ਐਤਕੀਂ ਰਾਸ਼ਟਰਪਤੀ ਦੀ ਚੋਣ ਬਹੁਤ ਦਿਲਚਸਪ ਰਹੀ ਹੈ। ਬਰਾਕ ਓਬਾਮਾ ਅਤੇ ਮਿੱਟ ਰੋਮਨੀ ਵਿਚਕਾਰ ਜਿਸ ਤਰ੍ਹਾਂ ਦਾ ਦੰਗਲ ਹੋਇਆ, ਉਸ ਨਾਲ ਅੰਤ ਤੱਕ ਜਿੱਤ-ਹਾਰ ਬਾਰੇ ਉਤਸੁਕਤਾ ਬਣੀ ਰਹੀ। ਪਹਿਲੇ ਚੋਣ ਸਰਵੇਖਣਾਂ ਵਿਚ ਭਾਵੇਂ ਓਬਾਮਾ ਆਪਣੇ ਵਿਰੋਧੀ ਰੋਮਨੀ ਤੋਂ ਜਿੱਤ ਲਈ ਤਸੱਲੀ ਜੋਗੇ ਫਰਕ ਨਾਲ ਅੱਗੇ ਚੱਲ ਰਹੇ ਪਰ ਜਿਉਂ ਜਿਉਂ ਚੋਣ ਨੇੜੇ ਆਉਂਦੀ ਗਈ, ਇਹ ਫਰਕ ਘਟਦਾ ਘਟਦਾ ਉੱਕਾ ਹੀ ਬਰਾਬਰੀ ‘ਤੇ ਆ ਗਿਆ। ਦੋਹਾਂ ਧਿਰਾਂ ਨਾਲ ਸਬੰਧਤ ਚੋਣ-ਪ੍ਰਬੰਧਕਾਂ ਅਤੇ ਸਮਰਥਕਾਂ ਦੇ ਉਪਰਲੇ ਸਾਹ ਉਤਾਂਹ ਅਤੇ ਹੇਠਲੇ ਸਾਹ ਹੇਠਾਂ ਰਹਿ ਗਏ। ਰਹਿੰਦੀ ਕਸਰ ਐਨ ਆਖਰੀ ਦਿਨਾਂ ਦੌਰਾਨ ਆਏ ਭਿਅੰਕਰ ਤੂਫਾਨ ‘ਸੈਂਡੀ’ ਨੇ ਕੱਢ ਦਿੱਤੀ। ਚੋਣ ਵਿਸ਼ਸ਼ਲੇਣ ਮਾਹਿਰਾਂ ਦੀ ਰਿਪੋਰਟ ਹੈ ਕਿ ਇਸ ਅਤਿਅੰਤ ਫਸਵੀਂ ਟੱਕਰ ਵਿਚ ਆਖਰਕਾਰ ਸੱਚ ਅਤੇ ਝੂਠ ਦਾ ਨਿਤਾਰਾ ਹੀ ਹੋਇਆ। ਐਨ ਆਖਰੀ ਘੜੀਆਂ ਦੌਰਾਨ ਬਹੁਤੇ ਲੋਕਾਂ ਨੇ ਰੋਮਨੀ ਤੋਂ ਇਸ ਕਰ ਕੇ ਪਾਸਾ ਵੱਟ ਲਿਆ ਕਿਉਂਕਿ ਉਨ੍ਹਾਂ ਮੁਤਾਬਕ, ਰੋਮਨੀ ਕੁਝ ਮਾਮਲਿਆਂ ਵਿਚ ਨਿਰੋਲ ਝੂਠ ਬੋਲ ਕੇ ਲੋਕਾਂ ਨੂੰ ਆਪਣੇ ਵੱਲ ਕਰਨ ਦਾ ਯਤਨ ਕਰ ਰਹੇ ਹਨ। ਇਹੀ ਉਹ ਘੜੀਆਂ ਸਨ ਜਿਨ੍ਹਾਂ ਦੌਰਾਨ ਓਬਾਮਾ ਦੇ ਹਿੱਸੇ ਜਿੱਤ ਦਾ ਇਤਿਹਾਸ ਲਿਖਿਆ ਗਿਆ। ਸਾਡੇ ਕਾਲਮਨਵੀਸ ਹਰਜਿੰਦਰ ਦੁਸਾਂਝ ਨੇ ਆਪਣੇ ਇਸ ਲੇਖ ਵਿਚ ਇਸ ਦਿਲਚਸਪ ਚੋਣ ਦੇ ਇਨ੍ਹਾਂ ਸਾਰੇ ਪੱਖਾਂ ਬਾਰੇ ਤਫਸੀਲ ਸਹਿਤ ਚਰਚਾ ਕੀਤੀ ਹੈ। -ਸੰਪਾਦਕ
ਹਰਜਿੰਦਰ ਦੁਸਾਂਝ
ਅਜੇ ਤੱਕ ਕੁੱਲ 43 ਬੰਦਿਆਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਦਾ ਮਾਣ ਹਾਸਲ ਹੋਇਆ ਹੈ। ਇਨ੍ਹਾਂ ‘ਚੋਂ ਕੇਵਲ 16 ਨੂੰ ਹੀ ਦੂਜੀ ਵਾਰ ਰਾਸ਼ਟਰਪਤੀ ਦੀ ਕੁਰਸੀ ‘ਤੇ ਬੈਠਣ ਦਾ ਸੁਭਾਗ ਹਾਸਲ ਹੋਇਆ ਹੈ। ਦੂਜੀ ਵਾਰ ਰਾਸ਼ਟਰਪਤੀ ਬਣਨ ਲਈ ਰਾਸ਼ਟਰਪਤੀ ਦਾ ਏਜੰਡਾ, ਉਸ ਦਾ ਕੰਮ-ਕਾਜ ਅਤੇ ਲੋਕਾਂ ਦੀ ਸੰਤੁਸ਼ਟੀ ਬਹੁਤ ਜ਼ਰੂਰੀ ਹੁੰਦੀ ਹੈ ਪਰ ਰਾਸ਼ਟਰਪਤੀ ਬਰਾਕ ਓਬਾਮਾ ਦੀ ਦੂਜੀ ਜਿੱਤ ਦੌਰਾਨ ਉਪਰੋਕਤ ਤਿੰਨਾਂ ਗੱਲਾਂ ‘ਚ ਇਕਸਾਰਤਾ ਨਜ਼ਰ ਨਹੀਂ ਆਉਂਦੀ। ਰਾਸ਼ਟਰਪਤੀ ਦੀ ਮੌਜੂਦਾ ਚੋਣ ਤੋਂ ਪਹਿਲਾਂ ਅਮਰੀਕਾ ਰਾਜਸੀ, ਆਰਥਿਕਤਾ, ਨਸਲ ਤੇ ਉਮਰ ਅਤੇ ਲਿੰਗ ਦੇ ਵਖਰੇਵਿਆਂ ਵਰਗੇ ਮੁੱਦਿਆਂ ਨੂੰ ਲੈ ਕੇ ਬੁਰੀ ‘ਤੇ ਵੰਡਿਆ ਗਿਆ ਸੀ। ਇਹ ਵਖਰੇਵੇਂ ਇੰਨੇ ਤਿੱਖੇ ਸਨ ਕਿ ਮੁੜ ਚੇਤੇ ਆ ਰਿਹਾ ਸੀ ਉਹ ਗ੍ਰਹਿ ਯੁੱਧ, ਜਦੋਂ ਅਮਰੀਕੀ ਸੰਗੀਨਾਂ ਅਮਰੀਕੀ ਲੋਕਾਂ ਦੇ ਖ਼ਿਲਾਫ਼ ਹੀ ਤਣ ਗਈਆਂ ਸਨ।
ਜੇ ਅਮਰੀਕੀ ਇਤਿਹਾਸ ਉਤੇ ਪੰਛੀ ਝਾਤ ਵੀ ਮਾਰੀ ਜਾਵੇ ਤਾਂ ਬਰਾਕ ਓਬਾਮਾ ਹੁਣ ਤੱਕ ਬਣੇ ਸਭ ਰਾਸ਼ਟਰਪਤੀਆਂ ‘ਚੋਂ ਫਰੈਂਕਲਿਨ ਰੂਜ਼ਵੈਲਟ ਨਾਲ ਖੜ੍ਹੇ ਦਿਖਾਈ ਦਿੰਦੇ ਹਨ ਜਿਨ੍ਹਾਂ ਨੂੰ ਅਹੁਦਾ ਸੰਭਾਲਦਿਆਂ ਇੰਨੀ ਮਾੜੀ ਆਰਥਿਕਤਾ ਮਿਲੀ ਅਤੇ ਉਦੋਂ ਲੋਕ ਬੇਰੁਜ਼ਗਾਰੀ ਤੇ ਜੰਗ ਦਾ ਸਾਹਮਣਾ ਕਰ ਰਹੇ ਸਨ। ਦੇਖਿਆ ਜਾਵੇ ਤਾਂ ਰਾਸ਼ਟਰਪਤੀ ਬਰਾਕ ਓਬਾਮਾ, ਰੂਜ਼ਵੈਲਟ ਤੋਂ ਵੀ ਦੋ ਕਦਮ ਪਰ੍ਹਾਂ ਖੜ੍ਹੇ ਦਿਸਦੇ ਹਨ, ਕਿਉਂਕਿ ਰੂਜ਼ਵੈਲਟ ਵੇਲੇ ਅਮਰੀਕੀ ਲੋਕਾਂ ‘ਚ ਪਈਆਂ ਵੰਡੀਆਂ ਇੰਨੀਆਂ ਡੂੰਘੀਆਂ ਨਹੀਂ ਸਨ। ਇਸ ਵੇਲੇ ਰਾਸ਼ਟਰਪਤੀ ਲਈ ਸਭ ਤੋਂ ਔਖਾ ਕੰਮ ਅਮਰੀਕੀ ਲੋਕਾਂ ਦਰਮਿਆਨ ਪਈਆਂ ਦੂਰੀਆਂ ਘਟਾਉਣ ਦਾ ਔਖਾ ਕਾਰਜ ਹੈ। ਰਾਸ਼ਟਰਪਤੀ ਨੇ ਬਤੌਰ ਆਗੂ ਚੋਣਾਂ ਦੇ ਨਤੀਜਿਆਂ ਤੋਂ ਛੇਤੀ ਬਾਅਦ ਦਿੱਤੇ ਬਿਆਨਾਂ ਰਾਹੀਂ ਇਹ ਦੂਰੀ ਮਿਟਾਉਣ ਲਈ ਕੋਸ਼ਿਸ਼ਾਂ ਤਾਂ ਸ਼ੁਰੂ ਕਰ ਦਿੱਤੀਆਂ ਹਨ। ਚੰਗੀ ਗੱਲ ਹੈ ਕਿ ਮਿੱਟ ਰੋਮਨੀ ਵੀ ਇਹੋ ਕਹਿ ਰਹੇ ਹਨ ਕਿ ਦੇਸ਼ ਜਿਸ ਤਰ੍ਹਾਂ ਦੇ ਅੰਦਰੂਨੀ ਮਸਲਿਆਂ ਤੇ ਵਖਰੇਵਿਆਂ ਦਾ ਸਾਹਮਣਾ ਕਰ ਰਿਹਾ ਹੈ, ਉਹ ਸਭ ਧਿਰਾਂ ਵੱਲੋਂ ਆਪਸੀ ਸਹਿਮਤੀ ਨਾਲ ਹੀ ਨਿੱਬੜ ਸਕਦੇ ਹਨ। ਰਾਸ਼ਟਰਪਤੀ ਓਬਾਮਾ ਨੇ ਕਿਹਾ ਕਿ ਉਹ ਬਹੁਤ ਛੇਤੀ ਵ੍ਹਾਈਟ ਹਾਊਸ ‘ਚ ਕਾਂਗਰਸ ਦੀਆਂ ਦੋਵਾਂ ਧਿਰਾਂ ਦੀ ਸਾਂਝੀ ਬੈਠਕ ਸੱਦ ਰਹੇ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਉਹ ਆਪਣੇ ਏਜੰਡੇ ਨਾਲ ਚਿੰਬੜੇ ਹੋਏ ਨਹੀਂ; ਜੇ ਅਮਰੀਕੀ ਲੋਕਾਂ ਦੇ ਭਲੇ ਲਈ ਕਿਸੇ ਧਿਰ ਵੱਲੋਂ ਨਵਾਂ ਸੁਝਾਅ ਆਉਂਦਾ ਤਾਂ ਉਹ ਉਸ ਨੂੰ ਸਵੀਕਾਰ ਕਰਨਗੇ। ਰਾਸ਼ਟਰਪਤੀ ਇਕ ਧਿਰ ਦੇ ਰਾਸ਼ਟਰਪਤੀ ਬਣ ਕੇ ਨਹੀਂ ਵਿਚਰਨਾ ਚਾਹੁੰਦੇ, ਸਗੋਂ ਉਹ ਸਮੁੱਚੇ ਅਮਰੀਕੀ ਸਮਾਜ ਦੇ ਸੇਵਾਕਾਰ ਵਜੋਂ ਵਿਚਰਨਾ ਚਾਹੁੰਦੇ ਹਨ।
ਜੇ ਰਾਸ਼ਟਰਪਤੀ ਦੇ ਅਹੁਦੇ ਲਈ ਹੋਈਆਂ ਚੋਣਾਂ ਉਤੇ ਨਜ਼ਰ ਮਾਰੀ ਜਾਵੇ ਤਾਂ ਅਮਰੀਕੀ ਗ੍ਰਹਿ ਯੁੱਧ ਦੇ ਦਿਨਾਂ ਵਾਂਗ ਅਮਰੀਕਾ ਦੇ ਦੱਖਣੀ ਸੂਬਿਆਂ ਤੇ ਉਤਰੀ ਸੂਬਿਆਂ ਵਿਚਲੀ ਕਤਾਰਬੰਦੀ ਦਿਖਾਈ ਦਿੰਦੀ ਹੈ। ਰਾਸ਼ਟਰਪਤੀ ਦੇ ਵਿਰੋਧੀ ਰੋਮਨੀ ਨੇ ਉਨ੍ਹਾਂ ਸਾਰੇ ਗਿਆਰਾਂ ਰਾਜਾਂ ‘ਚ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਗਿਆਰਾਂ ਰਾਜਾਂ ਨੇ ਕਨਫਡਰੇਸ਼ਨ ਬਣਾ ਕੇ ਸੰਯੁਕਤ ਰਾਜ ਅਮਰੀਕਾ ਖ਼ਿਲਾਫ ਸਿਵਲ ਯੁੱਧ ਸ਼ੁਰੂ ਕੀਤਾ ਸੀ। ਯਾਦ ਰਹੇ ਕਿ ਦੱਖਣ ਦੇ ਇਨ੍ਹਾਂ ਗਿਆਰਾਂ ਰਾਜਾਂ ‘ਚ ਉਸ ਵੇਲੇ ਬਣੀ ਯੂਨੀਅਨ ਦੀ ਸਾਂਝ ਹੈ। ਰੋਮਨੀ ਨੇ ਸਭ ਤੋਂ ਘੱਟ ਆਬਾਦੀ ਵਾਲੇ ਰਾਜਾਂ ‘ਚੋਂ ਅੱਠਾਂ ਵਿਚ ਜਿੱਤ ਹਾਸਲ ਕੀਤੀ ਹੈ। ਘੱਟ ਆਬਾਦੀ ਵਾਲੇ ਦਸ ਰਾਜਾਂ ‘ਚੋਂ ਕੇਵਲ ਦੋ ਹੀ ਓਬਾਮਾ ਦੀ ਝੋਲੀ ਪਏ, ਕਿਉਂਕਿ ਇਨ੍ਹਾਂ ਦੋ ਰਾਜਾਂ ਨੇਵਾਡਾ ਅਤੇ ਨਿਊ ਮੈਕਸੀਕੋ ‘ਚ ਹਿਸਪੈਨਿਕ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਜੇ ‘ਏਡੀਸਨ ਰਿਸਰਚ ਸੈਂਟਰ’ ਵੱਲੋਂ ਤਿਆਰ ਕੀਤੇ ‘ਨੈਸ਼ਨਲ ਇਲੈਕਸ਼ਨ ਪੋਲ’ ਦੀ ਖੋਜ ਰਿਪੋਰਟ ਦੇਖੀ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਓਬਾਮਾ ਨੂੰ ਦੁਬਾਰਾ ਜਿਤਾਉਣ ‘ਚ ਔਰਤਾਂ, ਅਫਰੀਕਨ ਮੂਲ ਦੇ ਵੋਟਰਾਂ, ਤੀਹ ਸਾਲ ਤੋਂ ਥੱਲੇ ਵਾਲੇ ਵੋਟਰਾਂ, ਏਸ਼ੀਅਨ ਮੂਲ ਦੇ ਵੋਟਰਾਂ ਦਾ ਵੱਡਾ ਰੋਲ ਹੈ। ਉਪਰੋਕਤ ਰਿਪੋਟ ਏæਬੀæਸੀæ ਨਿਊਜ਼, ਐਸੋਸੀਏਟ ਪ੍ਰੈਸ, ਸੀæਬੀæਸੀæ ਨਿਊਜ਼, ਸੀæਐਨæਐਨæ, ਫਾਕਸ ਨਿਊਜ਼ ਅਤੇ ਐਨæਬੀæਸੀæ ਨਿਊਜ਼ ਦੀ ਭਾਗੀਦਾਰੀ ਨਾਲ ਤਿਆਰ ਕੀਤੀ ਹੈ।
ਇਸ ਰਿਪੋਰਟ ਦੇ ਮੁਤਾਬਕ 53 ਫੀਸਦ ਔਰਤਾਂ ਨੇ ਓਬਾਮਾ ਨੂੰ ਅਤੇ 44 ਫੀਸਦ ਔਰਤਾਂ ਨੇ ਰੋਮਨੀ ਨੂੰ ਵੋਟਾਂ ਪਾਈਆਂ। 18 ਤੋਂ 29 ਸਾਲ ਦੇ ਵੋਟਰਾਂ ‘ਚੋਂ 59 ਫੀਸਦ ਨੇ ਓਬਾਮਾ ਨੂੰ ਚੁਣਿਆ ਤੇ 37 ਫੀਸਦ ਨੇ ਰਾਮਨੀ ਦੇ ਹੱਕ ‘ਚ ਫਤਵਾ ਦਿੱਤਾ। 30 ਤੋਂ 44 ਸਾਲ ਦੇ ਵੋਟਰਾਂ ‘ਚੋਂ 51 ਫੀਸਦ ਓਬਾਮਾ ਤੇ 46 ਫੀਸਦ ਰੋਮਨੀ ਦੇ ਹੱਕ ‘ਚ ਭੁਗਤੇ। 45 ਤੋਂ 64 ਸਾਲ ਦੇ ਵੋਟਰਾਂ ‘ਚੋਂ 52 ਫੀਸਦ ਰਾਮਨੀ ਤੇ 47 ਫੀਸਦ ਨੇ ਓਬਾਮਾ ਦੇ ਬਕਸਿਆਂ ‘ਚ ਵੋਟ ਸੁੱਟੇ। 65 ਸਾਲਾਂ ਤੋਂ ਉਪਰ ਵਾਲੇ ਵੋਟਰ 56 ਫੀਸਦ ਰੋਮਨੀ ਤੇ 43 ਫੀਸਦ ਓਬਾਮਾ ਦੇ ਹੱਕ ‘ਚ ਗਏ। ਜੇ ਨਸਲੀ ਤੌਰ ‘ਤੇ ਇਸ ਇਲੈਕਸ਼ਨ ਨੂੰ ਦੇਖਿਆ ਜਾਵੇ ਤਾਂ ਗੋਰਿਆਂ ਦੀ ਕੇਵਲ 39 ਫੀਸਦ ਵੋਟ ਓਬਾਮਾ ਨੂੰ ਹਾਸਲ ਹੋਈ ਤੇ 59 ਫੀਸਦ ਗੋਰੀ ਵੋਟ ਰੋਮਨੀ ਦੇ ਹੱਕ ‘ਚ ਭੁਗਤੀ। ਚੋਣਾਂ ਤੋਂ ਪਹਿਲਾਂ ਸਮਝਿਆ ਜਾਂਦਾ ਸੀ ਕਿ ਓਬਾਮਾ ਨੂੰ ਮੁੜ ਜਿੱਤਣ ਲਈ ਗੋਰਿਆਂ ਦੀ 40 ਫੀਸਦ ਵੋਟ ਜਿੱਤਣੀ ਜ਼ਰੂਰੀ ਹੈ ਪਰ ਇਸ ਵਿਚ ਇਕ ਫੀਸਦ ਦਾ ਫਾਸਲਾ ਰਹਿ ਗਿਆ ਪਰ ਇਹ ਘਾਟ ਏਸ਼ੀਅਨ ਮੂਲ ਦੇ ਲੋਕਾਂ ਨੇ ਪੂਰੀ ਕਰ ਦਿੱਤੀ। ਏਸ਼ੀਅਨ ਮੂਲ ਦੀਆਂ 74 ਫੀਸਦ ਵੋਟਾਂ ਓਬਾਮਾ ਨੂੰ ਹਾਸਲ ਹੋਈਆਂ ਜਦ ਕਿ ਰੋਮਨੀ ਕੇਵਲ 25 ਫੀਸਦ ਏਸ਼ੀਅਨ ਵੋਟਰਾਂ ਨੂੰ ਹੀ ਖ਼ੁਸ਼ ਕਰ ਸਕੇ। ਅਫਰੀਕਨ ਮੂਲ ਦੀਆਂ 93 ਫੀਸਦ ਵੋਟਾਂ ਓਬਾਮਾ ਨੂੰ ਹਾਸਲ ਹੋਈਆਂ ਤੇ ਰੋਮਨੀ ਸਿਰਫ਼ ਸੱਤ ਫੀਸਦ ਹੀ ਅਫਰੀਕਨ ਵੋਟਾਂ ਖਿੱਚ ਸਕੇ। ਯਾਦ ਰਹੇ ਕਿ ਏਸ਼ੀਅਨ ਮੂਲ ਦੀ ਵੋਟਾਂ ‘ਚ ਇਸ ਵਾਰ ਵੱਖੋ-ਵੱਖਰੇ ਰਾਜਾਂ ‘ਚ ਛੇ ਤੋਂ ਗਿਆਰਾਂ ਫੀਸਦ ਦਾ ਇਜ਼ਾਫਾ ਹੋਇਆ ਸੀ। ਇਸ ਦਾ ਵੱਡਾ ਫਾਇਦਾ ਓਬਾਮਾ ਨੂੰ ਹੋਇਆ। ਜੇ ਰਾਜਨੀਤਕ ਤੌਰ ਉਤੇ ਦੇਖਿਆ ਜਾਵੇ ਤਾਂ 92 ਫੀਸਦ ਡੈਮੋਕ੍ਰੇਟ ਵਜੋਂ ਰਜਿਸਟਰਡ ਵੋਟਰਾਂ ਦਾ ਫਤਵਾ ਓਬਾਮਾ ਦੇ ਹੱਕ ‘ਚ ਗਿਆ ਤੇ ਸੱਤ ਫੀਸਦ ਡੈਮੋਕ੍ਰੇਟ ਰੋਮਨੀ ਦੇ ਹੱਕ ‘ਚ ਭੁਗਤੇ। ਇਸੇ ਤਰ੍ਹਾਂ ਰਿਪਬਲੀਕਨਾਂ ‘ਚੋਂ 93 ਫੀਸਦ ਰੋਮਨੀ ਨੂੰ ਤੇ ਛੇ ਫੀਸਦ ਵੋਟ ਓਬਾਮਾ ਨੂੰ ਮਿਲੇ। ਆਜ਼ਾਦ ਰਜਿਸਟਰਡ ਵੋਟਰਾਂ ‘ਚੋਂ 45 ਫੀਸਦ ਨੇ ਓਬਾਮਾ ਤੇ 50 ਫੀਸਦ ਨੇ ਰੋਮਨੀ ਦੀ ਚੋਣ ਕੀਤੀ। ਵਿਦਿਅਕ ਪੱਖੋਂ 55 ਫੀਸਦ ਪੋਸਟ ਗਰੈਜੂਏਟ ਵੋਟਰਾਂ ਨੇ ਓਬਾਮਾ ਦੀ ਚੋਣ ਕੀਤੀ ਅਤੇ 43 ਫੀਸਦ ਨੇ ਰਾਮਨੀ ਦੀ। ਜਿਹੜੇ ਕਦੇ ਕਾਲਜ ਨਹੀਂ ਗਏ, ਉਨ੍ਹਾਂ ‘ਚੋਂ 52 ਫੀਸਦ ਨੇ ਓਬਾਮਾ ਤੇ 47 ਫੀਸਦ ਨੇ ਰੋਮਨੀ ਨੂੰ ਚੁਣਿਆ। ਕਾਲਜ ਗਰੈਜੂਏਟ ਵੋਟਰਾਂ ‘ਚ ਰੋਮਨੀ ਨੂੰ 52 ਫੀਸਦ ਤੇ ਓਬਾਮਾ ਨੂੰ 46 ਫੀਸਦ ਵੋਟਰ ਮਿਲੇ ਜਦ ਕਿ ਅੰਡਰ ਗਰੈਜੂਏਟ ਦੋਵਾਂ ‘ਚ ਬਰਾਬਰ ਵੰਡੇ ਗਏ ਤੇ ਇਹ ਵੰਡ 49 ਫੀਸਦ ਦੀ ਰਹੀ।
ਇਸ ਇਲੈਕਸ਼ਨ ਸਬੰਧੀ ਹੋਈ ਰਿਸਰਚ ਰਿਪੋਰਟ ‘ਚ ਵੋਟਰਾਂ ਅਤੇ ਉਨ੍ਹਾਂ ਦੇ ਵੋਟ ਪਾਉਣ ਦੇ ਰੁਝਾਨ ਨੂੰ ਵੋਟਰਾਂ ਦੀ ਆਮਦਨ ਤੇ ਉਨ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਵਰਗੇ ਮੁੱਦਿਆਂ ਨਾਲ ਵੰਡ ਕੇ ਦੇਖਿਆ ਗਿਆ ਹੈ। ਮੋਟੇ ਤੌਰ ‘ਤੇ ਦੇਖਿਆ ਜਾਵੇ ਤਾਂ ਘੱਟ ਆਮਦਨ ਵਾਲੇ ਵੋਟਰ ਓਬਾਮਾ ਦੇ ਹੱਕ ‘ਚ ਨਿੱਤਰੇ ਅਤੇ ਵੱਧ ਆਮਦਨ ਵਾਲੇ ਰੋਮਨੀ ਦੇ ਹੱਕ ‘ਚ ਉਤਰੇ। ਵੱਡੇ ਸ਼ਹਿਰਾਂ ‘ਚ ਰਹਿੰਦੇ ਜ਼ਿਆਦਾਤਰ ਲੋਕਾਂ ਨੇ ਓਬਾਮਾ ਦੀ ਚੋਣ ਕੀਤੀ ਜਦ ਕਿ ਅਰਬਨ ਏਰੀਆ ਤੇ ਛੋਟੇ ਸ਼ਹਿਰਾਂ ਤੇ ਕਸਬਿਆਂ ਦੇ ਜ਼ਿਆਦਾ ਲੋਕਾਂ ਨੇ ਰੋਮਨੀ ਦੀ ਚੋਣ ਕੀਤੀ। ਇਹ ਵੀ ਦੇਖਿਆ ਗਿਆ ਕਿ ਓਬਾਮਾ ਨੂੰ ਵੋਟ ਪਾਉਣ ਵਾਲਿਆਂ ‘ਚੋਂ ਬਹੁਤੇ ਲੋਕਾਂ ਨੇ ਓਬਾਮਾ ਨੂੰ ਚੁਣਨ ਦਾ ਫੈਸਲਾ ਮਗਰਲੇ ਦੋ ਦਿਨਾਂ ‘ਚ ਕੀਤਾ। ਇਹ ਫੈਸਲਾ ਉਦੋਂ ਹੋਇਆ ਜਦੋਂ ਲੋਕਾਂ ‘ਚ ਇਹ ਰਾਏ ਬਣਨ ਲੱਗੀ ਕਿ ਰੋਮਨੀ ਚੋਣ ਜਿੱਤਣ ਲਈ ਕੁਝ ਮਾਮਲਿਆਂ ‘ਚ ਝੂਠ ਦਾ ਸਹਾਰਾ ਲੈ ਰਹੇ ਹਨ। ਧਾਰਮਿਕ ਪੱਖੋਂ ਮੋਰਮਨ ਵੋਟਰ 95 ਫੀਸਦ ਤੋਂ ਉਪਰ ਰੋਮਨੀ ਦੇ ਹੱਕ ‘ਚ ਭੁਗਤੇ ਕਿਉਂਕਿ ਰੋਮਨੀ ਖੁਦ ਮੋਰਮਨ ਹੈ।
ਖ਼ੈਰ! ਵੋਟਾਂ ਖ਼ਤਮ ਹੋ ਗਈਆਂ। ਹੁਣ ਦੂਰੀਆਂ ਘਟਾਉਣ ਅਤੇ ਰਲ ਕੇ ਕੰਮ ਕਰਨ ਦਾ ਵੇਲਾ ਹੈ। ਰਾਸ਼ਟਰਪਤੀ ਓਬਾਮਾ ਲਈ ਦੂਰੀਆਂ ਘਟਾਉਣ ਦੇ ਨਾਲ ਨਾਲ ਬਜਟ ਦਾ ਘਾਟਾ ਘਟਾਉਣ, ਟੈਕਸ ਕਾਨੂੰਨਾਂ ‘ਚ ਸੁਧਾਰ ਕਰਨ, ਇੰਮੀਗਰੇਸ਼ਨ ਕਾਨੂੰਨਾਂ ‘ਚ ਸੋਧ, ਬਦੇਸ਼ੀ ਊਰਜਾ ਸਮੇਤ ਤੇਲ ਦੀ ਬਦੇਸ਼ਾਂ ‘ਤੇ ਨਿਰਭਰਤਾ ਘਟਾਉਣ, ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਤੇ ਸਸਤੀ ਵਿੱਦਿਆ ਵਰਗੇ ਮਸਲਿਆਂ ਉਤੇ ਦ੍ਰਿੜਤਾ ਨਾਲ ਤੇ ਸਭ ਵਖਰੇਵਿਆਂ ਤੋਂ ਉਪਰ ਉਠ ਕੇ ਸਾਂਝੇ ਹੰਭਲਿਆਂ ਦੀ ਲੋੜ ਹੈ ਤਾਂ ਕਿ ਲੋਕਾਂ ਦੇ ਅਮਰੀਕੀ ਸੁਪਨੇ ਮੁੜ ਸਾਕਾਰ ਹੋ ਸਕਣ ਤੇ ਅਮਰੀਕੀ ਲੋਕਾਂ ਤੇ ਦੇਸ਼ ਦਾ ਵਕਾਰ ਬਰਕਰਾਰ ਰਹੇ।
Leave a Reply