ਬਗ਼ਦਾਦ: ਇਰਾਕ ਵਿਚ ਪੈਦਾ ਹੋਏ ਮੌਜੂਦਾ ਸੰਕਟ ਲਈ ਸਿਰਫ਼ ਉਥੋਂ ਦਾ ਕੱਟੜ ਸ਼ੀਆ ਨੇਤਾ (ਪ੍ਰਧਾਨ ਮੰਤਰੀ) ਨੂਰੀ-ਅਲ-ਮਲਿਕੀ ਜ਼ਿੰਮੇਵਾਰ ਹੈ। ਇਹ ਦੋਸ਼ ਇਰਾਕ ਦੇ ਘੱਟ ਗਿਣਤੀ ਸੁੰਨੀ ਭਾਈਚਾਰੇ ਵੱਲੋਂ ਹੀ ਨਹੀਂ, ਸਗੋਂ ਵਿਸ਼ਵ ਦੇ ਤਕਰੀਬਨ ਸਾਰੇ ਵੱਡੇ ਦੇਸ਼ਾਂ ਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਰਾਕ ਵਿਚ ਸ਼ੀਆ ਭਾਈਚਾਰੇ ਦੇ ਇਕ ਧੜੇ ਨੇ ਵੀ ਮਲਿਕੀ ਦੇ ਅਸਤੀਫ਼ੇ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਮਲਿਕੀ ਦਾ ਅਸਤੀਫ਼ਾ ਮੰਗਣ ਵਾਲੇ ਮੋਹਰੀ ਦੇਸ਼ਾਂ ਵਿਚ ਅਮਰੀਕਾ, ਫਰਾਂਸ, ਜਰਮਨੀ, ਬਰਤਾਨੀਆ ਤੇ ਆਸਟਰੇਲੀਆ ਵੀ ਸ਼ਾਮਲ ਹੋ ਗਏ ਹਨ ਪਰ ਪ੍ਰਧਾਨ ਮੰਤਰੀ ਮਲਿਕੀ ਨੇ ਅਸਤੀਫ਼ਾ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ ਹੈ।
ਜਨਾਬ ਮਲਿਕੀ ‘ਤੇ ਦੋਸ਼ ਹੈ ਕਿ ਇਰਾਕ ਵਿਚ ਲੋਕਤੰਤਰੀ ਢੰਗ ਨਾਲ ਸਰਕਾਰ ਚੁਣੇ ਜਾਣ ਬਾਅਦ ਉਨ੍ਹਾਂ ਨੂੰ ਬਤੌਰ ਪ੍ਰਧਾਨ ਮੰਤਰੀ ਹੁੰਦਿਆਂ ਸ਼ੀਆ, ਸੁੰਨੀ ਤੇ ਕੁਰਦ ਭਾਈਚਾਰੇ ਵਿਚ ਪੱਖਪਾਤ ਨਹੀਂ ਕਰਨਾ ਚਾਹੀਦਾ ਸੀ। ਇਰਾਕ ਦੇ ਰਾਸ਼ਟਰਪਤੀ ਕੁਰਦ ਹਨ। ਸੁੰਨੀ ਭਾਈਚਾਰੇ ਨੂੰ ਸਰਕਾਰ ਤੇ ਪ੍ਰਸ਼ਾਸਨ ਵਿਚੋਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਹੀ ਨਹੀਂ ਕੀਤਾ ਗਿਆ ਸਗੋਂ ਉਨ੍ਹਾਂ ਨਾਲ ਸਾਬਕਾ ਰਾਸ਼ਟਰਪਤੀ ਸੱਦਾਮ ਹੁਸੈਨ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ ਸੀ, ਦੇ ਸ਼ਾਸਨ ਦੌਰਾਨ ਹੋਏ ਭਾਰੀ ਵਿਤਕਰਿਆਂ ਬਦਲੇ, ਲਗਾਤਾਰ ਜ਼ਲੀਲ ਕੀਤਾ ਜਾਂਦਾ ਆ ਰਿਹਾ ਹੈ।
ਇਰਾਕੀ ਫ਼ੌਜ ਵਿਚ ਸੁੰਨੀ ਭਾਈਚਾਰਾ ਪੂਰੀ ਤਰ੍ਹਾਂ ਲਾਂਭੇ ਰੱਖਿਆ ਗਿਆ ਹੈ। ਮਲਿਕੀ ਨੇ ਆਪਣੇ ਸ਼ਾਸਨਕਾਲ ਵਿਚ ਕਦੇ ਵੀ ਸੰਜੀਦਗੀ ਨਾਲ ਸੁੰਨੀ ਭਾਈਚਾਰੇ ਨਾਲ ਚੱਲੇ ਆ ਰਹੇ ਪੁਰਾਣੇ ਮੱਤਭੇਦਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਸੱਦਾਮ ਦੇ ਸ਼ਾਸਨ ਦੇ ਅੰਤ ਹੋਣ ਬਾਅਦ ਸੁੰਨੀ ਭਾਈਚਾਰਾ ਆਪਣੇ ਸਰਬ-ਪ੍ਰਵਾਨਤ ਨੇਤਾ ਤੋਂ ਵਿਰਵਾ ਹੋ ਗਿਆ। ਸੁੰਨੀ ਭਾਈਚਾਰੇ ਦਾ ਇਕ ਨੇਤਾ ਨਾ ਹੋਣ ਕਾਰਨ ਕਮਾਂਡ ਕੱਟੜ ਸੁੰਨੀ ਅਤਿਵਾਦੀਆਂ ਦੇ ਹੱਥ ਆ ਗਈ ਤੇ ਉਹ ਕਈ ਸਾਲਾਂ ਤੋਂ ਲਗਾਤਾਰ ਵੱਡੇ ਪੱਧਰ ‘ਤੇ ਹਿੰਸਾ ਕਰਦੇ ਆਏ ਹਨ ਪਰ ਉਨ੍ਹਾਂ ਦਾ ਅਜਿਹਾ ਪ੍ਰਭਾਵ ਨਹੀਂ ਉੱਭਰ ਸਕਿਆ ਕਿ ਮਲਿਕੀ ਸਰਕਾਰ ਦਬਾਅ ਹੇਠ ਆ ਕੇ ਸੁਲ੍ਹਾ-ਸਫ਼ਾਈ ਦੇ ਰਾਹ ਚੱਲਦੀ।
ਆਖ਼ਰ ਉਹੀ ਹੋਇਆ ਜਿਸ ਦਾ ਖ਼ਦਸ਼ਾ ਸੀ। ਸੀਰੀਆ ਨੂੰ ਇਸ ਵੇਲੇ ਵਿਸ਼ਵ ਭਰ ਦੇ ਕੱਟੜ ਮੁਸਲਿਮ ਅਤਿਵਾਦੀਆਂ ਦਾ ਸਿਖਲਾਈ ਕੇਂਦਰ ਕਿਹਾ ਜਾ ਰਿਹਾ ਹੈ। ਸੀਰੀਆ ਤੋਂ ਇਰਾਕ ਅੰਦਰ ਚੁੱਪ-ਚੁਪੀਤੇ ਦਾਖ਼ਲ ਹੋਈ ਇਰਾਕੀ ਤੇ ਸੀਰੀਆਈ ਦਹਿਸ਼ਤਗਰਦਾਂ ਦੀ ਜਥੇਬੰਦੀ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਲੇਵਾਂਤ (ਆਈæਐਸ਼ਆਈæਐਲ਼) ਨੇ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮੌਸੂਲ, ਤਿਕਰਿਤ ਸਮੇਤ ਕਈ ਸ਼ਹਿਰਾਂ ‘ਤੇ ਕਬਜ਼ਾ ਕਰਕੇ ਕਰੀਬ ਦੋ ਹਜ਼ਾਰ ਸ਼ੀਆ ਲੋਕਾਂ ਦੀਆਂ ਸਮੂਹਿਕ ਹੱਤਿਆਵਾਂ ਦਾ ਦਾਅਵਾ ਕਰਕੇ ਇਰਾਕ ਦੀ ਸਭ ਤੋਂ ਵੱਡੀ ਰਿਫਾਇਨਰੀ ਬੈਂਜੀ ਉੱਪਰ ਵੱਡਾ ਧਾਵਾ ਬੋਲ ਕੇ ਤੇ ਬਗ਼ਦਾਦ ਦੇ ਨੇੜੇ ਪਹੁੰਚ ਕੇ ਇਰਾਕ ਸਰਕਾਰ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ ਹੈ।
ਇਰਾਕ ਖ਼ਾਨਾਜੰਗੀ ਵਿਚ ਘਿਰਦਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਮਲਿਕੀ ਨੂੰ ਅਮਰੀਕਾ ਦੀ ਮਦਦ ਮੰਗਣੀ ਪੈ ਰਹੀ ਹੈ। ਕੱਟੜ ਇਸਲਾਮੀ ਜਥੇਬੰਦੀ ਦੇ ਕਰੀਬ ਨੌਂ ਹਜ਼ਾਰ ਲੜਾਕਿਆਂ ਨੇ ਇਰਾਕ ਉੱਪਰ ਧਾਵਾ ਬੋਲ ਕੇ ਵਿਸ਼ਵ ਦੀ ਆਰਥਿਕਤਾ ਨੂੰ ਝਟਕੇ ਦਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ, ਵਿਦੇਸ਼ ਮੰਤਰੀ ਰੌਹਨ ਕੈਰੀ ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਰਾਕ ਦੇ ਮੌਜੂਦਾ ਸ਼ੀਆ ਪ੍ਰਧਾਨ ਮੰਤਰੀ ਮਲਿਕੀ ਉੱਪਰ ਅਸਤੀਫ਼ਾ ਦੇਣ ਲਈ ਦਬਾਅ ਵਧਾਇਆ ਹੈ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ਮਲਿਕੀ ਨੂੰ ਹਟਾਏ ਬਗ਼ੈਰ ਇਰਾਕ ਦਾ ਸ਼ੀਆ-ਸੁੰਨੀ-ਕੁਰਦ ਤਣਾਅ ਸੁਲਝ ਨਹੀਂ ਸਕਦਾ। ਫਰਾਂਸ ਨੇ ਵੀ ਕਿਹਾ ਹੈ ਕਿ ਇਰਾਕ ਵਿਚ ਸਾਰੇ ਭਾਈਚਾਰਿਆਂ ਦੀ ਸਾਂਝੀ ਸਰਕਾਰ ਬਗ਼ੈਰ ਮੌਜੂਦਾ ਸੰਕਟ ਸੁਲਝਣਾ ਸੰਭਵ ਨਹੀਂ ਹੈ। ਇਹੀ ਆਵਾਜ਼ ਬਰਤਾਨੀਆ, ਆਸਟਰੇਲੀਆ ਤੇ ਹੋਰ ਬਹੁਤ ਸਾਰੇ ਦੇਸ਼ਾਂ ਵਿਚੋਂ ਉੱਠਣੀ ਸ਼ੁਰੂ ਹੋ ਗਈ ਹੈ।
ਉਧਰ, ਇਰਾਕ ਦੇ ਵੱਡੇ ਸ਼ੀਆ ਧਾਰਮਿਕ ਆਗੂ ਨੇ ਦੇਸ਼ ਵਿਚ ਵਧਦੇ ਸੰਕਟ ਨੂੰ ਦੇਖਦਿਆਂ ਨਵੀਂ ਤੇ ਢੁਕਵੀਂ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ। ਅਯਾਤੁੱਲਾ ਅਲੀ ਅਲ ਸਿਸਤਾਨੀ ਨੇ ਸ਼ੀਆ ਪ੍ਰਧਾਨ ਮੰਤਰੀ ਨੂਰੀ ਅਲ ਮਲਿਕੀ ‘ਤੇ ਛੁਪੇ ਸ਼ਬਦਾਂ ਵਿਚ ਹਮਲਾ ਕਰਦਿਆਂ ਦੇਸ਼ ਦੇ ਸੰਕਟ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਹੈ ਕਿ ਨਵੀਂ ਸਰਕਾਰ ਨੂੰ ਸਾਰੇ ਇਰਾਕੀਆਂ ਦੇ ਬਿਹਤਰ ਭਵਿੱਖ ਲਈ ਨਵੇਂ ਦਿਸਹੱਦੇ ਖੋਲਣੇ ਚਾਹੀਦੇ ਹਨ।
Leave a Reply