-ਜਤਿੰਦਰ ਪਨੂੰ
ਰਾਹੁਲ ਗਾਂਧੀ ਲੀਡਰ ਹੈ ਇੱਕ ਪਾਰਟੀ ਦਾ, ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ, ਪਰ ਲੀਡਰੀ ਉਸ ਦੇ ਸਿਰ ਉਦੋਂ ਪਈ, ਜਦੋਂ ਪਾਰਟੀ ਦੀ ਹੋਂਦ ਖਤਰੇ ਵਿਚ ਕਹੀ ਜਾ ਰਹੀ ਹੈ। ਰਾਜਨੀਤੀ ਵਿਚ ਆਉਣ ਦਾ ਉਸ ਦੇ ਬਾਪ ਰਾਜੀਵ ਗਾਂਧੀ ਦਾ ਵੀ ਇਰਾਦਾ ਨਹੀਂ ਸੀ, ਪਰ ਛੋਟੇ ਭਰਾ ਸੰਜੇ ਗਾਂਧੀ ਦੀ ਹਵਾਈ ਹਾਦਸੇ ਵਿਚ ਮੌਤ ਮਗਰੋਂ ਇੰਦਰਾ ਗਾਂਧੀ ਨੇ ਜਦੋਂ ਆਲੇ-ਦੁਆਲੇ ਫਿਰਦੇ ਮਤਲਬੀ ਲੋਕਾਂ ਵਿਚ ਭਰੋਸੇ ਦੇ ਕਾਬਲ ਕੋਈ ਨਾ ਵੇਖਿਆ ਤਾਂ ਰਾਜੀਵ ਨੂੰ ਰਾਜਨੀਤੀ ਵਿਚ ਖਿੱਚ ਲਿਆਈ ਸੀ। ਰਾਜੀਵ ਦੀ ਮੌਤ ਪਿੱਛੋਂ ਉਸ ਦੀ ਪਤਨੀ ਸੋਨੀਆ ਗਾਂਧੀ ਵੀ ਰਾਜਨੀਤੀ ਵਿਚ ਨਹੀਂ ਸੀ ਆਉਣਾ ਚਾਹੁੰਦੀ। ਉਹ ਪਤੀ ਦੀ ਮੌਤ ਤੋਂ ਬਾਅਦ ਦੇ ਸੱਤ ਸਾਲ ਘਰੋਂ ਨਹੀਂ ਸੀ ਨਿਕਲੀ। ਫਿਰ ਰਾਜੀਨੀਤੀ ਵਿਚ ਆ ਗਈ। ਅਸਲ ਵਿਚ ਉਹ ਆਈ ਨਹੀਂ ਸੀ, ਉਸ ਨੂੰ ਆਉਣਾ ਪਿਆ ਸੀ। ਪਹਿਲਾਂ ਨਰਸਿਮਹਾ ਰਾਓ ਤੇ ਫਿਰ ਸੀਤਾ ਰਾਮ ਕੇਸਰੀ ਦੀ ਅਗਵਾਈ ਨੇ ਕਾਂਗਰਸ ਪਾਰਟੀ ਦਾ ਜਿਹੜਾ ਮੰਦਾ ਹਾਲ ਕਰ ਦਿੱਤਾ ਸੀ, ਉਸ ਵਿਚ ਕਾਂਗਰਸ ਦੇ ਕਈ ਆਗੂ ਚਾਹੁੰਦੇ ਸਨ ਕਿ ਸੋਨੀਆ ਗਾਂਧੀ ਅੱਗੇ ਆ ਕੇ ਪਾਰਟੀ ਦੀ ਕਮਾਨ ਸੰਭਾਲੇ। ਜਦੋਂ ਉਹ ਨਾਂਹ ਕਰ ਗਈ ਤਾਂ ਇੱਕ ਅਖਬਾਰ ਵਿਚ ਇੱਕ ਉਘੇ ਕਾਲਮਨਵੀਸ ਨੇ ਇਹ ਟਿੱਪਣੀ ਵੀ ਕਰ ਦਿੱਤੀ ਸੀ ਕਿ ਵਿਦੇਸ਼ਣ ਨਾ ਹੁੰਦੀ ਤਾਂ ਇਸ ਨੂੰ ਪਰਿਵਾਰ ਦੀ ਵਿਰਾਸਤ ਸੰਭਾਲਣ ਦੀ ਚਿੰਤਾ ਹੋਣੀ ਸੀ। ਇਸ ਟਿੱਪਣੀ ਨੇ ਉਸ ਲਈ ਧਰਮ ਸੰਕਟ ਪੈਦਾ ਕਰ ਦਿੱਤਾ ਕਿ ਉਹ ਰਾਜਨੀਤੀ ਵਿਚ ਆਵੇ, ਪਰ ਜਦੋਂ ਆਈ ਤਾਂ ਇਹ ਕਿਹਾ ਜਾਣ ਲੱਗ ਪਿਆ ਕਿ ਸੱਤਾ ਦਾ ਸੁਖ ਮਾਣਨ ਲਈ ਆਈ ਹੈ। ਬੜੇ ਵਾਦ-ਵਿਵਾਦ ਵਾਲੇ ਦੌਰ ਲੰਘਣ ਦੇ ਬਾਅਦ ਅੱਜ ਦੇ ਭਾਰਤ ਵਿਚ ਉਸ ਦੀ ਭੂਮਿਕਾ ਦੀ ਚਰਚਾ ਬਹੁਤੀ ਨਹੀਂ ਹੁੰਦੀ, ਉਸ ਦੇ ਉਸ ਪੁੱਤਰ ਰਾਹੁਲ ਦੀ ਹੁੰਦੀ ਹੈ, ਜਿਹੜਾ ਸਿਆਸਤ ਨਹੀਂ ਸੀ ਜਾਣਦਾ, ਆਪਣੇ ਬਾਪ ਰਾਜੀਵ ਗਾਂਧੀ ਵਾਂਗ ਹਾਲਾਤ ਦੇ ਵਹਿਣ ਵਿਚ ਫਸ ਕੇ ਇਸ ਰਾਹ ਆਇਆ ਹੈ। ਜਦੋਂ ਆ ਗਿਆ ਤਾਂ ਲੋਕਾਂ ਨੂੰ ਉਲੂ ਬਣਾਉਣ ਸਮੇਤ ਰਾਜਨੀਤੀ ਦੇ ਸਾਰੇ ਗੁਣ ਗ੍ਰਹਿਣ ਕਰਦਾ ਗਿਆ ਹੈ।
ਪਿਛਲੇ ਦਿਨੀਂ ਉਸ ਨੇ ਦੋ ਥਾਂਈਂ ਆਪਣੇ ਭਾਸ਼ਣਾਂ ਵਿਚ ਇਹ ਗੱਲ ਆਖੀ ਕਿ ਨਰਿੰਦਰ ਮੋਦੀ ਅਤੇ ਭਾਜਪਾ ਦੇ ਹੋਰ ਆਗੂ ਇਸ ਦੇਸ਼ ਦੇ ਲੋਕਾਂ ਨੂੰ ਉਲੂ ਨਾ ਬਣਾਉਣ। ਇਹ ਟਿੱਪਣੀ ਏਨੀ ਚਰਚਿਤ ਹੋਈ ਕਿ ਇੱਕ ਮੋਬਾਈਲ ਫੋਨ ਕੰਪਨੀ ਨੇ ਆਪਣੀ ਇਸ਼ਤਿਹਾਰਬਾਜ਼ੀ ਵਿਚ ‘ਉਲੂ ਨਾ ਬਨਾਵਿੰਗ’ ਦੀ ਗੱਲ ਜੋੜ ਲਈ। ਆਪਣਾ ਮਾਲ ਵੇਚਣ ਲਈ ਉਹ ਕੰਪਨੀ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ, ਜਦੋਂ ਤੱਕ ਕਾਨੂੰਨ ਨਾ ਤੋੜੇ, ਇਹ ਉਸ ਦਾ ਹੱਕ ਹੈ, ਪਰ ਲੋਕਾਂ ਲਈ ਸੋਚਣ ਦਾ ਸਵਾਲ ਇਹ ਨਹੀਂ ਕਿ ਕੰਪਨੀ ਕੀ ਕਹਿੰਦੀ ਹੈ, ਸਗੋਂ ਇਹ ਹੈ ਕਿ ਉਲੂ ਬਣਾਉਣ ਵਾਲਾ ਕੰਮ ਕੌਣ ਕਿੰਨਾ ਕਰ ਰਿਹਾ ਹੈ? ਸਾਡੀ ਸਮਝ ਹੈ ਕਿ ਸੱਤਾ ਦੀ ਦੌੜ ਵਿਚ ਲੱਗੀ ਹੋਈ ਕੋਈ ਧਿਰ ਵੀ ਇਸ ਪੱਖੋਂ ਪਿੱਛੇ ਨਹੀਂ ਰਹੀ।
ਸਭ ਤੋਂ ਪਹਿਲਾਂ ਰਾਹੁਲ ਗਾਂਧੀ ਦੀ ਪਾਰਟੀ ਹੈ, ਜਿਹੜੀ ਕਹਿੰਦੀ ਹੈ ਕਿ ਉਸ ਨੇ ਪੇਂਡੂ ਗਰੀਬਾਂ ਨੂੰ ਰੁਜ਼ਗਾਰ ਗਾਰੰਟੀ ਸਕੀਮ ‘ਮਨਰੇਗਾ’ ਦਿੱਤੀ ਹੈ। ਇਹ ਸਕੀਮ ‘ਮਨਰੇਗਾ’ ਤੋਂ ਪਹਿਲਾਂ ‘ਨਰੇਗਾ’ ਹੁੰਦੀ ਸੀ ਅਤੇ ਇਸ ਦੇ ਪਿੱਛੇ ਕਾਂਗਰਸ ਪਾਰਟੀ ਦੀ ਲੋਕ ਭਲਾਈ ਦੀ ਸੋਚ ਨਹੀਂ, ਉਸ ਵੇਲੇ ਕੇਂਦਰ ਸਰਕਾਰ ਨੂੰ ਹਮਾਇਤ ਦਿੰਦੇ ਖੱਬੇ-ਪੱਖੀਆਂ ਦਾ ਦਬਾਅ ਕੰਮ ਕਰ ਗਿਆ ਸੀ। ਜਦੋਂ ਉਨ੍ਹਾਂ ਤੋਂ ਰਸਤੇ ਵੱਖ ਹੋ ਗਏ ਤਾਂ ਖੱਬੇ-ਪੱਖੀਆਂ ਵਾਲੀ ਸਾਂਝ ਨੂੰ ਤੋੜਨ ਦਾ ਸੰਕੇਤ ਦੇਣ ਲਈ ਇਸ ਸਕੀਮ, ਨੈਸ਼ਨਲ ਰੂਰਲ ਇੰਪਲਾਇਮੈਂਟ ਗਾਰੰਟੀ’ ਦੀ ਸਕੀਮ ਦੇ ਸ਼ੁਰੂ ਵਿਚ ‘ਮਹਾਤਮਾ ਗਾਂਧੀ’ ਜੋੜ ਕੇ ਇਸ ਨੂੰ ‘ਨਰੇਗਾ’ ਤੋਂ ‘ਮਨਰੇਗਾ’ ਬਣਾ ਦਿੱਤਾ ਗਿਆ। ਇਸ ਵਿਚ ਮਹਾਤਮਾ ਗਾਂਧੀ ਦਾ ਨਾਂ ਸ਼ਾਮਲ ਕੀਤਾ ਜਾਣਾ ਲੋਕਾਂ ਨੂੰ ਉਲੂ ਬਣਾਉਣ ਦੀ ਖੇਡ ਤੋਂ ਵੱਧ ਕੁਝ ਨਹੀਂ ਸੀ। ਰਾਹੁਲ ਗਾਂਧੀ ਦੂਸਰਿਆਂ ਉਤੇ ਦੋਸ਼ ਲਾਉਂਦਾ ਹੈ ਕਿ ਪੈਸੇ ਕੇਂਦਰ ਨੇ ਦਿੱਤੇ ਤੇ ਸਕੀਮਾਂ ਦਾ ਸਿਹਰਾ ਲੈ ਕੇ ਲੋਕਾਂ ਨੂੰ ਰਾਜਾਂ ਦੇ ਹਾਕਮ ਉਲੂ ਬਣਾ ਰਹੇ ਹਨ, ਪਰ ḔਨਰੇਗਾḔ ਨੂੰ ḔਮਨਰੇਗਾḔ ਬਣਾ ਕੇ ਉਸ ਦੀ ਪਾਰਟੀ ਨੇ ਵੀ ਇਹੋ ਕੀਤਾ ਹੈ। ਹੁਣ ਉਹ ਲੋਕਾਂ ਨੂੰ ਉਲੂ ਬਣਾਉਣ ਲਈ ਕਹਿੰਦਾ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕੋਲ ਸਾਰੀ ਤਾਕਤ ਸੀ, ਸੋਨੀਆ ਗਾਂਧੀ ਜਾਂ ਹੋਰ ਕੋਈ ਸੱਤਾ ਦਾ ਕੇਂਦਰ ਨਹੀਂ ਸੀ। ਮਨਮੋਹਨ ਸਿੰਘ ਨੇ ਖੁਦ ਕਈ ਵਾਰੀ ਕਿਹਾ ਹੈ ਕਿ ਸੋਨੀਆ ਗਾਂਧੀ ਮੇਰੀ ਪਾਰਟੀ ਪ੍ਰਧਾਨ ਹੈ, ਲੋਕਤੰਤਰ ਵਿਚ ਪਾਰਟੀ ਆਗੂ ਨਾਲ ਮੁੱਦੇ ਵਿਚਾਰਨਾ ਪ੍ਰਧਾਨ ਮੰਤਰੀ ਵਜੋਂ ਮੇਰਾ ਹੱਕ ਹੈ। ਫਿਰ ਮੁੱਕਰਨ ਦੀ ਕੀ ਲੋੜ ਰਹਿ ਜਾਂਦੀ ਹੈ?
ਦੂਸਰੇ ਪਾਸੇ ਜਿਹੜੇ ਭਾਜਪਾ ਵਾਲੇ ਇਹ ਮੁੱਦਾ ਚੁੱਕ ਰਹੇ ਹਨ, ਉਹ ਵੀ ਲੋਕਾਂ ਨੂੰ ਉਲੂ ਬਣਾ ਰਹੇ ਹਨ। ਉਨ੍ਹਾਂ ਦਾ ਆਪਣਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵੀ ਨੀਤੀ-ਗਤ ਫੈਸਲੇ ਆਪ ਨਹੀਂ ਸੀ ਕਰ ਸਕਦਾ, ਅੰਤਮ ਫੈਸਲੇ ਤੋਂ ਪਹਿਲਾਂ ਕਿਸੇ ਹੋਰ ਥਾਂ ਤੋਂ ਪੁੱਛਣਾ ਪੈਂਦਾ ਸੀ। ਇਸ ਦੀ ਬਹਿਸ ਪਾਰਲੀਮੈਂਟ ਵਿਚ ਚੱਲੀ ਤਾਂ ਉਸ ਨੇ ਸਾਫ ਕਹਿ ਦਿੱਤਾ ਸੀ ਕਿ ਸਾਡਾ ਇੱਕ ‘ਪਰਿਵਾਰ’ ਹੈ, ਉਸ ਵਿਚ ਅਸੀਂ ਕੀ ਕਰਦੇ ਹਾਂ, ਇਸ ਬਾਰੇ ਕੋਈ ਦਖਲ ਨਾ ਦੇਵੇ। ‘ਪਰਿਵਾਰ’ ਉਹ ਕਿਹੜਾ ਸੀ, ਸਾਰਾ ਦੇਸ਼ ਜਾਣਦਾ ਹੈ। ਕਾਰਗਿਲ ਦੀ ਜੰਗ ਦੌਰਾਨ ਫੌਜ ਦੇ ਵੱਡੇ ਅਫਸਰਾਂ ਨੂੰ ਇੱਕ ਦਿਨ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਚ ਜੰਗ ਦੇ ਹਾਲਤ ਦੀ ਜਾਣਕਾਰੀ ਦੇਣ ਲਈ ਉਸ ਦੇ ਦਫਤਰ ਭੇਜਿਆ ਗਿਆ ਸੀ ਤੇ ਉਦੋਂ ਦਾ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਕਹਿੰਦਾ ਸੀ ਕਿ ਦੇਸ਼ ਦੀ ਅਗਵਾਈ ਕਰ ਰਹੀ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਜਾਣਨ ਦਾ ਹੱਕ ਹੈ ਕਿ ਕੀ ਹੋ ਰਿਹਾ ਹੈ? ਜੇ ਉਦੋਂ ਇਹ ਹੱਕ ਸੀ ਤਾਂ ਮਨਮੋਹਨ ਸਿੰਘ ਦੇ ਵਕਤ ਇਹ ਗਲਤ ਕਿਵੇਂ ਸੀ? ਦੋਵਾਂ ਧਿਰਾਂ ਦੀ ਇਹ ਬਹਿਸ ਉਵੇਂ ਹੀ ਲੀਹ ਤੋਂ ਲੱਥੀ ਪਈ ਹੈ, ਜਿਵੇਂ ਸਾਡੇ ਦੇਸ਼ ਦੀ ਸਿਆਸਤ ਲੋਕਾਂ ਦੇ ਮੁੱਦਿਆਂ ਤੋਂ ਹਟ ਕੇ ਨਿੱਜੀ ਦੂਸ਼ਣਬਾਜ਼ੀ ਦੇ ਕੰਡਿਆਲੇ ਰਾਹ ਉਤੇ ਡਾਂਡੇ-ਮੀਂਡੇ ਤੁਰੀ ਫਿਰਦੀ ਹੈ।
ਇਸ ਰਾਜਨੀਤੀ ਵਿਚ ਇੱਕ ਸਾਧਵੀ ਉਮਾ ਭਾਰਤੀ ਹੈ। ਉਸ ਦੀ ਇੱਕ ਪੁਰਾਣੀ ਸੀ ਡੀ ਕਾਂਗਰਸ ਵਾਲਿਆਂ ਨੇ ਹੁਣੇ ਜਿਹੇ ਬਾਹਰ ਕੱਢੀ ਹੈ, ਜਿਸ ਵਿਚ ਉਹ ਕਹਿੰਦੀ ਸੁਣੀ ਜਾਂਦੀ ਹੈ ਕਿ ਨਰਿੰਦਰ ਮੋਦੀ ‘ਵਿਕਾਸ ਪੁਰਸ਼’ ਨਹੀਂ, ਉਹ ‘ਵਿਨਾਸ਼-ਪੁਰਸ਼’ ਹੈ ਤੇ ਉਸ ਦੇ ਵਿਕਾਸ ਦੇ ਦਾਅਵੇ ਇੱਕ ਗੁਬਾਰੇ ਵਾਂਗ ਹਨ, ਜਿਹੜਾ ਛੇਤੀ ਹੀ ਫਟ ਜਾਵੇਗਾ। ਇਹੋ ਗੱਲਾਂ ਹੁਣ ਰਾਹੁਲ ਗਾਂਧੀ ਕਹਿ ਰਿਹਾ ਹੈ। ਉਮਾ ਨੇ ਇਹ ਗੱਲਾਂ ਉਦੋਂ ਕਹੀਆਂ ਸਨ, ਜਦੋਂ ਉਹ ਭਾਜਪਾ ਤੋਂ ਕੱਢੀ ਗਈ ਸੀ ਤੇ ਉਸ ਨੇ ਵੱਖਰੀ ਪਾਰਟੀ ਬਣਾ ਕੇ ਭਾਜਪਾ ਦੇ ਮੁਕਾਬਲੇ ਚੋਣ ਲੜੀ ਤੇ ਹਾਰੀ ਸੀ। ਅੱਜ ਉਮਾ ਵੀ ਕਹਿੰਦੀ ਹੈ ਕਿ ਪੁਰਾਣੀ ਸੀ ਡੀ ਵਿਖਾ ਕੇ ਕਾਂਗਰਸ ਪਾਰਟੀ ਲੋਕਾਂ ਨੂੰ ਉਲੂ ਬਣਾ ਰਹੀ ਹੈ। ਰਾਮਦੇਵ ਨਾਂ ਦਾ ਸਾਧ ਆਪਣੇ ਆਪ ਵਿਚ ਕਾਲੇ ਧਨ ਦਾ ਭੜੋਲਾ ਕਿਹਾ ਜਾਂਦਾ ਹੈ, ਉਹ ਵੀ ਲੋਕਾਂ ਵਿਚ ਕਾਲੇ ਧਨ ਦੇ ਖਿਲਾਫ ਮੁਹਿੰਮ ਚਲਾ ਕੇ ਇੱਕ ਭਰਮ ਪੈਦਾ ਕਰਦਾ ਹੈ। ਇਸ ਹਫਤੇ ਉਹ ਇੱਕ ਥਾਂ ਇੱਕ ਭਾਜਪਾ ਉਮੀਦਵਾਰ ਦੇ ਮੰਚ ਉਤੇ ਉਸ ਨਾਲ ਮਾਇਆ ਦੀ ਚਰਚਾ ਕਰਦਾ ਕੈਮਰਿਆਂ ਦੀ ਰਿਕਾਰਡਿੰਗ ਵਿਚ ਆ ਗਿਆ। ਰਾਮਦੇਵ ਨਾਲ ਗੱਲਾਂ ਕਰਦਾ ਉਮੀਦਵਾਰ ਭਾਜਪਾ ਵੱਲੋਂ ਉਸ ਦੇ ਕੋਟੇ ਵਿਚੋਂ ਖੜਾ ਕੀਤਾ ਗਿਆ ਹੈ। ਉਸ ਉਮੀਦਵਾਰ ਨੇ ਕਿਹਾ ਕਿ ਚੋਣ ਜ਼ਾਬਤੇ ਕਾਰਨ ਏਧਰ-ਓਧਰ ਪੈਸੇ ਲਿਜਾਣੇ ਬੜੇ ਔਖੇ ਹਨ, ਮੇਰੇ ਪੈਸੇ ਫੜੇ ਵੀ ਗਏ ਹਨ। ਰਾਮਦੇਵ ਨੇ ਕਿਹਾ, ‘ਮੂਰਖ ਹੈਂ, ਸਟੇਜ ਉਤੇ ਏਦਾਂ ਦੀ ਗੱਲ ਨਾ ਕਰ, ਏਥੇ ਕੈਮਰੇ ਲੱਗੇ ਹੋਏ ਹਨ।’ ਫਿਰ ਇਹ ਰਿਕਾਰਡਿੰਗ ਟੀ ਵੀ ਚੈਨਲਾਂ ਨੇ ਵਿਖਾ ਦਿੱਤੀ। ਭਾਜਪਾ ਆਗੂ ਇਹ ਕਹਿੰਦੇ ਰਹੇ ਕਿ ਬਾਬਾ ਰਾਮਦੇਵ ਦੀ ਆਵਾਜ਼ ਹੀ ਨਹੀਂ, ਕਾਂਗਰਸ ਵਾਲੇ ਉਲੂ ਬਣਾਉਣ ਲਈ ਸ਼ੋਸ਼ਾ ਛੱਡ ਰਹੇ ਹਨ, ਪਰ ਰਾਮਦੇਵ ਨੇ ਮੰਨ ਲਿਆ ਕਿ ਆਵਾਜ਼ ਸਾਡੀ ਹੈ, ਗੱਲਾਂ ਕਿਸੇ ਹੋਰ ਦੇ ਪੈਸੇ ਬਾਰੇ ਸਨ। ਲੋਕਾਂ ਨੂੰ ਉਲੂ ਕੌਣ ਬਣਾ ਰਿਹਾ ਹੈ? ਸਾਫ ਹੈ ਕਿ ਸਾਧ ਵੀ ਸਾਧਗਿਰੀ ਦੇ ਚੋਲੇ ਹੇਠ ਲੋਕਾਂ ਨੂੰ ਉਲੂ ਬਣਾ ਰਿਹਾ ਹੈ।
ਕਲਿਆਣ ਸਿੰਘ ਨਾਂ ਦਾ ਇੱਕ ਬੰਦਾ ਭਾਜਪਾ ਨੇ ਉਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਇਆ ਸੀ ਅਤੇ ਉਸ ਦੀ ਸਰਕਾਰ ਵੇਲੇ ਬਾਬਰੀ ਮਸਜਿਦ ਢਾਹੀ ਗਈ ਸੀ, ਜਿਸ ਤੋਂ ਉਹ ਮੁੱਕਰਦਾ ਰਿਹਾ ਸੀ। ਭਾਜਪਾ ਨਾਲ ਵਿਗਾੜ ਪਏ ਤੋਂ ਵੱਖ ਹੋ ਗਿਆ ਤਾਂ ਜਾ ਕੇ ਜਾਂਚ ਕਮਿਸ਼ਨ ਸਾਹਮਣੇ ਬਿਆਨ ਦੇ ਦਿੱਤੇ ਕਿ ਮਸਜਿਦ ਸਾਜ਼ਿਸ਼ ਕਰ ਕੇ ਢਾਹੀ ਗਈ ਸੀ ਅਤੇ ਇਹ ਸਾਜ਼ਿਸ਼ ਆਰ ਐਸ ਐਸ ਦੇ ਫਲਾਣੇ-ਫਲਾਣੇ ਲੀਡਰਾਂ ਦੀ ਹਾਜ਼ਰੀ ਵਿਚ ਬਣੀ ਸੀ। ਕਈ ਗਲੀਆਂ ਗਾਹ ਕੇ ਫੇਰ ਭਾਜਪਾ ਵਿਚ ਆ ਗਿਆ ਤਾਂ ਨਵਾਂ ਬਿਆਨ ਦੇ ਦਿੱਤਾ ਕਿ ਪਹਿਲਾ ਬਿਆਨ ਮੈਂ ਆਪਣੇ ਮਨ ਦੇ ਗੁੱਸੇ ਵਿਚ ਦਿੱਤਾ ਸੀ। ਦੇਸ਼ ਦੇ ਲੋਕਾਂ ਨੂੰ ਉਲੂ ਕਿਸ ਨੇ ਬਣਾਇਆ ਸੀ? ਏਸੇ ਕਲਿਆਣ ਸਿੰਘ ਦੀ ਸਰਕਾਰ ਜਦੋਂ ਬਸਪਾ ਨਾਲੋਂ ਟੁੱਟ ਕੇ ਬਣੀ ਤਾਂ ਕਾਂਗਰਸ ਆਗੂ ਨਰੇਸ਼ ਅਗਰਵਾਲ ਵੀਹ ਕੁ ਵਿਧਾਇਕ ਤੋੜ ਕੇ ਇਸ ਨਾਲ ਆ ਜੁੜਿਆ ਸੀ। ਫਿਰ ਸਾਜ਼ਿਸ਼ ਕਰ ਕੇ ਕਲਿਆਣ ਸਿੰਘ ਦੀ ਸਰਕਾਰ ਤੋੜੀ ਤੇ ਜਗਦੰਬਿਕਾ ਪਾਲ ਦੀ ਸਰਕਾਰ ਬਣਾ ਕੇ ਨਰੇਸ਼ ਅਗਰਵਾਲ ਡਿਪਟੀ ਮੁੱਖ ਮੰਤਰੀ ਬਣ ਗਿਆ। ਹਾਈ ਕੋਰਟ ਨੇ ਜਗਦੰਬਿਕਾ ਪਾਲ ਦੀ ਸਰਕਾਰ ਡਿੱਸਮਿੱਸ ਕਰ ਦਿੱਤੀ। ਨਰੇਸ਼ ਅਗਰਵਾਲ ਛੇਵੇਂ ਦਿਨ ਫਿਰ ਭਾਜਪਾ ਵਿਚ ਆ ਗਿਆ। ਹੁਣ ਉਹ ਸਮਾਜਵਾਦੀ ਪਾਰਟੀ ਦਾ ਸੀਨੀਅਰ ਆਗੂ ਬਣ ਕੇ ਕਹਿੰਦਾ ਹੈ ਕਿ ਭਾਜਪਾ ਅਤੇ ਕਾਂਗਰਸ-ਦੋਵਾਂ ਦੇ ਆਗੂ ਸਾਡੇ ਲੋਕਾਂ ਨੂੰ ਉਲੂ ਬਣਾ ਰਹੇ ਹਨ। ਉਲੂ ਤਾਂ ਉਹ ਖੁਦ ਵੀ ਬਣਾਈ ਜਾ ਰਿਹਾ ਹੈ।
ਲੋਕਾਂ ਨੂੰ ਉਲੂ ਬਣਾਉਣ ਦੇ ਇਸ ਮੁਕਾਬਲੇ ਵਿਚ ਅੱਗੇ ਨਿਕਲਣ ਲਈ ਸਭ ਤੋਂ ਵੱਧ ਜ਼ੋਰ ਨਰਿੰਦਰ ਮੋਦੀ ਲਾ ਰਿਹਾ ਹੈ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ। ਪਹਿਲਾਂ ਉਹ ਕਹਿੰਦਾ ਸੀ ਕਿ ਮੇਰੇ ਰਾਜ ਦੌਰਾਨ ਗੁਜਰਾਤ ਨੇ ਤਰੱਕੀ ਦੀਆਂ ਏਨੀਆਂ ਮੰਜ਼ਲਾਂ ਛੂਹੀਆਂ ਹਨ ਕਿ ਹੁਣ ਦਿੱਲੀ ਦੇ ਲੋਕ ਗੁਜਰਾਤ ਦਾ ਦੁੱਧ ਪੀਂਦੇ ਹਨ। ਆਨੰਦ ਸ਼ਹਿਰ ਦੀ ਦੁੱਧ ਸਪਲਾਈ ਕਰਨ ਵਾਲੀ ਅਮੁੱਲ, ਆਨੰਦ ਮਿਲਕ ਯੂਨੀਅਨ, 1946 ਵਿਚ ਸ਼ੁਰੂ ਹੋਈ ਸੀ ਤੇ ਨਰਿੰਦਰ ਮੋਦੀ ਦਾ ਜਨਮ 1950 ਵਿਚ ਉਸ ਤੋਂ ਚਾਰ ਸਾਲ ਬਾਅਦ ਹੋਇਆ ਸੀ। ਇਸ ਹਫਤੇ ਉਸ ਦਾ ਜਿਹੜਾ ਇੰਟਰਵਿਊ ਬਹੁਤ ਚਰਚਿਤ ਹੋਇਆ, ਉਸ ਵਿਚ ਦੋ ਗੱਲਾਂ ਨਵੀਂਆਂ ਕਹਿ ਦਿੱਤੀਆਂ ਹਨ। ਇੱਕ ਇਹ ਕਿ ਉਸ ਦੀ ਪਾਰਟੀ ਨੇ ਪਹਿਲੀ ਵਾਰੀ ਚੋਣਾਂ ਤੋਂ ਪਹਿਲਾਂ ਹੀ ਅਠਾਈ ਪਾਰਟੀਆਂ ਦਾ ਗੱਠਜੋੜ ਬਣਾ ਲਿਆ ਹੈ, ਜਿਹੜਾ ਅੱਜ ਤੱਕ ਨਹੀਂ ਸੀ ਬਣਿਆ। ਦੂਸਰੀ ਇਹ ਕਿ ਉਸ ਦੀ ਅਗਵਾਈ ਹੇਠ ਭਾਜਪਾ 180 ਸੀਟਾਂ ਆਪ ਜਿੱਤ ਜਾਵੇਗੀ ਤੇ ਭਾਈਵਾਲਾਂ ਦੀਆਂ ਸੀਟਾਂ ਜੋੜ ਕੇ ਤਿੰਨ ਸੌ ਨੂੰ ਪਹੁੰਚ ਜਾਵੇਗੀ। ਦੋਵੇਂ ਦਾਅਵੇ ਖੋਖਲੇ ਹਨ। ਪਾਰਟੀਆਂ ਅਠਾਈ ਤੋਂ ਵਧ ਕੇ ਉਨੱਤੀ ਹੋ ਗਈਆਂ, ਪਰ ਇਨ੍ਹਾਂ ਵਿਚ ਛੇ ਉਹ ਮ੍ਹਾਤੜ ਪਾਰਟੀਆਂ ਹਨ, ਜਿਹੜੀਆਂ ਆਪ ਕੋਈ ਸੀਟ ਨਹੀਂ ਲੜ ਰਹੀਆਂ, ਭਾਜਪਾ ਦੀ ਮਦਦ ਉਵੇਂ ਹੀ ਕਰ ਰਹੀਆਂ ਹਨ, ਜਿਵੇਂ ਸਹਿਜਧਾਰੀ ਸਿੱਖ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਮਦਦ ਦਾ ਐਲਾਨ ਕੀਤਾ ਹੈ। ਇਹੋ ਜਿਹੀਆਂ ਪਾਰਟੀਆਂ ਦਾ ਹੋਣਾ ਨਾ ਹੋਣਾ ਕੋਈ ਅਰਥ ਨਹੀਂ ਰੱਖਦਾ ਹੁੰਦਾ। ਦੂਸਰੀ ਗੱਲ ਇਹ ਕਿ ਜੇ ਭਾਜਪਾ ਦੀਆਂ 180 ਸੀਟਾਂ ਆ ਕੇ ਗੱਠਜੋੜ ਦੀਆਂ ਤਿੰਨ ਸੌ ਬਣਨੀਆਂ ਹਨ ਤਾਂ ਇਹ ਤਦੇ ਬਣਨਗੀਆਂ, ਜੇ ਉਸ ਦੇ ਭਾਈਵਾਲ 120 ਸੀਟਾਂ ਜਿੱਤ ਕੇ ਆਉਣਗੇ। ਕਦੀ ਕੋਈ ਪੰਜ ਸੀਟਾਂ ਲੜ ਕੇ ਸੱਤ ਸੀਟਾਂ ਨਹੀਂ ਜਿੱਤ ਸਕਦਾ। ਜਦੋਂ ਭਾਜਪਾ ਨੇ ਖੁਦ 429 ਸੀਟਾਂ ਲੜਨੀਆਂ ਹਨ ਤੇ ਪਾਰਲੀਮੈਂਟ ਦੀਆਂ ਕੁੱਲ 543 ਸੀਟਾਂ ਵਿਚੋਂ ਭਾਈਵਾਲਾਂ ਨੂੰ ਸਿਰਫ 114 ਸੀਟਾਂ ਛੱਡੀਆਂ ਹਨ ਤਾਂ ਸਿਰਫ 114 ਸੀਟਾਂ ਲੜ ਕੇ ਉਨ੍ਹਾਂ ਭਾਈਵਾਲਾਂ ਦੀਆਂ 120 ਸੀਟਾਂ ਆਉਣ ਦੀ ਗੱਲ ਦੇਸ਼ ਦੇ ਪ੍ਰਧਾਨ ਮੰਤਰੀ ਲਈ ਭਾਜਪਾ ਵੱਲੋਂ ਅੱਗੇ ਕੀਤਾ ਗਿਆ ਉਮੀਦਵਾਰ ਨਰਿੰਦਰ ਮੋਦੀ ਹੀ ਕਹਿ ਸਕਦਾ ਹੈ।
ਹੈਰਾਨੀ ਹੁੰਦੀ ਹੈ ਕਿ ਕਿਸੇ ਟੀ ਵੀ ਚੈਨਲ ਨੇ ਨਰਿੰਦਰ ਮੋਦੀ ਦੀ ਇਸ ਭਵਿੱਖਵਾਣੀ ਵਿਚ ਸੀਟਾਂ ਦੇ ਇਸ ਪੱਖ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ। ਸ਼ਾਇਦ ਇਸ ਲਈ ਨਹੀਂ ਕੀਤੀ ਹੋਣੀ ਕਿ ‘ਉਲੂ ਨਹੀਂ ਬਨਾਵਿੰਗ’ ਦੇ ਝੰਡੇ ਹੇਠ ਉਲੂ ਬਣਾਉਣ ਦੀ ਜਿਹੜੀ ਰਾਜਨੀਤੀ ਭਾਰਤ ਦੇ ਲੋਕਾਂ ਸਾਹਮਣੇ ਇਸ ਵਾਰ ਦੀ ਚੋਣ ਵਿਚ ਕੀਤੀ ਜਾ ਰਹੀ ਹੈ, ਉਸ ਦੇ ਵਹਿਣ ਵਿਚ ਅੱਜਕੱਲ੍ਹ ਮੀਡੀਆ ਵਾਲੇ ਵੀ ਵਗੇ ਪਏ ਹਨ।
Leave a Reply