ਕੋਸਟਾ ਰੀਕਾ ਅਤੇ ਕੱਛ ਜ਼ਿਲ੍ਹਾ

ਬਲਜੀਤ ਬਾਸੀ
ਕੋਸਟਾ ਰੀਕਾ ਮਧ ਅਮਰੀਕਾ ਦਾ ਇਕ ਛੋਟਾ ਜਿਹਾ ਦੇਸ਼ ਹੈ ਜੋ ਉਤਰ ਵਲੋਂ ਨਿਕਾਰਾਗੂਆ, ਦੱਖਣ ਵਲੋਂ ਪਨਾਮਾ, ਪੂਰਬ ਵਲੋਂ ਪ੍ਰਸ਼ਾਂਤ ਮਹਾਂਸਾਗਰ ਅਤੇ ਪੱਛਮ ਵਲੋਂ ਕੈਰੀਬੀਅਨ ਸਾਗਰ ਨਾਲ ਘਿਰਿਆ ਹੋਇਆ ਹੈ। ਇਹ ਦੇਸ਼ ਕੁਦਰਤੀ ਹੁਸਨ ਨਾਲ ਭਰਪੂਰ ਹੈ। ਇਸ ਦੇ ਜੰਗਲ, ਪਹਾੜ, ਝੀਲਾਂ, ਜਵਾਲਾਮੁਖੀ, ਸਮੁੰਦਰੀ ਤਟ, ਪਾਰਕ, ਪ੍ਰਾਣੀ ਜਗਤ ਦੀ ਵੰਨ ਸੁਵੰਨਤਾ ਇਸ ਨੂੰ ਧਰਤੀ ਦਾ ਸਵਰਗ ਬਣਾਉਂਦੇ ਹਨ। ਪ੍ਰਦੂਸ਼ਣ ਰਹਿਤ ਵਾਤਾਵਰਣ ਕਾਰਨ ਇਹ ਦੁਨੀਆਂ ਦਾ ਪੰਜਵਾਂ ਸ਼ੁਧ ਵਾਤਾਵਰਣ ਵਾਲਾ ਦੇਸ਼ ਹੈ। ਅਮਰੀਕੀ ਮਹਾਦੀਪ ਵਿਚ ਇਸ ਪੱਖੋਂ ਇਹ ਸਭ ਤੋਂ ਉਪਰ ਹੈ। ਅਮਰੀਕੀ ਮਹਾਂਦੀਪ ਦੇ ਹੋਰ ਦੇਸ਼ਾਂ ਦੀ ਤਰ੍ਹਾਂ ਇਹ ਦੇਸ਼ ਵੀ ਆਦਿ ਵਾਸੀਆਂ ਦਾ ਦੇਸ਼ ਸੀ ਜਿਸ ਉਤੇ ਮਧਯੁਗ ਦੌਰਾਨ ਸਾਮਰਾਜੀਆਂ ਨੇ ਕਬਜ਼ਾ ਜਮਾ ਲਿਆ। ਕੋਲੰਬਸ ਵਲੋਂ ਸੋਲ੍ਹਵੀਂ ਸਦੀ ਦੇ ਅਰੰਭ ਵਿਚ ‘ਅਮਰੀਕਾ ਦੀ ਖੋਜ’ ਨੇ ਇਸ ਖੇਤਰ ਨੂੰ ਸਪੇਨੀ ਗਲਬੇ ਦੇ ਅਧੀਨ ਲਿਆਂਦਾ। ਪਹਿਲਾਂ ਪਹਿਲ ਇਹ ਗੁਆਟੇਮਾਲਾ ਦਾ ਹੀ ਇਕ ਸੂਬਾ ਹੁੰਦਾ ਸੀ। ਉਦੋਂ ਇਹ ਖੇਤਰ ਬਹੁਤ ਗਰੀਬ ਸੀ, ਸਾਮਰਾਜੀ ਯੂਰਪੀਨਾਂ ਨੂੰ ਇਥੇ ਕੋਈ ਆਰਥਕ ਦਿਲਚਸਪੀ ਵਾਲੀ ਗੱਲ ਨਹੀਂ ਦਿਸੀ ਇਸ ਲਈ ਇਸ ਨੂੰ ਬਹੁਤਾ ਨਾ ਗੌਲਿਆ। ਉਨੀਵੀਂ ਸਦੀ ਦੇ ਸ਼ੁਰੂ ਵਿਚ ਇਹ ਸਪੇਨ ਤੋਂ ਸੁਤੰਤਰ ਹੋ ਗਿਆ।
ਕੋਸਟਾ ਰੀਕਾ ਮਧ ਅਮਰੀਕਾ ਦੇ ਸਥਲਡਮਰੂਮਧ ‘ਤੇ ਸਥਿਤ ਹੈ। ਬੜਾ ਅਟਪਟਾ ਜਿਹਾ ਸ਼ਬਦ ਹੈ ਸਥਲਡਮਰੂਮਧ, ਪਰ ਮੈਂ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਵਰਤਣ ਲਈ ਮਜਬੂਰ ਹਾਂ। ਸਮਝੋ ਇਹ ਸਮੁੰਦਰ ਵਿਚ ਵਧੀ ਹੋਈ ਭੋਇੰ ਹੈ ਜਿਸ ਦੀ ਸ਼ਕਲ ਡਮਰੂ ਦੇ ਮਧ ਵਰਗੀ ਫੀਤਾਨੁਮਾ ਹੁੰਦੀ ਹੈ। ਇਸ ਤਰ੍ਹਾਂ ਦੀ ਭੂਗੋਲਿਕ ਸਥਿਤੀ ਦਾ ਇਸ ਦੇਸ਼ ਦੇ ਨਾਂ ਨਾਲ ਸਬੰਧ ਹੈ। ਇਸ ਖਿੱਤੇ ਨੂੰ ਇਹ ਨਾਂ ਸਪੇਨੀਆਂ ਨੇ ਦਿੱਤਾ, ਸ਼ਾਇਦ ਕੋਲੰਬਸ ਨੇ ਹੀ। ਇਹ ਸਪੇਨੀ ਸ਼ਬਦਾਂ ਤੋਂ ਬਣਿਆ ਹੈ। ਸਪੇਨੀ ਭਾਸ਼ਾ ਵਿਚ ਕੋਸਟਾ ਦਾ ਅਰਥ ਹੁੰਦਾ ਹੈ ਕੰਢਾ, ਤੱਟ ਅਤੇ ਰੀਕਾ ਦਾ ਮਤਲਬ ਅਮੀਰ। ਰੀਕਾ ਅੰਗਰੇਜ਼ੀ ਦੇ ਰਿਚ ਸ਼ਬਦ ਦਾ ਸਕਾ ਹੈ ਜਿਸ ਦਾ ਪੰਜਾਬੀ ਰਾਜਾ ਨਾਲ ਵੀ ਰਿਸ਼ਤਾ ਹੈ। ਇਸ ਬਾਰੇ “ਇਕ ਸੀ ਰਾਜਾ” ਵਾਲੇ ਕਾਲਮ ਵਿਚ ਦੱਸਿਆ ਜਾ ਚੁੱਕਾ ਹੈ। ਕੋਸਟਾ ਦਾ ਵੀ ਅੰਗਰੇਜ਼ੀ ਕੋਸਟ ਨਾਲ ਸੁਜਾਤੀ ਰਿਸ਼ਤਾ ਹੈ। ਸਪਸ਼ਟ ਹੈ, ਇਸ ਦੇਸ਼ ਨੂੰ ਇਹ ਨਾਂ ਇਸ ਕਰਕੇ ਮਿਲਿਆ ਕਿ ਇਹ ਦੋ ਸਮੁੰਦਰਾਂ ਦੇ ਤਟ ‘ਤੇ ਸਥਿਤ ਹੈ। ਕੋਸਟਾ ਸ਼ਬਦ ਮੂਲ ਵਜੋਂ ਲਾਤੀਨੀ ਹੈ। ਇਸ ਭਾਸ਼ਾ ਵਿਚ ਇਸ ਦਾ ਅਰਥ ਸੀ ‘ਪਸਲੀ।’ ਮਧਵਰਤੀ ਲਾਤੀਨੀ ਵਿਚ ਇਸ ਦਾ ਅਰਥ ਵਿਕਸਿਤ ਹੋ ਕੇ ਕੰਢਾ, ਤਟ, ਸਾਹਿਲ ਹੋ ਗਿਆ ਕਿਉਂਕਿ ਇਸ ਸ਼ਬਦ ਵਿਚ ਪਾਸੇ ਜਾਂ ਵੱਖੀ ਦਾ ਭਾਵ ਸੀ।
ਤਟਵਰਤੀ ਜ਼ਮੀਨ ਸਮੁੰਦਰ ਜਾਂ ਕਿਸੇ ਵੀ ਪਾਣੀ-ਸਮੂਹ ਦੇ ਪਾਸੇ ਹੀ ਹੁੰਦੀ ਹੈ। ਇਥੋਂ ਇਹ ਰੋਮਨ ਭਾਸ਼ਾਵਾਂ ਜਿਵੇਂ ਇਤਾਲਵੀ ਅਤੇ ਸਪੈਨਿਸ਼ ਵਿਚ ਚਲੇ ਗਿਆ। ਸਪੈਨਿਸ਼ ਵਿਚ ਥੋੜੇ ਧੁਨੀ ਪਰਿਵਰਤਨ ਨਾਲ ਇਸ ਦਾ ਅਰਥ ਪਹਾੜ ਦੀ ਵੱਖੀ ਵੀ ਹੋ ਗਿਆ। ਫਰਾਂਸੀਸੀ ਵਿਚ ਵੀ ਇਸ ਸ਼ਬਦ ਦੇ ਅਰਥ ਪਹਾੜੀ ਦੀ ਵੱਖੀ ਜਾਂ ਢਲਾਣ ਬਣ ਗਏ। ਜਰਮੈਨਿਕ ਭਾਸ਼ਾਵਾਂ ਨੇ ਇਸ ਸ਼ਬਦ ਨੂੰ ਇਥੋਂ ਚੁਕ ਕੇ ਆਪਣੇ ਖੇਮੇ ਵਿਚ ਵਾੜ ਲਿਆ। ਅੰਗਰੇਜ਼ੀ ਵਿਚ ਇਹ ਕੋਸਟ (ਚੋਅਸਟ) ਬਣ ਕੇ ਸ਼ਬਦ ਫਰਾਂਸੀਸੀ ਵਲੋਂ ਆਇਆ ਜਿਥੇ ਇਸ ਵਿਚ ਪਸਲੀ, ਵੱਖੀ, ਪਾਸਾ, ਢਲਾਣ ਦੇ ਅਰਥਾਂ ਤੋਂ ਹੋਰ ਅੱਗੇ ਤਟ, ਕੰਢਾ ਵੀ ਬਣ ਚੁੱਕੇ ਸਨ। ਅੰਗਰੇਜ਼ੀ ਵਿਚ ਇਕ ਸ਼ਬਦ ਹੈ ਅਚਚੋਸਟ ਜਿਸ ਦਾ ਮੁਢਲਾ ਅਰਥ ਹੁੰਦਾ ਹੈ, ਦੁਸ਼ਮਣ ਦੇ ਤਟਵਰਤੀ ਇਲਾਕਿਆਂ ‘ਤੇ ਧਾਵਾ ਕਰਨਾ, ਟੁੱਟ ਪੈਣਾ। ਵਿਕਸਿਤ ਹੋ ਕੇ ਇਸ ਦਾ ਅਰਥ ਕਿਸੇ ਦੇ ਸਨਮੁਖ ਹੋਣਾ, ਪਹੁੰਚ ਕਰਨਾ ਆਦਿ ਵੀ ਹੋ ਗਏ। ਤੁਸੀਂ ਕਟਲੈਟ ਤਾਂ ਜ਼ਰੂਰ ਖਾਧੇ ਹੋਣਗੇ। ਇਹ ਸ਼ਬਦ ਵੀ ਮੁਢਲੇ ਤੌਰ ‘ਤੇ ਲਾਤੀਨੀ ਕੋਸਟਾ ਦੇ ਪਸਲੀ ਵਾਲੇ ਅਰਥ ਤੋਂ ਵਿਕਸਿਤ ਹੋਇਆ। ਇਸ ਵਿਚ ਜਾਨਵਰ ਦੀ ਪਸਲੀ ਨੂੰ ਪਕਵਾਨ ਵਜੋਂ ਵਰਤਣ ਦੇ ਭਾਵ ਦਿਖਾਈ ਦੇ ਰਹੇ ਹਨ। ਇਸ ਸ਼ਬਦ ਦੇ ਨਿਰਮਾਣ ਵਿਚ ਅੰਗਰੇਜ਼ੀ ਕੱਟ ਸ਼ਬਦ ਦਾ ਵੀ ਦਖਲ ਹੋ ਗਿਆ।
ਖੈਰ, ਕੋਸਟਾ ਰੀਕਾ ਦੇਸ਼ ਦੇ ਨਾਂ ਦਾ ਭਾਰਤ ਦੇ ਇਕ ਖਿੱਤੇ ਦੇ ਨਾਂ ਨਾਲ ਭਾਸ਼ਾਈ ਰਿਸ਼ਤਾ ਹੈ। ਇਹ ਖਿੱਤਾ ਹੈ, ਗੁਜਰਾਤ ਦਾ ਜ਼ਿਲ੍ਹਾ ਕੱਛ। ਇਹ ਸ਼ਾਇਦ ਭਾਰਤ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਕੱਛ ਦਾ ਇਲਾਕਾ ਇਕ ਤਰ੍ਹਾਂ ਦਾ ਟਾਪੂ ਹੀ ਹੈ ਕਿਉਂਕਿ ਇਸ ਦੇ ਪੱਛਮ ਵਿਚ ਅਰਬ ਸਾਗਰ, ਦੱਖਣ ਪੂਰਬੀ ਪਾਸੇ ਕੱਛ ਦੀ ਖਾੜੀ ਅਤੇ ਉਤਰੀ ਤੇ ਪੂਰਬੀ ਭਾਗਾਂ ਵਿਚ ਕੱਛ ਦਾ ਰਣ ਹੈ। ਇਸ ਜ਼ਿਲ੍ਹੇ ਦਾ ਵੱਡਾ ਹਿੱਸਾ ਕੱਛ ਦਾ ਰਣ ਹੀ ਹੈ ਜੋ ਦਲਦਲੀ ਇਲਾਕਾ ਹੈ। ਰਣ ਸੰਸਕ੍ਰਿਤ ਸ਼ਬਦ ਹੈ ਜਿਸ ਦਾ ਅਰਥ ਮਾਰੂਥਲ ਹੁੰਦਾ ਹੈ। ਇਲਾਕੇ ਦਾ ਵੱਡਾ ਹਿੱਸਾ ਲੂਣੀ ਜ਼ਮੀਨ ਨਾਲ ਭਰਿਆ ਰਹਿੰਦਾ ਹੈ। ਮੌਨਸੂਨੀ ਬਰਸਾਤ ਦੇ ਦਿਨਾਂ ਵਿਚ ਇਥੇ ਪਾਣੀ ਹੀ ਪਾਣੀ ਹੁੰਦਾ ਹੈ ਪਰ ਆਮ ਮੌਸਮ ਵਿਚ ਚਾਰੇ ਪਾਸੇ ਰੱਕੜ ਭੋਇੰ ਦਿਖਾਈ ਦਿੰਦੀ ਹੈ। ਇਹ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲਗਦਾ ਹੈ। ਬਹੁਤ ਸਾਰੇ ਪੰਜਾਬੀਆਂ ਨੇ ਇਸ ਰੱਕੜ ਭੋਇੰ ਨੂੰ ਹਰਿਆ ਭਰਿਆ ਬਣਾਇਆ। ਅੱਜ ਇਨ੍ਹਾਂ ਹੀ ਪੰਜਾਬੀਆਂ ਨੂੰ ਉਥੋਂ ਉਜਾੜਨ ਦੀ ਗੱਲ ਹੋ ਰਹੀ ਹੈ।
ਕੁਝ ਮਿਲੇ ਅਵਸ਼ੇਸ਼ਾਂ ਤੋਂ ਪਤਾ ਲਗਦਾ ਹੈ ਕਿ ਇਥੇ ਸਿੰਧ ਘਾਟੀ ਦੀ ਸਭਿਅਤਾ ਪਨਪੀ ਸੀ। ਸਪੇਨੀ ਕੋਸਟਾ, ਅੰਗਰੇਜ਼ੀ ਕੋਸਟ ਤੇ ਭਾਰਤੀ ਭਾਸਾਵਾਂ ਦਾ ਕੱਛ ਸ਼ਬਦ ਆਪਸ ਵਿਚ ਸੁਜਾਤੀ ਰਿਸ਼ਤਾ ਰਖਦੇ ਹਨ। ਸੰਸਕ੍ਰਿਤ ਵਿਚ ਕੱਛ ਸ਼ਬਦ ਦਾ ਪਹਿਲਾ ਅਰਥ ਕਿਸੇ ਝੀਲ, ਸਾਗਰ ਆਦਿ ਦਾ ਕਿਨਾਰਾ, ਕੰਢਾ ਜਾਂ ਤਟ ਹੀ ਹੈ। ਪਾਣੀ ਕੰਢੇ ਦਾ ਇਲਾਕਾ ਆਮ ਤੌਰ ‘ਤੇ ਚਿੱਕੜ ਭਰਿਆ, ਦਲਦਲੀ ਜਿਹਾ ਹੀ ਹੁੰਦਾ ਹੈ, ਇਸ ਲਈ ਇਸ ਸ਼ਬਦ ਦਾ ਅਰਥ ਦਲਦਲ ਵੀ ਹੈ। ਕੱਛ ਜ਼ਿਲੇ ਦੀ ਭਾਸ਼ਾ ਨੂੰ ਕੱਛੀ ਜਾਂ ਕਾਛੀ ਕਿਹਾ ਜਾਂਦਾ ਹੈ। ਮੈਂ ਕਾਛੀਆਂ ਨੂੰ ਇਹ ਭਾਸ਼ਾ ਬੋਲਦੇ ਸੁਣਿਆ ਹੈ, ਬਹੁਤ ਮਿੱਠੀ ਹੈ। ਕੱਛ ਤੋਂ ਹੀ ਕੱਛਾਰ ਸ਼ਬਦ ਵੀ ਬਣਿਆ। ਬਰਸਾਤ ਪਿਛੋਂ ਨਦੀ ਦਾ ਪਾਣੀ ਘਟ ਜਾਣ ਨਾਲ ਉਪਰਲੇ ਹਿੱਸੇ ਵਿਚ ਨਿਕਲੀ ਜ਼ਮੀਨ ਨੂੰ ਕੱਛਾਰ ਆਖਦੇ ਹਨ। ਆਸਾਮ ਦੇ ਇਕ ਖੇਤਰ ਦਾ ਨਾਂ ਵੀ ਕੱਛਾਰ ਹੈ। ਭਾਰਤ ਅਤੇ ਪਾਕਿਸਤਾਨ ਵਿਚ ਕੱਛਾਰ ਨਾਂ ਦੇ ਕਈ ਥਾਂ ਹਨ। ਮੇਘਾਲਿਆ ਵਿਚ ਉਬੜ-ਖਾਬੜ ਪਹਾੜੀਆਂ ਦਾ ਨਾਂ ਕੱਛਾਰ ਪਹਾੜੀਆਂ ਹੈ। ਮਈਆ ਸਿੰਘ ਦੇ ਪੰਜਾਬੀ ਕੋਸ਼ ਅਨੁਸਾਰ ਇਸ ਨੂੰ ਕਾਛਲ ਜਾਂ ਕਾਛੜ ਵੀ ਆਖਦੇ ਹਨ।
ਕਈ ਤਰ੍ਹਾਂ ਦੇ ਦਰਖਤਾਂ ਅਤੇ ਸ਼ਹਿਰਾਂ ਦਾ ਨਾਂ ਵੀ ਕੱਛ ਹੈ। ਸੰਸਕ੍ਰਿਤ ਤੋਂ ਇਲਾਵਾ ਹੋਰ ਭਾਰਤੀ ਭਾਸ਼ਾਵਾਂ ਵਿਚ ਵੀ ਕੱਛ ਦਾ ਅਰਥ ਕੱਛੂ ਵੀ ਹੈ। ਕੱਛੂ ਖੁਦ ਸੰਸਕ੍ਰਿਤ ਕੱਛਪ ਦਾ ਵਿਕਸਿਆ ਰੂਪ ਹੈ ਜਿਸ ਦਾ ਸ਼ਾਬਦਿਕ ਅਰਥ ‘ਦਲਦਲੀ ਜ਼ਮੀਨ ਵਿਚ ਰਹਿਣ ਵਾਲਾ’ ਹੈ: ਕੱਛ=ਦਲਦਲੀ ਜ਼ਮੀਨ, ਪ=ਰੱਖਣ ਜਾਂ ਰਹਿਣ ਵਾਲਾ। ਕੱਛੂ ਪਾਣੀ ਵਿਚ ਅਤੇ ਪਾਣੀ ਦੇ ਕੰਢੇ ਹੀ ਤਾਂ ਰਹਿੰਦਾ ਹੈ। ‘ਆਪੇ ਮਛੁ ਕਛੁ ਕਰਣੀਕਰੁ’ -ਗੁਰੂ ਨਾਨਕ ਦੇਵ। ਕੱਛੂ ਨੂੰ ਕੱਛੂ ਕੁੰਮਾ ਵੀ ਕਹਿੰਦੇ ਹਨ। ਦਰਅਸਲ ਕੱਛੂ ਲਈ ਸੰਸਕ੍ਰਿਤ ਵਿਚ ਇਕ ਸ਼ਬਦ ਕੂਰਮ ਵੀ ਹੈ। ਇਹੋ ਕੂਰਮਾ ਕੱਛੂ ਨਾਲ ਲੱਗ ਕੇ ਅਜਿਹਾ ਸ਼ਬਦ ਜੁੱਟ ਬਣ ਗਿਆ। ਕੱਛੂ ਨੂੰ ਵਿਸ਼ਨੂੰ ਦਾ ਅਵਤਾਰ ਸਮਝਿਆ ਜਾਂਦਾ ਹੈ। ਸਾਰੀ ਧਰਤੀ ਕੱਛੂ ਕੁੰਮੇ ‘ਤੇ ਤੈਰਦੀ ਹੈ। ਮੱਛੀ ਵੀ ਵਿਸ਼ਨੂੰ ਦਾ ਇਕ ਹੋਰ ਅਵਤਾਰ ਹੈ, ‘ਮਛੁ ਕਛੁ ਕੂਰਮ ਆਗਿਆ ਅਉਤਾਰਸੀ’ -ਗੁਰੂ ਅਰਜਨ ਦੇਵ। ਅਰਥਾਤ ਮੱਛੀ ਤੇ ਕੱਛੂ ਤੇਰੇ ਹੁਕਮ ਨਾਲ ਹੀ ਅਵਤਾਰ ਬਣੇ। ਕਚਕੜਾ ਸ਼ਬਦ ਵੀ ਕੱਛੂ ਨਾਲ ਸਬੰਧਤ ਹੈ ਕਿਉਂਕਿ ਇਹ ਪਹਿਲਾਂ ਕੱਛੂ ਦੀ ਖੋਪਰੀ ਤੋਂ ਹੀ ਬਣਦੇ ਸਨ। ਇਕ ਤਰ੍ਹਾਂ ਦੀ ਬੇੜੀ ਦੇ ਪਾਸਿਆਂ ਨੂੰ ਵੀ ਕੱਛ ਜਾਂ ਕੱਛਾ ਕਹਿੰਦੇ ਹਨ। ਇਸ ਰਾਹੀਂ ਬੇੜੀ ‘ਤੇ ਚੜ੍ਹਿਆ ਜਾਂ ਉਤਰਿਆ ਜਾ ਸਕਦਾ ਹੈ।
ਕੱਛ ਸ਼ਬਦ ਦੇ ਪਾਸੇ ਜਾਂ ਵੱਖੀ ਦੇ ਭਾਵ ਤੋਂ ਬਗਲ ਦਾ ਭਾਵ ਵੀ ਉਜਾਗਰ ਹੋਇਆ। ਕੁਝ ਮੁਹਾਵਰਿਆਂ ਵਿਚ ਇਹ ਸ਼ਬਦ ਝਲਕਦਾ ਹੈ ਜਿਵੇਂ ਕੱਛਾਂ ਵਜਾਉਣੀਆਂ, ਕੱਛੀਂ ਝਾਕਣਾ। ਕੱਛ ਤੋਂ ਹੀ ਕਛਰਾਲੀ (ਕੱਛ ਦਾ ਫੋੜਾ) ਤੇ ਕੁੱਛੜ ਸ਼ਬਦ ਬਣੇ, ਕੁੱਛੜ ਕੁੜੀ ਸ਼ਹਿਰ ਢੰਡੋਰਾ। ਕੁਝ ਇਲਾਕਿਆਂ ਵਿਚ ਕੱਛ ਨੂੰ ਕੱਛੀ ਵੀ ਕਿਹਾ ਜਾਂਦਾ ਹੈ। ਕੁੱਖ ਸ਼ਬਦ ਵੀ ਇਸੇ ਨਾਲ ਸਬੰਧਤ ਹੈ। ਕੱਛ ਅਤੇ ਕਮਰ ਦੇ ਦਮਿਆਨ ਦੇ ਭਾਗ ਨੂੰ ਕੁੱਖ ਆਖਦੇ ਹਨ। ਕੁੱਖ ਦਾ ਅਰਥ ਪੇਟ, ਗਰਭਦਾਨੀ ਅਤੇ ਗੁਫਾ ਵੀ ਹੋ ਗਿਆ ਹੈ। ਅਖਾਣ ਹੈ, ‘ਜੇਠ ਹਾੜ ਕੁੱਖੀਂ, ਸੌਣ ਭਾਦੋਂ ਰੁਖੀਂ।’ ਇਥੇ ਕੁੱਖ ਕਮਰੇ ਜਾਂ ਅੰਦਰ ਦਾ ਅਰਥਾਵਾਂ ਹੈ। ਹਿੰਦੀ ਵਿਚ ਕਕਸ਼ ਦਾ ਮਤਲਬ ਕਮਰਾ ਹੁੰਦਾ ਹੈ। ਕਮਰ ਦੇ ਆਲੇ ਦੁਆਲੇ ਲਪੇਟੇ ਜਾਣ ਵਾਲੇ ਕੁਝ ਵਸਤਰਾਂ ਦੇ ਨਾਂ ਵੀ ਇਸੇ ਸ਼ਬਦ ਤੋਂ ਵਿਕਸਿਤ ਹੋਏ ਹਨ। ਕੱਛ ਦਾ ਹੀ ਇਕ ਅਰਥ ਧੋਤੀ ਦਾ ਉਹ ਲੜ ਹੁੰਦਾ ਹੈ ਜਿਸ ਨੂੰ ਦੋਨਾਂ ਟੰਗਾਂ ਦੇ ਵਿਚ ਦੀ ਲੰਘਾ ਕੇ ਪਿਛੇ ਟੁੰਗ ਲਿਆ ਜਾਂਦਾ ਹੈ। ਗੁਰੂ ਨਾਨਕ ਦੇਵ ਨੇ ਇਸ ਲਈ ਕਖਾਈ ਸ਼ਬਦ ਵਰਤਿਆ ਹੈ, ‘ਤੇੜ ਧੋਤੀ ਕਖਾਈ।’ ਹਿੰਦੂ ਧਰਮ ਵਿਚ ਤਿੰਨ ਲੜਾਂ (ਕਕਸ਼ਾਂ) ਵਾਲੀ ਧੋਤੀ ਬੰਨ੍ਹਣ ਦੀ ਆਗਿਆ ਹੈ। ਅਰਥਾਤ ਤਿੰਨ ਭਾਗ ਧੋਤੀ ਦੇ ਕਮਰ ਵਿਚ ਅੜੰਗੇ ਹੋਣੇ ਚਾਹੀਦੇ ਹਨ। ਤੇੜ ਦਾ ਵਸਤਰ ਕੱਛ, ਕੱਛਾ, ਕਛਹਿਰਾ ਵੀ ਇਸੇ ਤੋਂ ਵਿਕਸਤ ਹੋਏ ਹਨ। ਇਹ ਸਿੱਖਾਂ ਦਾ ਇੱਕ ਕੱਕਾ ਵੀ ਹੈ। ਇਸੇ ਤੋਂ ਅੱਗੇ ਕੱਛੀ, ਕਛਨੀ, ਕਛੌਟੀ ਸ਼ਬਦ ਵੀ ਬਣੇ, ‘ਕਰਮ ਕਰਿ ਕਛਉਟੀ ਮਫੀਟਸ ਰੀ’ -ਭਗਤ ਤ੍ਰਿਲੋਚਨ। ਗਿਆਨੀ ਸਾਹਿਬ ਸਿੰਘ ਅਨੁਸਾਰ ਇਸ ਦਾ ਅਰਥ ਹੈ (ਹੇ ਘਰ -ਗੇਹਣ ਆਪਣੇ ਕੀਤੇ ਕਰਮਾਂ ਦੇ ਅਧੀਨ-ਹਨੂਮਾਨ ਦੇ ਭਾਗਾਂ ਵਿਚ) ਉਸ ਦੀ ਨਿੱਕੀ ਜਿਹੀ ਕੱਛ ਨਾ ਹਟ ਸਕੀ। ਅਜਿਹੇ ਸ਼ਬਦਾਂ ਦੇ ਪਿਛੇ ਸੰਸਕ੍ਰਿਤ ਦੇ ‘ਕਸ਼’ ਜਾਂ ‘ਕਚ’ ਧਾਤੂ ਹਨ। ਫਾਰਸੀ ਵਿਚ ਕਾਖ ਸ਼ਬਦ ਦਾ ਅਰਥ ਕਮਰਾ ਜਾਂ ਮਹਲ ਹੁੰਦਾ ਹੈ ਜੋ ਇਸ ਦਾ ਸੁਜਾਤੀ ਮੰਨਿਆ ਜਾਂਦਾ ਹੈ। ਪਾਰਸੀ ਮਿਥਿਹਾਸ ਵਿਚ ਵੌਰੂਕਸ਼ ਨਾਂ ਦੇ ਇਕ ਮਿਥਿਹਾਸਕ ਸਮੁੰਦਰ ਦਾ ਵਰਣਨ ਹੈ। ਇਸ ਵਿਚ ਵੌਰੂ ਦਾ ਅਰਥ ਵੱਡਾ ਮਹਾਨ ਹੈ ਤੇ ਕਸ਼ ਦਾ ਮਤਲਬ ਸਮੁੰਦਰ।

Be the first to comment

Leave a Reply

Your email address will not be published.