ਭਾਰਤ ਦੀ ਲੋਕ ਸਭਾ ਲਈ ਚੋਣ ਪਿੜ ਹੁਣ ਪੂਰੀ ਤਰ੍ਹਾਂ ਭਖ ਚੁੱਕਾ ਹੈ। ਐਤਕੀਂ ਇਹ ਚੋਣਾਂ ਇਕ ਜਾਂ ਦੋ ਨਹੀਂ, ਸਗੋਂ ਪੂਰੇ 9 ਪੜਾਵਾਂ ਵਿਚ ਮੁਕੰਮਲ ਹੋਣੀਆਂ ਹਨ। ਭਾਰਤ ਨੂੰ ਨਿਰੋਲ ਹਿੰਦੂ ਰਾਸ਼ਟਰ ਬਣਾਉਣ ਲਈ ਅਹੁਲ ਰਹੀ ਜਮਾਤ ਰਾਸ਼ਟਰੀ ਸਵੈਮ-ਸੇਵਕ ਸੰਘ (ਆਰæਐਸ਼ਐਸ਼) ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਵਾਰ ਗੁਜਰਾਤ ਦੇ ਮੁੱਖ ਮੰਤਰੀ ਅਤੇ ਆਰæਐਸ਼ਐਸ਼ ਦੇ ਸਾਬਕਾ ਪ੍ਰਚਾਰਕ ਨਰੇਂਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣਾ ਉਮੀਦਵਾਰ ਪਹਿਲਾਂ ਹੀ ਐਲਾਨ ਦਿੱਤਾ ਹੋਇਆ ਹੈ। ਪਿਛਲੇ ਦਸਾਂ ਸਾਲਾਂ ਤੋਂ ਦੇਸ਼ ਵਿਚ ਰਾਜ ਕਰ ਰਹੀ ਕਾਂਗਰਸ ਨੇ ਉਸ ਦਿਨ ਤੋਂ ਹੀ ਮੋਦੀ ਨੂੰ ਆਪਣੇ ਨਿਸ਼ਾਨੇ ਦੀ ਮਾਰ ਹੇਠ ਲਿਆ ਹੋਇਆ ਹੈ। ਦਰਅਸਲ ਪਿਛਲੇ ਸਮੇਂ ‘ਚ ਕਾਂਗਰਸ ਦੀ ਆਪਣੀ ਕਾਰਗੁਜ਼ਾਰੀ ਬੇਹੱਦ ਮਾੜੀ ਰਹੀ ਹੈ, ਇਸੇ ਕਰ ਕੇ ਇਹ ਨਰੇਂਦਰ ਮੋਦੀ ਦੇ ਸਿਆਸੀ ਰੱਥ ਨੂੰ ਡੱਕਣ ਲਈ 2002 ਵਿਚ ਗੁਜਰਾਤ ‘ਚ ਹੋਏ ਮੁਸਲਮਾਨਾਂ ਦੇ ਕਤਲੇਆਮ ਨੂੰ ਮੁੱਖ ਮੁੱਦਾ ਬਣਾਉਣਾ ਲੋਚ ਰਹੀ ਹੈ। ਕਾਂਗਰਸ ਦੇ ਵਿਸ਼ੇਸ਼ ਮੁਹਿੰਮਬਾਜ਼ ਅਤੇ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਇਸ ਇਕ ਮੁੱਦੇ ਨਾਲ ਹੀ ਚੋਣਾਂ ਜਿੱਤ ਲੈਣ ਦਾ ਭਰਮ ਪਾਲੀ ਬੈਠੇ ਸਨ ਪਰ ਚੋਣ ਪ੍ਰਚਾਰ ਦੇ ਮੁਢਲੇ ਦਿਨਾਂ ਦੌਰਾਨ ਹੀ ਸਪਸ਼ਟ ਹੋ ਗਿਆ ਕਿ ਚੋਣ ਮੁਹਿੰਮ ਸਿਰਫ ਕਾਂਗਰਸ ਦੇ ਇਸ਼ਾਰਿਆਂ ਉਤੇ ਹੀ ਨਹੀਂ ਚੱਲ ਸਕਦੀ। ਉਂਜ ਜੇ ਕਾਂਗਰਸ ਇਸ ਮੁੱਦੇ ਨੂੰ ਵਿਆਪਕ ਪੱਧਰ ‘ਤੇ ਲਿਆਉਣ ਵਿਚ ਨਾਕਾਮ ਰਹੀ ਹੈ ਤਾਂ ਇਸ ਵਿਚ ਕੁਝ ਕੁ ਯੋਗਦਾਨ ਮੀਡੀਆ ਦਾ ਵੀ ਰਿਹਾ ਹੈ, ਕਿਉਂਕਿ ਕਾਰਪੋਰੇਟ ਬਿਜਨਸ ਅਦਾਰਿਆਂ ਦੇ ਕਬਜ਼ੇ ਹੇਠਲੇ ਮੀਡੀਆ ਦੇ ਇਕ ਖਾਸ ਹਿੱਸੇ ਨੇ ਮੋਦੀ ਦੇ ਹੱਕ ਵਿਚ ਪ੍ਰਚਾਰ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਦੀ ਇਕ ਟੀæਵੀæ ਚੈਨਲ ਨਾਲ ਇੰਟਰਵਿਊ ਵੀ ਕਾਂਗਰਸ ਨੂੰ ਪੁੱਠੀ ਪੈ ਗਈ। ਰਾਹੁਲ ਗਾਂਧੀ ਮੋਦੀ ਉਤੇ ਗੁਜਰਾਤ ਕਤਲੇਆਮ ਦੇ ਦੋਸ਼ ਲਾਉਂਦਾ-ਲਾਉਂਦਾ ਖੁਦ 1984 ਵਾਲੇ ਸਿੱਖ ਕਤਲੇਆਮ ਦੇ ਮੁੱਦੇ ਵਿਚ ਫਸ ਗਿਆ। ਇੰਟਰਵਿਊ ਵਾਲੇ ਨੇ ਆਖਰਕਾਰ ਉਸ ਨੂੰ ਇਸ ਮੁੱਦੇ ਉਤੇ ਘੇਰ ਲਿਆ।
ਜ਼ਾਹਿਰ ਹੈ ਕਿ ਇਨ੍ਹਾਂ ਦੋਹਾਂ ਧਿਰਾਂ ਵੱਲੋਂ ਸਾਰੀ ਸਰਗਰਮੀ ਸਿਰਫ ਚੋਣਾਂ ਜਿੱਤਣ ਲਈ ਚਲਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤੀਜੇ ਮੋਰਚੇ ਦੀ ਗੱਲ ਕਰਨੀ ਵੀ ਬਣਦੀ ਹੈ। ਪਿਛਲੇ ਸਾਲਾਂ ਦੌਰਾਨ ਇਸ ਮੋਰਚੇ ਦੀ ਬਾਕਾਇਦਾ ਸਰਕਾਰ ਬਣ ਚੁੱਕੀ ਹੈ ਅਤੇ ਇਸ ਮੋਰਚੇ ਵਿਚ ਸ਼ਾਮਲ ਆਗੂਆਂ ਦਾ ਜ਼ੋਰ ਇਸੇ ਗੱਲ ‘ਤੇ ਲੱਗਿਆ ਹੋਇਆ ਹੈ ਕਿ ਐਤਕੀਂ ਭਾਵੇਂ ਉਨ੍ਹਾਂ ਦੀ ਆਪਣੀ ਸਰਕਾਰ ਬਣੇ, ਭਾਵੇਂ ਨਾ; ਪਰ ਇਨ੍ਹਾਂ ਦੀ ਮਰਜ਼ੀ ਦੀ ਸਰਕਾਰ ਜ਼ਰੂਰ ਬਣ ਜਾਵੇ। ਮੋਟੇ ਰੂਪ ਵਿਚ ਇਨ੍ਹਾਂ ਤਿੰਨਾਂ ਮੁੱਖ ਧਿਰਾਂ ਦਾ ਸਾਰਾ ਜ਼ੋਰ ਵੱਧ ਤੋਂ ਵੱਧ ਸੀਟਾਂ ਜਿੱਤਣ ‘ਤੇ ਹੀ ਕੇਂਦਰਤ ਹੈ ਅਤੇ ਇਹ ਉਮੀਦਵਾਰਾਂ ਦੀ ਚੋਣ ਵੀ ਇਸੇ ਹਿਸਾਬ ਨਾਲ ਕਰ ਰਹੇ ਹਨ। ਕਿਸੇ ਬੁਨਿਆਦੀ ਤਬਦੀਲੀ ਦਾ ਦਾਅਵਾ ਇਨ੍ਹਾਂ ਤਿੰਨਾਂ ਹੀ ਧਿਰਾਂ ਦੇ ਪ੍ਰਚਾਰ ਵਿਚੋਂ ਪੂਰੀ ਤਰ੍ਹਾਂ ਗਾਇਬ ਹੈ।
ਇਸ ਪ੍ਰਸੰਗ ਵਿਚ ਐਤਕੀਂ ਸਿਆਸੀ ਮੈਦਾਨ ਵਿਚ ਨਿੱਤਰੀ ਚੌਥੀ ਧਿਰ-ਆਮ ਆਦਮੀ ਪਾਰਟੀ (ਆਪ) ਦੀ ਚਰਚਾ ਕਰਨੀ ਬਣਦੀ ਹੈ। ਇਸ ਧਿਰ ਦੀ ਸ਼ਕਤੀ ਬੜੀ ਸੀਮਤ ਹੈ ਪਰ ਜਿਨ੍ਹਾਂ ਰਾਹਾਂ ਤੋਂ ਨਿਕਲ ਕੇ ਇਹ ਭਾਰਤ ਦੀ ਸਿਆਸਤ ਉਤੇ ਛਾਈ ਹੈ, ਉਸ ਨੇ ਇਸ ਧਿਰ ਨੂੰ ਬਾਕੀ ਸਭ ਸਿਆਸੀ ਧਿਰਾਂ ਨਾਲੋਂ ਵਿਲੱਖਣ ਬਣਾ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਇਸ ਧਿਰ ਦੀ ਵੱਡੀ ਜਿੱਤ ਬਾਰੇ ਕਿਸੇ ਦੇ ਖਾਬ-ਖਿਆਲ ਵਿਚ ਵੀ ਨਹੀਂ ਸੀ। ਫਿਲਹਾਲ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ‘ਆਪ’ ਦਿੱਲੀ ਵਿਧਾਨ ਸਭਾ ਵਰਗੀ ਜਿੱਤ ਲੋਕ ਸਭਾ ਚੋਣਾਂ ਵਿਚ ਵੀ ਦਰਜ ਕਰਵਾ ਸਕੇਗੀ ਪਰ ਇੰਨਾ ਜ਼ਰੂਰ ਹੈ ਕਿ ਇਹ ਚੋਣਾਂ ਉਤੇ ਆਪਣਾ ਅਸਰ ਜ਼ਰੂਰ ਛੱਡਣ ਵਾਲੀ ਹੈ। ਇਸ ਦਾ ਇਕੋ-ਇਕ ਕਾਰਨ ਇਹ ਹੈ ਕਿ ਭਾਰਤ ਦੇ ਲੋਕ ਰਵਾਇਤੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਤੋਂ ਬਹੁਤ ਜ਼ਿਆਦਾ ਅੱਕੇ ਹੋਏ ਹਨ। ਵੱਖ-ਵੱਖ ਮੁੱਦਿਆਂ ਅਤੇ ਵਿਕਾਸ ਦੇ ਮਾਡਲ ਬਾਰੇ ‘ਆਪ’ ਦੀਆਂ ਨੀਤੀਆਂ ਵੀ ਭਾਵੇਂ ਪੂਰੀ ਤਰ੍ਹਾਂ ਸਪਸ਼ਟ ਨਹੀਂ, ਪਰ ਭਾਰਤੀ ਆਵਾਮ ਜਿਨ੍ਹਾਂ ਮੁੱਦਿਆਂ ਨਾਲ ਜੂਝ ਰਿਹਾ ਹੈ, ਉਸ ਬਾਰੇ ਵਿਸ਼ੇਸ਼ ਤੇ ਸਪਸ਼ਟ ਪਹੁੰਚ ਅਪਨਾਉਣ ਕਰ ਕੇ ਲੋਕਾਂ ਨੇ ਇਨ੍ਹਾਂ ਨੂੰ ਭਰਪੂਰ ਹੁੰਗਾਰਾ ਦਿੱਤਾ ਹੈ ਅਤੇ ਕੁਝ ਹੀ ਸਮੇਂ ਵਿਚ ‘ਆਪ’ ਕੌਮੀ ਸਰੂਪ ਅਖਤਿਆਰ ਕਰ ਗਈ ਹੈ। ਪਿਛਲੀ ਸਦੀ ਦੌਰਾਨ 70ਵਿਆਂ ਵਿਚ ਜਨਤਾ ਪਾਰਟੀ ਵਾਲੀ ਲਹਿਰ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਜਮਾਤ ਨੂੰ ਇੰਨੀ ਵੱਡੀ ਪੱਧਰ ਉਤੇ ਲੋਕਾਂ ਨੇ ‘ਜੀ ਆਇਆਂ’ ਆਖਿਆ ਹੈ। ਇਸ ਪਾਰਟੀ ਦੇ ਆਗੂਆਂ ਦਾ ਜਿੱਤ ਬਾਰੇ ਵੀ ਕੋਈ ਵੱਡਾ ਦਾਅਵਾ ਨਹੀਂ ਹੈ, ਬਲਕਿ ਇਨ੍ਹਾਂ ਦਾ ਕਹਿਣਾ ਹੈ ਕਿ ਇਹ ਤਾਂ ਮੁੱਖ ਸਿਆਸੀ ਧਿਰਾਂ ਵੱਲੋਂ ਗਲਤ ਦਿਸ਼ਾ ਵੱਲ ਚਲਾਏ ਜਾ ਰਹੇ ਰੱਥ ਨੂੰ ਮੋੜਾ ਪਾਉਣ ਲਈ ਹੀ ਸਿਆਸੀ ਮੈਦਾਨ ਵਿਚ ਕੁੱਦੇ ਹਨ। ਇਨ੍ਹਾਂ ਦੇ ਮੁੱਖ ਨਿਸ਼ਾਨੇ ‘ਤੇ ਸਿਆਸੀ ਪਾਰਟੀਆਂ ਅਤੇ ਆਗੂਆਂ ਦਾ ਅਖੌਤੀ ‘ਲੋਕ ਸੇਵਾ’ ਵਾਲਾ ਚਰਿੱਤਰ ਹੀ ਹੈ। ਇਹੀ ਕਾਰਨ ਹੈ ਕਿ ਕਾਂਗਰਸ ਅਤੇ ਭਾਜਪਾ ਨੂੰ ਐਤਕੀਂ ਆਪਣੇ ਉਮੀਦਵਾਰਾਂ ਦੀ ਚੋਣ ਕਰਨ ਲਈ ‘ਆਪ’ ਦੀ ਤਰਜ਼ ਸੁਣਨੀ ਪੈ ਰਹੀ ਹੈ। ਅੱਜ ਦੀ ਤਾਰੀਖ ਵਿਚ ਇਹ ਕੋਈ ਛੋਟੀ ਗੱਲ ਨਹੀਂ। ‘ਆਪ’ ਇਨ੍ਹਾਂ ਲੋਕ ਸਭਾ ਚੋਣਾਂ ਵਿਚ ਸੀਟਾਂ ਜਿੱਤਣ ਦੇ ਹਿਸਾਬ ਨਾਲ ਕੋਈ ਵੱਡੀ ਜਿੱਤ ਦਰਜ ਕਰਦੀ ਹੈ ਜਾਂ ਨਹੀਂ, ਪਰ ਇਕ ਗੱਲ ਤਾਂ ਤੈਅ ਹੈ ਕਿ ਇਹ ਆਉਣ ਵਾਲੀ ਸਿਆਸਤ ਦਾ ਮੁਹਾਣ ਤੈਅ ਕਰਨ ਵਿਚ ਭੂਮਿਕਾ ਜ਼ਰੂਰ ਨਿਭਾਏਗੀ। ਇਕ ਗੱਲ ਹੋਰ ਵੀ ਨੋਟ ਕਰਨ ਵਾਲੀ ਹੈ ਕਿ ‘ਆਪ’ ਚੋਣ ਮੈਦਾਨ ਵਿਚ ਇਕੱਲਿਆਂ ਹੀ ਨਿੱਤਰੀ ਹੈ। ਇਸ ਦੀ ਪ੍ਰਾਪਤੀ ਜਾਂ ਅਪ੍ਰਾਪਤੀ ਨਿਰੋਲ ਇਸ ਦੀ ਆਪਣੀ ਹੋਵੇਗੀ। ਫਿਰ ਇਹੀ ਪ੍ਰਾਪਤੀ ਇਸ ਦੀ ਅਗਲੀ ਉਡਾਣ ਦਾ ਸਾਧਨ ਬਣੇਗੀ। ਹੁਣ ਤਾਂ ਬੱਸ ਇਹੀ ਦੇਖਣਾ ਬਾਕੀ ਹੈ ਕਿ ਇਹ ਧਿਰ ਭਾਰਤ ਦੇ ਨਿੱਘਰ ਚੁੱਕੇ ਸਿਆਸੀ ਨਿਜ਼ਾਮ ਦੀ ਸਫਾਈ ਲਈ ਕਿੰਨੇ ਕੁ ਜ਼ੋਰ ਨਾਲ ਆਪਣਾ ‘ਝਾੜੂ’ ਫੇਰ ਸਕੇਗੀ।
Leave a Reply