ਅਕਾਲੀਆਂ ਨੂੰ ਮੁੜ ਚੇਤੇ ਆਏ ਪੰਜਾਬ ਤੇ ਪੰਜਾਬੀਆਂ ਦੇ ਮੁੱਦੇ

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਵਿਚ ਪੰਜਾਬ ਤੇ ਪੰਜਾਬੀਆਂ ਦੇ ਮੁੱਦਿਆਂ ਨੂੰ ਉਠਾਉਂਦਿਆਂ ਵਾਅਦਿਆਂ ਦੀ ਝੜੀ ਲਾਈ ਹੈ। ਅਕਾਲੀ ਦਲ ਨੇ ਪੰਜਾਬ ਦੇ ਮੂਲ ਮੁੱਦਿਆਂ ਚੰਡੀਗੜ੍ਹ ਤੇ ਪਾਣੀਆਂ ਦੇ ਮਸਲੇ ਤੋਂ ਇਲਾਵਾ ਪੰਜਾਬੀ ਬੋਲਦੇ ਇਲਾਕਿਆਂ ਦੇ ਹੱਲ ਦੀ ਮੁੜ ਗੱਲ ਕੀਤੀ ਹੈ। 1984 ਦੇ ਸਿੱਖ ਕਤਲੇਆਮ ਦੀ ਪੜਤਾਲ ਲਈ ਜਾਂਚ ਕਮਿਸ਼ਨ ਤੇ ਇਨਸਾਫ਼ ਲਈ ਫਾਸਟ ਟਰੈਕ ਅਦਾਲਤਾਂ ਦੀ ਕਾਇਮੀ ਦਾ ਵਾਅਦਾ ਵੀ ਕੀਤਾ ਗਿਆ ਹੈ। ਚੋਣ ਮਨਰੋਥ ਪੱਤਰ ਵਿੱਚ ਹਕੀਕੀ ਸੰਘੀ ਢਾਂਚੇ ਦੀ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਹੈ।
ਉਧਰ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੋਣ ਮਨੋਰਥ ਪੱਤਰ ਜਾਰੀ ਕਰਨ ਦੇ ਸਮਾਗਮਾਂ ਤੋਂ ਦੂਰੀ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਦਫ਼ਾ ਬਠਿੰਡਾ ਤੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੋਣ ਮਨੋਰਥ ਪੱਤਰ ਜਾਰੀ ਕਰਨ ਦੇ ਸਮਾਗਮਾਂ ਵਿਚੋਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵੀ ਪਹਿਲੀ ਦਫ਼ਾ ਹੀ ਦਿਖ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਉਸ ਜਗ੍ਹਾ ਦੇ ਅੱਗਿਓਂ ਲੰਘੇ ਜਿਥੇ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ ਵਿਚ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਜਿਸ ਵਿਚ ਵੋਟਰਾਂ ਨਾਲ ਵਾਅਦਾ ਕੀਤਾ ਗਿਆ ਹੈ ਕਿ ਉਹ ਕੇਂਦਰ ਦੀ ਨਵੀਂ ਸਰਕਾਰ ਤੋਂ ਆਰਥਿਕ ਤੇ ਸਨਅਤੀ ਪੈਕੇਜਾਂ ਤੋਂ ਇਲਾਵਾ ਰਾਜ ਦੇ ਖੇਤੀ ਸੰਕਟ ਦਾ ਮੰਤਰ ਵੀ ਲੈ ਕੇ ਆਉਣਗੇ। ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ ਰਾਜ ਦੇ ਸਨਅਤੀਕਰਨ ਵਾਸਤੇ ਪਹਾੜੀ ਰਾਜਾਂ ਦੀ ਤਰਜ਼ ‘ਤੇ ਸਨਅਤੀ ਪੈਕੇਜ ਤੇ ਖੇਤੀ ਲਈ ਸਸਤੀਆਂ ਦਰਾਂ ‘ਤੇ ਕਰਜ਼ਾ, ਫ਼ਸਲੀ ਬੀਮਾ ਸਕੀਮ ਤੋਂ ਇਲਾਵਾ ਡਾæ ਸੁਆਮੀਨਾਥਨ ਦੇ ਸੁਝਾਅ ਅਨੁਸਾਰ ਖੇਤੀ ਜਿਣਸਾਂ ਦੇ ਭਾਅ ਮਿਥਣ ਵੇਲੇ ਲਾਗਤਾਂ ਤੋਂ ਉਪਰ 50 ਫ਼ੀਸਦੀ ਮੁਨਾਫ਼ੇ ਦੇ ਫ਼ਾਰਮੂਲੇ ਨੂੰ ਲਾਗੂ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ। ਖੇਤੀ ਵਿਭਿੰਨਤਾ ਲਈ ਘੱਟੋ ਘੱਟ ਸਮਰਥਨ ਮੁੱਲ, ਠੋਸ ਮੰਡੀਕਰਨ ਦੇ ਪ੍ਰਬੰਧ ਕਰਨ ਤੇ ਸਹਾਇਕ ਧੰਦਿਆਂ ਨੂੰ ਆਮਦਨ ਕਰ ਤੋਂ ਮੁਕਤ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ 1984 ਦੇ ਸਿੱਖ ਕਤਲੇਆਮ ਦੀ ਜਾਂਚ ਲਈ ਜਾਂਚ ਕਮਿਸ਼ਨ ਬਣਾਇਆ ਜਾਵੇਗਾ ਜੋ ਸਾਜ਼ਿਸ਼ੀ ਲੋਕਾਂ ਨੂੰ ਬੇਪਰਦ ਕਰੇਗਾ ਤੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਦੀ ਸ਼ਨਾਖ਼ਤ ਵੀ ਕਰੇਗਾ। ਇਸ ਮਕਸਦ ਲਈ ਬਣਾਏ ਚਾਰ ਨੁਕਾਤੀ ਪ੍ਰੋਗਰਾਮ ਵਿਚ ਫਾਸਟ ਟਰੈਕ ਅਦਾਲਤਾਂ ਦੀ ਕਾਇਮੀ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਹਕੀਕੀ ਸੰਘੀ ਢਾਂਚੇ ਦੀ ਗੱਲ ਕਰਦੇ ਹੋਏ ਕਿਹਾ ਕਿ ਸੂਬਿਆਂ ਨੂੰ ਆਰਥਿਕ ਖ਼ੁਦਮੁਖ਼ਤਿਆਰੀ ਦਿਵਾਈ ਜਾਵੇਗੀ ਤੇ ਕੇਂਦਰੀ ਟੈਕਸਾਂ ਵਿਚੋਂ 50 ਫ਼ੀਸਦੀ ਹਿੱਸਾ ਮੰਗਿਆ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ ਨੇ ਰਾਜ ਦੇ ਮੂਲ ਮਸਲੇ ਚੇਤੇ ਕੀਤੇ ਹਨ ਤੇ ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿਚ ਸ਼ਾਮਲ ਕਰਾਉਣ ਤੋਂ ਇਲਾਵਾ ਦਰਿਆਈ ਪਾਣੀਆਂ ਦਾ ਮਸਲਾ ਰਾਇਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਾਉਣ ਦੀ ਗੱਲ ਆਖੀ ਹੈ। ਇਹ ਵੀ ਕਿਹਾ ਹੈ ਕਿ ਜਦੋਂ ਤੱਕ ਚੰਡੀਗੜ੍ਹ, ਪੰਜਾਬ ਨੂੰ ਨਹੀਂ ਮਿਲ ਜਾਂਦਾ ਉਦੋਂ ਤੱਕ ਪੰਜਾਬ ਤੇ ਹਰਿਆਣਾ ਵਿਚੋਂ ਇਥੇ ਨੌਕਰੀਆਂ ਦੇਣ ਦੇ ਮਿਥੇ ਗਏ 60:40 ਦੇ ਅਨੁਪਾਤ ਨੂੰ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇਗਾ। ਅਕਾਲੀ ਦਲ ਨੇ ਮਹਿੰਗਾਈ ਨਾਲ ਨਜਿੱਠਣ ਵਾਸਤੇ ਕਾਲਾਬਾਜ਼ਾਰੀ ਨੂੰ ਸਖ਼ਤੀ ਨਾਲ ਰੋਕਣ ਤੇ ਵਿਦੇਸ਼ੀ ਬੈਂਕਾਂ ਵਿਚ ਪਏ ਕਾਲੇ ਧਨ ਦੀ ਵਾਪਸੀ ਲਈ ਮਜ਼ਬੂਤ ਕਦਮ ਚੁੱਕੇ ਜਾਣ ਦਾ ਵਾਅਦਾ ਕੀਤਾ ਹੈ। ਇਸੇ ਤਰ੍ਹਾਂ ਭਾਰਤ-ਪਾਕਿ ਸੀਮਾ ‘ਤੇ ਨਵੀਆਂ ਚੈਕਪੋਸਟਾਂ ਦੀ ਕਾਇਮੀ ਤੇ ਫਿਰੋਜ਼ਪੁਰ-ਫਾਜ਼ਿਲਕਾ ਸਰਹੱਦਾਂ ਵੀ ਵਪਾਰ ਲਈ ਖੋਲ੍ਹਣ ਦਾ ਵਾਅਦਾ ਕੀਤਾ ਗਿਆ ਹੈ। ਧਾਰਮਿਕ ਮੁਹਾਜ਼ ‘ਤੇ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਲਈ ਇਕ ਵਿਸ਼ੇਸ਼ ਲਾਂਘਾ ਬਣਾਏ ਜਾਣ ਦੀ ਗੱਲ ਕੀਤੀ ਗਈ ਹੈ।
______________________________________
ਅਕਾਲੀ ਦਲ ਦਾ ਚੋਣ ਮਨੋਰਥ ਪੱਤਰ ਨਿਰਾ ਧੋਖਾ: ਬਾਜਵਾ
ਗੁਰਦਾਸਪੁਰ: ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਲੋਕ ਸਭਾ ਚੋਣਾਂ ਲਈ ਜਾਰੀ ਕੀਤੇ ਚੋਣ ਮਨੋਰਥ ਪੱਤਰ ਨੂੰ ਗੁੰਮਰਾਹਕੁਨ ਤੇ ਆਪਾ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਲੋਕ ਹੁਣ ਪੰਜਾਬ ਦੇ ਕੁਦਰਤੀ ਸਰੋਤਾਂ ਤੇ ਜਵਾਨੀ ਨੂੰ ਲੁੱਟ ਰਹੇ ਅਕਾਲੀ ਹਾਕਮਾਂ ਦੇ ਮਨਸੂਬੇ ਚੰਗੀ ਤਰ੍ਹਾਂ ਜਾਣ ਚੁੱਕੇ ਹਨ। ਇਸ ਲੋਕ ਸਭਾ ਹਲਕੇ ਦੇ ਫਤਹਿਗੜ੍ਹ ਚੂੜੀਆਂ ਖੇਤਰ ਵਿਚ ਚੋਣ ਪ੍ਰਚਾਰ ਕਰਨ ਮੌਕੇ ਸ਼ ਬਾਜਵਾ ਨੇ ਕਿਹਾ ਕਿ ਅਕਾਲੀ ਦਲ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਚੁਣਾਵੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨæਡੀæਏæ ਦੀ ਸਰਕਾਰ ਵੇਲੇ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਬਾਰੇ ਕਦੇ ਵੀ ਜ਼ੁਬਾਨ ਨਹੀਂ ਖੋਲ੍ਹੀ ਸੀ ਤੇ ਪਹਿਲੀ ਵਾਰ ਐਨæਡੀæਏæ ਸਰਕਾਰ ਨੇ ਹੀ ਹਿਮਾਚਲ ਪ੍ਰਦੇਸ਼ ਨੂੰ ਸਨਅਤੀ ਛੋਟਾਂ ਦਿੱਤੀਆਂ ਸਨ ਜਿਨ੍ਹਾਂ ਦਾ ਪੰਜਾਬ ਨੂੰ ਭਾਰੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਸਾਰੀਆਂ ਘੱਟ-ਗਿਣਤੀਆਂ ਦੇ ਹਿੱਤਾਂ ਦਾ ਦਮਨ ਕੀਤਾ ਤੇ ਅਕਾਲੀਆਂ ਨੇ ਕਦੇ ਵੀ ਇਸ ਬਾਰੇ ਆਵਾਜ਼ ਨਹੀਂ ਉਠਾਈ।

Be the first to comment

Leave a Reply

Your email address will not be published.