‘ਆਪ’ ਦੀ ਸਿਦਕੀ ਸਿਆਸਤ

ਦਿੱਲੀ ਵਿਚ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਤਕਰੀਬਨ ਸੱਤ ਹਫਤਿਆਂ ਬਾਅਦ ਆਖਰਕਾਰ ਟੁੱਟ ਗਈ। ਇਹ ਸਭ ਪਹਿਲਾਂ ਹੀ ਤੈਅ ਸੀ। ਖੁਦ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਨੂੰ ਵੀ ਪਤਾ ਸੀ ਕਿ ਉਨ੍ਹਾਂ ਦੀ ਇਹ ਦੌੜ ਬਹੁਤੀ ਲੰਮੀ ਨਹੀਂ ਹੈ ਪਰ ਕੇਜਰੀਵਾਲ ਸਰਕਾਰ ਦੇ ਇਨ੍ਹਾਂ 49 ਦਿਨਾਂ ਦੌਰਾਨ ਜੋ ਕੁਝ ਹੋਇਆ, ਉਹ ਆਪਣੇ-ਆਪ ਵਿਚ ਇਕ ਮਿਸਾਲ ਬਣ ਗਿਆ ਹੈ ਅਤੇ ਨਾਲ ਹੀ ਆਉਣ ਵਾਲਿਆਂ ਲਈ ਰਾਹ-ਦਸੇਰਾ ਵੀ। ਪਿਛਲੇ ਕਈ ਦਹਾਕਿਆਂ ਤੋਂ ਭਾਰਤੀ ਲੋਕਤੰਤਰ ਤਿੱਖੀ ਨੁਕਤਾਚੀਨੀ ਦੀ ਮਾਰ ਹੇਠ ਹੈ ਅਤੇ ਉਥੋਂ ਦੇ ਪ੍ਰਬੰਧ ਬਾਰੇ ਅਕਸਰ ਚਰਚਾ ਛਿੜਦੀ ਰਹਿੰਦੀ ਹੈ। ਇਸ ਚਰਚਾ ਵਿਚ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਦਾ ਚੋਖਾ ਹਿੱਸਾ ਹੁੰਦਾ ਹੈ ਜੋ ਭਾਰਤ ਦੇ ਢਾਂਚੇ ਨੂੰ ਪੱਛਮੀ ਮੁਲਕਾਂ ਨਾਲ ਜੋੜ ਕੇ ਦੇਖਦੇ ਹਨ। ਅਜਿਹਾ ਹੋਣਾ ਸੁਭਾਵਿਕ ਵੀ ਹੈ ਕਿਉਂਕਿ ਵਿਦੇਸ਼ੀ ਵੱਸਦੇ ਭਾਰਤੀ ਜਦੋਂ ਵਤਨ ਪਰਤਦੇ ਹਨ ਤਾਂ ਉਨ੍ਹਾਂ ਨੂੰ ਜਿਨ੍ਹਾਂ ਹਾਲਾਤ ਵਿਚੋਂ ਲੰਘਣਾ ਪੈਂਦਾ ਹੈ, ਉਹ ਕਿਸੇ ਬੁਰੇ ਸੁਫਨੇ ਤੋਂ ਘੱਟ ਨਹੀਂ ਹੁੰਦਾ। ਕੇਜਰੀਵਾਲ ਨੇ ਖੜੋਤੇ ਪਾਣੀਆਂ ਵਾਂਗ ਸੜ ਰਹੇ ਉਸ ਢਾਂਚੇ ਉਤੇ ਸਿੱਧੀ ਚੋਟ ਮਾਰੀ ਜਿਹੜਾ ਆਮ ਲੋਕਾਂ ਦੀ ਸੰਘੀ ਦੱਬ ਕੇ ਬੈਠਾ ਸੀ, ਹਾਲਾਂਕਿ ਸੱਚ ਇਹ ਵੀ ਹੈ ਕਿ ਲੋਕ ਤਾਂ ਹੁਣ ਉਸ ਢਾਂਚੇ ਦੇ ਜੂਲੇ ਹੇਠੋਂ ਨਿਕਲਣ ਦੀ ਆਸ ਤੱਕ ਗੁਆ ਬੈਠੇ ਸਨ। ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਤਾਂ ਸਨ, ਉਸ ਨੂੰ ਕੁਝ ਸੀਟਾਂ ਉਤੇ ਜਿੱਤ ਦੀ ਆਸ ਵੀ ਸੀ, ਪਰ ਜਿੰਨੀਆਂ ਸੀਟਾਂ ਉਸ ਦੀ ਆਮ ਆਦਮੀ ਪਾਰਟੀ (ਆਪ) ਨੇ ਜਿੱਤ ਲਈਆਂ, ਉਸ ਬਾਰੇ ਤਾਂ ਸਿਆਸੀ ਵਿਸ਼ਲੇਸ਼ਕਾਂ ਦੇ ਵੀ ਸਭ ਦਾਅਵੇ ਝੂਠੇ ਸਾਬਤ ਹੋ ਗਏ। ਇਹ ਵਿਸ਼ਲੇਸ਼ਕ ‘ਆਪ’ ਨੂੰ ਕਿਤੇ ਤੀਜੇ ਥਾਂ ਉਤੇ ਰੱਖ ਰਹੇ ਸਨ। ਕਿਸੇ ਨੇ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ‘ਆਪ’ ਨੇ ਦਿੱਲੀ ਵਿਚ ਸਰਕਾਰ ਵੀ ਬਣਾ ਲੈਣੀ ਹੈ ਅਤੇ ਨਾਲ ਹੀ ਕਾਂਗਰਸ ਤੇ ਭਾਜਪਾ ਨੂੰ ਇੰਨਾ ਤਕੜਾ ਹਲੂਣਾ ਦੇਣਾ ਹੈ ਕਿ ਉਨ੍ਹਾਂ ਦੀ ਸੁਰਤ ਮੁੜਨ ਵਿਚ ਵੀ ਅਜੇ ਪਤਾ ਨਹੀਂ ਹੋਰ ਕਿੰਨਾ ਸਮਾਂ ਲੱਗ ਜਾਣਾ ਹੈ। ਦਿੱਲੀ ਵਿਚ ਪਿਛਲੇ ਪੰਦਰਾਂ ਸਾਲਾਂ ਤੋਂ ਸੱਤਾ ਉਤੇ ਕਾਬਜ਼ ਕਾਂਗਰਸ ਅਤੇ ਭਾਰਤ ਉਤੇ ਰਾਜ ਕਰਨ ਲਈ ਤੀਂਘੜ ਰਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਲਈ ‘ਆਪ’ ਦੀ ਜਿੱਤ ਇਕ ਤਰ੍ਹਾਂ ਨਾਲ ਬਰਦਾਸ਼ਤ ਤੋਂ ਬਾਹਰ ਹੀ ਸੀ। ਅਸਲ ਵਿਚ ਇਸ ਜਿੱਤ ਨੇ ਦਰਸਾ ਦਿੱਤਾ ਕਿ ਲੋਕਾਂ ਕੋਲ ਜੇ ਕੋਈ ਬਦਲ ਹੋਵੇ ਤਾਂ ਇਹ ਮੁੱਖਧਾਰਾ ਪਾਰਟੀਆਂ ਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਹਨ। ਦੇਖਦਿਆਂ ਹੀ ਦੇਖਦਿਆਂ ‘ਆਪ’ ਇਕ ਵਰਤਾਰਾ ਬਣ ਕੇ ਭਾਰਤੀ ਸਿਆਸਤ ਉਤੇ ਛਾ ਗਈ। ‘ਆਪ’ ਦੀ ਇਸ ਚੜ੍ਹਾਈ ਦਾ ਇਕੋ ਹੀ ਕਾਰਨ ਸੀ ਕਿ ਸਿਆਸੀ ਆਗੂ ਚਾਹੁਣ ਤਾਂ ਬੜਾ ਕੁਝ ਕੀਤਾ ਜਾ ਸਕਦਾ ਹੈ। ਇਹੀ ਨਹੀਂ, ‘ਆਪ’ ਨੇ ਤਾਂ ਹੁਣ ਆਉਣ ਵਾਲੀ ਸਿਆਸੀ ਸਰਗਰਮੀ ਲਈ ਵੀ ਪੂਰਾ ਪਿੜ ਬੰਨ੍ਹ ਦਿੱਤਾ ਹੈ। ਅੱਜ ਦੇ ਮਾਹੌਲ ਵਿਚ ‘ਆਪ’ ਦੀ ਇਹ ਪ੍ਰਾਪਤੀ ਕੋਈ ਘੱਟ ਨਹੀਂ ਹੈ।
ਮੋਟੇ ਰੂਪ ਵਿਚ ‘ਆਪ’ ਦੀ ਕੋਈ ਖਾਸ ਵਿਚਾਰਧਾਰਾ ਨਹੀਂ, ਜਥੇਬੰਦੀ ਵੀ ਕੋਈ ਖਾਸ ਨਹੀਂ; ਬਲਕਿ ਜਥੇਬੰਦਕ ਢਾਂਚਾ ਤਾਂ ਨਾ ਹੋਣ ਦੇ ਬਰਾਬਰ ਕਿਹਾ ਜਾ ਸਕਦਾ ਹੈ। ਇਸੇ ਕਰ ਕੇ ਮਾਹਿਰ ਹੁਣ ਤੱਕ ਇਹੀ ਵਿਚਾਰ ਕਰੀ ਜਾ ਰਹੇ ਹਨ ਕਿ ‘ਆਪ’ ਵਾਲਾ ਕ੍ਰਿਸ਼ਮਾ ਆਖਰ ਕਿਸ ਤਰ੍ਹਾਂ ਸੰਭਵ ਹੋ ਸਕਿਆ! ਕੁਝ ਸਿਆਸੀ ਮਾਹਰ ‘ਆਪ’ ਅਤੇ ਪੰਜਾਬ ਵਿਚ ਸ਼ ਮਨਪ੍ਰੀਤ ਸਿੰਘ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ (ਪੀæਪੀæਪੀæ) ਦੀ ਤੁਲਨਾ ਵੀ ਕਰਦੇ ਹਨ। ਪੀæਪੀæਪੀæ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਅਸਫਲ ਹੋ ਗਈ ਅਤੇ ‘ਆਪ’ ਨੇ ਸਿਆਸੀ ਪਿੜ ਵਿਚ ਅਜਿਹਾ ਝਾੜੂ (‘ਆਪ’ ਦਾ ਚੋਣ ਨਿਸ਼ਾਨ) ਫੇਰਿਆ ਕਿ ਹਾਕਮ ਪਾਰਟੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਅੱਜ ਦੀ ਤਰੀਕ ਵਿਚ ਇਹ ਹੁਣ ਸਪਸ਼ਟ ਹੈ ਕਿ ‘ਆਪ’ ਵਰਤਾਰਾ ਸਿਆਸਤ ਨੂੰ ਲੰਮੇ ਸਮੇਂ ਤੱਕ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖਦਾ ਹੈ। ਮੁੱਖ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਵਿਚ ਤਬਦੀਲੀਆਂ ਤੱਕ ਕਰਨੀਆਂ ਪੈ ਰਹੀਆਂ ਹਨ। ਇਹੀ ਉਹ ਡਗਾ ਸੀ ਜੋ ਨਗਾਰੇ ਉਤੇ ਚੋਟ ਦੀ ਮੰਗ ਬੜੇ ਲੰਮੇ ਸਮੇਂ ਤੋਂ ਕਰ ਰਿਹਾ ਸੀ ਅਤੇ ਇਹ ਮਾਣ ‘ਆਪ’ ਨੂੰ ਹਾਸਲ ਹੋਇਆ ਹੈ। ਭਾਰਤ ਦੀ ਸਿਆਸਤ ਵਿਚ ਇਹ ਮਾਣ ਕਿਸੇ ਵੇਲੇ ਕਮਿਊਨਿਸਟਾਂ ਨੂੰ ਮਿਲਿਆ ਸੀ ਪਰ ਭਾਰਤੀ ਕਮਿਊਨਿਸਟ ਜਿਸ ਤਰ੍ਹਾਂ ਅੱਜ ਕੱਲ੍ਹ ਨਿੱਸਲ ਹੋਏ ਪਏ ਹਨ ਅਤੇ ਸਥਾਪਤੀ ਦਾ ਹਿੱਸਾ ਬਣੇ ਹੋਏ ਹਨ, ਜਾਪਦਾ ਹੈ ਲੋਕਾਂ ਨੇ ਇਨ੍ਹਾਂ ਲੋਕਾਂ ਤੋਂ ਹੁਣ ਆਸ ਛੱਡ ਦਿੱਤੀ ਹੈ। ਉਂਜ ਵੀ ਕਮਿਊਨਿਸਟਾਂ ਦਾ ਬੰਗਾਲ ਵਾਲਾ ਤਜਰਬਾ ਆਖਰਕਾਰ ਸਥਾਪਤੀ ਪੱਖੀ ਪਾਰਟੀਆਂ ਤੋਂ ਕਿਸੇ ਵੀ ਲਿਹਾਜ਼ ਵੱਖਰਾ ਸਾਬਤ ਨਹੀਂ ਹੋਇਆ, ਸਗੋਂ ਕੁਝ ਮਾਮਲਿਆਂ ਵਿਚ ਤਾਂ ਉਥੋਂ ਦੇ ਕਮਿਊਨਿਸਟ ਸਥਾਪਤੀ ਵਾਲੀਆਂ ਪਾਰਟੀਆਂ ਤੋਂ ਵੀ ਦੋ ਕਦਮ ਅਗਾਂਹ ਲੰਘ ਗਏ। ਸ਼ਾਇਦ ਇਸੇ ਕਰ ਕੇ ਇਹ ਹੁਣ ਸਥਾਪਤੀ ਦੀਆਂ ਅੱਖਾਂ ਵਿਚ ਰੜਕਣ ਤੋਂ ਵੀ ਹਟ ਗਏ ਹਨ। ਸ਼ਾਇਦ ਇਸੇ ਕਰ ਕੇ ਖੱਬੇ-ਪੱਖੀਆਂ ਦਾ ਇਕ ਅੱਛਾ-ਖਾਸਾ ਹਿੱਸਾ ‘ਆਪ’ ਵੱਲ ਅਹੁਲ ਰਿਹਾ ਹੈ। ਜੇ ਕੁਝ ਹੋਰ ਨਹੀਂ ਤਾਂ ‘ਆਪ’ ਵਰਤਾਰੇ ਨੂੰ ਹਾਂ-ਪੱਖੀ ਨੁਕਤੇ ਤੋਂ ਵਿਚਾਰ ਰਿਹਾ ਹੈ; ਨਹੀਂ ਤਾਂ ਦੂਜੀਆਂ ਪਾਰਟੀਆਂ ਨੇ ‘ਆਪ’ ਦੇ ਮੱਥੇ ਉਤੇ ਅਰਾਜਕਤਾਵਾਦੀ ਹੋਣ ਦਾ ਫੱਟਾ ਟੰਗਣ ਵਿਚ ਦੇਰ ਨਹੀਂ ਲਾਈ। ਇਲੈਕਟਰੋਨਿਕ ਮੀਡੀਆ ਤਾਂ ਇਸ ਨੂੰ ਅਰਾਜਕ ਸਾਬਤ ਕਰਨ ਲਈ ਪੂਰਾ ਟਿੱਲ ਲਾ ਰਿਹਾ ਹੈ। ਇਨ੍ਹਾਂ ਵਿਰੋਧੀ ਹਾਲਾਤਾਂ ਦੇ ਬਾਵਜੂਦ ‘ਆਪ’ ਨੇ ਜੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ ਹੈ ਅਤੇ ਲੋਕਾਂ ਵਿਚ ਭ੍ਰਿਸ਼ਟ ਨਿਜ਼ਾਮ ਉਤੇ ਸੱਟ ਵੱਜਣ ਦੀ ਆਸ ਲਗਾਈ ਹੈ ਤਾਂ ਇਸ ਨੂੰ ‘ਆਪ’ ਦੀ ਪ੍ਰਾਪਤੀ ਹੀ ਮੰਨਣਾ ਚਾਹੀਦਾ ਹੈ। ‘ਆਪ’ ਆਪਣੀਆਂ ਸਭ ਕਮੀਆਂ ਅਤੇ ਕਮਜ਼ੋਰੀਆਂ ਦੇ ਬਾਵਜੂਦ ਸਿਆਸਤ ਵਿਚ ਤਾਜ਼ੀ ਹਵਾ ਦਾ ਬੁੱਲਾ ਲੈ ਕੇ ਆਈ ਹੈ। ਇਸ ਨੇ ਲੋਕਾਂ ਨੂੰ ਅੰਨ੍ਹੀ ਗਲੀ ਵਿਚੋਂ ਨਿਕਲਣ ਲਈ ਮਾੜੀ ਜਿਹੀ ਝੀਤ ਦਿਖਾਈ ਹੈ। ਇਹ ਝੀਤ ਖੁੱਲ੍ਹਾ ਦਰਵਾਜਾ ਵੀ ਬਣ ਸਕਦੀ ਹੈ। ਹੁਣ ਇਸ ਦਾ ਅਗਲਾ ਪੜਾਅ ਅਤੇ ਉਡਾਣ, ਆ ਰਹੀਆਂ ਲੋਕ ਸਭਾ ਚੋਣਾਂ ਨੇ ਤੈਅ ਕਰਨਾ ਹੈ।

Be the first to comment

Leave a Reply

Your email address will not be published.