ਫਿਲਮ ‘ਪੰਜਾਬ 1984’ ਬਾਰੇ

ਫਿਲਮ ‘ਪੰਜਾਬ 1984’ ਮੈਂ ਆਪ ਵੀ ਦੇਖੀ ਹੈ ਅਤੇ ਇਨ੍ਹੀਂ ਦਿਨੀਂ ਇਸ ਫਿਲਮ ਬਾਰੇ ਜੋ ਕੁਝ ਛਪਿਆ ਹੈ, ਉਹ ਵੀ ਮੋਟਾ-ਮੋਟਾ ਨਜ਼ਰਾਂ ਵਿਚੋਂ ਕੱਢਿਆ ਹੈ। ‘ਪੰਜਾਬ ਟਾਈਮਜ਼’ ਦੇ 5 ਜੁਲਾਈ ਵਾਲੇ ਅੰਕ ਵਿਚ ਇਸ ਫਿਲਮ ਦੀ ਪੜਚੋਲ ਵਿਚ ਠੀਕ ਹੀ ਲਿਖਿਆ ਗਿਆ ਹੈ ਕਿ ਉਸ ਕਾਲੇ ਦੌਰ ਨਾਲ ਸਬੰਧਤ ਹਰ ਬੰਦੇ ਦੀ ਆਪਣੀ ਮਾਰਮਿਕ ਕਹਾਣੀ ਹੈ ਅਤੇ ਇਨ੍ਹਾਂ ਲੋਕਾਂ ਦੀਆਂ ਇਹ ਸਾਰੀਆਂ ਕਹਾਣੀਆਂ ਹੀ ਸੱਚੀਆਂ ਹਨ। ਇਸ ਫਿਲਮ ਵਿਚ ਪੰਜਾਬੀ ਬੰਦੇ ਦੀ ਜਿਹੜੀ ਬੇਵਸੀ ਦਿਖਾਈ ਗਈ ਹੈ, ਉਸ ਵੱਲ ਫਿਲਮ ਦੇ ਕੱਟੜ ਆਲੋਚਕ ਧਿਆਨ ਨਹੀਂ ਦੇ ਰਹੇ। ਸੰਘਰਸ਼ ਸੰਘਰਸ਼ ਕੂਕਣ ਵਾਲੇ ਇਨ੍ਹਾਂ ਸੱਜਣਾਂ ਨੂੰ ਤਾਂ ਫਿਲਮ ਦੇ ਨਾਂ ‘ਪੰਜਾਬ 1984’ ਉਤੇ ਵੀ ਇਤਰਾਜ਼ ਹੈ; ਇਹ ਖੁਦ ਭਾਵੇਂ 1984 ਦੇ ਨਾਂ ਉਤੇ ਜਿੰਨੀ ਮਰਜ਼ੀ ਸਿਆਸਤ ਕਰੀ ਜਾਣ! ਉਸ ਦੌਰ ਬਾਰੇ ਮੈਂ ਇਸ ਫਿਲਮ ਨੂੰ ਕੋਈ ਤੱਥਾਂ ‘ਤੇ ਆਧਾਰਤ ਨਹੀਂ ਆਖ ਰਿਹਾ, ਮੇਰਾ ਤਾਂ ਸਿਰਫ ਇੰਨਾ ਕਹਿਣਾ ਹੈ ਕਿ ਜੋ ਹਾਲਾਤ ਇਸ ਫਿਲਮ ਵਿਚ ਪੇਸ਼ ਕੀਤੇ ਗਏ ਹਨ, ਉਹ ਪੰਜਾਬੀਆਂ ਨੇ ਡੇਢ ਦਹਾਕਾ ਤਾਂ ਭੋਗੇ ਹੀ ਹਨ, ਹੁਣ ਤੱਕ ਭੋਗ ਰਹੇ ਹਨ। ਬਹੁਤ ਸਾਰੇ ਪਰਿਵਾਰਾਂ ਨਾਲ ਜਾਂ ਉਨ੍ਹਾਂ ਦੇ ਨੇੜਲਿਆਂ ਨਾਲ ਕੋਈ ਨਾ ਕੋਈ ਭਾਣਾ ਵਰਤ ਚੁੱਕਿਆ ਹੈ ਅਤੇ ਸਾਰੀਆਂ ਧਿਰਾਂ ਆਪੋ-ਆਪਣੇ ਹਿਸਾਬ ਨਾਲ ਅੰਕੜੇ ਇਕੱਠੇ ਕਰੀ ਬੈਠੀਆਂ ਹਨ। ਗੱਲ ਤਾਂ, ਤਾਂ ਬਣਦੀ ਹੈ ਜੇ ਸਮੁੱਚੇ ਹਾਲਾਤ ਨੂੰ ਧਿਆਨ ਵਿਚ ਰੱਖ ਕੇ ਪੜਚੋਲ ਕੀਤੀ ਜਾਵੇ। ਅੱਧੇ ਸੱਚ ਨਾਲ ਤਾਂ ਲੋਕਾਂ ਨੂੰ ਸਿਰਫ ਕੁਝ ਸਮੇਂ ਤੱਕ ਹੀ ਆਪਣੇ ਮਗਰ ਲਾਇਆ ਜਾ ਸਕਦਾ ਹੈ। ਜਦੋਂ ਉਨ੍ਹਾਂ ਨੂੰ ਅਸਲ ਤੱਥਾਂ ਦਾ ਪਤਾ ਲੱਗ ਜਾਂਦਾ ਹੈ ਤਾਂ ਉਹ ਆਪੇ ਹੀ ਸਿਰ ਫੜ ਕੇ ਬੈਠ ਜਾਂਦੇ ਹਨ ਅਤੇ ਉਸ ਵਕਤ ਨੂੰ ਕੋਸਦੇ ਹਨ ਜਦੋਂ ਉਹ ਅਜਿਹੇ ਸਿਆਸਤਦਾਨਾਂ ਦੀਆਂ ਚਾਲਾਂ ਵਿਚ ਫਸੇ ਹੁੰਦੇ ਹਨ। ਇਸ ਲਈ ਅੱਜ ਜੇ ਸੱਚ ਜਾਣਨਾ ਹੈ ਅਤੇ ਅਗਲੀਆਂ ਪੀੜ੍ਹੀਆਂ ਨੂੰ ਲੀਹ ਉਤੇ ਪਾਉਣਾ ਹੈ ਤਾਂ ਉਨ੍ਹਾਂ ਨੂੰ ਉਸ ਸਮੁੱਚੇ ਹਾਲਾਤ ਬਾਰੇ ਦੱਸੀਏ, ਫੈਸਲੇ ਉਹ ਆਪੇ ਹੀ ਕਰ ਲੈਣਗੇ। ਆਪਣੇ ਵੱਲੋਂ ਜੇ ਕੋਈ ਹੀਲਾ ਕੀਤਾ ਜਾ ਸਕਦਾ ਹੈ ਤਾਂ ਉਹ ਇਹੀ ਹੈ ਕਿ ਹਰ ਉਸ ਸ਼ਖਸ ਉਤੇ ਉਂਗਲ ਰੱਖੀ ਜਾਵੇ ਜਿਸ ਦੀ ਸਿਰਫ ਇਕ-ਅੱਧੀ ਗਲਤੀ ਨਾਲ ਹੀ ਪੰਜਾਬ ਘੱਟੋ-ਘੱਟ ਚੱਪਾ ਸਦੀ ਪਿਛਾਂਹ ਜਾ ਮੁੜਿਆ ਸੀ।
-ਪਲਵਿੰਦਰ ਸਿੰਘ, ਮਿਲਪੀਟਸ।
——————–
ਨਿਊਟਨ ਦਾ ਦੇਸ਼
ਸ਼ ਤਰਲੋਚਨ ਸਿੰਘ ਦੁਪਾਲਪੁਰ ਧਾਰਮਿਕ ਵਿਸ਼ਿਆਂ ਤੋਂ ਇਲਾਵਾ ਹਲਕੇ-ਫੁਲਕੇ ਸਿਆਸੀ ਤੇ ਸਮਾਜਕ ਵਿਸ਼ਿਆਂ ਨੂੰ ਵੀ ਆਪਣੀ ਸਰਲ, ਸ਼ੁੱਧ ਤੇ ਠੇਠ ਪੰਜਾਬੀ ਅਤੇ ਸੁੰਦਰ ਸ਼ੈਲੀ ਨਾਲ ਦਿਲਕਸ਼ ਬਣਾ ਦਿੰਦੇ ਹਨ। ਉਨ੍ਹਾਂ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ। ‘ਪੰਜਾਬ ਟਾਈਮਜ਼’ ਦੇ 28 ਜੂਨ ਦੇ ਅੰਕ ਵਿਚ ਉਨ੍ਹਾਂ ਨੇ ਕਿਸੇ ਲਿਖਤ ਦੇ ਹਵਾਲੇ ਨਾਲ ਨਿਊਟਨ ਨੂੰ ਅਮਰੀਕੀ ਵਿਗਿਆਨੀ ਤੇ ਸੈਨੇਟ ਦਾ ਮੈਂਬਰ ਦਰਸਾਇਆ ਹੈ। ਦੁਨੀਆਂ ਦਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਭੌਤਿਕ ਤੇ ਗਣਿਤ ਵਿਗਿਆਨੀ ਅਤੇ ਮਹਾਨ ਫਿਲਾਸਫਰ ਸਰ ਆਇਜ਼ੈਕ ਨਿਊਟਨ ਅੰਗਰੇਜ਼ (ਇੰਗਲੈਂਡਵਾਸੀ) ਸੀ। ਉਹ ਕੈਂਬਰਿਜ ‘ਚ ਪ੍ਰੋਫੈਸਰ, ਰਾਇਲ ਸੁਸਾਇਟੀ ਦਾ ਪ੍ਰਧਾਨ ਤੇ ਉਚ ਸਰਕਾਰੀ ਪਦਵੀ ‘ਤੇ ਰਿਹਾ। ਉਸ ਦਾ ਜੀਵਨ ਕਾਲ (1642-1727) ਅਮਰੀਕਾ ਦੀ ਆਜ਼ਾਦੀ ਦੇ ਐਲਾਨ (4 ਜੁਲਾਈ 1776) ਤੋਂ ਕਾਫੀ ਪਹਿਲਾਂ ਦਾ ਹੈ। ਹਾਈ ਸਕੂਲ ਦੇ ਸਾਇੰਸ ਦੇ ਵਿਦਿਆਰਥੀ ਨਿਊਟਨ ਦੇ ਨਾਂ ਤੋਂ ਉਸ ਦੇ ਗਤੀ ਦੇ ਤਿੰਨ ਨਿਯਮਾਂ ਨੂੰ ਪੜ੍ਹਦਿਆਂ ਵਾਕਫ ਤਾਂ ਹੋ ਜਾਂਦੇ ਹਨ ਪਰ ਉਸ ਦੇ ਜੀਵਨ ਬਾਰੇ ਜਾਣਕਾਰੀ ਆਮ ਤੌਰ ‘ਤੇ ਅਖਬਾਰਾਂ ਰਸਾਲਿਆਂ ਤੋਂ ਪ੍ਰਾਪਤ ਕਰਦੇ ਹਨ। ਸ਼ ਦੁਪਾਲਪੁਰ ਨੇ ਵੀ ਨਿਊਟਨ ਸਬੰਧੀ ਜਾਣਕਾਰੀ ਕਿਸੇ ਅਜਿਹੇ ਸਾਧਨ ਤੋਂ ਹੀ ਪ੍ਰਾਪਤ ਕੀਤੀ ਜਾਪਦੀ ਹੈ। ਸ਼ ਦੁਪਾਲਪੁਰ ਦੇ ਪਾਠਕ ਕਿਉਂਕਿ ਉਨ੍ਹਾਂ ਦੀਆਂ ਲਿਖਤਾਂ ‘ਚੋਂ ਹਵਾਲੇ ਦੇ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਤੱਥਾਂ ਦੀ ਘੋਖ ਪੜਤਾਲ ਕਰ ਕੇ ਲਿਖਣਾ ਜ਼ਰੂਰੀ ਹੈ।
ਇਕ ਨੁਕਤਾ ਹੋਰ, ਆਪਣੇ ਲੇਖ ਵਿਚਲੇ ਵਿਚਾਰਾਂ ਦੀ ਪ੍ਰੋੜਤਾ ਲਈ ਤੇ ਵਿਸ਼ੇ ਦੇ ਅਨੁਕੂਲ ਕੋਈ ਸ਼ਿਅਰ, ਖਾਸ ਤੌਰ ‘ਤੇ ਉਰਦੂ ਦਾ, ਗਾਲਿਬ ਜਾਂ ਇਕਬਾਲ ਦਾ ਸ਼ਿਅਰ ਅਕਸਰ ਪਰੋਸ ਦਿੱਤਾ ਜਾਂਦਾ ਹੈ। ਸ਼ਿਅਰ ਆਧਾਰ ਸੋਮੇ ਤੋਂ ਨਹੀਂ ਪੜ੍ਹਿਆ ਹੁੰਦਾ, ਇਹ ਸੁਣਿਆ-ਸੁਣਾਇਆ ਜਾਂ ਅਖਬਾਰਾਂ-ਰਸਾਲਿਆਂ ਤੋਂ ਪੜ੍ਹਿਆ ਹੁੰਦਾ ਹੈ। ਸ਼ਿਅਰ ਵਿਚਲੇ ਕਿਸੇ ਸ਼ਬਦ ਦਾ ਸਮਾਨਅਰਥ ਸ਼ਬਦ ਲਿਖ ਕੇ ਅਤੇ ਸ਼ਬਦ ਦੀ ਤਰਤੀਬ ਬਦਲ ਕੇ ਉਸ ਦੇ ਵਜ਼ਨ ਅਤੇ ਰਵਾਨੀ ਵਿਚ ਵਿਘਨ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸ਼ਿਅਰ ਦੀ ਲਜ਼ਾਕਤ, ਨਫਾਸਤ ਤੇ ਨਜ਼ਾਕਤ ਪਹਿਲਾਂ ਵਾਲੀ ਨਹੀਂ ਰਹਿੰਦੀ। ਸ਼ ਦੁਪਾਲਪੁਰ ਵਲੋਂ ਲਿਖਿਆ ਇਕਬਾਲ ਦਾ ਸ਼ਿਅਰ, ‘ਚੁੱਪ ਨਾ ਰਹ ਸਕਾ ਹਜ਼ਰਤੇ ਯਜ਼ਦਾਂ ਮੇਂ ਭੀ ਇਕਬਾਲ, ਕਰਵਾਏ ਕੋਈ ਬੰਦਾ-ਏ-ਗੁਸਤਾਖ ਕਾ ਮੂੰਹ ਬੰਦ’ ਅਸਲ ਵਿਚ ਸ਼ਿਅਰ ਇਉਂ ਹੈ, ‘ਚੁਪ ਰਹਿ ਨਾ ਸਕਾ ਹਜ਼ਰਤੇ ਯਜ਼ਦਾਂ ਮੇ ਭੀ ਇਕਬਾਲ, ਕਰਤਾ ਕੋਈ ਇਸ ਬੰਦ-ਏ-ਗੁਸਤਾਖ ਕਾ ਮੂੰਹ ਬੰਦ।’ ‘ਕਰਵਾਏ ਕੋਈ’ ਅਤੇ ‘ਕਰਤਾ ਕੋਈ’ ਵਿਚ ਫਰਕ ਹੁੰਦਾ ਹੈ।
-ਮਹਾਂ ਸਿੰਘ ਹਾਂਸ
ਮਿਲਪੀਟਸ (ਕੈਲੀਫੋਰਨੀਆ)
ਫੋਨ: 408-707-9222
——————–
ਜਾਪਾਨੀ ਕਵਿਤਾ ਹਾਇਕੂ
‘ਪੰਜਾਬ ਟਾਈਮਜ਼’ ਦੇ 28 ਜੂਨ ਦੇ ਅੰਕ ਵਿਚ ਛਪੇ ਸ਼ ਜਨਮੇਜਾ ਸਿੰਘ ਜੌਹਲ ਦੇ ਹਾਇਕੂ ਪੜ੍ਹ ਕੇ ਨਿਰਾਸ਼ਾ ਹੋਈ। ਇਹ ਹਾਇਕੂ ਨਹੀਂ, ਹਾਇਕੂ ਦੀ ਪੈਰੋਡੀ ਹੈ। ਹਾਇਕੂ ਜਾਪਾਨੀ ਕਵਿਤਾ ਦੀ ਉਹ ਗੰਭੀਰ ਵਿਧਾ ਹੈ ਜੋ ਧੁਨੀ ਵਿਗਿਆਨ ਦੇ ਨਿਯਮਾਂ ਅਨੁਸਾਰ ਸ਼ਬਦ ਪਰੋ ਕੇ ਕਿਸੇ ਵਿਸ਼ੇ ਖਿਆਲ ਜਾਂ ਭਾਵਨਾ ਨੂੰ ਤਿੰਨ ਲਾਈਨਾਂ ਵਿਚ ਪੇਸ਼ ਕਰਦੀ ਹੈ। ਇਸ ਨੂੰ ਮਿਨੀ ਖੁੱਲ੍ਹੀ ਕਵਿਤਾ ਨਹੀਂ ਕਿਹਾ ਜਾ ਸਕਦਾ। ਜਦੋਂ ਅਸੀਂ ਬੋਲਦੇ ਹਾਂ ਤਾਂ ਪੀਟਰ ਇੰਜਣ ਦੀ ਠੱਕ-ਠੱਕ ਵਾਂਗ ਸਾਡੇ ਮੂੰਹ ਵਿਚੋਂ ਧੁਨੀਆਂ ਠੱਕ-ਠੱਕ ਕਰ ਕੇ ਨਿਕਲਦੀਆਂ ਹਨ। ਇਕ ਠੱਕ ਨੂੰ ਸਿਲੇਬਲ ਕਹਿੰਦੇ ਹਨ। ਜਿਵੇਂ ਸ਼ਬਦ ‘ਟੀ’ ਵਿਚ ਇਕ ਅਤੇ ਸ਼ਬਦ ‘ਟੇਬਲ’ ਵਿਚ (ਟੇ+ਬਲ) ਦੋ ਸਿਲੇਬਲ ਹਨ; ਇਸ ਤਰ੍ਹਾਂ ਜਾਪਾਨੀ ਹਾਇਕੂ ਵਿਚ ਸਤਾਰਾਂ (17) ਸਿਲੇਬਲ ਹੁੰਦੇ ਹਨ ਜੋ ਸ਼ਬਦਾਂ ਦੇ ਸੰਗੀਤ ਅਨੁਸਾਰ ਤਿੰਨ ਲਾਈਨਾਂ ਵਿਚ ਵੰਡ ਦਿੱਤੇ ਜਾਂਦੇ ਹਨ। ਸ਼ ਜੌਹਲ ਦੇ ਪਹਿਲੇ ਹਾਇਕੂ ‘ਰਿਸ਼ਵਤ ਦਾ ਕੇਸ਼/ਰਿਸ਼ਵਤ ਦੇ ਕੇ/ਬਰੀ ਹੋ ਗਏ’ ਵਿਚ ਕੇਵਲ ਦਸ ਸਿਲੇਬਲ ਹਨ। ਸਤਾਰਾਂ ਸਿਲੇਬਲ ਵਾਲੇ ਹਾਇਕੂ ਛੇ+ਸੱਤ+ਚਾਰ ਦਾ ਨਮੂਨਾ ਦੇਖੋ,
ਖੇਤ ਵਿਚ ਇਕ, ਨਿੱਕਾ ਜਿਹਾ ਤਲਾਅ,
ਵਿਚੋਂ ਘਾਹ ਦੇ, ਡੱਡੂ ਨੇ ਮਾਰੀ ਛਾਲ
ਪਾਣੀ ਕਹਿੰਦਾ ਟਊਂ।
ਸੋ, ਬੇਨਤੀ ਹੈ ਕਿ ਸ਼ ਜੌਹਲ ਹਾਇਕੂ ਬਾਰੇ ਹੋਰ ਜਾਣਕਾਰੀ ਲੈ ਕੇ ਲਿਖਣ ਅਤੇ ਪਾਠਕਾਂ ਦੀ ਦਾਦ ਦੇ ਪਾਤਰ ਬਣਨ।
-ਪ੍ਰੋæ ਸੁਖਦੇਵ ਸਿੰਘ ਗਿੱਲ, ਸੈਕਰਾਮੈਂਟੋ
ਫੋਨ: 916-410-8740
——————–
ਜਤਿੰਦਰ ਪਨੂੰ ਦੇ ਲੇਖ
‘ਪੰਜਾਬ ਟਾਈਮਜ਼’ ਦੇ 5 ਜੁਲਾਈ ਵਾਲੇ ਅੰਕ ਵਿਚ ਜਤਿੰਦਰ ਪਨੂੰ ਵੱਲੋਂ ਲਿਖਿਆ ਲੇਖ ‘ਬਾਦਲ ਦੇ ਰਾਜ ‘ਚ ਪੰਜਾਬ ਦਾ ਇਹ ਹਾਲ ਕਿਉਂ?’ ਪੜ੍ਹਿਆ। ਸੁਰਜੀਤ ਪਾਤਰ ਦਾ ਸ਼ਿਅਰ ਹੈ ਕਿ ਇੰਨਾ ਸੱਚ ਨਾ ਬੋਲ ਕਿ ‘ਕੱਲਾ ਰਹਿ ਜਾਵੇਂ, ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ’, ਪਰ ਜਤਿੰਦਰ ਪਨੂੰ ਤਾਂ ਇਸ ਸ਼ਿਅਰ ਦੀ ਵੀ ਕਦੀ ਪ੍ਰਵਾਹ ਨਹੀਂ ਕਰਦੇ ਅਤੇ ਸਦਾ ਹੀ ਹੱਕ, ਸੱਚ ਤੇ ਇਨਸਾਫ ‘ਤੇ ਪਹਿਰਾ ਦਿੰਦੇ ਹਨ, ਜਦੋਂ ਕਿ ਅੱਜ ਦੇ ਸਮੇਂ ਵਿਚ ਹਰ ਮਨੁੱਖ ਭ੍ਰਿਸ਼ਟ, ਬੇਈਮਾਨ, ਪੱਖਪਾਤੀ ਤੇ ਖੁਦਗਰਜ਼ ਹੋ ਚੁੱਕਾ ਹੈ। ਜਤਿੰਦਰ ਪਨੂੰ ਇਸ ਵਾਸਤੇ ਵਧਾਈ ਦੇ ਪਾਤਰ ਹਨ। ਜੇ ਸੰਸਾਰ ਚੱਲ ਰਿਹਾ ਹੈ ਜਾਂ ਜੋ ਕੁਝ ਵੀ ਚੰਗਾ ਹੋ ਰਿਹਾ ਹੈ ਤਾਂ ਅਜਿਹੇ ਲੋਕਾਂ ਕਰ ਕੇ ਹੀ ਹੋ ਰਿਹਾ ਹੈ। ਸਾਧੂ ਕਦਰਦਾਨ, ਪਾਰਖ ਤੇ ਪ੍ਰਸ਼ੰਸਕ ਹੋਣਾ ਚਾਹੀਦਾ ਹੈ। ਜਿਹੜਾ ਬੰਦਾ ਭੰਡਣਯੋਗ ਹੈ, ਉਸ ਨੂੰ ਭੰਡਣਾ ਵੀ ਚਾਹੀਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਜੋ ਕੁਝ ਵੀ ਲਿਖਿਆ ਹੈ, ਉਹ ਸੱਚ ਲਿਖਿਆ ਹੈ। ਦੋ ਕੁ ਸ਼ਬਦ ਮੈਂ ਵੀ ਮੁੱਖ ਮੰਤਰੀ ਬਾਦਲ ਬਾਰੇ ਕਹਿਣਾ ਚਾਹੁੰਦਾ ਹਾਂ। ਉਹ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਪਰ ਅਫਸੋਸ ਕਿ ਪੰਜਾਬ ਦੀ ਸਿਆਸੀ, ਸਮਾਜਕ, ਧਾਰਮਿਕ, ਸਭਿਆਚਾਰਕ ਤੇ ਆਰਥਿਕ ਦਸ਼ਾ ਕੀ ਹੈ? ਇਸ ਦਸ਼ਾ ਵਿਚ ਉਹ ਲੋਕਾਂ ਵਿਚ ਕਿਹੜੇ ਮੂੰਹ ਨਾਲ ਵਿਚਰਦੇ ਹਨ?
-ਮਾਸਟਰ ਨਿਰਮਲ ਸਿੰਘ ਲਾਲੀ
——————–
ਰੂਹ ਦੀ ਖੁਰਾਕ-ਪੰਜਾਬ ਟਾਈਮਜ਼
ਮੈਂ ਪੰਜਾਬ ਟਾਈਮਜ਼ ਦਾ ਲੰਮੇ ਸਮੇਂ ਤੋਂ ਪਾਠਕ ਹਾਂ। ਮੇਰਾ ਮੁੰਡਾ ਟਰੱਕ ਡਰਾਈਵਰ ਹੋਣ ਕਰਕੇ ਉਹ ਭਾਂਤ ਭਾਂਤ ਦੇ ਅਖਬਾਰ ਚੁਕ ਲਿਆਉਂਦਾ ਹੈ ਪਰ ਰੂਹ ਨੂੰ ਰੱਜ ਤੁਹਾਡਾ ਅਖਬਾਰ ਪੜ੍ਹ ਕੇ ਹੀ ਆਉਂਦਾ ਹੈ। ਵਿਦੇਸ਼ੀ ਧਰਤੀ ‘ਤੇ ਵਧੀਆ ਮਿਆਰੀ ਪਰਚਾ ਲੋਕਾਂ ਤੱਕ ਅੱਪੜਦਾ ਕਰਨ ਲਈ ਤੁਸੀਂ ਵਧਾਈ ਦੇ ਪਾਤਰ ਹੋ। ਬਲਜੀਤ ਬਾਸੀ ਦਾ ਸ਼ਬਦ-ਝਰੋਖਾ ਮੈਨੂੰ ਬਹੁਤ ਪਸੰਦ ਹੈ। ਜਿਸ ਢੰਗ ਨਾਲ ਉਹ ਸ਼ਬਦਾਂ ਦੀ Ḕਚੀਰ-ਫਾੜḔ ਕਰਦੇ ਹਨ, ਉਨ੍ਹਾਂ ਨੂੰ ਸ਼ਬਦਾਂ ਦਾ ਡਾਕਟਰ ਕਹਿ ਲੈਣ ਨੂੰ ਮਨ ਕਰਦਾ ਹੈ। ਉਨ੍ਹਾਂ ਦਾ ਲੇਖ ਦਿਲਚਸਪ ਵੀ ਹੁੰਦਾ ਹੈ ਤੇ ਗਿਆਨ ਵਧਾਊ ਵੀ। ਜਤਿੰਦਰ ਪੰਨੂ ਪੰਜਾਬ ਤੇ ਭਾਰਤ ਦੀ ਸਿਆਸਤ ਤੋਂ ਭਲੀਭਾਂਤ ਜਾਣੂੰ ਹਨ, ਤੇ ਉਹ ਆਪਣੇ ਲੇਖ ਰਾਹੀਂ ਸਿਆਸਤਦਾਨਾਂ ਦੇ ਪੋਤੜੇ ਫਰੋਲਦੇ ਰਹਿੰਦੇ ਹਨ। ਖਰੀ ਗੱਲ ਕਹਿਣ ਦਾ ਉਨ੍ਹਾਂ ਦਾ ਅੰਦਾਜ਼ ਨਿਰਾਲਾ ਹੈ।
ਅਖਬਾਰ ਦੇ ਹੋਰ ਲੇਖਕ ਵੀ ਮੇਰੇ ਮਨ ਨੂੰ ਟੁੰਬਦੇ ਹਨ। ਤਰਲੋਚਨ ਸਿੰਘ ਦੁਪਾਲਪੁਰ ਵੀ ਗੱਲਾਂ-ਗੱਲਾਂ ‘ਚ ਚੋਭਾ ਲਾ ਜਾਂਦੇ ਹਨ। ਐਸ਼ ਅਸ਼ੋਕ ਭੌਰਾ ਦੇ ਲੇਖਾਂ ਵਿਚ ਗੱਲਾਂ ਦੇ ਪਿੰਨੇ ਉਦੜਦੇ ਜਾਂਦੇ ਹਨ, ਪਰ ਕਦੇ ਕਦੇ ਉਨ੍ਹਾਂ ਦੇ ਲੇਖ ਅਕਾਊ ਲੱਗਦੇ ਹਨ।
-ਅਮਰ ਸਿੰਘ ਤੁੰਗ
ਲਾਸ ਏਂਜਲਸ, ਕੈਲੀਫੋਰਨੀਆ।

Be the first to comment

Leave a Reply

Your email address will not be published.