ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
“ਦੋਸਤੋ, ਭਲਾ ਸੰਪਟ ਪਾਠ ਕੀ ਹੁੰਦਾ ਹੈ ਅਤੇ ਇਹ ਕਿਵੇਂ ਕੀਤਾ ਜਾਂਦਾ ਹੈ? ਕਿਸੇ ਭੈਣ-ਭਾਈ ਤੋਂ ਮੈਨੂੰ ਇਸ ਨਵੇਂ ਪਾਠ ਬਾਰੇ ਪਤਾ ਲੱਗਾ ਹੈ। ਇਸ ਤੋਂ ਪਹਿਲਾਂ ਮੈਂ ਇਹ ਨਾਂ ਕਦੇ ਨਹੀਂ ਸੀ ਸੁਣਿਆ। ਕੀ ਕੋਈ ਵੀਰ-ਭੈਣ ਇਸ ਪਾਠ ਬਾਬਤ ਮੈਨੂੰ ਤਫਸੀਲੀ ਜਾਣਕਾਰੀ ਦੇ ਸਕਦਾ ਹੈ?”
‘ਫੇਸਬੁੱਕ’ ਉਤੇ ਇਕ ਲੇਖਕ ਬੀਬੀ ਵੱਲੋਂ ਕੀਤੇ ਗਏ ਇਹ ਸਵਾਲ ਪੜ੍ਹ ਕੇ ਮੈਂ ਜੱਕੋ-ਤੱਕੀ ਵਿਚ ਪੈ ਗਿਆ ਕਿ ਜਵਾਬ ਵਜੋਂ ਕੁਝ ਲਿਖਾਂ ਜਾਂ ਕੰਨੀਂ ਖਿਸਕਾ ਲਵਾਂ; ਕਿਉਂ ਜੋ ਫੇਸਬੁੱਕ ਰਾਹੀਂ ਲੰਬੇ ਵਿਸਥਾਰ ਵਾਲੇ ਹਵਾਲੇ ਲਿਖਣੇ ਔਖੇ ਨੇ। ਇਹਦੇ ਬਾਰੇ ‘ਹਾਂ’ ਜਾਂ ‘ਨਾਂਹ’ ਵਰਗੀ ਦੋ-ਟੁੱਕ ਗੱਲ ਵੀ ਨਹੀਂ ਕੀਤੀ ਜਾ ਸਕਦੀ। ਹਾਲੇ ਮੈਂ ਇਸੇ ਸੋਚ-ਵਿਚਾਰ ਵਿਚ ਹੀ ਉਲਝਿਆ ਹੋਇਆ ਸਾਂ ਕਿ ਕਿਸੇ ਵੀਰ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਸੰਪਟ ਪਾਠ ਸੱਤਾਂ ਦਿਨਾਂ ਵਿਚ ਸੰਪੂਰਨ ਕੀਤਾ ਜਾਂਦਾ ਹੈ। ਅੱਧ-ਪਚੱਧੀ ਜਿਹੀ ਜਾਣਕਾਰੀ ਵਾਲੇ ਇਸ ਜਵਾਬ ਤੋਂ ਬਾਅਦ ਅੰਧ-ਵਿਸ਼ਵਾਸ ਨਾਲ ਨੱਕੋ-ਨੱਕ ਭਰੇ ਪਏ ਕਿਸੇ ਹੋਰ ਸੱਜਣ ਨੇ ਸਵਾਲ ਕਰਨ ਵਾਲੀ ਲੇਖਕਾ ਨੂੰ ਨਸੀਹਤ ਦਿੱਤੀ, “ਪੁੱਛੀਦਾ ਨਹੀਂ ਹੁੰਦਾ ਬੀਬੀ ਜੀ, (ਪਾਠ) ਕਰਨ ਲੱਗ ਜਾਈਦਾ ਹੈ!”
ਇਹ ਦੋਵੇਂ ਕੱਚੇ ਜਿਹੇ ਜਵਾਬ ਪੜ੍ਹ ਕੇ ਮੈਂ ਸੰਕੋਚਵੇਂ ਜਿਹੇ ਸ਼ਬਦਾਂ ਵਿਚ ਲਿਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦੋ ਤਰ੍ਹਾਂ ਦੇ ਪਾਠ ਹੀ ਪੰਥਕ ਤੌਰ ‘ਤੇ ਪ੍ਰਵਾਨਿਤ ਹਨ- ਸਹਿਜ ਪਾਠ ਜਾਂ ਅਖੰਡ ਪਾਠ। ਇਨ੍ਹਾਂ ਦੋਹਾਂ ਤੋਂ ਇਲਾਵਾ ਹੋਰ ਕਿਸੇ ਕਿਸਮ ਦੇ ਕੀਤੇ ਜਾਂ ਕਰਵਾਏ ਜਾਂਦੇ ਪਾਠ, ਸਾਧ ਬਾਬਿਆਂ ਦੇ ਆਪਣੇ ਹੀ ਈਜਾਦ ਕੀਤੇ ਹੋਏ ਨੇ। ਮੈਂ ਇਹ ਵੀ ਲਿਖਿਆ ਕਿ ਵੀਹ ਕੁ ਸਾਲ ਪਹਿਲਾਂ ਮੈਂ ਖੁਦ ਦੋ-ਚਾਰ ਕੁ ਸੰਪਟ ਪਾਠਾਂ ਵਿਚ ਸ਼ਾਮਲ ਹੋਇਆ ਸਾਂ। ਫੇਸਬੁੱਕੀ ਬਹਿਸ ਵਿਚ ਸ਼ਾਮਲ ਇਕ ਜਾਣੂ ਨੇ ਮੇਰੇ ਇੰਨੇ ਕੁ ਸ਼ਬਦ ਪੜ੍ਹ ਕੇ ਮੈਨੂੰ ਫੋਨ ਕੀਤਾ। ਫੋਨ ‘ਤੇ ਮਿਲੀ ਸਲਾਹ ਮੁਤਾਬਿਕ ਹੀ ਹਥਲਾ ਲੇਖ ਲਿਖ ਰਿਹਾ ਹਾਂ।
ਸੰਪਟ ਪਾਠ ਬਾਰੇ ਕਿਸੇ ਗ੍ਰੰਥ ਦਾ ਹਵਾਲਾ ਦੇਣ ਤੋਂ ਪਹਿਲਾਂ ਇਹ ਦੱਸਣਾ ਠੀਕ ਰਹੇਗਾ ਕਿ ਸੰਪਟ ਸ਼ਬਦ ਦਾ ਅਰਥ ਕੀ ਹੁੰਦਾ ਹੈ ਤੇ ਸੰਪਟ ਪਾਠ ਕਿਵੇਂ ਕੀਤਾ ਜਾਂਦਾ ਹੈ। ਮਹਾਨਕੋਸ਼ ਅਨੁਸਾਰ ਸੰਪਟ ਜਾਂ ਸੰਪੁਟ ਦੇ ਅਰਥ ਹਨ- 1æ ਪੁਟ (ਢਕਣ) ਦੀ ਕ੍ਰਿਆ 2æ ਡੱਬਾ 3æ ਸੰਦੂਕ 4æ ਪੜਦਾ ਆਵਰਣ 5æ ਮੰਤਰ ਦੇ ਆਦਿ ਅਤੇ ਅੰਤ, ਕਿਸੇ ਪਦ ਦੇ ਜੋੜਨ ਦੀ ਕ੍ਰਿਆ- ਜੈਸੇ Aਅੰ ਵਾਹਗੁਰੂ Aਅੰ। ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਦਿੱਤੇ ਗਏ ਇਹ ਸ਼ਾਬਦਿਕ ਅਰਥ ਸ਼ਾਇਦ ਪੂਰੀ ਘੁੰਡੀ ਨਾ ਖੋਲ੍ਹ ਸਕਣ। ਇਸ ਲਈ ਸੰਪਟ ਪਾਠ ਦੇ ਢੰਗ-ਤਰੀਕੇ ਦੀ ਗੱਲ ਕਰਦੇ ਹਾਂ।
ਪਹਿਲਾਂ ਹੀ ਦੱਸਿਆ ਹੈ ਕਿ ਗੁਰਬਾਣੀ ਦੇ ਕੇਵਲ ਦੋ ਤਰ੍ਹਾਂ ਦੇ ਪਾਠ ਹੀ ਪ੍ਰਵਾਨਿਤ ਮਰਿਆਦਾ ਅਨੁਸਾਰ ਕੀਤੇ ਜਾਂਦੇ ਹਨ, ਪਰ ਸਿੱਖ ਜਗਤ ਵਿਚ ਸੰਤਾਂ-ਸਾਧਾਂ ਵੱਲੋਂ ਇਹ ਧਾਰਨਾ ਪ੍ਰਚਲਿਤ ਕਰ ਦਿੱਤੀ ਹੈ ਕਿ ਸਹਿਜ ਪਾਠ ਨਾਲੋਂ ਅਖੰਡ ਪਾਠ ਦਾ ਮਹਾਤਮ ਜ਼ਿਆਦਾ ਹੁੰਦਾ ਹੈ। ਆਪਣੇ ਕੋਲੋਂ ਹੀ ਵਿਧੀ-ਵਿਧਾਨ ਘੜ ਕੇ, ਸੰਪਟ ਪਾਠ ਬਾਰੇ ਵੀ ਇਹੀ ਪ੍ਰਚਾਰਿਆ ਜਾਂਦਾ ਹੈ; ਅਖੇ, ਜਿਹੜਾ ਕੋਈ ਅੜਿਆ-ਥੁੜਿਆ ਕੰਮ, ਸਹਿਜ ਪਾਠ ਜਾਂ ਅਖੰਡ ਪਾਠ ਕਰਾਇਆਂ ਵੀ ਸਿਰੇ ਨਾ ਚੜ੍ਹੇ, ਉਹ ਸੰਪਟ ਪਾਠ ਕਰਾਉਣ ਨਾਲ ਸ਼ਰਤੀਆ ਪੂਰਾ ਹੋ ਜਾਂਦਾ ਹੈ। ਭੋਲੇ-ਭਾਲੇ ਸ਼ਰਧਾਲੂਆਂ ਦੇ ਮਨਾਂ ਵਿਚ ਇਹ ਵਿਚਾਰ ਭਰ ਦਿੱਤਾ ਗਿਆ ਕਿ ਜੇ ਪੂਰੀ ਵਿਧੀ ਨਾਲ ਸੰਪਟ ਪਾਠ ਕਰਵਾਇਆ ਜਾਵੇ ਤਾਂ ਹਰ ਸੰਕਟ ਦਾ ਸਮਾਧਾਨ ਅਵੱਸ਼ ਹੋ ਜਾਂਦਾ ਹੈ। ਖਾਸ ਕਰ ਕੇ ਝੂਠੇ-ਸੱਚੇ ਮੁਕੱਦਮਿਆਂ ਦੀ ਜਿੱਤ ਲਈ ਸੰਪਟ ਪਾਠ ਨੂੰ ਸੰਕਟ ਮੋਚਨ ਵਜੋਂ ਪ੍ਰਚਾਰਿਆ ਜਾਂਦਾ ਹੈ।
ਗੁਰਮਤਿ ਅਸੂਲਾਂ ਅਤੇ ਸਿੱਖ ਮਤਿ ਦੀਆਂ ਪਰੰਪਰਾਵਾਂ ਦੀ ਵਿਆਖਿਆ ਹਿਤ ਲਿਖੇ ਗਏ ਮਹਾਨ ਗ੍ਰੰਥ ‘ਗੁਰਮਤਿ ਮਾਰਤੰਡ’ (ਭਾਗ ਦੂਜਾ) ਦੇ ਸਫਾ 421-22 ‘ਤੇ ਭਾਈ ਕਾਨ੍ਹ ਸਿੰਘ ਨਾਭਾ ਨੇ ਸੰਪਟ ਪਾਠ ਸਬੰਧੀ ਸਪਸ਼ਟ ਨਿਰਣਾ ਦਿੱਤਾ ਹੋਇਆ ਹੈ,
6æ ਉਜਰਤ ਦੇ ਕੇ ਪਾਠ ਕਰਾਉਣਾ, ਤੰਤ੍ਰ ਸ਼ਾਸਤਰ ਦੀ ਦੱਸੀ ਰੀਤਿ ਅਨੁਸਾਰ ਜਪ, ਵਰਣੀਆਂ, ਸਪਤਾਹ ਪਾਠ, ਸੰਪੁਟ ਪਾਠ, ਖਾਸ (ਸਪਤਾਹ, ਸੰਪਟ ਪਾਠ) ਵੇਲੇ (ਭਾਵ ਨਿਸ਼ਚਿਤ ਕੀਤੇ ਗਏ ਸਮੇਂ) ਸਿਰ ਪਾਠ ਦੀ ਸਮਾਪਤੀ, ਨਲੇਰ, ਕਲਸ, ਦਿਨੇ ਦੀਵਾ ਆਦਿ ਸਭ ਕਰਮ ਹਿੰਦੂ ਰੀਤਿ ਦੀ ਨਕਲ ਹੈਨæææ।
ਇਸੇ ਇਬਾਰਤ ਦੇ ਹੇਠਾਂ ਫੁੱਟ-ਨੋਟ ਨੰਬਰ 2 ਵਿਚ ਭਾਈ ਨਾਭਾ ਹੋਰ ਲਿਖਦੇ ਨੇ,
2æ ਕਿਸੇ ਤੁਕ ਨੂੰ ਭਾਵਨਾ ਅਨੁਸਾਰ ਫਲ ਦੇਣ ਵਾਲੀ ਮੰਨ ਕੇ, ਹਰ ਸ਼ਬਦ ਅਤੇ ਪਉੜੀ-ਸਲੋਕ ਦੇ ਆਦਿ ਅੰਤ ਦੇ ਕੇ ਪਾਠ ਕਰਨਾ ਸੰਪੁਟ ਪਾਠ ਹੈ। ਜਿਵੇਂ ਸਗਲ ਮਨੋਰਥ ਪੂਰੇ॥æææ ਆਦਿ ਸਚ ਜੁਗਾਦਿ ਸਚ॥ ਹੈ ਭੀ ਸਚ ਨਾਨਕ ਹੋਸੀ ਭੀ ਸਚ॥æææ ਸਗਲ ਮਨੋਰਥ ਪੂਰੇ॥æææ
ਖੁਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਵੱਧ ਸਤਿਕਾਰ ਕਰਨ ਵਾਲੇ ਅਤੇ ਗੁਰਮਤਿ ਪ੍ਰਚਾਰ ਦੇ ਅਲੰਬਰਦਾਰ ਕਹਾਉਂਦੇ ਡੇਰੇਦਾਰ ਸਾਧ ਬਾਬੇ ਕਿਵੇਂ ਸਿੱਖ ਸ਼ਰਧਾਲੂਆਂ ਨੂੰ ਵਹਿਮਾਂ-ਭਰਮਾਂ ਵਿਚ ਫਸਾਉਂਦੇ ਹਨ, ਕਿਵੇਂ ਸੰਪਟ ਪਾਠ ਦੇ ਕਰਮ-ਕਾਂਡ ਵਿਚ ਉਲਝਾ ਕੇ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲੜੀਵਾਰ ਇਕਸਾਰਤਾ ਵਿਚ ਕਿਵੇਂ ਮਨ ਮਰਜ਼ੀ ਨਾਲ ਇੱਧਰੋਂ-ਉਧਰੋਂ ਚੁੱਕ ਕੇ ਸ਼ਬਦ ਫਿੱਟ ਕਰਦੇ ਨੇ, ਇਹ ਸਾਰਾ ਵੇਰਵਾ ਆਪਣੀ ਹੱਡਬੀਤੀ ਰਾਹੀਂ ਬਿਆਨ ਕਰ ਰਿਹਾ ਹਾਂ।
1980 ਤੋਂ ਬਾਅਦ ਦੇ ਕਿਸੇ ਵਰ੍ਹੇ ਦੀ ਗੱਲ ਹੈ। ਬਲਾਚੌਰ ਲਾਗੇ ਪਿੰਡ ਸਿਆਣੇ ਦਾ ਮੇਰਾ ਦੋਸਤ ਕਰਨੈਲ ਸਿੰਘ ਮੈਨੂੰ ਮੇਰੇ ਪਿੰਡ ਆ ਕੇ ਕਹਿਣ ਲੱਗਾ ਕਿ ਮੈਨੂੰ ਅਚਾਨਕ ਕਿਸੇ ਕੰਮ ਯੂæਪੀæ ਜਾਣਾ ਪੈ ਗਿਆ ਹੈ, ਤੁਸੀਂ ਮੇਰੀ ਜਗ੍ਹਾ ਲੁਧਿਆਣੇ ਹੋਣ ਵਾਲੇ ਸੰਪਟ ਪਾਠ ਵਿਚ ਸ਼ਾਮਲ ਹੋਵੋ। ਜਦੋਂ ਮੈਂ ਉਸ ਨੂੰ ਸੰਪਟ ਪਾਠ ਦੇ ਦੱਸੇ ਜਾਂਦੇ ਵਿਧੀ-ਵਿਧਾਨ ਤੋਂ ਅਣਜਾਣਤਾ ਦੀ ਗੱਲ ਦੱਸੀ ਤਾਂ ਉਹ ਮੈਨੂੰ ਉਸੇ ਵੇਲੇ ਸਾਡੇ ਪਿੰਡ ਦੇ ਗੁਰਦੁਆਰੇ ਲੈ ਗਿਆ ਅਤੇ ਸਾਰਾ ਕੁਝ ਸਮਝਾ ਦਿੱਤਾ। ਨਾਲ ਹੀ ਉਸ ਨੇ ਜਵੱਦੀ ਵਾਲੇ (ਸਵਰਗੀ) ਸੰਤ ਸੁੱਚਾ ਸਿੰਘ ਦੇ ਨਾਂ ਚਿੱਠੀ ਲਿਖ ਕੇ ਵੀ ਮੈਨੂੰ ਦੇ ਦਿੱਤੀ ਜਿਸ ਵਿਚ ਉਸ ਨੇ ਆਪਣੀ ਨਾ ਆਉਣ ਦੀ ਮਜਬੂਰੀ ਦੇ ਨਾਲ ਮੇਰੇ ਬਾਰੇ ਵੀ ਦੱਸਿਆ ਹੋਇਆ ਸੀ।
ਮਿਥੇ ਹੋਏ ਪ੍ਰੋਗਰਾਮ ਮੁਤਾਬਕ ਮੈਂ ਸਮੇਂ ਸਿਰ ਲੁਧਿਆਣਾ ਦੇ ਜਵੱਦੀ ਡੇਰੇ ਪਹੁੰਚ ਗਿਆ। ਉਥੋਂ ਹੀ ਸਾਨੂੰ ਇਕ ਸਰਦਾਰ ਜੀ ਗੱਡੀ ‘ਚ ਲੈਣ ਆ ਗਏ। ਫਿਰੋਜ਼ਪੁਰ ਰੋਡ ‘ਤੇ ਸਥਿਤ ਸਾਨੂੰ ਆਪਣੇ ਘਰੇ ਉਤਾਰਨ ਤੋਂ ਬਾਅਦ ਉਹ ਜਵੱਦੀ ਡੇਰੇ ਤੋਂ ਹੀ ਗੁਰੂ ਮਹਾਰਾਜ ਦਾ ਸਰੂਪ ਲੈਣ ਫਿਰ ਮੁੜ ਆਇਆ; ਹਾਲਾਂਕਿ ਉਨ੍ਹਾਂ ਦੇ ਮੁਹੱਲੇ ਦਾ ਗੁਰਦੁਆਰਾ ਨਜ਼ਦੀਕ ਹੀ ਸੀ। ਉਸ ਗੁਰਦੁਆਰੇ ਤੋਂ ਮਹਾਰਾਜ ਦਾ ਸਰੂਪ ਨਾ ਲੈਣ ਦਾ ਕਾਰਨ ਚੜ੍ਹਾਵੇ ਦਾ ਲਾਲਚ ਹੀ ਹੋਵੇਗਾ!
ਜਿਸ ਘਰ ਵਿਚ ਸੰਪਟ ਪਾਠ ਅਰੰਭ ਕਰਨਾ ਸੀ, ਉਥੇ ਸਿਰਫ ਪੰਜ ਮੈਂਬਰ ਸਨ-ਘਰ ਦਾ ਮੁਖੀਆ ਸਰਦਾਰ ਜੀ ਤੇ ਉਸ ਦੀ ਪਤਨੀ, ਉਨ੍ਹਾਂ ਦੇ ਨੂੰਹ-ਪੁੱਤਰ ਅਤੇ ਉਨ੍ਹਾਂ ਦੀ ਭਰ ਜਵਾਨ ਲੜਕੀ। ਜਦੋਂ ਸੰਤ ਜਵੱਦੀ ਵਾਲੇ ਉਨ੍ਹਾਂ ਦੇ ਘਰ ਪਹੁੰਚੇ ਤਾਂ ਸਾਰੇ ਟੱਬਰ ਨੂੰ ਲਾਲੀਆਂ ਚੜ੍ਹ ਗਈਆਂ। ਪੰਜ ਪਾਠੀ, ਪੰਜ ਧੂਫੀਏ ਅਤੇ ਪੰਜੇ ਪਹਿਰੂਆਂ ਨੂੰ ਵਧੀਆ ਕੱਪੜੇ ਦੇ ਦੋ-ਦੋ ਚੋਲੇ, ਦੋ-ਦੋ ਕਛਹਿਰੇ, ਦੋ-ਦੋ ਪੱਗਾਂ ਅਤੇ ਇਸ਼ਨਾਨ ਲਈ ਇਕ-ਇਕ ਤੌਲੀਆ ਦਿੱਤਾ ਗਿਆ। ਇਕ ਕਮਰੇ ਵਿਚ ਗੁਦ-ਗੁਦੇ ਗੱਦੇ ਵਿਛਾ ਕੇ ਸਾਡਾ ਪੰਦਰਾਂ ਜਣਿਆਂ ਦੀ ‘ਫੌਜ’ ਲਈ ਸੌਣ-ਪੈਣ ਦਾ ਪ੍ਰਬੰਧ ਕੀਤਾ ਗਿਆ।
ਸੰਪਟ ਪਾਠ ਅਰੰਭ ਕਰਨ ਤੋਂ ਪਹਿਲਾਂ ਸੰਤ ਜੀ ਨੇ ਗੰਭੀਰ ਹੁੰਦਿਆਂ ਸਾਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਇਸ ਘਰ ਵਿਚ ਕਿਸੇ ਪਲੀਤ ਰੂਹ ਦਾ ਪਹਿਰਾ ਹੈ ਜੋ ਇਸ ਪਰਿਵਾਰ ਦੀ ਲੜਕੀ ਨੂੰ ਬਹੁਤ ਤੰਗ ਕਰਦੀ ਹੈ। ਤੁਸੀਂ ਸਾਰਿਆਂ ਨੇ ਬਹੁਤ ਸਾਵਧਾਨ ਰਹਿਣਾ ਹੈ। ਉਹ ਰੂਹ ਤੁਹਾਡੇ ‘ਚੋਂ ਵੀ ਕਿਸੇ ਉਤੇ ਵਾਰ ਕਰ ਸਕਦੀ ਹੈ। ਸਾਡੇ ਸਾਰਿਆਂ ‘ਤੇ ਪਾਠ ਦੀ ਸਮਾਪਤੀ ਤੱਕ ਘਰ ਦਾ ਦਰਵਾਜ਼ਾ ਵੀ ਨਾ ਟੱਪਣ ਦੀ ਸਖ਼ਤ ਹਦਾਇਤ ਲਾਗੂ ਕਰ ਦਿੱਤੀ ਗਈ। ਸਾਡੇ ਪੰਦਰਾਂ ਮੈਂਬਰੀ ਸਟਾਫ ਦੇ ਨਾਲ-ਨਾਲ ਘਰ ਦੇ ਜੀਆਂ ਉਤੇ ਵੀ ਇਹ ਪਾਬੰਦੀ ਆਇਦ ਕਰ ਦਿੱਤੀ ਗਈ। ਸੰਤ ਜੀ ਦੀ ਦੇਖ-ਰੇਖ ਹੇਠ ਦੋ ਕੁ ਪੋਟਿਆਂ ਜਿੱਡਾ ਗੱਤੇ ਦਾ ਤਿਕੋਣਾ ਟਿੱਕਾ ਜਿਹਾ ਕੱਟਿਆ ਗਿਆ। ਸਖਤ ਜਿਹੇ ਗੱਤੇ ਉਪਰ ਸੰਤਾਂ ਨੇ ਗੁਰਬਾਣੀ ਦਾ ਸ਼ਬਦ ਲਿਖਾਇਆ। ਸ਼ਬਦ ਦੇ ਥੱਲੇ ਜਾਪ ਸਾਹਿਬ ਵਿਚੋਂ ਚਾਚਰੀ ਛੰਦ ਦੀਆਂ ਸਤਰਾਂ ਵੀ ਲਿਖਾਈਆਂ। ਅਰਦਾਸ ਕਰ ਕੇ ਸੰਪਟ ਪਾਠ ਅਰੰਭ ਹੋ ਗਿਆ। ਪਹਿਲਾਂ ਮੂਲ ਮੰਤਰ ਪੜ੍ਹ ਕੇ ਪਾਠੀ ਸਿੰਘ ਨੇ ਫੁਰਤੀ ਨਾਲ ਤਿਕੋਣਾ ਟਿੱਕਾ ‘ਗੁਰਪ੍ਰਸਾਦਿ॥’ ਦੇ ਨਾਲ ਟਿਕਾ ਦਿੱਤਾ। ਦੂਜੇ ਹੱਥ ਨਾਲ ਸ਼ਬਦ ਵਾਲਾ ਗੱਤਾ ਚੁੱਕ ਲਿਆ, ਗੁਰੂ ਗ੍ਰੰਥ ਸਾਹਿਬ ਦੇ ਪੱਤਰਿਆਂ ਤੋਂ ਧਿਆਨ ਹਟਾ ਕੇ ਗੱਤੇ ਉਪਰ ਲਿਖਿਆ ਸ਼ਬਦ ਪੜ੍ਹਨਾ ਸ਼ੁਰੂ ਕਰਿਆ,
ਗਉੜੀ ਮਹਲਾ ੫॥ ਤਾਪ ਗਏ ਪਾਈ ਪ੍ਰਭਿ ਸਾਂਤਿ॥ ਸੀਤਲ ਭਏ ਕੀਨੀ ਪ੍ਰਭ ਦਾਤਿ॥ ਪ੍ਰਭ ਕਿਰਪਾ ਤੇ ਭਏ ਸੁਹੇਲੇ॥ ਜਨਮ ਜਨਮ ਕੇ ਬਿਛੁਰੇ ਮੇਲੇ॥੧॥ਰਹਾਉ॥ ਸਿਮਰਤ ਸਿਮਰਤ ਪ੍ਰਭ ਨਾ ਨਾਉ॥ ਸਗਲ ਰੋਗ ਕਾ ਬਿਨਸਿਆ ਥਾਉ॥੨॥ ਸਹਿਜ ਸੁਭਾਇ ਬੋਲੈ ਹਰਿ ਬਾਣੀ॥ ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ॥੩॥ ਦੂਖ ਦਰਦ ਜਮੁ ਨੇੜਿ ਨ ਆਵੈ॥ ਕਹੁ ਨਾਨਕ ਜੋ ਹਰਿ ਗੁਨ ਗਾਵੈ॥
ਦਸਵੇਂ ਗੁਰੂ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਭਾਈ ਮਨੀ ਸਿੰਘ ਪਾਸੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਉਣ ਵੇਲੇ, ਆਪਣੀ ਰਚਨਾ ਦੀ ਇਕ ਵੀ ਸਤਰ ਇਸ ਵਿਚ ਸ਼ਾਮਲ ਨਹੀਂ ਸੀ ਕੀਤੀ, ਪਰ ਇਹ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਇਸ ਸੰਪਟ ਪਾਠ ਵਿਚ ਉਤਲੇ ਸ਼ਬਦ ਦੇ ਨਾਲ ਹੀ ਜਾਪ ਸਾਹਿਬ ਦਾ ਇਕ ਛੰਦ ਵੀ ਗੁਰਬਾਣੀ ਵਿਚ ਰਲਾ ਕੇ ਪੜ੍ਹਿਆ ਜਾ ਰਿਹਾ ਸੀ,
ਚਾਚਰੀ ਛੰਦ॥ ਤ੍ਵ ਪ੍ਰਸਾਦਿ॥ ਗੁਬਿੰਦੇ॥ ਮੁਕੰਦੇ॥ ਉਦਾਰੇ॥ ਅਪਾਰੇ॥ ਹਰੀਅੰ॥ ਕਰੀਅੰ॥ ਨ੍ਰਿਨਾਮੇ॥ ਅਕਾਮੇ॥
ਸ਼ਾਇਦ ਦਸਾਂ-ਬਾਰਾਂ ਦਿਨਾਂ ਵਿਚ ਸੰਪਟ ਪਾਠ ਦਾ ਭੋਗ ਪਿਆ। ਦੂਜੇ ਜਾਂ ਤੀਜੇ ਦਿਨ ਹਾਸੋ-ਹੀਣੀ ਘਟਨਾ ਵਾਪਰ ਗਈ। ਘਰ ਦਾ ਲੈਟਰੀਨ ਸਿਸਟਮ ਅਚਾਨਕ ਸਟੱਕ ਹੋ ਗਿਆ। ਵਹਿਮ-ਭਰਮ ਦੇ ਪੱਟੇ ਹੋਏ ਇਸ ਘਰ ਵਾਲੇ, ਸੰਤਾਂ ਦੇ ਡੇਰੇ ਨੂੰ ਦੌੜੇ ਗਏ! ਅਖੇ ਜੀ, ਬੇ-ਗਤੀ ਬਦਰੂਹ ਨੇ ਇਹ ਅੜਿੱਕਾ ਪਾਇਆ ਹੈ! ਅੰਨ੍ਹੇ ਸ਼ਰਧਾਲੂ ਇੰਨੀ ਗੱਲ ਵੀ ਨਹੀਂ ਸਮਝ ਸਕੇ ਕਿ ਪੰਜ ਜੀਆਂ ਦੇ ਟੱਬਰ ਲਈ ਬਣੀ ਹੋਈ ਲੈਟਰੀਨ ਵੀਹ ਜਣੇ ਵਰਤਣ ਲੱਗ ਪੈਣ ਤਾਂ ਇਹੋ ਕੁਝ ਹੋਣਾ ਸੀ!
ਉਸ ਪਰਿਵਾਰ ਦੀ ਵਰੁ ਪ੍ਰਾਪਤ ਕੁੜੀ ਦਾ ਵਿਆਹ ਹੋਣ ਤੋਂ ਬਾਅਦ ਕਿਸੇ ਬਦਰੂਹ ਨੇ ਆਪੇ ਈ ਖਹਿੜਾ ਛੱਡ ਦਿੱਤਾ ਹੋਵੇਗਾ ਪਰ ਡੇਰਿਆਂ ਵਾਲਿਆਂ ਦੇ ਲਾਈਲੱਗ ਲੋਕ ਸ਼ਾਇਦ ਸਿੱਖ ਰਹਿਤ ਮਰਿਆਦਾ ਕਦੇ ਦੇਖਦੇ ਹੀ ਨਹੀਂ। ਉਨ੍ਹਾਂ ਨੂੰ ਦੇਹਧਾਰੀਆਂ ਦੀ ਖੁਰਾਕ ਬਣ ਕੇ ਹੀ ਅਨੰਦ ਆਉਂਦਾ ਹੈ। ਗੁਰੂ ਸਾਹਿਬਾਨ ਨੇ ਕਰੀਬ ਢਾਈ ਸਦੀਆਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਮਨੁੱਖਤਾ ਨੂੰ ਸਾਫ-ਸੁਥਰਾ, ਸਾਵਾਂ-ਪੱਧਰਾ ਅਤੇ ਨਿਰਭਉ-ਨਿਰਵੈਰ ਜੀਵਨ ਫਲਸਫਾ ਬਖਸ਼ਿਆ ਪਰ ਸ਼ਬਦ-ਗੁਰੂ ਤੋਂ ਮੁਨਕਰ ਲੋਕਾਂ ਨੇ ਇਸ ਨੂੰ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਸੰਪਟ ਪਾਠਾਂ ਤੱਕ ਹੀ ਸੀਮਤ ਸਮਝਿਆ ਹੋਇਆ ਹੈ।
Leave a Reply