ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਗਰਮੀਆਂ ਦੀ ਰੁੱਤੇ ਪਿੰਡਾਂ ਵਿਚ ਜਦੋਂ ਕਦੇ ਅਸਮਾਨ ਗਹਿਰਾ ਗਹਿਰਾ ਹੋ ਜਾਂਦਾ ਅਤੇ ਹਨੇਰੀ ਆਉਣ ਦੇ ਇਮਕਾਨ ਬਣਦੇ ਨਜ਼ਰ ਆਉਂਦੇ ਤਾਂ ਸੁਆਣੀਆਂ ਸਭ ਤੋਂ ਪਹਿਲਾਂ ਨੱਠ-ਭੱਜ ਕਰ ਕੇ ਚੁੱਲ੍ਹਿਆਂ ਦੀ ਅੱਗ ‘ਤੇ ਪਾਣੀ ਸੁੱਟਦੀਆਂ ਸਨ ਕਿਉਂਕਿ ਬਿਨਾਂ ਬੂਹੇ ਰਸੋਈਆਂ ਜਾਂ ਖੁੱਲ੍ਹੇ ਵਿਹੜਿਆਂ ਦੇ ਇਕ ਖੂੰਜੇ ਬਣੇ ਚੁੱਲ੍ਹਿਆਂ ‘ਚੋਂ ਹਨੇਰੀ ਕਾਰਨ ਉਡੀ ਹੋਈ ਕੋਈ ਚੰਗਿਆੜੀ ਸਾੜ੍ਹਸਤੀ ਮਚਾ ਸਕਦੀ ਸੀ। ਕਿਤੇ ਭੁੱਲ-ਭੁਲੇਖੇ ਕਿਸੇ ਘਰੇ ਚੁੱਲ੍ਹੇ ਵਿਚ ਧੁਖਦੀ ਰਹਿ ਗਈ ਅੱਗ ਅੱਧ-ਪਚੱਧੇ ਪਿੰਡ ਦਾ ਹੁਲੀਆ ਵਿਗਾੜ ਦਿੰਦੀ।
ਚੌਗਿਰਦੇ ਵਿਚ ਆਈਆਂ ਢੇਰ ਸਾਰੀਆਂ ਤਬਦੀਲੀਆਂ ਕਾਰਨ ਹੁਣ ਪੰਜਾਬ ਵਿਚ ਉਹੋ ਜਿਹੀਆਂ ਕਾਲੀਆਂ-ਬੋਲੀਆਂ ਹਨੇਰੀਆਂ ਤਾਂ ਨਹੀਂ ਚੜ੍ਹਦੀਆਂ ਪਰ ਅੱਜ ਅਸ਼ਲੀਲਤਾ ਅਤੇ ਲੱਚਰਪੁਣੇ ਦੀਆਂ ਕਾਮੁਕ ਹਨੇਰੀਆਂ ਨੇ ਪੰਜਾਬ ਦਾ ਅਸਮਾਨ ਕਾਲਾ-ਪੀਲਾ ਕੀਤਾ ਹੋਇਆ ਹੈ। ਸਦੀਆਂ ਪੁਰਾਣੇ ਵਿਰਸੇ ਦੀਆਂ ਰਵਾਇਤਾਂ, ਨੈਤਿਕ ਕਦਰਾਂ-ਕੀਮਤਾਂ ਨੂੰ ਉਡਾ ਲੈ ਜਾਣ ਵਾਲੀਆਂ ਇਨ੍ਹਾਂ ਸ਼ੂਕਦੀਆਂ ਹਨੇਰੀਆਂ ਨੂੰ ਰੋਕਣ ਦਾ ਓਹੜ-ਪੋਹੜ ਵਿਰਲੇ-ਟਾਵੇਂ ਹੱਥ ਕਰ ਤਾਂ ਰਹੇ ਹਨ ਪਰ ਉਹ ਬੇਵੱਸ ਜਾਪਦੇ ਹਨ ਕਿਉਂਕਿ ਇਹ ਹਨੇਰੀਆਂ ਵਗਾਉਣ ਵਾਲਿਆਂ ਦਾ ‘ਬਿਜਨੈਸ’ ਇਨ੍ਹਾਂ ਦੇ ਸਹਾਰੇ ਹੀ ਵਧਦਾ-ਫੁੱਲਦਾ ਹੈ। ਉਹ ਪੂਰਾ ਤਾਣ ਲਾ ਕੇ ਆਪਣੇ ਇਸ ਮਾਰੂ ਬਿਜਨੈਸ ਦਾ ਘੇਰਾ ਵਧਾਉਂਦੇ ਚਲੇ ਜਾ ਰਹੇ ਹਨ। ਇਨ੍ਹਾਂ ਵਪਾਰੀਆਂ ਦਾ ਮਨ ਭਾਉਂਦਾ ਸ਼ਿਕਾਰ ਹੈ ਨੌਜਵਾਨ ਪੀੜ੍ਹੀ। ਵਿਰਲਿਆਂ ਨੂੰ ਛੱਡ ਕੇ ਬਹੁਤੇ ਮੁੰਡੇ ਕੁੜੀਆਂ ਨੂੰ ਇਹ ਅਸ਼ਲੀਲ ਹਨੇਰੀਆਂ ਬਹੁਤ ਜਲਦੀ ਆਪਣੇ ਨਾਲ ਉੜਾ ਲੈਂਦੀਆਂ ਹਨ। ਮਾਪੇ ਪਿੱਟਦੇ ਹਨ ਤਾਂ ਪਿੱਟਦੇ ਰਹਿਣ! ਸਮਾਜ ਸ਼ਾਸਤਰੀ ਅੰਧੇਰਮਈ ਭਵਿੱਖ ਦੀਆਂ ਚਿਤਾਵਨੀਆਂ ਦਿੰਦੇ ਨੇ ਤਾਂ ਦੇਈ ਜਾਣ!!
ਬੇਰੁਜ਼ਗਾਰੀ ਦੇ ਭੰਨੇ ਹੋਏ ਪੰਜਾਬ ਵਿਚ ਖੁੰਭਾਂ ਵਾਂਗ ਪੈਦਾ ਹੋ ਰਹੇ ਗਾਇਕਾਂ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਰਹੇ ਨੇ ਅਣਗਿਣਤ ਚੈਨਲ। ਮੋਬਾਈਲ ਫੋਨਾਂ ਰਾਹੀਂ ਹੁਣ ‘ਯੂਟਿਊਬ’ ਅਤੇ ‘ਫੇਸਬੁੱਕ’ ਰੂਪੀ ਮਾਚਿਸ ਦੀਆਂ ਡੱਬੀਆਂ ਹਰ ਮੁੰਡੇ-ਕੁੜੀ ਦੀ ਜੇਬ ਵਿਚ ਮੌਜੂਦ ਰਹਿੰਦੀਆਂ ਨੇ। ਜਦ ਚਿੱਤ ਕੀਤਾ, ਡੱਬੀ ਵਿਚੋਂ ਤੀਲੀ ਕੱਢੀ ਤੇ ਝੁੱਗਾ ਚੌੜ ਕਰ ਲਿਆ! ਚੇਤੇ ਆਉਂਦੀਆਂ ਨੇ ਮਾਣਕ ਦੇ ਇਕ ਗੀਤ ਦੀਆਂ ਕੁਝ ਸਤਰਾਂ- ਚੂਚਕ ਵੱਲੋਂ ਰਾਂਝੇ ਜਿਹਾ ਮੁਸ਼ਟੰਡਾ ਮੱਝਾਂ ਦਾ ਪਾਲੀ ਰੱਖਣ ਵਿਰੁਧ ਆਪਣੀ ਜਵਾਨ ਭਤੀਜੀ ਦਾ ਖਿਆਲ ਕਰਦਿਆਂ ਕੈਦੋਂ ਆਪਣੇ ਭਰਾ ਨੂੰ ਨਸੀਹਤ ਦਿੰਦਾ ਹੈ, ‘ਘਿਉ ਦੇ ਕੋਲ ਚੂਚਕਾ ਰੱਖੀਏ ਨਾ ਅੰਗਿਆਰੀæææ!’
ਮਾਹੌਲ ਐਸਾ ਬਣ ਗਿਆ ਹੈ (ਜਾਂ ਬਣਾ ਦਿੱਤਾ ਗਿਆ ਹੈ) ਕਿ ਫੁੱਲਝੜੀਆਂ ਵਾਂਗ ਆਲੇ ਦੁਆਲੇ ਨੂੰ ਮਾਰੂ ਫਲੂਹੇ ਸੁੱਟਣ ਵਾਲੀਆਂ ਦਗ ਦਗ ਕਰਦੀਆਂ ਅੰਗਿਆਰੀਆਂ ਦੀ ਚੁਤਰਫੀਂ ਬੱਲੇ ਬੱਲੇ ਹੋਈ ਪਈ ਹੈ। ਜਵਾਨੀ ਨੂੰ ਅੰਨ੍ਹੀ ਸੁਰੰਗ ਵਿਚ ਧੱਕ ਦੇਣ ਵਾਲੀ ਇਸ ਕੁਲੱਛਣੀ ਵਬਾ ਦਾ ਹਰ ਹੀਲੇ ਵਿਰੋਧ ਕਰਨ ਦੀ ਥਾਂ ਇਸ ਨੂੰ ਸਨਮਾਨਿਆ ਜਾ ਰਿਹਾ ਹੈ। ਇਸ ਨੂੰ ਹੁਨਰ ਦਾ ਨਾਂ ਦੇ ਕੇ ਵਡਿਆਇਆ ਜਾ ਰਿਹਾ ਹੈ-
‘ਜਿਨ ਕੇ ਆਂਗਨ ਮੇਂ ਹਰ ਸ਼ਾਮ ਅਮੀਰੀ ਕਾ ਛਜ਼ਰ ਲਗਤਾ ਹੈ
ਉਨਕਾ ਹਰ ਐਬ ਜ਼ਮਾਨੇ ਕੋ ਹੁਨਰ ਲਗਤਾ ਹੈ।’
ਦੋ ਤਿੰਨ ਕੁ ਦਹਾਕੇ ਪਹਿਲਾਂ ਸਕੂਲਾਂ-ਕਾਲਜਾਂ ਦੇ ਕੰਪਲੈਕਸ ਵਿਚ ਇਸ ਹਨੇਰੀ ਦੀ ਮਾਰ ਤੋਂ ਬਚੇ ਹੋਏ ਸਨ ਪਰ ਹੁਣ ਇਹ ਵਿਦਿਅਕ ਅਦਾਰੇ ਵੀ ਇਹਦੀ ਲਪੇਟ ਵਿਚ ਆ ਗਏ ਹਨ। ਵਿੱਦਿਆ ਦੇ ਮੰਦਰਾਂ ਵਿਚ ਕਾਮ ਭੜਕਾਊ ਗੀਤ ਗਾਉਣ ਵਾਲਿਆਂ ਨੂੰ ਵਿਦਿਆਰਥੀਆਂ ਦੇ ਸਾਹਮਣੇ ਇਉਂ ਪੇਸ਼ ਕੀਤਾ ਜਾ ਰਿਹਾ ਹੈ, ਜਿਵੇਂ ਕਿਤੇ ਇਹ ਅਰਸ਼ੋਂ ਉਤਰੇ ਫਰਿਸ਼ਤੇ ਹੋਣ! ਇਨ੍ਹਾਂ ਦੀ ਉਪਮਾ ਵਿਚ ਇਉਂ ਕਸੀਦੇ ਪੜ੍ਹੇ ਜਾਂਦੇ ਹਨ ਕਿ ਜੇ ਇਹ ਪੈਦਾ ਨਾ ਹੋਏ ਹੁੰਦੇ ਤਾਂ ਪੰਜਾਬੀ ਸਭਿਆਚਾਰ ਧਰਤੀ ਤੋਂ ਲੋਪ ਹੀ ਹੋ ਜਾਣਾ ਸੀ।
5 ਨਵੰਬਰ 2012 ਦੀ ਇਕ ਰੋਜ਼ਾਨਾ ਪੰਜਾਬੀ ਅਖਬਾਰ ਪੜ੍ਹ ਰਿਹਾ ਸਾਂ। ਚੰਡੀਗੜ੍ਹ ਦੇ ਨਜ਼ਦੀਕ ਲਾਂਡਰਾਂ ਵਿਚ ‘ਚੰਡੀਗੜ੍ਹ ਗਰੁੱਪ ਆਫ ਕਾਲਜਜ਼’ ਨਾਂ ਦੀ ਸੰਸਥਾ ਵਿਚ ਹੋਏ ਸਮਾਗਮ ਦੀ ਰਿਪੋਰਟ ਦੀ ਸੁਰਖੀ ਸੀ, ‘æææਕਾਲਜ ਵਿਚ ਹੋਏ ਸਮਾਗਮ ਦੇ ਆਖਰੀ ਦਿਨ ਗਾਇਕ ਦਿਲਜੀਤ ਨੇ ਮੇਲਾ ਲੁੱਟਿਆ!’
ਖਬਰ ਵਿਚ ਅੱਗੇ ਉਸ ਗਾਇਕ ਵੱਲੋਂ ਗਾਏ ਗੀਤਾਂ ਦੇ ਬੇਹੂਦਾ ਜਿਹੇ ‘ਮੁਖੜੇ’ ਲਿਖੇ ਹੋਏ ਸਨ। ਅਖੇ, ‘ਦਿਲ ਸਾਡੇ ਨਾਲ ਲਾ ਲੈ’ ਗੀਤ ਸੁਣ ਕੇ ਵਿਦਿਆਰਥੀ ਨੱਚਣ ਲਈ ਮਜਬੂਰ ਹੋ ਗਏ!
ਕਾਲਜੀ ਮੇਲੇ ਦੀ ਇਸ ਰਿਪੋਰਟ ਵਿਚ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਸੰਸਥਾ ਦੇ ਪ੍ਰਧਾਨ ਸਾਹਿਬ ਨੇ ਗਾਇਕ ਦਿਲਜੀਤ ਨੂੰ ਸਨਮਾਨਤ ਕਰ ਕੇ ਉਹਦੀ ਰੱਜ ਕੇ ਉਸਤਤ ਕੀਤੀ। ਪ੍ਰਧਾਨ ‘ਸ੍ਰੀਮਾਨ’ ਦੇ ਸ਼ਬਦ ਸਨ, “ਸਾਡਾ ਇਹ ਗਾਇਕ ਮਿਆਰੀ ਗਾਇਕੀ ਦਾ ਮੁੱਦਈ ਅਤੇ ਪੰਜਾਬੀ ਸਭਿਆਚਾਰ ਦਾ ਸਭ ਤੋਂ ਵੱਡਾ ਸੇਵਾਦਾਰ ਹੈ।”
ਖਬਰ ਅਨੁਸਾਰ ਪ੍ਰਧਾਨ ਜੀ ਨੇ ਇਸ ਸਮੇਂ ‘ਗੋਬਲਜ਼’ ਨੂੰ ਵੀ ਮਾਤ ਪਾਉਂਦਿਆਂ ਦਿਲਜੀਤ ਦੀ ਗਾਇਕੀ ਨਾਲ ਸੰਪੂਰਨ ਹੋਏ ਸਮਾਗਮ ਨੂੰ ‘ਸਮਾਜਕ ਬੁਰਾਈਆਂ ਵਿਰੁਧ ਜਾਗਰੂਕਤਾ ਮੁਹਿੰਮ ਦਾ ਆਗਾਜ਼’ ਦੱਸਿਆ। ਇਸ ਨੂੰ ਕੁਫਰ ਨਾ ਕਿਹਾ ਜਾਵੇ ਤਾਂ ਕੀ ਕਿਹਾ ਜਾਵੇ?
ਗਾਇਕ ਹੋਵੇ ਦਿਲਜੀਤ, ਜਿਹੜਾ ਕੁੜੀਆਂ ਦੇ ਲੱਕ ਮਿਣਨ ਦੇ ਨਾਲ ਨਾਲ ਉਨ੍ਹਾਂ ਦੇ ‘ਵੇਟ’ ਵੀ ਦੱਸਦਾ ਹੋਵੇ! ਉਹ ਨੌਜਵਾਨ ਮੁੰਡੇ ਕੁੜੀਆਂ ਦੇ ਮੋਹਰੇ ਟਪੂਸੀਆਂ ਮਾਰਦਾ ਗਾ ਰਿਹਾ ਹੋਵੇ, “ਦਿਲ ਸਾਡੇ ਨਾਲ ਲਾ ਲੈ!” ਛੋਕਰ ਖੇਲ੍ਹ ਉਹਦੇ ਨਾਲ ਨੱਚਣ ਲਈ ਮਜਬੂਰ ਹੋ ਚੁੱਕੀ ਹੋਵੇ! ਇਸ ਸਾਰੇ ਲੁੱਚ-ਪੌ ਨੂੰ ਦੇਖਦਿਆਂ ਵਿਦਿਅਕ ਅਦਾਰੇ ਦਾ ਮੁਖੀ ਕਹੇ ਕਿ ਸਮਾਜਕ ਬੁਰਾਈਆਂ ਵਿਰੁਧ ਜਾਗਰੂਕਤਾ ਆਰੰਭ ਹੋ ਗਈ ਹੈ! ਕੁਰਬਾਨ ਜਾਈਏ ਪ੍ਰਧਾਨ ਜੀ ਦੀ ‘ਇਨਕਲਾਬੀ’ ਸੋਚ ਦੇ!!
ਪੰਜਾਬ ਦੇ ਅਣਖੀਲੇ ਸਭਿਆਚਾਰ ਨੂੰ ਕੈਂਸਰ ਵਾਂਗ ਚਿੰਬੜੀ ਲੱਚਰ ਗਾਇਕੀ ਵਿਰੁਧ ਆਵਾਜ਼ ਬੁਲੰਦ ਕਰ ਰਹੀਆਂ ਚਿੰਤਾਵਾਨ ਅਤੇ ਚੇਤੰਨ ਕਲਮਾਂ ਤੇ ਸ਼ਖ਼ਸੀਅਤਾਂ ਨੇ ਉਕਤ ਫੁਕਰੇ ਗਾਇਕ ਦੀ ਕਈ ਥਾਈਂ ‘ਤੋਏ ਤੋਏ’ ਕਰਵਾਈ ਹੈ। ਕਈ ਸਟੇਜਾਂ ਉਤੇ ਉਹਦੇ ਨਾਲ ‘ਕੁੱਤੇ ਖਾਣੀ’ ਹੋਣ ਦੀਆਂ ਖਬਰਾਂ ਵੀ ਛਪੀਆਂ। ਪੰਜਾਬ ਵਿਚ ‘ਇਸਤਰੀ ਜਾਗ੍ਰਿਤੀ ਮੰਚ’ ਵਾਲੀਆਂ ਬੀਬੀਆਂ ਨੇ ਨਵਾਂ ਸ਼ਹਿਰ ਦੀ ਬੀਬੀ ਗੁਰਬਖਸ਼ ਕੌਰ ਸੰਘਾ ਦੀ ਅਗਵਾਈ ਥੱਲੇ ਇਹੋ ਜਿਹੇ ਕਈ ਫੂਹੜ ਗਾਇਕਾਂ ਨੂੰ ਫਿੱਟ ਲਾਹਣਤਾਂ ਪਾਉਣ ਲਈ ਥਾਂ ਥਾਂ ਰੋਸ ਮੁਜ਼ਾਹਰੇ ਕੀਤੇ ਅਤੇ ਕਾਮਯਾਬ ਧਰਨੇ ਮਾਰੇ; ਖਾਸ ਕਰ ਕੇ ਉਨ੍ਹਾਂ ਦਿਲਜੀਤ ਦਾ ਨਾਂ ਲੈ ਕੇ, ਉਸ ਨੂੰ ਸਮਾਜਕ ਤਾਣੇ ਬਾਣੇ ਦੀਆਂ ਫਿਜ਼ਾਵਾਂ ਵਿਚ ਜ਼ਹਿਰ ਘੋਲਣ ਤੋਂ ਵਰਜਿਆ।
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨੱਕ ਹੇਠ ਬੈਠੇ ਉਕਤ ਕਾਲਜ ਦੇ ਪ੍ਰਬੰਧਕਾਂ ਨੂੰ ਇਹ ਸਾਰਾ ਕੁਝ ਖੌਰੇ ਦਿਖਾਈ ਹੀ ਨਹੀਂ ਦਿੱਤਾ। ਪਤਾ ਨਹੀਂ ਉਨ੍ਹਾਂ ਕਿਹੜੇ ਵਿਸ਼ੇਸ਼ ਗੁਣਾਂ ਸਦਕਾ ਇਸ ਅਸ਼ਲੀਲ ਗਾਇਕ ਨੂੰ ਆਪਣੇ ਸਮਾਗਮ ਦਾ ਸ਼ਿੰਗਾਰ ਬਣਾਇਆ ਹੋਵੇਗਾ। ਸਿਤਮ ਦੀ ਗੱਲ ਇਹ ਵੀ ਹੈ ਕਿ ਇਸ ਸਮਾਗਮ ਦੇ ਸਰੋਤੇ ਨੌਜਵਾਨ ਮੁੰਡੇ ਕੁੜੀਆਂ ਵਿਚੋਂ ਕੋਈ ਇਕ ਜਣਾ ਵੀ ਜੁਰਅਤ ਨਾਲ ਇਹ ਨਾ ਉਠ ਕੇ ਕਹਿ ਸਕਿਆ, ‘ਤੁਸੀਂ ਕਾਵਾਂ ਨੂੰ ਬਗਲੇ, ਬਗਲਿਆਂ ਨੂੰ ਹੰਸ ਕਹਿ ਕੇ ਸਾਡੇ ਰਹਿਨੁਮਾਓ! ਸਾਨੂੰ ਉੱਲੂ ਨਾ ਬਣਾਉ!’
ਅਜੋਕੇ ਮਾਹੌਲ ਵਿਚ ਚਾਰੇ ਪਾਸੇ ਦੁਹਾਈ ਪੈ ਰਹੀ ਕਿ ਪੰਜਾਬੀ ਸਭਿਆਚਾਰ ਨੂੰ ਗਰਕ ਹੋਣ ਤੋਂ ਬਚਾਉ। ਫਰੀਦਕੋਟ ਵਾਲੇ ਸ਼ਰੂਤੀ ਕਾਂਡ ਨੇ ਸਮੂਹ ਪੰਜਾਬੀਆਂ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿੱਤਾ ਹੈ। ਪੰਜਾਬ ਵਾਸੀਆਂ ਦੀ ਚਿਰੋਕਣੀ ਮੰਗ ਮੂਜਬ ਟਰਾਂਸਪੋਰਟ ਮੰਤਰੀ ਨੇ ਬੱਸਾਂ ਵਿਚ ਫੁਕਰੇ ਗੀਤ ਵਜਾਉਣ ‘ਤੇ ਪਾਬੰਦੀ ਆਇਦ ਕਰ ਦਿੱਤੀ ਹੈ। ਮਸਾਂ-ਮਸੇਂਦਰੇ ਦੀ ਇਸ ਭੋਰਾ ਕੁ ਜਿੰਨੀ ਹੋਈ ਤਬਦੀਲੀ ਦੇ ਹੱਕ ਵਿਚ ਖੜ੍ਹਦਿਆਂ, ਹੁਣ ਵਿਦਿਅਕ ਅਦਾਰਿਆਂ ਦੇ ਮੁਖੀਆਂ ਨੂੰ ਸਮਾਗਮ ਕਰਾਉਣ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ। ਸੁਕਰਾਤ ਦਾ ਕਥਨ ਹੈ, ‘ਤੁਸੀਂ ਕਿਸੇ ਦੇ ਸਰੀਰ ਨੂੰ ਜ਼ਹਿਰ ਦਾ ਟੀਕਾ ਬੇਸ਼ਕ ਲਾ ਦਿਉ, ਪਰ ਕਿਸੇ ਦੇ ਵਿਚਾਰ ਮਲੀਨ ਨਾ ਕਰੋ।’
ਅੱਜ ਦਾ ਪੰਜਾਬ ਜੋ ਧੱਕੇਸ਼ਾਹੀ, ਸੀਨਾਜ਼ੋਰੀ, ਨਸ਼ਾਖੋਰੀ ਅਤੇ ਫੁਕਰਪੁਣੇ ਵਿਚ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ, ਇਹ ਸਭ ‘ਵਿਚਾਰਾਂ ਦੀ ਮਲੀਨਤਾ’ ਦਾ ਹੀ ਸਿੱਟਾ ਹੈ। ਜਿਹੜੀ ਫਸਲ ਅੱਜ ਪੰਜਾਬੀ ਵੱਢ ਰਹੇ ਹਨ, ਇਹਦੀ ਬਿਜਾਈ ਦੋ-ਤਿੰਨ ਦਹਾਕੇ ਪਹਿਲੋਂ ਕੀਤੀ ਜਾਂ ਕਰਵਾਈ ਗਈ ਸੀ। ਅਸੀਂ ਗਲਤਾਨੀ ਨਸ਼ੇ ਵਿਚ ਗੜੁੱਚ ਹੋਏ ਤਾੜੀਆਂ ਮਾਰ ਮਾਰ ਕੇ ਜ਼ਹਿਰ ਦੇ ਵਪਾਰੀਆਂ ਦੀ ਸ਼ਲਾਘਾ ਕਰਦੇ ਰਹੇ। ਹੁਣ ਜਦੋਂ ਸਿਰੋਂ ਪਾਣੀ ਟੱਪਦਾ ਜਾ ਰਿਹਾ ਹੈ ਤਾਂ ਸਾਨੂੰ ਅਹੁੜਦਾ ਕੁਝ ਨਹੀਂ ਕਿ ਇਸ ਮਹਾਂਮਾਰੀ ਨੂੰ ਕਿਵੇਂ ਰੋਕੀਏ!
ਦੋਂਹ ਦਿਨਾਂ ਬਾਅਦ ਮੈਂ ਸੱਤ ਨਵੰਬਰ ਦੀ ਅਖਬਾਰ ਪੜ੍ਹੀ। ਉਸ ਵਿਚ ਮੋਟੀ ਸੁਰਖੀ ਸੀ, ‘ਲਾਂਡਰਾਂ ਕਾਲਜ ‘ਚ ਹੋਏ ਪ੍ਰੋਗਰਾਮ ਮੌਕੇ ਕੁੜੀਆਂ ਛੇੜਨ ਵਾਲੇ ਤਿੰਨ ਮੁੰਡੇ ਜੇਲ੍ਹ ਭੇਜੇ।’ ਇਹ ਖਬਰ ਪੜ੍ਹ ਕੇ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਜਿਸ ‘ਕੱਠ ਵਿਚ ਦਿਲਜੀਤ ਨੇ ਗੀਤ ਗਾਏ ਹੋਣ, ਉਥੇ ਭਲਾ ਭਗਤ ਸਿੰਘ ਜਾਂ ਊਧਮ ਸਿੰਘ ਸੁਨਾਮ ਥੋੜੋ ਪੈਦਾ ਹੋਣੇ ਸਨ। ਨਿੰਮ ਦੇ ਦਰਖਤ ਨੂੰ ਅੰਬ ਕਿਵੇਂ ਲੱਗ ਸਕਦੇ ਹਨ? ਸੁਕਰਾਤ ਦੇ ਹੀ ਇਕ ਹੋਰ ਕਥਨ ਨਾਲ ਲੇਖ ਸਮਾਪਤ ਕਰਦਾ ਹਾਂ, ‘ਜੇ ਕਿਤੇ ਬੁਰੀਆਂ ਚੀਜ਼ਾਂ ਜ਼ਿਆਦਾ ਪ੍ਰਚਲਿਤ ਅਤੇ ਪ੍ਰਸਿੱਧ ਹੋ ਜਾਣ ਤਾਂ ਉਹ ਚੰਗੀਆਂ ਤੇ ਨਹੀਂ ਨਾ ਹੋ ਜਾਂਦੀਆਂ।’
Leave a Reply