ਅੱਜ ਕੱਲ੍ਹ ਹਰ ਤਿੱਥ-ਤਿਉਹਾਰ ਭਾਵੇਂ ਬਹੁਤ ਬੁਰੀ ਤਰ੍ਹਾਂ ਮੰਡੀ ਦੀ ਭੇਟ ਚੜ੍ਹ ਚੁੱਕਾ ਹੈ ਪਰ ਕਾਨਾ ਸਿੰਘ ਨੇ ਆਪਣੇ ਇਸ ਨਿੱਕੇ ਜਿਹੇ ਲੇਖ ‘ਰੋਜ਼ਾ ਤੇ ਕਰਵਾ’ ਵਿਚ ਇਨ੍ਹਾਂ ਤਿੱਥਾਂ-ਤਿਉਹਾਰਾਂ ਬਾਰੇ ਇਕ ਹੋਰ ਨਜ਼ਰੀਏ ਤੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਲੇਖ ਬਾਲੜੀਆਂ ਦੀਆਂ ਤਾਂਘਾਂ ਨਾਲ ਇਕ ਤਰ੍ਹਾਂ ਨਾਲ ਉਛਲ ਹੀ ਤਾਂ ਰਿਹਾ ਹੈ। ਇਸ ਵਿਚ ਬਾਲ-ਮਨ ਅਤੇ ਔਰਤ-ਮਨ ਸਗਵੇਂ ਦਾ ਸਗਵਾਂ ਨਜ਼ਰੀਂ ਪੈਂਦਾ ਹੈ। -ਸੰਪਾਦਕ
ਕਾਨਾ ਸਿੰਘ
ਫੋਨ: 91-95019-44944
ਫਰਜ਼ਾਨਾ ਤੁਰਕਮਾਨ ਗੇਟ ਬਸਤੀ ਵਿਚ ਰਹਿੰਦੀ ਸੀ। ਉਹ ਮੇਰੀ ਜਮਾਤਣ ਸੀ, ਅੱਠਵੀਂ ਵਿਚ।
ਫਰਜ਼ਾਨਾ ਦੇ ਘਰ ਮੈਂ ਕਈ ਵਾਰੀ ਗਈ ਸਾਂ। ਕਲੀਨਦਾਰ ਬੈਠਕ ਵਿਚ ਕੰਧਾਂ ਨਾਲ ਢੋਏ ਹੋਏ ਲੰਮੇ-ਲੰਮੇ ਟਿਊਬ ਤਕੀਏ ਅਤੇ ਸਾਹਵੇਂ ਪਈ ਹੋਈ ਨਾਸ਼ਤਾ ਪਰੋਸਣ ਲਈ ਵਰਗਾਕਾਰ ਚੌਕੀ ਉਪਰ ਰੱਖੇ ਵੱਡੇ ਸਾਰੇ ਸਾਂਝੇ ਥਾਲ ਵਿਚੋਂ ਗਰਾਹੀਓ-ਗਰਾਹੀ ਭੋਜਨ ਕਰਨਾ, ਅਰ ਕੋਨੇ ਦੀ ਘੜਵੰਜੀ ਉਪਰ ਟਿਕੇ ਹੋਏ ਘੜੇ ਉਪਰ ਮੂਧੇ ਪਏ ਇਕੋ ਇਕ ਗਲਾਸ ਵਿਚੋਂ ਵਾਰੋ-ਵਾਰੀ ਪਾਣੀ ਪੀਣਾ, ਬਿਨਾਂ ਕਿਸੇ ਜੂਠ-ਸੁੱਚ ਦੇ ਭੇਦ-ਭਾਵ ਤੋਂ।
ਇਹ ਮੇਰੇ ਲਈ ਅਨੋਖੀ ਗੱਲ ਸੀ।
ਜੋ ਅਨੋਖਾ ਲੱਗੇ, ਉਹ ਚੰਗਾ ਵੀ ਲਗਦਾ ਹੈ। ਫਰਜ਼ਾਨਾ ਦੇ ਘਰ ਦੀ ਰੁਮਾਲੀ ਰੋਟੀ ਅਤੇ ਭਾਂਤ-ਭਾਂਤ ਦੇ ਤਲੇ-ਭੁੰਨੇ ਪਕਵਾਨ ਅਤੇ ਲੱਪੋ-ਲੱਪ ਮੇਵਿਆਂ ਰੱਤੀ ਖੀਰ ਨਿਗਲਦੀ ਤੇ ਸ਼ਰਬਤ, ਅਰ ਕੱਚੀ ਲੱਸੀ ਡੀਕਦੀ ਨੂੰ ਰੱਜ ਨਾ ਆਉਂਦਾ।
ਅੱਸੂ-ਕੱਤਕ ਦਾ ਮੌਸਮ। ਰਮਜ਼ਾਨ ਦੇ ਦਿਨ। ਫਰਜ਼ਾਨਾ ਰੋਜ਼ੇ ਰੱਖ ਰਹੀ ਸੀ। ਸਰਘੀ ਵੇਲੇ ਰੱਜ ਕੇ ਖਾਣਾ ਤੇ ਫੇਰ ਸਾਰਾ ਦਿਨ ਮੂੰਹ ਨਾ ਜੁਠਲਾਣਾ। ਪਾਣੀ ਦਾ ਘੁੱਟ ਵੀ ਨਾ ਭਰਨਾ, ਰੋਜ਼ਾ ਖੋਲ੍ਹਣ ਤੱਕ।
ਬਾਲ ਉਮਰ ਸੀ। ਮੈਨੂੰ ਵੀ ਚਾਅ ਚੜ੍ਹ ਗਿਆ ਰੋਜ਼ਾ ਰੱਖਣ ਦਾ। ਇਹ ਉਮਰ ਹੈ ਜਦੋਂ ਚੰਗੇ ਜਾਂ ਮੰਦੇ- ਹਰ ਅਨੁਭਵ ਵਿਚੋਂ ਬਾਲਕ ਸੁਤੰਤਰ ਤੌਰ ‘ਤੇ ਲੰਘਣਾ ਚਾਹੁੰਦਾ ਹੈ, ਆਪੇ-ਆਪ ਤੇ ਫੇਰ ਅੱਗਿਉਂ ਲਈ ਆਪੇ ਹੀ ਹਾਂ ਜਾਂ ਨਾਂਹ-ਪੱਖੀ ਫੈਸਲਾ ਕਰਦਾ ਹੈ।
ਰੱਖ ਲਿਆ ਰੋਜ਼ਾ ਮੈਂ ਵੀ। ਖਾ ਲਈ ਸਰਘੀ ਤੇ ਤੁਰ ਪਈ ਸਕੂਲ ਰੋਜ਼ ਵਾਂਗ। ਚਾਈਂ-ਚਾਈਂ ਲੰਘ ਗਿਆ ਅੱਧਾ ਦਿਨ ਔਖਾ-ਸੌਖਾ। ਜਿਉਂ-ਜਿਉਂ ਦੁਪਹਿਰ ਢਲਣ ਨੂੰ ਆਈ, ਮੂੰਹ ਸੁੱਕਣ ਲੱਗਾ। ਹੋਠ ਪੇਪੜੀਓ-ਪੇਪੜੀ। ਤ੍ਰੇਹ ਲੱਗਣ ਤੇ ਵਧਣ ਲੱਗੀ, ਹੋਰ ਹੋਰ ਹੋਰ। ਵਾਪਸੀ ਉਤੇ ਗੱਡੀ ਦੇ ਜ਼ਨਾਨੇ ਡੱਬੇ ਵਿਚ ਬੈਠੀ ਪਾਣੀ ਲਈ ਤਰਲੋਮੱਛੀ ਹੋ ਰਹੀ ਸਾਂ ਮੈਂ, ਤੇ ਸਾਹਮਣੇ ਪਲੇਟਫਾਰਮ ਉਤੇ ਸ਼ਪਾ-ਸ਼ਪ ਵਗਦੀਆਂ ਟੂਟੀਆਂ।
ਜੇ ਪੀ ਲੈਂਦੀ ਪਾਣੀ ਤਾਂ ਕੀ ਅਨਰਥ ਹੋਣਾ ਸੀ? ਕਿਸ ਨੂੰ ਇਤਰਾਜ਼ ਹੋਣਾ ਸੀ ਪਰ ਇਹ ਫਰਜ਼ਾਨਾ ਨਾਲ ਕੀਤੇ ਕੌਲ-ਕਰਾਰ ਦੀ ਕੋਤਾਹੀ ਸੀ, ਧੋਖਾ।
ਸਿਗਨਲ ਲੱਥਾ। ਇੰਜਣ ਨੇ ਸੀਟੀ ਮਾਰੀ ਤੇ ਛਕ-ਛਕ ਕਰਦੀ ਗੱਡੀ ਨੇ ਪਹਿਲਾਂ ਹੌਲੀ ਤੇ ਫੇਰ ਤੇਜ਼ ਰਫਤਾਰ ਪਕੜੀ।
ਲਾਲ ਕਿਲ੍ਹੇ ਨੂੰ ਲੰਘਦਿਆਂ ਹੀ ਗੱਡੀ ਜਮੁਨਾ ਨਦੀ ਦੇ ਪੁਲ ‘ਤੇ ਸੀ।
ਥੱਲੇ ਸ਼ੂਕਦਾ ਦਰਿਆ ਤੇ ਜ਼ਨਾਨੇ ਡੱਬੇ ਦੇ ਬੂਹੇ ਵਿਚ ਖੜ੍ਹੀ ਮੈਂ, ਜਨਮ ਜਨਮਾਂਤਰਾਂ ਦੀ ਪਿਆਸੀ। ਕੁੱਦ ਕੇ ਸਾਰੀ ਦੀ ਸਾਰੀ ਨਦੀ ਨੂੰ ਡੀਕਣ ਲਈ ਲੁੱਛਦੀæææ।
ਘਰ ਪੁੱਜੀ। ਅਣਲੰਘਦਾ ਵਕਤ ਲੰਘਾਉਣਾ ਪਿਆ। ਰੋਜ਼ਾ ਖੋਲ੍ਹਿਆ ਕੱਚੀ ਲੱਸੀ ਨਾਲ਼ææ ਦਸ ਪੰਦਰਾਂ ਜਾਂ ਵੀਹ, ਪਤਾ ਨਹੀਂ ਕਿਤਨੇ ਹੀ ਗਲਾਸ ਲਗਾਤਾਰ ਤੇ ਇੰਜ ਪੁਗਾਇਆ ਮੈਂ ਜ਼ਿੰਦਗੀ ਦਾ ਇਕ ਤੇ ਇਕੋ-ਇਕ ਵਰਤ ਜਾਂ ਸਖੀ ਫਰਜ਼ਾਨਾ ਨਾਲ ਕੀਤਾ ਕੌਲ-ਇਕਰਾਰ।
ਮਾਂ ਨੇ ਕਦੇ ਕੋਈ ਵਰਤ ਨਾ ਰੱਖਿਆ। ਉਹ ਦੱਸਿਆ ਕਰਦੀ ਸੀ ਕਿ ਵਿਆਹ ਮਗਰੋਂ ਜਦੋਂ ਉਸ ਨੇ ਵੀ ਹੋਰ ਸੱਜ-ਵਿਆਹੀਆਂ ਸਹੇਲੀਆਂ ਦੀ ਰੀਸ ਨਾਲ ਕਰਵਾ ਚੌਥ ਦਾ ਵਰਤ ਰੱਖ ਲਿਆ ਤਾਂ ਮੇਰੇ ਪਿਤਾ ਜੀ ਨੇ ਜ਼ਬਰਦਸਤੀ ਆਪਣੀ ਜੂਠੀ ਗਰਾਹੀ ਮਾਂ ਦੇ ਮੂੰਹ ਵਿਚ ਤੁੰਨ ਦਿੱਤੀ, ਤੇ ਮੁੜ ਮਾਂ ਦੀ ਜੁਠਾਲੀ ਹੋਈ ਗਰਾਹੀ ਆਪ ਨਿਗਲ ਗਏ। ਨਾ ਪਿਤਾ ਜੀ ਨੂੰ ਆਪ ਪਤੀ-ਪਰਮੇਸ਼ਰ ਬਣਨਾ ਪਰਵਾਨ ਸੀ, ਤੇ ਨਾ ਹੀ ਮਾਂ ਨੂੰ ਪੁਜਾਰਨ ਬਣਾਉਣਾ।
ਮਾਂ ਨੇ ਸਦਾ ਪ੍ਰਧਾਨ ਮੰਤਰੀ ਦੇ ਰੋਲ ਵਿਚ ਗ੍ਰਹਿਸਥੀ ਚਲਾਈ ਤੇ ਪਿਤਾ ਜੀ ਸਦਾ ਪ੍ਰਧਾਨ ਰਹੇ, ਮਾਂ ਦੇ ਫੈਸਲਿਆਂ ਨੂੰ ਤਸਦੀਕ ਦੇਣ ਵਾਲੇ।
ਪਾਲ ਵੀਰ ਜੀ ਦੀ ਪਤਨੀ, ਮੇਰੀ ਵੱਡੀ ਭਰਜਾਈ ਉਮਰ ਵਿਚ ਮੈਥੋਂ ਦੋ ਸਾਲ ਨਿੱਕੀ ਸੀ। ਉਹ ਕਰਵਾ ਚੌਥ ਦਾ ਵਰਤ ਰੱਖਦੀ ਸੀ। ਇਹ ਉਸ ਦੀ ਆਪਣੀ ਚੋਣ ਸੀ। ਮਾਂ ਉਸ ਦੀ ਸਰਘੀ ਦੀ ਗਜ਼ਾਅ ਦਾ ਹੱਸ ਕੇ ਪ੍ਰਬੰਧ ਕਰਦੀ ਤੇ ਮੈਂ ਵੀ ਸਖੀ-ਭਾਬੀ ਦੇ ਸਰਘੀ-ਨਾਸ਼ਤੇ ਵਿਚ ਸ਼ਾਮਲ ਹੁੰਦੀ ਚਾਈਂ-ਚਾਈਂ ਅਤੇ ਸੁਪਨੇ ਬੁਣਦੀ ਆਪਣੇ ਵਿਆਹ ਮਗਰੋਂ ਕਰਵਾ ਚੌਥ ਦਾ ਵਰਤ ਰੱਖਣ ਅਤੇ ਪੂਜਣ ਦੇ।
ਸਾਡੇ ਪੋਠੋਹਾਰ ਵਿਚ ਇਸ ਨੂੰ ‘ਸੁਹਾਗੇ ਭਾਗੇ ਨਾ ਵਰਤ’ ਆਖਦੇ ਸਨ।
—
ਯਾਦ ਆ ਰਹੀ ਹੈ ਉਹ ਘਟਨਾ।
ਤੀਜੀ ਵਿਚ ਪੜ੍ਹਦੀ ਸਾਂ ਮੈਂ, ਗੁਜਰਖਾਨ। ਅੱਧੀ ਛੁੱਟੀ ਦਾ ਵੇਲਾ। ਖੇਡ-ਖੇਡ ਵਿਚ ਸਾਰੀਆਂ ਜਮਾਤਣਾਂ ਅੱਧੀ ਛੁੱਟੀ ਵੇਲੇ ਬਹਿ ਗਈਆਂ ਵੱਡੇ ਸਾਰੇ ਘੇਰੇ ਵਿਚ। ਚੌੜੀਆਂ-ਚਕਲੀਆਂ ਸਲੇਟਾਂ, ਕਾਪੀਆਂ ਅਤੇ ਤਖਤੀਆਂ ਨੂੰ ਪੂਜਾ ਦੀਆਂ ਥਾਲੀਆਂ ਦਾ ਤਸੱਵਰ ਦਿੰਦੀਆਂ, ਅਸੀਂ ਵਰਤ ਪੂਜਣ ਲੱਗੀਆਂ। ਘੇਰੇ ਦੇ ਵਿਚਕਾਰ ਬੈਠੀ ਬਿਮਲਾ, ਮਿਸ਼ਰਾਣੀ ਦੇ ਰੋਲ ਵਿਚ ਕਥਾ ਸੁਣਾਈ ਜਾਂਦੀ ਅਤੇ ਉਸ ਦੇ ਆਦੇਸ਼ ਅਨੁਸਾਰ ਅਸੀਂ ਆਪੋ-ਆਪਣੀਆਂ ਸਮੱਗਰੀ ਦੀਆਂ ਕਲਪਿਤ ਥਾਲੀਆਂ ਨੂੰ ਅੱਗੇ ਤੋਰਦੀਆਂ ਲੰਮੀ ਹੇਕ ਨਾਲ ਗਾਈ ਜਾਂਦੀਆਂ,
ਸੁੱਤੜਾ ਜਗਾਈਏ ਨਾ
ਰੁੱਠੜਾ ਮਨਾਈਏ ਨਾæææ
ਨੀ ਭੈਣ ਪਿਆਰੀ ਵੀਰਾਂ
ਚੰਨ ਚੜ੍ਹੇ ਤੇ ਪਾਣੀ ਪੀਣਾæææ।
ਪੂਜਾ ਦੀ ਖੇਡ ਵਿਚ ਗੜੂੰਦ ਸਾਂ ਸਾਰੀਆਂ, ਤੇ ਪਤਾ ਹੀ ਨਾ ਲੱਗਾ ਕਿ ਕਦੋਂ ਉਹਲੇ ਵਿਚੋਂ ਸਾਰਾ ਤਮਾਸ਼ਾ ਵੇਖਦੇ ਭੈਣ ਜੀ (ਅਧਿਆਪਕਾ) ਅਚਾਨਕ ਕਮਰੇ ਵਿਚ ਆ ਧਮਕੇ।
ਸੋਤਰ ਸੁੱਕ ਗਏ ਸਭ ਦੇ। ਪਸੀਨੇ ਛੁੱਟ ਗਏ।
ਅੱਜ ਤੋਂ ਸੱਠ-ਸੱਤਰ ਸਾਲ ਪਹਿਲਾਂ ਦੇ ਵੇਲਿਆਂ ਵਿਚ ਕੱਚੀਆਂ-ਕੁਆਰੀਆਂ ਬਾਲੜੀਆਂ ਦੀ ਇਹ ਖੇਡ ਗੁਸਤਾਖੀ ਸੀ, ਬੇਸ਼ਰਮੀ। ਗੁੱਡੀਆਂ ਪਟੋਲੇ ਖੇਡਣੇ ਜਾਇਜ਼ ਸਨ ਪਰ ‘ਸੁਹਾਗ-ਭਾਗ’ ਦੀ ਖੇਡ ਬਿਲਕੁਲ ਨਹੀਂ। ਕਿਉਂ?
ਸ਼ਾਇਦ ਇਸ ਲਈ ਕਿ ਗੁੱਡੀਆਂ-ਗੁੱਡਿਆਂ ਦੀਆਂ ਅਸੀਂ ਖਿਡਾਵੀਆਂ ਹੁੰਦੀਆਂ ਸਾਂ, ਪਰ ਕਰਵਾ ਚੌਥ ਦੀਆਂ ਆਪ ਖੇਡਣਹਾਰੀਆਂ।
ਵਿਆਹ ਮਗਰੋਂ ਕਰਵਾ ਚੌਥ ਵਰਤ ਪੂਜਣ ਦੀ ਸਿੱਕ ਅਰਮਾਨ ਬਣ ਕੇ ਹੀ ਰਹਿ ਗਈ।
ਪਤੀਦੇਵ ਦਾ ਪਿਛੋਕੜ ਕੱਟੜ ਸੀ। ਵਰਤ ਰੱਖਣ ਵਾਲੀ ਔਰਤ ਅਗਲੇ ਜਨਮ ਵਿਚ ਗਧੀ ਦੀ ਜੂਨ ਵਿਚ ਜਨਮ ਲੈਂਦੀ ਹੈ- ਇਹ ਉਨ੍ਹਾਂ ਦੀ ਪੱਕੀ ਧਾਰਨਾ ਸੀ।
ਨਾ ਤੇ ਮੈਨੂੰ ਕੋਈ ਜੂਨ-ਅਜੂਨ ਵਿਚ ਵਿਸ਼ਵਾਸ ਸੀ, ਤੇ ਨਾ ਹੀ ਆਪਣੇ-ਆਪ ਨੂੰ ਪਤੀਬ੍ਰਤਾ ਸਾਬਿਤ ਕਰਨ ਲਈ ਕਰਵਾ ਚੌਥ ਦਾ ਵਰਤ ਰੱਖਣ ਜਾਂ ਪੂਜਣ ਵਿਚ ਯਕੀਨ। ਇਹ ਤਾਂ ਕਿਸੇ ਵੀ ਹੋਰ ਤਿਉਹਾਰ ਵਾਂਗ ਸਭਿਆਚਾਰਕ ਰਹੁ-ਰੀਤ ਵਿਚ ਹਿੱਸਾ ਲੈਣ ਅਤੇ ਜਸ਼ਨਾਉਣ ਦੀ ਨਿਰਛਲ ਜਿਹੀ ਭਾਵਨਾ ਸੀ ਜੋ ਪੂਰੀ ਨਾ ਹੋ ਸਕੀ।
ਮਨ ਮਸੋਸਿਆ ਜਾਂਦਾ।
ਅੱਜ ਕਰਵਾ ਚੌਥ ਦਾ ਧੂਮ-ਧੜੱਕਾ ਦਸਹਿਰੇ ਦੀਵਾਲੀ ਨੂੰ ਵੀ ਮਾਤ ਕਰਨ ਲੱਗ ਪਿਆ ਹੈ। ਹਰ ਘਰ-ਗਲੀ ਬਾਜ਼ਾਰ ਦੀ ਨੁੱਕਰ ਅਤੇ ਬਿਊਟੀ ਪਾਰਲਰਾਂ ਵਿਚ ਮਹਿੰਦੀ ਰਚਾਉਂਦੀਆਂ ਤੇ ਸ਼ਿੰਗਾਰਦੀਆਂ ਸੰਵਰਦੀਆਂ, ਕਿਸ਼ੋਰੀਆਂ ਨੱਢੀਆਂ, ਹਰ ਉਮਰ ਦੀਆਂ ਵਿਆਹੁੰਦੜ ਸਖੀਆਂ-ਸਹੇਲੀਆਂ ਮਾਸੀਆਂ ਚਾਚੀਆਂ ਤੇ ਦਾਦੀਆਂ ਵੀ।
ਮੇਵਿਆਂ-ਮਿਠਾਈਆਂ, ਪੁਸ਼ਾਕਾਂ-ਗਹਿਣਿਆਂ ਅਤੇ ਤੋਹਫ਼ਿਆਂ ਦਾ ਗਰਮਾ=ਗਰਮ ਬਾਜ਼ਾਰ। ਹਰ ਖੇਤਰ ਫਿਲਮੋ ਫਿਲਮ। ਸਭ ਕੁਝ ਸੌਖਾ ਅਤੇ ਵਕਤੀ ਹੋ ਗਿਆ ਹੈ।
ਹੁਣ ‘ਚੰਨ ਚੜ੍ਹੇ ‘ਤੇ ਪਾਣੀ ਪੀਣ’ ਦੀ ਬੰਦਿਸ਼ ਵੀ ਲਾਜ਼ਮੀ ਨਹੀਂ ਰਹੀ। ਮਿਸ਼ਰਾਣੀ ਜਾਂ ਪੰਡਤ ਜੀ ਸ਼ਾਮੀ ਚਾਰ-ਪੰਜ ਵਜੇ ਹੀ ਪੂਜਾ ਕਰਾ ਕੇ ਜਲ ਛਕਣ ਅਤੇ ਮੂੰਹ ਜੁਠਾਲਣ ਦੀ ਆਗਿਆ ਦੇ ਦਿੰਦੇ ਹਨ। ਵਰਤ ਰੱਖੋ ਜਾਂ ਨਾ, ਮਹਿੰਦੀ, ਹਾਰ ਸ਼ਿੰਗਾਰ ਅਤੇ ਤੋਹਫ਼ਿਆਂ ਦੇ ਲੈਣ-ਦੇਣ ਨਾਲ ਕਰਵਾ ਚੌਥ ਪੁੱਗ ਜਾਂਦਾ ਹੈ। ਪਤਨੀ ਮੂੰਹ ਮੰਗਿਆ ਉਪਹਾਰ ਲੈਂਦੀ ਹੈ ਤੇ ਸੱਸ ਮਨਭਾਉਂਦਾ ਤੋਹਫ਼ਾ। ਇਸ ਵਿਚ ਕੋਈ ਕੂਣ-ਕਸਰ ਹੋਈ ਨਹੀਂ ਕਿ ਦੁਵੱਲਾ ਮਨ-ਮੁਟਾਵ। ਤੇ ਵਿਆਹ?
ਹੁਣ ਤਾਂ ਵਿਆਹ ਦੇ ਪੁੱਗਣ-ਪੁਗਾਣ ਅੱਗੇ ਵੀ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ ਜਿਸ ਦਾ ਉਤਰ ਵੀ ਸੁਆਲੀਆ ਨਿਸ਼ਾਨ ਹੀ ਹੈ।
Leave a Reply