-ਜਤਿੰਦਰ ਪਨੂੰ
ਚੁਣ-ਚੁਣ ਕੇ ਨਿਸ਼ਾਨੇ ਫੁੰਡਣ ਦੀ ਸ਼ੌਕੀਨ ਭਾਰਤੀ ਰਾਜਨੀਤੀ ਦਾ ਅਗਲਾ ਸ਼ਿਕਾਰ ਡਾਕਟਰੀ ਦੇ ਸਭ ਤੋਂ ਵੱਡੇ ਅਦਾਰੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਦਾ ਇਮਾਨਦਾਰ ਵਿਜੀਲੈਂਸ ਅਧਿਕਾਰੀ ਸੰਜੀਵ ਚਤੁਰਵੇਦੀ ਬਣ ਗਿਆ ਹੈ। ਉਸ ਦੇ ਖਿਲਾਫ ਕਾਰਵਾਈ ਭਾਰਤ ਸਰਕਾਰ ਦੇ ਸਿਹਤ ਮੰਤਰੀ ਡਾæ ਹਰਸ਼ ਵਰਧਨ ਨੂੰ ਅੱਗੇ ਲਾ ਕੇ ਕਰਵਾਈ ਗਈ ਹੈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਡਾæ ਹਰਸ਼ ਵਰਧਨ ਖੁਦ ਵੀ ਬੜਾ ਇਮਾਨਦਾਰ ਵਿਅਕਤੀ ਗਿਣਿਆ ਜਾਂਦਾ ਹੈ। ਸੰਜੀਵ ਚਤੁਰਵੇਦੀ ਨੂੰ ਅਹੁਦੇ ਤੋਂ ਪਾਸੇ ਕਰਨ ਲਈ ਜਿਹੜੇ ਕਾਰਨ ਉਹ ਦੱਸ ਰਿਹਾ ਹੈ, ਉਹ ਪ੍ਰਸ਼ਾਸਕੀ ਨਿਯੁਕਤੀ ਦੇ ਨਿਯਮਾਂ ਨਾਲ ਸਬੰਧਤ ਹਨ, ਇਸ ਅਫਸਰ ਦੇ ਵਿਰੁਧ ਭ੍ਰਿਸ਼ਟਾਚਾਰ ਜਾਂ ਕਿਸੇ ਬੇ-ਨਿਯਮੀ ਦਾ ਦੋਸ਼ ਉਸ ਨੇ ਨਹੀਂ ਲਾਇਆ। ਦੂਸਰੇ ਪਾਸੇ ਸੰਜੀਵ ਚਤੁਰਵੇਦੀ ਨੇ ਸਪੱਸ਼ਟੀਕਰਨ ਦੇਣ ਲੱਗੇ ਨੇ ਭ੍ਰਿਸ਼ਟ ਅਮਲਾਂ ਦਾ ਵੀ ਹਵਾਲਾ ਦਿੱਤਾ ਹੈ ਤੇ ਇਨ੍ਹਾਂ ਭ੍ਰਿਸ਼ਟ ਅਮਲਾਂ ਨੂੰ ਸ਼ਹਿ ਦੇਣ ਵਾਲਿਆਂ ਦਾ ਜ਼ਿਕਰ ਵੀ ਕਰ ਕੇ ਆਪਣੇ ਖਿਲਾਫ ਕਾਰਵਾਈ ਨੂੰ ਉਸ ਨਾਲ ਜੋੜ ਦਿੱਤਾ ਹੈ। ਸਿਹਤ ਮੰਤਰੀ ਨੇ ਇਸ ਕਾਰਵਾਈ ਨੂੰ ਕਿਸੇ ਵੱਲੋਂ ਕਰਵਾਈ ਗਈ ਨਹੀਂ ਮੰਨਿਆ, ਪਰ ਸੰਜੀਵ ਚਤੁਰਵੇਦੀ ਦੇ ਪੇਸ਼ ਕੀਤੇ ਤੱਥ ਉਹ ਰੱਦ ਨਹੀਂ ਕਰ ਸਕਿਆ।
ਦੋਸ਼ ਇਹ ਲਾਇਆ ਗਿਆ ਹੈ ਕਿ ਸੰਜੀਵ ਚਤੁਰਵੇਦੀ ਨੂੰ ਇਸ ਅਹੁਦੇ ਲਈ ਨਿਯੁਕਤ ਕਰਨ ਲਈ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਵੱਲੋਂ ਮਨਜ਼ੂਰੀ ਨਹੀਂ ਸੀ ਦਿੱਤੀ ਗਈ। ਅੱਗੋਂ ਇਹ ਦੱਸਿਆ ਗਿਆ ਹੈ ਕਿ ਨਿਯਮ ਦੇ ਮੁਤਾਬਕ ਇਹ ਮਨਜ਼ੂਰੀ ਲੈਣੀ ਜ਼ਰੂਰੀ ਨਹੀਂ, ਨਿਯੁਕਤੀ ਹੋਣ ਦੇ ਬਾਅਦ ਇਸ ਦੀ ਸੂਚਨਾ ਦੇਣੀ ਹੁੰਦੀ ਹੈ ਤੇ ਇਹ ਦੇ ਦਿੱਤੀ ਗਈ ਸੀ। ਇਸ ਸੂਚਨਾ ਤੋਂ ਬਾਅਦ ਦੇ ਦੋ ਸਾਲਾਂ ਦੌਰਾਨ ਸੀ ਵੀ ਸੀ ਵੱਲੋਂ ਜਿੰਨੀਆਂ ਚਿੱਠੀਆਂ ਸੰਜੀਵ ਨੂੰ ਆਈਆਂ, ਉਨ੍ਹਾਂ ਸਾਰੀਆਂ ਵਿਚ ਉਸ ਨੂੰ ਉਸ ਦੇ ਅਹੁਦੇ ਨਾਲ ਸੰਬੋਧਨ ਕੀਤਾ ਗਿਆ ਸੀ। ਜੇ ਉਸ ਦੀ ਨਿਯੁਕਤੀ ਨੂੰ ਸੀ ਵੀ ਸੀ ਵੱਲੋਂ ਹਾਲੇ ਠੀਕ ਨਹੀਂ ਸੀ ਮੰਨਿਆ ਗਿਆ ਤਾਂ ਉਸ ਨੂੰ ਅਹੁਦੇ ਨਾਲ ਸੰਬੋਧਤ ਕਰਦੇ ਸਮੇਂ ਵੀ ਵਿਚਾਰ ਅਧੀਨ ਦਰਜ ਕਰਨਾ ਚਾਹੀਦਾ ਸੀ। ਅਜਿਹਾ ਕੁਝ ਨਹੀਂ ਕੀਤਾ ਗਿਆ। ਸੰਜੀਵ ਚਤੁਰਵੇਦੀ ਦੇ ਹੁਣ ਤੱਕ ਦੀ ਨੌਕਰੀ ਦੇ ਰਿਕਾਰਡ ਵਿਚ ਇੱਕ ਵੀ ਥਾਂ ਕੋਈ ਗਲਤ ਟਿੱਪਣੀ ਕਿਸੇ ਉੱਚ ਅਧਿਕਾਰੀ ਨੇ ਦਰਜ ਨਹੀਂ ਕੀਤੀ, ਉਹ ਹਮੇਸ਼ਾ ਵਧੀਆ ਅਫਸਰ ਗਿਣਿਆ ਜਾਂਦਾ ਰਿਹਾ ਹੈ। ਜਦੋਂ ਉਸ ਨੂੰ ਏਮਜ਼ ਹਸਪਤਾਲ ਦਾ ਮੁੱਖ ਵਿਜੀਲੈਂਸ ਅਫਸਰ ਲਾਇਆ ਗਿਆ, ਏਥੇ ਵੀ ਅੰਤਾਂ ਦਾ ਭ੍ਰਿਸ਼ਟਾਚਾਰ ਨਿਕਲਿਆ ਸੀ ਤੇ ਇਹ ਓਸੇ ਨੇ ਕੱਢਿਆ ਸੀ, ਜਿਸ ਕਰ ਕੇ ਉਸ ਵਿਰੁਧ ਪਿਛਲੀ ਕਾਂਗਰਸੀ ਅਗਵਾਈ ਵਾਲੀ ਸਰਕਾਰ ਦੇ ਵਕਤ ਵੀ ਸਾਜ਼ਿਸ਼ਾਂ ਹੋਈਆਂ ਸਨ ਤੇ ਹੁਣ ਨਵੀਂ ਸਰਕਾਰ ਆਈ ਤੋਂ ਵੀ ਪਹਿਲਾ ਝਟਕਾ ਓਸੇ ਦਾ ਕੀਤਾ ਗਿਆ ਹੈ। ਕਮਾਲ ਦੀ ਗੱਲ ਇਹ ਹੈ ਕਿ ਜਿਵੇਂ ਰਿਲਾਇੰਸ ਕੰਪਨੀ ਵਾਲੇ ਅੰਬਾਨੀ ਦੇ ਵਿਰੁਧ ਹੁੰਦੀ ਕਾਰਵਾਈ ਨੂੰ ਰੋਕਣ ਲਈ ਕਾਂਗਰਸੀ ਤੇ ਭਾਜਪਾਈ ਆਗੂ ਇਕੱਠੇ ਹੋ ਜਾਂਦੇ ਹਨ, ਸੰਜੀਵ ਦੇ ਖਿਲਾਫ ਕਾਰਵਾਈ ਕਰਨ ਪਿੱਛੇ ਵੀ ਭਾਜਪਾ ਆਗੂਆਂ ਦੇ ਨਾਲ ਕੁਝ ਕਾਂਗਰਸੀਆਂ ਦਾ ਹੱਥ ਸੁਣਿਆ ਜਾ ਰਿਹਾ ਹੈ।
ਇੱਕੋ ਬੰਦੇ ਸੰਜੀਵ ਚਤੁਰਵੇਦੀ ਨੇ ਭਾਜਪਾਈ ਅਤੇ ਕਾਂਗਰਸੀ ਦੋਵੇਂ ਕਿਸਮਾਂ ਦੇ ਆਗੂਆਂ ਦੀ ਨਾਰਾਜ਼ਗੀ ਜਿਵੇਂ ਸਹੇੜ ਲਈ, ਉਸ ਦੀ ਕਹਾਣੀ ਵੀ ਦਿਲਚਸਪ ਹੈ। ਕੀ ਭਾਰਤ ਦਾ ਕੋਈ ਨਾਗਰਿਕ ਸੋਚ ਸਕਦਾ ਹੈ ਕਿ ਕੇਂਦਰ ਦੀ ਸਰਕਾਰ ਦੇ ਨੱਕ ਹੇਠ ਦਿੱਲੀ ਵਿਚ ਚੱਲਦੇ ਸਭ ਤੋਂ ਵੱਡੇ ਹਸਪਤਾਲ ਵਿਚ ਨਕਲੀ ਦਵਾਈਆਂ ਵੇਚਣ ਦਾ ਧੰਦਾ ਹੁੰਦਾ ਹੋਵੇਗਾ? ਸਾਨੂੰ ਵੀ ਇਹ ਸੁਣ ਕੇ ਵੱਡੀ ਹੈਰਾਨੀ ਹੋਈ ਸੀ ਕਿ ਇਹ ਗੰਦਾ ਧੰਦਾ ਓਥੇ ਵੀ ਚੱਲਦਾ ਰਿਹਾ ਹੈ। ਜਦੋਂ ਇਸ ਇਮਾਨਦਾਰ ਅਫਸਰ ਨੇ ਜਾ ਕੇ ਜ਼ਿਮੇਵਾਰੀ ਸੰਭਾਲੀ, ਥੋੜ੍ਹੇ ਦਿਨਾਂ ਬਾਅਦ ਹੀ ਉਸ ਨੂੰ ਇਸ ਦੀ ਸੂਹ ਲੱਗ ਗਈ ਅਤੇ ਉਸ ਨੇ ਉਪਰਲਿਆਂ ਨੂੰ ਇਸ ਬਾਰੇ ਦੱਸਿਆ, ਪਰ ਮਨਮੋਹਨ ਸਿੰਘ ਦੇ ਰਾਜ ਵਿਚ ਖਾਂਦਿਆਂ ਨੂੰ ਖਾਣ ਤੋਂ ਰੋਕਣ ਦੀ ਰੀਤ ਹੀ ਨਹੀਂ ਸੀ। ਆਖਰ ਸੰਜੀਵ ਚਤੁਰਵੇਦੀ ਨੇ ਪੁਲਿਸ ਨੂੰ ਨਾਲ ਲੈ ਕੇ ਛਾਪਾ ਮਰਵਾਇਆ ਅਤੇ ਨਕਲੀ ਦਵਾਈਆਂ ਦਾ ਭੰਡਾਰ ਫੜੇ ਜਾਣ ਦੇ ਨਾਲ ਵੇਚਣ ਦੀ ਕਹਾਣੀ ਵੀ ਨਿਕਲ ਆਈ। ਜਿਹੜਾ ਬੰਦਾ ਇਸ ਸਾਰੇ ਧੰਦੇ ਦਾ ਕਰਤਾ-ਧਰਤਾ ਨਿਕਲਿਆ, ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਾਂਗਰਸ ਪਾਰਟੀ ਦਾ ਦਿੱਲੀ ਦਾ ਵਿਧਾਇਕ ਸੀ, ਇਸ ਲਈ ਸੰਜੀਵ ਚਤੁਰਵੇਦੀ ਨੂੰ ਖਾਣ-ਪੀਣ ਵਾਲਿਆਂ ਨੇ ਕਬਾਬ ਵਿਚ ਹੱਡੀ ਸਮਝ ਲਿਆ ਸੀ।
ਫਿਰ ਰਾਜ ਬਦਲ ਗਿਆ, ਪਰ ਰਾਜ ਵਾਲੀ ਰੀਤ ਨਹੀਂ ਬਦਲ ਸਕੀ। ਨਵੀਂ ਸਰਕਾਰ ਦਾ ਪ੍ਰਧਾਨ ਮੰਤਰੀ ਇਹ ਕਹਿ ਕੇ ਸਭ ਨੂੰ ਖੁਸ਼ ਕਰ ਸਕਦਾ ਹੈ ਕਿ ‘ਨਾ ਮੈਂ ਕੁਝ ਖਾਵਾਂਗਾ ਤੇ ਨਾ ਕਿਸੇ ਨੂੰ ਖਾਣ ਦੇਵਾਂਗਾ’, ਪਰ ਜਿਹੜੇ ਖਾਣ-ਪੀਣ ਦੇ ਸ਼ੌਕੀਨ ਹਨ, ਉਨ੍ਹਾਂ ਨੇ ਢਾਈ ਮਹੀਨੇ ਵੀ ਸੁੱਕੇ ਨਹੀਂ ਲੰਘਣ ਦਿੱਤੇ ਤੇ ਇੱਕ ਇਮਾਨਦਾਰ ਅਫਸਰ ਦਾ ਝਟਕਾ ਕਰਵਾ ਦਿੱਤਾ ਹੈ। ਇਹ ਖਾਣ-ਪੀਣ ਵਾਲੇ ਲੋਕ ਇਸ ਗੱਲੋਂ ਤੰਗ ਸਨ ਕਿ ਸੰਜੀਵ ਚਤੁਰਵੇਦੀ ਨੇ ਏਮਜ਼ ਹਸਪਤਾਲ ਦੇ ਵਿਚ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੁੰਦਾ ਫੜ ਲਿਆ ਸੀ ਤੇ ਇੱਕ ਗੱਲ ਇਹੋ ਜਿਹੀ ਫੜ ਲਈ, ਜਿਸ ਬਾਰੇ ਸੁਣਨ ਵਾਲੇ ਦੇ ਸਿਰ ਨੂੰ ਚੱਕਰ ਆ ਸਕਦਾ ਹੈ। ਏਮਜ਼ ਨੂੰ ਭਾਰਤ ਦੇਸ਼ ਦਾ ਮਨੁੱਖੀ ਇਲਾਜ ਦਾ ਸਭ ਨਾਲੋਂ ਵੱਧ ਮਾਣ ਵਾਲਾ ਹਸਪਤਾਲ ਮੰਨਿਆ ਜਾਂਦਾ ਹੈ, ਪਰ ਏਥੇ ਮਨੁੱਖ ਕਈ ਵਾਰੀ ਗਲਿਆਰਿਆਂ ਵਿਚ ਰੁਲਦੇ ਵੇਖੇ ਜਾਂਦੇ ਹਨ ਅਤੇ ਵੱਡੇ ਅਫਸਰਾਂ ਤੇ ਆਗੂਆਂ ਦੇ ਕੁੱਤਿਆਂ ਦਾ ਇਲਾਜ ਇਸ ਹਸਪਤਾਲ ਵਿਚ ਕੀਤਾ ਜਾਣਾ ਆਮ ਗੱਲ ਬਣਦੀ ਜਾ ਰਹੀ ਸੀ। ਇਨਸਾਨਾਂ ਦੇ ਹਸਪਤਾਲ ਵਿਚ ਕੁੱਤਿਆਂ ਦਾ ਇਲਾਜ ਕਰਨ ਦੀ ਇਹ ਕੁਰੀਤੀ ਰੋਕਣਾ ਇਮਾਨਦਾਰ ਅਫਸਰ ਸੰਜੀਵ ਚਤੁਰਵੇਦੀ ਨੂੰ ਇਸ ਲਈ ਮਹਿੰਗਾ ਪੈ ਗਿਆ ਹੈ ਕਿ ਉਹ ਕੁੱਤੇ ਸਾਧਾਰਨ ਨਹੀਂ, ਵੱਡੇ ਅਫਸਰਾਂ ਜਾਂ ਉਨ੍ਹਾਂ ਵਰਗੇ ਵੱਡੇ ਸਿਆਸੀ ਆਗੂਆਂ ਦੇ ਸਨ ਤੇ ਉਨ੍ਹਾਂ ਸਿਆਸੀ ਆਗੂਆਂ ਵਿਚੋਂ ਇੱਕ ਜਣਾ ਹੁਣ ਇਸ ਦੇਸ਼ ਦਾ ਰਾਜ ਚਲਾ ਰਹੀ ਧਿਰ ਦੀ ਹਾਈ ਕਮਾਂਡ ਵਿਚ ਸ਼ਾਮਲ ਹੈ। ਉਸ ਆਗੂ ਦਾ ਆਖਿਆ ਸਿਹਤ ਮੰਤਰੀ ਹਰਸ਼ ਵਰਧਨ ਮੋੜ ਨਹੀਂ ਸਕਿਆ।
ਹਾਲੇ ਇੱਕ ਸਾਲ ਮਸਾਂ ਹੋਇਆ ਹੈ, ਜਦੋਂ ਪਿਛਲੇ ਸਾਲ ਅਗਸਤ ਵਿਚ ਅਸੀਂ ਉਤਰ ਪ੍ਰਦੇਸ਼ ਦੀ ਇਮਾਨਦਾਰ ਅਫਸਰ ਕੁੜੀ ਦੁਰਗਾ ਸ਼ਕਤੀ ਨਾਗਪਾਲ ਦੀ ਕੁਰਸੀ ਪਲਟਾਏ ਜਾਣ ਦੀ ਚਰਚਾ ਚੱਲਦੀ ਸੁਣੀ ਸੀ ਤੇ ਇਹ ਕਾਰਵਾਈ ਉਥੋਂ ਦੀ ਹਾਕਮ ਪਾਰਟੀ ਦੇ ਇੱਕ ਭ੍ਰਿਸ਼ਟ ਆਗੂ ਨੇ ਕਰਵਾਈ ਸੀ। ਦੁਰਗਾ ਸ਼ਕਤੀ ਨੂੰ ਆਪਣੇ ਇਮਾਨ ਦੀ ਸ਼ਕਤੀ ਉਤੇ ਏਨਾ ਭਰੋਸਾ ਸੀ ਕਿ ਉਹ ਸਮੁੰਦਰ ਵਿਚ ਰਹਿ ਕੇ ਮਗਰਮੱਛ, ਸਮਾਜ ਦੇ ਲੋਕਾਂ ਨੂੰ ਮੱਛੀਆਂ-ਪੂੰਗ ਮੰਨਣ ਅਤੇ ਹੜੱਪ ਕਰ ਜਾਣ ਵਾਲੇ ਮਗਰਮੱਛ, ਨਾਲ ਵਿਰੋਧ ਸਹੇੜ ਬੈਠੀ ਸੀ। ਸਿਆਸੀ ਮਗਰਮੱਛ ਨੇ ਜਲਸਾ ਲਾ ਕੇ ਆਖਿਆ ਸੀ ਕਿ ਕੱਲ੍ਹ ਤੱਕ ਇਹ ਬੀਬੀ ਇਸ ਖੇਤਰ ਦੀ ਅਫਸਰ ਨਹੀਂ ਰਹੇਗੀ, ਪਰ ਕੱਲ੍ਹ ਆਇਆ ਹੀ ਨਹੀਂ ਸੀ, ਕੁੱਲ ਮਿਲਾ ਕੇ ਬਤਾਲੀ ਮਿੰਟ ਬਾਅਦ ਬੀਬੀ ਦੀ ਬਦਲੀ ਕਰ ਦਿੱਤੀ ਗਈ ਤੇ ਓਸੇ ਲੀਡਰ ਨੇ ਫਿਰ ਜਨਤਕ ਜਲਸੇ ਵਿਚ ਕਿਹਾ ਸੀ ਕਿ ਮੈਂ ਬਦਲੀ ਕਰਵਾ ਦਿੱਤੀ ਹੈ। ਇਸ ਸਾਲ ਮਈ ਵਿਚ ਜਦੋਂ ਕੇਂਦਰ ਦੀ ਸਰਕਾਰ ਬਦਲੀ, ਏਮਜ਼ ਹਸਪਤਾਲ ਦੇ ਗਲਿਆਰਿਆਂ ਵਿਚ ਸੁਣਿਆ ਜਾਣ ਲੱਗਾ ਸੀ ਕਿ ਬਾਕੀ ਗੱਲਾਂ ਭੁੱਲ ਜਾਓ, ਸੰਜੀਵ ਚਤੁਰਵੇਦੀ ਦੇ ਖਿਲਾਫ ਕਾਰਵਾਈ ਹੁਣ ਛੇਤੀ ਹੋ ਜਾਣੀ ਹੈ, ਤੇ ਇਹ ਗੱਲਾਂ ਕੁੱਤਿਆਂ ਦਾ ਇਲਾਜ ਕਰਨ ਅਤੇ ਕਰਵਾਉਣ ਵਾਲੇ ਕਹਿੰਦੇ ਸਨ।
ਜਦੋਂ ਦੁਰਗਾ ਸ਼ਕਤੀ ਨਾਗਪਾਲ ਦਾ ਕਿੱਸਾ ਸਾਹਮਣੇ ਆਇਆ ਸੀ, ਉਦੋਂ ਅਸੀਂ ਭਾਰਤ ਦੇ ਵੱਖੋ-ਵੱਖਰੇ ਰਾਜਾਂ ਦੇ ਕਈ ਅਫਸਰਾਂ ਦੇ ਨਾਂ ਗਿਣਾਏ ਸਨ, ਜਿਨ੍ਹਾਂ ਨੂੰ ਇਮਾਨਦਾਰ ਹੋਣ ਦੀ ਸਜ਼ਾ ਭੁਗਤੀ ਸੀ। ਹਰਿਆਣੇ ਦੇ ਅਸ਼ੋਕ ਖੇਮਕਾ ਤੋਂ ਪੰਜਾਬ ਦੇ ਕ੍ਰਿਸ਼ਨ ਕੁਮਾਰ ਅਤੇ ਕਾਹਨ ਸਿੰਘ ਪੰਨੂ ਤੋਂ ਹੁੰਦੇ ਇਹ ਅਫਸਰ ਮਹਾਰਾਸ਼ਟਰ ਦੇ ਜੀ ਆਰ ਖੈਰਨਾਰ ਅਤੇ ਅਰੁਣ ਭਾਟੀਆ, ਬਿਹਾਰ ਦੇ ਮਨੋਜ ਨਾਥ, ਤਾਮਿਲਨਾਡੂ ਦੇ ਉਮਾ ਸ਼ੰਕਰ, ਆਂਧਰਾ ਪ੍ਰਦੇਸ਼ ਦੇ ਪੂਨਮ ਮਾਲਾਕੋਂਡਈਆ ਤੱਕ ਜਾਂਦੇ ਸਨ। ਇਨ੍ਹਾਂ ਸਾਰਿਆਂ ਦੀ ਕਹਾਣੀ ਇੱਕੋ ਸੀ ਕਿ ਉਹ ਇੱਕ ਸਰਕਾਰ ਦੇ ਅਧੀਨ ਜਦੋਂ ਇਮਾਨਦਾਰੀ ਵਿਖਾਉਂਦੇ ਸਨ, ਵਿਰੋਧੀ ਧਿਰ ਤਾਰੀਫ ਕਰਦੀ ਸੀ, ਪਰ ਜਦੋਂ ਵਿਰੋਧੀ ਧਿਰ ਨੂੰ ਸਰਕਾਰ ਸਾਂਭਣ ਦਾ ਮੌਕਾ ਮਿਲਦਾ ਸੀ ਤਾਂ ਸਿਰ ਉਤੇ ਬਿਸਤਰਾ ਉਹ ਵੀ ਚੁੱਕਵਾ ਦੇਂਦੀ ਸੀ। ਦੂਸਰੇ ਪਾਸੇ ਹਾਕਮਾਂ ਦੇ ਵਫਾਦਾਰ ਮੌਜਾਂ ਮਾਣਦੇ ਹਨ, ਪਰ ਮੌਜਾਂ ਮਾਣਨ ਲਈ ਕਿਸ ਨੀਵਾਣ ਤੱਕ ਚਲੇ ਜਾਂਦੇ ਹਨ, ਇਹ ਵੀ ਦਿਲਚਸਪ ਕਹਾਣੀ ਹੈ।
ਪਿਛਲੇ ਸਾਲ ਉਤਰ ਪ੍ਰਦੇਸ਼ ਦੇ ਧੜੱਲੇਦਾਰ ਮੰਤਰੀ ਆਜ਼ਮ ਖਾਨ ਦੇ ਫਾਰਮ ਵਿਚੋਂ ਮੱਝਾਂ ਨਿਕਲ ਗਈਆਂ ਤੇ ਉਹ ਲੱਭਦੀਆਂ ਨਹੀਂ ਸਨ। ਛੇ ਜ਼ਿਲ੍ਹਿਆਂ ਦੀ ਪੁਲਿਸ ਮੱਝਾਂ ਲੱਭਣ ਲਾ ਦਿੱਤੀ ਗਈ। ਫਿਰ ਪਤਾ ਲੱਗਾ ਕਿ ਲੱਭ ਪਈਆਂ ਹਨ। ਕਿਸੇ ਨੇ ਇਹ ਕਹਾਣੀ ਕੱਢ ਲਿਆਂਦੀ ਕਿ ਮੱਝਾਂ ਲੱਭੀਆਂ ਨਹੀਂ, ਪੁਲਿਸ ਅਫਸਰਾਂ ਨੇ ਹੋਰ ਲਿਆ ਕੇ ਮੰਤਰੀ ਦੇ ਕਾਰਿੰਦਿਆਂ ਨੂੰ ਸਮਝਾ ਦਿੱਤਾ ਕਿ ਚੱਟੀ ਅਸੀਂ ਭਰ ਦਿੱਤੀ ਹੈ, ਮੰਤਰੀ ਨੂੰ ਤੁਸੀਂ ਕਹੋ ਕਿ ਮੱਝਾਂ ਹੁਣ ਲੱਭ ਪਈਆਂ ਹਨ। ਪੁਲਿਸ ਦੀ ਇੱਕ ਅਫਸਰ ਬੀਬੀ, ਜਿਸ ਦੇ ਮੋਢੇ ਤਾਰਿਆਂ ਨਾਲ ਭਰੇ ਪਏ ਸਨ, ਮੱਝਾਂ ਬਾਰੇ ਪ੍ਰੈੱਸ ਕਾਨਫਰੰਸ ਲਾ ਬੈਠੀ ਤਾਂ ਅੱਗੋਂ ਹੋਏ ਸਵਾਲਾਂ ਦੇ ਜਵਾਬ ਦੇਣ ਵੇਲੇ ਬੋਲਦੀ ਤੋਂ ਵੱਧ ਹਟਕੋਰੇ ਲੈਂਦੀ ਜਾਪਦੀ ਸੀ। ਮੰਤਰੀ ਨੂੰ ਇਹੋ ਸਵਾਲ ਕੀਤਾ ਗਿਆ ਤਾਂ ਕਹਿਣ ਲੱਗਾ ਕਿ ‘ਮੇਰੀਆਂ ਮੱਝਾਂ ਕੁਈਨ ਵਿਕਟੋਰੀਆ ਤੋਂ ਵੱਧ ਮਹੱਤਵ ਅਖਤਿਆਰ ਕਰ ਗਈਆਂ ਹਨ।’ ਉਦੋਂ ਉਨ੍ਹਾਂ ਮੱਝਾਂ ਨੇ ਏਨਾ ਮਹੱਤਵ ਅਖਤਿਆਰ ਕੀਤਾ ਹੋਵੇ ਜਾਂ ਨਾ, ਇਸ ਵਾਰ ਕਰ ਲਿਆ ਹੈ। ਬੀਤੇ ਹਫਤੇ ਇੱਕ ਦਿਨ ਪੰਜਾਬ ਤੋਂ ਉਸੇ ਮੰਤਰੀ ਲਈ ਮੁੱਰਾ ਨਸਲ ਦੀਆਂ ਮੱਝਾਂ ਖਰੀਦਣ ਲਈ ਉਤਰ ਪ੍ਰਦੇਸ਼ ਵਿਚੋਂ ਇੱਕ ਇਹੋ ਜਿਹਾ ਆਗੂ ਆਇਆ, ਜਿਸ ਨੂੰ ਬਿਨਾਂ ਮੰਤਰੀ ਬਣੇ ਤੋਂ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ। ਜਦੋਂ ਮੱਝਾਂ ਟਰੱਕ ਉਤੇ ਲੱਦ ਦਿੱਤੀਆਂ ਤਾਂ ਸਹਾਰਨਪੁਰ ਤੱਕ ਉਨ੍ਹਾਂ ਮੱਝਾਂ ਨਾਲ ਪੰਜਾਬ ਪੁਲਿਸ ਦੀ ਸੁਰੱਖਿਆ ਗੱਡੀ ਗਈ। ਸਹਾਰਨਪੁਰ ਵਿਚ ਮੱਝਾਂ ਉਥੋਂ ਵਾਲੀ ਪੁਲਿਸ ਨੇ ਸੰਭਾਲੀਆਂ ਤੇ ਇੱਕ ਗਜ਼ਟਿਡ ਅਫਸਰ ਨਾਲ ਸਾਰੀ ਰਾਤ ਕਈ ਪੁਲਿਸ ਵਾਲੇ ਨਾ ਸਿਰਫ ਪਹਿਰਾ ਦਿੰਦੇ ਰਹੇ, ਸਗੋਂ ਮੱਝਾਂ ਨੂੰ ਮੱਛਰ ਲੜਨ ਤੋਂ ਬਚਾਉਣ ਲਈ ਧੂਣੀ ਲਾਉਣ ਤੋਂ ਇਲਾਵਾ ਪੱਠਿਆਂ ਉਤੇ ਆਟਾ ਵੀ ਧੂੜਦੇ ਰਹੇ। ਮੱਝਾਂ ਕੁਈਨ ਵਿਕਟੋਰੀਆ ਤੋਂ ਵੱਧ ਮਹੱਤਵਪੂਰਨ ਤਾਂ ਬਣ ਹੀ ਗਈਆਂ!
ਇਸ ਤੋਂ ਜ਼ਰਾ ਹਟ ਕੇ ਆਮ ਆਦਮੀ ਦੀ ਕੀ ਹਾਲਤ ਹੈ, ਇਹ ਅਸੀਂ ਇਸ ਵੇਲੇ ਨਹੀਂ ਦੱਸਣੀ ਚਾਹੁੰਦੇ। ਉਂਜ ਦੱਸਣ ਦੀ ਲੋੜ ਵੀ ਨਹੀਂ ਰਹਿ ਜਾਂਦੀ। ਜਿਸ ਦੇਸ਼ ਵਿਚ ਮਨੁੱਖਾਂ ਦਾ ਇਲਾਜ ਕਰਨ ਵਾਲੇ ਸਭ ਤੋਂ ਵੱਡੇ ਹਸਪਤਾਲ ਦੇ ਡਾਕਟਰ ਉਥੇ ਆਏ ਇਨਸਾਨਾਂ ਕੋਲੋਂ ਨੱਕ ਮਰੋੜ ਕੇ ਲੰਘ ਜਾਣ ਤੇ ਵੱਡੇ ਲੋਕਾਂ ਦੇ ਕੁੱਤਿਆਂ ਦਾ ਇਲਾਜ ਕਰਨ ਲਈ ਹੱਸ ਕੇ ਤਿਆਰ ਹੋਣ, ਜਿਸ ਦੇਸ਼ ਵਿਚ ਮੱਝਾਂ ਨੂੰ ਕੁਈਨ ਵਿਕਟੋਰੀਆ ਤੋਂ ਵੱਧ ਮਹੱਤਵ ਮਿਲ ਜਾਵੇ, ਉਸ ਦੇਸ਼ ਵਿਚ ਆਮ ਆਦਮੀ ਦੀ ਔਕਾਤ ਕੀ ਹੈ ਕਿ ਉਹਦੇ ਲਈ ਲਿਖਣ ਦੀ ਲੋੜ ਸਮਝੀ ਜਾਵੇ? ਲੋਕ-ਰਾਜ ਕਹੇ ਜਾਂਦੇ ਭਾਰਤ ਦੇਸ਼ ਵਿਚ ਮੰਤਰੀ ਦੀ ਮੱਝ ਤੇ ਅਫਸਰ ਦੇ ਕੁੱਤੇ ਦੀ ਕਦਰ ਆਮ ਮਨੁੱਖ ਨਾਲੋਂ ਵਧਦੀ ਜਾਣ ਦਾ ਸਾਨੂੰ ਅਫਸੋਸ ਹੈ।
Leave a Reply