ਪੰਜਾਬ ਦਾ ਅਜ਼ੀਮ ਹੀਰੋ ਸਰ ਗੰਗਾ ਰਾਮ

ਜਸਟਿਸ ਸੱਯਦ ਆਸਫ਼ ਸ਼ਾਹਕਾਰ
ਮਜ਼੍ਹਬੀ ਪਾਗਲਪਣ ਨਾਲ ਅੰਨ੍ਹਾ ਹੋਇਆ ਮੁਸਲਮਾਨਾਂ ਦਾ ਜਲੂਸ ਹਿੰਦੂਆਂ ਦੇ ਕੁਝ ਰਿਹਾਇਸ਼ੀ ਇਲਾਕਿਆਂ ਨੂੰ ਅੱਗਾਂ ਲਾ ਕੇ ਤਬਾਹ ਕਰਨ ਮਗਰੋਂ ਸਰ ਗੰਗਾ ਰਾਮ ਦੇ ਬੁੱਤ ਵੱਲ ਆ ਗਿਆ। ਪਹਿਲਾਂ ਉਨ੍ਹਾਂ ਇਸ ਨੂੰ ਪੱਥਰ ਮਾਰੇ, ਫਿਰ ਲੁੱਕ ਨਾਲ ਇਹਦਾ ਮੂੰਹ ਕਾਲਾ ਕੀਤਾ। ਇਸ ਮਗਰੋਂ ਇਕ ਬੰਦਾ ਜੁੱਤੀਆਂ ਦਾ ਹਾਰ ਲੈ ਕੇ ਬੁੱਤ ਦੇ ਗਲ ਵਿਚ ਪਾਉਣ ਲਈ ਚੜ੍ਹਿਆ। ਇਸ ਦੌਰਾਨ ਪਲਿਸ ਆ ਗਈ। ਗੋਲੀ ਚੱਲ ਗਈ। ਫੱਟੜ ਹੋਣ ਵਾਲਿਆਂ ਵਿਚ ਇਹ ਜੁੱਤੀਆਂ ਦਾ ਹਾਰ ਪਾਉਣ ਵੀ ਸੀ। ਸਾਰੇ ਜਲੂਸ ਨੇ ਰੌਲਾ ਪਾ ਦਿੱਤਾ, “ਫ਼ਟਾ-ਫਟ ਕਰੋ, ਇਹਨੂੰ ਗੰਗਾ ਰਾਮ ਹਸਪਤਾਲ ਲੈ ਚੱਲੋ।”
ਇਹ ਲਫ਼ਜ਼ ਸਆਦਤ ਹਸਨ ਮੰਟੋ ਨੇ ਆਪਣੀ ਇਕ ਮਸ਼ਹੂਰ ਕਹਾਣੀ ਵਿਚ ਲਿਖੇ।
ਇਹ ਬੰਦਾ (ਗੰਗਾ ਰਾਮ) ਕੌਣ ਸੀ ਤੇ ਮਜ਼੍ਹਬੀ ਪਾਗਲਪੁਣੇ ਨੇ ਇਸ ਬੰਦੇ ਨਾਲ ਕੀ ਕੀਤਾ? ਇਹ ਗੱਲ ਹਰ ਪੰਜਾਬੀ ਨੂੰ ਕਦੇ ਨਹੀਂ ਭੁੱਲਣੀ ਚਾਹੀਦੀ। ਇਹ ਉਹ ਬੰਦਾ ਏ ਜਿਹਨੂੰ ਇਨਸਾਨੀਅਤ ਦਾ ਅਜ਼ੀਮ ਖ਼ਾਦਮ, ਪੰਜਾਬੀ ਕੌਮ ਦਾ ਨਾ ਭੁੱਲਣ ਵਾਲਾ ਮਹਾਨ ਹੀਰੋ ਤੇ ਨਵੇਂ ਲਾਹੌਰ ਦਾ ਪਿਓ ਕਿਹਾ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ। ਇਸ ਬੰਦੇ ਨੇ ਆਪਣੀ ਜ਼ਿੰਦਗੀ ਵਿਚ ਕਿੰਨੇ ਇਨਸਾਨਾਂ ਦਾ ਭਲਾ ਕੀਤਾ, ਇਹ ਗੱਲ ਤਾਂ ਵੱਖਰੀ ਰਹਿ ਗਈ ਪਰ ਇਹਦੇ ਮਰਨ ਮਗਰੋਂ ਅੱਜ ਤੱਕ ਕਿੰਨੇ ਇਨਸਾਨਾਂ ਦਾ ਭਲਾ ਹੋਇਆ, ਇਹਦੀ ਗਿਣਤੀ ਕਰਨੀ ਔਖਾ ਕੰਮ ਏ। ਇਸ ਦੇ ਭਲੇ ਦਾ ਕੰਮ ਮੁੱਕ ਨਹੀਂ ਗਿਆ ਸਗੋਂ ਅੱਜ ਵੀ ਚਾਲੂ ਏ ਤੇ ਰਹਿੰਦੀ ਦੁਨੀਆਂ ਤੱਕ ਜਾਰੀ ਰਹੇਗਾ। ਅੱਜ ਵੀ ਇਸ ਬੰਦੇ ਦੀ ਪੜਪੋਤੀ ਗੰਗਾ ਰਾਮ ਹਸਪਤਾਲ ਨੂੰ ਪੈਸੇ ਘੱਲਦੀ ਏ।
ਬਦਕਿਸਮਤੀ ਨਾਲ ਇਸ ਬੰਦੇ ਦਾ ਇਨਸਾਨਾਂ ਦੇ ਉਸ ਗਰੁਪ (ਹਿੰਦੂਆਂ) ਨਾਲ ਤਾਅਲੁਕ ਏ ਜਿਨ੍ਹਾਂ ਨਾਲ ਨਫ਼ਰਤ ਕਰਨਾ ਮਜ਼੍ਹਬ ਰਾਹੀਂ “ਸਵਾਬ” ਤੇ ਨਾਮਨਿਹਾਦ ਪਾਕਿਸਤਾਨੀ ਕੌਮਪ੍ਰਸਤੀ ਰਾਹੀਂ “ਦੇਸ ਪਿਆਰ” ਦੀ ਨਿਸ਼ਾਨੀ ਬਣ ਗਿਆ ਏ। ਇਸ ਬੰਦੇ ਬਾਰੇ ਲਹਿੰਦੇ ਪੰਜਾਬ ਵਿਚ ਕਿੰਨੇ ਬੰਦਿਆਂ ਨੂੰ ਪਤਾ ਏ? ਉਨ੍ਹਾਂ ਦੀ ਗਿਣਤੀ ਆਟੇ ਵਿਚ ਲੂਣ ਬਰਾਬਰ ਵੀ ਨਹੀਂ। ਪਾਕਿਸਤਾਨ ਦੀ ਤਵਾਰੀਖ਼ ਵਿਚ ਇਸ ਬੰਦੇ ਦਾ ਨਾਂ ਵਰਜ ਦਿੱਤਾ ਗਿਆ ਏ। ਲਹਿੰਦੇ ਪੰਜਾਬ ਵਿਚ ਰੋਜ਼ ਸੜਕਾਂ ਤੇ ਥਾਂਵਾਂ ਦੇ ਨਾਂ ਨਾਮਨਿਹਾਦ ਇਤਿਹਾਸਕ ਸ਼ਖ਼ਸੀਅਤਾਂ ਦੇ ਨਾਂ ‘ਤੇ ਰੱਖੇ ਜਾਂਦੇ ਨੇ ਪਰ ਇਸ ਬੰਦੇ ਦੇ ਨਾਂ ‘ਤੇ ਨਾ ਤਾਂ ਕਦੇ ਕਿਸੇ ਸੜਕ, ਥਾਂ ਦਾ ਨਾਂ ਰੱਖਿਆ ਗਿਆ ਏ ਤੇ ਨਾ ਈ ਇਸ ਗੱਲ ਦਾ ਖ਼ਿਆਲ ਕਦੇ ਕਿਸੇ ਨੂੰ ਆਵੇਗਾ। ਅਜਿਹੇ ਬੰਦਿਆਂ ਦੀ ਥਾਂ ਉਥੇ ਉਨ੍ਹਾਂ ਲੋਕਾਂ (ਜਿਨ੍ਹਾਂ ਵਿਚ ਵੱਡੀ ਗਿਣਤੀ ਗ਼ੈਰ-ਪੰਜਾਬੀਆਂ ਦੀ ਏ) ਦੇ ਨਾਂ ‘ਤੇ ਸੜਕਾਂ ਤੇ ਥਾਂਵਾਂ ਦੇ ਨਾਂ ਧੜਾਧੜ ਰੱਖੇ ਜਾਂਦੇ ਨੇ ਜਿਨ੍ਹਾਂ ਪੰਜਾਬ ਲਈ ਭਲੇ ਦਾ ਕੋਈ ਕੰਮ ਕਰਨ ਦੀ ਥਾਂ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਲਈ ਪੰਜਾਬ ਨਾਲ ਰੱਜ ਕੇ ਬੁਰਾ ਕੀਤਾ।
ਇਹ ਬੰਦਾ ਸਰ ਗੰਗਾ ਰਾਮ ਏ ਜਿਹਨੂੰ ਬਿਨਾਂ ਸ਼ੱਕ ਪੰਜਾਬੀ ਕੌਮ ਦਾ ਅਜ਼ੀਮ ਹੀਰੋ ਆਖਿਆ ਜਾ ਸਕਦਾ ਏ। ਜੇ ਕਦੇ ਮਜ਼੍ਹਬੀ ਕੱਟੜਪੁਣੇ ਤੋਂ ਪਾਕ ਪੰਜਾਬ ਦੀ ਤਾਰੀਖ਼ ਲਿਖੀ ਜਾਵੇਗੀ ਤਾਂ ਇਸ ਵਿਚ ਸਰ ਗੰਗਾ ਰਾਮ ਦਾ ਨਾਂ ਨਵੇਂ ਪੰਜਾਬ ਦੇ ਮੋਢੀਆਂ ਵਿਚ ਸਭ ਤੋਂ ਉਤੇ ਆਵੇਗਾ। ਇਹ ਸ਼ਾਨਦਾਰ ਜ਼ਿਮੀਂਦਾਰ ਤੇ ਕਦੇ ਨਾ ਭੁੱਲਣ ਵਾਲਾ ਇਨਸਾਨੀ ਭਲਾਈ ਦਾ ਅਜ਼ੀਮ ਅਲੰਬਰਦਾਰ ਸੀ।
ਇਹ ਜ਼ਿਲ੍ਹਾ ਸ਼ੇਖ਼ੂਪੁਰੇ ਦੇ ਪਿੰਡ ਮਾਂਗਟਾਂ ਵਾਲਾ ਵਿਚ ਅਪਰੈਲ 1851 ਵਿਚ ਜੰਮਿਆ। ਉਹਦਾ ਪਿਓ ਦੌਲਤ ਰਾਮ ਮਾਂਗਟਾਂ ਵਾਲਾ ਥਾਣੇ ਵਿਚ ਛੋਟਾ ਥਾਣੇਦਾਰ ਸੀ। ਇਸ ਮਗਰੋਂ ਇਹ ਅੰਮ੍ਰਿਤਸਰ ਜਾ ਕੇ ਰਹਿਣ ਲੱਗ ਪਿਆ ਤੇ ਅਦਾਲਤ ਵਿਚ ਰੀਡਰ ਲੱਗ ਗਿਆ। ਇਥੋਂ ਈ ਗੰਗਾ ਰਾਮ ਨੇ ਗੌਰਮਿੰਟ ਹਾਈ ਸਕੂਲ ਵਿਚੋਂ ਮੈਟ੍ਰਿਕ ਪਾਸ ਕੀਤਾ ਤੇ 1868 ਵਿਚ ਗੌਰਮਿੰਟ ਕਾਲਜ ਲਾਹੌਰ ਵਿਚ ਦਾਖ਼ਲ ਹੋ ਗਿਆ। 1871 ਵਿਚ ਉਹਨੇ ਵਜ਼ੀਫ਼ਾ ਹਾਸਲ ਕੀਤਾ ਤੇ ਥਾਮਸਨ ਸਿਵਲ ਇੰਜੀਨੀਅਰਿੰਗ ਕਾਲਜ ਰੁੜਕੀ ਵਿਚ ਦਾਖ਼ਲ ਹੋ ਗਿਆ। 1873 ਵਿਚ ਇਹ ਇਮਤਿਹਾਨ ਉਹਨੇ ਗੋਲਡ ਮੈਡਲ ਨਾਲ ਪਾਸ ਕੀਤਾ। ਇਹਦੇ ਨਾਲ ਈ ਉਹਨੂੰ ਦਿੱਲੀ ਤੋਂ ਨੌਕਰੀ ਦਾ ਸੱਦਾ ਆ ਗਿਆ।
1873 ਵਿਚ ਪੀæਡਬਲਿਊæਡੀæ ਵਿਚ ਕੁਝ ਚਿਰ ਕੰਮ ਕਰਨ ਮਗਰੋਂ ਉਹ ਨੌਕਰੀ ਛੱਡ ਕੇ ਜ਼ਿਮੀਂਦਾਰੀ ਵੱਲ ਆ ਗਿਆ। ਉਹਨੇ ਸਰਕਾਰ ਤੋਂ ਮਿੰਟਗੁਮਰੀ (ਸਾਹੀਵਾਲ) ਜ਼ਿਲ੍ਹੇ ਵਿਚ ਪੰਜਾਹ ਹਜ਼ਾਰ ਏਕੜ ਗ਼ੈਰ-ਆਬਾਦ ਜ਼ਮੀਨ ਠੇਕੇ ‘ਤੇ ਲਈ ਅਤੇ ਲੰਗੋਟਾ ਕੱਸ ਕੇ ਇਹਨੂੰ ਆਬਾਦ ਕਰਨ ਲੱਗ ਪਿਆ। ਇਹ ਉਸ ਵੇਲੇ ਦਾ ਸਭ ਤੋਂ ਵੱਡਾ ਪ੍ਰਾਈਵੇਟ ਕਾਰੋਬਾਰੀ ਮਨਸੂਬਾ ਸੀ। ਇਹ ਮਨਸੂਬਾ ਏਡਾ ਵੱਡਾ ਸੀ ਕਿ ਇਸ ਤੋਂ ਪਹਿਲਾਂ ਇਹੋ ਜਿਹਾ ਮਨਸੂਬਾ ਨਾ ਤਾਂ ਕਿਸੇ ਦੇ ਇਲਮ ਵਿਚ ਸੀ ਤੇ ਨਾ ਈ ਕਦੇ ਕਿਸੇ ਸੋਚਿਆ ਸੀ। ਉਹਨੇ ਹਾਈਡਰੋਲਿਕ ਪਲਾਂਟ ਰਾਹੀਂ ਇਨ੍ਹਾਂ ਹਜ਼ਾਰਾਂ ਏਕੜਾਂ ਨੂੰ ਪਾਣੀ ਦੇਣ ਦਾ ਨਿਜ਼ਾਮ ਬਣਾਇਆ ਤੇ ਤਿੰਨਾਂ ਸਾਲਾਂ ਵਿਚ ਈ ਇਹ ਗ਼ੈਰ-ਆਬਾਦ ਤੇ ਬੰਜਰ ਜ਼ਮੀਨ ਹਰੇ ਭਰੇ ਖੇਤਾਂ ਵਿਚ ਬਦਲ ਗਈ। ਇਹ ਸਾਰਾ ਮਨਸੂਬਾ ਉਹਦਾ ਆਪਣਾ ਸੀ। ਇਸ ਮਨਸੂਬੇ ਰਾਹੀਂ ਉਹਨੂੰ ਕਰੋੜਾਂ ਦੀ ਆਮਦਨੀ ਹੋਈ ਪਰ ਉਹਨੇ ਇਹ ਕਰੋੜਾਂ ਰੁਪਏ ਆਪਣੇ ਕੋਲ ਰੱਖਣ ਦੀ ਥਾਂ ਇਨ੍ਹਾਂ ਚੋਂ ਬਹੁਤੇ ਭਲੇ ਦੇ ਕੰਮਾਂ ਉਤੇ ਲਾ ਦਿੱਤੇ। ਇਸ ਵੇਲੇ ਪੰਜਾਬ ਦੇ ਅੰਗਰੇਜ਼ ਗਵਰਨਰ ਮੈਲਕਮ ਹਿੱਲੀ ਦੇ ਕਹਿਣ ਮੁਤਾਬਿਕ, “ਸਰ ਗੰਗਾ ਰਾਮ ਹੀਰੋ ਵਾਂਗ ਜਿੱਤਦਾ ਏ ਪਰ ਦਰਵੇਸ਼ਾਂ ਵਾਂਗ ਦਾਨ ਕਰ ਦਿੰਦਾ ਏ।” ਉਹ ਮਹਾਨ ਇੰਜੀਨੀਅਰ ਤੇ ਇਸ ਤੋਂ ਵੀ ਵੱਡਾ ਦਾਨ ਪੁੰਨ ਕਰਨ ਵਾਲਾ ਇਨਸਾਨ ਸੀ।
1900 ਵਿਚ ਕਿੰਗ ਐਡਵਰਡ ਦੀ ਤਾਜਪੋਸ਼ੀ ਵੇਲੇ ਲਾਰਡ ਕਰਜ਼ਨ ਨੇ ਉਹਨੂੰ ਸ਼ਾਹੀ ਦਰਬਾਰ ਬਣਾਉਣ ਦੀ ਜ਼ਿੰਮੇਦਾਰੀ ਦਿੱਤੀ। ਇਹ ਸਰ ਗੰਗਾ ਰਾਮ ਲਈ ਚੈਲੰਜ ਵਾਂਗ ਸੀ। ਉਹਨੇ ਦਿਨ ਰਾਤ ਲਾ ਕੇ ਹਰ ਤਰ੍ਹਾਂ ਦੇ ਮਸਲੇ ਹੱਲ ਕੀਤੇ ਤੇ ਇਹ ਮਨਸੂਬਾ ਕਾਮਯਾਬੀ ਨਾਲ ਮੁਕੰਮਲ ਕੀਤਾ ਪਰ ਸਰਕਾਰ ਵੱਲੋਂ ਹਰ ਸਾਲ ਇੱਜ਼ਤ ਮਾਣ ਲੈਣ ਵਾਲਿਆਂ ਦੀ ਲਿਸਟ ਵਿਚ ਉਹਦਾ ਨਾਂ ਨਹੀਂ ਸੀ। ਇਸ ਗੱਲ ਤੋਂ ਬਦ-ਦਿਲ ਹੋ ਕੇ ਉਹ 1903 ਵਿਚ ਰਿਟਾਇਰ ਹੋ ਗਿਆ।
ਸਰ ਗੰਗਾ ਰਾਮ ਨੇ ਲਾਹੌਰ ਵਿਚ ਵੱਡਾ ਡਾਕਖ਼ਾਨਾ, ਅਜਾਇਬ ਘਰ, ਐਚੀਸਨ ਕਾਲਜ, ਨੈਸ਼ਨਲ ਕਾਲਜ ਆਫ਼ ਆਰਟਸ, ਗੰਗਾ ਰਾਮ ਹਸਪਤਾਲ, ਲੇਡੀ ਮੈਕਲੈਗਨ ਗਰਲਜ਼ ਹਾਈ ਸਕੂਲ, ਗੌਰਮਿੰਟ ਕਾਲਜ ਲਾਹੌਰ ਦਾ ਕੈਮਿਸਟਰੀ ਡਿਪਾਰਟਮੈਂਟ, ਮੀਊ ਹਸਪਤਾਲ ਦਾ ਅਲਬਰਟ ਵਿਕਟਰ ਹਿੱਸਾ, ਲਾਹੌਰ ਕਾਲਜ ਫ਼ਾਰ ਵਿਮਨ, ਹਿੱਲੀ ਕਾਲਜ ਆਫ਼ ਕਾਮਰਸ, ਮਾਜ਼ੂਰਾਂ ਲਈ ਰਾਵੀ ਰੋਡ ਹਾਊਸ, ਗੰਗਾ ਰਾਮ ਟਰੱਸਟ ਬਿਲਡਿੰਗ, ਲੇਡੀ ਮੈਨਰ ਇੰਡਸਟ੍ਰੀਅਲ ਸਕੂਲ ਤੇ ਮਾਡਲ ਟਾਊਨ ਬਣਾਏ। ਵੰਡ ਤੋਂ ਪਹਿਲਾਂ ਮਾਡਲ ਟਾਊਨ ਲਾਹੌਰ ਪੂਰੇ ਪੰਜਾਬ ਦਾ ਸਭ ਤੋਂ ਮਾਡਰਨ ਤੇ ਮਿਸਾਲੀ ਇਲਾਕਾ ਗਿਣਿਆ ਜਾਂਦਾ ਸੀ।
ਇਸ ਤੋਂ ਵੱਖ ਉਹਨੇ ਰਿਨਾਲਾ ਖ਼ੁਰਦ ਵਿਚ ਬਿਜਲੀ ਘਰ ਅਤੇ ਪਠਾਨਕੋਟ ਤੇ ਅੰਮ੍ਰਿਤਸਰ ਵਿਚਕਾਰ ਰੇਲਵੇ ਲਾਈਨ ਵੀ ਬਣਾਈ। ਪਟਿਆਲਾ ਵਿਚ ਮੋਤੀ ਬਾਗ਼ ਮਹਿਲ, ਦਿੱਲੀ ਵਿਚ ਸੈਕਟਰੀਏਟ ਦੀ ਬਿਲਡਿੰਗ, ਅਦਾਲਤਾਂ, ਥਾਣੇ ਤੇ ਵਿਕਟੋਰੀਆ ਗਰਲਜ਼ ਸਕੂਲ ਵੀ ਬਣਾਏ। ਜ਼ਿਲ੍ਹਾ ਲਾਇਲਪੁਰ (ਫ਼ੈਸਲਾਬਾਦ) ਵਿਚ ਉਹਨੇ ਘੋੜਾ ਗੱਡੀ ਦੀ ਲਾਈਨ ਬਣਾਈ। ਇਹ ਇਕ ਖ਼ਾਸ ਗੱਡੀ ਸੀ ਜਿਹਦੀ ਪਟੜੀ ਤਾਂ ਲੋਹੇ ਦੀ ਸੀ, ਇਸ ਨੂੰ ਇੰਜਣ ਦੀ ਥਾਂ ਘੋੜੇ ਖਿੱਚਦੇ ਸਨ। ਇਹ ਲਾਈਨ ਬਚਿਆਨਾ ਰੇਲਵੇ ਸਟੇਸ਼ਨ ਤੋਂ ਉਹਦੇ ਪਿੰਡ ਗੰਗਾ ਰਾਮ ਜਾਂਦੀ ਸੀ।
ਵਾਹੀ ਬੀਜੀ ਦੇ ਮੈਦਾਨ ਵਿਚ ਇਸ ਕਮਾਲ ਕੀਤੇ। ਉਹਨੇ ਪਹਿਲਾਂ ਮਿੰਟਗੁਮਰੀ ਵਿਚ ਪੰਜਾਹ ਹਜ਼ਾਰ ਏਕੜ ਜ਼ਮੀਨ ਠੇਕੇ ‘ਤੇ ਲਈ। ਫ਼ਿਰ ਹਜ਼ਾਰਾਂ ਏਕੜ ਜ਼ਮੀਨ ਜ਼ਿਲ੍ਹਾ ਲਾਇਲਪੁਰ ਵਿਚ ਮੁੱਲ ਲਈ। ਉਹਨੇ ਆਪਣੀ ਇੰਜੀਨੀਅਰਿੰਗ ਦੀ ਮਹਾਰਤ ਤੇ ਪਾਣੀ ਲਾਉਣ ਦੇ ਨਵੇਂ ਤਰੀਕੇ ਕੱਢ ਕੇ ਜੰਗਲ਼ ਨੂੰ ਮੰਗਲ ਬਣਾ ਦਿੱਤਾ।
ਗੰਗਾ ਰਾਮ ਹਸਪਤਾਲ ਲਾਹੌਰ, ਲੇਡੀ ਮੈਕਲੈਗਨ ਕਾਲਜ ਤੇ ਰਿਨਾਲਾ ਖ਼ੁਰਦ ਦਾ ਬਿਜਲੀ ਘਰ ਉਹਨੇ ਆਪਣੇ ਪੈਸੇ ਨਾਲ ਬਣਾਏ। ਇਸ ਤੋਂ ਵੱਖ ਉਹਦੇ ਹੋਰ ਕਾਰਨਾਮਿਆਂ ਦੀ ਲਿਸਟ ਬਹੁਤ ਲੰਮੀ ਏ। ਪੰਜਾਬ ਵਿਚ ਜੋ ਕੁਝ ਉਹਨੇ ਬਣਾਇਆ, ਜੇ ਉਹਨੂੰ ਦੇਖਿਆ ਜਾਵੇ ਤਾਂ ਸ਼ਾਹਜਹਾਨ ਉਹਦੇ ਸਾਹਮਣੇ ਹੀਣਾ ਲਗਦਾ ਏæææਤੇ ਉਹਨੂੰ ਆਰਾਮ ਨਾਲ ਪੰਜਾਬ ਦਾ ਸ਼ਾਹਜਹਾਨ ਆਖਿਆ ਜਾ ਸਕਦਾ ਏ। ਉਹਨੇ ਪੰਜਾਬੀਆਂ ਨੂੰ ਇਲਮ, ਸਿਹਤ ਤੇ ਖ਼ੁਸ਼ਹਾਲੀ ਦਿੱਤੀ। ਜੋ ਕੁਝ ਉਹਨੇ ਪੰਜਾਬੀਆਂ ਲਈ ਕੀਤਾ, ਸਾਨੂੰ ਤਾਰੀਖ਼ ਵਿਚ ਇਹੋ ਜਿਹੀ ਹੋਰ ਕੋਈ ਮਿਸਾਲ ਨਹੀਂ ਮਿਲਦੀ। ਉਹਨੇ ਨੇਕੀ ਦੇ ਸਾਰੇ ਵੱਡੇ ਵੱਡੇ ਕੰਮ ਇਨਸਾਨਾਂ ਨੂੰ ਸਾਹਮਣੇ ਰੱਖ ਕੇ ਕੀਤੇ। ਉਹਦੇ ਵਿਚ ਨਾ ਤਾਂ ਸਿਆਸਤ ਰਲੀ ਹੋਈ ਸੀ ਤੇ ਨਾ ਈ ਮਜ਼੍ਹਬ।
ਪੰਜਾਬ ਦਾ ਇਹ ਸੱਚਾ ਪੁੱਤਰ ਤੇ ਹੀਰੋ ਭਾਵੇਂ 10 ਜੁਲਾਈ 1927 ਨੂੰ ਲੰਡਨ ਵਿਚ ਅਗਲੇ ਜਹਾਨ ਤੁਰ ਗਿਆ ਪਰ ਉਹਦੀ ਵਸੀਅਤ ਮੁਤਾਬਿਕ ਉਹਨੂੰ ਸਾੜਨ ਮਗਰੋਂ ਸੁਆਹ ਲਾਹੌਰ ਲਿਆ ਕੇ ਰਾਵੀ ਕੰਢੇ ਦਫ਼ਨ ਕੀਤੀ ਗਈ। ਜਿਵੇਂ ਸਾਰੀ ਦੁਨੀਆਂ ਆਪਣੇ ਹੀਰੋਆਂ ਦੇ ਬੁੱਤ ਬਣਾ ਕੇ ਰੱਖਦੀ ਏ, ਚਾਹੀਦਾ ਤਾਂ ਇਹ ਹੈ ਕਿ ਸਾਰੇ ਪੰਜਾਬ ਵਿਚ ਆਮ ਤੌਰ ‘ਤੇ ਅਤੇ ਲਾਹੌਰ ਵਿਚ ਖ਼ਾਸ ਤੌਰ ਤੇ ਪੰਜਾਬ ਦੇ ਇਸ ਅਜ਼ੀਮ ਹੀਰੋ ਤੇ ਨਵੇਂ ਲਾਹੌਰ ਦੇ ਪਿਓ ਦੇ ਬੁੱਤ ਹੋਣ, ਪਰ ਲਹਿੰਦੇ ਪੰਜਾਬ ਵਿਚ ਹਿੰਦੂਆਂ ਖ਼ਿਲਾਫ਼ ਸ਼ੈਦਾਈ ਨਫ਼ਰਤ ਹੋਣ ਕਾਰਨ ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ।
ਉਂਜ ਇਹ ਤਾਂ ਮੁਮਕਿਨ ਹੈ ਕਿ ਸਾਰੇ ਪੰਜਾਬ ਦੇ ਈਮਾਨਦਾਰ, ਸਾਫ਼ ਦਿਲ ਤੇ ਕੌਮਪ੍ਰਸਤ ਪੰਜਾਬੀ (ਖ਼ਾਸ ਤੌਰ ਲਹਿੰਦੇ ਪੰਜਾਬ ਦੇ) ਆਪਣੇ ਦਿਲਾਂ ਵਿਚ ਗੰਗਾ ਰਾਮ ਦਾ ਬੁੱਤ ਬਣਾ ਕੇ ਰੱਖਣ।

Be the first to comment

Leave a Reply

Your email address will not be published.