ਸਾਈਂ ਵੇ ਅਕਲਾਂ ਦਾ ਮੇਘ ਲੈ ਕੇ ਆਈਂ…

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
“ਹੈਲੋ ਮਿਸਟਰ ਸਿੰਘ! ਕੀ ਹਾਲ ਐ ਤੁਹਾਡਾ।” ਪਰੀਆਂ ਵਰਗੀ ਨਰਸ ਨੇ ਗੁਲਾਬ ਦੀਆਂ ਪੱਤੀਆਂ ਵਰਗੇ ਬੁੱਲ੍ਹਾਂ ਵਿਚੋਂ ਮਿਸਰੀ ਭਰੀ ਮਿਠਾਸ ਬਿਖੇਰੀ।
“ਠੀਕ ਹਾਂ।” ਆਪਣੀ ਬੀਤ ਚੁੱਕੀ ਜ਼ਿੰਦਗੀ ਦੀ ਕਿਤਾਬ ਪੜ੍ਹਨੋਂ ਹਟਦਾ ਮੈਂ ਬੋਲਿਆ ਸਾਂ।
“ਮਿਸਟਰ ਸਿੰਘ! ਅੱਜ ਤੁਹਾਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਣੀ ਹੈ।” ਨਰਸ ਨੇ ਕੌਫ਼ੀ ਦਾ ਕੱਪ ਬਣਾਉਂਦਿਆਂ ਕਿਹਾ।
“ਠੀਕ ਹੈ, ਪਰ ਮੈਂ ਜਾਣਾ ਨਹੀਂ ਚਾਹੁੰਦਾ। ਹੁਣ ਮੇਰਾ ਇਥੇ ਦਿਲ ਲੱਗ ਗਿਆ ਹੈ।” ਮੈਂ ਕੌਫ਼ੀ ਦਾ ਕੱਪ ਫੜਦਿਆਂ ਕਿਹਾ।
ਨਰਸ ਅਜੇ ਕੁਝ ਹੋਰ ਪੁੱਛਦੀ ਜਾਂ ਦੱਸਦੀ, ਫੋਨ ਦੀ ਘੰਟੀ ਵੱਜ ਗਈ। ਮੈਂ ਫੋਨ ਚੁੱਕਦਿਆਂ ਹੈਲੋ ਕਿਹਾ ਤਾਂ ਅੱਗਿਉਂ ਬੇਟੀ ‘ਗੁੱਡ ਮਾਰਨਿੰਗ’ ਆਖ ਰਹੀ ਸੀ ਤੇ ਲੰਮੀ ਉਮਰ ਲਈ ਦੁਆਵਾਂ ਮੰਗ ਰਹੀ ਸੀ। ਬੇਟੀ ਦਾ ਧੰਨਵਾਦ ਕਰ ਕੇ ਮੈਂ ਫੋਨ ਰੱਖ ਦਿੱਤਾ। ਨਰਸ ਦੋ-ਚਾਰ ਹੋਰ ਗੱਲਾਂ ਕਰ ਕੇ ਚਲੀ ਗਈ। ਮੈਂ ਟੀæਵੀæ ‘ਤੇ ਨਿਊਜ਼ ਸੁਣਨ ਲੱਗ ਪਿਆ। ਕਤਲ, ਡਕੈਤੀ, ਬਲਾਤਕਾਰ ਦੀਆਂ ਖ਼ਬਰਾਂ ਸੁਣਦਾ ਮੈਂ ਅੱਕ ਗਿਆ। ਫਿਰ ਆਪਣੇ ਅਤੀਤ ਦੀ ਕਿਤਾਬ ਉਥੋਂ ਪੜ੍ਹਨੀ ਸ਼ੁਰੂ ਕੀਤੀ ਜਿੱਥੋਂ ਮੈਂ ਪੜ੍ਹਦਾ ਹਟਿਆ ਸੀ।
ਮੈਂ ਅਤਿ ਦੀ ਗਰੀਬੀ ਵਿਚ ਪੈਦਾ ਹੋਇਆ ਤੇ ਜਵਾਨੀ ਵਿਚ ਗ਼ਰੀਬੀ ਨਾਲ ਸੰਘਰਸ਼ ਕਰਦਾ ਜਿੱਤ ਦੇ ਝੰਡੇ ਗੱਡ ਕੇ ਬਹੁਤ ਅਮੀਰ ਹੋ ਗਿਆ ਸੀ। ਮੇਰਾ ਨਾਂ ਮਸ਼ਹੂਰ ਹੋ ਗਿਆ। ਮੈਂ ਖਾਸ ਲੋਕਾਂ ਵਿਚ ਗਿਣਿਆ ਜਾਣ ਲੱਗਾ ਪਰ ਮੇਰੀ ਸਾਰੀ ਨਿਮਰਤਾ ਮੇਰੀ ਗਰੀਬੀ ਦੇ ਨਾਲ ਹੀ ਚਲੀ ਗਈ ਸੀ। ਧਨਾਢ ਬਣਨ ਨਾਲ ਹਉਮੈ ਤੇ ਹੰਕਾਰ ਮੇਰੇ ਮੋਢਿਆਂ ‘ਤੇ ਥਾਣੇਦਾਰ ਦੇ ਸਟਾਰਾਂ ਵਾਂਗ ਚਿੰਬੜ ਗਏ ਸਨ। ਮੈਂ ਅਮਰੀਕਾ ਕਦੇ ਨਹੀਂ ਸੀ ਆ ਸਕਦਾ। ਇਥੇ ਆਉਣਾ ਵੀ ਸਬੱਬ ਹੀ ਬਣਿਆ। ਮੇਰਾ ਮਿੱਤਰ ਜੋ ਖ਼ਾਲਸਾ ਕਾਲਜ ਪੜ੍ਹਦਾ ਸੀ, ਉਸ ਨੂੰ ਪੁਲਿਸ ਨੇ ਨਾਜਾਇਜ਼ ਹੀ ਚੁੱਕ ਲਿਆ ਸੀ। ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦਾ ਬਾਪ ਮਿਲਟਰੀ ਦਾ ਵੱਡਾ ਅਫ਼ਸਰ ਸੀ। ਪੁਲਿਸ ਨੇ ਰਿਸ਼ਵਤ ਲੈ ਕੇ ਛੱਡ ਦਿੱਤਾ। ਜਦੋਂ ਫਿਰ ਦੂਜੀ ਵਾਰ ਉਹ ਫੜਿਆ ਗਿਆ ਤਾਂ ਕਈ ਦਿਨ ਪਤਾ ਹੀ ਨਾ ਲੱਗਾ, ਉਹ ਕਿੱਥੇ ਹੈ। ਮਾਪਿਆਂ ਦੀਆਂ ਅੱਖਾਂ ਦਾ ਤਾਰਾ ਮਸਾਂ ਲੱਭਿਆ, ਉਹ ਵੀ ਇਸ ਕਰ ਕੇ, ਕਿ ਬਾਪ ਨੇ ਸਰਕਾਰੀ ਦਬਾਅ ਪੁਆਇਆ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬ, ਨੌਜਵਾਨਾਂ ਲਈ ਸੁਰੱਖਿਅਤ ਥਾਂ ਨਹੀਂ ਸੀ। ਫਿਰ ਮੇਰੇ ਮਿੱਤਰ ਨੂੰ ਬਾਹਰ ਭੇਜਣ ਦੀ ਵਿਉਂਤ ਘੜੀ ਜਾਣ ਲੱਗੀ। ਪਤਾ ਨਹੀਂ ਇਸ ਵਿਉਂਤਬੰਦੀ ਵਿਚ ਮੈਂ ਕਦੋਂ ਮੰਜੇ ਦੀ ਚੂਲ ਵਾਂਗ ਠੋਕਿਆ ਗਿਆ। ਜਾਅਲੀ ਪਾਸਪੋਰਟਾਂ ‘ਤੇ ਹੀ ਅਸੀਂ ਅਮਰੀਕਾ ਆ ਗਏ। ਮੈਨੂੰ ਤਾਂ ਮੁਫ਼ਤ ਵਿਚ ਅਮਰੀਕਾ ਮਿਲ ਗਿਆ, ਤੇ ਮਿੱਤਰ ਦੀ ਜਿਵੇਂ ਜ਼ਿੰਦਗੀ ਬਚ ਗਈ ਹੋਵੇ। ਮਿੱਤਰ ਦੇ ਮਾਪੇ ਖੁਸ਼ ਸਨ ਕਿ ਹੁਣ ਉਨ੍ਹਾਂ ਦਾ ਪੁੱਤ ਸੁਰੱਖਿਅਤ ਹੈ। ਮੇਰੇ ਮਾਪੇ ਕਹਿੰਦੇ, ਸਾਡਾ ਖੋਟਾ ਸਿੱਕਾ ਚੱਲ ਗਿਆ।
ਸਭ ਤੋਂ ਪਹਿਲਾਂ ਅਸੀਂ ਪੱਕੇ ਹੋਣ ਦਾ ਜੁਗਾੜ ਕਰਨ ਲੱਗੇ। ਬੋਲੀ ਸਿੱਖਦਿਆਂ ਦੋਵਾਂ ਨੇ ਦੋ ਗੋਰੀਆਂ ਨਾਲ ਪੇਚਾ ਪਾ ਲਿਆ। ਗੋਰੀਆਂ ਦੀ ਬਦੌਲਤ ਮੈਨੂੰ ਤਾਂ ਗਰੀਨ ਕਾਰਡ ਮਿਲ ਗਿਆ, ਪਰ ਮਿੱਤਰ ਅਜੇ ਜੱਦੋਜਹਿਦ ਕਰ ਰਿਹਾ ਸੀ। ਮੈਂ ਆਪਣੇ ਘਰ ਕੋਈ ਡਾਲਰ ਨਹੀਂ ਸੀ ਭੇਜਿਆ। ਪਹਿਲਾਂ ਗੋਰੀ ਖਾਂਦੀ ਰਹੀ, ਫਿਰ ਮੈਂ ਇਥੇ ਹੀ ਡਾਲਰ ਸਾਂਭਦਾ ਰਿਹਾ ਕਿ ਕੋਈ ਬਿਜਨਸ ਕਰਾਂਗਾ। ਮਿੱਤਰ ਮੇਰਾ ਨੇਕ ਇਨਸਾਨ ਸੀ। ਰੱਬ ਨੂੰ ਮੰਨਣ ਵਾਲਾ ਤੇ ਸਭ ਦਾ ਮਦਦਗਾਰ; ਤੇ ਮੈਂ ਟਿੱਚਰਾਂ ਤੇ ਮਖੌਲ ਤੋਂ ਇਲਾਵਾ ਕੁਝ ਨਹੀਂ ਜਾਣਦਾ ਸੀ। ਫਿਰ ਰੱਬ ਉਸ ਨੂੰ ਵੀ ਨੀਵਾਂ ਹੋ ਕੇ ਬਹੁੜਿਆ। ਉਸ ਨੂੰ ਪੰਜਾਬਣ ਕੁੜੀ ਦਾ ਰਿਸ਼ਤਾ ਮਿਲ ਗਿਆ ਤੇ ਉਹ ਦਾ ਘਰ ਵਸ ਗਿਆ। ਕੰਮਾਂ-ਧੰਦਿਆਂ ਦੀਆਂ ਟੱਕਰਾਂ ਮਾਰਦੇ ਹੋਏ ਅਸੀਂ ਛੋਟਾ ਜਿਹਾ ਸਟੋਰ ਖੋਲ੍ਹਣ ਵਿਚ ਕਾਮਯਾਬ ਹੋ ਗਏ। ਉਹ ਸਟੋਰ ਕੀ, ਜਿਵੇਂ ਡਾਲਰਾਂ ਵਾਲੀ ਬੋਰੀ ਲੱਭ ਗਈ ਹੋਵੇ। ਕਹਿੰਦੇ ਨੇ ਰੱਬ ਛੱਪਰ ਪਾੜ ਕੇ ਦਿੰਦਾ ਹੈ। ਇਹ ਕਿਸੇ ਨੇ ਦੇਖਿਆ ਤਾਂ ਨਹੀਂ, ਪਰ ਅਸੀਂ ਇਸ ਨੂੰ ਸੱਚ ਹੁੰਦਾ ਦੇਖਿਆ ਹੈ। ਫਿਰ ਅਸੀਂ ਤਰੱਕੀ ਦੀ ਪੌੜੀ ਚੜ੍ਹਦੇ ਗਏ। ਇਕ ਤੋਂ ਤਿੰਨ ਸਟੋਰ ਕਰ ਲਏ। ਮੈਂ ਪਿੰਡ ਜਾ ਕੇ ਵਿਆਹ ਕਰਵਾ ਆਇਆ ਪਰ ਆਪਣੇ ਘਰ ਇਕ ਇੱਟ ਵੀ ਨਹੀਂ ਲਾਈ। ਮੈਂ ਨਾ ਤਾਂ ਆਪਣੀਆਂ ਭੈਣਾਂ ਦੇ ਵਿਆਹ ਕੀਤੇ, ਨਾ ਹੀ ਆਪਣੇ ਭਰਾਵਾਂ ਦੀ ਕੋਈ ਮਦਦ ਕੀਤੀ। ਭਰਾਵਾਂ ਨੇ ਆਪਣੀ ਮੀਡੀਆਂ ਆਪ ਗੁੰਦੀਆਂ। ਉਨ੍ਹਾਂ ਨੂੰ ਮੇਰਾ ਅਮਰੀਕਾ ਆਉਣ ਦਾ ਕੋਈ ਸਹਾਰਾ ਨਹੀਂ ਹੋਇਆ। ਮੇਰੇ ਮੱਥੇ ਅਮੀਰੀ ਦੀ ਕਲਗੀ ਲੱਗ ਗਈ। ਮੈਂ ਹੰਕਾਰੀ ਹੁੰਦਿਆਂ ਪੁਰਾਣੀ ਮਿੱਤਰਤਾ ਧੋਖੇ ਦੀ ਤਲਵਾਰ ਨਾਲ ਵੱਢ ਸੁੱਟੀ। ਮੇਰਾ ਮਿੱਤਰ ਬਹੁਤ ਰੋਇਆ ਕਿ ਪੈਸਾ ਹੀ ਸਭ ਕੁਝ ਨਹੀਂ ਹੁੰਦਾ, ਤੂੰ ਇੰਜ ਨਾ ਕਰ। ਮੈਂ ਦੋ ਵਧੀਆ ਸਟੋਰ ਆਪ ਰੱਖ ਲਏ, ਤੇ ਦੋ ਮਾੜੇ ਸਟੋਰ ਉਸ ਦੇ ਗਲ ਮੜ੍ਹ ਦਿੱਤੇ। ਮੇਰੀ ਘਰਵਾਲੀ ਆ ਗਈ। ਪਹਿਲਾਂ ਪੁੱਤਰ ਤੇ ਫਿਰ ਧੀ ਹੋ ਗਈ। ਘਰਵਾਲੀ ਵੀ ਸਟੋਰ ‘ਤੇ ਹੱਥ ਵਟਾਉਣ ਲੱਗੀ। ਉਹ ਭਲੇ ਘਰ ਦੀ ਧੀ ਸੀ ਜਿਸ ਨੇ ਜ਼ੋਰ ਪਾ ਕੇ ਮੇਰੇ ਕੋਲੋਂ ਮੇਰੇ ਭਰਾਵਾਂ ਦੇ ਪੇਪਰ ਭਰਵਾ ਦਿੱਤੇ।
ਸਮਾਂ ਬੀਤਦਾ ਗਿਆ। ਮੇਰੇ ਕੋਲ ਪੰਜ ਸਟੋਰ ਹੋ ਗਏ। ਵੱਡਾ ਘਰ ਤੇ ਵਧੀਆ ਕਾਰਾਂ। ਯਾਰਾਂ-ਦੋਸਤਾਂ ਦੀਆਂ ਮਹਿਫ਼ਿਲਾਂ। ਮੈਂ ਬਿਜਨਸਮੈਨਾਂ ਦੀ ਕਤਾਰ ਵਿਚ ਗਿਣਿਆ ਜਾਣ ਲੱਗਾ। ਮਿੱਤਰ ਕੋਲ ਉਹੀ ਦੋ ਸਟੋਰ ਸਨ। ਉਸ ਦੀ ਤਰੱਕੀ ਨਾ ਹੋਣ ਨੂੰ ਮੈਂ ਨਿਕੰਮੇਪਣ ਦਾ ਖ਼ਿਤਾਬ ਦਿੰਦਾ। ਉਹ ਸ਼ਾਇਦ ਆਪਣੀ ਚਾਲ ਵਿਚ ਮਸਤ ਸੀ ਪਰ ਮੈਂ ਅਮੀਰੀ ਦੀ ਦੌੜ ਵਿਚ ਹੋਰ ਅੱਗੇ ਵਧਣਾ ਚਾਹੁੰਦਾ ਸੀ। ਉਸ ਦੇ ਵੀ ਦੋ ਬੱਚੇ ਹੋਏ, ਮੇਰੇ ਬੱਚਿਆਂ ਦੇ ਹਮਉਮਰ ਤੇ ਹਮਜਮਾਤੀ। ਮੈਂ ਕਿਸੇ ਦੀ ਗਰੀਬੀ ਦਾ ਮਜ਼ਾਕ ਬੜਾ ਸੋਹਣਾ ਉਡਾ ਲੈਂਦਾ ਸੀ। ਜੇ ਕੋਈ ਮਦਦ ਮੰਗਦਾ ਸੀ ਤਾਂ ਉਸ ਨੂੰ ਵੀਹ ਟੋਟਕੇ ਸੁਣਾਉਂਦਾ ਸੀ। ਘਰਵਾਲੀ ਹਮੇਸ਼ਾ ਕਹਿੰਦੀ ਸੀ, ‘ਤੁਸੀਂ ਇੰਜ ਨਾ ਕਰਿਆ ਕਰੋ। ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ। ਉਹ ਜਲ ਤੋਂ ਥਲ, ਤੇ ਥਲ ਤੋਂ ਜਲ ਕਰ ਦਿੰਦਾ ਹੈ।’ ਪਰ ਘਰਵਾਲੀ ਦੀਆਂ ਇਹ ਗੱਲਾਂ ਹਵਾਈ ਜਹਾਜ਼ ਵਾਂਗ ਉਪਰ ਦੀ ਲੰਘ ਜਾਂਦੀਆਂ ਸਨ।
ਬੱਚੇ ਜਵਾਨ ਹੋ ਗਏ, ਕਾਲਜ ਜਾਣ ਲੱਗ ਪਏ। ਮੈਂ ਗੁਰਦੁਆਰੇ ਦੇ ਕੰਮਾਂ-ਕਾਰਾਂ ਵਿਚ ਵੀ ਰੁਝ ਗਿਆ। ਪ੍ਰਧਾਨਗੀ ਦੀ ਕਲਗੀ ਲਵਾਉਣ ਲਈ ਪ੍ਰਬੰਧਕ ਕਮੇਟੀ ਵਿਚ ਚੀਰ-ਫਾੜ ਕੀਤੀ ਅਤੇ ਆਪਣੀ ਚਲਾਕੀ ਦੇ ਕਿੱਲ ਠੋਕਣ ਲੱਗ ਪਿਆ। ਸਾਰਾ ਦਿਨ ਲੋਕਾਂ ਦੀਆਂ ਚੁਗਲੀਆਂ ਤੇ ਨਿੰਦਿਆ ਕਰਦਾ ਫੋਨ ਕੰਨ ਨਾਲੋਂ ਨਾ ਲਾਹੁੰਦਾ। ਉਧਰ, ਮਿੱਤਰ ਦੇ ਪਹਿਲੇ ਖਿਆਲ ਰੰਗ ਲਿਆਏ। ਉਹ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋ ਗਿਆ। ਮੈਂ ਉਸ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਗਾਤਰੇ ਵਾਲਿਆਂ ਨੂੰ ਬੁਰਾ-ਭਲਾ ਤੱਕ ਬੋਲ ਜਾਂਦਾ। ਮਿੱਤਰ ਦੇ ਬੱਚੇ ਵੀ ਬਹੁਤ ਸਿਆਣੇ ਬਣੇ ਅਤੇ ਮੇਰੇ ਬੱਚੇ ਆਪ-ਮਤੀਏ ਹੋ ਗਏ। ਉਹ ਆਪਣੀ ਜ਼ਿੰਦਗੀ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਸਨ। ਮੈਂ ਵਡਿਆਈ ਦਾ ਮਾਰਿਆ ਗੁਰਦੁਆਰੇ ਬਥੇਰਾ ਦਾਨ ਕਰਦਾ, ਪਰ ਸਟੋਰ ‘ਤੇ ਖੜ੍ਹੇ ਕਾਮੇ ਨੂੰ ਪਾਣੀ ਪੀਣ ਦੀ ਇਜਾਜ਼ਤ ਨਾ ਦਿੰਦਾ। ਮੈਂ ਇਹ ਭੁੱਲ ਗਿਆ ਸੀ ਕਿ ਗਰੀਬਾਂ ਦਾ ਮੂੰਹ ਗੁਰੂ ਕੀ ਗੋਲਕ ਹੁੰਦੀ ਹੈ। ਗੁਰਦੁਆਰੇ ਕੋਈ ਐਤਵਾਰ ਸੇਵਾ ਤੋਂ ਖਾਲੀ ਹੁੰਦਾ ਤਾਂ ਉਹ ਮੇਰੇ ਨਾਮ ਪੱਕਾ ਹੋ ਜਾਂਦਾ ਸੀ। ਇਹ ਮੇਰੀ ਸੇਵਾ-ਭਾਵਨਾ ਨੂੰ ਸਗੋਂ ਪੈਸੇ ਦਾ ਗੁਮਾਨ ਸੀ। ਫਿਰ ਮੇਰਾ ਪੁੱਤਰ ਪਾਰਟੀਆਂ ਵਿਚ ਜਾਣ ਲੱਗ ਪਿਆ। ਉਹ ਆਪਣੇ ਘਰ ਵੀ ਪਾਰਟੀ ਰੱਖ ਲੈਂਦਾ ਸੀ। ਮੌਜ-ਮਸਤੀਆਂ ਕਰਦਾ ਉਹ ਨਸ਼ੇ ਵੀ ਕਰਨ ਲੱਗ ਪਿਆ। ਫਿਰ ਪੜ੍ਹਾਈ ਛੱਡ ਗਿਆ। ਪੁੱਤਰ ਕਾਹਦਾ, ਰੁਪਏ ਦਾ ਉਜਾੜਾ ਸੀ ਪਰ ਮੇਰੀਆਂ ਅੱਖਾਂ ‘ਤੇ ਅਜੇ ਵੀ ਹੰਕਾਰ ਦੀ ਪੱਟੀ ਬੱਝੀ ਹੋਈ ਸੀ। ਮੇਰੀ ਘਰਵਾਲੀ ਹਮੇਸ਼ਾ ਕਹਿੰਦੀ, ‘ਹੋਰ ਕੰਮਾਂ ਨਾਲੋਂ ਆਪਣੇ ਬੱਚਿਆਂ ਦਾ ਖਿਆਲ ਰੱਖੋ। ਇਹ ਚੌਧਰਾਂ ਕਿਸੇ ਕੰਮ ਨਹੀਂ ਆਉਣੀਆਂ ਜੇ ਬੱਚੇ ਹੀ ਵਿਗੜ ਗਏ।’ ‘ਬੱਚਿਆਂ ਦੇ ਦਿਨ ਹਨ, ਮੌਜਾਂ ਕਰਨ ਦੇ’, ਕਹਿ ਕੇ ਮੈਂ ਉਸ ਨੂੰ ਚੁੱਪ ਕਰਵਾ ਦਿੰਦਾ। ਉਹ ਜ਼ਖ਼ਮੀ ਪੰਛੀ ਵਾਂਗ ਤੜਫ ਕੇ ਰਹਿ ਜਾਂਦੀ।
ਮੇਰੀਆਂ ਅੱਖਾਂ ‘ਤੇ ਬੱਝੀ ਪੱਟੀ ਉਸ ਵਕਤ ਖੁੱਲ੍ਹੀ ਜਦੋਂ ਪੁੱਤ ਨਸ਼ੇ ਵੇਚਦਾ ਫੜਿਆ ਗਿਆ। ਲਾਡਾਂ ਨਾਲ ਪਾਲੇ ਪੁੱਤ ਨੂੰ ਹਵਾਲਾਤ ਵਿਚ ਦੇਖ ਕੇ ਮਨ ਖ਼ਰਾਬ ਤਾਂ ਹੋਇਆ, ਪਰ ਅਮੀਰੀ ਦੀ ਚਾਬੀ ਨਾਲ ਹਵਾਲਾਤ ਦਾ ਜਿੰਦਰਾ ਖੋਲ੍ਹ ਲਿਆ, ਜ਼ਮਾਨਤਾਂ ਦੀ ਰਕਮ ਭਰ ਕੇ। ਪੁੱਤ ਨੂੰ ਡਰ ਨਹੀਂ, ਸਗੋਂ ਹੌਸਲਾ ਮਿਲ ਗਿਆ ਕਿ ਜਦੋਂ ਬਾਪੂ ਮੇਰੇ ਨਾਲ ਹੈ, ਤਾਂ ਮੈਨੂੰ ਕਿਸੇ ਦਾ ਕੀ ਡਰ!
“ਹੈਲੋ ਮਾਸਟਰ ਸਿੰਘ, ਦੇਖੋ ਕੌਣ ਆਇਆæææ ਤੁਹਾਡਾ ਪੱਕਾ ਤੇ ਪੁਰਾਣਾ ਮਿੱਤਰ।” ਨਰਸ ਨੇ ਕਹਿੰਦਿਆਂ ਮੇਰੀ ਲੜੀ ਤੋੜ ਦਿੱਤੀ। ਮੈਂ ਆਪਣੇ ਮਿੱਤਰ ਦੇ ਗਲ ਲੱਗ ਕੇ ਧਾਹ ਮਾਰ ਰੋਣ ਲੱਗ ਪਿਆ। ਰੋਂਦਿਆਂ-ਰੋਂਦਿਆਂ ਮੈਂ ਫਿਰ ਲੜੀ ਜੋੜ ਲਈ।æææ
ਮੇਰਾ ਪੱਤ ਹੱਥੋਂ ਨਿਕਲ ਗਿਆ ਸੀ। ਧੀ ‘ਤੇ ਕੀਤਾ ਮਾਣ ਵੀ ਟੁੱਟ ਗਿਆ ਜਦੋਂ ਉਸ ਨੇ ਆਪਣਾ ਗੋਰਾ ਮਿੱਤਰ ਮੇਰੇ ਅੱਗੇ ਖੜ੍ਹਾ ਕਰ ਦਿੱਤਾ, ਤੇ ਵਿਆਹ ਕਰਵਾਉਣ ਦੀ ਆਗਿਆ ਮੰਗੀ। ਜੋ ਕੁਝ ਮਰਜ਼ੀ ਸੀ, ਪਰ ਧੀ ਦੇ ਇਸ ਕਦਮ ਨੇ ਮੇਰੀ ਸੁੱਤੀ ਪਈ ਅਣਖ ਜਗਾ ਦਿੱਤੀ। ਮੈਂ ਧੀ ਵਿਰੁਧ ਖੜ੍ਹ ਗਿਆ, ਪਰ ਧੀ ਦੀ ਬਗ਼ਾਵਤ ਅੱਗੇ ਮੇਰੀ ਅਣਖ ਸੌਂ ਗਈ। ਉਸ ਨੇ ਆਪ ਹੀ ਕੋਰਟ ਮੈਰਿਜ ਕਰਵਾ ਲਈ। ਮੈਂ ਇਸ ਘਟਨਾ ਨਾਲ ਦਿਨੋ-ਦਿਨ ਟੁੱਟਦਾ ਗਿਆ। ਚਿੰਤਾ, ਚਿਤਾ ਬਰਾਬਰ ਹੁੰਦੀ ਗਈ। ਇਸ ਦੌਰਾਨ ਮਿੱਤਰ ਦੇ ਪੁੱਤਰ ਦਾ ਵਿਆਹ ਰੱਖਿਆ ਗਿਆ, ਮੈਨੂੰ ਵੀ ਕਾਰਡ ਭੇਜਿਆ ਪਰ ਮੈਂ ਵਿਆਹ ਵਿਚ ਸ਼ਾਮਲ ਨਹੀਂ ਹੋਇਆ। ਪੈਸਾ ਤੇ ਸਟੋਰ ਜਿੰਨੀ ਛੇਤੀ ਮਿਲੇ ਸਨ, ਉਨੀ ਛੇਤੀ ਚਲੇ ਵੀ ਗਏ। ਪੁੱਤ ਲਈ ਭਰੀ ਜ਼ਮਾਨਤ ਜ਼ਬਤ ਹੋ ਗਈ। ਕਿਸੇ ਹੋਰ ਕੇਸ ਵਿਚ ਉਸ ਨੂੰ ਪੰਜ ਸਾਲ ਦੀ ਸਜ਼ਾ ਹੋ ਗਈ ਸੀ। ਹੁਣ ਭਰਾਵਾਂ ਦੇ ਪੇਪਰ ਨਿਕਲ ਆਏ। ਉਨ੍ਹਾਂ ਨੇ ਆਪਣੇ ਆਪ ਹੀ ਟਿਕਾਣੇ ਬਣਾ ਲਏ। ਮੈਂ ਚਿੰਤਾ ਕਰਦਾ ਡਾਕਟਰਾਂ ਦੇ ਚੱਕਰ ਵਿਚ ਪੈ ਗਿਆ। ਮੇਰੀ ਰਾਤਾਂ ਦੀ ਨੀਂਦ ਉਡ ਗਈ। ਰੱਖੀਆਂ ਚੀਜ਼ਾਂ ਭੁੱਲ ਜਾਂਦਾ। ਗੱਲ-ਗੱਲ ‘ਤੇ ਮਾਰਨ ਦੀ ਧਮਕੀ ਦਿੰਦਾ। ਮਹਿਲ ਵਰਗੇ ਘਰ ਵਿਚ ਮੈਂ ਤੇ ਮੇਰੀ ਘਰਵਾਲੀ ਸਾਂ, ਤੇ ਮਹਿੰਗਾ ਲਿਆ ਫਰਨੀਚਰ ਸੀ, ਪਰ ਕੋਈ ਦੁੱਖ ਵੰਡਾਉਣ ਨਾ ਆਉਂਦਾ। ਮੇਰੇ ਅੰਦਰਲੇ ਦੁੱਖ ਨੇ ਮੈਨੂੰ ਖੂਨ ਦੇ ਕੈਂਸਰ ਦਾ ਰੋਗੀ ਬਣਾ ਦਿੱਤਾ। ਮੈਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ। ਮੇਰੀਆਂ ਅੱਖਾਂ ਦਰਵਾਜ਼ੇ ਅਤੇ ਕੰਨ ਫੋਨ ਦੀ ਘੰਟੀ ਵੱਲ ਲੱਗੇ ਰਹਿੰਦੇ, ਪਰ ਕੋਈ ਨਾ ਬਹੁੜਿਆ। ਸਭ ਤੋਂ ਪਹਿਲਾਂ ਮੇਰੀ ਬਾਗ਼ੀ ਧੀ ਅਤੇ ਗੋਰਾ ਜਵਾਈ ਆਏ। ਮੈਂ ਗੁੱਸਾ ਪੀਂਦਾ ਗਿਆ ਤੇ ਆਸ਼ੀਰਵਾਦ ਦਾ ਹੱਥ ਧੀ ਦੇ ਸਿਰ ਰੱਖ ਦਿੱਤਾ। ਹੁਣ ਧੀ-ਜਵਾਈ ਰੋਜ਼ ਆਉਂਦੇ। ਕੋਲ ਬੈਠਦੇ, ਗੱਲਾਂ ਕਰਦੇ। ਮੇਰੇ ਖੂਨ ਦੀ ਅਦਲਾ-ਬਦਲੀ ਹੁੰਦੀ ਰਹੀ। ਸਰੀਰ ਅੱਧਾ ਰਹਿ ਗਿਆ। ਮੌਤ ਸਰਹਾਣੇ ਬੈਠੀ ਦਿਖਾਈ ਦਿੰਦੀ। ਆਪਣੇ ਆਪ ਨੂੰ ਸਿਵਿਆਂ ਦੇ ਰਾਹ ਅਰਥੀ ‘ਤੇ ਪਿਆ ਦੇਖਦਾ। ਹੌਲੀ-ਹੌਲੀ ਹੋਰ ਸੱਜਣ ਵੀ ਹਮਦਰਦੀ ਦੇ ਗੁਲਦਸਤੇ ਲੈ ਕੇ ਆਉਣ ਲੱਗੇ। ਭਰਾ ਵੀ ਆ ਗਏ ਤੇ ਭੈਣਾਂ ਵੀ, ਪਰ ਅਜੇ ਵੀ ਅੱਖਾਂ ਕਿਸੇ ਦੀ ਇੰਤਜ਼ਾਰ ਵਿਚ ਰਹਿੰਦੀਆਂ। ਦੋ ਮਹੀਨੇ ਹੋ ਗਏ ਸਨ।æææ ਹੁਣ ਮੈਂ ਧੀ ਨੂੰ ਮਆਫ਼ ਕਰ ਦਿੱਤਾ ਸੀ। ਜੇ ਗੋਰਾ ਹੋਇਆ ਤਾਂ ਕੀ ਹੋਇਆ, ਉਹ ਚੰਗਾ ਤਾਂ ਇਨਸਾਨ ਹੈ, ਧੀ ਨੂੰ ਖ਼ੁਸ਼ ਰੱਖਦਾ ਹੈ। ਕੁਝ ਦਿਨਾਂ ਲਈ ਮੈਨੂੰ ਅੱਜ ਛੁੱਟੀ ਮਿਲਣੀ ਸੀ। ਨਰਸ ਦੱਸ ਗਈ ਸੀ, ਪਰ ਮੈਂ ਜਾਣਾ ਨਹੀਂ ਸੀ ਚਾਹੁੰਦਾ, ਕਿਉਂਕਿ ਮੈਂ ਕਿਸੇ ਨੂੰ ਉਡੀਕਦਾ ਸੀ, ਤੇ ਉਹ ਅੱਜ ਆ ਗਿਆ ਸੀ।
ਮੇਰੇ ਮਿੱਤਰ ਨੇ ਮੈਨੂੰ ਆਪਣੇ ਨਾਲੋਂ ਪਿਆਰ ਨਾਲ ਲਾਹਿਆ, ਤੇ ਬੈਡ ਉਤੇ ਲਿਟਾ ਦਿੱਤਾ। ਮੈਂ ਰੱਜ ਕੇ ਰੋਇਆ। ਮੇਰੇ ਹੱਥ ਜੁੜ ਚੁੱਕੇ ਸਨ। ਮੈਂ ਉਸ ਤੋਂ ਮੁਆਫ਼ੀ ਮੰਗ ਰਿਹਾ ਸਾਂ। ਮਿੱਤਰ ਵੀ ਰੋ ਰਿਹਾ ਸੀ। ਬਿਨਾਂ ਬੋਲਿਆਂ ਅਸੀਂ ਦੋਵਾਂ ਨੇ ਇਕ-ਦੂਜੇ ਨੂੰ ਮੁਆਫ਼ ਕਰ ਦਿੱਤਾ। ਮਿੱਤਰਤਾ ਦੀ ਗੰਢ ਪੱਕੀ ਕਰ ਲਈ। ਕਮਰੇ ਵਿਚ ਹਾਸੇ ਦੀਆਂ ਲਹਿਰਾਂ ਵਗ ਤੁਰੀਆਂ। ਟੁੱਟੀ ਯਾਰੀ ਗੰਢੀ ਗਈ। ਉਸ ਨੇ ਡਾਕਟਰਾਂ ਨਾਲ ਗੱਲ ਕੀਤੀ। ਛੁੱਟੀ ਲੈਣ ਦਾ ਖਿਆਲ ਹਟਾ ਲਿਆ, ਦੁਬਾਰਾ ਇਲਾਜ ਸ਼ੁਰੂ ਹੋਇਆ। ਹੌਲੀ-ਹੌਲੀ ਮੈਂ ਠੀਕ ਹੋਣ ਲੱਗਾ। ਮਿੱਤਰ ਸਾਰਾ ਦਿਨ ਮੇਰੇ ਕੋਲ ਰਹਿੰਦਾ। ਇਤਿਹਾਸ ਸੁਣਾਉਂਦਾ, ਬਾਣੀ ਸੁਣਾਉਂਦਾ, ਫਿਰ ਉਸ ਦੇ ਅਰਥ ਕਰ ਕੇ ਦੱਸਦਾ। ਮੇਰਾ ਦੁੱਖ ਟੁੱਟਦਾ ਗਿਆ ਤੇ ਮੈਂ ਠੀਕ ਹੋ ਗਿਆ। ਕੁਦਰਤ ਦਾ ਕ੍ਰਿਸ਼ਮਾ ਸਮਝੋ, ਮੈਨੂੰ ਸਿਵਿਆਂ ਵਾਲਾ ਰਾਹ, ਜ਼ਿੰਦਗੀ ਵਿਚ ਤਬਦੀਲ ਹੋਇਆ ਜਾਪਿਆ। ਮੇਰੀ ਬਿਮਾਰੀ ਜਾਣ ਵੇਲੇ ਮੇਰਾ ਹੰਕਾਰ ਤੇ ਹਉਮੈ, ਸਭ ਲੈ ਗਈ। ਟੁੱਟੀ ਯਾਰੀ ਵਿਚੋਂ ਮੈਨੂੰ ਨਿਮਰਤਾ ਤੇ ਪਿਆਰ ਦਾ ਤੋਹਫ਼ਾ ਮਿਲਿਆ। ਭਰਾਵਾਂ ਵਰਗਾ ਵਿਛੜਿਆ ਮਿੱਤਰ ਮਿਲ ਗਿਆ। ਮੈਂ ਠੀਕ ਹੋ ਕੇ ਘਰ ਆ ਗਿਆ। ਮਿੱਤਰ ਨੇ ਫਿਰ ਇਕ ਸਟੋਰ ਦੀ ਚਾਬੀ ਫੜਾ ਦਿੱਤੀ। ਸਮਾਂ ਬੀਤਿਆ ਤਾਂ ਪੁੱਤ ਵੀ ਵਾਪਸ ਆ ਗਿਆ। ਮਿੱਤਰ ਦਾ ਲੈਣ-ਦੇਣ ਕਰ ਕੇ ਮੈਂ ਅੱਜ ਸਭ ਪਾਸਿਓਂ ਖ਼ੁਸ਼ ਹਾਂ। ਪੁੱਤਰ ਵਿਆਹ ਦਿੱਤਾ। ਸਟੋਰ ਇਕ ਹੀ ਹੈ, ਪਰ ਅਸੀਂ ਬਹੁਤ ਖ਼ੁਸ਼ ਹਾਂ। ਹੁਣ ਪਰਮਾਤਮਾ ਕ੍ਰਿਪਾ ਕਰੇ, ਮੈਨੂੰ ਅੰਮ੍ਰਿਤ ਦੀਆਂ ਦਾਤਾਂ ਬਖ਼ਸ਼ੇ, ਬਾਣੀ ਨਾਲ ਜੋੜੀ ਰੱਖੇ।
ਇਹ ਹੱਡ ਬੀਤੀ ਸੁਣਾਉਣ ਵਾਲਾ ਬਾਈ ਹੁਣ ਚੜ੍ਹਦੀ ਕਲਾ ਵਿਚ ਹੈ।

Be the first to comment

Leave a Reply

Your email address will not be published.