ਜਤਿੰਦਰ ਮੌਹਰ
ਫੋਨ: 91-97799-34747
ਪਿਛਲੇ ਕੁਝ ਸਾਲਾਂ ਤੋਂ ਪੰਜਾਬੀ ਸਿਨੇਮਾ ਦੀ ਚੜ੍ਹਤ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ। ਬਣਨ ਵਾਲੀਆਂ ਬਹੁਤੀਆਂ ਫਿਲਮਾਂ ਹਾਸਰਸ ਹਨ ਜਿਨ੍ਹਾਂ ਨੂੰ ਵਿਤੀ ਕਾਮਯਾਬੀ ਦਾ ਸਬੱਬ ਮੰਨਿਆ ਜਾਂਦਾ ਸੀ। ਇਨ੍ਹਾਂ ਵਿਚੋਂ ਬਹੁਤੀਆਂ ਫਿਲਮਾਂ ਵਿਤੀ ਨਾਕਾਮਯਾਬੀ ਵੱਲ ਗਈਆਂ ਹਨ। ਹਾਸਰਸ ਫਿਲਮਾਂ ਦਾ ਗੁਬਾਰਾ ਫੁੱਟਣ ਤੋਂ ਬਾਅਦ ਨਵੀਆਂ ਪਹਿਲਕਦਮੀਆਂ ਅਤੇ ਪੇਸ਼ਬੰਦੀਆਂ ਦੀ ਸੰਭਾਵਨਾ ਵਧੀ ਹੈ। ਇਸ ਦੌਰ ਵਿਚ ਨਵੇਂ ਤਜਰਬੇ ਕਰਨ ਵੱਲ ਵਧਣ ਦਾ ਮੌਕਾ ਹੈ ਪਰ ਵੱਡੇ ਪੱਧਰ ਉੱਤੇ ਨਵੀਆਂ ਪਹਿਲਕਦਮੀਆਂ ਨਾ ਹੋਣ ਦੇ ਕਈ ਉਘੜਵੇਂ ਕਾਰਨ ਹਨ।
ਫਿਲਮ ਸਨਅਤ ਦੇ ਭਾਰੂ ਰੁਝਾਨ ਦੀ ਨੁਮਾਇੰਦਗੀ ਗ਼ੈਰ-ਪੇਸ਼ੇਵਰ, ਲਕੀਰ ਦੇ ਫਕੀਰ ਅਤੇ ਜੁਗਾੜੂ ਕਿਸਮ ਦੇ ਲੋਕ ਕਰਦੇ ਹਨ। ਫਿਲਮ ਵਿਚ ਮਹਿੰਗੇ ਅਦਾਕਾਰਾਂ ਦੀ ਦਖ਼ਲਅੰਦਾਜ਼ੀ ਰਹਿੰਦੀ ਹੈ। ਹਦਾਇਤਕਾਰ ਅਤੇ ਲੇਖਕ ਨੂੰ ਕਿਹਾ ਜਾਂਦਾ ਹੈ ਕਿ ਉਹ ਮਹਿੰਗੇ ਅਤੇ ‘ਮਸ਼ਹੂਰ’ ਅਦਾਕਾਰ ਨੂੰ ਸੋਚ ਕੇ ਕਹਾਣੀ ਲਿਖੇ। ਫਿਲਮ ਦੇ ਵਿਤੀ ਮਾਲਕ ਦੀ ਆਪਣੀ ਸੋਚ ਅਤੇ ਦਖ਼ਲਅੰਦਾਜ਼ੀ ਵੀ ਹੁੰਦੀ ਹੈ। ਮਹਿੰਗਾ ਅਦਾਕਾਰ ਅਤੇ ਵਿਤੀ ਮਾਲਕ ਦੋਵੇਂ ਕਹਾਣੀ ਦੀ ਚੋਣ ਕਰਨ ਵਿਚ ਵੱਡੇ ਚੋਣਕਾਰ ਹੁੰਦੇ ਹਨ। ਕੁਝ ਇੱਕ ਨੂੰ ਛੱਡ ਕੇ ਬਹੁਤੇ ਵਿਤੀ ਮਾਲਕ ਜ਼ਮੀਨ ਵੇਚਣ-ਖਰੀਦਣ ਦੇ ਧੰਦੇ ਤੋਂ ਆਉਂਦੇ ਹਨ। ਪਰਵਾਸੀ ਵਿਤੀ ਮਾਲਕਾਂ ਲਈ ਪੰਜਾਬ ਅੱਜ ਵੀ ਤੀਹ-ਚਾਲੀ ਸਾਲ ਪਹਿਲਾਂ ਵਾਲੀ ਥਾਂ ਉੱਤੇ ਹੀ ਰੁਕਿਆ ਪਿਆ ਹੈ। ਇਨ੍ਹਾਂ ਦੀ ਫਿਲਮਸਾਜ਼ੀ ਬਾਬਤ ਨਿੱਜੀ ਸਮਝ ਫਿਲਮ ਉੱਤੇ ਹਮੇਸ਼ਾਂ ਅਸਰਅੰਦਾਜ਼ ਹੁੰਦੀ ਹੈ। ਇਨ੍ਹਾਂ ਚੋਣਕਾਰਾਂ ਦੇ ਨਾਲ-ਨਾਲ ਉਨ੍ਹਾਂ ਦੇ ‘ਨੇੜਲੇ’ ਵੀ ਨਾਲ ਆਉਂਦੇ ਹਨ ਜੋ ਕਹਾਣੀ ਸੁਣਨ ਦੀ ਪ੍ਰਕਿਰਿਆ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਆਪਣੇ ‘ਕੀਮਤੀ’ ਸੁਝਾਅ ਵਿਤੀ ਮਾਲਕ ਜਾਂ ਮਹਿੰਗੇ ਅਦਾਕਾਰ ਨੂੰ ਦਿੰਦੇ ਰਹਿੰਦੇ ਹਨ। ਸਾਰਿਆਂ ਨੂੰ ਬੇਸ਼ੱਕ ਇਕੋ ਰੱਸੇ ਨਹੀਂ ਬੰਨ੍ਹਿਆਂ ਜਾ ਸਕਦਾ ਪਰ ਬਹੁਤੀ ਵਾਰ ਫਿਲਮ ਬਣਾਉਣ ਦੇ ਅਮਲ ਵਿਚ ਇਹ ਜਮਾਤ ਮਾਰੂ ਭੂਮਿਕਾ ਨਿਭਾਉਂਦੀ ਹੈ। ਇੱਥੇ ਫਿਲਮਸਾਜ਼ ਜਿਮ ਜਾਰਮਸ਼ ਦਾ ਜ਼ਿਕਰ ਕਰਨਾ ਅਹਿਮ ਰਹੇਗਾ। ਉੁਹਦੇ ਫਿਲਮਸਾਜ਼ੀ ਬਾਬਤ ਪੇਸ਼ ਕੀਤੇ ਪੰਜ ਨਿੱਜੀ ਵਿਚਾਰਾਂ ਵਿਚੋਂ ਇੱਕ ਇਹ ਹੈ, “ਚਾਪਲੂਸਾਂ ਅਤੇ ਘੜੰਮ ਚੌਧਰੀਆਂ ਤੋਂ ਹਰ ਕੀਮਤ ਉੱਤੇ ਦੂਰ ਰਹੋ। ਇਹ ਲੋਕ ਹਮੇਸ਼ਾਂ ਤੁਹਾਡੇ ਆਲੇ-ਦੁਆਲੇ ਹੁੰਦੇ ਹਨ ਜਿਨ੍ਹਾਂ ਦਾ ਫਿਲਮ ਨਿਰਮਾਣ ਵਿਚ ਸ਼ਾਮਲ ਹੋਣ ਦਾ ਮਕਸਦ ਅਮੀਰ ਬਣਨਾ, ਮਸ਼ਹੂਰ ਹੋਣਾ ਜਾਂ ਅਹੁਦਾ ਹਾਸਲ ਕਰਨਾ ਹੁੰਦਾ ਹੈ। ਇਹ ਲੋਕ ਫਿਲਮ ਨਿਰਮਾਣ ਬਾਰੇ ਉਨਾ ਕੁ ਹੀ ਜਾਣਦੇ ਹੁੰਦੇ ਹਨ ਜਿੰਨਾ ਜਾਰਜ ਬੁਸ਼ ਛਾਪਾਮਾਰ ਲੜਾਈ ਵਿਚ ਹੱਥੋ-ਹੱਥ ਦੀ ਝੜਪ ਬਾਰੇ ਜਾਣਦਾ ਹੈ।”
ਇਹ ਵਿਚਾਰ ਪੰਜਾਬੀ ਫਿਲਮਾਂ ਦੇ ਮੌਜੂਦਾ ਹਾਲਾਤ ਨੂੰ ਪੇਸ਼ ਕਰਨ ਲਈ ਬਿਲਕੁਲ ਢੁੱਕਵਾਂ ਹੈ। ਫਿਲਮਸਾਜ਼ੀ ਮਹਿੰਗਾ ਅਤੇ ਪੈਸੇ ਵਾਲਾ ਕਾਰਜ ਹੈ ਪਰ ਇਹਦੇ ਨਾਲ ਹੀ ਇਹ ਇੱਕ ਕਲਾ ਵੀ ਹੈ। ਕਲਾ ਅਤੇ ਸੰਵੇਦਨਾ ਤੋਂ ਵਿਹੂਣੇ ਲੋਕ ਜਦੋਂ ਇਸ ਪੇਸ਼ੇ ਉੱਤੇ ਕਾਬਜ਼ ਹੋਣਗੇ ਤਾਂ ਹਾਲਾਤ ਸੁਖਾਵਂੇ ਨਹੀਂ ਹੋ ਸਕਦੇ। ਇਹਦੇ ਨਾਲ ਫਿਲਮਸਾਜ਼ ਉੱਤੇ ਐਲਾਨੀਆਂ ਅਤੇ ਅਣ-ਐਲਾਨੀਆਂ ਪਾਬੰਦੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਫਿਲਮ ਦੀ ਵਿਤੀ ਕਾਮਯਾਬੀ ਦੀ ਗਰੰਟੀ ਕੋਈ ਨਹੀਂ ਦੇ ਸਕਦਾ। ਪੁਰਾਣੀਆਂ ਲੀਹਾਂ ਨੂੰ ਪਿੱਟ ਕੇ ਕੰਮ ਨਹੀਂ ਸਾਰਿਆ ਜਾ ਸਕਦਾ ਜਦੋਂ ਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਇਹ ਲੀਹਾਂ ਵਿਤੀ ਨਾਕਾਮਯਾਬੀ ਵੱਲ ਲੈ ਕੇ ਜਾਂਦੀਆਂ ਰਹੀਆਂ ਹਨ। ਉਹ ਲੋਕ ਘੱਟੋ-ਘੱਟ ਲਾਗਤ ਵਸੂਲਣ ਦਾ ਦਾਅਵਾ ਕਰਦੇ ਹਨ ਜਿਨ੍ਹਾਂ ਦਾ ਫਿਲਮ ਸਨਅਤ ਦੇ ਵਸੀਲਿਆਂ ਉੱਤੇ ਕਬਜ਼ਾ ਹੈ। ਇਹ ਲਾਗਤ ਚਾਲੂ ਫਿਲਮਾਂ ਤੋਂ ਬਿਨ੍ਹਾਂ ਮੁੱਦਾ ਆਧਾਰਤ ਫਿਲਮਾਂ ਤੋਂ ਵੀ ਵਸੂਲੀ ਜਾ ਸਕਦੀ ਹੈ। ਗੱਲ ਤਾਂ ਸਹੀ ਤਰ੍ਹਾਂ ਲੋਕਾਂ ਤੱਕ ਫਿਲਮ ਪਹੁੰਚਾਉਣ ਦੀ ਹੈ। ਜਿਨ੍ਹਾਂ ਦੇ ਹੱਥ ਇਹ ਵਸੀਲੇ ਨਹੀਂ ਹਨ, ਉਨ੍ਹਾਂ ਨੂੰ ਫਿਲਮ ਪੇਸ਼ ਕਰਨ ਦੇ ਨਵੇਂ ਢੰਗ ਲੱਭਣੇ ਪੈਣਗੇ। ਜਦੋਂ ਸਾਡਾ ਸਿਨੇਮਾ ਆਲਮੀ ਸਿਨੇਮੇ ਦੀ ਕੜੀ ਵਜੋਂ ਕੰਮ ਕਰੇਗਾ ਤਾਂ ਨਵੇਂ ਢੰਗ ਸਾਡੀ ਪਹੁੰਚ ਵਿਚ ਹੋਣਗੇ। ਆਲਮੀ ਸਿਨੇਮੇ ਦਾ ਹਾਣੀ ਬਣਨ ਲਈ ਸਾਨੂੰ ਵਿਸ਼ਿਆਂ ਅਤੇ ਤਜਰਬਿਆਂ ਉੱਤੇ ਕੰਮ ਕਰਨਾ ਪਵੇਗਾ। ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ। ਨਵੇਂ ਵਸੀਲਿਆਂ ਦੀ ਪਹੁੰਚ ਨਾਲ ਚਾਲੂ ਮਿੱਥਾਂ ਟੁੱਟਦੀਆਂ ਹਨ ਅਤੇ ਫਿਲਮਸਾਜ਼ ਵਧੇਰੇ ਸਹਿਜਤਾ ਨਾਲ ਫਿਲਮ ਬਣਾ ਸਕਦਾ ਹੈ।
ਕੋਈ ਕਿਸੇ ਨੂੰ ਸਮਝਾ ਨਹੀਂ ਸਕਦਾ ਕਿ ਫਿਲਮ ਕਿਹੋ ਜਿਹੀ ਬਣਾਉਣੀ ਚਾਹੀਦੀ ਹੈ। ਇਹ ਹਰ ਫਿਲਮਸਾਜ਼ ਦੀ ਨਿੱਜੀ ਚੋਣ ਹੈ। ਹਰ ਕਿਸੇ ਨੂੰ ਫਿਲਮਸਾਜ਼ੀ ਬਾਬਤ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਹੈ। ਮਸਲਾ ਉਦੋਂ ਪੈਦਾ ਹੁੰਦਾ ਹੈ ਜਦੋਂ ਭਾਰੂ ਰੁਝਾਨ ਅਤੇ ਰੁਤਬੇ ਦੇ ਜ਼ੋਰ ਨਾਲ ਘੱਟ-ਗਿਣਤੀ ਜਾਂ ਮੁੱਦਾ ਪ੍ਰਧਾਨ ਫਿਲਮ ਦੀ ਗੱਲ ਕਰਨ ਵਾਲਿਆਂ ਉੱਤੇ ਦਬਾਅ ਬਣਾਇਆ ਜਾਂਦਾ ਹੈ। ਉਨ੍ਹਾਂ ਦੇ ਵਿਚਾਰ ਨੂੰ ਤਰਕ ਦੀ ਕਸਵੱਟੀ ਉੱਤੇ ਪਰਖਣ ਦੀ ਥਾਂ ਉਲਾਰ ਜਾਂ ਭਾਰੂ ਰੁਝਾਨ ਦਾ ਹਊਆ ਦਿਖਾ ਕੇ ਗਲਤ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਸ ਵੇਲੇ ਵਿਚਾਰਨਾ ਬਣਦਾ ਹੈ ਕਿ ਕਿਸੇ ਖ਼ਾਸ ਕਿਸਮ ਦੀ ਫਿਲਮਸਾਜ਼ੀ ਬਾਬਤ ਧਾਰਨਾ ਦਾ ਸਮਾਜ ਨਾਲ ਕੀ ਰਿਸ਼ਤਾ ਬਣਦਾ ਹੈ। ਉੁਹਦੀ ਧਾਰਨਾ ਮਨੁੱਖੀ ਸੰਵੇਦਨਾ ਅਤੇ ਬਿਹਤਰ ਮਨੁੱਖੀ ਜ਼ਿੰਦਗੀ ਦੀ ਜੱਦੋ-ਜਹਿਦ ਵਿਚ ਕੀ ਭੂਮਿਕਾ ਅਦਾ ਕਰਦੀ ਹੈ। ਸਭ ਤੋਂ ਵੱਡੀ ਸੱਟ ਮੁੱਦਾ ਪ੍ਰਧਾਨ ਫਿਲਮਾਂ ਉੱਤੇ ਇਹ ਕਹਿ ਕੇ ਮਾਰੀ ਜਾਂਦੀ ਹੈ ਕਿ ਲੋਕਾਂ ਦਾ ਬੌਧਿਕ ਪੱਧਰ ਉੱਚਾ ਨਹੀਂ ਹੈ, ਇਸ ਕਰ ਕੇ ਮੁੱਦਾ ਪ੍ਰਧਾਨ ਫਿਲਮਾਂ ਬਣਾਉਣਾ ਸਹੀ ਨਹੀਂ ਹੈ। ਇਹ ਗਲਤ ਮਿੱਥ ਹੈ। ਅਸੀਂ ਦੂਜਿਆਂ ਦੀਆਂ ਧਮਕੀਆਂ ਨੂੰ ਸਲਾਹ ਦੇ ਰੂਪ ਵਿਚ ਪ੍ਰਚਾਰਨ ਦੀ ਆਦਤ ਪਾ ਲਈ ਹੈ। ਫਿਲਮ ਬਣਾਉਣਾ ਫਿਲਮਸਾਜ਼ ਅਤੇ ਵਿੱਤੀ ਮਾਲਕ ਦਾ ਕੰਮ ਹੈ। ਲੋਕਾਂ ਦੇ ਸਾਹਮਣੇ ਜੋ ਪਰੋਸਿਆ ਜਾਂਦਾ ਹੈ, ਉਹ ਉਸੇ ਵਿਚੋਂ ਚੋਣ ਕਰਦੇ ਹਨ। ਆਪਣੀ ਨਾਲਾਇਕੀ ਅਤੇ ਖ਼ੁਦਗ਼ਰਜ਼ੀ ਦਾ ਭਾਂਡਾ ਹਰ ਵਾਰ ਅਵਾਮ ਸਿਰ ਨਹੀਂ ਭੰਨਿਆ ਜਾ ਸਕਦਾ। ਜ਼ਿੰਮੇਵਾਰ ਅਤੇ ਹੁਨਰਮੰਦ ਫਿਲਮਸਾਜ਼ ਐਲਾਨੀਆਂ ਅਤੇ ਅਣ-ਐਲਾਨੀਆਂ ਪਾਬੰਦੀਆਂ ਨਾਲ ਦੋ-ਚਾਰ ਹੁੰਦਾ ਹੋਇਆ ਆਪਣਾ ਮੂਲ ਨਹੀਂ ਛੱਡ ਸਕਦਾ।
ਫਿਲਮਸਾਜ਼ ਜਿਮ ਜਾਰਮਸ਼ ਦੇ ਵਿਚਾਰ ਸਖ਼ਤ ਲੱਗ ਸਕਦੇ ਹਨ ਪਰ ਇਹ ਸਾਨੂੰ ਫਿਲਮ ਕਲਾ ਦੀ ਸਹੀ ਤਸਵੀਰ ਦਿਖਾਉਣ ਦੇ ਯੋਗ ਹਨ। ਇਨ੍ਹਾਂ ਨੂੰ ਵਿਚਾਰੇ ਬਿਨਾਂ ਫਿਲਮਸਾਜ਼ੀ ਅਤੇ ਫਿਲਮਸਾਜ਼ ਦੀ ਆਜ਼ਾਦੀ ਬਾਬਤ ਬਹਿਸ ਅਧੂਰੀ ਰਹੇਗੀ। ਲੇਖ ਦੇ ਅੰਤ ਵਿਚ ਉਹਦੇ ਵਿਚਾਰ ਦਾ ਹਵਾਲਾ ਦੇ ਕੇ ਗੱਲ ਖਤਮ ਕਰਦਾ ਹਾਂ। ਉਹ ਲਿਖਦਾ ਹੈ, “ਡਾਢਿਆਂ ਦੀ ਬਕਵਾਸ ਨੂੰ ਕਦੇ ਵੀ ਆਪਣੇ ਸਿਰ ਨਾ ਚੜ੍ਹਨ ਦੇਵੋ। ਉਨ੍ਹਾਂ ਕੋਲ ਸਿਰਫ਼ ਦੋ ਸੰਭਾਵਨਾਵਾਂ ਹੁੰਦੀਆਂ ਹਨ। ਪਹਿਲੀ, ਉਹ ਤੁਹਾਡੀ ਮਦਦ ਕਰ ਸਕਦੇ ਹਨ। ਦੂਜੀ, ਉਹ ਤੁਹਾਡੀ ਮਦਦ ਨਹੀਂ ਕਰਨਗੇ ਪਰ ਉਹ ਤੁਹਾਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੇ। ਉਹ ਸਿਰਫ਼ ਵਕਤੀ ਢੁੱਚਰਾਂ ਡਾਹ ਸਕਦੇ ਹਨ। ਫਿਲਮ ਉੱਤੇ ਪੈਸਾ ਲਾਉਣ ਵਾਲੇ, ਵਰਤਾਉਣ ਵਾਲੇ, ਮਸ਼ਹੂਰੀ ਕਰਨ ਵਾਲੇ ਜਾਂ ਫਿਲਮ ਦਿਖਾਉਣ ਵਾਲੇ ਕਦੇ ਫਿਲਮਸਾਜ਼ ਨਹੀਂ ਹੁੰਦੇ। ਉਨ੍ਹਾਂ ਦੀ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ ਕਿ ਫਿਲਮਸਾਜ਼ ਫਿਲਮ ਬਾਬਤ ਨਿੱਜੀ ਧਾਰਨਾ ਜਾਂ ਵਪਾਰ ਬਾਰੇ ਨਿੱਜੀ ਰਾਏ ਰੱਖੇ। ਇਸ ਕਰ ਕੇ ਫਿਲਮਸਾਜ਼ ਦੀ ਇਸ ਗੱਲ ਵਿਚ ਕੋਈ ਦਿਲਚਸਪੀ ਨਹੀਂ ਹੋਣੀ ਚਾਹੀਦੀ ਕਿ ਉਹ ਇਨ੍ਹਾਂ ਗ਼ੈਰ-ਫਿਲਮਸਾਜ਼ਾਂ ਨੂੰ ਆਪਣੇ ਉੱਤੇ ਹਾਵੀ ਹੋਣ ਦੀ ਅਗਿਆ ਨਾ ਦੇਵੇ। ਉਨ੍ਹਾਂ ਨੂੰ ਹੱਕ ਨਹੀਂ ਦਿੱਤਾ ਜਾ ਸਕਦਾ ਕਿ ਉਹ ਫਿਲਮਸਾਜ਼ ਨੂੰ ਸਮਝਾਉਣ ਕਿ ਫਿਲਮ ਕਿਵੇਂ ਬਣਾਉਣੀ ਚਾਹੀਦੀ ਹੈ।”
Leave a Reply