ਅਕਾਲੀ ਉਮੀਦਵਾਰ ਸਾਰਿਆ ਤੋਂ ਵੱਧ ਮਾਇਆਧਾਰੀ

ਚੰਡੀਗੜ੍ਹ: ਲੋਕ ਸਭਾ ਚੋਣਾਂ ਦੌਰਾਨ ਮੈਦਾਨ ਵਿਚ ਨਿੱਤਰੇ ਅਕਾਲੀ ਦਲ ਤੇ ਭਾਜਪਾ ਦੇ ਉਮੀਦਵਾਰ ਸਭ ਤੋਂ ਵੱਧ ਅਮੀਰ ਹਨ। ਸਾਲਾਨਾ ਆਮਦਨ ਦੇ ਮਾਮਲੇ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਹਰਸਿਮਰਤ ਕੌਰ ਬਾਦਲ ਜੋ ਬਠਿੰਡਾ ਤੋਂ ਉਮੀਦਵਾਰ ਹਨ, 253 ਉਮੀਦਵਾਰਾਂ ਵਿਚੋਂ ਅੱਵਲ ਨੰਬਰ ‘ਤੇ ਹਨ। ਉਨ੍ਹਾਂ ਦੀ ਸਾਲਾਨਾ ਆਮਦਨ 4æ91 ਕਰੋੜ ਰੁਪਏ ਹੈ। ਅਕਾਲੀ ਦਲ ਦੇ ਫ਼ਤਹਿਗੜ੍ਹ ਸਾਹਿਬ ਤੋਂ ਉਮੀਦਵਾਰ ਕੁਲਵੰਤ ਸਿੰਘ ਦੀ ਸਾਲਾਨਾ ਆਮਦਨ 4æ34 ਕਰੋੜ ਰੁਪਏ ਤੇ ਭਾਰਤੀ ਜਨਤਾ ਪਾਰਟੀ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਅਰੁਣ ਜੇਤਲੀ ਦੀ ਸਾਲਾਨਾ ਆਮਦਨ 3æ19 ਕਰੋੜ ਰੁਪਏ ਹੈ। ਇਹ ਤਿੰਨੇ ਸਾਰੇ ਉਮੀਦਵਾਰਾਂ ਨਾਲੋਂ ਅਮੀਰ ਵੀ ਹਨ।
‘ਪੰਜਾਬ ਇਲੈਕਸ਼ਨ ਵਾਚ’ ਜਥੇਬੰਦੀ ਵੱਲੋਂ ਸਮੁੱਚੇ ਉਮੀਦਵਾਰਾਂ ਦੇ ਜਾਰੀ ਕੀਤੇ ਅੰਕੜਿਆਂ ਮੁਤਾਬਕ ਭਾਜਪਾ ਦੇ ਤਿੰਨ ਉਮੀਦਵਾਰਾਂ ਦੀ ਔਸਤਨ ਜਾਇਦਾਦ 60 ਕਰੋੜ, ਅਕਾਲੀ ਦਲ ਦੇ ਉਮੀਦਵਾਰਾਂ ਦੀ 34 ਕਰੋੜ ਤੇ ਕਾਂਗਰਸ ਦੇ ਉਮੀਦਵਾਰਾਂ ਦੀ 32æ70 ਕਰੋੜ ਰੁਪਏ, ‘ਆਪ’ ਦੇ ਉਮੀਦਵਾਰਾਂ ਦੀ ਔਸਤਨ ਸੰਪਤੀ 4æ11 ਕਰੋੜ ਰੁਪਏ ਤੇ ਬਸਪਾ ਦੇ ਉਮੀਦਵਾਰਾਂ ਦੀ 1æ46 ਕਰੋੜ ਰੁਪਏ ਹੈ। ਅੰਕੜਿਆਂ ਮੁਤਾਬਕ ਸ੍ਰੀਮਤੀ ਬਾਦਲ ਦੀ ਕੁੱਲ ਸੰਪਤੀ 108 ਕਰੋੜ, ਕੁਲਵੰਤ ਸਿੰਘ ਦੀ 139 ਕਰੋੜ ਤੇ ਅਰੁਣ ਜੇਤਲੀ ਦੀ ਸੰਪਤੀ 113 ਕਰੋੜ ਰੁਪਏ ਹੈ। ਚੋਣ ਲੜ ਰਹੇ ਕੁੱਲ 253 ਉਮੀਦਵਾਰਾਂ ਵਿਚੋਂ 56 ਕਰੋੜਪਤੀ ਤੇ ਕੁਝ ਅਰਬਪਤੀ ਵੀ ਹਨ।
ਨੈਸ਼ਨਲ ਇਲੈਕਸ਼ਨ ਵਾਚ ਮੁਤਾਬਕ ਪੰਜਾਬ ਦੇ ਚਾਰ ਸਿਆਸਤਦਾਨਾਂ ਵਿਜੈ ਇੰਦਰ ਸਿੰਗਲਾ, ਪ੍ਰਤਾਪ ਸਿੰਘ ਬਾਜਵਾ, ਸ਼ੇਰ ਸਿੰਘ ਘੁਬਾਇਆ ਤੇ ਪ੍ਰਨੀਤ ਕੌਰ ਦੀ ਸੰਪਤੀ ਵਿਚ ਪੰਜ ਸਾਲਾਂ ਦੇ ਸਮੇਂ ਦੌਰਾਨ ਰਿਕਾਰਡ ਵਾਧਾ ਹੋਇਆ ਹੈ। ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸ੍ਰੀ ਸਿੰਗਲਾ ਵੱਲੋਂ ਸਾਲ 2009 ਦੀਆਂ ਚੋਣਾਂ ਦੌਰਾਨ 3æ47 ਕਰੋੜ ਰੁਪਏ ਦੀ ਸੰਪਤੀ ਦੱਸੀ ਗਈ ਸੀ ਤੇ ਇਸ ਵਾਰੀ 14æ73 ਕਰੋੜ ਹੋ ਗਈ ਹੈ ਜੋ 324 ਫ਼ੀਸਦੀ ਦਾ ਵਾਧਾ ਹੈ। ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਸੰਪਤੀ ਵਿਚ 263 ਫ਼ੀਸਦੀ ਦਾ ਵਾਧਾ ਹੋਇਆ ਹੈ।
ਉਨ੍ਹਾਂ ਸਾਲ 2009 ਵਿਚ 6æ80 ਕਰੋੜ ਰੁਪਏ ਸੰਪਤੀ ਦੱਸੀ ਸੀ ਤੇ ਇਸ ਵਾਰੀ 24æ70 ਕਰੋੜ ਰੁਪਏ ਦੱਸੀ ਹੈ। ਅਕਾਲੀ ਦਲ ਦੇ ਸਿਟਿੰਗ ਐਮæਪੀ ਸ਼ੇਰ ਸਿੰਘ ਘੁਬਾਇਆ ਦੀ ਸੰਪਤੀ ਵਿਚ 201 ਫ਼ੀਸਦੀ ਤੇ ਪਰਮਜੀਤ ਕੌਰ ਗੁਲਸ਼ਨ ਦੀ ਸੰਪਤੀ ਵਿਚ 165 ਫ਼ੀਸਦੀ ਦਾ ਵਾਧਾ ਹੋਇਆ ਹੈ। ਕਾਂਗਰਸ ਦੀ ਸਿਟਿੰਗ ਐਮæਪੀ ਪ੍ਰਨੀਤ ਕੌਰ ਦੀ ਸੰਪਤੀ ਵਿਚ 104 ਫ਼ੀਸਦੀ ਤੇ ਹਰਸਿਮਰਤ ਕੌਰ ਦੀ ਸੰਪਤੀ ਵਿਚ 79 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਕਾਂਗਰਸ ਦੇ ਦੋ ਸਿਟਿੰਗ ਐਮæਪੀ ਮਹਿੰਦਰ ਸਿੰਘ ਕੇਪੀ ਤੇ ਰਵਨੀਤ ਸਿੰਘ ਬਿੱਟੂ ਅਜਿਹੇ ਸਿਆਸਤਦਾਨ ਹਨ ਜਿਨ੍ਹਾਂ ਦੀ ਸੰਪਤੀ ਵਿਚ ਕ੍ਰਮਵਾਰ 44 ਤੇ 47 ਫ਼ੀਸਦੀ ਦਾ ਵਾਧਾ ਹੋਇਆ ਹੈ। ਗੀਤਾ ਰਾਣੀ ਤੇ ਕੁਲਦੀਪ ਕੁਮਾਰ ਨਾਮੀ ਆਜ਼ਾਦ ਉਮੀਦਵਾਰ ਜੋ ਕ੍ਰਮਵਾਰ ਬਠਿੰਡਾ ਤੇ ਜਲੰਧਰ ਤੋਂ ਚੋਣ ਲੜ ਰਹੇ ਹਨ, ਨੇ ਜ਼ੀਰੋ ਸੰਪਤੀ ਦੱਸੀ ਹੈ। ਰਾਜਸੀ ਵਿਅਕਤੀਆਂ ਦੀ ਸੰਪਤੀ ਛੜੱਪੇ ਮਾਰ ਕੇ ਵੱਧ ਰਹੀ ਹੈ। ਸਾਲ 2009 ਵਿਚ ਉਮੀਦਵਾਰਾਂ ਦੀ ਔਸਤ ਸੰਪਤੀ ਜੇਕਰ 1æ66 ਕਰੋੜ ਰੁਪਏ ਸੀ ਤਾਂ ਇਸ ਸਮੇਂ ਔਸਤਨ ਸੰਪਤੀ 4æ48 ਕਰੋੜ ਰੁਪਏ ਹੈ।
ਇਨ੍ਹਾਂ ਉਮੀਦਵਾਰਾਂ ਵਿਚ ਬਹੁਤ ਸਾਰੇ ਆਜ਼ਾਦ ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੀ ਸੰਪਤੀ ਸੈਂਕੜੇ ਰੁਪਈਆਂ ਵਿਚ ਹੀ ਹੈ। ਪੰਜਾਬ ਵਿਚ 81 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਨੇ ਪੈਨ ਨੰਬਰ ਨਹੀਂ ਦੱਸਿਆ ਤੇ 11 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਦੇ ਅਸਾਸਿਆਂ ਦੀ ਕੀਮਤ 50 ਲੱਖ ਤੋਂ ਜ਼ਿਆਦਾ ਤੇ ਆਮਦਨ ਦਾ ਕੋਈ ਵੇਰਵਾ ਨਹੀਂ ਦਿੱਤਾ ਗਿਆ।
_____________________________________________________________
ਪੰਜਾਬ ਵਿਚ 56 ਉਮੀਦਵਾਰ ਕਰੋੜਪਤੀ
ਚੰਡੀਗੜ੍ਹ: ਸਿਆਸੀ ਧਿਰਾਂ ਨੇ ਪੰਜਾਬ ਦੇ ਚੋਣ ਪਿੜ ਵਿਚ 56 ਕਰੋੜਪਤੀ ਉਮੀਦਵਾਰ ਉਤਾਰੇ ਹਨ ਜਦੋਂ ਕਿ 163 ਉਮੀਦਵਾਰ ਲੱਖਪਤੀ ਹਨ। ਸਿਰਫ਼ 34 ਉਮੀਦਵਾਰ ਹੀ ਅਜਿਹੇ ਹਨ ਜਿਨ੍ਹਾਂ ਕੋਲ ਹਜ਼ਾਰਾਂ ਵਿਚ ਹੀ ਪੂੰਜੀ ਹੈ। ਪੰਜਾਬ ਦੇ 13 ਲੋਕ ਸਭਾ ਹਲਕਿਆਂ ਵਿਚ ਸਿਰਫ਼ ਦੋ ਉਮੀਦਵਾਰ ਹੀ ਅਜਿਹੇ ਹਨ ਜਿਨ੍ਹਾਂ ਦੀ ਜੇਬ੍ਹ ਖਾਲੀ ਹੈ। ਬਠਿੰਡਾ ਦੀ ਮਹਿਲਾ ਉਮੀਦਵਾਰ ਗੀਤਾ ਰਾਣੀ ਕੋਲ ਕੋਈ ਚੱਲ-ਅਚੱਲ ਜਾਇਦਾਦ ਹੀ ਨਹੀਂ । ਇਵੇਂ ਜਲੰਧਰ ਹਲਕੇ ਤੋਂ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਕੋਲ ਵੀ ਕੋਈ ਸੰਪਤੀ ਨਹੀਂ। ਪੰਜਾਬ ਦੇ ਚੋਣ ਪਿੜ ਵਿਚ ਉਤਰੇ ਉਮੀਦਵਾਰਾਂ ਦੇ ਸੰਪਤੀ ਦੇ ਵੇਰਵਿਆਂ ਦੇ ਕੀਤੇ ਮੁਲਾਂਕਣ ਵਿਚ ਇਹ ਤੱਥ ਉਭਰੇ ਹਨ। ਸਭ ਤੋਂ ਅਮੀਰ ਫਤਹਿਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਕੁਲਵੰਤ ਸਿੰਘ ਹਨ। ਉਨ੍ਹਾਂ ਕੋਲ 139 ਕਰੋੜ ਰੁਪਏ ਦੀ ਜਾਇਦਾਦ ਹੈ। ਦੂਸਰੇ ਨੰਬਰ ‘ਤੇ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਅਰੁਣ ਜੇਤਲੀ ਹਨ ਜਿਨ੍ਹਾਂ ਕੋਲ 113 ਕਰੋੜ ਰੁਪਏ ਦੀ ਸੰਪਤੀ ਹੈ। ਬਠਿੰਡਾ ਤੋਂ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦਾ ਤੀਜਾ ਨੰਬਰ ਹੈ ਜਿਸ ਕੋਲ 108 ਕਰੋੜ ਰੁਪਏ ਦੀ ਜਾਇਦਾਦ ਹੈ। ਸੰਪਤੀ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਚੌਥੇ ਨੰਬਰ ‘ਤੇ ਹਨ ਜਿਨ੍ਹਾਂ ਕੋਲ 86æ35 ਕਰੋੜ ਰੁਪਏ ਦੀ ਨਿੱਜੀ ਜਾਇਦਾਦ ਹੈ। ਆਨੰਦਪੁਰ ਸਾਹਿਬ ਤੇ ਪਟਿਆਲਾ ਤੋਂ ਸੱਤ-ਸੱਤ ਉਮੀਦਵਾਰ ਕਰੋੜਪਤੀ ਹਨ ਜਦੋਂ ਕਿ ਸਭ ਤੋਂ ਜ਼ਿਆਦਾ ਲੱਖਪਤੀ 19 ਉਮੀਦਵਾਰ ਬਠਿੰਡਾ ਤੋਂ ਹਨ। ਫਰੀਦਕੋਟ, ਹੁਸ਼ਿਆਰਪੁਰ ਤੇ ਜਲੰਧਰ ਹਲਕਿਆਂ ਤੋਂ ਸਿਰਫ਼ ਦੋ-ਦੋ ਉਮੀਦਵਾਰ ਹੀ ਕਰੋੜਪਤੀ ਹਨ। ਫਿਰੋਜ਼ਪੁਰ ਹਲਕੇ ਵਿਚ ਛੇ ਤੇ ਲੁਧਿਆਣਾ ਵਿਚ ਪੰਜ ਕਰੋੜਪਤੀ ਉਮੀਦਵਾਰ ਚੋਣ ਲੜ ਰਹੇ ਹਨ।
________________________________________________________________
23 ਦਾਗੀ ਤੇ 12 ਅਨਪੜ੍ਹ ਉਮੀਦਵਾਰ
ਪੰਜਾਬ ਵਿਚ ਚੋਣ ਮੈਦਾਨ ਵਿਚ ਉੱਤਰੇ 23 ਉਮੀਦਵਾਰ ਅਜਿਹੇ ਹਨ ਜਿਨ੍ਹਾਂ ਖ਼ਿਲਾਫ਼ ਪੁਲਿਸ ਕੇਸ ਦਰਜ ਹਨ। ਇਸ ਤੋਂ ਇਲਾਵਾ ਅੱਠ ਉਮੀਦਵਾਰ ਅੰਗੂਠਾ ਛਾਪ ਵੀ ਹਨ ਜਦੋਂਕਿ ਚਾਰ ਉਮੀਦਵਾਰਾਂ ਨੂੰ ਸਿਰਫ਼ ਦਸਤਖ਼ਤ ਕਰਨੇ ਹੀ ਆਉਂਦੇ ਹਨ। ਗੁਰਦਾਸਪੁਰ ਹਲਕਾ ਅਜਿਹਾ ਹੈ ਜਿਥੋਂ 13 ਉਮੀਦਵਾਰਾਂ ਵਿਚੋਂ ਕਿਸੇ ਵੀ ਉਮੀਦਵਾਰ ਦੀ ਯੋਗਤਾ 12ਵੀਂ ਤੋਂ ਘੱਟ ਨਹੀਂ ਹੈ।
ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਤਿੰਨ ਪੁਲਿਸ ਕੇਸ ਹਨ ਜਦੋਂ ਕਿ ਬਠਿੰਡਾ ਤੋਂ ਸੀæਪੀæਆਈ (ਐਮæਐਲ) ਲਿਬਰੇਸ਼ਨ ਦੇ ਉਮੀਦਵਾਰ ‘ਤੇ ਵੀ ਤਿੰਨ ਪੁਲਿਸ ਕੇਸ ਦਰਜ ਹਨ। ਦੋ ਆਜ਼ਾਦ ਉਮੀਦਵਾਰਾਂ ਤੇ ਲੇਬਰ ਪਾਰਟੀ ਦੇ ਇਕ ਉਮੀਦਵਾਰ ‘ਤੇ ਵੀ ਪੁਲਿਸ ਕੇਸ ਦਰਜ ਹੈ। ਲੁਧਿਆਣਾ ਹਲਕੇ ਤੋਂ ਚੋਣ ਲੜ ਰਹੇ ਉਮੀਦਵਾਰਾਂ ‘ਤੇ ਅੱਧੀ ਦਰਜਨ ਪੁਲਿਸ ਕੇਸ ਦਰਜ ਹਨ। ਜਲੰਧਰ ਤੇ ਹੁਸ਼ਿਆਰਪੁਰ ਦੇ ਇਕ ਇਕ ਆਜ਼ਾਦ ਉਮੀਦਵਾਰ ‘ਤੇ ਪੁਲਿਸ ਕੇਸ ਦਰਜ ਹੈ। ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਪੰਜ ਉਮੀਦਵਾਰਾਂ ਖ਼ਿਲਾਫ਼ ਪੁਲਿਸ ਕੇਸ ਦਰਜ ਹਨ ਜਦੋਂ ਕਿ ਫਤਹਿਗੜ੍ਹ ਸਾਹਿਬ ਤੋਂ ਚੋਣ ਲੜ ਰਿਹਾ ਇਕ ਉਮੀਦਵਾਰ ਦਾਗ਼ੀ ਹੈ। ਸਿਰਫ਼ ਗੁਰਦਾਸਪੁਰ, ਆਨੰਦਪੁਰ ਸਾਹਿਬ, ਫਿਰੋਜ਼ਪੁਰ ਤੇ ਸੰਗਰੂਰ ਹਲਕੇ ਤੋਂ ਚੋੜ ਲੜਨ ਵਾਲੇ ਕਿਸੇ ਵੀ ਉਮੀਦਵਾਰ ਖ਼ਿਲਾਫ਼ ਕੋਈ ਪੁਲਿਸ ਕੇਸ ਨਹੀਂ ਹੈ।

Be the first to comment

Leave a Reply

Your email address will not be published.