ਪਰਵਾਸੀ ਪੰਜਾਬੀਆਂ ਦੀ ਸਭਿਆਚਾਰਕ ਰੁਚੀ ਤੇ ਪੰਜਾਬੀ

ਪੰਜਾਬੀ ਪਰਵਾਸੀਆਂ ਦੀ ਭਾਸ਼ਾਈ ਤਸਵੀਰ-3
ਗੁਰਬਚਨ ਸਿੰਘ ਭੁੱਲਰ
ਪਹਿਲੇ ਪਰਾਗਿਆਂ ਦੇ ਪੰਜਾਬੀਆਂ ਦੀ ਭਾਸ਼ਾਈ ਸਮੱਸਿਆ ਦੀ ਗੱਲ ਜਦੋਂ ਮੈਂ ਪੰਜਾਬੀ ਲੇਖਕ ਜਗਜੀਤ ਬਰਾੜ ਨਾਲ ਛੇੜੀ, ਉਹ ਕਹਿਣ ਲੱਗਾ, “ਹੋਰਾਂ ਦਾ ਤਾਂ ਪਤਾ ਨਹੀਂ, ਤੁਹਾਨੂੰ ਆਪਣੇ ਇਕ ਕੋਰੇ ਅਨਪੜ੍ਹ ਰਿਸ਼ਤੇਦਾਰ ਨਾਲ ਕਈ ਦਹਾਕੇ ਪਹਿਲਾਂ ਅਮਰੀਕੀ ਹਵਾਈ ਅੱਡੇ ਉਤੇ ਹੋਈ-ਬੀਤੀ ਸੁਣਾ ਦਿੰਦਾ ਹਾਂ। ਭਾਣਾ ਇਹ ਵਰਤਿਆ ਕਿ ਉਸ ਨੂੰ ਲੈਣ ਜਿਸ ਪੰਜਾਬੀ ਨੇ ਆਉਣਾ ਸੀ, ਉਹ ਕਿਸੇ ਕਾਰਨ ਪਹੁੰਚ ਨਾ ਸਕਿਆ। ਰਾਤ ਨੂੰ ਹਵਾਈ ਅੱਡਾ ਵਿਹਲਾ ਹੁੰਦਾ ਦੇਖ ਉਹਦਾ ਘਬਰਾਉਣਾ ਸੁਭਾਵਿਕ ਸੀ। ਉਸ ਨੇ ਉਥੋਂ ਲੰਘਦੇ ਇਕ ਵਰਦੀ ਵਾਲੇ ਦੀ ਜੇਬ ਉਤੇ ਹਵਾਈ ਜਹਾਜ਼ ਵਾਲਾ ਨਿਸ਼ਾਨ ਪਛਾਣ ਕੇ ਉਸ ਨੂੰ ਰੋਕ ਲਿਆ ਅਤੇ ਹੱਥ ਬਾਹਰ ਨੂੰ ਲੰਮਾ ਕੀਤਾ। ਫੇਰ ਆਪਣੀ ਹਿੱਕ ਨਾਲ ਲਾਇਆ, ਦੁਬਾਰਾ ਲੰਮਾ ਕੀਤਾ ਤੇ ਅੰਤ ਨੂੰ ਬੇਵਸੀ ਵਿਚ ਹੱਥ ਮਾਰਿਆ। ਅਧਿਕਾਰੀ ਸਮਝ ਗਿਆ। ਸਬੱਬ ਨਾਲ ਉਸ ਏਅਰਲਾਈਨਜ਼ ਦੇ ਆਪਣੇ ਹੋਟਲ ਵੀ ਸਨ। ਉਹ ਉਸ ਨੂੰ ਹੋਟਲ ਵਿਚ ਛੱਡ ਆਇਆ ਕਿ ਬਾਕੀ ਸਭ ਭਲਕੇ ਦੇਖਾਂਗੇ।
ਕਮਰੇ ਵਿਚ ਪਹੁੰਚ ਕੇ ਘਬਰਾਏ ਹੋਏ ਪੰਜਾਬੀ ਨੇ ਮੁੜ੍ਹਕਾ ਸੁਕਾਉਣ ਲਈ ਕਛਹਿਰੇ ਤੋਂ ਬਿਨਾਂ ਸਭ ਕੱਪੜੇ ਉਤਾਰੇ, ਵਾਲ ਖੋਲ੍ਹ ਕੇ ਉਨ੍ਹਾਂ ਵਿਚ ਪੰਜੇ ਉਂਗਲਾਂ ਫੇਰੀਆਂ ਤੇ ਲੰਮਾ ਸਾਹ ਲਿਆ। ਕੁਝ ਮਿੰਟਾਂ ਮਗਰੋਂ ਆਲੇ-ਦੁਆਲੇ ਦੀ ਸੂਹ ਲੈਣ ਲਈ ਉਹਨੇ ਬਰਾਂਡੇ ਵਿਚ ਝਾਤ ਮਾਰਨੀ ਚਾਹੀ ਤਾਂ ਪਿਛੇ ਦਰਵਾਜ਼ਾ ਕੜੱਕ ਬੰਦ ਹੋ ਗਿਆ। ਪ੍ਰੇਸ਼ਾਨ ਹੋ ਕੇ ਉਹ ਪੌੜੀਆਂ ਉਤਰ ਕੇ ਲਾਬੀ ਵਿਚ ਆਇਆ ਤਾਂ ਇਕੱਲਾ ਰਿਸੈਪਸ਼ਨਿਸਟ ਆਪਣੇ ਕੈਬਿਨ ਤੋਂ ਬਾਹਰ ਘੁੰਮ ਰਿਹਾ ਸੀ। ਖੁੱਲ੍ਹੇ ਕੇਸ-ਦਾੜ੍ਹੀ ਅਤੇ ਤਨ ਉਤੇ ਕੇਵਲ ਕੱਛਾ, ਉਸ ਨੇ ਡਰਦਿਆਂ ਭੱਜ ਕੇ ਅੰਦਰੋਂ ਕੈਬਿਨ ਬੰਦ ਕਰ ਲਈ। ਪੰਜਾਬੀ ਨੇ ਸ਼ੀਸ਼ੇ ਉਤੇ ਹੱਥ ਮਾਰੇ, ਉਤਾਂਹ ਵੱਲ ਇਸ਼ਾਰਾ ਕਰ ਕੇ ਹਥੇਲੀਆਂ ਖੁੱਲ੍ਹੀ ਕਿਤਾਬ ਵਾਂਗ ਇਕ ਦੂਜੇ ਦੇ ਬਰਾਬਰ ਜੋੜ ਕੇ ਬੰਦ ਕੀਤੀਆਂ ਅਤੇ ਸਿਰ ਮਾਰਿਆ। ਰਿਸ਼ੈਪਸ਼ਨਿਸਟ ਨੂੰ ਹੁਣ ਪਛਾਣ ਆਈ ਕਿ ਇਹ ਤਾਂ ਉਹ ਆਦਮੀ ਹੈ, ਜਿਸ ਨੂੰ ਉਹ ਉਪਰ ਛੱਡ ਕੇ ਆਇਆ ਸੀ। ਉਹ ਹਥੇਲੀਆਂ ਦੇ ਇਸ਼ਾਰੇ ਤੋਂ ਇਹ ਵੀ ਸਮਝ ਗਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਹੋ ਗਿਆ ਹੈ। ਉਸ ਨੇ ਕੈਬਿਨ ਖੋਲ੍ਹੀ ਅਤੇ ਦੁਬਾਰਾ ਕਮਰਾ ਦੂਹਰੀ ਚਾਬੀ ਨਾਲ ਖੋਲ੍ਹ ਕੇ ਉਸ ਨੂੰ ਛੱਡ ਆਇਆ।” ਜਗਜੀਤ ਬਰਾੜ ਨੇ ਤੋੜਾ ਝਾੜਿਆ, “ਅੰਗਰੇਜ਼ੀ ਤੋਂ ਬਿਲਕੁਲ ਕੋਰੇ ਪੰਜਾਬੀਆਂ ਨੂੰ, ਲੋੜ ਪੈਣ Ḕਤੇ ਸਦਾ ਇਸ਼ਾਰਿਆਂ ਦੀ ਅੰਤਰਰਾਸ਼ਟਰੀ ਭਾਸ਼ਾ ਹੀ ਕੰਮ ਆਉਂਦੀ ਰਹੀ ਹੈ।”
ਮੈਂ ਜਦੋਂ ਪਰਵਾਸੀ ਪੰਜਾਬੀ ਲੇਖਕਾਂ ਨੂੰ ਮਿਲਦਾ, ਮੇਰੇ ਮਨ ਵਿਚ ਆਉਂਦਾ, ਮੁੱਢਲੇ ਅਨਪੜ੍ਹ-ਅਧਪੜ੍ਹ ਪੰਜਾਬੀਆਂ ਵਿਚ ਵੀ ਕੁਝ ਅਜਿਹੇ ਜ਼ਰੂਰ ਹੋਣਗੇ ਜੋ ਆਪਣੇ ਵਿਚਾਰ ਟੁੱਟੀ-ਫੁੱਟੀ ਗੁਰਮੁਖੀ-ਪੰਜਾਬੀ ਵਿਚ ਪ੍ਰਗਟ ਕਰਦੇ ਹੋਣਗੇ। ਜਦੋਂ ਮਨੁੱਖ ਆਪਣਿਆਂ ਨਾਲੋਂ ਵਿੱਛੜਿਆ, ਓਦਰਿਆ, ਮੰਦਹਾਲ ਹੋਵੇ, ਉਸ ਦੀ ਸਭ ਤੋਂ ਵੱਧ ਸਹਾਇਕ ਆਪਣੀ ਬੋਲੀ ਹੀ ਬਣਦੀ ਹੈ ਜੋ ਮਾਨਸਿਕ ਗ਼ੁਬਾਰ ਨੂੰ ਨਿਕਾਸ ਦਿੰਦੀ ਹੈ। ਨਾਜ਼ੀ ਕੈਂਪਾਂ ਵਿਚ ਤਰਸਾ-ਤਰਸਾ ਕੇ, ਤੜਫ਼ਾ ਤੜਫ਼ਾ ਕੇ ਮਾਰੇ ਜਾ ਰਹੇ ਬਦਕਿਸਮਤ ਆਪਣੇ ਮਨ ਦੀ ਗੱਲ ਨਹੁੰਆਂ ਨਾਲ ਕੰਧਾਂ ਉਤੇ ਖੁਰਚ ਦਿੰਦੇ ਸਨ। ਮਗਰੋਂ ਅਜਿਹੀਆਂ ਕੁਝ Ḕਲਿਖਤਾਂ’ ਪੁਸਤਕਾਂ ਦੇ ਪੰਨਿਆਂ ਤੱਕ ਪੁੱਜ ਕੇ ਮਨੁੱਖੀ ਵਹਿਸ਼ੀਪੁਣੇ ਦੇ ਇਤਿਹਾਸ ਦਾ ਅੰਗ ਵੀ ਬਣੀਆਂ।
ਮੈਨੂੰ ਕੋਈ ਅੱਧੀ ਸਦੀ ਪੁਰਾਣੀ ਇਕ ਬੜੀ ਜਜ਼ਬਾਤੀ ਗੱਲ ਚੇਤੇ ਆ ਰਹੀ ਹੈ। ਮੇਰੇ ਇਕ ਰਿਸ਼ਤੇਦਾਰ ਨੇ ਕਿਹਾ, “ਆਓ, ਤੁਹਾਨੂੰ ਇਕ ਦਿਲਚਸਪ ਕੈਸਿਟ ਸੁਣਾਵਾਂ।” ਇਹ ਕੈਸਿਟ ਪਰਦੇਸ ਗਏ ਹੋਏ ਉਨ੍ਹਾਂ ਦੇ ਇਕ ਅਨਪੜ੍ਹ ਨੌਜਵਾਨ ਰਿਸ਼ਤੇਦਾਰ ਨੇ ਉਥੋਂ ਆਉਂਦੇ ਕਿਸੇ ਹੱਥ ਆਪਣੇ ਪਰਿਵਾਰ ਨੂੰ ਚਿੱਠੀ ਵਜੋਂ ਭੇਜੀ ਸੀ। ਪਰਿਵਾਰ ਨੇ ਸੁਣ ਕੇ ਗੱਲ ਖ਼ਤਮ ਹੋਈ ਸਮਝ ਕੇ ਮੇਰੇ ਇਸ ਰਿਸ਼ਤੇਦਾਰ ਨੂੰ ਦਿਲਚਸਪ ਲੱਗੀ ਹੋਣ ਕਾਰਨ ਮੰਗੇ ਤੋਂ ਝੱਟ ਦੇ ਦਿੱਤੀ। ਕੈਸਿਟ ਪੂਰੀ ਦੀ ਪੂਰੀ ਉਸ ਓਦਰੇ, ਨਿਰਾਸੇ, ਹਰਾਸੇ ਮੁੰਡੇ ਨੇ ਆਪਣੀ ਆਵਾਜ਼ ਵਿਚ ਭਰੀ ਹੋਈ ਸੀ। ਜਿਉਂ ਜਿਉਂ ਮੈਂ ਸੁਣਦਾ ਗਿਆ, ਉਸ ਦੇ ਉਦਰੇਵੇਂ ਵਿਚ ਭਿਜਦਾ ਗਿਆ। ਅਨਪੜ੍ਹ ਹੋਣ ਦੇ ਬਾਵਜੂਦ ਉਹਦੀ ਹਾਲਤ ਨੇ ਆਪਣੇ ਦਿਲ ਦਾ ਹਾਲ ਸੁਣਾਉਣ ਦੀ ਉਹਦੀ ਭਾਸ਼ਾਈ ਸਮਰੱਥਾ ਪੂਰੀ ਤਰ੍ਹਾਂ ਜਗਾ ਦਿੱਤੀ ਸੀ। ਉਹਨੇ ਘਰ ਦੇ ਇਕ ਇਕ ਜੀਅ ਦੇ ਹਾਲ ਪਿੱਛੋਂ ਨੇੜੇ-ਦੂਰ ਦੇ ਰਿਸ਼ਤੇਦਾਰਾਂ, ਗੁਆਂਢੀਆਂ ਤੇ ਹੋਰ ਜਾਣੂਆਂ-ਪਛਾਣੂਆਂ ਵਿਚੋਂ ਹਰੇਕ ਦਾ ਵੇਰਵੇ ਨਾਲ ਹਾਲ-ਚਾਲ ਪੁੱਛਿਆ ਹੋਇਆ ਸੀ। ਫੇਰ ਇਕ ਇਕ ਖੇਤ ਦੀ ਫ਼ਸਲ-ਬਾੜੀ ਅਤੇ ਘਰ ਦੇ ਇਕੱਲੇ ਇਕੱਲੇ ਪਸੂ ਬਾਰੇ ਪੁੱਛਿਆ ਹੋਇਆ ਸੀ। ਮੈਂ ਹੈਰਾਨ ਰਹਿ ਗਿਆ, ਕਿਵੇਂ ਇਕ ਇਕ ਚੀਜ਼ ਉਹਦੇ ਦਿਲ ਵਿਚ ਵਸੀ ਹੋਈ ਸੀ ਅਤੇ ਅੱਖਾਂ ਅੱਗੇ ਫਿਰ ਰਹੀ ਸੀ! ਸੁਣਨ ਵਾਲੇ ਨੂੰ ਉਦਾਸ ਕਰਦੇ ਜਾਂਦੇ ਉਹਦੇ ਉਦਰੇਵੇਂ ਦੀ ਅਸਲ ਥਾਹ ਮੈਨੂੰ ਉਦੋਂ ਪਈ ਜਦੋਂ ਉਹਨੇ ਪੁੱਛਿਆ, “ਆਪਣੀ ਕਾਲੀ ਮ੍ਹੈਂਸ ਦੇ ਕੱਟੇ ਵਾਸਤੇ ਸਲੋਤਰੀ ਨੇ ਲੱਸੀ ਵਿਚ ਪਾ ਕੇ ਦੇਣ ਵਾਲੀ ਜਿਹੜੀ ਦਵਾਈ ਦਿੱਤੀ ਸੀ, ਉਹਦੇ ਨਾਲ ਮਲ੍ਹੱਪ ਹਟ ਗਏ ਕਿ ਨਹੀਂ?”
ਅਮਰੀਕਾ ਬੈਠੇ ਨੇ ਮੈਂ ਸੋਚਿਆ, ਇਹ ਕਿਵੇਂ ਹੋ ਸਕਦਾ ਹੈ ਕਿ ਇਕ ਸਦੀ ਪਹਿਲਾਂ ਪਹੁੰਚੇ ਅਨਪੜ੍ਹ-ਅਧਪੜ੍ਹ ਪੰਜਾਬੀ ਗ਼ਲਤ-ਮਲਤ, ਟੁੱਟੀ-ਭੱਜੀ ਪੰਜਾਬੀ ਵਿਚ ਕਿਸੇ ਨਾ ਕਿਸੇ ਰੂਪ ਵਿਚ ਆਪਣੇ ਦਿਲ ਦੀ ਗੱਲ ਨਾ ਲਿਖਦੇ ਹੋਣ! ਉਹ ਭੇਜੀਆਂ-ਅਣਭੇਜੀਆਂ ਚਿੱਠੀਆਂ ਵੀ ਹੋ ਸਕਦੀਆਂ ਸਨ ਜਾਂ ਲਿਖ-ਲਿਖ ਕੇ ਟਰੰਕੀ ਵਿਚ ਸਾਂਭ ਰੱਖੇ ਕਾਗ਼ਜ਼ ਵੀ ਹੋ ਸਕਦੇ ਸਨ। ਇਹ ਇਸ ਪ੍ਰਸੰਗ ਵਿਚ ਸੀ ਕਿ ਮੈਨੂੰ ਪਿਛਲੀ ਸਦੀ ਦੇ ਸ਼ੁਰੂ ਵਿਚ ਅਮਰੀਕਾ ਪਹੁੰਚੇ ਮੋਤਾ ਸਿੰਘ ਚੂਹੜਚੱਕ ਦਾ ਪਤਾ ਲੱਗਿਆ। ਚੰਗੀ ਗੱਲ ਇਹ ਹੈ ਕਿ ਉਸ ਬਾਰੇ ਉਸ ਦੀਆਂ ਦੋ ਧੀਆਂ ਨੇ ਕਾਫ਼ੀ ਜਾਣਕਾਰੀ ਦਿੱਤੀ ਹੋਈ ਹੈ।
ਇਕ ਧੀ ਐਮਾ ਸਿੰਘ ਦਸਦੀ ਹੈ, “ਬਾਪੂ ਸਾਰੀ ਉਮਰ ਪੁਸਤਕਾਂ ਨਾਲ ਜੁੜੇ ਰਹੇ ਅਤੇ ਕਈ ਵਾਰ ਉਹ ਆਪਣੀ ਭਾਸ਼ਾ ਵਿਚ ਕੁਝ ਲਿਖਦੇ ਰਹਿੰਦੇ ਸਨ।” ਮੈਂ ਹੈਰਾਨ ਹੋਇਆ, ਕੀ ਪਤਾ ਉਹ ਆਪਣੀ ਥਾਂ ਪੰਜਾਬੀ ਲੇਖਕ ਹੀ ਹੋਵੇ। ਕਵੀ, ਕਹਾਣੀਕਾਰ ਜਾਂ ਆਤਮ-ਕਥਾਕਾਰ। 1889 ਵਿਚ ਜਨਮਿਆ ਮੋਤਾ ਸਿੰਘ 17-18 ਸਾਲ ਦੀ ਲਵੀ ਉਮਰ ਵਿਚ ਅਮਰੀਕਾ ਜਾ ਪਹੁੰਚਿਆ। ਤੇਰਾਂ ਕੁ ਸਾਲ ਮਜ਼ਦੂਰੀ ਅਤੇ ਫੇਰ ਖੇਤੀ ਦੇ ਨਾਲ-ਨਾਲ ਉਸ ਨੇ ਜੋ ਸਾਹਿਤਕ-ਸਭਿਆਚਾਰਕ ਰੁਚੀ ਵਿਕਸਿਤ ਕੀਤੀ, ਉਹ ਹੈਰਾਨੀਜਨਕ ਹੈ। ਇਧਰੋਂ ਜਾਣ ਸਮੇਂ ਉਸ ਦਾ ਅੰਗਰੇਜ਼ੀ ਦਾ ਗਿਆਨ ਜੇ ਹੋਇਆ ਵੀ, ਉਹ ਨਿਸਚੇ ਹੀ ਮੁੱਢਲੀ ਕਿਸਮ ਦਾ ਹੋਵੇਗਾ।
ਉਸ ਦੇ ਰੁਮਾਂਟਿਕ ਸੁਭਾਅ ਦੀ ਇਕ ਮਿਸਾਲ ਉਸ ਦਾ ਵਿਆਹ ਹੈ। ਇਕ ਪੰਜਾਬੀ ਮਿੱਤਰ ਦੇ ਘਰ ਬੈਠਿਆਂ ਜਦੋਂ ਉਸ ਦੀ ਮੈਕਸੀਕਨ ਸਾਲੀ ਨੇ ਗੋਰੇ ਕੂਲੇ ਹੱਥ ਅਗੇ ਕਰ ਕੇ ਕਿਹਾ, “ਦੇਖੋ ਟੀਂਡਿਆਂ ਦੀਆਂ ਤਿੱਖੀਆਂ ਨੋਕਾਂ ਨੇ ਮੇਰੇ ਹੱਥ ਕਿੰਨੀ ਬੇਦਰਦੀ ਨਾਲ ਵਲੂੰਧਰੇ ਨੇ”, ਮੋਤਾ ਸਿੰਘ ਇਸ ਪਹਿਲੀ ਮਿਲਣੀ ਵਿਚ ਹੀ ਝੱਟ ਬੋਲਿਆ, “ਛੱਡ ਖੇਤਾਂ ਵਿਚ ਜਾ ਕੇ ਟੀਂਡਿਆਂ ਨਾਲ ਹੱਥ ਪੜਵਾਉਣੇ, ਆ ਆਪਾਂ ਵਿਆਹ ਰਚਾਈਏ। (ਕਾਟਨ-ਪਿਕਿੰਗ, ਨੋ ਮੈਸ ਯੂ ਗੋ ਫ਼ੀਲਡ, ਵ੍ਹੀ ਗੌਨਾ ਗੈਟ ਮੈਰਿਡ!)” ਕੁਝ ਹੀ ਦਿਨਾਂ ਵਿਚ ਉਸ ਨੇ ਕੰਸਵੈਲੋ ਆਡੀਅਸ ਨਾਲ ਵਿਆਹ ਕਰਵਾਇਆ ਤਾਂ ਲਾਸ ਵੇਗਸ ਜਾ ਕੇ (ਜਿਥੇ ਪਹੁੰਚ ਕੇ ਅੱਜ ਵੀ ਦੁਨੀਆਂ ਭਰ ਦੇ ਪੁੱਜਤ ਵਾਲੇ ਜੋੜੇ ਵਿਆਹ ਕਰਵਾਉਂਦੇ ਹਨ) ਹਨੀਮੂਨ ਲਈ ਉਸ ਨੇ ਸੈਨ ਡੀਐਗੋ ਸ਼ਹਿਰ ਦਾ ਸੰਸਾਰ ਮੇਲਾ ਚੁਣਿਆ।
ਤਸਵੀਰਾਂ ਵਿਚ ਮੋਤਾ ਸਿੰਘ ਦੀ ਸ਼ਖ਼ਸੀਅਤ ਬੜੀ ਪ੍ਰਭਾਵਸ਼ਾਲੀ ਦਿਸਦੀ ਹੈ। ਥ੍ਰੀ ਪੀਸ ਸੂਟ, ਟਹਿਕਦੀ ਟਾਈ, ਕੋਟ ਦੀ ਉਤਲੀ ਜੇਬ ਵਿਚ ਤਹਿਦਾਰ ਰੁਮਾਲ ਤੇ ਪੈਨ, ਕਾਲੇ ਫਰੇਮ ਵਾਲੀ ਐਨਕ, ਕਰੀਮ ਲਾ ਕੇ ਵਾਹੇ ਹੋਏ ਪਟੇ ਅਤੇ ਭਾਰਾ-ਗੌਰਾ ਸਰੀਰ। ਐਮਾ ਸਿੰਘ ਕਹਿੰਦੀ ਹੈ, “ਬਾਪੂ ਅਕਸਰ ਹੀ ਕੋਈ ਕਿਤਾਬ ਪੜ੍ਹ ਰਹੇ ਹੁੰਦੇ। ਕਈ ਵਾਰ ਮੈਂ ਉਨ੍ਹਾਂ ਦੇ ਮੋਢੇ ਉਤੋਂ ਦੀ ਦੇਖਦੀ, ਉਹ ਆਪਣੀ ਭਾਸ਼ਾ ਵਿਚ ਕੁਝ ਲਿਖ ਰਹੇ ਹੁੰਦੇ। ਮੈਂ ਪੁਛਦੀ, ਇਹ ਕੀ ਹੈ? ਉਹ ਦਸਦੇ, ਇਹ ਚਿੱਠੀ ਹੈ ਜਾਂ ਐਹ ਕੁਝ ਹੈ।æææਬਾਪੂ ਨੂੰ ਚੀਨੀ ਪਕਵਾਨ ਬਹੁਤ ਪਸੰਦ ਸਨ। ਥੀਏਟਰ ਨਾਲ ਉਨ੍ਹਾਂ ਦਾ ਮੋਹ ਸੀ। ਫ਼ਿਲਮਾਂ ਉਨ੍ਹਾਂ ਨੂੰ ਬਹੁਤ ਚੰਗੀਆਂ ਲਗਦੀਆਂ ਸਨ। ਉਹ ਹਾਲੀਵੁੱਡ ਦਾ ਸੁਨਹਿਰੀ ਕਾਲ ਸੀ ਅਤੇ ਉਹ ਹਾਸ ਫ਼ਿਲਮਾਂ ਦੇਖ ਕੇ ਬਹੁਤ ਅਨੰਦਿਤ ਹੁੰਦੇ। ਐਡਗਰ ਬਰਗਮੈਨ ਦੇ ਉਹ ਫੈਨ ਸਨ।” ਹਰ ਵਾਰ ਗਰਮੀਆਂ ਵਿਚ ਪਰਿਵਾਰ ਕਾਰ-ਸਵਾਰ ਹੋ ਕੇ ਪੰਜਾਬੀ ਪਰਿਵਾਰਾਂ ਨੂੰ ਮਿਲਣ ਲਈ ਸਟਾਕਟਨ ਜਾਂਦਾ। ਰਾਹ ਵਿਚ ਲਾਸ ਏਂਜਲਸ ਰੁਕ ਕੇ ਮੋਤਾ ਸਿੰਘ ਆਪਣੀ ਲਾਈ ਹੋਈ ਪੂੰਜੀ ਬਾਰੇ ਵੀ ਪੁੱਛ-ਪੜਤਾਲ ਕਰਦਾ ਅਤੇ ਸਥਾਨਕ ਸਭਿਆਚਾਰ ਦਾ ਰਸ ਵੀ ਮਾਣਦਾ। ਉਹ ਥੀਏਟਰ ਅਤੇ ਫ਼ਿਲਮਾਂ ਦੇਖਣ ਜਾਂਦਾ।
ਦੂਜੀ ਧੀ ਨੌਰਮਾ ਸਿੰਘ ਨੇ ਦੱਸਿਆ ਹੈ, “ਮੈਨੂੰ ਚੇਤੇ ਹੈ, ਜਦੋਂ ਮਿਲ-ਜੁਲ ਕੇ ਬੈਠੇ ਆਪਣੇ ਲੋਕਾਂ ਵਿਚ ਅਸੀਂ ਕੋਈ ਨਾਚ ਜਾਂ ਗੀਤ ਪੇਸ਼ ਕਰਦੀਆਂ, ਬਾਪੂ ਕਿੰਨੇ ਖੁਸ਼ ਹੁੰਦੇ। ਹੋਰ ਤਾਂ ਹੋਰ ਅਸੀਂ ਥਿਰਕ ਕੇ ਇਹ ਵਿਖਾਵਾ ਵੀ ਕਰਦੀਆਂ ਕਿ ਸਾਨੂੰ ਭਾਰਤੀ ਲੋਕ-ਨਾਚ ਆਉਂਦੇ ਹਨ, ਜੋ ਸਾਨੂੰ ਆਉਂਦੇ ਹੈ ਨਹੀਂ ਸੀ। ਅਸੀਂ ਬਸ ਸੰਗੀਤ ਦੇ ਸੁਰਤਾਲ ਨਾਲ ਝੂਮਣ ਲਗਦੀਆਂ। ਬਾਪੂ ਏਸ ਨੂੰ ਵੀ ਵਾਹ-ਵਾਹ ਆਖਦੇ ਅਤੇ ਸਾਨੂੰ ਸੱਚੇ ਦਿਲੋਂ ਉਤਸ਼ਾਹ ਦਿੰਦੇ।”
ਕੱਚੀ ਉਮਰੇ ਚੂਹੜਚੱਕ ਦੀ ਧਰਤੀ ਤੋਂ ਆਏ ਇਸ ਦਿਲਦਾਰ ਇਨਸਾਨ ਨੇ ਮਜ਼ਦੂਰੀ ਅਤੇ ਖੇਤੀ ਤੋਂ ਅੱਗੇ ਲੰਘਦਿਆਂ ਅਤੇ ਉਚਾ ਉਠਦਿਆਂ ਪੁਸਤਕਾਂ, ਥੀਏਟਰ, ਫ਼ਿਲਮਾਂ, ਸੈਰ-ਸਪਾਟੇ, ਸਮਾਜਕ ਮੇਲ-ਜੋਲ, ਗੀਤ-ਸੰਗੀਤ, ਨਾਚ ਆਦਿ ਨਾਲ ਡੂੰਘਾ ਨਾਤਾ ਜੋੜਿਆ। ਜੇ ਉਹ ਅੰਗਰੇਜ਼ੀ ਦੀ ਮੁੱਢਲੀ ਜਾਣਕਾਰੀ ਨੂੰ ਅੰਗਰੇਜ਼ੀ ਥੀਏਟਰ ਤੇ ਫ਼ਿਲਮਾਂ ਦੇਖਣ ਅਤੇ ਮਾਣਨ ਤੱਕ ਵਿਕਸਿਤ ਕਰ ਸਕਿਆ, ਨਿਸ਼ਚੇ ਹੀ ਆਪਣੇ ਜਜ਼ਬੇ ਤੇ ਵਿਚਾਰ ਪ੍ਰਗਟਾਉਣ ਦੀ ਆਪਣੀ ਸਮਰੱਥਾ ਵੀ ਉਸ ਨੇ ਜ਼ਰੂਰ ਏਨੀ ਵਿਕਸਿਤ ਕਰ ਲਈ ਹੋਵੇਗੀ ਕਿ ਉਨ੍ਹਾਂ ਨੂੰ ਡੇਰਿਓਂ ਜਾਂ ਗੁਰਦੁਆਰਿਓਂ ਸਿੱਖੀ ਗੁਰਮੁਖੀ ਜਾਂ ਸਕੂਲੋਂ ਸਿੱਖੀ ਸ਼ਾਹਮੁਖੀ ਵਿਚ ਲਿਖਦਾ ਰਹਿੰਦਾ ਹੋਵੇਗਾ।
ਪਰ ਪਰਦੇਸਾਂ ਵਿਚ ਪੰਜਾਬੀ ਦੀ ਅਸਲੀਅਤ ਪਤਲੇ ਭਵਿੱਖ ਉਤੇ ਆ ਕੇ ਹੀ ਮੁਕਦੀ ਹੈ। ਸਾਡੇ ਪਿੰਡ ਦੇ ਰਿਸ਼ਤੇਦਾਰ ਅਤੇ ਪੰਜਾਬੀ ਸਾਹਿਤ ਦੇ ਰਸੀਏ ਹਰਮਿੰਦਰ ਸਿੰਘ ਗਿੱਲ ਦੇ ਘਰ ਉਸ ਦੇ ਬੇਟੇ ਅਤੇ ਬੇਟੀ ਨੂੰ ਬਹੁਤ ਖੂਬਸੂਰਤ ਪੰਜਾਬੀ ਬੋਲਦੇ ਦੇਖ ਕੇ ਮੈਂ ਹੈਰਾਨੀ ਪ੍ਰਗਟਾਈ ਤਾਂ ਉਹ ਬੋਲਿਆ, “ਸਾਡੇ ਸਦਕਾ ਸਿੱਖੀ ਹੋਈ ਇਨ੍ਹਾਂ ਦੀ ਵਧੀਆ ਪੰਜਾਬੀ ਵੀ ਇਨ੍ਹਾਂ ਤੱਕ ਹੀ ਸੀਮਤ ਰਹੇਗੀ। ਇਨ੍ਹਾਂ ਦੇ ਭਵਿੱਖੀ ਜੀਵਨ-ਢੰਗ ਕਾਰਨ ਇਨ੍ਹਾਂ ਦੇ ਬੱਚਿਆਂ ਨੂੰ ਵੀ ਪੰਜਾਬੀ ਨਹੀਂ ਆਵੇਗੀ!” ਉਹਦਾ ਕਥਨ ਬਿਲਕੁਲ ਸਹੀ ਸੀ। ਘਰਾਂ ਵਿਚ ਪੰਜਾਬੀ ਬੋਲ ਸਕਣ ਵਾਲੇ ਬੱਚੇ ਵੀ ਆਪਣੇ ਹਾਣੀ ਪੰਜਾਬੀ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨ ਦੀ ਥਾਂ ਅੰਗਰੇਜ਼ੀ ਬੋਲਦਿਆਂ ਵਧੇਰੇ ਸੌਖੇ ਅਤੇ ਸਹਿਜ ਮਹਿਸੂਸ ਕਰਦੇ ਹਨ। ਸਾਧਾਰਨ ਪੰਜਾਬੀਆਂ ਦੀ ਗੱਲ ਤਾਂ ਛਡੋ। ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਨਾਲ ਜੁੜੇ ਹੋਏ ਲੋਕਾਂ, ਧਾਰਮਿਕ ਪੰਜਾਬੀਆਂ ਅਤੇ ਪੰਜਾਬੀ ਲੇਖਕਾਂ ਦੀ ਅਗਲੀ ਪੀੜ੍ਹੀ ਵੀ ਸੁਭਾਵਿਕ ਹੀ ਅੰਗਰੇਜ਼ੀ ਨਾਲ ਵਧੇਰੇ ਨੇੜਤਾ ਮਹਿਸੂਸ ਕਰਦੀ ਹੈ।

Be the first to comment

Leave a Reply

Your email address will not be published.