ਪੰਜਾਬ ਦਾ ਲੋਕ ਅੱਜ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਇਸ ਉਤੇ ਚੁਫੇਰਿਉਂ ਮੁਸੀਬਤਾਂ ਦੀ ਵਾਛੜ ਹੋ ਰਹੀ ਹੈ। ਕਿਤੇ ਕੋਈ ਸੁਣਵਾਈ ਨਹੀਂ। ਹੁਕਮਰਾਨ ਧਿਰਾਂ, ਪ੍ਰਸ਼ਾਸਨ ਤੇ ਅਫਸਰਸ਼ਾਹੀ ਸਭ ਆਪਣੇ ਹਿਸਾਬ ਨਾਲ ‘ਵਧੀਆ’ ਢੰਗ ਨਾਲ ਚੱਲ ਰਹੇ। ਇਸ ‘ਸਭ ਅੱਛਾ’ ਵਾਲੀ ਪਹੁੰਚ ਨਾਲ ਢਾਂਚਾ ਇੰਨਾ ਜ਼ਿਆਦਾ ਕਰੂਰ ਤੇ ਕੁਰੱਪਟ ਹੋ ਗਿਆ ਹੈ ਕਿ ਆਮ ਬੰਦੇ ਕੋਲ ਕੋਈ ਚਾਰਾ ਬਾਕੀ ਨਹੀਂ ਬਚਿਆ। ਹਰ ਤਬਕਾ ਰੋਸ ਅਤੇ ਰੋਹ ਨਾਲ ਗਲ-ਗਲ ਤਕ ਭਰਿਆ ਹੋਇਆ ਹੈ। ਪਿਛਲੇ ਦਿਨੀਂ ਇਸ ਰੋਹ ਅਤੇ ਰੋਸ ਦਾ ਤਿੱਖਾ ਇਜ਼ਹਾਰ ਇਕ ਨੌਜਵਾਨ ਵੱਲੋਂ ਮੁੱਖ ਮੰਤਰੀ ਵੱਲ ਜੁੱਤੀ ਉਛਾਲਣ ਨਾਲ ਦੇਖਣ ਨੂੰ ਮਿਲਿਆ। ਇਸ ਸਮੁੱਚੇ ਹਾਲਾਤ ਦੀ ਛਾਣ-ਬੀਣ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। -ਸੰਪਾਦਕ
ਬੂਟਾ ਸਿੰਘ
ਫੋਨ: 91-94634-74342
ਪੰਦਰਾਂ ਅਗਸਤ ਦੇ ਦਿਨ ਈਸੜੂ ਵਿਚ ਸਰਕਾਰੀ ਸਮਾਗਮ ਦੌਰਾਨ ਇਕ ਨੌਜਵਾਨ ਵਲੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਸੁੱਟਣਾ, ਚਲਿੱਤਰਬਾਜ਼ੀ ਦੇ ਮਾਹਰ ਮੁੱਖ ਮੰਤਰੀ ਵਲੋਂ ਪਹਿਲਾਂ ਅਜਿਹੇ ਕਿਸੇ ਵਾਕਿਆ ਤੋਂ ਹੀ ਅਣਜਾਣਤਾ ਜ਼ਾਹਿਰ ਕਰਨਾ, ਬਾਅਦ ਵਿਚ ਉਸ ਨੌਜਵਾਨ ਨੂੰ ਮੁਆਫ਼ ਕਰ ਦੇਣ ਦਾ ਐਲਾਨ ਕਰ ਦੇਣਾ ਅਤੇ ਫਿਰ ਪੁਲਿਸ ਵਲੋਂ ਬਾਦਲਕਿਆਂ ਦੇ ਇਸ਼ਾਰੇ ‘ਤੇ ਨੌਜਵਾਨ ਵਿਕਰਮ ਸਮੇਤ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ 332, 352, 353 ਵਰਗੀਆਂ ਗ਼ੈਰ-ਜ਼ਮਾਨਤੀ ਧਾਰਾਵਾਂ ਲਗਾ ਕੇ ਮੁਜਰਮਾਂ ਵਾਂਗ ਪੁਲਿਸ ਰਿਮਾਂਡ ਲੈਣਾ ਜਿਥੇ ਸੱਤਾਧਾਰੀ ਧਿਰ ਦੇ ਅਵਾਮ ਪ੍ਰਤੀ ਰਵੱਈਏ ਦਾ ਇਜ਼ਹਾਰ ਹੈ, ਉਥੇ ਹਾਲਾਤ ਦੀ ਨਜ਼ਾਕਤ ਦਾ ਸਾਫ਼ ਇਸ਼ਾਰਾ ਵੀ ਹੈ। ਹਾਲਾਤ ਇਹ ਹਨ ਕਿ ਅਵਾਮ ਵਲੋਂ ਆਪਣੇ ਹਿੱਤਾਂ, ਸਰੋਕਾਰਾਂ ਤੇ ਮਸਲਿਆਂ ਉਪਰ ਲਗਾਤਾਰ ਉੱਠ ਰਹੀ ਆਵਾਜ਼ ਅਤੇ ਉਨ੍ਹਾਂ ਦੇ ਜਮਹੂਰੀ ਸੰਘਰਸ਼ਾਂ ਨੂੰ ਹੁਕਮਰਾਨ ਲਾਣਾ ਨਾ ਸਿਰਫ਼ ਟਿੱਚ ਸਮਝਦਾ ਹੈ ਸਗੋਂ ਉਨ੍ਹਾਂ ਨੂੰ ਪ੍ਰਚਲਤ ਤੇ ਪ੍ਰਵਾਨਤ ਢੰਗਾਂ ਨਾਲ ਰੋਸ ਪ੍ਰਗਟਾਉਣ ਦੀ ਇਜਾਜ਼ਤ ਵੀ ਨਹੀਂ ਦੇ ਰਿਹਾ। ਹਾਲੀਆ ਜ਼ਿਮਨੀ ਚੋਣਾਂ ਦੌਰਾਨ ਤਲਵੰਡੀ ਸਾਬੋ ਵਿਚ ਸੱਤਾਧਾਰੀ ਧਿਰ ਵਲੋਂ ਵਾਅਦਿਆਂ ਤੋਂ ਮੁੱਕਰਨ ਖ਼ਿਲਾਫ਼ ਰੋਸ ਪ੍ਰਗਟਾਵਿਆਂ ਨੂੰ ਪੁਲਿਸ ਜਬਰ ਰਾਹੀਂ ਕੁਚਲਣਾ ਅਣਐਲਾਨੇ ਤਾਨਾਸ਼ਾਹ ਰਾਜ ਦਾ ਇਕ ਹੋਰ ਸਬੂਤ ਹੀ ਸੀ। ਅਜਿਹੇ ਹਾਲਾਤ ਵਿਚ ਅੱਕੇ-ਸਤੇ ਅਵਾਮ ਕੋਲ ਜਿਥੇ ਮੌਕਾ ਮਿਲੇ, ਸੱਤਾਧਾਰੀਆਂ ਵੱਲ ਜੁੱਤੀਆਂ ਸੁੱਟਣਾ ਰੋਸ ਪ੍ਰਗਟਾਵੇ ਦਾ ਇਕ ਸਾਧਨ, ਇਕ ਵਿਰੋਧ ਰੂਪ ਹੀ ਹੈ।
ਇਹ ਹੋਰ ਵੀ ਦਿਲਚਸਪ ਹੈ ਕਿ ਬਾਦਲਕਿਆਂ ਨੂੰ ਪਾਣੀ ਪੀ-ਪੀ ਭੰਡਣ ਵਾਲੇ ਪੰਜਾਬ ਦੇ ਮੁੱਖ ਕਾਂਗਰਸੀ ਆਗੂ ‘ਇਹ ਰਾਜ ਦੇ ਸਿਆਸੀ ਸਭਿਆਚਾਰ ਦਾ ਹਿੱਸਾ ਨਹੀਂ’ ਦੀਆਂ ਨਸੀਹਤਾਂ ਦਿੰਦੇ ਅਤੇ ਇਸ ਜੁੱਤੀ ਕਾਂਡ ਦੀ ਪੱਬਾਂ ਭਾਰ ਹੋ ਕੇ ਨਿਖੇਧੀ ਕਰਦੇ ਨਜ਼ਰ ਆਏ। ਇਸ ਹੇਜ ਦੀ ਵਜ੍ਹਾ ਸਮਝਣੀ ਮੁਸ਼ਕਲ ਨਹੀਂ। ਉਨ੍ਹਾਂ ਨੂੰ ਚਿੰਤਾ ‘ਸਹੇ ਨਾਲੋਂ ਪਹੇ’ ਦੀ ਹੈ। ਕਾਂਗਰਸੀ ਆਗੂ ਭਲੀਭਾਂਤ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਵੀ ਬਾਦਲਕਿਆਂ ਵਾਲੀਆਂ ਜਮਾਤੀ ਕਰਤੂਤਾਂ ਦੀ ਮਾਲਕ ਹੋਣ ਕਾਰਨ ਭਵਿੱਖ ਵਿਚ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਇਸ ਸ਼ਕਲ ਵਿਚ ਅਵਾਮੀ ਰੋਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ; ਕਿਉਂਕਿ ਵੰਨ-ਸੁਵੰਨੇ ਮਾਫ਼ੀਆ ਗਰੋਹ ਅਤੇ ਦੋਵੇਂ ਹੁਕਮਰਾਨ ਪਾਰਟੀਆਂ ਇੱਕੋ ਸਿੱਕੇ ਦੇ ਦੋ ਪਾਸੇ ਹਨ। ਸਮਾਜ ਦੀ ਮਿਹਨਤ ਹੜੱਪ ਕੇ ਅਯਾਸ਼ੀ ਕਰਨ ਵਾਲੀਆਂ ਮੁੱਠੀ ਭਰ ਪਰਜੀਵੀ ਜਮਾਤਾਂ (ਜੋ ਮੁੱਖਧਾਰਾ ਸਿਆਸੀ ਪਾਰਟੀਆਂ ਦਾ ਸਮਾਜੀ ਆਧਾਰ ਹਨ) ਨੂੰ ਛੱਡ ਕੇ ਹਰ ਵਰਗ ਵਿਚ ਹਾਹਾਕਾਰ ਮੱਚੀ ਹੋਈ ਹੈ। ਵਾਰੋ-ਵਾਰੀ ਸੱਤਾਨਸ਼ੀਨ ਹੋਣ ਵਾਲੀਆਂ ਦੋਵਾਂ ਪਾਰਟੀਆਂ ਕੋਲ ਇਸ ਅੱਕੇ-ਸੱਤੇ ਅਵਾਮ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਹੈ। ਇਹ ਦੋਵੇਂ ਡੰਡੇ ਦੀ ਨੀਤੀ ਬਾਰੇ ਵੀ ਇਕਮੱਤ ਹਨ ਅਤੇ ਲਿਹਾਜ਼ਾ ਜੁੱਤੀ ਸੁੱਟਣ ਦੀ ਨਿਖੇਧੀ ਕਰਨ ਬਾਰੇ ਵੀ।
ਅਵਾਮੀ ਰੋਸ ਪ੍ਰਗਟਾਵੇ ਦੇ ਸਾਧਨ ਵਜੋਂ ਜੁੱਤੀ ਪਹਿਲੀ ਦਫ਼ਾ ਆਲਮੀ ਚਰਚਾ ਵਿਚ ਉਦੋਂ ਆਈ ਜਦੋਂ ਇਰਾਕੀ ਪੱਤਰਕਾਰ ਮੁੰਤਜ਼ਰ-ਅਲ ਜ਼ੈਦੀ ਨੇ 14 ਦਸੰਬਰ 2008 ਨੂੰ ਬਗ਼ਦਾਦ ਵਿਚ ਪ੍ਰੈੱਸ ਸੰਮੇਲਨ ਵਿਚ ਅਮਰੀਕੀ ਬੁਰਛਾਗਰਦੀ ਦੇ ਪ੍ਰਤੀਕ ਰਾਸ਼ਟਰਪਤੀ ਜਾਰਜ਼ ਬੁਸ਼ ਵੱਲ ਦੋ ਜੁੱਤੀਆਂ ਸੁੱਟ ਕੇ ਅਮਰੀਕੀ ਸਾਮਰਾਜਵਾਦ ਦੀ ਬਦਮਾਸ਼ੀ ਵਿਰੁੱਧ ਰੋਸ ਪ੍ਰਗਟਾਇਆ ਤੇ ਉਸ ਨੂੰ ‘ਕੁੱਤਾ’ ਕਹਿ ਕੇ ਇਰਾਕੀ ਅਵਾਮ ਅੰਦਰ ਖੌਲ ਰਹੇ ਰੋਹ ਦੀ ਨੁਮਾਇੰਦਗੀ ਕੀਤੀ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਰਬਾਬ ਗ਼ੁਲਾਮ ਰਹੀਮ ਵਲੋਂ ਦੁਬਾਰਾ ਵਿਧਾਇਕ ਚੁਣੇ ਜਾਣ ‘ਤੇ ਵਿਧਾਨ ਸਭਾ ਦੇ ਸਹੁੰ-ਚੁੱਕ ਸਮਾਗਮ ਵਿਚ ਜੁੱਤੀ ਦੀ ਘਟਨਾ ਭਾਵੇਂ ਬੁਸ਼ ਦੇ ਜੁੱਤੀਆਂ ਪੈਣ ਤੋਂ ਕੁਝ ਮਹੀਨੇ ਪਹਿਲਾਂ ਹੋ ਚੁੱਕੀ ਸੀ, ਪਰ ਐਨੀ ਚਰਚਾ ਵਿਚ ਨਹੀਂ ਸੀ ਆਈ। ਇਹ ਵੀ ਅਵਾਮੀ ਰੋਹ ਦਾ ਇਜ਼ਹਾਰ ਹੀ ਸੀ ਕਿ ਅਮਰੀਕਾ ਦੀ ਤਤਕਾਲੀ ਵਿਦੇਸ਼ ਮੰਤਰੀ ਕੌਂਡੋਲਿਜ਼ਾ ਰਾਈਸ ਦਾ ਨਾਂ ਹੀ ਖਾੜੀ ਦੇ ਲੋਕਾਂ ਨੇ ‘ਜੁੱਤੀ’ ਰੱਖ ਦਿੱਤਾ ਸੀ। ਅਜੇ ਲੰਘੇ ਅਪਰੈਲ ਮਹੀਨੇ ਵਿਚ ਹੀ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ਉਸ ਦੇ ਆਪਣੇ ਹੀ ਮੁਲਕ ਦੀ ਇਕ ਔਰਤ ਨੇ ਜੁੱਤੀ ਕੱਢ ਮਾਰੀ ਸੀ। ਹਿੰਦੁਸਤਾਨ ਵਿਚ ਐਲ਼ਕੇæ ਅਡਵਾਨੀ, ਪੀæ ਚਿੰਦਬਰਮ, ਮਨਮੋਹਨ ਸਿੰਘ, ਰਾਹੁਲ ਗਾਂਧੀ, ਨਰੇਂਦਰ ਮੋਦੀ, ਭੁਪਿੰਦਰ ਸਿੰਘ ਹੁੱਡਾ ਸਮੇਤ ਬਹੁਤ ਸਾਰੇ ਮੁੱਖਧਾਰਾ ਸਿਆਸਤਦਾਨ ਜੁੱਤੀਆਂ ਨਾਲ ਨਿਵਾਜ਼ੇ ਜਾ ਚੁੱਕੇ ਹਨ। ਲਿਹਾਜ਼ਾ ਜੁੱਤੀਆਂ ਪੈਣ ਦੀ ਨੌਬਤ ਅਤੇ ਜੁੱਤੀ ਦਾ ਨਿਸ਼ਾਨਾ ਬਣੇ ਸ਼ਖ਼ਸ ਦੇ ਕਿਰਦਾਰ ਨੂੰ ਤੋੜ ਕੇ ਨਹੀਂ ਦੇਖਿਆ ਜਾ ਸਕਦਾ।
ਪੰਜਾਬ ਸਰਕਾਰ ਦੇ ਸਮਾਗਮ ਵਿਚ ਜੁੱਤੀ ਮਾਰਨ ਵਾਲੇ ਨੌਜਵਾਨ ਨੇ ਸਾਫ਼ ਲਫ਼ਜ਼ਾਂ ‘ਚ ਕਿਹਾ ਹੈ ਕਿ “ਮੈਂ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਨਹੀਂ ਮਾਰੀ। ਮੈਂ ਤਾਂ ਸੂਬੇ ਦੇ ਮੁੱਖ ਮੰਤਰੀ ਵੱਲ ਜੁੱਤੀ ਸੁੱਟੀ ਹੈ ਕਿਉਂਕਿ ਇਨ੍ਹਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਹੈ”। ਬਾਦਲ ਨੇ ਚਲਾਕੀ ਨਾਲ ਜ਼ਬਾਨ ਬਦਲ ਲਈ ਕਿ ਨੌਜਵਾਨ ਦੇ ਰੋਸ ਤੋਂ ਲੱਗਦਾ ਹੈ, ਉਹ ਬੇਰੋਜ਼ਗਾਰੀ ਤੋਂ ਦੁਖੀ ਹੈ। ਮੁੱਖ ਮੰਤਰੀ ਹਰ ਕਿਸੇ ਨੂੰ ਨੌਕਰੀ ਦੇ ਕੇ ਖੁਸ਼ ਨਹੀਂ ਕਰ ਸਕਦਾ। ਇਸ ਸ਼ਖਸ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਨੌਕਰੀ ਦਿੱਤੀ ਕਿੰਨਿਆਂ ਕੁ ਨੂੰ ਹੈ! ਨੌਜਵਾਨ ਦਾ ਕਥਨ ਬਿਲਕੁਲ ਸਹੀ ਹੈ ਕਿ ਇਹ ਹੁਕਮਰਾਨ ਨਾ ਸਿਰਫ਼ ਲੋਕਾਂ ਨੂੰ ਨਿੱਤ ਲਾਰੇ ਲਾ ਕੇ ਅਤੇ ਝੂਠੇ ਵਾਅਦੇ ਕਰ ਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕਰਦੇ ਹਨ ਸਗੋਂ ਰੋਜ਼ਗਾਰ ਦੀ ਹੱਕੀ ਮੰਗ ਕਰਦੇ ਨੌਜਵਾਨਾਂ ਨੂੰ ਪੁਲਿਸ ਕੋਲੋਂ ਡਾਂਗਾਂ ਨਾਲ ਕੁਟਵਾਉਂਦੇ ਹਨ ਤੇ ਨੌਜਵਾਨਾਂ ਕੁੜੀਆਂ ਨੂੰ ਪੁਲਿਸ ਤੇ ਜਥੇਦਾਰਾਂ ਕੋਲੋਂ ਜ਼ਲੀਲ ਕਰਵਾਉਂਦੇ ਹਨ। ਮੁਜ਼ਾਹਰਾਕਾਰੀਆਂ ਨੂੰ ਇਕੱਠੇ ਹੋਣ ਵਾਲੀ ਥਾਂ ਹੀ ਬੇਸ਼ੁਮਾਰ ਪੁਲਿਸ ਘੇਰ ਲੈਂਦੀ ਹੈ। ਜਦੋਂ ਇਨ੍ਹਾਂ ਨੇ ਜਮਹੂਰੀ ਸੰਘਰਸ਼ਾਂ ਦੀ ਗੁੰਜਾਇਸ਼ ਹੀ ਖ਼ਤਮ ਕਰ ਦਿੱਤੀ ਹੈ, ਫਿਰ ਬੇਵੱਸ ਅਵਾਮ ਅੱਗੇ ਜੋ ਸੀਮਤ ਰਾਹ ਬਚੇ ਹਨ, ਉਨ੍ਹਾਂ ਵਿਚੋਂ ਇਕ ਜੁੱਤੀ ਦੀ ਜ਼ਬਾਨ ਰਾਹੀਂ ਹੁਕਮਰਾਨਾਂ ਦੇ ਕੰਨਾਂ ਤਕ ਪਹੁੰਚਾਉਣਾ ਹੈ।
ਇਹ ਗ਼ੈਰਤਮੰਦ ਨੌਜਵਾਨ ਕਿਹੜੀ ਸਿਆਸੀ ਪਾਰਟੀ ਨਾਲ ਸਬੰਧਤ ਸੀ, ਇਹ ਸਵਾਲ ਉਤਨਾ ਮਾਇਨੇ ਨਹੀਂ ਰੱਖਦਾ ਜਿੰਨਾ ਇਹ ਕਿ ਉਸ ਵਲੋਂ ਮੁੱਖ ਮੰਤਰੀ ਦੇ ਖਿਲਾਫ਼ ਲਾਏ ਇਲਜ਼ਾਮ ਸੌ ਤੋਂ ਵੀ ਅੱਗੇ ਦੋ ਸੌ ਫ਼ੀਸਦੀ ਸੱਚ ਹਨ ਜੋ ਖ਼ੁਦ ਨੂੰ ‘ਫ਼ਖ਼ਰ-ਏ-ਕੌਮ’ ਅਖਵਾਉਂਦਿਆਂ ਭੋਰਾ ਸ਼ਰਮ ਮਹਿਸੂਸ ਨਹੀਂ ਕਰਦਾ। ਪੰਜਾਬ ਦੇ ਅਵਾਮ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਢੇ ਸੱਤ ਸਾਲਾਂ ਦੇ ਬਾਦਲ ਰਾਜ ਦੌਰਾਨ ਪਿਉ-ਪੁੱਤ ਦੀ ਕਿਹੜੀ ‘ਪ੍ਰਾਪਤੀ’ ਉਪਰ ਫ਼ਖ਼ਰ ਮਹਿਸੂਸ ਕਰਨ ਅਤੇ ਸਵੈ-ਸ਼ੁਹਰਤ ਦੇ ਭੁੱਖੇ ਇਸ ਸ਼ਖ਼ਸ ਵਲੋਂ ਆਪਣੀ ਹਿੱਕ ਉਪਰ ਆਪ ਹੀ ਚਿਪਕਾਏ ਇਸ ਤਮਗੇ ਉਪਰ ਕਿਸ ਹਾਸਲ ਨੂੰ ਸਾਹਮਣੇ ਰੱਖ ਕੇ ਮੋਹਰ ਲਗਾਉਣ।
ਇਨ੍ਹਾਂ ਦੀਆਂ ‘ਪ੍ਰਾਪਤੀਆਂ’ ਤਾਂ ਬੇਸ਼ੁਮਾਰ ਹਨ- ਕੈਂਸਰ; ਨਸ਼ਿਆਂ ਤੇ ਬੇਰੋਜ਼ਗਾਰੀ ਦਾ ਬੋਲਬਾਲਾ; ਮੁਲਕ ਵਿਚ ਬਰਾਮਦ ਹੋ ਰਹੀ ਕੁਲ ਅਫ਼ੀਮ ਦਾ 41 ਫ਼ੀ ਸਦੀ ਅਤੇ 29 ਫ਼ੀ ਸਦੀ ਹੈਰੋਇਨ ਦੀ ਪੰਜਾਬ ਵਿਚ ਬਰਾਮਦਗੀ; ਮਰ-ਮੁੱਕ ਰਹੀ ਸਰਕਾਰੀ ਸਿਖਿਆ; ਦਮ ਤੋੜ ਰਹੀਆਂ ਸਿਹਤ ਸੇਵਾਵਾਂ; ਗ਼ੈਰ-ਮੁਨਾਫ਼ਾ ਮਨੋਰਥ ਵਾਲੀਆਂ ਸਰਕਾਰੀ ਸੇਵਾਵਾਂ ਦੀ ਅਣਹੋਂਦ ‘ਚ ਬੇਵੱਸ ਲੋਕਾਂ ਦੀਆਂ ਜੇਬਾਂ ਕੱਟਣ ਲਈ ਤਰਲੋਮੱਛੀ ਹੋ ਰਹੇ ਖੁੰਭਾਂ ਵਾਂਗ ਉੱਗੇ ਪ੍ਰਾਈਵੇਟ ਹਸਪਤਾਲ/ਕਾਲਜ/ਯੂਨੀਵਰਸਿਟੀਆਂ, ਰੇਤ-ਟਰਾਂਸਪੋਰਟ ਮਾਫ਼ੀਆ ਦੀ ਗੁੰਡਾਗਰਦੀ ਤੇ ਖੰਡ ਦੇ ਭਾਅ ਵਿਕ ਰਹੀ ਰੇਤ-ਬੱਜਰੀ; ਪ੍ਰਿਯੰਕਾ ਚੋਪੜਾ ਦੇ ਛੇ ਕਰੋੜੀ ਮੁਜਰੇ ਅਤੇ ਬਹੁ-ਕਰੋੜੀ ਕਬੱਡੀ ਕੱਪਾਂ ਦੀ ਚਮਕ-ਦਮਕ ਥੱਲੇ ਦਫ਼ਨਾਈਆਂ ਜਾ ਰਹੀਆਂ ਰਵਾਇਤੀ ਖੇਡਾਂ; ਪੰਜ ਹਜ਼ਾਰ ਕਿਰਤੀ-ਕਿਰਸਾਨਾਂ ਦੀਆਂ ਖ਼ੁਦਕੁਸ਼ੀਆਂ, ਨਿਸ਼ਾਨ ਸਿੰਘਾਂ-ਰਾਣਿਆਂ ਵਰਗੇ ਬਦਮਾਸ਼ਾਂ ਦੀ ਸਿਆਸੀ ਪੁਸ਼ਤ-ਪਨਾਹੀ ਅਤੇ ਨਸ਼ਾ ਤਸਕਰਾਂ ਨਾਲ ਅਕਾਲੀ ਆਗੂਆਂ ਦੇ ਜ਼ਾਹਰਾ ਗੱਠਜੋੜ; ਬਾਦਲਾਂ ਦੀ ਕਾਲੇ ਧੰਦਿਆਂ ਦੀ ਸਲਤਨਤ (ਜਿਸ ਦਾ ਤੱਥਪੂਰਨ ਵਿਸਤਾਰਤ ਖ਼ੁਲਾਸਾ ‘ਪੰਜਾਬੀ ਟ੍ਰਿਬਿਊਨ’ ਨੇ ਲੋਕ ਸਭਾ ਚੋਣਾਂ ਮੌਕੇ ਆਪਣੀਆਂ ਖ਼ਾਸ ਰਿਪੋਰਟਾਂ ਵਿਚ ਕੀਤਾ); ਨਿੱਤ ਹਕੂਮਤ ਦੇ ਸਾੜੇ ਜਾ ਰਹੇ ਪੁਤਲੇ ਤੇ ਰੋਸ-ਮੁਜ਼ਾਹਰੇ; ਸਰਕਾਰੀ ਜਸ਼ਨੀ ਸਮਾਗਮਾਂ ਵਿਚ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਪੰਜਾਬ ਦਾ ਭਵਿੱਖ, ਜਥੇਦਾਰਾਂ ਵਲੋਂ ਪੁੱਟੀਆਂ ਜਾਂਦੀਆਂ ਬੇਰੋਜ਼ਗਾਰ ਧੀਆਂ ਦੀਆਂ ਗੁੱਤਾਂ, ਪੈਰਾਂ ਵਿਚ ਰੋਲ਼ੀਆਂ ਜਾ ਰਹੀਆਂ ਚੁੰਨੀਆਂ ਤੇ ਪੱਗਾਂ; ਦੁੱਧ ਚੁੰਘਦੀ ਮਾਸੂਮ ਬੱਚੀ ਰੂਥ ਦੀ ਮੌਤ; ਸ਼੍ਰੋਮਣੀ ਕਮੇਟੀ ਦੀ ਮਸੰਦ ਸੈਨਾ ਵਲੋਂ ਧਾਰਮਿਕ ਸਥਾਨਾਂ ਦੀ ਜ਼ਮੀਨ-ਜਾਇਦਾਦ ਉਪਰ ਕੀਤੇ ਜਾ ਰਹੇ ਕਬਜ਼ੇ; 75 ਲੱਖ ਬੇਰੋਜ਼ਗਾਰਾਂ ਵਾਲੇ ਸੂਬੇ ਅੰਦਰ ਢਾਈ ਸਾਲਾਂ ਵਿਚ ਮਹਿਜ਼ 2 ਫ਼ੀਸਦੀ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਅਹਿਸਾਨ; ਸੱਤ ਸਾਲਾ ਅਕਾਲੀ ਰਾਜ ਵਿਚ ਬੰਦ ਹੋਈਆਂ 18770 ਛੋਟੀਆਂ ਤੇ ਦਰਮਿਆਨੀਆਂ ਫੈਕਟਰੀਆਂ; ਸੂਬੇ ਵਿਚ ਹਰ ਸਾਲ ਹੋ ਰਹੀ ਤੀਹ ਕਰੋੜ ਸ਼ਰਾਬ ਦੀਆਂ ਬੋਤਲਾਂ ਦੀ ਖ਼ਪਤ ਤੇ ਹਕੂਮਤ ਨੂੰ 4700 ਕਰੋੜ ਰੁਪਏ ਦੀ ਸਾਲਾਨਾ ‘ਆਮਦਨ’; ਅੰਗਰੇਜ਼ਾਂ ਦੇ ਬਸਤੀਵਾਦੀ ਰਾਜ ਨੂੰ ਮਾਤ ਪਾਉਂਦਾ ਜਾਇਦਾਦ ਨੁਕਸਾਨ ਰੋਕੂ ਕਾਨੂੰਨ; ਸੜਕਾਂ ਉਪਰ ਰਾਹੀਆਂ ਨੂੰ ਕੁਚਲ ਰਹੀ ਬਾਦਲਕਿਆਂ ਦੀ ਟਰਾਂਸਪੋਰਟ, ਸਭਿਆਚਾਰ ਦੇ ਨਾਂ ਹੇਠ ਅਸ਼ਲੀਲਤਾ ਦਾ ਹੜ੍ਹ; ਬਿਜਲੀ ਦੇ ਅਮੁੱਕ ਕੱਟ; ਪਿੰਕੀ ਕੈਟ ਵਰਗੇ ਬੁੱਚੜਾਂ ਨੂੰ ਦਰਿਆਦਿਲੀ ਨਾਲ ਸਜ਼ਾ ਮਾਫ਼ੀ ਵਗੈਰਾ ਵਗੈਰਾæææ। ਇਕੱਲੀ-ਇਕੱਲੀ ‘ਪ੍ਰਾਪਤੀ’ ਕਾਬਲੇ-ਫ਼ਖ਼ਰ ਹੈ!
ਸੂਬੇ ਦੇ ਹਾਲਾਤ ਨੂੰ ਬੁੱਝਣ-ਸਮਝਣ ਲਈ ਕਿਸੇ ਗੂੜ੍ਹ-ਗਿਆਨ ਜਾਂ ਖ਼ਾਸ ਤਰੱਦਦ ਦੀ ਲੋੜ ਨਹੀਂ ਹੈ। ਕਿਸੇ ਪਿੰਡ, ਸ਼ਹਿਰ, ਗਲੀ-ਮੁਹੱਲੇ, ਸੜਕ-ਹਸਪਤਾਲ ਜਾਂ ਸਕੂਲ ਉਪਰ ਸਰਸਰੀ ਝਾਤ ਹੀ ਸਭ ਕੁਝ ਸਮਝਾ ਦਿੰਦੀ ਹੈ। ਹਿੰਦੁਸਤਾਨੀ ਸਟੇਟ ਦੀ ਮੂਲ ਫ਼ਿਤਰਤ ਭਾਵੇਂ ਪਹਿਲਾਂ ਵੀ ਇਸ ਤੋਂ ਵੱਖਰੀ ਨਹੀਂ ਸੀ; ਫਿਰ ਵੀ ਇਕ ਵਕਤ ਇਹ ਹੁਕਮਰਾਨ ਅਵਾਮੀ ਸੰਘਰਸ਼ਾਂ ਦੀ ਇੰਨੀ ਕੁ ਝੇਪ ਜ਼ਰੂਰ ਮੰਨਦੇ ਸਨ ਕਿ ਰੋਸ ਵਿਖਾਵੇ ਕਰ ਰਹੇ ਲੋਕਾਂ ਨੂੰ ਗੱਲਬਾਤ ਲਈ ਵਕਤ ਦਿੰਦੇ ਸਨ ਤੇ ਚਾਹੇ ਉਨ੍ਹਾਂ ਨੂੰ ਮਜਬੂਰੀ ਨੂੰ ਹੀ ਅਜਿਹਾ ਕਰਨਾ ਪੈਂਦਾ ਸੀ ਪਰ ਉਹ ਕੀਤੇ ਵਾਅਦਿਆਂ ਦਾ ਕੁਝ ਨਾ ਕੁਝ ਹਿੱਸਾ ਅਮਲ ‘ਚ ਲਿਆਉਂਦੇ ਸਨ; ਪਰ ਬਾਦਲਕਿਆਂ ਦੇ ਰਾਜ ਵਿਚ ਹਾਲਾਤ ਇਸ ਕਦਰ ‘ਫ਼ਖ਼ਰਯੋਗ’ ਹਨ ਕਿ ਇਨ੍ਹਾਂ ਨੇ ਸਹੁੰ ਖਾਧੀ ਹੋਈ ਹੈ ਕਿ ਤ੍ਰਾਹ-ਤਾ੍ਰਹ ਕਰ ਰਿਹਾ ਅਵਾਮ ਜਿੰਨੇ ਮਰਜ਼ੀ ਧਰਨੇ-ਮੁਜ਼ਾਹਰੇ ਕਰੀ ਜਾਵੇ, ਇਨ੍ਹਾਂ ਪ੍ਰਤੀ ਅੱਖਾਂ ਤੇ ਕੰਨ ਬੰਦ ਹੀ ਰੱਖਣੇ ਹਨ। ਆਵਾਜ਼ ਸੁਣ ਕੇ ਵੀ ਅਣਸੁਣੀ ਕਰ ਛੱਡਣੀ ਹੈ; ਜਿਵੇਂ ਕੁਝ ਹੋਇਆ ਹੀ ਨਹੀ। ਹਾਲ ਹੀ ਵਿਚ ਪਾਸ ਕੀਤੇ ਜਾਬਰ ਕਾਨੂੰਨ ਦੇ ਖ਼ਿਲਾਫ਼ ਰੋਸ ਮੁਜ਼ਾਹਰੇ ਇਸ ਦੀ ਸੱਜਰੀ ਮਿਸਾਲ ਹਨ। ਸ਼ਾਇਦ ਹੀ ਕਿਸੇ ਹਕੂਮਤ ਜਾਂ ਮੁੱਖ ਮੰਤਰੀ ਦੇ ਪੁਤਲੇ ਐਨੇ ਵੱਡੇ ਪੈਮਾਨੇ ਉਤੇ, ਤੇ ਐਨੀ ਵੱਡੀ ਤਾਦਾਦ ‘ਚ ਸਾੜੇ ਗਏ ਹੋਣ ਜਿੰਨਾ ਪਿੱਟ-ਸਿਆਪਾ ਫ਼ਖ਼ਰ-ਏ-ਕੌਮ ਤੇ ਇਸ ਦੀ ਵਜ਼ਾਰਤ ਦਾ ਹੋਇਆ, ਪਰ ਪਿਉ-ਪੁੱਤ ਨੂੰ ਲੋਕ-ਰਾਇ ਦੀ ਪ੍ਰਵਾਹ ਹੀ ਨਹੀਂ।
ਆਪਣੀਆਂ ਮੰਗਾਂ ਦੀ ਸੁਣਵਾਈ ਲਈ ਮੁੱਖ ਮੰਤਰੀ ਤੋਂ ਗੱਲਬਾਤ ਲਈ ਵਕਤ ਲੈਣ ਖ਼ਾਤਰ ਹਾਲਾਤ ਤੋਂ ਮਾਯੂਸ ਬੇਰੋਜ਼ਗਾਰ ਨੌਜਵਾਨ ਮੁੰਡੇ-ਕੁੜੀਆਂ ਆਪਣੀਆਂ ਜਾਨਾਂ ਜੋਖ਼ਮ ‘ਚ ਪਾ ਰਹੇ ਹਨ ਤੇ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਫੜ ਕੇ ਪਾਣੀ ਵਾਲੀਆਂ ਟੈਂਕੀਆਂ ‘ਤੇ ਚੜ੍ਹ ਕੇ ਖ਼ੁਦਕੁਸ਼ੀਆਂ ਕਰ ਲੈਣ ਦੀ ‘ਇੰਤਹਾ’ ਤਕ ਜਾਂਦੇ ਹਨ। ਫਿਰ ਕਿਤੇ ਨੌਕਰਸ਼ਾਹੀ ਉਨ੍ਹਾਂ ਦੀ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨਾਲ ਗੱਲਬਾਤ ਕਰਵਾਉਂਦੀ ਹੈ, ਉਂਝ ਲਾਗੇ ਵੀ ਨਹੀਂ ਲੱਗਣ ਦਿੰਦੀ। ਇਹ ਵੀ ਮਹਿਜ਼ ਉਨ੍ਹਾਂ ਦੀਆਂ ਮੰਗਾਂ ਸੁਣਨ ਦੀ ਰਸਮੀ ਕਵਾਇਦ ਹੀ ਹੁੰਦੀ ਹੈ। ਇਸ ਦਾ ਸਿੱਟਾ ਇਕ ਹੋਰ ਨਵੇਂ ਲਾਰੇ ਜਾਂ ‘ਇਹ ਮੰਗ ਨਹੀਂ ਮੰਨੀ ਜਾ ਸਕਦੀ’ ਦੀ ਸ਼ਕਲ ਵਿਚ ਦੋ-ਟੁੱਕ ਨਾਂਹ ਵਿਚ ਹੀ ਨਿੱਕਲਦਾ ਹੈ।
ਸਮਾਜੀ ਇਨਸਾਫ਼ ਅਤੇ ਜਮਹੂਰੀਅਤ ਦੇ ਤਕਾਜ਼ੇ ਅਨੁਸਾਰ ਹੁਕਮਰਾਨ ਕਿੰਨੀਆਂ ਵੀ ਪਾਬੰਦੀਆਂ ਆਇਦ ਕਰ ਲੈਣ, ਇਨਸਾਨ ਦੀ ਬਿਹਤਰ ਜ਼ਿੰਦਗੀ ਦੀ ਜੱਦੋਜਹਿਦ ਜਾਰੀ ਰਹੇਗੀ। ਇਸੇ ਦੀ ਇਕ ਸ਼ਕਲ ਜੁੱਤੀ ਸੁੱਟਣਾ ਹੈ। ਇਹ ਵੀ ਹੈਰਤਅੰਗੇਜ਼ ਨਹੀਂ ਹੋਵੇਗਾ, ਜੇ ਕੱਲ੍ਹ ਨੂੰ ਬਾਦਲਕਿਆਂ ਦੇ ਸਮਾਗਮਾਂ ਵਿਚ ਜੁੱਤੀਆਂ ਪਾ ਕੇ ਜਾਣ ‘ਤੇ ਹੀ ਪਾਬੰਦੀ ਆਇਦ ਕਰ ਦਿੱਤੀ ਜਾਂਦੀ ਹੈ ਅਤੇ ਸਮਾਗਮਾਂ ਵਿਚ ਨੰਗੇ ਪੈਰੀਂ ਜਾਣ ਦਾ ਫ਼ਰਮਾਨ ਜਾਰੀ ਹੋ ਜਾਂਦਾ ਹੈ। ਫਿਰ ਅਵਾਮ ਦਾ ਵਿਰੋਧ ਹੋਰ ਕੋਈ ਸ਼ਕਲ ਈਜ਼ਾਦ ਕਰ ਲਵੇਗਾ। ਉਦੋਂ ਸ਼ਾਇਦ ਜੁੱਤੀ ਦੀ ਥਾਂ ਕਾਲੀਆਂ ਕਰਤੂਤਾਂ ਦੇ ਮਾਲਕਾਂ ਦੇ ਮੂੰਹਾਂ ਉਪਰ ਥੁੱਕਣਾ ਸੰਘਰਸ਼ ਦਾ ਰੂਪ ਅਖ਼ਤਿਆਰ ਕਰ ਲਵੇ ਕਿਉਂਕਿ ਇਨਸਾਨ ਦੇ ਥੁੱਕਣ ਉਪਰ ਪਾਬੰਦੀ ਆਇਦ ਕਰਨਾ ਸੰਭਵ ਨਹੀਂ!
Leave a Reply