਅ ਨਹੀਂ ਹੋਣਾ। ਤਾਮਿਲਨਾਡੂ ਦੀ ਡੀ ਐਮ ਕੇ ਪਾਰਟੀ ਉਤੇ ਕਾਂਗਰਸ ਦੇ ਆਗੂ ਪਹਿਲਾਂ ਇਹ ਦੋਸ਼ ਲਾਉਂਦੇ ਹੁੰਦੇ ਸਨ ਕਿ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਇਸ ਪਾਰਟੀ ਦੀ ਸ਼ਹਿ ਹੈ, ਪਰ ਮਨਮੋਹਨ ਸਿੰਘ ਦੀ ਸਰਕਾਰ ਵਿਚ ਉਹ ਵੀ ਸ਼ਾਮਲ ਹੋ ਗਈ। ਪਾਰਟੀ ਦੇ ਮੁਖੀ ਕਰੁਣਾਨਿਧੀ ਦਾ ਪੁੱਤਰ ਵੀ ਮੰਤਰੀ ਬਣਾ ਦਿੱਤਾ। ਇਸ ਸਾਲ ਲੋਕ ਸਭਾ ਚੋਣਾਂ ਦੌਰਾਨ ਇੱਕ ਦਿਨ ‘ਇੰਡੀਅਨ ਐਕਸਪ੍ਰੈਸ’ ਵਿਚ ਰਾਮ ਵਿਲਾਸ ਪਾਸਵਾਨ ਦੀ ਪੂਰੇ ਸਫੇ ਦੀ ਇੰਟਰਵਿਊ ਛਪੀ ਕਿ ਨਰਿੰਦਰ ਮੋਦੀ ਨਾਲ ਦਾ ਮਾੜਾ ਲੀਡਰ ਕੋਈ ਨਹੀਂ ਅਤੇ ਜਿਸ ਭਾਜਪਾ ਨੇ ਉਸ ਨੂੰ ਅੱਗੇ ਲਾਇਆ ਹੈ, ਉਸ ਦਾ ਨੇੜ ਕਦੇ ਨਹੀਂ ਕੀਤਾ ਜਾ ਸਕਦਾ। ਮਸਾਂ ਦੋ ਦਿਨ ਪਿੱਛੋਂ ਪਾਸਵਾਨ ਉਸੇ ਮੋਦੀ ਨੂੰ ਆਪਣਾ ਆਗੂ ਬਣਾ ਕੇ ਏਧਰ-ਓਧਰ ਦੀ ਟੁੱਟ-ਭੱਜ ਵੀ ਭਾਜਪਾ ਨਾਲ ਜੋੜਨ ਤੁਰ ਪਿਆ ਸੀ। ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦਾ ਕਿੱਸਾ ਅਜੇ ਤਾਜ਼ਾ ਹੈ। ਸ਼ਿਵ ਸੈਨਾ ਵਾਲਿਆਂ ਨੇ ਨਰਿੰਦਰ ਮੋਦੀ ਨੂੰ ਅਫਜ਼ਲ ਖਾਨ ਆਖ ਕੇ ਭੰਡਿਆ ਸੀ। ਸਰਕਾਰ ਬਣਾ ਕੇ ਜਿਸ ਦਿਨ ਭਾਜਪਾ ਨੇ ਭਰੋਸੇ ਦਾ ਵੋਟ ਲੈਣਾ ਸੀ, ਸਭ ਤੋਂ ਵੱਧ ਆਢਾ ਸ਼ਿਵ ਸੈਨਾ ਨੇ ਲਾਇਆ ਸੀ, ਪਰ ਹੁਣ ਉਹ ਫਿਰ ਇਕੱਠੇ ਹੋ ਗਏ ਹਨ। ਸੱਤਾ ਦੀ ਲੋੜ ਰੁੱਸਿਆਂ ਨੂੰ ਮਿਲਾ ਦਿੰਦੀ ਹੈ ਤੇ ਕਈ ਵਾਰ ਇਹੋ ਲੋੜ ਜਦੋਂ ਹਵਸ ਬਣਨ ਤੱਕ ਪਹੁੰਚ ਜਾਵੇ ਤਾਂ ਰਾਜ-ਮਹਿਲਾਂ ਦੀਆਂ ਕੰਧਾਂ ਹਿਲਾ ਦੇਣ ਦਾ ਰਾਹ ਵੀ ਫੜ ਲੈਂਦੀ ਹੈ।
ਜਿਹੜੇ ਲੋਕ ਹੁਣ ਫਿਰ ਇੱਕ ਪਾਰਟੀ ਵਿਚ ਜੁੜਨ ਲੱਗੇ ਹਨ, ਇਨ੍ਹਾਂ ਦਾ ਪਿਛਲਾ ਤਜਰਬਾ ਇਹੋ ਹੈ ਕਿ ਇਹ ਜੁੜਦੇ ਬੜੀ ਤੇਜ਼ੀ ਨਾਲ ਹਨ, ਪਰ ਬਹੁਤਾ ਚਿਰ ਇਕੱਠੇ ਨਹੀਂ ਰਹਿੰਦੇ। ਐਮਰਜੈਂਸੀ ਦੌਰਾਨ ਜਦੋਂ ਇਹ ਲੋਕ ਜੇਲ੍ਹ ਵਿਚ ਸਨ ਤਾਂ ਇਨ੍ਹਾਂ ਨੇ ਇੱਕ ਪਾਰਟੀ ਬਣਾਉਣ ਦਾ ਫੈਸਲਾ ਲੈ ਲਿਆ। ਫਿਰ ਪਾਰਟੀ ਬਣ ਗਈ। ਮੋਰਾਰਜੀ ਡਿਸਾਈ ਦੀ ਅਗਵਾਈ ਹੇਠ ਸਰਕਾਰ ਬਣਾ ਲਈ, ਪਰ ਪੌਣੇ ਤਿੰਨ ਸਾਲ ਪੂਰੇ ਨਾ ਕਰ ਸਕੇ ਤੇ ਸੱਤਾ ਦੀ ਕਮਾਨ ਫਿਰ ਇੰਦਰਾ ਗਾਂਧੀ ਦੇ ਹੱਥ ਆ ਗਈ। ਇੰਦਰਾ ਗਾਂਧੀ ਦੇ ਪਿੱਛੋਂ ਉਸ ਦੇ ਪੁੱਤਰ ਰਾਜੀਵ ਗਾਂਧੀ ਦੇ ਵਿਰੁਧ ਇੱਕ ਵਾਰ ਫਿਰ ਇਹ ਲੋਕ ਜੁੜੇ ਤਾਂ ਜਨਤਾ ਦਲ ਬਣਾ ਕੇ ਲੋਕ ਸਭਾ ਅੰਦਰ ਸਭ ਤੋਂ ਵੱਡੀ ਧਿਰ ਬਣ ਗਏ ਅਤੇ ਰਾਜਾ ਵੀ ਪੀ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾ ਲਈ, ਜਿਹੜੀ ਮਸਾਂ ਗਿਆਰਾਂ ਮਹੀਨੇ ਚੱਲੀ ਅਤੇ ਟੁੱਟ ਗਈ। ਇਹ ਫਿਰ ਵੱਖੋ-ਵੱਖ ਰਾਹਾਂ ਉਤੇ ਚੱਲ ਪਏ। ਦੇਵਗੌੜਾ ਤੇ ਗੁਜਰਾਲ ਸਰਕਾਰਾਂ ਦੇ ਬਾਅਦ ਫਿਰ ਇਹ ਇਕੱਠੇ ਨਹੀਂ ਰਹਿ ਸਕੇ ਅਤੇ ਵੱਖੋ-ਵੱਖ ਚੱਲਦਿਆਂ ਨੇ ਕਈ ਸਾਲ ਲੰਘਾ ਦਿੱਤੇ। ਹੁਣ ਜਦੋਂ ਇਹ ਫਿਰ ਇਕੱਠੇ ਹੋਣ ਲੱਗੇ ਹਨ, ਦੋਵੇਂ ਵੱਡੀਆਂ ਪਾਰਟੀਆਂ ਨੇ ਇਸ ਧੜੇ ਨੂੰ ‘ਭਾਨਮਤੀ ਦਾ ਕੁਨਬਾ’ ਕਹਿ ਕੇ ਮਜ਼ਾਕ ਉਡਾਇਆ ਹੈ ਤੇ ਇਹ ਵੀ ਆਖਿਆ ਹੈ ਕਿ ਇਹ ਪਾਰਟੀ ਚੱਲ ਨਹੀਂ ਸਕਣੀ। ਜੇ ਏਨਾ ਯਕੀਨ ਹੈ ਕਿ ਇਸ ਪਾਰਟੀ ਨੇ ਚੱਲ ਨਹੀਂ ਸਕਣਾ ਤਾਂ ਉਨ੍ਹਾਂ ਨੂੰ ਖੇਡਾਂ ਖੇਡ ਲੈਣ ਦੇਣ, ਭਾਜਪਾ ਤੇ ਕਾਂਗਰਸ- ਦੋਵੇਂ ਧਿਰਾਂ ਵਾਲੇ ਆਗੂ ਇੱਕੋ ਸੁਰ ਵਿਚ ਚੀਕ-ਚਿਹਾੜਾ ਕਿਉਂ ਪਾਈ ਜਾਂਦੇ ਹਨ?
ਇਸ ਦਾ ਵੀ ਕਾਰਨ ਹੈ। ਹੁਣ ਜੁੜਦੇ ਫਿਰਦੇ ਇਹ ਧੜੇ ਐਮਰਜੈਂਸੀ ਤੋਂ ਬਾਅਦ ਜਦੋਂ ਇਕੱਠੇ ਹੋਏ ਸਨ ਤਾਂ ਇੰਦਰਾ ਗਾਂਧੀ ਨੂੰ ਰਾਜ ਮਹਿਲਾਂ ਤੋਂ ਨਿਕਲਣਾ ਪੈ ਗਿਆ ਸੀ। ਫਿਰ ਇਹ ਬੋਫੋਰਜ਼ ਤੋਪ ਸੌਦੇ ਦੇ ਰੌਲੇ ਦੌਰਾਨ ਇਕੱਠੇ ਹੋਏ ਤਾਂ ਰਾਜੀਵ ਗਾਂਧੀ ਨੂੰ ਸੜਕ ਸਵਾਰ ਹੋਣਾ ਪਿਆ ਸੀ। ਤੀਸਰੀ ਵਾਰੀ ਇਹ ਸਾਰੇ ਜਦੋਂ ਇਕੱਠੇ ਹੋਏ ਤਾਂ ਸਭ ਤੋਂ ਵੱਡੀ ਪਾਰਟੀ ਦੇ ਆਗੂ ਵਜੋਂ ਸਰਕਾਰ ਬਣਾ ਚੁੱਕੇ ਅਟਲ ਬਿਹਾਰੀ ਵਾਜਪਾਈ ਨੂੰ ਲੋਕ ਸਭਾ ਤੋਂ ਭਰੋਸੇ ਦੇ ਮਤੇ ਦੀ ਬਹਿਸ ਦੇ ਬਾਅਦ ਵੋਟਾਂ ਦਾ ਸਾਹਮਣਾ ਕਰਨ ਦੀ ਥਾਂ ਅਸਤੀਫਾ ਦੇਣ ਲਈ ਰਾਸ਼ਟਰਪਤੀ ਭਵਨ ਵੱਲ ਭੱਜਣਾ ਪਿਆ ਸੀ। ਕਿਹਾ ਤਾਂ ਅਟਲ ਬਿਹਾਰੀ ਵਾਜਪਾਈ ਨੇ ਇਹ ਸੀ ਕਿ ਮੈਂ ਸੱਤਾ ਦਾ ਭੁੱਖਾ ਨਹੀਂ, ਪਰ ਇਹ ਗੱਲ ਵੀ ਬਾਹਰ ਆ ਗਈ ਸੀ ਕਿ ਆਖਰੀ ਵੇਲੇ ਤੱਕ ਵਾਜਪਾਈ ਦੇ ਦੂਤ ਤੀਸਰੀ ਧਿਰ ਦੇ ਕੁਝ ਛੋਟੇ ਗਰੁਪਾਂ ਨੂੰ ਖਿੱਚਣ ਲਈ ਸਰਗਰਮੀ ਕਰਦੇ ਰਹੇ ਸਨ। ‘ਅੰਗੂਰ ਖੱਟੇ’ ਨਿਕਲੇ ਤਾਂ ਕਹਿ ਦਿੱਤਾ ਕਿ ਮੈਂ ਸੱਤਾ ਦਾ ਭੁੱਖਾ ਨਹੀਂ। ਪਿਛਲਾ ਸਾਰਾ ਤਜਰਬਾ ਦੇਸ਼ ਦੇ ਲੋਕਾਂ ਨੂੰ ਯਾਦ ਹੋਵੇ ਜਾਂ ਨਾ, ਕਾਂਗਰਸ ਪਾਰਟੀ ਤੇ ਭਾਜਪਾ ਨੂੰ ਯਾਦ ਹੈ ਤੇ ਸਿਰਫ ਏਨਾ ਹੀ ਯਾਦ ਨਹੀਂ ਕਿ ਇਹ ਲੋਕ ਆਪੋ ਵਿਚ ਨਿਭਾਅ ਨਹੀਂ ਸਕਦੇ, ਸਗੋਂ ਇਹ ਵੀ ਯਾਦ ਹੈ ਕਿ ਜਦੋਂ ਇਹ ਜੁੜ ਜਾਣ ਤਾਂ ਕਾਂਗਰਸ ਤੇ ਭਾਜਪਾ- ਦੋਵਾਂ ਨੂੰ ਸੱਤਾ ਤੋਂ ਪਾਸੇ ਹਟਣਾ ਪੈ ਜਾਂਦਾ ਹੈ। ਇਹੋ ਖਤਰਾ ਉਹ ਦੋਵੇਂ ਧਿਰਾਂ ਵਾਲੇ ਹੁਣ ਵੀ ਮਹਿਸੂਸ ਕਰਦੇ ਹਨ।
ਅਸੀਂ ਮੁਲਾਇਮ ਸਿੰਘ ਦੀ ਨੀਤ ਤੇ ਨੀਤੀ- ਦੋਵਾਂ ਨੂੰ ਕਦੇ ਠੀਕ ਨਹੀਂ ਕਿਹਾ, ਤੇ ਕਹਿਣ ਵਾਲੇ ਵੀ ਨਹੀਂ, ਪਰ ਜਿਹੋ ਜਿਹੇ ਹਾਲਾਤ ਹੁਣ ਇਸ ਦੇਸ਼ ਵਿਚ ਬਣੀ ਜਾਂਦੇ ਹਨ, ਉਹ ਨੋਟ ਕਰਨੇ ਪੈਣਗੇ। ਇੱਕ ਤਾਂ ਕਾਗਰਸ ਲੀਡਰਸ਼ਿਪ ਨੂੰ ਅਜੇ ਤੱਕ ਰਾਹੁਲ ਗਾਂਧੀ ਤੋਂ ਬਿਨਾ ਕੋਈ ਲੀਡਰ ਨਹੀਂ ਲੱਭਦਾ ਤੇ ਰਾਹੁਲ ਨੂੰ ਰਾਜਨੀਤੀ ਦੀ ਸੂਝ ਨਹੀਂ। ਸੋਨੀਆ ਗਾਂਧੀ ਦੇ ਦਰਬਾਰ ਵਿਚ ਉਸ ਦੇ ਦਰਬਾਰੀ ਆਪੋ ਵਿਚ ਭਿੜੀ ਜਾਂਦੇ ਹਨ। ਕਾਂਗਰਸ ਪਾਰਟੀ ਦੇ ਅੱਧੇ ਤੋਂ ਵੱਧ ਆਗੂ ਭਾਜਪਾ ਦੇ ਹੱਥੀਂ ਚੜ੍ਹੇ ਹੋਏ ਸੁਣੇ ਜਾਂਦੇ ਹਨ। ਦੂਸਰੇ ਪਾਸੇ ਭਾਜਪਾ ਸਰਕਾਰ ਵੀ ਉਤਲੇ ਪ੍ਰਭਾਵ ਦੇ ਆਸਰੇ ਹਵਾਈ ਗੁਬਾਰੇ ਉਡਾਈ ਜਾਂਦੀ ਹੈ, ਅੰਦਰੋਂ ਇਹ ਤੇਜ਼ੀ ਨਾਲ ਬਦਰੰਗ ਹੋ ਰਹੀ ਹੈ। ਕਾਲਾ ਧਨ ਵਾਪਸ ਲਿਆਉਣ ਸਣੇ ਕਈ ਮਾਮਲਿਆਂ ਵਿਚ ਜਦੋਂ ਇਸ ਦੇ ਆਗੂ ਫਸ ਜਾਂਦੇ ਹਨ ਤਾਂ ਇਹ ਕਹਿ ਕੇ ਪਿੱਛਾ ਛੁਡਾਉਂਦੇ ਹਨ ਕਿ ਨਰਿੰਦਰ ਮੋਦੀ ਸਰਕਾਰ ਦਾ ਡੰਕਾ ਸੰਸਾਰ ਭਰ ਵਿਚ ਵੱਜ ਰਿਹਾ ਹੈ। ਇਹ ਪ੍ਰਭਾਵ ਵੀ ਬਹੁਤੇ ਦਿਨ ਨਹੀਂ ਰਹਿਣਾ। ਐਟਮੀ ਸਮਝੌਤੇ ਨੂੰ ਜਦੋਂ ਮਨਮੋਹਨ ਸਿੰਘ ਦੀ ਸਰਕਾਰ ਨੇ ਕਾਨੂੰਨੀ ਸ਼ਕਲ ਦੇਣੀ ਸੀ, ਜਿਹੜੀ ਮੱਦ ਉਸ ਵਿਚ ਸ਼ਾਮਲ ਕਰਨ ਲਈ ਉਦੋਂ ਭਾਜਪਾ ਵਾਲਿਆਂ ਨੇ ਆਪ ਜ਼ੋਰ ਪਾਇਆ ਸੀ, ਨਰਿੰਦਰ ਮੋਦੀ ਨਾਲ ਨੇੜਤਾ ਦੇ ਵਿਖਾਵੇ ਕਰਨ ਵਾਲੇ ਬਰਾਕ ਓਬਾਮਾ ਨੇ ਉਹੋ ਮੱਦ ਕੱਢਣ ਲਈ ਹੁਣ ਭਾਜਪਾ ਦੀ ਬਾਂਹ ਨੂੰ ਮਰੋੜਾ ਚਾੜ੍ਹ ਦਿੱਤਾ ਹੈ। ਜਾਪਾਨ ਨੇ ਵੀ ਬੜਾ ਨਿੱਘ ਵਿਖਾਇਆ ਤਾਂ ਕਿਹਾ ਗਿਆ ਸੀ ਕਿ ਉਹ ਐਨੇ ਪ੍ਰਾਜੈਕਟ ਦੇਣ ਵਾਲਾ ਹੈ। ਹੁਣ ਇਹ ਭੇਦ ਖੁੱਲ੍ਹਾ ਹੈ ਕਿ ਮੋਦੀ ਦੇ ਨੇੜ ਵਾਲਾ ਜਾਪਾਨ ਵੀ ਕੁਝ ਪ੍ਰਾਜੈਕਟਾਂ ਵਿਚੋਂ ਪੈਰ ਖਿੱਚ ਰਿਹਾ ਹੈ। ਲਾਰਿਆਂ ਦੇ ਲਾਲੀਪਾਪ ਪੇਸ਼ ਕਰਨ ਵਿਚ ਨਰਿੰਦਰ ਮੋਦੀ ਦਾ ਸਾਨੀ ਨਹੀਂ ਲੱਭਦਾ, ਪਰ ਇਹ ਖੇਡ ਲੰਮਾ ਚਿਰ ਨਹੀਂ ਚੱਲ ਸਕਣੀ। ਨਵਾਂ ਗਠਜੋੜ ਬਣ ਨਹੀਂ ਗਿਆ, ਇਸ ਦੀ ਹਾਲੇ ਪਹਿਲੀ ਮੀਟਿੰਗ ਹੋਈ ਹੈ, ਪਰ ਚਿੰਤਾ ਇਸ ਗੱਲ ਤੋਂ ਹੋ ਗਈ ਹੈ ਕਿ ਮੋਦੀ ਦੇ ਰਾਜ ਦੀ ਕਚਿਆਈ ਗਲੀ-ਗਲੀ ਘੁੰਮਦੀ ਜਿਸ ਦਿਨ ਖੁੰਢਾਂ ਉਤੇ ਬੈਠੇ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਨ ਲੱਗੀ, ਉਸ ਦਿਨ ਲੋਕ ਫਿਰ ਕੋਈ ਬਦਲ ਲੱਭਣ ਤੁਰ ਸਕਦੇ ਹਨ। ਇਸ ਨੂੰ ਕਾਂਗਰਸ ਤੇ ਭਾਜਪਾ ਦੇ ਆਗੂਆਂ ਦੀ ਦੂਰ-ਦ੍ਰਿਸ਼ਟੀ ਕਹੋ ਜਾਂ ਵੇਲਾ ਆਉਣ ਤੋਂ ਪਹਿਲਾਂ ਦੀ ਘਬਰਾਹਟ ਮੰਨ ਲਵੋ, ਦੋਵਾਂ ਧਿਰਾਂ ਦੇ ਆਗੂਆਂ ਤੋਂ ਇਹ ਚਿੰਤਾ ਲੁਕਾਈ ਨਹੀਂ ਜਾ ਸਕੀ।