ਚੰਡੀਗੜ੍ਹ: ਪੰਜਾਬ ਸਰਕਾਰ ਨੇ ਹੁਣ ਸਕੂਲੀ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਆੜ ਵਿਚ ਆਪਣੀਆਂ ਪ੍ਰਾਪਤੀਆਂ ਦਾ ਪਾਠ ਪੜ੍ਹਾਉਣ ਸ਼ੁਰੂ ਕਰ ਦਿੱਤਾ ਹੈ। ਆਪਣੇ ਮੂੰਹੋਂ ਮੀਆਂ ਮਿੱਠੂ ਬਣਨ ਦੇ ਚੱਕਰ ਵਿਚ ਸਰਕਾਰ ਨੇ ਅੱਠਵੀਂ ਜਮਾਤ ਦੀਆਂ ਸਮਾਜਿਕ ਵਿਗਿਆਨ ਦੀਆਂ ਪੁਸਤਕਾਂ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਤੇ ਪ੍ਰਾਪਤੀਆਂ ਨੂੰ ਸਿਲੇਬਸ ਵਿਚ ਸ਼ਾਮਲ ਕਰ ਦਿੱਤਾ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਰ੍ਹੇ ਛਾਪੀ ਗਈ ਅੱਠਵੀਂ ਸ਼੍ਰੇਣੀ ਦੀ ਸਮਾਜਿਕ ਵਿਗਿਆਨ ਦੀ ਪੁਸਤਕ ਵਿਚ ਸਰਕਾਰ ਦੀਆਂ ਕਈ ਸਕੀਮਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਗਿਆ ਹੈ। ਇਹ ਪੁਸਤਕ ਇਨ੍ਹੀਂ ਦਿਨੀਂ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਮੁਫ਼ਤ ਵੰਡੀ ਜਾ ਰਹੀ ਹੈ। ਪੁਸਤਕ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਦੋ ਤੇ ਨੰਨ੍ਹੀ ਛਾਂ ਮੁਹਿੰਮ ਦੇ ਲੋਗੋ ਦੀ ਇਕ ਤਸਵੀਰ ਵੀ ਛਾਪੀ ਗਈ ਹੈ।
ਸਿੱਖਿਆ ਬੋਰਡ ਵੱਲੋਂ ਇਸ ਪੁਸਤਕ ਦੇ ਨਵੇਂ ਐਡੀਸ਼ਨ ਤਹਿਤ 1,57,000 ਕਾਪੀਆਂ ਛਪਵਾਈਆਂ ਗਈਆਂ ਹਨ। ਪਹਿਲਾਂ 2008 ਵਿਚ ਸਮਾਜਿਕ ਵਿਗਿਆਨ ਦੀ ਪੁਸਤਕ ਦੀਆਂ 4,14,520 ਕਾਪੀਆਂ ਛਾਪੀਆਂ ਗਈਆਂ ਸਨ। ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਸਿਲੇਬਸ ਵਿਚ ਸ਼ਾਮਲ ਕਰਨ ਲਈ ਸਮਾਜਿਕ ਤੇ ਰਾਜਨੀਤਕ ਜੀਵਨ ਅਧੀਨ ਭਾਗ ਤੀਜਾ ਦੇ ਅਖੀਰਲੇ ਤੀਹਵੇਂ ‘ਸਮਾਜਿਕ ਖੇਤਰ ਵਿਚ ਸਰਕਾਰ ਦੇ ਯਤਨ ਤੇ ਇਨ੍ਹਾਂ ਦਾ ਪ੍ਰਭਾਵ’ ਸਿਰਲੇਖ ਹੇਠਲੇ ਪੁਰਾਣੇ ਪਾਠ ਦਾ ਵਿਸਤਾਰ ਕੀਤਾ ਗਿਆ ਹੈ।
‘ਇਸਤਰੀਆਂ ਦਾ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਦੇ ਯਤਨ’ ਸਿਰਲੇਖ ਤਹਿਤ ਸਰਕਾਰ ਦੀਆਂ ਚਾਰ ਸਕੀਮਾਂ ਨੂੰ ਬਿਆਨਿਆਂ ਗਿਆ ਹੈ ਜਿਨ੍ਹਾਂ ਵਿਚ ਗਰੀਬ ਤੇ ਹੁਸ਼ਿਆਰ ਲੜਕੀਆਂ ਨੂੰ ਬਾਰ੍ਹਵੀਂ ਜਮਾਤ ਤੱਕ ਮੁਫ਼ਤ ਸਿੱਖਿਆ ਦਾ ਪ੍ਰਬੰਧ, ਮਾਈ ਭਾਗੋ ਸਾਈਕਲ ਵੰਡ ਸਕੀਮ ਤਹਿਤ ਗਿਆਰਵੀਂ ਤੇ ਬਾਰ੍ਹਵੀਂ ਵਿਚ ਪੜ੍ਹਦੀਆਂ ਲੜਕੀਆਂ ਨੂੰ ਮੁਫ਼ਤ ਸਾਈਕਲ ਵੰਡਣ, ਗਰੀਬ ਲੜਕੀਆਂ ਦੇ ਵਿਆਹ ਲਈ ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਤੇ ਭਰੂਣ ਹੱਤਿਆ ਨੂੰ ਰੋਕਣ ਲਈ ਵੱਲੋਂ ਨੰਨ੍ਹੀ ਛਾਂ ਮੁਹਿੰਮ ਚਲਾਉਣ ਬਾਰੇ ਉਪਰੋਕਤ ਸਿਰਲੇਖਾਂ ਅਧੀਨ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।
ਪੁਸਤਕ ਦੇ ਇਸ ਅਖੀਰਲੇ ਪਾਠ ਦੇ ਪੰਨਾ ਨੰਬਰ 279 ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਦਿੱਤੇ ਜਾਣ ਦੀ ਤਸਵੀਰ, ਪੁਸਤਕ ਦੇ ਪੰਨਾ ਨੰਬਰ 280 ‘ਤੇ ਨੰਨ੍ਹੀ ਛਾਂ ਪ੍ਰਾਜੈਕਟ ਦੇ ਲੋਗੋ ਦੀ ਤਸਵੀਰ ਤੋਂ ਇਲਾਵਾ ਮਾਈ ਭਾਗੋ ਸਕੀਮ ਤਹਿਤ ਮੁੱਖ ਮੰਤਰੀ ਵੱਲੋਂ ਸਾਈਕਲ ਵੰਡੇ ਜਾਣ ਬਾਰੇ ਫੋਟੋ ਪ੍ਰਕਾਸ਼ਿਤ ਕੀਤੀ ਗਈ ਹੈ।
_______________________________________
ਚੋਣ ਕਮਿਸ਼ਨ ਦੀ ਘੁਰਕੀ ਮਗਰੋਂ ਕਿਤਾਬ ਵੰਡਣ ‘ਤੇ ਰੋਕ
ਚੰਡੀਗੜ੍ਹ: ਚੋਣ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਨੂੰ ਅੱਠਵੀਂ ਜਮਾਤ ਦੀ ਸਮਾਜਿਕ ਸਿੱਖਿਆ ਵਿਸ਼ੇ ਦੀ ਕਿਤਾਬ ਵੰਡਣ ‘ਤੇ ਫੌਰੀ ਰੋਕ ਲਾਉਣ ਦੇ ਹੁਕਮ ਜਾਰੀ ਕਰਦਿਆਂ ਸਿੱਖਿਆ ਬੋਰਡ ਦੇ ਤਿੰਨ ਵਿਸ਼ਾ ਮਾਹਿਰਾਂ ਨੂੰ ਵੀ ਤਲਬ ਕੀਤਾ ਗਿਆ ਹੈ ਜਿਨ੍ਹਾਂ ਵਿਚ ਇਕ ਅਕਾਲੀ ਦਲ ਦੇ ਸਾਬਕਾ ਮੰਤਰੀ ਦੀ ਨੂੰਹ ਵੀ ਸ਼ਾਮਲ ਹੈ। ਇਹੀ ਨਹੀਂ ਚੋਣ ਕਮਿਸ਼ਨਰ ਨੇ ਬੋਰਡ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵੀ ਆਖਿਆ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਐਨ ਮੌਕੇ ਸੂਬਾ ਸਰਕਾਰ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ।
ਉਧਰ, ਚੋਣ ਕਮਿਸ਼ਨਰ ਦੀ ਘੁਰਕੀ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵੜਾ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਅੱਠਵੀਂ ਜਮਾਤ ਦੀ ਸਮਾਜਿਕ ਸਿੱਖਿਆ ਵਿਸ਼ੇ ਦੀ ਕਿਤਾਬ ਦੀ ਵੰਡ ਕਰਨ ‘ਤੇ ਰੋਕ ਲਾ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਕੂਲ ਬੋਰਡ ਵੱਲੋਂ ਇਸ ਨਵੇਂ ਪਾਠਕ੍ਰਮ ਦੀਆਂ ਕਰੀਬ ਡੇਢ ਲੱਖ ਤੋਂ ਵੱਧ ਕਿਤਾਬਾਂ ਛਾਪੀਆਂ ਗਈਆਂ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਪਰਸਨ ਡਾæ ਤੇਜਿੰਦਰ ਕੌਰ ਧਾਲੀਵਾਲ ਦਾ ਕਹਿਣਾ ਹੈ ਕਿ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਪਿੱਛੋਂ ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਦੇ ਹੁਕਮਾਂ ਮੁਤਾਬਕ ਫਿਲਹਾਲ ਅੱਠਵੀਂ ਜਮਾਤ ਦੀ ਸਮਾਜਿਕ ਸਿੱਖਿਆ ਦੀ ਕਿਤਾਬ ਵੰਡਣ ‘ਤੇ ਰੋਕ ਲਾ ਦਿੱਤੀ ਹੈ।
Leave a Reply