ਗਰਮਖਿਆਲੀਆਂ ਨੇ ਵੀ ਮੱਲਿਆ ਸਿਆਸੀ ਪਿੜ

ਚੰਡੀਗੜ੍ਹ: ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸੋਚ ਵਾਲੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਇਸੇ ਮਹੀਨੇ ਸਿਆਸੀ ਪਾਰਟੀ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਧਿਰਾਂ ਨੇ ਆਪਣੇ ਮਨੋਰਥਾਂ ਤੇ ਟੀਚਿਆਂ ਪ੍ਰਤੀ ਬਾਕਾਇਦਾ ਐਲਾਨਨਾਮਾ ਵੀ ਤਿਆਰ ਕਰ ਲਿਆ ਹੈ ਤੇ ਨਵੰਬਰ ਦੇ ਅਖ਼ੀਰ ਵਿਚ ਅੰਮ੍ਰਿਤਸਰ ਵਿਖੇ ਇਕੱਠ ਕਰਕੇ ਸਿਆਸੀ ਪਿੜ ਵਿਚ ਕੁੱਦਣ ਦਾ ਐਲਾਨ ਕੀਤਾ ਜਾਵੇਗਾ। ਇਨ੍ਹਾਂ ਧਿਰਾਂ ਦਾ ਮੁੱਖ ਮਕਸਦ ਸ਼੍ਰੋਮਣੀ ਅਕਾਲੀ ਦਲ ਦੇ ਦੋ ਪ੍ਰਮੁੱਖ ਆਗੂਆਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਸਿਆਸੀ ਚੁਣੌਤੀ ਦੇਣਾ ਹੈ।

ਸੂਤਰਾਂ ਅਨੁਸਾਰ ਗਰਮਦਲੀਆਂ ਵਜੋਂ ਜਾਣੀਆਂ ਜਾਂਦੀਆਂ ਇਨ੍ਹਾਂ ਧਿਰਾਂ ਵੱਲੋਂ ਸਿੱਖਾਂ ਲਈ ਬਣਾਈ ਜਾ ਰਹੀ ਨਵੀਂ ਸਿਆਸੀ ਪਾਰਟੀ ਵਿਚੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਮਨਫੀ ਰੱਖਣ ਤੇ ਵਿਸ਼ੇਸ਼ ਕਰਕੇ ਦਲਿਤਾਂ, ਇਸਾਈਆਂ, ਮੁਸਲਮਾਨਾਂ ਤੇ ਉਸਾਰੂ ਸੋਚ ਦੇ ਧਾਰਨੀ ਹਿੰਦੂਆਂ ਨੂੰ ਪਾਰਟੀ ਵਿਚ ਸਥਾਨ ਦੇਣ ਦੀ ਰਣਨੀਤੀ ਬਣਾਈ ਗਈ ਹੈ। ਇਸ ਧਿਰ ਵੱਲੋਂ ਖਾਲਿਸਤਾਨ ਦੀ ਮੰਗ ਦੀ ਥਾਂ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਵੱਲੋਂ ਕੀਤੇ ਵਾਅਦਿਆਂ ਅਨੁਸਾਰ ਸਿੱਖਾਂ ਲਈ ਖੁਦਮੁਖਤਿਆਰ ਖਿੱਤੇ ਦੀ ਮੰਗ ਉਭਾਰਨ ਦੀ ਸੰਭਾਵਨਾ ਹੈ। ਇਸ ਤਹਿਤ ਫੈਡਰਲ ਸਿਸਟਮ ਨੂੰ ਲਾਗੂ ਕਰਵਾਉਣ ਲਈ ਸਿੱਖਾਂ ਦੇ ਵਿਸ਼ੇਸ਼ ਅਧਿਕਾਰਾਂ ਵਾਲਾ ਰਾਜ (ਜਿਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ) ਸਥਾਪਤ ਕਰਨ ਦਾ ਟੀਚਾ ਮਿਥਿਆ ਹੈ। ਇਸ ਸਿਸਟਮ ਵਿਚ ਭਾਰਤ ਸਰਕਾਰ ਕੋਲ ਰੱਖਿਆ, ਵਿਦੇਸ਼ੀ ਮਾਮਲੇ, ਡਾਕ ਤੇ ਤਾਰ, ਰੇਲਵੇ, ਕਰੰਸੀ ਤੇ ਦੂਰ ਸੰਚਾਰ ਵਿਭਾਗਾਂ ਨੂੰ ਛੱਡ ਕੇ ਬਾਕੀ ਸਾਰੇ ਵਿਭਾਗ ਸੂਬਿਆਂ ਹਵਾਲੇ ਕਰਨ ਦੀ ਮੰਗ ਉਠਾਈ ਜਾ ਸਕਦੀ ਹੈ।
ਯੂਨਾਈਟਿਡ ਸਿੱਖ ਮੂਵਮੈਂਟ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸਿਆਸੀ ਪਾਰਟੀ ਬਣਾਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਮੁੱਦੇ ਵਿਸਾਰਨ ਕਾਰਨ ਉਨ੍ਹਾਂ ਨੂੰ ਪੰਜਾਬ ਵਿਚ ਸਿਆਸੀ ਧਿਰ ਵਜੋਂ ਉਭਰਨ ਦਾ ਫ਼ੈਸਲਾ ਲੈਣਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼ ਬਾਦਲ ਪੰਜਾਬ ਤੇ ਸਿੱਖਾਂ ਦੇ ਮੁੱਦਿਆਂ ਦਾ ਮਜ਼ਾਕ ਉਡਾ ਰਹੇ ਹਨ। ਕਾਂਗਰਸ ਤੇ ਅਕਾਲੀ ਦਲ ਦੇ ਨਾਂ ਹੀ ਵੱਖ-ਵੱਖ ਹਨ, ਜਦੋਂਕਿ ਇਹ ਦੋਵੇਂ ਧਿਰਾਂ ਲੋਕ ਵਿਰੋਧੀ ਤੇ ਭ੍ਰਿਸ਼ਟ ਹਨ। ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰਵਾਦ ਵਿਚ ਹੀ ਫਸੇ ਹੋਏ ਹਨ। ਇਕ ਵੇਲੇ ਉਹ ਇਕ-ਦੂਜੇ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ ਦਰਜ ਕਰਵਾਉਂਦੇ ਰਹੇ ਹਨ ਪਰ ਜਦੋਂ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਸੰਕਟ ਆਉਂਦਾ ਹੈ ਤਾਂ ਕੈਪਟਨ ਉਨ੍ਹਾਂ ਦੇ ਹੱਕ ਵਿਚ ਖੜ੍ਹੇ ਹੁੰਦੇ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਸੰਤ ਭਿੰਡਰਾਂਵਾਲਾ ਤੋਂ ਬਾਅਦ ਉਨ੍ਹਾਂ ਦੀ ਸੋਚ ਨੂੰ ਮੋੜਾ ਦੇਣ ਦੀ ਲੋੜ ਸੀ। ਉਹ ਕਿਸੇ ਦੀ ਅਲੋਚਨਾ ਨਹੀਂ ਕਰਦੇ ਪਰ ਸਿਮਰਨਜੀਤ ਸਿੰਘ ਮਾਨ ਤੇ ਸਿੱਖ ਮੂਵਮੈਂਟ ਦੇ ਏਜੰਡੇ ਤੇ ਰਸਤੇ ਵੱਖ ਹਨ।
ਇਸੇ ਦੌਰਾਨ ਸਿੱਖ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਦੋਸ਼ ਲਾਇਆ ਕਿ ਕਾਂਗਰਸ, ਅਕਾਲੀ ਤੇ ਭਾਜਪਾ ਫ਼ਿਰਕੂ ਵੰਡੀਆਂ ਦਾ ਧੰਦਾ ਕਰਦੇ ਹਨ।

Be the first to comment

Leave a Reply

Your email address will not be published.