ਜ਼ੁਲਮ

ਬੌਬ ਖਹਿਰਾ, ਮਿਸ਼ੀਗਨ
ਫੋਨ: 734-925-0177
ਦੁਨੀਆਂ ਹੋਂਦ ਵਿਚ ਆਉਣ ਸਾਰ ਹੀ ਜ਼ੁਲਮ ਵੀ ਸ਼ੁਰੂ ਹੋ ਗਿਆ ਸੀ। ਪਸ਼ੂ ਹੋਵੇ ਜਾਂ ਪੰਛੀ, ਜਾਨਵਰ ਜਾਂ ਬੰਦਾ, ਤੇ ਭਾਵੇਂ ਪਾਣੀ ਅੰਦਰ ਰਹਿਣ ਵਾਲੇ ਜੀਵ ਹੋਣ-ਸਭ ਇਸ ਜ਼ੁਲਮ ਦੇ ਹਿੱਸੇਦਾਰ ਹਨ। ਹਮੇਸ਼ਾ ਤਕੜੇ ਵੱਲੋਂ ਮਾੜੇ ਉਤੇ ਜ਼ੁਲਮ ਕੀਤਾ ਗਿਆ। ਬੰਦੇ ਨੂੰ ਛੱਡ ਕੇ ਬਾਕੀ ਦੇ ਸਭ ਜੀਵ ਆਪਣੇ ਢਿੱਡ ਖਾਤਰ ਦੂਜਿਆਂ ਉਤੇ ਜ਼ੁਲਮ ਕਰਦੇ ਹਨ। ਕੁਝ ਕੁ ਜੀਵ ਹਨ ਜਿਨ੍ਹਾਂ ਵਿਚ ਕੁਝ ਨਰ ਜੀਵ ਆਪਣੀ ਸਰਦਾਰੀ ਲਈ ਦੂਜਿਆਂ ‘ਤੇ ਜ਼ੁਲਮ ਕਰਦੇ ਹਨ। ਸਿਰਫ਼ ਬੰਦਾ ਹੀ ਹੈ ਜੋ ਸਭ ਸੋਚ ਸਮਝ ਕੇ ਦੂਜਿਆਂ ਉਤੇ ਜ਼ੁਲਮ ਕਰਦਾ ਹੈ ਜਿਸ ਵਿਚ ਚੌਧਰ ਵੀ ਹੁੰਦੀ ਹੈ ਤੇ ਲਾਲਚ ਵੀ। ਕਈ ਵਾਰ ਤਾਂ ਬੰਦਾ ਬਹੁਤ ਨਿੱਕੀ ਜਿਹੀ ਗੱਲ ਤੋਂ ਹੀ ਬਹੁਤ ਵੱਡਾ ਜ਼ੁਲਮ ਕਰ ਜਾਂਦਾ ਹੈ। ਜ਼ੁਲਮ ਸਿਰਫ ਸਰੀਰਕ ਨਹੀਂ ਹੁੰਦਾ, ਮਾਨਸਿਕ ਵੀ ਹੁੰਦਾ ਹੈ।
ਅੱਜ ਦੁਨੀਆਂ ਦੇ ਕਿੰਨੇ ਹੀ ਦੇਸ਼ਾਂ ਵਿਚ ਯੁੱਧ ਛਿੜੇ ਹੋਏ ਹਨ ਤੇ ਉਥੇ ਆਮ ਨਾਗਰਿਕਾਂ ਉਤੇ ਕਿੰਨਾ ਜ਼ੁਲਮ ਹੋ ਰਿਹਾ ਹੈ! ਮੰਨਣਾ ਪਵੇਗਾ ਕਿ ਇਨਸਾਨ ਵਿਚ ਧਰਮ ਦੇ ਨਾਂ ਉਤੇ ਬਹੁਤ ਜ਼ਿਆਦਾ ਵੰਡੀਆਂ ਪਾਈਆਂ ਗਈਆਂ ਹਨ; ਇਸੇ ਕਾਰਨ ਥਾਂ ਥਾਂ ਧਰਮ ਦੇ ਨਾਮ ਉਪਰ ਲੜਾਈਆਂ ਹੋ ਰਹੀਆਂ ਹਨ, ਇਨਸਾਨੀਅਤ ਦਾ ਘਾਣ ਹੋ ਰਿਹਾ ਹੈ। ਦੁਨੀਆਂ ਦੇ ਹਰ ਮੁਲਕ ਵਿਚ ਘਰੇਲੂ ਜ਼ੁਲਮ ਹੋ ਰਹੇ ਹਨ, ਔਰਤਾਂ ਅਤੇ ਮਾਸੂਮ ਬੱਚੇ ਇਨ੍ਹਾਂ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਹਨ। ਇਸ ਹਾਲਤ ਵਿਚ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਨਸਾਨ ਨੇ ਬਹੁਤ ਤਰੱਕੀ ਕਰ ਲਈ ਹੈ? ਅਸਲ ਵਿਚ ਸਾਇੰਸ ਨੇ ਤਰੱਕੀ ਤਾਂ ਬਹੁਤ ਕੀਤੀ ਹੈ, ਪਰ ਧਰਮਾਂ ਨੇ ਬੰਦੇ ਦੀ ਸੋਚ ਨੂੰ ਦਬਾ ਕੇ ਰੱਖਿਆ ਹੋਇਆ ਹੈ। ਫਰਾਂਸ ਦੇ ਸਾਇੰਸਦਾਨ ਗਲੀਲੀਓ ਨੇ 400 ਸਾਲ ਪਹਿਲਾਂ ਦੱਸਿਆ ਸੀ ਕਿ ਧਰਤੀ ਘੁੰਮਦੀ ਹੈ ਪਰ ਈਸਾਈ ਧਰਮ ਵਾਲਿਆਂ ਨੇ ਉਸ ਨੂੰ ਬਹੁਤ ਬੁਰੀ ਮੌਤ ਦਿੱਤੀ। ਬਾਬੇ ਨਾਨਕ ਨੇ ਜਦੋਂ ਤਰਕ ਦੀਆਂ ਗੱਲਾਂ ਕੀਤੀਆਂ ਤਾਂ ਹਿੰਦੂ ਧਰਮ ਦੇ ਕੱਟੜ ਲੋਕਾਂ ਨੇ ਉਨ੍ਹਾਂ ਦਾ ਕਿੰਨਾ ਵਿਰੋਧ ਕੀਤਾ। ਇਸਲਾਮ ਧਰਮ ਵਾਲਿਆਂ ਨੇ ਵੀ ਕਾਫਿਰ ਕਿਹਾ।
ਹੁਣ ਅੱਜ ਦੀ ਗੱਲ। ਅੱਜ ਤਰਕਸ਼ੀਲ ਲੋਕ, ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢਣ ਲਈ ਯਤਨਸ਼ੀਲ ਹਨ ਪਰ ਕਈ ਕੱਟੜ ਲੋਕ ਕੁਝ ਨਵਾਂ ਸਿੱਖਣ ਦੀ ਬਜਾਏ ਇਨ੍ਹਾਂ ਦਾ ਵਿਰੋਧ ਕਰਦੇ ਹਨ। ਅਸਲ ਵਿਚ ਬਹੁਤ ਲੋਕ ਹਨ ਜੋ ਆਪਣੇ ਦਿਮਾਗ ਨਾਲ ਨਹੀਂ ਸੋਚਦੇ, ਸਗੋਂ ਉਹ ਕਿਸੇ ਨਾ ਕਿਸੇ ਦੇ ਪ੍ਰਭਾਵ ਹੇਠ ਆਏ ਹੁੰਦੇ ਹਨ। ਫਿਰ ਉਹ ਉਹੀ ਕਰਦੇ ਹਨ, ਜੋ ਉਨ੍ਹਾਂ ਦੇ ਆਕਾ ਕਹਿੰਦੇ ਹਨ। ਇਸੇ ਕਰ ਕੇ ਇਹ ਲੋਕ ਇਨ੍ਹਾਂ ਕੱਟੜ ਲੋਕਾਂ ਦੇ ਪ੍ਰਭਾਵ ਹੇਠ ਜ਼ੁਲਮ ਦੀ ਹੱਦ ਕਰ ਜਾਂਦੇ ਹਨ। ਸੋਚੋ, ਜਦੋਂ ਵੀ ਕਦੇ ਦੰਗੇ ਭੜਕਦੇ ਹਨ ਤੇ ਹਜ਼ਾਰਾਂ ਲੋਕ ਇਨ੍ਹਾਂ ਦੀ ਭੇਟ ਚੜ੍ਹ ਜਾਂਦੇ ਹਨ, ਕੀ ਉਹ ਜ਼ੁਲਮ ਨਹੀਂ ਹੈ? ਪਹਿਲੀ ਨਵੰਬਰ 1984 ਨੂੰ ਜੋ ਕੁਝ ਹੋਇਆ, ਕਿਸੇ ਨੂੰ ਭੁੱਲਿਆ ਨਹੀਂ ਹੈ। ਕੀ ਅੱਜ ਇਹ ਗੱਲ ਸਭ ਨੂੰ ਪਤਾ ਨਹੀਂ ਹੈ ਕਿ ਇਹ ਸਭ ਸੋਚੀ ਸਮਝੀ ਚਾਲ ਸੀ। ਨਹੀਂ ਤਾਂ ਕਿਸ ਤਰ੍ਹਾਂ ਇੰਨੀ ਭੀੜ ਇਕ ਦਮ ਇਕੱਠੀ ਹੋ ਗਈ, ਬੰਦਿਆਂ ਨੂੰ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ? ਕਿਵੇਂ ਇਕ ਦਮ ਉਨ੍ਹਾਂ ਦੇ ਹੱਥਾਂ ਵਿਚ ਵੋਟਰ ਸੂਚੀਆਂ ਆ ਗਈਆਂ ਅਤੇ ਸਿੱਖਾਂ ਦੇ ਘਰ ਲੱਭੇ ਗਏ? ਔਰਤਾਂ ਨਾਲ ਜ਼ਬਰਦਸਤੀ ਕੀਤੀ ਗਈ। ਕੀ ਇਹ ਜ਼ੁਲਮ ਦੀ ਇੰਤਾਹ ਨਹੀਂ ਸੀ?
ਮੈਂ ਇਸ ਸਾਰੇ ਦੁਖਾਂਤ ਬਾਰੇ ਫਿਲਮ ਬਣਾ ਰਿਹਾ ਹਾਂ। ਇਸੇ ਸਿਲਸਿਲੇ ਵਿਚ ਮੈਂ ਦਿੱਲੀ ਕੁਝ ਔਰਤਾਂ ਨੂੰ ਮਿਲਿਆ। ਇਨ੍ਹਾਂ ਪੀੜਤ ਔਰਤਾਂ ਨੇ ਜਿਹੜੀਆਂ ਹੱਡਬੀਤੀਆਂ ਬਿਆਨ ਕੀਤੀਆਂ, ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਇਕ ਬੀਬੀ ਕਹਿਣ ਲੱਗੀ ਕਿ ਕਿਸੇ ਵੀ ਸਿੱਖ ਸੰਸਥਾ ਨੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਕੋਈ ਮਦਦ ਨਹੀਂ ਕੀਤੀ। ਹੁਣ ਦਰਬਾਰ ਸਾਹਿਬ ਅੰਦਰ ਯਾਦਗਾਰ ਬਣਾਈ ਜਾ ਰਹੀ ਹੈ। ਦਿੱਲੀ ਵਿਚ ਵੀ ਯਾਦਗਾਰ ਬਣਾਉਣ ਬਾਰੇ ਕਹਿ ਦਿੱਤਾ ਗਿਆ ਹੈ ਪਰ ਉਨ੍ਹਾਂ ਬਾਰੇ ਕਿਸੇ ਨੇ ਵੀ ਨਾ ਸੋਚਿਆ। ਇਸ ਬੀਬੀ ਨੇ ਬਹੁਤ ਸਵਾਲ ਕੀਤੇ ਅਤੇ ਰੋ ਰੋ ਕੇ ਭੜਾਸ ਕੱਢੀ। ਪਤਾ ਨਹੀਂ ਇੰਨੇ ਸਾਲਾਂ ਵਿਚ ਗੁਰਦੁਆਰਿਆਂ ਵਿਚ ਕਿੰਨੇ ਕਰੋੜਾਂ ਅਰਬਾਂ ਰੁਪਏ ਇਕੱਠੇ ਹੋਏ ਹੋਣਗੇ ਪਰ ਕਿਸੇ ਨੇ ਪੀੜਤਾਂ ਦੀ ਸਾਰ ਨਹੀਂ ਲਈ। ਇਸ ਤੋਂ ਵੱਡਾ ਜ਼ੁਲਮ ਹੋਰ ਕੀ ਹੋ ਸਕਦਾ ਹੈ?
ਹੁਣ ਸਵਾਲ ਇਹ ਹੈ ਕਿ ਅਸੀਂ ਇਸ ਜ਼ੁਲਮ ਵਿਚ ਖੁਦ ਕਿੰਨੇ ਹਿੱਸੇਦਾਰ ਹਾਂ? ਕੀ ਅਸੀਂ ਇਸ ਤੋਂ ਕੋਈ ਸਬਕ ਸਿੱਖਿਆ ਹੈ ਜਾਂ ਨਹੀਂ? ਜੇ ਅਸੀਂ ਸਬਕ ਸਿੱਖਿਆ ਹੁੰਦਾ ਤਾਂ ਸਾਡੀ ਸੋਚ ਕੁਝ ਕੁ ਜ਼ਰੂਰ ਬਦਲਦੀ; ਅੱਜ ਵੀ ਉਹੀ ਹਾਲ ਹੈ-ਲੀਡਰ ਵਿਕ ਰਹੇ ਹਨ ਅਤੇ ਪੰਜਾਬ ਦੀ ਜਵਾਨੀ ਨਸ਼ਿਆਂ ਵਿਚ ਗਲ ਰਹੀ ਹੈ। ਜਦੋਂ ਵੀ ਕਦੇ ਕੋਈ ਇਨ੍ਹਾਂ ਗੱਲਾਂ ਬਾਰੇ ਸੋਚਣ ਲੱਗਦਾ ਹੈ ਤਾਂ ਇਹ ਲੀਡਰ ਜਾਂ ਧਾਰਮਿਕ ਲੋਕ, ਕੋਈ ਨਾ ਕੋਈ ਅਜਿਹਾ ਮਸਲਾ ਖੜ੍ਹਾ ਕਰ ਦਿੰਦੇ ਹਨ ਕਿ ਲੋਕਾਂ ਦਾ ਧਿਆਨ ਉਧਰੋਂ ਹਟ ਜਾਵੇ। ਸਿੱਖਾਂ ਦਾ ਸ਼ੁਮਾਰ ਬਹਾਦਰ ਕੌਮਾਂ ਵਿਚ ਕੀਤਾ ਜਾਂਦਾ ਹੈ ਪਰ ਅੱਜ ਪੂਰੀ ਦੁਨੀਆਂ ਵਿਚ ਅਸੀਂ ਕੀ ਹਾਂ ਅਤੇ ਕਿੱਥੇ ਹਾਂ? ਗੁਰਦੁਆਰਿਆਂ ਦੀਆਂ ਲੜਾਈ ਹੀ ਨਹੀਂ ਮੁੱਕ ਰਹੀਆਂ। ਅਸੀਂ ਨਿੱਕੀ ਨਿੱਕੀ ਗੱਲ ‘ਤੇ ਗੁਰਦੁਆਰਿਆਂ ਵਿਚ ਲੜਾਈਆਂ ਕਰਦੇ ਹਾਂ; ਜਾਂ ਹੋਰ ਮਾੜੇ ਕੰਮ ਕਰਦੇ ਹਾਂ। ਇਹ ਸਭ ਕਰ ਕੇ ਅਸੀਂ ਕਿਤੇ ਆਉਣ ਵਾਲੀਆਂ ਨਸਲਾਂ ਨਾਲ ਜ਼ੁਲਮ ਤਾਂ ਨਹੀਂ ਕਰ ਰਹੇ?

Be the first to comment

Leave a Reply

Your email address will not be published.