ਪੰਜਾਬ ਵਿਚ ਸਿਹਤ ਸਹੂਲਤਾਂ ਦੀ ਸਿਹਤ ਹੋਈ ਖਰਾਬ

ਚੰਡੀਗੜ੍ਹ: ਪੰਜਾਬ ਵਿਚ ਸਿਹਤ ਸੇਵਾਵਾਂ ਦਾ ਕੰਮ ਲੀਹੋਂ ਲੱਥ ਗਿਆ ਹੈ ਤੇ ਮਾੜੀ ਆਰਥਿਕ ਹਾਲਤ ਨੂੰ ਵੇਖਦੇ ਹੋਏ ਸਰਕਾਰ ਹੁਣ ਦਿਨ ਕਟੀ ਵਾਲੀ ਨੀਤੀ ਨੂੰ ਪਹਿਲ ਦੇ ਰਹੀ ਹੈ। ਸਰਕਾਰੀ ਹਸਪਤਾਲਾਂ ਵਿਚ ਜਿਥੇ ਮੁਫਤ ਦਵਾਈਆਂ ਵਾਲੀ ਸਹੂਲਤ ਨਾ ਬਰਾਬਰ ਹੈ ਉਥੇ ਸਟਾਫ ਦੀ ਭਾਰੀ ਘਾਟ ਕਾਰਨ ਮਰੀਜ਼ ਪ੍ਰਾਈਵੇਟ ਹਸਪਤਾਲ ਵਿਚੋਂ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋ ਗਏ ਹਨ।

ਸਰਕਾਰੀ ਹਸਪਤਾਲਾਂ ਵਿਚ ਤਕਰੀਬਨ 1300 ਸਪੈਸ਼ਲਿਸਟਾਂ ਦੀਆਂ ਅਸਾਮੀਆਂ ਖਾਲੀ ਹਨ ਜਦੋਂਕਿ ਤਿੰਨ ਹਜ਼ਾਰ ਤੋਂ ਵੱਧ ਹੋਰ ਐਮæਬੀæਬੀæਐਸ਼ ਡਾਕਟਰ ਤੇ 10,000 ਤੋਂ ਵੱਧ ਪੈਰਾ-ਮੈਡੀਕਲ ਕਾਮਿਆਂ ਦੀ ਜ਼ਰੂਰਤ ਹੈ।
ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਪੇਂਡੂ ਖੇਤਰਾਂ ਦੀਆਂ ਤਕਰੀਬਨ 150 ਸਿਹਤ ਸੰਸਥਾਵਾਂ ਵਿਚੋਂ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਹੀ ਖ਼ਤਮ ਕਰ ਦਿੱਤੀਆਂ ਹਨ ਜਿਸ ਕਾਰਨ ਸਬ-ਡਵੀਜ਼ਨ ਤੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਵਿਚ ਮਰੀਜ਼ਾਂ ਦੀ ਗਿਣਤੀ ਵਧ ਗਈ ਹੈ ਜਿਸ ਨੂੰ ਕੰਟਰੋਲ ਕਰਨਾ ਉਥੋਂ ਦੇ ਸੀਮਿਤ ਸਟਾਫ਼ ਦੇ ਵੱਸ ਦਾ ਰੋਗ ਨਹੀਂ ਰਿਹਾ। ਜੱਚਾ-ਬੱਚਾ ਸੇਵਾਵਾਂ 24 ਘੰਟੇ ਪ੍ਰਦਾਨ ਕਰਨ ਲਈ ਹਰ ਹਸਪਤਾਲ ਵਿਚ ਅੱਠ-ਅੱਠ ਘੰਟੇ ਦੀ ਡਿਊਟੀ ਲਈ ਤਿੰਨ ਗਾਇਨਕਾਲੋਜਿਸਟ, ਤਿੰਨ ਬੱਚਿਆਂ ਦੇ ਮਾਹਿਰ ਤੇ ਤਿੰਨ ਐਨਸਥੀਸੀਆ ਮਾਹਿਰਾਂ ਦੀ ਜ਼ਰੂਰਤ ਹੈ ਜਦੋਂਕਿ ਮੌਜੂਦਾ ਹਾਲਤਾਂ ਵਿਚ ਸਿਰਫ਼ ਇਕ ਹੀ ਡਾਕਟਰ ਨੂੰ ਐਮਰਜੈਂਸੀ ਸੇਵਾਵਾਂ ਚਲਾਉਣ ਲਈ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ।
ਇਹੀ ਹਾਲ ਪੈਰਾ-ਮੈਡੀਕਲ ਸਟਾਫ਼ ਦਾ ਹੈ। ਸਿਰਫ਼ ਡਾਕਟਰਾਂ ਤੇ ਪੈਰਾ-ਮੈਡੀਕਲ ਸਟਾਫ਼ ਦੀ ਘਾਟ ਹੀ ਨਹੀਂ ਸਗੋਂ ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਬੁਨਿਆਦੀ ਢਾਂਚੇ ਦੀ ਵੀ ਭਾਰੀ ਘਾਟ ਹੈ। ਅਜਿਹੀ ਸਥਿਤੀ ਵਿਚ ਲੋਕਾਂ ਨੂੰ ਚੰਗੀਆਂ ਤਾਂ ਦੂਰ ਦੀ ਗੱਲ, ਲੋੜੀਂਦੀਆਂ ਸਿਹਤ ਸੇਵਾਵਾਂ ਦੇਣੀਆਂ ਵੀ ਸੰਭਵ ਨਹੀਂ ਹਨ। ਪੰਜਾਬ ਦੇ ਸਰਕਾਰੀ ਹਸਪਤਾਲ ਰਾਤ ਵੇਲੇ ਜੱਚਾ-ਬੱਚਾ ਡਾਕਟਰਾਂ ਤੋਂ ਸੱਖਣੇ ਹੁੰਦੇ ਹਨ ਤੇ ਰਾਤ ਵੇਲੇ ਅਣਜਾਨ ਹੱਥਾਂ ਵਿਚ ਬੱਚੇ ਪੈਦਾ ਹੋ ਰਹੇ ਹਨ। ਸਿਹਤ ਵਿਭਾਗ ਵਿਚ ਜੱਚਾ ਤੇ ਬੱਚਾ ਡਾਕਟਰਾਂ ਦੀਆਂ ਮਨਜ਼ੂਰਸ਼ੁਦਾ 249 ਆਸਾਮੀਆਂ ਵਿਚੋਂ 122 ਆਸਾਮੀਆਂ ਖਾਲੀ ਪਈਆਂ ਹਨ। ਔਰਤਾਂ ਦੇ ਰੋਗਾਂ ਦੇ ਮਾਹਿਰ ਕੁੱਲ 127 ਡਾਕਟਰਾਂ ਵਿਚੋਂ ਦੋ ਦਰਜਨ ਤੋਂ ਵੱਧ ਤਾਂ ਡਿਸਪੈਂਸਰੀਆਂ ਵਿਚ ਡੇਰੇ ਲਾਈ ਬੈਠੇ ਹਨ, ਜਦੋਂ ਕਿ ਦੂਜੇ ਪਾਸੇ ਸਿਹਤ ਵਿਭਾਗ ਕੋਲ ਹਸਪਤਾਲਾਂ ਵਿਚ ਰਾਤ ਦੀ ਡਿਊਟੀ ‘ਤੇ ਤਾਇਨਾਤ ਕਰਨ ਲਈ ਡਾਕਟਰਾਂ ਦੀ ਵੱਡੀ ਘਾਟ ਹੈ।
ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਹਰ ਰੋਜ਼ ਇਕ ਹਜ਼ਾਰ ਬੱਚੇ ਜਨਮ ਲੈ ਰਹੇ ਹਨ। ਇਸ ਦੌਰਾਨ ਹਰ ਰੋਜ਼ 200 ਤੋਂ ਵੱਧ ਮਾਵਾਂ ਦਾ ਆਪਰੇਸ਼ਨ ਕਰਨਾ ਪੈ ਰਿਹਾ ਹੈ। ਸਰਕਾਰੀ ਹਸਪਤਾਲਾਂ ਵਿਚ ਹੋਣ ਵਾਲੇ ਜਣੇਪੇ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਜਦੋਂਕਿ ਅੱਧੇ ਦਹਾਕੇ ਤੋਂ ਵੱਧ ਸਮਾਂ ਬੀਤਣ ‘ਤੇ ਵੀ ਸਿਹਤ ਵਿਭਾਗ ਵਿਚ ਮਾਹਿਰ ਡਾਕਟਰਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਸਾਲ 31 ਅਕਤੂਬਰ ਤੱਕ ਸੂਬੇ ਦੇ ਹਸਪਤਾਲਾਂ ਵਿਚ ਇਕ ਲੱਖ ਅੱਠ ਹਜ਼ਾਰ ਬੱਚੇ ਜਨਮ ਲੈ ਚੁੱਕੇ ਹਨ ਜਦੋਂ ਕਿ ਸਾਲ 2007 ਵਿਚ ਇਹ ਗਿਣਤੀ ਸਿਰਫ 40 ਹਜ਼ਾਰ ਹੁੰਦੀ ਸੀ। ਲੰਘੇ ਸਾਲ ਵਿਚ ਇਕ ਲੱਖ 82 ਹਜ਼ਾਰ ਬੱਚੇ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਸਨ। ਇਕ ਵੱਖਰੀ ਜਾਣਕਾਰੀ ਮੁਤਾਬਕ ਇਕ ਹਜ਼ਾਰ ਬੱਚਿਆਂ ਪਿੱਛੇ 52 ਬੱਚੇ ਜਨਮ ਵੇਲੇ ਹੀ ਦਮ ਤੋੜ ਜਾਂਦੇ ਹਨ ਜਦੋਂ ਕਿ ਕੌਮੀ ਪੱਧਰ ‘ਤੇ ਇਹ ਗਿਣਤੀ 44 ਹੈ।
ਸਿਹਤ ਵਿਭਾਗ ਦੀ ਬੇਰੁਖ਼ੀ ਇਥੇ ਹੀ ਖ਼ਤਮ ਨਹੀਂ ਹੋ ਰਹੀ ਹੈ। ਵਿਭਾਗ ਵੱਲੋਂ ਰਾਜ ਦੇ 151 ਕਮਿਊਨਿਟੀ ਹੈਲਥ ਸੈਂਟਰਾਂ ਵਿਚੋਂ ਮਾਹਿਰ ਡਾਕਟਰ ਹਟਾ ਲਏ ਗਏ ਹਨ। ਇਨ੍ਹਾਂ ਵਿਚ ਜੱਚਾ-ਬੱਚਾ ਡਾਕਟਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ 211 ਪ੍ਰਾਇਮਰੀ ਹੈਲਥ ਸੈਂਟਰਾਂ ਵਿਚ ਡਾਕਟਰ ਹੀ ਨਹੀਂ ਹਨ ਤੇ ਆਮ ਜਣੇਪੇ ਦੀ ਜ਼ਿੰਮੇਵਾਰੀ ਸਟਾਫ ਨਰਸਾਂ ਨੂੰ ਦਿੱਤੀ ਗਈ ਹੈ। ਇਹੋ ਵਜ੍ਹਾ ਹੈ ਕਿ ਕਮਿਊਨਿਟੀ ਹੈਲਥ ਸੈਂਟਰ ਤੇ ਪ੍ਰਾਈਮਰੀ ਹੈਲਥ ਸੈਂਟਰ ਸਿਰਫ ਕੇਸ ਰੈਫ਼ਰ ਕਰਨ ਦਾ ਜ਼ਰੀਆ ਬਣ ਕੇ ਰਹਿ ਗਏ ਹਨ। ਉਂਝ ਕਹਿਣ ਨੂੰ ਇਹ ਸੈਂਟਰ ਰਾਤ- ਦਿਨ ਖੁੱਲ੍ਹੇ ਰਹਿੰਦੇ ਹਨ।
ਸਿਵਲ ਹਸਪਤਾਲ ਜਲੰਧਰ ਤੇ ਮਾਤਾ ਕੁਸ਼ੱਲਿਆ ਹਸਪਤਾਲ ਦੋ ਹੀ ਅਜਿਹੇ ਹਸਪਤਾਲ ਹਨ ਜਿਥੇ ਜੱਚਾ-ਬੱਚਾ ਡਾਕਟਰ ਰਾਤ ਦੀ ਡਿਊਟੀ ‘ਤੇ ਲਾਏ ਜਾਂਦੇ ਹਨ। ਬਾਕੀ ਹਸਪਤਾਲਾਂ ਵਿਚ ਡਾਕਟਰ ਨੂੰ ਐਮਰਜੈਂਸੀ ਦਾ ਵਾਸਤਾ ਪਾ ਕੇ ਘਰੋਂ ਸੱਦਿਆ ਜਾਂਦਾ ਹੈ। ਤਹਿਸੀਲ ਤੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੀ ਗਿਣਤੀ 66 ਹੈ। ਇਨ੍ਹਾਂ ਵਿਚ ਦਿਨ-ਰਾਤ ਦੀਆਂ ਜੱਚਾ-ਬੱਚਾ ਸੇਵਾਵਾਂ ਦੇਣ ਵਾਸਤੇ ਹਰ ਰੋਜ਼ ਛੇ ਡਾਕਟਰਾਂ ਦੀ ਲੋੜ ਹੈ। ਇਸ ਤਰ੍ਹਾਂ ਸਿਹਤ ਵਿਭਾਗ ਵਿਚ 396 ਔਰਤਾਂ ਦੇ ਰੋਗਾਂ ਦੇ ਮਾਹਿਰ (ਗਾਇਨੀਕਾਲੋਜਿਸਟ) ਚਾਹੀਦੇ ਹਨ ਪਰ ਸਰਕਾਰ ਨੇ ਇਸ ਤੋਂ ਸਿਰਫ ਚੌਥਾ ਹਿੱਸਾ ਡਾਕਟਰ ਭਰਤੀ ਕੀਤੇ ਹੋਏ ਹਨ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵਿਚ ਲੀਵ ਰਿਜ਼ਰਵ ਨਾਂ ਦਾ ਕਾਡਰ ਹੀ ਨਹੀਂ ਬਣਾਇਆ ਗਿਆ ਹੈ। ਸਿਹਤ ਵਿਭਾਗ ਪੰਜਾਬ ਦੇ ਡਾਇਰੈਟਰ ਡਾæ ਕਰਨਜੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਰੈਸ਼ਨਲਾਈਜ਼ੇਸ਼ਨ ਕਰਨ ਦਾ ਫੈਸਲਾ ਲਿਆ ਹੈ ਜਿਸ ਤਹਿਤ ਸਾਰੇ ਹਸਪਤਾਲਾਂ ਵਿਚ ਜੱਚਾ ਤੇ ਬੱਚਾ ਮਾਹਿਰਾਂ ਦੀ ਤਾਇਨਾਤੀ ਯਕੀਨੀ ਬਣਾਈ ਜਾ ਰਹੀ ਹੈ।
_______________________________________________
ਸੰਸਦ ‘ਚ ਸਿਹਤ ਸੇਵਾਵਾਂ ਬਾਰੇ ਕਾਰਗੁਜ਼ਾਰੀ ਦੀ ਗੂੰਜ
ਨਵੀਂ ਦਿੱਲੀ: ਪੰਜਾਬ ਤੋਂ ਸੰਸਦ ਮੈਂਬਰਾਂ ਨੇ ਸੂਬੇ ਵਿਚ ਸਿਹਤ ਸਹੂਲਤਾਂ ਦੀ ਮਾੜੀ ਸਥਿਤੀ ਦਾ ਮਸਲਾ ਜ਼ੋਰ-ਸੋਰ ਨਾਲ ਚੁੱਕਿਆ। ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਨੇ ਹਾਲ ਹੀ ਵਿਚ ਪੰਜਾਬ ਸਰਕਾਰ ਨੂੰ ਸਿਹਤ ਸੇਵਾਵਾਂ ਦੇ ਸੁਧਾਰ ਲਈ 1100 ਕਰੋੜ ਰੁਪਏ ਦਿੱਤੇ ਹਨ ਤੇ ਇਸ ਦੀ ਜਵਾਬਦੇਹੀ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਦੇ ਪਟਿਆਲਾ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ ਕਿ ਅਸੀਂ ਆਲਮੀ ਸ਼ਕਤੀ ਬਣਨ ਦੇ ਦਾਅਵੇ ਕਰਦੇ ਹਾਂ, ਪਰ ਸਿਹਤ ਸੰਭਾਲ ਦੇ ਖੇਤਰ ਵਿਚ ਸਾਡੀ ਕਾਰਗੁਜ਼ਾਰੀ ਮਾਯੂਸਕੁਨ ਹੈ। ਪੰਜਾਬ ਵਿਚ ਸਿਹਤ ਮੰਤਰਾਲਾ ਭਾਜਪਾ ਕੋਲ ਹੈ ਤੇ ਅਕਾਲੀ ਇਸ ਮੁੱਦੇ ‘ਤੇ ਭਾਜਪਾ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹਨ।
__________________________________________
ਲੁਧਿਆਣਾ ਦੇ ਹਸਪਤਾਲ ਵਿਚ 19 ਬੱਚਿਆਂ ਦੀ ਮੌਤ
ਲੁਧਿਆਣਾ: ਜੱਚਾ ਬੱਚਾ ਹਸਪਤਾਲ ਤੇ ਸਿਵਲ ਹਸਪਤਾਲ ਵਿਚ ਨਵੰਬਰ ਦੇ ਇਨ੍ਹਾਂ 26 ਦਿਨਾਂ ਵਿਚ 19 ਬੱਚਿਆਂ ਦੀ ਮੌਤ ਹੋਈ ਹੈ। ਇਹ ਖ਼ੁਲਾਸਾ ਸਿਵਲ ਹਸਪਤਾਲ ਦੇ ਰਿਕਾਰਡ ਤੋਂ ਹੀ ਹੋਇਆ ਹੈ। ਇੰਨਾ ਹੀ ਨਹੀਂ ਸਿਵਲ ਹਸਪਤਾਲ ਵਿਚ ਸਤੰਬਰ ਤੇ ਅਕਤੂਬਰ ਵਿਚ ਵੀ 35 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਹੋਈਆਂ ਸਨ। ਡਾਕਟਰਾਂ ਨੇ ਦਸਤਾਵੇਜ਼ਾਂ ਵਿਚ ਸਪਸ਼ਟ ਕੀਤਾ ਹੈ ਕਿ ਨਵੰਬਰ ਵਿਚ 19 ਬੱਚਿਆਂ ਦੀਆਂ ਮੌਤਾਂ ਦੇ ਮਾਮਲੇ ਵਿਚ 11 ਬੱਚੇ ਤਾਂ ਗਰਭ ਵਿਚ ਹੀ ਮਰੇ ਹੋਏ ਆਏ ਸਨ। ਬਾਕੀਆਂ ਵਿਚੋਂ ਇਕ ਬੱਚੇ ਦੀ ਮਾਂ ਦਾ ਜਣੇਪੇ ਦੌਰਾਨ ਪਾਣੀ ਖ਼ਤਮ ਹੋਇਆ ਸੀ ਤੇ ਬਾਕੀ ਬੱਚਿਆਂ ਦੇ ਮਾਮਲੇ ਵਿਚ ਵੀ ਕੇਸ ਗੰਭੀਰ ਹੋਣ ਕਾਰਨ ਉਨ੍ਹਾਂ ਦੇ ਬੱਚੇ ਤਾਂ ਨਹੀਂ ਬਚਾਏ ਜਾ ਸਕੇ ਪਰ ਮਾਂ ਨੂੰ ਬਚਾਉਣ ਵਿਚ ਹਸਪਤਾਲ ਸਫ਼ਲ ਰਿਹਾ। ਜ਼ਿਕਰਯੋਗ ਹੈ ਕਿ ਨਵੇਂ ਜੱਚਾ ਬੱਚਾ ਹਸਪਤਾਲ ਵਿਚ ਪਿਛਲੇ ਦਿਨੀਂ ਛੇ ਬੱਚਿਆਂ ਦੀ ਮੌਤ ਹੋਈ ਸੀ।