ਮਾਲਵੇ ‘ਚ ਕੈਂਸਰ ਨੇ ਢਾਹਿਆ ਕਹਿਰ, ਸਰਕਾਰ ਖਾਮੋਸ਼

ਚੰਡੀਗੜ੍ਹ: ਪੰਜਾਬ ਵਿਚ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਪੈਰ ਪਸਾਰ ਲਏ ਹਨ। ਖਾਸਕਰ ਮਾਲਵਾ ਖੇਤਰ ਵਿਚ ਵੱਡੀ ਗਿਣਤੀ ਲੋਕ ਕੈਂਸਰ ਦੇ ਸ਼ਿਕਾਰ ਹਨ। ਮਾਲਵਾ ਖੇਤਰ ਦੇ ਮੋਗਾ ਜਿਲ਼੍ਹਾ ਦੇ ਪਿੰਡ ਮਾੜੀ ਮੁਸਤਫਾ ਵਿਚ ਕੈਂਸਰ ਨਾਲ ਦੋ ਸਾਲਾਂ ਵਿਚ ਤਕਰੀਬਨ 100 ਮੌਤਾਂ ਹੋ ਚੁਕੀਆਂ ਹਨ ਤੇ ਇਸ ਤੋਂ ਵੱਧ ਲੋਕ ਇਸ ਬਿਮਾਰੀ ਦੀ ਸਾਹਮਣਾ ਕਰ ਰਹੀ ਹੈ।

ਮਹਿੰਗੇ ਇਲਾਜ ਕਾਰਨ ਪੀੜਤਾਂ ਦੇ ਘਰ ਤੇ ਜ਼ਮੀਨਾਂ ਵੀ ਵਿਕ ਗਈਆਂ ਹਨ।
ਇਸ ਖਿੱਤੇ ਵਿਚ ਕੈਂਸਰ ਦੇ ਕਹਿਰ ਦਾ ਮੁੱਖ ਕਾਰਨ ਜ਼ਹਿਰੀਲਾ ਪਾਣੀ ਮੰਨਿਆ ਜਾ ਰਿਹਾ ਹੈ। ਜਰਮਨ ਦੀ ਇਕ ਲਬਾਰਟਰੀ ਮਾਈਕਰੋਟਰੇਸ ਮਿਨਰਲ ਵੱਲੋਂ ਖੇਤੀ ਵਿਰਾਸਤ ਨਾਲ ਮਿਲ ਕੇ ਕੈਂਸਰ ਤੋਂ ਪੀੜਤ ਤੇ ਸਿਹਤਮੰਦ ਲੋਕਾਂ ਦੇ ਨੰਹੁ ਤੇ ਵਾਲਾਂ ‘ਤੇ ਕੀਤੀ ਗਈ ਟੈਸਟ ਵਿਧੀ ਖੋਜ ਤੋਂ ਸਾਹਮਣੇ ਆਇਆ ਹੈ ਕਿ ਯੂਰੇਨੀਅਮ ਸਮੇਤ ਭਾਰੀ ਧਾਤਾਂ ਦੀ ਬਹੁਤਾਤ ਮਲਵਈਆਂ ਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਰਹੀ ਹੈ।
ਇਨ੍ਹਾਂ ਦੀ ਮਨੁੱਖੀ ਸ਼ਰੀਰ ਵਿਚ ਤੈਅਸ਼ੁਦਾ ਮਾਤਰਾ ਨਾਲੋ ਵੱਧ ਮਿਕਦਾਰ ਕੈਂਸਰ ਦਾ ਕਾਰਨ ਬਣ ਕੇ ਉਭਰ ਰਹੀ ਹੈ। ਇਸ ਖੋਜ ਲਈ ਨਮੂਨੇ ਬਠਿੰਡਾ ਤੇ ਸ੍ਰੀ ਮੁਕਤਸਰ ਸਾਹਿਬ ਦੇ 12 ਪਿੰਡਾਂ ਤੇ ਫਰੀਦਕੋਟ ਸ਼ਹਿਰ ਵਿਚੋਂ ਲਏ ਗਏ ਸਨ ਜਿਨ੍ਹਾਂ ਦੇ ਅਧਾਰ ‘ਤੇ ਅੱਗੇ ਖੋਜ ਕੀਤੀ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਯੂਰਪੀਅਨਾਂ ਦੇ ਮੁਕਾਬਲੇ ਮਲਵੱਈਆਂ ਵਿਚ ਭਾਰੀ ਧਾਤਾਂ ਕਾਰਨ 23 ਫ਼ੀਸਦੀ ਵੱਧ ਛਾਤੀ ਦੇ ਕੈਂਸਰ ਫਿਰ ਯੂਟਰਾਈਨ ਤੇ ਖਾਣੇ ਵਾਲੀ ਨਲੀ ਵਿਚ ਵੱਧ ਪਾਇਆ ਗਿਆ ਹੈ।
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਨੇ ਕੈਂਸਰ ਦੇ ਸਸਤੇ ਇਲਾਜ ਦੇ ਨਾਂ ‘ਤੇ ਪੰਜਾਬ ਦੇ 15 ਨਿੱਜੀ ਹਸਪਤਾਲਾਂ ਨੂੰ ਆਪਣੀ ਸੂਚੀ ਵਿਚ ਸ਼ਾਮਲ ਕੀਤਾ ਹੋਇਆ ਹੈ, ਪਰ ਵਾਰ-ਵਾਰ ਸਾਹਮਣੇ ਆ ਰਹੇ ਮਾਮਲਿਆਂ ਨੂੰ ਦੇਖੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਨ੍ਹਾਂ ਹਸਪਤਾਲਾਂ ਦਾ ਸਾਰਾ ਧਿਆਨ ਕੈਂਸਰ ਮਰੀਜ਼ਾਂ ਲਈ ਪ੍ਰਵਾਨ ਹੋਣ ਵਾਲੀ ਡੇਢ-ਡੇਢ ਲੱਖ ਰੁਪਏ ਸਰਕਾਰੀ ਰਾਸ਼ੀ ‘ਤੇ ਹੁੰਦਾ ਹੈ, ਜੋਕਿ ਹਸਪਤਾਲਾਂ ਨੂੰ ਸਰਕਾਰ ਤੋਂ ਮਿਲਣੀ ਹੁੰਦੀ ਹੈ। ਮਰੀਜ਼ ਕੈਂਸਰ ਦੀ ਮਾਰ ਕਾਰਨ ਮਾਨਸਿਕ ਤੇ ਸਰੀਰਕ ਪੱਖੋਂ ਐਨੇ ਝੰਬੇ ਗਏ ਹੁੰਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਹਸਪਤਾਲਾਂ ਵਿਚ ਮਰੀਜ਼ਾਂ ਦੇ ਹੋਣ ਵਾਲੇ ਕੈਂਸਰ ਟੈਸਟਾਂ/ਇਲਾਜ ਬਾਰੇ ਕੋਈ ਥਹੁ ਪਤਾ ਨਹੀਂ ਹੁੰਦਾ।
ਇਸ ਬਾਰੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਮੇਂ ਦੌਰਾਨ ਫਰੀਦਕੋਟ ਹਸਪਤਾਲ ਤੋਂ ਕੈਂਸਰ ਮਰੀਜ਼ਾਂ ਦੇ ਇਲਾਜ ਲਈ ਆਈ ਰਾਸ਼ੀ ਬਾਰੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਵੇਰਵੇ ਵੀ ਮੰਗੇ ਸਨ, ਜਿਨ੍ਹਾਂ ਵਿਚ ਸਾਹਮਣੇ ਆਇਆ ਕਿ ਸੈਂਕੜੇ ਮਰੀਜ਼ਾਂ ਤੱਕ ਤਕਰੀਬਨ ਸੱਤ ਕਰੋੜ ਰੁਪਏ ਰਾਹਤ ਰਾਸ਼ੀ ਨਹੀਂ ਪਹੁੰਚੀ ਤੇ ਇਹ ਵੀ ਨਹੀਂ ਪਤਾ ਕਿ ਉਹ ਰਾਸ਼ੀ ਕਿੱਥੇ ਗਈ।
ਰਾਹਤ ਫੰਡ ਲਈ ਜੱਦੋਜਹਿਦ ਕਰ ਰਹੇ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਤਾਂ ਮੌਤ ਹੋ ਚੁੱਕੀ ਹੈ ਪਰ ਸਰਕਾਰੀ ਕੈਂਸਰ ਰਾਹਤ ਫੰਡ ਵਿਚੋਂ ਇਕ ਪਾਈ ਵੀ ਨਹੀਂ ਮਿਲੀ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸਦੇ ਪਰਿਵਾਰ ਦੀਆਂ ਦੋ ਮਹਿਲਾਵਾਂ ਨੂੰ ਕੈਂਸਰ ਹੋ ਗਿਆ, ਜਿਨ੍ਹਾਂ ਦਾ ਇਲਾਜ ਉਪਰੋਕਤ ਹਸਪਤਾਲ ਵਿਚ ਸ਼ੁਰੂ ਹੋਇਆ, ਪਹਿਲੀ ਕੈਂਸਰ ਪੀੜਿਤ ਮਹਿਲਾ ਲਈ ਕੈਂਸਰ ਰਾਹਤ ਫੰਡ ਵਿਚੋਂ ਡੇਢ ਲੱਖ ਰੁਪਏ ਤੇ ਦੂਜੀ ਮਹਿਲਾ ਲਈ 70 ਹਜ਼ਾਰ ਰੁਪਏ ਪ੍ਰਵਾਨ ਹੋਏ ਸਨ ਤੇ ਹਸਪਤਾਲ ਕੋਲ ਪਹੁੰਚ ਗਏ ਸਨ, ਪਰ ਹਸਪਤਾਲ ਨੇ ਦੋਵਾਂ ਮਹਿਲਾਵਾਂ ਨੂੰ ਇਲਾਜ/ਟੈਸਟਾਂ ਬਾਰੇ ਬਿੱਲ ਸੌਂਪਣ ਲਈ ਕਿਹਾ। ਮਹਿਲਾਵਾਂ ਨੇ ਬਿੱਲ ਸੌਂਪ ਦਿੱਤੇ, ਜੋਕਿ ਪ੍ਰਵਾਨ ਹੋਣ ਲਈ ਚੰਡੀਗੜ੍ਹ ਆਏ ਤੇ ਇਹ ਪ੍ਰਕਿਰਿਆ ਐਨੀ ਲੰਬੀ ਚਲੀ ਗਈ ਕਿ ਇਸੇ ਦੌਰਾਨ ਉਨ੍ਹਾਂ ਵਿਚੋਂ ਇਕ ਕੈਂਸਰ ਪੀੜਤ ਮਹਿਲਾ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਨੇ ਦੱਸਿਆ ਕਿ ਕੈਂਸਰ ਰਾਹਤ ਕੋਸ਼ ਵਿਚਲੀ ਰਕਮ ‘ਤੇ ਦਾਅਵਾ ਕਰਦਿਆਂ ਉਸ ਨੇ ਤਿੰਨ ਹਜ਼ਾਰ ਰੁਪਏ ਦਾ ਬਿੱਲ ਉਪਰੋਕਤ ਹਸਪਤਾਲ ਨੂੰ ਭੇਜਿਆ। ਉਹ ਲੁਧਿਆਣੇ ਰਹਿੰਦਾ ਹੈ ਤੇ ਰਾਸ਼ੀ ਪ੍ਰਵਾਨ ਕਰਨ ਦੀ ਪ੍ਰਕ੍ਰਿਆ ਤਹਿਤ ਉਸ ਨੂੰ ਸਿਰਫ ਤਿੰਨ ਹਜ਼ਾਰ ਰੁਪਏ ਦੇ ਬਿੱਲ ਲਈ ਹੀ ਵਾਰ-ਵਾਰ ਹਸਪਤਾਲ ਫਰੀਦਕੋਟ ਸੱਦਿਆ ਗਿਆ, ਤੰਗ ਆ ਕੇ ਉਸ ਨੇ ਰਾਹਤ ਰਾਸ਼ੀ ਲੈਣ ਤੋਂ ਕਿਨਾਰਾ ਕਰ ਲਿਆ।
ਸੂਤਰਾਂ ਦਾ ਕਹਿਣਾ ਹੈ ਕਿ ਮਸਲਾ ਸਿਰਫ ਇਸ ਇਕ ਹਸਪਤਾਲ ਦਾ ਨਹੀਂ, ਬਲਕਿ ਪੂਰੇ ਪੰਜਾਬ ਵਿਚ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿਚ ਸਰਕਾਰ ਦੇ ਕੈਂਸਰ ਰਾਹਤ ਫੰਡ ਦੀ ਰਾਸ਼ੀ ਵੱਡੇ ਵਿੱਤੀ ਹੇਰਫੇਰ ਦੀ ਭੇਂਟ ਚੜ੍ਹ ਰਹੀ ਹੈ, ਪਰ ਪੰਜਾਬ ਸਰਕਾਰ ਵੱਲੋਂ ਅੱਜ ਤੱਕ ਇਕ ਵੀ ਹਸਪਤਾਲ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਜੇਕਰ ਹਰ ਮਰੀਜ਼ ਲਈ ਡੇਢ-ਡੇਢ ਲੱਖ ਰੁਪਏ ਪ੍ਰਵਾਨ ਹੋਏ ਸਨ ਤਾਂ ਮਿਲੇ ਕਿਉਂ ਨਹੀਂ।
_____________________________________________________
ਰਾਹਤ ਫੰਡਾਂ ਨੇ ਸਿਰਫ ਅਫਸਰਸ਼ਾਹੀ ਦਾ ਢਿੱਡ ਭਰਿਆ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤਾਂ ਦੀ ਸਹਾਇਤਾ ਲਈ ਭਾਵੇਂ ਫੰਡ ਕਾਇਮ ਕੀਤੇ ਹੋਏ ਹਨ ਪਰ ਇਹ ਫੰਡ ਸਿਰਫ ਅਫਸਰਸ਼ਾਹੀ ਦਾ ਹੀ ਢਿੱਡ ਭਰ ਰਹੇ ਹਨ।
ਸੂਬੇ ਵਿਚ ਸਰਕਾਰੀ ਕੈਂਸਰ ਰਾਹਤ ਫੰਡਾਂ ਨੂੰ ਉਡੀਕਦੇ-ਉਡੀਕਦੇ 500 ਮਰੀਜ਼ਾਂ ਦੀ ਮੌਤ ਹੋ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਹ ਉਹ ਮਰੀਜ਼ ਸਨ, ਜਿਨ੍ਹਾਂ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਵਿਚੋਂ ਕਰੋੜਾਂ ਰੁਪਏ ਰਕਮ ਪ੍ਰਵਾਨ ਤਾਂ ਹੋ ਗਈ ਸੀ ਪਰ ਉਨ੍ਹਾਂ ਤੱਕ ਇਕ ਰੁਪਈਆ ਵੀ ਨਹੀਂ ਪਹੁੰਚਿਆ। 15 ਨਵੰਬਰ 2011 ਤੋਂ ਮਈ 2014 ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਨੂੰ 2950 ਕੈਂਸਰ ਮਰੀਜ਼ਾਂ ਲਈ ਤਕਰੀਬਨ 32 ਕਰੋੜ ਰੁਪਏ ਪ੍ਰਵਾਨ ਹੋ ਕੇ ਆਏ ਸਨ ਪਰ ਉਨ੍ਹਾਂ ਵਿਚੋਂ ਸਿਰਫ ਚਾਰ ਕਰੋੜ ਰੁਪਏ ਹੀ ਕੈਂਸਰ ਮਰੀਜ਼ਾਂ ਤੱਕ ਪਹੁੰਚੇ, ਜਦਕਿ ਉਨ੍ਹਾਂ ਵਿਚੋਂ ਤਕਰੀਬਨ 637 ਕੈਂਸਰ ਮਰੀਜ਼ਾਂ ਨੂੰ ਇਕ ਰੁਪਈਆ ਵੀ ਨਹੀਂ ਮਿਲਿਆ। ਇਨ੍ਹਾਂ ਵਿਚੋਂ ਤਕਰੀਬਨ 500 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।
__________________________________________________
ਸਰਕਾਰ ਕੈਂਸਰ ਦੇ ਟਾਕਰੇ ਲਈ ਦ੍ਰਿੜ੍ਹ: ਬਾਦਲ
ਚੰਡੀਗੜ੍ਹ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸੂਬੇ ਵਿਚੋਂ ਕੈਂਸਰ ਦੇ ਖਾਤਮੇ ਲਈ ਪੰਜਾਬ ਸਰਕਾਰ ਗੰਭੀਰਤਾ ਨਾਲ ਉਪਰਾਲੇ ਕਰ ਰਹੀ ਹੈ ਤੇ ਮੁੱਲਾਂਪੁਰ ਵਿਖੇ ਬਣ ਰਿਹਾ ਹੋਮੀ ਭਾਬਾ ਕੈਂਸਰ ਹਸਪਤਾਲ ਇਸੇ ਕੜੀ ਦਾ ਨਤੀਜਾ ਹੈ। ਸੂਬਾ ਸਰਕਾਰ ਨੇ ਅੰਮ੍ਰਿਤਸਰ, ਫ਼ਰੀਦਕੋਟ ਤੇ ਪਟਿਆਲਾ ਵਿਖੇ ਸਥਿਤ ਸਰਕਾਰੀ ਮੈਡੀਕਲ ਕਾਲਜਾਂ ਵਿਚ ਕੈਂਸਰ ਨਾਲ ਪੀੜਤ ਵਿਅਕਤੀਆਂ ਦੇ ਇਲਾਜ ਲਈ ਖਾਸ ਉਪਰਾਲੇ ਕੀਤੇ ਹਨ ਤੇ ਇਸੇ ਤਰ੍ਹਾਂ ਬਠਿੰਡਾ ਤੇ ਸੰਗਰੁਰ ਵਿਖੇ ਵੀ ਅਤਿ- ਆਧੁਨਿਕ ਸੈਂਟਰ ਉਸਾਰੇ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ Ḕਕੈਸ਼ ਲੈਸ’ ਸਕੀਮ ਵੀ ਸ਼ੁਰੂ ਕੀਤੀ ਹੈ ਤੇ ਨਾਲ ਹੀ ਕੈਂਸਰ ਪੀੜਤਾਂ ਨੂੰ ਸਸਤੇ ਭਾਅ ‘ਤੇ ਦਵਾਈਆਂ ਮੁਹੱਈਆ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।