ਗੁਲਜ਼ਾਰ ਸਿੰਘ ਸੰਧੂ
ਕੇਂਦਰ ਦੀ ਸਰਕਾਰ ਨੇ ਮੰਡਲ ਕਮਿਸ਼ਨ ਦੀ 1980 ਵਿਚ ਅਰੰਭੀ ਤੇ ਹੁਣ ਇਕ ਦਹਾਕੇ ਤੋਂ ਠੰਢੇ ਬਸਤੇ ਵਿਚ ਬੰਦ ਪਈ ਜਾਟ ਰਾਖਵੇਂਕਰਨ ਵਾਲੀ ਮੰਗ ਨੂੰ ਅਚਾਨਕ ਹੀ ਪ੍ਰਵਾਨਗੀ ਦੇ ਦਿੱਤੀ ਹੈ। ਉਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ, ਉਤਰਾਖੰਡ, ਮੱਧ ਪ੍ਰਦੇਸ਼, ਗੁਜਰਾਤ ਤੇ ਬਿਹਾਰ ਦੇ ਇਹ ਜਾਟ ਭਾਰਤੀ ਵਸੋਂ ਦਾ 6æ5% ਤੇ ਗਿਣਤੀ ਦੇ 8æ5 ਕਰੋੜ ਹਨ। ਜਾਟ ਭਾਰਤ ਵਿਚ ਆਵਾਸ ਲਈ ਆਏ ਉਹ ਲੋਕ ਹਨ ਜਿਹੜੇ ਸਭ ਤੋਂ ਪਿੱਛੋਂ ਭਾਰਤ ਆਏ ਤੇ ਜਿਨ੍ਹਾਂ ਨੂੰ ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਵਾਲੀ ਚਤਰਵਰਣ ਪ੍ਰਣਾਲੀ ਵਿਚ ਕਿਧਰੇ ਵੀ ਨਹੀਂ ਗਿਣਿਆ ਜਾਂਦਾ। ਜਾਟ ਵੀ ਇਹ ਗੱਲ ਜਾਣਦੇ ਹਨ ਪਰ ਜ਼ਮੀਨਾਂ ਤੇ ਪੈਲੀਆਂ ਦੇ ਮਾਲਕ ਹੋਣ ਸਦਕਾ ਉਹ ਆਪਣੇ ਆਪ ਨੂੰ ਪਛੜੀਆਂ ਸ਼੍ਰੇਣੀਆਂ ਵਿਚ ਨਹੀਂ ਗਿਣਦੇ। ਪਰ ਉਪਰੋਕਤ ਨੌਂ ਰਾਜਾਂ ਦੀਆਂ 226 ਲੋਕ ਸਭਾ ਸੀਟਾਂ ਵਿਚੋਂ 30 ਦੀ ਕੁੰਜੀ ਜਾਟ ਵੋਟਰਾਂ ਦੇ ਹੱਥ ਹੈ। ਉਹ ਇਸ ਗੱਲ ਦਾ ਮਾਣ ਕਰਦੇ ਹਨ ਕਿ ਉਨ੍ਹਾਂ ਵਿਚੋਂ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣਿਆ ਤੇ ਹਰਿਆਣਾ ਦਾ ਦੇਵੀ ਲਾਲ ਉਪ ਪ੍ਰਧਾਨ ਮੰਤਰੀ। ਇਹ ਵੀ ਕਿ ਅਜ਼ਾਦੀ ਪਿੱਛੋਂ 18 ਜਾਟ ਮੁੱਖ ਮੰਤਰੀ ਬਣੇ, ਤਿੰਨ ਲੋਕ ਸਭਾ ਸਪੀਕਰ, 13 ਗਵਰਨਰ ਤੇ 8 ਰਾਜਦੂਤ। ਭਾਰਤੀ ਸੇਨਾ, ਖੇਡਾਂ, ਫਿਲਮਾਂ ਵਿਚ ਨਾਮਣਾ ਖੱਟਣ ਵਾਲਿਆਂ ਦੀ ਗਿਣਤੀ ਸੈਂਕੜੇ ਦੇ ਨੇੜੇ ਹੋਵੇਗੀ। ਉਹ ਆਪਣੇ ਆਪ ਨੂੰ ਪਛੜੇ ਹੋਏ ਕਿਉਂ ਮੰਨਣ? ਚੌਧਰੀ ਚਰਨ ਸਿੰਘ ਜਾਟਾਂ ਨੂੰ ਪਛੜੇ ਵਰਗ ਵਿਚ ਗਿਣੇ ਜਾਣ ਦਾ ਪੱਕਾ ਵਿਰੋਧੀ ਸੀ। ਸਿੱਖ ਜੱਟਾਂ ਵਿਚੋਂ ਵੀ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਜੱਟਾਂ ਨੂੰ ਰਾਖਵੀਂ ਸ਼੍ਰੇਣੀ ਵਿਚ ਸ਼ਾਮਲ ਕੀਤੇ ਜਾਣ ਦੇ ਹਫੜਾ-ਤਫੜੀ ਵਿਚ ਦਿੱਤੇ ਬਿਆਨ ਵੀ ਇਸ ਧਾਰਨਾ ਦੀ ਪੁਸ਼ਟੀ ਕਰਦੇ ਹਨ।
ਮੇਰਾ ਜੱਦੀ ਪਿੰਡ ਪੰਜਾਬ ਦੀ ਸੈਣੀ ਪੱਟੀ ਵਿਚ ਪੈਂਦਾ ਹੈ। ਇੱਕ ਸਮੇਂ ਇਥੋਂ ਦਾ ਸਿਰ ਕੱਢ ਸੈਣੀ ਨੇਤਾ ਦਿਲਬਾਗ ਸਿੰਘ ਸੈਣੀਆਂ ਦਾ ਭਲਾ ਕਰਨ ਲਈ ਆਪਣੇ ਪਤਵੰਤੇ ਮਿੱਤਰਾਂ ਤੇ ਨੇਤਾਵਾਂ ਵਿਚ ਇਹ ਗੱਲ ਛੇੜ ਬੈਠਿਆ ਕਿ ਜੇ ਉਹ ਚਾਹੇ ਤਾਂ ਸੈਣੀ ਬਰਾਦਰੀ ਨੂੰ ਪਛੜੀ ਸ਼੍ਰੇਣੀ ਵਿਚ ਪਵਾ ਸਕਦਾ ਹੈ। ਬਰਾਦਰੀ ਨੇ ਇਹ ਸੁਝਾਓ ਸੁਣਦੇ ਸਾਰ ਉਸ ਦੀ ਖੂਬ ਲਾਹ ਪਾਹ ਕੀਤੀ। ਇਕ ਵਾਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਕੇਸਕਾਰ ਨੇ ਆਪਣੇ ਮੰਤਰਾਲੇ ਵਿਚ ਕੰਮ ਕਰਦੇ ਕੁਲਵੰਤ ਸਿੰਘ ਵਿਰਕ ਤੋਂ ਜਾਟਾਂ ਦੇ ਪਿਛੋਕੜ ਤੇ ਉਨ੍ਹਾਂ ਦੀ ਹੋਂਦ ਬਾਰੇ ਜਾਨਣਾ ਚਾਹਿਆ ਤਾਂ ਵਿਰਕ ਨੇ ਮਹਾਰਾਜਾ ਰਣਜੀਤ ਸਿੰਘ, ਖਿਜ਼ਰ ਹਯਾਤ ਖਾਂ ਤੇ ਪ੍ਰਤਾਪ ਸਿੰਘ ਕੈਰੋਂ-ਤਿੰਨ ਸਿਰ-ਕੱਢ ਜੱਟਾਂ ਦੇ ਨਾਂ ਲਏ ਤਾਂ ਮੰਤਰੀ ਨੇ ਵਿਰਕ ਨੂੰ ਉਥੇ ਹੀ ਰੋਕ ਦਿੱਤਾ ਅਤੇ ਕਿਹਾ, Ḕਬਸ ਕਰੋ, ਮੈਨੂੰ ਸਾਰਾ ਮਸਲਾ ਸਮਝ ਆ ਗਿਆ ਹੈ।Ḕ ਭਾਵ ਇਹ ਕਿ ਜੱਟ ਜਾਂ ਸਿੱਖ ਜੱਟ ਖੇਤਾਂ ਤੇ ਪੈਲੀਆਂ ਦਾ ਮਾਲਕ ਹੁੰਦਾ ਹੈ। ਉਸ ਦੀ ਜਾਤ ਭਾਵੇਂ ਕੋਈ ਵੀ ਹੋਵੇ।
ਰਾਜਨੀਤੀ ਵਿਚ ਕਿਹੜਾ ਪੈਂਤੜਾ ਠੀਕ ਹੁੰਦਾ ਤੇ ਕਿਹੜਾ ਗਲਤ ਇਹਦੇ ਬਾਰੇ ਭਵਿੱਖਵਾਣੀ ਕਰਨੀ ਸੌਖੀ ਨਹੀਂ ਹੁੰਦੀ। ਪਰ ਜਾਟਾਂ ਤੇ ਜੱਟ ਸਿੱਖਾਂ ਦੇ ਪਛੜੀ ਸ਼੍ਰੇਣੀ ਵਿਚ ਗਿਣੇ ਜਾਣ ਨਾਲ ਪਛੜੀ ਸ਼੍ਰੇਣੀ ਵਾਲੇ ਹੀ ਉਨ੍ਹਾਂ ਦੇ ਉਲਟ ਨਹੀਂ ਹੋਣ ਲੱਗੇ ਸਗੋਂ ਖਾਂਦੇ ਪੀਂਦੇ ਜਾਟ ਵੀ ਲਾਹਨਤਾਂ ਪਾ ਸਕਦੇ ਹਨ।
ਉਂਜ ਵੀ ਜਾਟਾਂ ਤੇ ਜੱਟ ਸਿੱਖਾਂ ਦੇ ਪਛੜੇਵੇਂ ਦਾ ਸਵਾਲ ਬੜਾ ਗੁੰਝਲਦਾਰ ਹੈ। ਕੀ ਆਪਾਂ ਅਜਿਹੇ ਜਾਟਾਂ ਨੂੰ ਜੋ ਆਪਣੀ ਸ਼ਹਿਰਾਂ ਤੇ ਸੜਕਾਂ ਦੇ ਨੇੜੇ ਪੈਂਦੀ ਜ਼ਮੀਨ ਭਵਨ ਉਸਾਰੀ ਕਰਨ ਵਾਲਿਆਂ ਨੂੰ ਵੇਚ ਕੇ ਰਾਤੋ ਰਾਤ ਲੱਖਪਤੀ ਤੇ ਕਰੋੜਪਤੀ ਹੋ ਗਏ, ਉਨ੍ਹਾਂ ਨੂੰ ਪਛੜੇ ਹੋਏ ਕਹਾਂਗੇ? ਇਸ ਦੇ ਉਲਟ ਅਸੀਂ ਜਿਹੜੇ ਜਾਟ ਆਪਣੀਆਂ ਪਰੰਪਰਾਵਾਂ ਦਾ ਗਲਤ ਪਾਲਣ ਕਰਕੇ ਆਪਣੀਆਂ ਬੇਟੀਆਂ ਨੂੰ ਮੋਬਾਈਲ ਵਰਤਣ ਤੇ ਜ਼ੀਨਾਂ ਪਹਿਨਣ ਦੀ ਮਨਾਹੀ ਕਰ ਰਹੇ ਹਨ ਜਾਂ ਅੰਤਰਜਾਤੀ ਸ਼ਾਦੀਆਂ ਉਤੇ ਅੰਨੇਵਾਹ ਰੋਕਾਂ ਲਾ ਕੇ ਆਪਣੇ ਜਾਂ ਆਪਣੇ ਗਵਾਂਢੀ ਦੇ ਜਿਗਰ ਦੇ ਟੋਟਿਆਂ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ, ਉਨ੍ਹਾਂ ਨੂੰ ਪਛੜੀ ਆਤਮਾ ਦੇ ਧਾਰਨੀ ਨਹੀਂ ਮੰਨਾਂਗੇ?
ਇਕ ਸਮੇਂ ਪਛੜੀਆਂ ਸ਼੍ਰੇਣੀਆਂ ਨੂੰ ਆਰਥਕ, ਤਕਨੀਕੀ ਤੇ ਕਾਨੂੰਨੀ ਸਹੂਲਤਾਂ ਦੇਣਾ ਵਾਜਬ ਸੀ ਜਿਸ ਦਾ ਲਾਭ ਵੀ ਹੋਇਆ ਹੈ। ਹੁਣ ਇਸ ਰਾਖਵੇਂਕਰਨ ਨੂੰ ਰਾਜਨੀਤੀ ਦੇ ਟੇਟੇ ਚੜ੍ਹਨ ਤੋਂ ਬਚਾਉਣ ਦੀ ਲੋੜ ਹੈ। ਸਮੇਂ ਦੀ ਮੰਗ ਤਾਂ ਇਹ ਹੈ ਕਿ ਹੁਣ ਪਿਛਲੀ ਨੀਤੀ ਉਤੇ ਪੋਚਾ ਫੇਰ ਇਸ ਨੂੰ ਸ਼੍ਰੇਣੀ ਵੰਡ ਵਿਚੋਂ ਕੱਢ ਕੇ ਸਮੇਂ ਦੇ ਹਾਣ ਦੀ ਬਣਾਈਏ ਤੇ ਸਮਾਜ ਭਲਾਈ ਤੇ ਆਰਥਕਤਾ ਨਾਲ ਜੋੜੀਏ।
ਅਜਿਹੇ ਰਾਜਨੀਤਕ ਫੈਸਲਿਆਂ ਤੋਂ ਬਚੀਏ ਜਿਹੜੇ ਭਵਿੱਖ ਲਈ ਅੰਤਾਂ ਦੀਆਂ ਗੁੰਝਲਾਂ ਪੈਦਾ ਕਰਨ। ਉਨ੍ਹਾਂ ਨੂੰ ਉਨ੍ਹਾਂ ਦੇ ਪੁਰਖੇ ਚੇਤੇ ਕਰਵਾਈਏ ਜਿਹੜੇ ਜਾਟ ਵਿਧਵਾ ਨੂੰ ਬਨਾਰਸ ਭੇਜਣ ਦੀ ਥਾਂ ਛੋਟੇ ਭਰਾ ਦੀ ਚਾਦਰ ਪਵਾ ਕੇ ਉਸ ਦੀ ਪਤਨੀ ਬਣਾ ਦਿੰਦੇ ਸਨ। ਉਹੀਓ ਜਾਟ ਹੁਣ ਕਿਹੜੇ ਰਾਹ ਤੁਰ ਪਏ ਹਨ?
ਮੇਰੀ ਅੱਸੀ ਕੋਹ ਦੀ ਦੌੜ: ਮੈਂ 22 ਮਾਰਚ ਵਾਲੇ ਦਿਨ ਅੱਸੀ ਸਾਲ ਦਾ ਹੋ ਗਿਆ ਹਾਂ। ਪਿਛਲੇ ਵੀਹ ਸਾਲਾਂ ਤੋਂ ਮੈਂ ਕੇਵਲ ਉਸ ਕੰਮ ਨੂੰ ਹੱਥ ਪਾਉਂਦਾ ਰਿਹਾ ਜਿਹੜਾ ਪੰਜ ਸਾਲਾਂ ਵਿਚ ਨੇਪਰੇ ਚੜ੍ਹ ਜਾਵੇ। ਹੁਣ ਮੈਂ ਇਸ ਪੰਜ ਸਾਲਾ ਯੋਜਨਾ ਨੂੰ ਇੱਕ ਸਾਲਾ ਕਰਨ ਲੱਗਿਆ ਸਾਂ ਤਾਂ ਮੇਰੇ ਮਿੱਤਰ ਤੇ ਅਜੀਤ ਦੇ ਸੰਪਾਦਕ ਡਾæ ਬਰਜਿੰਦਰ ਸਿੰਘ ਹਮਦਰਦ ਦਾ ਟੈਲੀਫੋਨ ਆ ਗਿਆ ਕਿ ਉਨ੍ਹਾਂ ਨੇ ਮੇਰੀ ਕਈ ਸਾਲਾਂ ਦੀ ਮੰਗ ਪੂਰੀ ਕਰਨ ਦਾ ਫੈਸਲਾ ਕਰ ਲਿਆ ਹੈ। ਉਹ ਇਹ ਕਿ ਅੱਗੇ ਤੋਂ ਮੇਰਾ Ḕਨਿੱਕ-ਸੁੱਕḔ ਐਤਵਾਰ ਵਾਲੇ ਦਿਨ ਛਾਪਿਆ ਕਰਨਗੇ। ਨਿਸਚੇ ਹੀ ਉਨ੍ਹਾਂ ਨੂੰ ਆਸ ਹੈ ਕਿ ਮੈਂ ਹਾਲੀ ਕਈ ਵਰ੍ਹੇ ਹੋਰ ਜੀਉਣਾ ਹੈ। ਇਹ ਆਸ ਉਨ੍ਹਾਂ ਦੇ ਬੋਲਾਂ ਵਿਚ ਵੀ ਸੀ। ਮੇਰਾ ਖਿਆਲ ਹੈ ਹੁਣ ਮੈਨੂੰ ਅੱਗੇ ਵਾਲੀ ਪੰਜ ਸਾਲਾ ਯੋਜਨਾ ਨੂੰ ਇਕ ਸਾਲ ਤੱਕ ਸੀਮਤ ਕਰਨ ਦੀ ਲੋੜ ਨਹੀਂ। ਹਾਲ ਦੀ ਘੜੀ ਤਿੰਨ ਸਾਲਾ ਬਣਾ ਲੈਂਦਾ ਹਾਂ, ਬਾਕੀ ਫੇਰ ਸਹੀ। ਕੌਣ ਨਹੀਂ ਜਾਣਦਾ ਜੇ ਤੁਹਾਡੇ ਸ਼ੁਭਚਿੰਤਕ ਤੁਹਾਡੇ ਤੋਂ ਵੱਡੀਆਂ ਆਸਾਂ ਰੱਖਣ ਤਾਂ ਤੁਹਾਡਾ ਉਨ੍ਹਾਂ ਆਸਾਂ ਉਤੇ ਪੂਰੇ ਉਤਰਨ ਨੂੰ ਜੀਅ ਕਰਦਾ ਹੈ। ਖੁਦਾ ਹਾਫਿਜ਼!
ਅੰਤਿਕਾ: (ਅਮਰਜੀਤ ਕੌਰ ਅਮਰ)
ਛੱਟਾ ਦੇ ਚਾਨਣ ਵਾਲਾ
ਘਰ ਘਰ ਰੌਸਨ ਕੀਤਾ,
ਪਰ ਆਪਣੇ ਹੀ ਵਿਹੜੇ ਵਿਚ
ਨਾ ਸੂਰਜ ਗਿਆ ਉਤਾਰਿਆ।
Leave a Reply