ਮੁੱਖ ਮੰਤਰੀਆਂ ਦੇ ਪਿੰਡਾਂ ਦੀ ਦਾਸਤਾਂ, ਕਿਤੇ ਧੁੱਪ ਕਿਤੇ ਛਾਂ!

ਫਰੀਦਕੋਟ: ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਚ ਸਮੇਂ ਦੇ ਹਾਣ ਦੀ ਹਰੇਕ ਸਹੂਲਤ ਮੁਹੱਈਆ ਹੋਣ ਕਰਕੇ ਜਿਥੇ ਨੇੜਲੇ ਪਿੰਡ ਇਸ ਗੱਲ ਤੋਂ ਰਸ਼ਕ ਕਰਦੇ ਹਨ, ਉਥੇ ਦੇਸ਼ ਨੂੰ ਪਹਿਲਾ ਸਿੱਖ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇਣ ਵਾਲਾ ਪਿੰਡ ਸੰਧਵਾਂ, ਸਮੇਂ ਦੀਆਂ ਸੂਬਾ ਸਰਕਾਰਾਂ ਵੱਲੋਂ ਉਸ ਪ੍ਰਤੀ ਵਿਖਾਈ ਉਦਾਸੀਨਤਾ ਦੀ ਸ਼ਾਹਦੀ ਭਰਦਾ ਹੈ।
ਕੋਟਕਪੂਰਾ-ਫਰੀਦਕੋਟ ਸੜਕ ‘ਤੇ ਸਥਿਤ ਸਾਢੇ ਚਾਰ ਹਜ਼ਾਰ ਦੀ ਆਬਾਦੀ ਵਾਲਾ ਇਹ ਪਿੰਡ ਸਾਫ ਪੀਣਯੋਗ ਪਾਣੀ ਜਿਹੀ ਬੁਨਿਆਦੀ ਸਹੂਲਤ ਤੋਂ ਵੀ ਵਾਂਝਾ ਹੈ। ਸਿਹਤ ਸੇਵਾਵਾਂ ਤੇ ਸਿੱਖਿਆ ਦੇ ਖੇਤਰ ਵਿਚ ਵੀ ਪਿੰਡ ਕਾਫੀ ਪਛੜ ਗਿਆ ਹੈ। ਸਿੱਖਿਆ ਸੰਸਥਾ ਦੇ ਨਾਂ ‘ਤੇ ਇਥੇ ਇਕ ਹਾਈ ਸਕੂਲ ਹੈ। ਸੂਬੇ ਨੂੰ ਮੁੱਖ ਮੰਤਰੀ ਤੇ ਦੇਸ਼ ਨੂੰ ਪਹਿਲਾ ਸਿੱਖ ਰਾਸ਼ਟਰਪਤੀ ਦੇਣ ਵਾਲੇ ਇਸ ਪਿੰਡ ਕੋਲ ਨਾ ਕੋਈ ਵਿਸ਼ੇਸ਼ ਸਹੂਲਤਾਂ ਹਨ ਤੇ ਨਾ ਹੀ ਕੋਈ ਵਿਸ਼ੇਸ਼ ਰੁਤਬਾ।
ਉਧਰ, ਪਿੰਡ ਬਾਦਲ ਦੇ ਪਿੰਡ ਚਹੁੰਮਾਰਗੀ ਸੜਕਾਂ ਕਿਨਾਰੇ ਲੰਮੇ ਖਜ਼ੂਰ ਦੇ ਦਰਖਤਾਂ, ਸੌਰ ਊਰਜਾ ਨਾਲ ਚੱਲਣ ਵਾਲੀਆਂ ਲਾਈਟਾਂ ਤੇ ਸ਼ਾਨਦਾਰ ਇਮਾਰਤਾਂ ਨੂੰ ਦੇਖ ਕੇ ਕੋਈ ਇਹ ਭੁਲੇਖਾ ਖਾ ਸਕਦਾ ਹੈ ਕਿ ਉਹ ਕਿਸੇ ਆਧੁਨਿਕ ਟਾਊਨਸ਼ਿਪ ਵੱਲ ਜਾ ਰਿਹਾ ਹੈ ਪਰ ਇਹ ਪਿੰਡ ਬਾਦਲ ਦਾ ਰਾਹ ਹੈ। ਇਹ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਬਣੇ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਪਿੰਡ ਹੈ। ਪੰਜਾਬ ਦੇ ਹੋਰ ਕਈ ਪਿੰਡਾਂ ਵਿੱਚ ਜਿਥੇ ਪ੍ਰਾਇਮਰੀ ਸਕੂਲਾਂ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਹਨ, ਉਥੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਾਦਲ ਵਿਚ ਪੰਜ ਸਕੂਲ, ਦੋ ਕਾਲਜ, ਸਿਵਲ ਹਸਪਤਾਲ, ਜ਼ਿਲ੍ਹਾ ਪੱਧਰੀ ਪੌਲੀਕਲੀਨਿਕ, ਨਰਸਿੰਗ ਤੇ ਪੈਰਾਮੈਡੀਕਲ ਸਾਇੰਸਜ਼ ਇੰਸਟੀਚਿਊਟ, ਖੇਡ ਸਟੇਡੀਅਮ, ਸਾਈ ਦਾ ਟਰੇਨਿੰਗ ਸੈਂਟਰ, ਸ਼ੂਟਿੰਗ ਰੇਂਜ ਤੇ ਕਈ ਹੋਰ ਸਹੂਲਤਾਂ ਮੌਜੂਦ ਹਨ। ਜ਼ਿਕਰਯੋਗ ਹੈ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਨੂੰ ਛੱਡ ਦੇਈਏ ਤਾਂ ਸਾਬਕਾ ਮੁੱਖ ਮੰਤਰੀਆਂ ਦੇ ਪਿੰਡ ਜਿਨ੍ਹਾਂ ਵਿਚ ਕੈਰੋਂ, ਸਰਾਏਨਾਗਾ, ਚੂਹੜ ਚੱਕ, ਸੰਧਵਾਂ, ਕੋਟਲੀ ਤੇ ਨਾਰੰਗਵਾਲ ਨੂੰ ਹਮੇਸ਼ਾ ਅਣਗੌਲਿਆ ਹੀ ਗਿਆ ਹੈ। ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਿੰਡ ਸਰਾਏਨਾਗਾ ਦਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਕੁਝ ਸੁਧਾਰ ਹੋਇਆ। ਕੋਟਕਪੂਰਾ-ਮੁਕਤਸਰ ਸੜਕ ‘ਤੇ ਵਸਿਆ ਇਹ ਪਿੰਡ ਵੀ ਪੀਣ ਵਾਲੇ ਪਾਣੀ, ਸੈਨੀਟੇਸ਼ਨ, ਸਿੱਖਿਆ ਤੇ ਸਿਹਤ ਜਿਹੀਆਂ ਮੁਢਲੀਆਂ ਸਹੂਲਤਾਂ ਤੋਂ ਮਹਿਰੂਮ ਹੈ।
ਪੰਜਾਬ ਦੇ ਸਭ ਤੋਂ ਮਕਬੂਲ ਰਹੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪਿੰਡ ਕੈਰੋਂ ਦੀ ਜੇ ਗੱਲ ਕਰੀਏ ਤਾਂ ਹਾਲਤ ਇਥੇ ਵੀ ਕੋਈ ਬਹੁਤੀ ਬਿਹਤਰ ਨਹੀਂ, ਹਾਲਾਂਕਿ ਉਨ੍ਹਾਂ ਦਾ ਪੋਤਰਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾ ਸਿਰਫ ਬਾਦਲ ਸਰਕਾਰ ਵਿਚ ਮੰਤਰੀ ਹੈ ਬਲਕਿ ਸ਼ ਬਾਦਲ ਦਾ ਜਵਾਈ ਵੀ ਹੈ। ਸਾਂਝੇ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਸ਼ ਕੈਰੋਂ ਨੇ ਸੂਬੇ ਦੇ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਈ ਸੀ ਪਰ ਤਰਨ ਤਾਰਨ-ਪੱਟੀ ਸੜਕ ‘ਤੇ ਸਥਿਤ ਇਸ ਪਿੰਡ ਦੇ ਲੋਕ ਪੀਣ ਵਾਲੇ ਪਾਣੀ ਤੇ ਸੀਵਰੇਜ ਜਿਹੀਆਂ ਮੁਢਲੀਆਂ ਲੋੜਾਂ ਨੂੰ ਤਰਸ ਰਹੇ ਹਨ। ਪਿੰਡ ਵਾਸੀਆਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਵਿਚ ਸੁੰਦਰ ਗਰਾਮ ਯੋਜਨਾ ਤਹਿਤ ਪਿੰਡ ਨੂੰ 1æ18 ਕਰੋੜ ਦੀ ਗਰਾਂਟ ਮਿਲੀ ਸੀ ਪਰ ਉਸ ਮਗਰੋਂ ਕਿਸੇ ਨੇ ਇਧਰ ਨੂੰ ਮੂੰਹ ਨਹੀਂ ਕੀਤਾ।
ਸਾਬਕਾ ਮੁੱਖ ਮੰਤਰੀ ਮਰਹੂਮ ਲਛਮਣ ਸਿੰਘ ਗਿੱਲ ਜਿਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਿੰਡਾਂ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇ, ਦਾ ਜੱਦੀ ਪਿੰਡ ਚੂਹੜ ਚੱਕ ਅੱਜ ਆਪਣੇ ਵਿਕਾਸ ਲਈ ਤਰਲੇ-ਮਿੰਨਤਾਂ ਕਰ ਰਿਹਾ ਹੈ। 15 ਹਜ਼ਾਰ ਤੋਂ ਉਪਰ ਦੀ ਆਬਾਦੀ ਵਾਲਾ ਇਹ ਮੋਗਾ ਜ਼ਿਲ੍ਹੇ ਦਾ ਸਭ ਤੋਂ ਵੱਡਾ ਪਿੰਡ ਹੋਣ ਦੇ ਬਾਵਜੂਦ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ। ਇਸ ਪਿੰਡ ਨੂੰ ਕਈ ਅਹਿਮ ਸ਼ਖਸੀਅਤਾਂ ਦੇਣ ਦਾ ਮਾਣ ਵੀ ਹਾਸਲ ਹੈ ਜਿਨ੍ਹਾਂ ਵਿਚ ਫ਼ਿਲਮਸਾਜ਼ ਜਗਜੀਤ ਸਿੰਘ (ਪੁੱਤ ਜੱਟਾਂ ਦੇ), ਆਜ਼ਾਦੀ ਘੁਲਾਟੀਆ ਗ਼ਦਰੀ ਬਾਬਾ ਰੌਧ ਸਿੰਘ, ਕੈਪਟਨ ਗੁਰਦਿੱਤ ਸਿੰਘ ਗਿੱਲ, ਨਗਿੰਦਰ ਸਿੰਘ ਗਿੱਲ (ਜਿਨ੍ਹਾਂ 1940-50 ਵਿਚ ਏਸ਼ਿਆਈ ਫਿਰਕੇ ਦੇ ਲੋਕਾਂ ਨੂੰ ਅਧਿਕਾਰ ਦਿਵਾਉਣ ਲਈ ਕੈਨੇਡਿਆਈ ਸਰਕਾਰ ਖਿਲਾਫ ਮੁਹਿੰਮ ਚਲਾਈ) ਤੇ ਨਾਸਾ ਵਿਚ ਕੰਮ ਕਰਦੇ ਪ੍ਰਸਿੱਧ ਵਿਗਿਆਨੀ ਗੁਰਦਿੱਤ ਸਿੰਘ ਗਿੱਲ ਸ਼ਾਮਲ ਹਨ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਜੱਦੀ ਪਿੰਡ ਕੋਟਲੀ (ਜੋ ਇਤਿਹਾਸਕ ਨਗਰ ਪਾਇਲ ਦੇ ਉੱਤਰ-ਪੱਛਮ ਵੱਲ ਸਥਿਤ ਹੈ), ਨੂੰ ਵੀ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਇਸ ਪਿੰਡ ਲਈ ਐਲਾਨਿਆ ਨਵਾਂ ਨਾਂ ਬੇਅੰਤ ਸਿੰਘ ਨਗਰ ਵੀ ਕਾਗਜ਼ਾਂ ਦੇ ਬੋਝ ਹੇਠ ਦੱਬ ਕੇ ਰਹਿ ਗਿਆ ਹੈ। ਲੁਧਿਆਣਾ ਜ਼ਿਲ੍ਹੇ ਵਿਚ ਹੀ ਸਾਬਕਾ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦੇ ਪਿੰਡ ਨਾਰੰਗਵਾਲ ਦੀ ਹੋਣੀ ਵੀ ਕੁਝ ਅਜਿਹੀ ਹੀ ਹੈ ਪਰ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਪਿੰਡ ਜੰਡਿਆਲਾ ਦੀ ਸਥਿਤੀ ਕੁਝ ਬਿਹਤਰ ਹੈ। ਪਿੰਡ ਵਿਚ ਜਿਥੇ ਮਿਆਰੀ ਸਿੱਖਿਆ, ਸਿਹਤ ਤੇ ਟਰਾਂਸਪੋਰਟ ਆਦਿ ਸਹੂਲਤਾਂ ਉਪਲਬਧ ਹਨ, ਉਥੇ ਸੜਕਾਂ ਦਾ ਵੀ ਕੋਈ ਸਾਨੀ ਨਹੀਂ।

Be the first to comment

Leave a Reply

Your email address will not be published.