ਪੰਜਾਬ ਵਿਚ ਨਾਜਾਇਜ਼ ਹਥਿਆਰਾਂ ਦੇ ਕਾਰੋਬਾਰ ਨੇ ਫੜਿਆ ਜ਼ੋਰ

ਫਰੀਦਕੋਟ (ਪੰਜਾਬ ਟਾਈਮਜ਼ ਬਿਊਰੋ): ਪੰਜਾਬ ਵਿਚ ਫ਼ਰਜ਼ੀ ਲਾਇਸੈਂਸ ਬਣਾ ਕੇ ਨਾਜਾਇਜ਼ ਹਥਿਆਰ ਵੇਚਣ ਦਾ ਕਾਰੋਬਾਰ ਖੂਬ ਵਧ ਫੁੱਲ ਰਿਹਾ ਹੈ। ਪਿਛਲੇ ਦਿਨਾਂ ਦੀ ਪੁਲਿਸ ਕਾਰਵਾਈ ਤੋਂ ਤਸਕਰ ਕੀਤੇ ਹਥਿਆਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂæਪੀæ ਦੇ ਰੱਜੇ ਪੁੱਜੇ ਘਰਾਂ ਦੇ ਕਾਕਿਆਂ, ਗਰੋਹਾਂ ਨੂੰ ਵੇਚੇ ਜਾਣ ਦਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਇਕ ਵਾਰ ਫਿਰ ਇਹ ਸੰਕੇਤ ਕਰ ਰਹੀ ਹੈ ਕਿ ਫਿਰੋਜ਼ਪੁਰ ਤੇ ਮੋਗਾ, ਹਥਿਆਰਾਂ ਦੇ ਫਰਜ਼ੀ ਲਾਇਸੈਂਸ ਲੈਣ ਦਾ ਹੱਬ ਬਣ ਗਏ ਹਨ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਚੰਗੀ ਕੀਮਤ ਮਿਲਣ ਕਾਰਨ ਤਸਕਰੀ ਕੀਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਫਰਜ਼ੀ ਲਾਇਸੈਂਸਾਂ ਨਾਲ ਇਨ੍ਹਾਂ ਨੂੰ ਕਾਨੂੰਨੀ ਬਣਾ ਲਿਆ ਕਰਦੇ ਸਨ। ਫਿਰ ਇਹ ਅਥਿਆਰ ਤਕੜੇ ਗਾਹਕਾਂ ਨੂੰ 25-30 ਲੱਖ ਰੁਪਏ ਵਿਚ ‘ਪੁਰਾਣੇ ਤੇ ਵਰਤੇ ਹੋਏ’ ਹਥਿਆਰਾਂ ਵਜੋਂ ਵੇਚਦੇ ਸਨ।

ਪੁਲਿਸ ਦਾ ਮੰਨਣਾ ਹੈ ਕਿ ਕੁਝ ਫਰਜ਼ੀ ਲਾਇਸੈਂਸ ਤਾਂ ਉਹ ਹਨ, ਜੋ ਸਿਰਫ ਸੂਬਾ ਸਕੱਤਰ ਹੀ ਜਾਰੀ ਕਰ ਸਕਦਾ ਹੈ ਤੇ ਇਹ ਲਾਇਸੈਂਸ ਪਾਬੰਦੀਸ਼ੁਦਾ ਹਥਿਆਰਾਂ ਲਈ ਹੁੰਦੇ ਹਨ। ਫਰੀਦਕੋਟ ਦੇ ਐਸ਼ਐਸ਼ਪੀæ ਸੁਖਦੇਵ ਸਿੰਘ ਕਾਹਲੋਂ ਦਾ ਕਹਿਣਾ ਹੈ ਕਿ ਪੁਲਿਸ ਜਾਂਚ ਕਰ ਰਹੀ ਹੈ ਜੋ ਹਾਲੇ ਮੁੱਲੇ ਪੜਾਅ ਵਿਚ ਹੀ ਹੈ। ਪੁਲਿਸ ਸੂਤਰਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਤਸਕਰੀ ਕੀਤੇ ਹਥਿਆਰਾਂ ਦੀ ਵੇਚ ਮੋਗਾ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚ ਫਰਜ਼ੀ ਸਿਰਨਾਵਿਆਂ ਵਾਲੇ ਹਥਿਆਰ ਲਾਇਸੈਂਸਾਂ ਦੀ ਮਦਦ ਨਾਲ ਕੀਤੀ ਜਾਂਦੀ ਰਹੀ ਹੈ। ਤਸਕਰੀ ਕੀਤੇ ਇਨ੍ਹਾਂ ਹਥਿਆਰਾਂ ਦੇ ਫਰਜ਼ੀ ਲਾਇਸੈਂਸ ਬਣਾ ਕੇ ਇਨ੍ਹਾਂ ਨੂੰ ਜਾਇਜ਼ ਬਣਾ ਕੇ ਮਾਨਸਾ ਤੇ ਅਬੋਹਰ ਦੇ ਕੁਝ ਗੰਨ ਡੀਲਰ ਵੀ ਇਹ ਹਾਈਟੈਕ ਅਸਲਾ ਖੁੱਲ੍ਹੀ ਮੰਡੀ ਵਿਚ ਵੇਚੀ ਜਾ ਰਹੇ ਹਨ।

ਪੁਲਿਸ ਜਾਂਚ ਮੁਤਾਬਕ ਇਸ ਸਕੈਂਡਲ ਵਿਚ ਸ਼ਾਮਲ ਇਕ ਗੰਨ ਡੀਲਰ ਤਿੰਨ ਸਾਲ ਪੁਰਾਣੇ ਮਾਨਸਾ ਦੇ ਇਕ ਹਥਿਆਰਾਂ ਦੇ ਸਕੈਂਡਲ ਵਿਚ ਵੀ ਸ਼ਾਮਲ ਸਨ। ਉਦੋਂ 2011 ਵਿਚ ਮਾਨਸਾ ਪੁਲਿਸ ਨੇ ਤਕਰੀਬਨ 200 ਹਥਿਆਰਾਂ ਦੇ ਫਰਜ਼ੀ ਲਾਇਸੈਂਸ ਤੇ ਸਥਾਨਕ ਪੱਧਰ ‘ਤੇ ਤਿਆਰ ਹਥਿਆਰ ਬਰਾਮਦ ਕੀਤੇ ਸਨ, ਜੋ ਪੰਜਾਬ ਤੋਂ ਬਾਹਰ ਮਾਓਵਾਦੀਆਂ ਨੂੰ ਸਪਲਾਈ ਕੀਤੇ ਜਾਂਦੇ ਸਨ। ਫਿਰੋਜ਼ਪੁਰ ਜ਼ਿਲ੍ਹਾ 2002 ਵਿਚ ਉਦੋਂ ਹੀ ਬਦਨਾਮ ਹੋ ਗਿਆ ਸੀ ਜਦੋਂ ਸੀæਬੀæਆਈæ ਜਾਂਚ ਦੌਰਾਨ ਇਹ ਪਤਾ ਲੱਗਿਆ ਸੀ ਕਿ ਹਥਿਆਰਾਂ ਲਈ ਸਥਾਨਕ ਲਾਇਸੈਂਸ ਅਥਾਰਟੀ 27,000 ਤੋਂ ਵੱਧ ਫਰਜ਼ੀ ਹਥਿਆਰਾਂ ਦੇ ਲਾਇਸੈਂਸ ਬਿਨਾਂ ਦਾਅਵੇਦਾਰਾਂ ਦੀ ਪੁਣਛਾਣ ਕੀਤੇ ਜਾਰੀ ਕਰ ਚੁੱਕੀ ਹੈ। ਜਾਂਚ ਵਿਚ ਇਹ ਪਤਾ ਲੱਗਿਆ ਸੀ ਕਿ ਇਹ ਲਾਇਸੈਂਸ 1997-2000 ਦੌਰਾਨ ਜਾਰੀ ਹੋਏ ਤੇ ਬਹੁਤੇ ਲਾਭਪਤਰੀ ਯੂæਪੀæ, ਹਰਿਆਣਾ, ਦਿੱਲੀ ਤੇ ਰਾਜਸਥਾਨ ਦੇ ਸਨ, ਜਿਨ੍ਹਾਂ ਨੇ ਫਰਜ਼ੀ ਨਾਵਾਂ ਹੇਠ ਅਰਜ਼ੀਆਂ ਦਿੱਤੀਆਂ ਸਨ। ਜੁਲਾਈ 2010 ਵਿਚ ਫਿਰ ਫਰਜ਼ੀ ਲਾਇਸੈਂਸਾਂ ਦਾ ਸਕੈਂਡਲ ਫੜਿਆ ਗਿਆ ਸੀ।
ਪੁਲਿਸ ਵੱਲੋਂ ਕੋਟਕਪੂਰਾ ਦੇ ਸ਼ੇਰੇ-ਏ-ਪੰਜਾਬ ਗੰਨ ਹਾਊਸ ਵਿਚੋਂ 5-6 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਤਕਰੀਬਨ ਇਕ ਕਰੋੜ ਰੁਪਏ ਦੇ ਹਥਿਆਰਾਂ ਦੀ ਚੋਰੀ ਕਰਨ ਤੋਂ ਬਾਅਦ ਗੰਨ ਹਾਊਸ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਕਾਬੂ ਕੀਤੇ ਦੋ ਮੁਲਜ਼ਮਾਂ ਬਿਕਰਮਜੀਤ ਸਿੰਘ ਉਰਫ਼ ਬਿੱਕਾ ਤੇ ਜਗਰੂਪ ਸਿੰਘ ਉਰਫ਼ ਰੂਪਾ ਵੱਲੋਂ ਕੀਤੇ ਖੁਲਾਸਿਆਂ ਨੇ ਪੰਜਾਬ ਦਾ ਮਾਹੌਲ ਮੁੜ ਖਰਾਬ ਹੋਣ ਦੇ ਸੰਕੇਤ ਦਿੱਤੇ ਹਨ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਗਰੋਹ ਦਾ ਇਕ ਸਬ-ਗੈਂਗ ਇਲਾਕੇ ਵਿਚ ਚੱਲ ਰਿਹਾ ਹੈ ਜਿਸ ਨੂੰ ਬਿਕਰਮਜੀਤ ਸਿੰਘ ਉਰਫ਼ ਬਿੱਕਾ ਤੇ ਜਗਰੂਪ ਸਿੰਘ, ਜਸਪ੍ਰੀਤ ਸਿੰਘ ਉਰਫ਼ ਜੰਪੀ ਉਰਫ਼ ਡੌਨ ਵਾਸੀ ਰੋੜੀਕਪੂਰਾ ਚਲਾ ਰਹੇ ਹਨ। ਥੋੜ੍ਹੇ ਦਿਨ ਪਹਿਲਾਂ ਇਸ ਗੈਂਗ ਦੇ ਇਕ ਮੈਂਬਰ ਨੇ ਕੋਟਕਪੂਰੇ ਵਿਚੋਂ ਇਕ ਫਾਰਚੂਨ ਗੱਡੀ ਦੀ ਖੋਹ ਕੀਤੀ ਸੀ। ਪੁਲਿਸ ਜਦੋਂ ਗੱਡੀ ਖੋਹਣ ਦੀ ਵਾਰਦਾਤ ਨੂੰ ਹੱਲ ਕਰਨ ਲੱਗੀ ਤਾਂ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲਾ ਗੈਂਗ ਉਸ ਦੇ ਕਾਬੂ ਆਇਆ। ਪੁਲਿਸ ਨੇ ਪਰਮਪਾਲ ਸਿੰਘ ਉਰਫ਼ ਪਾਲਾ ਵਾਸੀ ਸੂਰਘੂਰੀ, ਅਨੰਤਦੀਪ ਸਿੰਘ ਉਰਫ਼ ਰੋਮਾ ਬਰਾੜ ਕੋਟਕਪੂਰਾ ਤੇ ਲਕਸ਼ੇ ਢੀਂਗਰਾ ਵਾਸੀ ਫ਼ਰੀਦਕੋਟ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਹੁਣ ਤੱਕ ਪੁਲਿਸ ਵਿਦੇਸ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਤੋਂ 14 ਵਿਦੇਸ਼ੀ ਪਿਸਤੌਲ ਤੇ ਰਿਵਾਲਵਰ ਬਰਾਮਦ ਕਰ ਚੁੱਕੀ ਹੈ। ਇਹ ਗਰੋਹ ਗਾਇਕ ਹਨੀ ਸਿੰਘ ਨੂੰ ਅਗਵਾ ਕਰਨਾ ਚਾਹੁੰਦਾ ਸੀ।ਪੁਲਿਸ ਅਨੁਸਾਰ ਭੱਜੇ ਹੋਏ ਮੁਲਜ਼ਮ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਮੀਂ ਗੈਂਗਸਟਰ ਜਗਰੂਪ ਸਿੰਘ ਦੇ ਸਾਥੀ ਹਨ ਜਿਸ ਖ਼ਿਲਾਫ਼ ਅੰਮ੍ਰਿਤਸਰ ਦੇ ਕਈ ਥਾਣਿਆਂ ਵਿਚ ਸੰਗੀਨ ਮਾਮਲੇ ਦਰਜ ਹਨ। ਪੁਲਿਸ ਨੇ ਦਾਅਵਾ ਕੀਤਾ ਕਿ ਸ਼ੇਰ-ਏ-ਪੰਜਾਬ ਗੰਨ ਹਾਊਸ ਤੋਂ ਚੋਰੀ ਹਥਿਆਰਾਂ ਵਿਚੋਂ ਤਿੰਨ ਰਾਈਫਲਾਂ 315 ਬੋਰ, ਚਾਰ ਰਾਈਫਲ 12 ਬੋਰ, ਦੋ ਰਿਵਾਲਵਰ 32 ਬੋਰ, ਇਕ ਪਿਸਤੌਲ 32 ਬੋਰ ਤੇ ਭਾਰੀ ਮਾਤਰਾ ਵਿਚ ਅਸਲਾ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਮਾਮਲੇ ਵਿਚ ਸ਼ੇਰ-ਏ-ਪੰਜਾਬ ਗੰਨ ਹਾਊਸ ਦੇ ਮਾਲਕ ਦੀ ਭੂਮਿਕਾ ਵੀ ਸ਼ੱਕੀ ਹੈ ਕਿਉਂਕਿ ਉਸ ਨੇ ਚੋਰੀ ਹੋਏ ਅਸਲੇ ਦੀ ਸਹੀ ਜਾਣਕਾਰੀ ਪੁਲਿਸ ਨੂੰ ਨਹੀਂ ਦਿੱਤੀ ਸੀ।

Be the first to comment

Leave a Reply

Your email address will not be published.