ਗੌਹਰ ਫ਼ਾਜ਼ਿਲੀ
ਅਨੁਵਾਦ: ਬੂਟਾ ਸਿੰਘ
ਕਸ਼ਮੀਰ ਦੇ ਹੜ੍ਹ, ਕਾਰਪੋਰੇਟ ਮੀਡੀਆ ਦੇ ਪ੍ਰਚਾਰ ਦੀ ਧੁੰਦ ਪਿਛਲੀ ਹਕੀਕਤ ਦੀ ਇਕ ਝਲਕੀ ਮੁਹੱਈਆ ਕਰ ਸਕਦੇ ਹਨ; ਧੁੰਦ ਦੀ ਚਾਦਰ ਜੋ ਹੁਣ ਫਟਦੀ ਜਾ ਰਹੀ ਹੈ ਅਤੇ ਟਰੂਮੈਨ ਤਮਾਸ਼ੇ (1998) ਵਾਂਗ ਪਰਦੇ ਪਿਛਲੀ ਕਹਾਣੀ ਦੇ ਟੁਕੜੇ ਨੰਗੇ ਕਰਦੀ ਜਾਂਦੀ ਹੈ। ਇਸ ਵਕਤ ਕਸ਼ਮੀਰ ਵਿਚ ਤਿੰਨ ਮੁੱਖ ਕਿਰਦਾਰ ਹਨ- ਹੜ੍ਹ, ਸਟੇਟ ਅਤੇ ਆਵਾਮ। ਹਰ ਕੋਈ ਆਪੋ ਆਪਣੀ ਥਾਂ ਹੈ। ਸਟੇਟ ਦਾ ਇਕ ਅੰਗ ਸੂਬਾਈ ਹਕੂਮਤ ਤਾਂ ਪਾਣੀ ਦੇ ਆਉਣ ਤੋਂ ਪਹਿਲਾਂ ਹੀ ਲੜਖੜਾ ਗਿਆ।
ਕਈ ਦਹਾਕਿਆਂ ਤੋਂ ਕਸ਼ਮੀਰ ਨੂੰ ਲਿਤਾੜਦੇ ਆ ਰਹੇ ਦੂਜੇ ਅੰਗ ਫ਼ੌਜ ਦੀ ਜਾਗ ਸੰਕਟ ਆਉਣ ਤੋਂ ਦੋ ਦਿਨ ਪਿੱਛੋਂ ਖੁੱਲ੍ਹੀ। ਫਿਰ ਵੀ ਇਸ ਦੀ ਤਰਜੀਹ ਅਮੀਰ ਹਿੰਦੁਸਤਾਨੀ ਸੈਲਾਨੀਆਂ ਅਤੇ ਰਿਆਸਤ ਤੋਂ ਬਾਹਰਲੀ ਸਥਾਪਤੀ ਦੇ ਚਹੇਤਿਆਂ ਨੂੰ ਬਚਾਉਣ ਦੀ ਸੀ। ਹੜ੍ਹ ਦੇ ਮੁਢਲੇ ਦਿਨਾਂ ‘ਚ ਮੁਕਾਮੀ ਲੋਕ ਆਪਣੇ ਸਕੇ-ਸਬੰਧੀਆਂ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਜੋਖ਼ਮ ‘ਚ ਪਾਉਂਦੇ ਰਹੇ। ਸਥਾਨਕ ਕਿਸ਼ਤੀਆਂ ਕਿਰਾਏ ‘ਤੇ ਲੈ ਕੇ, ਪਾਣੀ ਵਿਚ ਤੈਰ ਕੇ, ਜਾਂ ਪਾਣੀ ਦੀਆਂ ਟੈਂਕੀਆਂ, ਕਾਰਾਂ ਦੀਆਂ ਟਿਊਬਾਂ, ਫੋਮ ਦੀਆਂ ਸ਼ੀਟਾਂ ਵਗੈਰਾ ਚੀਜ਼ ਹੱਥ ਲੱਗਦੀ ਹਰ ਚੀਜ਼ ਦੀਆਂ ਆਰਜ਼ੀ ਕਿਸ਼ਤੀਆਂ ਬਣਾ ਕੇ ਮਦਦ ਲਈ ਬਹੁੜਦੇ ਰਹੇ। ਬਾਕੀ ਦੇ ਜਾਂ ਤਾਂ ਡੁੱਬ ਗਏ, ਜਾਂ ਫਿਰ ਘਰਾਂ ਦੀਆਂ ਛੱਤਾਂ ‘ਤੇ ਚੜ੍ਹ ਕੇ ਪਾਣੀ ਤੋਂ ਬਚਣ ਦੇ ਯਤਨ ਕਰਦੇ ਰਹੇ।
ਪਹਿਲਾਂ ਲੋਕ ਐਨੇ ਪਾਣੀ ਦਾ ਕਿਆਸ ਹੀ ਨਹੀਂ ਕਰ ਸਕੇ। ਆਖ਼ਿਰ ਜਦੋਂ ਸ਼ਿਵਪੁਰਾ, ਰਾਜਬਾਗ਼, ਜਵਾਹਰ ਨਗਰ, ਗੋਗਲੀ ਬਾਗ਼ ਪਾਣੀ ‘ਚ ਡੁੱਬ ਗਏ, ਉਦੋਂ ਵੀ ਆਵਾਮ ਦੇ ਮਨਾਂ ਵਿਚ ਇਹੀ ਸੀ ਕਿ ਉਨ੍ਹਾਂ ਦੇ ਘਰ ਸਭ ਤੋਂ ਮਹਿਫ਼ੂਜ਼ ਜਗ੍ਹਾ ਹਨ। ਸਟੇਟ ਪ੍ਰਸ਼ਾਸਨ ਨੇ ਉਨ੍ਹਾਂ ਸਾਧਨਾਂ ਨੂੰ ਇਸਤੇਮਾਲ ਕਰ ਕੇ ਪਾਣੀ ਦੀ ਮਾਰ ਵਾਲੇ ਇਲਾਕਿਆਂ ਦੇ ਆਵਾਮ ਨੂੰ ਹੜ੍ਹ ਬਾਰੇ ਚੌਕਸ ਨਹੀਂ ਕੀਤਾ ਜਿਨ੍ਹਾਂ ਸਾਧਨਾਂ ਰਾਹੀਂ ਇਹ ਅਕਸਰ ਹੀ ਕਰਫ਼ਿਊ ਜਾਂ ਫ਼ੌਜ ਦੇ ਕਟਕ ਚਾੜ੍ਹਨ ਦੀਆਂ ਚੇਤਾਵਨੀਆਂ ਦਿੰਦੇ ਰਹਿੰਦੇ ਹਨ। ਉਲਟਾ ਮੀਡੀਆ ਜ਼ਰੀਏ ਮੌਸਮ ‘ਚ ਸੁਧਾਰ ਦੀਆਂ ਉਮੀਦਾਂ ਦਿਖਾ ਕੇ ਲੋਕਾਂ ਨੂੰ ਅਵੇਸਲੇ ਕੀਤਾ ਗਿਆ। ਤੇ ਜਦੋਂ ਪਾਣੀ ਇਕਦਮ ਚੜ੍ਹ ਆਇਆ ਤਾਂ ਲੋਕਾਂ ਕੋਲ ਨਿਕਲਣ ਲਈ ਵਕਤ ਹੀ ਨਹੀਂ ਸੀ।
ਜਦੋਂ ਅਜੇ ਦੱਖਣੀ ਕਸ਼ਮੀਰ ਡੁੱਬ ਹੀ ਰਿਹਾ ਸੀ, ਉਦੋਂ ਸ੍ਰੀਨਗਰ ਅਤੇ ਇਸ ਦੇ ਆਲੇ-ਦੁਆਲੇ ਦੇ ਨੀਵੇਂ ਖੇਤਰਾਂ ਨੂੰ ਖਾਲੀ ਕਰਾਉਣ ਲਈ ਤਿੰਨ-ਚਾਰ ਘੰਟੇ ਦੀ ਮੋਹਲਤ ਸੀ, ਪਰ ਇਸ ਪਾਸੇ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਮੁਹੱਲਿਆਂ ਵਿਚ ਡੌਂਡੀ ਪਿੱਟ ਕੇ ਜਾਂ ਹਿੰਦੁਸਤਾਨੀ ਕਾਰਪੋਰੇਟ ਚੈਨਲਾਂ ਜਾਂ ਮੁਕਾਮੀ ਦੂਰਦਰਸ਼ਨ ਉਪਰ ਸੰਕਟਕਾਲੀ ਹਾਲਤ (ਐਮਰਜੈਂਸੀ) ਦੀ ਕੋਈ ਚੇਤਾਵਨੀ ਨਹੀਂ ਦਿੱਤੀ ਗਈ। ਉਲਟਾ ਹਕੂਮਤ ਹੜ੍ਹਾਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਅਤੇ ਇਕ ਲੱਖ ਰੇਤੇ ਦੀਆਂ ਬੋਰੀਆਂ ਦੇ ਇੰਤਜ਼ਾਮ ਕੀਤੇ ਹੋਣ ਦੀਆਂ ਫੜ੍ਹਾਂ ਮਾਰਦੀ ਰਹੀ।
ਤੇ ਫਿਰ ਇਕਦਮ ਫ਼ੋਨ ਪ੍ਰਣਾਲੀ ਠੱਪ ਹੋ ਗਈ। ਜਦੋਂ ਬੈਟਰੀਆਂ ਖ਼ਤਮ ਹੋਣ ‘ਤੇ ਆ ਗਈਆਂ ਤਾਂ ਇੰਟਰਨੈਟ ਸੰਚਾਰ ਦਾ ਆਖ਼ਰੀ ਜ਼ਰੀਆ ਵੀ ਬੰਦ ਹੋ ਗਿਆ। ਫਿਰ ਮੁਕਾਮੀ ਆਨ-ਲਾਈਨ ਖ਼ਬਰਾਂ ਦੇ ਨੈਟ-ਵਰਕ ਵੀ ਦਮ ਤੋੜ ਗਏ। ਜੰਗ ਦੌਰਾਨ ਹਮੇਸ਼ਾ ਚਲਦੇ ਰਹਿਣ ਵਾਲੇ ਰੇਡੀਓ ਤੇ ਟੈਲੀਵਿਜ਼ਨ ਚੈਨਲਾਂ ਦੀ ਆਵਾਜ਼ ਵੀ ਆਉਣੋਂ ਹਟ ਗਈ। ਇਨ੍ਹਾਂ ਹਾਲਾਤ ‘ਚ ਕਸ਼ਮੀਰ ਜਾਂ ਦਿੱਲੀ ਦੀ ਅਥਾਰਟੀ ਨੂੰ ਕੋਈ ਮਦਦ ਲਈ ਕਿਵੇਂ ਸੰਪਰਕ ਕਰੇ? ਇਹ ਹਾਲਾਤ ਇਹ ਲਫ਼ਜ਼ ਲਿਖੇ ਜਾਣ ਵਕਤ ਵੀ ਬਣੇ ਹੋਏ ਹਨ। ਸੰਚਾਰ ਸੇਵਾਵਾਂ ਦਾ ਠੱਪ ਹੋਣਾ ਅਤੇ ਕਸ਼ਮੀਰ ‘ਚ ਮੋਦੀ ਦੀ ਫੇਰੀ ਇਕੋ ਵਕਤ ਹੀ ਵਾਪਰੇ। ਅਸੀਂ ਤਾਂ ਇਹੀ ਸਮਝਿਆ ਕਿ ਹਮੇਸ਼ਾ ਵਾਂਗ ‘ਸੁਰੱਖਿਆ’ ਕਾਰਨਾਂ ਕਰ ਕੇ ਸੰਚਾਰ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ, ਜਿਵੇਂ ਉਥੇ ਆਮ ਹੀ ਵਾਪਰਦਾ ਹੈ; ਪਰ ਇਹ ਤਾਂ ਅੱਜ ਤਾਈਂ ਸ੍ਰੀਨਗਰ ਦੇ ਉਨ੍ਹਾਂ ਕੁਝ ਥਾਂਵਾਂ ‘ਤੇ ਵੀ ਨਹੀਂ ਚੱਲੀਆਂ ਜੋ ਹੜ੍ਹਾਂ ਤੋਂ ਬਚੇ ਰਹੇ। ਕੁਝ ਕੁ ਥਾਂਈਂ ਹੀ ਨੈਟਵਰਕ ਪ੍ਰਣਾਲੀ ਨੇ ਸੰਕੇਤ ਫੜਨੇ ਸ਼ੁਰੂ ਕੀਤੇ ਹਨ। ਚੋਖਾ ਸ਼ਹਿਰੀ ਖੇਤਰ ਅਤੇ ਜ਼ਿਆਦਾਤਰ ਪਿੰਡਾਂ ਦਾ ਅਜੇ ਵੀ ਫ਼ੋਨ ਜਾਂ ਸੜਕ ਜ਼ਰੀਏ ਸੰਪਰਕ ਨਹੀਂ ਹੈ। ਰਿਵਾਜੀ/ਰਸਮੀ ਹਵਾਈ ਸਰਵੇਖਣ ਵਕਤ ਮੋਦੀ ਨੇ 200 ਕਿਸ਼ਤੀਆਂ ਅਤੇ 1000 ਕਰੋੜ ਰੁਪਏ ਦਾ ਐਲਾਨ ਕੀਤਾ। ਦਰਅਸਲ ਉਦੋਂ ਲੋਕਾਂ ਨੂੰ ਪਾਣੀ ‘ਚੋਂ ਨਿਕਲਣ ਲਈ ਕਿਸ਼ਤੀਆਂ ਚਾਹੀਦੀਆਂ ਸਨ, ਰੁਪਏ ਉਦੋਂ ਉਨ੍ਹਾਂ ਦੇ ਕਿਸ ਕੰਮ?
ਮੇਰਾ ਆਪਣੇ ਜਿੰਨੇ ਕੁ ਵੀ ਮਿੱਤਰਾਂ ਤੇ ਸਕੇ-ਸਬੰਧੀਆਂ ਨਾਲ ਸੰਪਰਕ ਹੋਇਆ ਹਾਂ, ਉਨ੍ਹਾਂ ਨੂੰ ਕਿਸੇ ਰਿਸ਼ਤੇਦਾਰ, ਕਿਸੇ ਜਾਨ ਜੋਖ਼ਮ ‘ਚ ਪਾਉਣ ਵਾਲੇ ਹਿੰਮਤੀ ਜਾਂ ਮੁਕਾਮੀ ਨੌਜਵਾਨ ਵਾਲੰਟੀਅਰਾਂ ਨੇ ਬਚਾਇਆ। ਕੁਝ ਥਾਂਈਂ ਆਫ਼ਤ ਕੰਟਰੋਲ ਮਹਿਕਮੇ ਦਾ ਅਮਲਾ ਅਤੇ ਫ਼ੌਜ ਰਾਹਤ ਕਾਰਜਾਂ ‘ਚ ਲੱਗੀ ਹੋਈ ਹੈ, ਪਰ ਇਹ ਕੋਈ ਜਥੇਬੰਦ ਯਤਨ ਨਹੀਂ। ਘੱਟੋ-ਘੱਟ ਉਸ ਪੈਮਾਨੇ ‘ਤੇ ਤਾਂ ਬਿਲਕੁਲ ਨਹੀਂ ਜਿਸ ਨਾਲ ਪਾਣੀ ‘ਚ ਘਿਰੇ ਹੋਏ ਸਾਰੇ ਲੋਕਾਂ ਨੂੰ ਕੱਢਿਆ ਜਾ ਸਕਦਾ ਹੋਵੇ। ਇਹ ਲਿਖਣ ਦੇ ਵਕਤ ਵੀ ਫ਼ੌਜੀ ਛਾਉਣੀ ਦੇ ਐਨ ਨਾਲ ਲਗਦੇ ਸ਼ਿਵਪੁਰਾ ਅਤੇ ਇੰਦਰਾ ਨਗਰ ਵੀ ਪੂਰੇ ਖਾਲੀ ਨਹੀਂ ਕਰਾਏ ਜਾ ਸਕੇ ਜੋ ਸਟੇਟ ਦੀ ਅਸਫ਼ਲਤਾ ਦਾ ਸਬੂਤ ਹਨ। ਜੇ ਸ੍ਰੀਨਗਰ ਦੇ ਅਮੀਰ ਹਿੱਸੇ ਦੀ ਇਹ ਹਾਲਤ ਹੈ ਤਾਂ ਗ਼ਰੀਬ ਬਸਤੀਆਂ ਅਤੇ ਪੂਰੀ ਤਰ੍ਹਾਂ ਜਲ-ਥਲ ਪੇਂਡੂ ਇਲਾਕਿਆਂ ਦੀ ਹਾਲਤ ਦੀ ਕਲਪਨਾ ਕੀਤੀ ਹੀ ਜਾ ਸਕਦੀ ਹੈ।
ਕਸ਼ਮੀਰ ਵਿਚੋਂ ਆ ਰਹੀ ਸਭ ਤੋਂ ਪ੍ਰਮਾਣਿਕ ਤੇ ਯਕੀਨ-ਬੰਨ੍ਹਾਊ ਜਾਣਕਾਰੀ ਸਿਰਫ਼ ਉਨ੍ਹਾਂ ਵਾਲੰਟੀਅਰਾਂ ਵਲੋਂ ਰਿਕਾਰਡ ਕੀਤੇ ਵੀਡੀਓ ਕਲਿਪ ਹਨ ਜਿਨ੍ਹਾਂ ਬਸਤੀਆਂ ‘ਚ ਉਨ੍ਹਾਂ ਦੀ ਪਹੁੰਚ ਹੋਈ। ਕੁਝ ਫੁਰਤੀਲੇ ਨੌਜਵਾਨਾਂ ਨੇ ਕਿਸੇ ਤਰ੍ਹਾਂ ਬੀæਐਸ਼ਐਨæਐਲ਼ ਦੇ ਸਦਰ-ਮੁਕਾਮ ਪਹੁੰਚ ਕੇ ਬੁਰੇ ਹਾਲ ਸਮਿਆਂ ਦੇ ਇਹ ਵੀਡੀਓ ਇੰਟਰਨੈਟ ਉਪਰ ਅੱਪਲੋਡ ਕਰ ਦਿੱਤੇ ਜਿਸ ਨਾਲ ਘਰਾਂ ਤੋਂ ਦੂਰ ਬੈਠਿਆਂ ਨੂੰ ਮੁਕੰਮਲ ਬਲੈਕ-ਆਊਟ ਦੀ ਹਾਲਤ ‘ਚ ਕੁਝ ਜਾਣਕਾਰੀ ਮੁਹੱਈਆ ਹੋ ਗਈ।
ਕੌਮੀ ਮੀਡੀਆ ਦੀਆਂ ਗਿਰਝਾਂ ਤਾਂ ਹੈਲੀਕਾਪਟਰਾਂ ਉਪਰ ਵਕਤ ਜ਼ਾਇਆ ਕਰਨ ਅਤੇ ਫ਼ੌਜ ਦੀਆਂ ਘੋੜੀਆਂ ਗਾਉਣ ‘ਚ ਮਸਰੂਫ਼ ਹਨ ਜਿਸ ਨੇ ਇਸ ਲਾਣੇ ਨੂੰ ਮੁਫ਼ਤੋ-ਮੁਫ਼ਤੀ ਝੂਟੇ ਦੇ ਦਿੱਤੇ। ਉਹ ਤਾਂ ਕਸ਼ਮੀਰ ਦੀਆਂ ਨਦੀਆਂ ਅਤੇ ਅਹਿਮ ਥਾਂਵਾਂ ਦੇ ਨਾਂਵਾਂ ਦਾ ਉਚਾਰਨ ਵੀ ਗ਼ਲਤ ਹੀ ਕਰ ਰਹੇ ਹਨ। ਰਾਸ਼ਟਰਵਾਦੀ ਸ਼ਬਦ-ਆਡੰਬਰ ਰਚ ਕੇ ਅਤੇ ਕਸ਼ਮੀਰ ਦੇ ਨਾ-ਸ਼ੁਕਰੇ ਤੇ ਦੇਸ਼ਧ੍ਰੋਹੀ ਆਵਾਮ ਨੂੰ ਹਿੰਦੁਸਤਾਨੀ ਸਟੇਟ ਵਲੋਂ ਮਦਦ ਦੇ ਕੇ ਦਿਖਾਈ ‘ਦਰਿਆਦਿਲੀ’ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਕੇ ਉਹ ਕਸ਼ਮੀਰੀਆਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕ ਰਹੇ ਹਨ। ਉਨ੍ਹਾਂ ਨੂੰ ਇਹ ਕੋਈ ਨਹੀਂ ਦੱਸਦਾ ਕਿ ਜਨੇਵਾ ਕਨਵੈਨਸ਼ਨ ਤਹਿਤ ਸਟੇਟ ਆਪਣੇ ਅਧੀਨ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ ਪਾਬੰਦ ਹੈ। ਸੋਸ਼ਲ ਨੈਟਵਰਕ ‘ਚ ਘੁਸ ਕੇ ਬਚਾਓ ਕਾਰਜਾਂ ਦੇ ਉਦੇਸ਼ ਨਾਲ ਮੁਹਿੰਮਾਂ ਚਲਾਉਣ ਵਾਲੇ ਹਿੰਦੁਸਤਾਨੀ ਰਾਸ਼ਟਰਵਾਦੀਆਂ ਅਤੇ ਫਿਰਕਾਪ੍ਰਸਤਾਂ ਦਾ ਵੱਗ ਇਸ ਦੁੱਖ ਨੂੰ ਹੋਰ ਵਧਾ ਰਹੇ ਹਨ। ਉਹ ਵੈਬ ਸਾਈਟਾਂ ਉਪਰ ਕਸ਼ਮੀਰੀਆਂ ਲਈ ਜ਼ਹਿਰੀਲੀ ਦਿਆਲਤਾ, ਘਿਰਣਾ ਅਤੇ ਅਪਮਾਨ ਉਗਲ ਰਹੇ ਹਨ। ਐਸੇ ਇਨਸਾਨੀ ਸੰਕਟ ਦੇ ਵਕਤ ਇਹ ਕੁਝ ਕਿੰਨਾ ਕਿਰਕਿਰਾ ਲਗਦਾ ਹੈ। ਅਸੀਂ ਇਕੋ ਵਕਤ ਹੜ੍ਹ ਅਤੇ ਨਫ਼ਰਤ ਦੀ ਕਾਂਗ ਨਾਲ ਜੂਝ ਰਹੇ ਹਾਂ। ਇਸ ਨਾਲ ਸਾਨੂੰ ਹਿੰਦੁਸਤਾਨ ਨਾਲ ਮੁਹੱਬਤ ਨਹੀਂ ਹੋ ਜਾਣੀ।
ਇਸ ਵਕਤ ਇਕ ਹਾਂ-ਪੱਖ ਵੀ ਹੈ। ਬੰਕਰ, ਰੋਕਾਂ, ਫ਼ੌਜ ਦੀਆਂ ਕਿਲ੍ਹੇਬੰਦੀਆਂ, ਫ਼ੌਜ ਤੇ ਪੁਲਿਸ ਦੇ ਨਾਕੇ ਅਤੇ ਫ਼ੌਜੀ ਕੰਟਰੋਲ ਤੇ ਜਬਰ ਦੇ ਚਿੰਨ੍ਹ ਫ਼ਿਲਹਾਲ ਹੜ੍ਹਾਂ ‘ਚ ਹੀ ਹੜ੍ਹ ਗਏ। ਇਸ ਨਾਲ ਆਵਾਮ ਨੂੰ ਇਸ ਸਭ ਤੋਂ ਕੁਝ ਅਣਕਿਆਸੀ ਰਾਹਤ ਮਿਲ ਗਈ। ਬੰਦੂਕਾਂ ਅਤੇ ਬਖਤਰਬੰਦ ਫ਼ੌਜੀ ਵਾਹਨ ਗ਼ਾਇਬ ਹਨ। ਹਾਲ ਦੀ ਘੜੀ ਲੋਕ ਮਰਜ਼ੀ ਨਾਲ ਇੱਧਰ-ਉਧਰ ਜਾਣ ਲਈ ਆਜ਼ਾਦ ਹਨ। ਇੰਜ ਲਗਦਾ ਹੈ, ਉਹ ਹਰ ਥਾਂ ਦਿਨ-ਰਾਤ, ਪੈਦਲ, ਕਿਸ਼ਤੀਆਂ ਅਤੇ ਨਿੱਜੀ ਵਾਹਨਾਂ ਉਪਰ ਘੁੰਮ ਕੇ ਆਪਣੀ ਸਰਜ਼ਮੀਨ ਉਪਰ ਮੁੜ ਕਾਬਜ਼ ਹੋ ਰਹੇ ਹਨ। ਇਸ ਤ੍ਰਾਸਦੀ ਦੀ ਘੜੀ ਉਹ ਆਵਾਮ ਖ਼ਾਸ ਤਰ੍ਹਾਂ ਦੀ ਆਜ਼ਾਦੀ ਤੇ ਬੰਦ-ਖ਼ਲਾਸੀ ਮਹਿਸੂਸ ਕਰ ਰਹੇ ਹਨ। ਮੁਹੱਲਾ ਕਮੇਟੀਆਂ ਅਤੇ ਉਹ ਪੇਂਡੂ ਜਿਹੜੇ ਤਿਲ-ਫੁੱਲ ਮਦਦ ਲੈ ਕੇ ਬਹੁੜੇ, ਉਹ ਸੜਕਾਂ ਕੰਢੇ ਲੰਗਰ ਲਾ ਕੇ ਬਿਪਤਾ ‘ਚ ਫਸੇ ਤੇ ਹੜ੍ਹਾਂ ਮਾਰੇ ਆਵਾਮ ਨੂੰ ਖਾਣਾ ਦੇ ਰਹੇ ਹਨ। ਇਕ ਵੀਡੀਓ ਵਿਚ ਮੈਂ ਖ਼ੁਦ ਦੇਖਿਆ ਕਿ ਫਲਾਂ ਦਾ ਇਕ ਥੋਕ ਵਪਾਰੀ ਆਪਣੇ ਟਰੱਕ ਤੇ ਕੁਝ ਵਾਲੰਟੀਅਰਾਂ ਸਮੇਤ ਵੱਖੋ-ਵੱਖਰੇ ਮੁਹੱਲਿਆਂ ‘ਚ ਹੜ੍ਹਾਂ ਮਾਰੇ ਲੋਕਾਂ ਨੂੰ ਫ਼ਲ ਵੰਡ ਰਿਹਾ ਹੈ। ਇਸ ਵੀਡੀਓ ਕਲਿੱਪ ਨੇ ਮੈਨੂੰ ਇਕਮੁੱਠਤਾ, ਕੁਰਬਾਨੀ ਅਤੇ ਆਜ਼ਾਦੀ ਦੀ ਉਹ ਯਾਦ ਤਾਜ਼ਾ ਕਰਵਾ ਦਿੱਤੀ ਜੋ ਅਸੀਂ ਆਖ਼ਰੀ ਵਾਰ 1989-90 ਦੇ ਅੰਦੋਲਨ ਵਕਤ ਮਹਿਸੂਸ ਕੀਤੀ ਸੀ ਜਦੋਂ ਉਥੇ ਸਟੇਟ ਦਾ ਕੰਟਰੋਲ ਨਹੀਂ ਸੀ ਰਿਹਾ। ਮੈਂ ਬਾਗ਼ੋ-ਬਾਗ਼ ਹਾਂ ਕਿ ਦੋ ਦਹਾਕੇ ਲੰਮੇ ਬੇਰਹਿਮ ਵਹਿਸ਼ੀਕਰਨ ਨਾਲ ਉਹ ਭਾਵਨਾ ਮਰੀ-ਮੁੱਕੀ ਨਹੀਂ।
ਹਵਾਈ ਰਾਹਤ ਯਤਨ ਟਾਂਵੇਂ-ਟਾਂਵੇਂ ਹੀ ਹਨ ਅਤੇ ਜ਼ਿਆਦਾਤਰ ਅਮੀਰ ਸੈਲਾਨੀਆਂ ਤੇ ਵੀæਆਈæਪੀæ ਲਾਣੇ ‘ਤੇ ਕੇਂਦਰਤ ਹਨ ਜਿਨ੍ਹਾਂ ਨੂੰ ਹਵਾਈ ਝੂਟੇ ਦੇ ਕੇ ਮਹਿਫ਼ੂਜ਼ ਥਾਂਵਾਂ ‘ਤੇ ਲਿਜਾਇਆ ਗਿਆ ਹੈ। ਹੜ੍ਹਾਂ ਦੀ ਸਭ ਤੋਂ ਭੈੜੀ ਮਾਰ ਦਾ ਸ਼ਿਕਾਰ ਬਿਹਾਰ ਤੇ ਯੂæਪੀæ ਦੇ ਪਰਵਾਸੀ ਹੋਏ ਹਨ। ਉਹ ਅਜੇ ਵੀ ਉਨ੍ਹਾਂ ਥਾਂਵਾਂ ‘ਤੇ ਘਿਰੇ ਹੋਏ ਹਨ ਜਿਥੇ ਨਾ ਕੋਈ ਰੈਣ-ਬਸੇਰਾ ਹੈ ਤੇ ਨਾ ਖਾਣ-ਪੀਣ ਦਾ ਸਮਾਨ। ਮੈਨੂੰ ਜਾਣਕਾਰੀ ਮਿਲੀ ਹੈ ਕਿ ਰਾਹਤ ਕਾਰਜਾਂ ‘ਚ ਲੱਗੇ ਅੱਧੇ ਹੈਲੀਕਾਪਟਰ ਨਕਾਰਾ ਅਤੇ ਮਾੜੀ ਹਾਲਤ ‘ਚ ਹਨ। ਦੇਸ਼-ਵਿਦੇਸ਼ ਵਸਦੇ ਕਸ਼ਮੀਰੀਆਂ ਅਤੇ ਹੋਰ ਸ਼ੁਭ-ਚਿੰਤਕਾਂ ਵਲੋਂ ਭੇਜੇ ਜਾ ਰਹੇ ਰਾਹਤ ਦੇ ਸਮਾਨ ਨੂੰ ਕਸ਼ਮੀਰ ਪਹੁੰਚਣ ‘ਚ ਬਹੁਤ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਕਤ ਸ੍ਰੀਨਗਰ ਹਵਾਈ ਅੱਡਾ ਹੀ ਰਾਹਤ ਦਾ ਸਮਾਨ ਪਹੁੰਚਾਉਣ ਦਾ ਇਕੋ-ਇਕ ਜ਼ਰੀਆ ਹੈ, ਉਥੇ ਵੀ ਬਥੇਰੇ ਅੜਿੱਕੇ ਹਨ। ਜ਼ਿਆਦਾਤਰ ਏਅਰਲਾਈਨਾਂ ਰਾਹਤ ਦੇ ਸਮਾਨ ਦੇ ਪੈਸੇ ਵਸੂਲ ਰਹੀਆਂ ਹਨ। ਆਫ਼ਤ ਮਾਰੇ ਹਰ ਥਾਂ ਦੀ ਤਰ੍ਹਾਂ ਇਥੇ ਵੀ ਸੰਵੇਦਨਹੀਣਤਾ ਦਾ ਬੋਲਬਾਲਾ ਹੈ।
ਕੇਂਦਰ ਦੀ ਪਕੜ ਰਹੀ ਨਹੀਂ। ਰਿਆਸਤੀ ਹਕੂਮਤ ਨੇ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਹਾਲ ‘ਤੇ ਛੱਡ ਰੱਖਿਆ ਹੈ। ਕਸ਼ਮੀਰੀਆਂ ਤੋਂ ਭੈਭੀਤ, ਇਹ ਕੌਮਾਂਤਰੀ ਪੇਸ਼ੇਵਰ ਰਾਹਤ ਅਤੇ ਮੁੜ-ਵਸੇਬਾ ਕਾਰਵਾਈਆਂ ਦੀ ਇਜਾਜ਼ਤ ਨਹੀਂ ਦੇਵੇਗਾ ਜੋ ਇਸ ਵਕਤ ਕਸ਼ਮੀਰ ਨੂੰ ਬੁਰੀ ਤਰ੍ਹਾਂ ਦਰਕਾਰ ਹੈ। ਅਸੀਂ ਇਕੱਲੇ ਹੀ ਨਜਿੱਠ ਰਹੇ ਹਾਂ।
ਆਪਣੀ ਮਾਂ, ਭੈਣਾਂ, ਭਾਣਜੇ-ਭਾਣਜੀਆਂ ਨਾਲ ਮੇਰੀ ਗੱਲ ਅਜੇ ਹੋਣੀ ਹੈ। ਉਨ੍ਹਾਂ ਦੀ ਸੁੱਖ-ਸਾਂਦ ਪਤਾ ਲਾਉਣ ਦਾ ਕੋਈ ਜ਼ਰੀਆ ਨਹੀਂ ਹੈ। ਕਸ਼ਮੀਰ ਤੋਂ ਬਾਹਰ ਰਹਿ ਰਹੇ ਮੇਰੇ ਵਰਗੇ ਕਸ਼ਮੀਰੀ ਭਰੇ-ਪੀਤੇ ਅਤੇ ਬਹੁਤ ਖ਼ਫ਼ਾ ਹਨ।
Leave a Reply