ਬਠਿੰਡਾ: ਲੋਕ ਸਭਾ ਚੋਣਾਂ ਦੀ ਥਕਾਵਟ ਦੂਰ ਕਰਨ ਪਿੱਛੋਂ ਪੰਜਾਬ ਦੀਆਂ ਵੱਖ-ਵੱਖ ਸਿਆਸੀ ਧਿਰਾਂ ਨੇ ਤਲਵੰਡੀ ਸਾਬੋ ਜ਼ਿਮਨੀ ਚੋਣ ‘ਤੇ ਆਪਣੀ ਨਿਗ੍ਹਾ ਟਕਾ ਲਈ ਹੈ। ਖਾਸਕਰ ਹਾਕਮ ਧਿਰ ਸ਼੍ਰੋਮਣੀ-ਅਕਾਲੀ ਦਲ ਨੇ ਇਸ ਹਲਕੇ ਵਿਚ ਵੱਡੇ ਪੱਧਰ ‘ਤੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਤਲਵੰਡੀ ਸਾਬੋ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਤਿੰਨ ਦਿਨਾਂ ਦੇ ਸੰਗਤ ਦਰਸ਼ਨ ਪ੍ਰੋਗਰਾਮ ਨੇ ਇਸ ਮੁਹਿੰਮ ਨੂੰ ਹੋਰ ਭਖਾ ਦਿੱਤਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਤਿੰਨ ਦਿਨਾਂ ਦੌਰਾਨ ਦੋ ਸ਼ਹਿਰਾਂ ਤੇ 15 ਪਿੰਡਾਂ ਵਿਚ ਸੰਗਤ ਦਰਸ਼ਨ ਕੀਤੇ। ਲੋਕ ਸਭਾ ਚੋਣਾਂ ਵਿਚ ਤਲਵੰਡੀ ਸਾਬੋ ਕਸਬੇ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਘਟ ਗਈ ਸੀ। ਇਸੇ ਤਰ੍ਹਾਂ ਰਾਮਾਂ ਮੰਡੀ ਤੋਂ ਵੀ ਅਕਾਲੀ ਦਲ ਨੂੰ 1100 ਵੋਟ ਘੱਟ ਪਈ।
ਉਧਰ ਪੀਪਲਜ਼ ਪਾਰਟੀ ਤੇ ਕਾਂਗਰਸ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਤੇ ਹਰਮਿੰਦਰ ਸਿੰਘ ਜੱਸੀ ਨੇ ਧੰਨਵਾਦੀ ਦੌਰੇ ਦੇ ਬਹਾਨੇ ਲੋਕਾਂ ਨੂੰ ਜ਼ਿਮਨੀ ਚੋਣ ਵਾਸਤੇ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ। ਸਾਬਕਾ ਮੰਤਰੀ ਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਜੱਸੀ ਇਸ ਹਲਕੇ ਤੋਂ ਆਪਣੇ ਪੁੱਤਰ ਨੂੰ ਕਾਂਗਰਸ ਦੀ ਟਿਕਟ ਦਿਵਾਉਣਾ ਚਾਹੁੰਦੇ ਹਨ। ਸ੍ਰੀ ਜੱਸੀ ਦੇ ਭਰਾ ਗੋਪਾਲ ਸਿੰਘ ਨੇ ਤਲਵੰਡੀ ਸਾਬੋ ਵਿਚ ਸਿਆਸੀ ਸਰਗਰਮੀ ਸ਼ੁਰੂ ਕੀਤੀ ਹੋਈ ਹੈ। ਪੀਪਲਜ਼ ਪਾਰਟੀ ਦੇ ਸੁਖਦੇਵ ਸਿੰਘ ਚਹਿਲ ਤੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ ਵੀ ਦਾਅਵੇਦਾਰ ਹਨ। ਆਮ ਆਦਮੀ ਪਾਰਟੀ (ਆਪ) ਤਰਫ਼ੋਂ ਲੋਕ ਗਾਇਕ ਬਲਕਾਰ ਸਿੱਧੂ ਦਾ ਨਾਮ ਚੱਲ ਰਿਹਾ ਹੈ।
ਜ਼ਿਮਨੀ ਚੋਣ ਦੀ ਤਿਆਰੀ ਦੇ ਨਾਲ ਹੀ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਜ਼ਿਲ੍ਹਾ ਮੌਨੀਟਰਿੰਗ ਸੈੱਲ ਵੀ ਹਰਕਤ ਵਿਚ ਆ ਗਿਆ ਹੈ। ਇਸ ਸੈੱਲ ਵੱਲੋਂ ਜ਼ਿਆਦਾ ਕੰਮ ਸਿਆਸੀ ਕੀਤਾ ਜਾਂਦਾ ਹੈ ਤੇ ਵੋਟਾਂ ਦੀ ਗਿਣਤੀ ਦੇ ਅੰਕੜੇ ਤੇ ਗ੍ਰਾਂਟਾਂ ਦੇ ਵੇਰਵੇ ਤਿਆਰ ਕੀਤੇ ਜਾਂਦੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹਾ ਮੌਨੀਟਰਿੰਗ ਸੈੱਲ ਵੱਲੋਂ ਹੁਣ ਤਲਵੰਡੀ ਸਾਬੋ ਹਲਕੇ ਦਾ ਖਾਕਾ ਤਿਆਰ ਕੀਤਾ ਜਾ ਰਿਹਾ ਹੈ। ਇਹ ਵੇਰਵੇ ਵੀ ਤਿਆਰ ਕੀਤੇ ਜਾ ਰਹੇ ਹਨ ਕਿ ਤਲਵੰਡੀ ਹਲਕੇ ਦੇ ਪਿੰਡਾਂ ਨੂੰ ਕਿੰਨੀਆਂ ਗ੍ਰਾਂਟਾਂ ਦਿੱਤੀਆਂ ਗਈਆਂ ਹਨ ਤੇ ਕਿਸ ਕਿਸ ਪਿੰਡ ਦੀ ਕੀ-ਕੀ ਮੰਗ ਹੈ। ਸੈੱਲ ਵੱਲੋਂ ਟਿਊਬਵੈੱਲ ਕੁਨੈਕਸ਼ਨਾਂ ਦਾ ਵੇਰਵਾ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਸੈੱਲ ਵਿਚ ਡੈਪੂਟੇਸ਼ਨ ‘ਤੇ ਮੁਲਾਜ਼ਮ ਲਗਾਏ ਗਏ ਹਨ।
ਲੋਕ ਸਭਾ ਚੋਣਾਂ ਵਿਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿਚੋਂ ਤਕਰੀਬਨ 11 ਹਜ਼ਾਰ ਵੋਟ ਵਧੀ ਹੈ। ਉਸ ਤੋਂ ਪਹਿਲਾਂ 2012 ਦੀਆਂ ਅਸੈਂਬਲੀ ਚੋਣਾਂ ਵਿਚ ਅਕਾਲੀ ਦਲ ਨੂੰ ਤਕਰੀਬਨ 8500 ਵੋਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਵੇਖਣਾ ਪਿਆ ਸੀ। ਹਲਕੇ ਤੋਂ ਕਾਂਗਰਸੀ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਅਸਤੀਫ਼ਾ ਦੇ ਕੇ ਅਕਾਲੀ ਦਲ ਵਿਚ ਜਾ ਚੁੱਕੇ ਹਨ। ਵਿਧਾਇਕ ਸਿੱਧੂ ਸਾਲ 1997 ਦੀ ਚੋਣ ਅਕਾਲੀ ਦਲ ਵੱਲੋਂ ਲੜੇ ਸਨ। ਸਾਲ 2002 ਵਿਚ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇ ਤੇ ਜਿੱਤੇ ਸਨ। ਫਿਰ ਕਾਂਗਰਸ ਵਿਚ ਸ਼ਾਮਲ ਹੋ ਗਏ। ਹੁਣ ਉਹ ਅਕਾਲੀ ਦਲ ਦੇ ਉਮੀਦਵਾਰ ਹੋਣਗੇ।
_____________________________
ਹਲਕਾ ਵਾਸੀਆਂ ਦੇ ਦਿਨ ਫਿਰੇ
ਜ਼ਿਮਨੀ ਚੋਣ ਕਾਰਨ ਤਲਵੰਡੀ ਸਾਬੋ ਹਲਕੇ ਦੇ ਲੋਕਾਂ ਦੇ ਸਾਲਾਂ ਤੋਂ ਅੜੇ ਕੰਮ ਮੌਕੇ ‘ਤੇ ਹੀ ਹੋਣ ਲੱਗੇ ਹਨ। ਮੁੱਖ ਮੰਤਰੀ ਵੱਲੋਂ ਇਸ ਹਲਕੇ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਹਰ ਕੰਮ ਲਈ ਡੈੱਡਲਾਈਨ ਦਿੱਤੀ ਜਾ ਰਹੀ ਹੈ। ਪਿੰਡ ਸਿੰਗੋ ਦੇ ਲੋਕਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੀ ਸੜਕ ਦਾ ਮੰਦਾ ਹਾਲ ਹੈ। ਮੁੱਖ ਮੰਤਰੀ ਨੇ ਲੋਕ ਨਿਰਮਾਣ ਮਹਿਕਮੇ ਨੂੰ 15 ਦਿਨਾਂ ਵਿਚ ਸੜਕ ਤਿਆਰ ਕਰਕੇ ਰਿਪੋਰਟ ਕਰਨ ਦੇ ਹੁਕਮ ਕੀਤੇ ਹਨ। ਪਿੰਡ ਨੰਗਲਾ ਦੇ ਲੋਕਾਂ ਨੇ ਪਾਣੀ ਦੀ ਘਾਟ ਕਾਰਨ ਬੰਜਰ ਹੋਈ 1800 ਏਕੜ ਜ਼ਮੀਨ ਦੀ ਗੱਲ ਰੱਖੀ। ਮੁੱਖ ਮੰਤਰੀ ਨੇ ਮੁੱਖ ਕੰਜ਼ਰਵੇਸ਼ਨ ਅਫਸਰ ਨੂੰ ਹਦਾਇਤ ਕੀਤੀ ਕਿ 15 ਦਿਨਾਂ ਦੇ ਅੰਦਰ-ਅੰਦਰ ਨਹਿਰੀ ਪਾਣੀ ਨੂੰ ਪਾਈਪਾਂ ਰਾਹੀਂ ਇਨ੍ਹਾਂ ਖੇਤਾਂ ਵਿਚ ਪੁੱਜਦਾ ਕੀਤਾ ਜਾਵੇ। ਇਕ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਰਕਾਰੀ ਸਕੂਲ ਦੀ ਖਸਤਾ ਹਾਲਤ ਦੀ ਗੱਲ ਕੀਤੀ ਤਾਂ ਮੁੱਖ ਮੰਤਰੀ ਨੇ ਉਦੋਂ ਹੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੂੰ ਹੁਕਮ ਕੀਤੇ ਕਿ 15 ਮਿੰਟ ਦੇ ਅੰਦਰ-ਅੰਦਰ ਸਕੂਲ ਖੁਦ ਵੇਖ ਕੇ ਰਿਪੋਰਟ ਕਰੋ। ਨਥੇਹਾ ਦੇ ਮਾਡਲ ਸਕੂਲ ਦੀ ਇਕ ਅਧਿਆਪਕਾ ਨੇ ਆਖਿਆ ਕਿ ਸਕੂਲ ਦਾ ਪ੍ਰਿੰਸੀਪਲ ਉਸ ਨਾਲ ਠੀਕ ਵਿਵਹਾਰ ਨਹੀਂ ਕਰ ਰਿਹਾ। ਮੁੱਖ ਮੰਤਰੀ ਨੇ ਉਦੋਂ ਹੀ ਸਕੂਲ ਦੇ ਪ੍ਰਿੰਸੀਪਲ ਨੂੰ ਬਦਲਣ ਦੇ ਹੁਕਮ ਜਾਰੀ ਕਰ ਦਿੱਤੇ।
Leave a Reply