ਦਾਨੁ ਮਹਿੰਡਾ ਤਲੀ ਖਾਕੁ ਜੇ ਮਿਲੈ ਤ ਮਸਤਕਿ ਲਾਈਐ

ਡਾæ ਗੁਰਨਾਮ ਕੌਰ, ਕੈਨੇਡਾ
ਗੁਰੂ ਨਾਨਕ ਦੇਵ ਜੀ ਨੇ ਗੁਰਮਤਿ ਸਿਧਾਂਤਾਂ ਦੇ ਅਮਲੀ ਪ੍ਰਕਾਸ਼ਨ ਲਈ ਸਭ ਤੋਂ ਕਾਰਗਰ ਸਾਧਨ ਗੁਰਮੁਖਾਂ ਦੀ ਸੰਗਤ ਨੂੰ ਮੰਨਿਆ ਹੈ, ਜਿੱਥੇ ਮਨੁੱਖ ਸੇਵਾ, ਨਾਮ ਸਿਮਰਨ, ਵੰਡ ਛਕਣ ਅਤੇ ਕਿਰਤ ਕਰਨ ਦੀ ਜਾਚ ਸਿੱਖਦਾ ਹੈ। ਆਸਾ ਦੀ ਵਾਰ ਦੀ ਦਸਵੀਂ ਪਉੜੀ ਵਿਚ ਉਹ ਗੁਰਮੁਖਾਂ ਦੀ ਸੰਗਤ ਕਰਨ ‘ਤੇ ਜ਼ੋਰ ਦਿੰਦੇ ਹੋਏ ਹੀ ਫੁਰਮਾਉਂਦੇ ਹਨ ਕਿ ਗੁਰਮੁਖਾਂ, ਪਰਮਾਤਮਾ ਦੇ ਭਗਤਾਂ ਦੇ ਪੈਰਾਂ ਦੀ ਮਿੱਟੀ ਵੀ ਮਿਲੇ ਤਾਂ ਇਸ ਨੂੰ ਮੱਥੇ ਉਤੇ ਲਾ ਲੈਣਾ ਚਾਹੀਦਾ ਹੈ। ਕਹਿਣ ਦਾ ਭਾਵ ਹੈ ਕਿ ਜਿਸ ਮਨੁੱਖ ਨੂੰ ਚੰਗੇ ਗੁਰਮੁਖ ਬੰਦਿਆਂ ਦੀ ਸੰਗਤ ਕਰਨ ਨੂੰ ਮਿਲੇ, ਉਸ ਦੇ ਵੱਡੇ ਭਾਗ ਹੁੰਦੇ ਹਨ। ਮਨੁੱਖ ਨੂੰ ਮਾਇਆ ਦਾ ਲਾਲਚ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਇਹ ਮਨੁੱਖ ਨੂੰ ਆਪਣੇ ਜਾਲ ਵਿਚ ਫਸਾਉਂਦੀ ਹੈ। ਅਕਾਲ ਪੁਰਖ ਦਾ ਨਾਮ ਸਿਮਰਨਾ ਚਾਹੀਦਾ ਹੈ, ਉਸ ਦੀ ਭਗਤੀ ਕਰਨੀ ਚਾਹੀਦੀ ਹੈ (ਮਾਇਆ ਦਾ ਲਾਲਚ ਮਨੁੱਖ ਨੂੰ ਗਲਤ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਉਸ ਤੋਂ ਬਹੁਤੀ ਵਾਰ ਗਲਤ ਕੰਮ ਕਰਾਉਣ ਦਾ ਕਾਰਨ ਬਣਦਾ ਹੈ)। ਮਨੁੱਖ ਜਿਸ ਕਿਸਮ ਦੇ ਕੰਮ ਕਰਦਾ ਹੈ, ਜਿਹੋ ਜਿਹੀ ਕਾਰ ਕਰਦਾ ਹੈ, ਉਸ ਨੂੰ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ ਹੈ। (ਇਹ ਮਨੁੱਖ ਦੇ ਆਪਣੇ ਹੱਥ ਵਿਚ ਹੈ ਕਿ ਉਸ ਨੇ ਲਾਲਚ ਛੱਡ ਕੇ ਚੰਗੇ ਕੰਮ ਕਰਨੇ ਹਨ ਜਾਂ ਲਾਲਚ ਵੱਸ ਮਾੜੇ ਕੰਮ ਕਰਨੇ ਹਨ)। ਮਨੁੱਖ ਨੂੰ ਗੁਰਮੁਖਾਂ ਦੀ ਸੰਗਤ ਅਰਥਾਤ ਉਨ੍ਹਾਂ ਦੇ ਪੈਰਾਂ ਦੀ ਧੂੜ ਤਾਂ ਹੀ ਮਿਲਦੀ ਹੈ ਜੇ ਉਸ ਦੇ ਚੰਗੇ ਭਾਗ ਹੋਣ। ਜੇ ਮਨੁੱਖ ਗੁਰਮੁਖਾਂ ਦੀ ਸੰਗਤ ਦਾ ਆਸਰਾ ਛੱਡ ਕੇ ਆਪਣੀ ਥੋੜੀ ਅਰਥਾਤ ਹੋਛੀ ਬੁੱਧੀ ਦੇ ਮਗਰ ਲੱਗਦਾ ਹੈ ਤਾਂ ਉਸ ਦੀ ਕੀਤੀ ਹੋਈ ਘਾਲ ਕਮਾਈ ਵਿਅਰਥ ਜਾਂਦੀ ਹੈ, ਅਜਾਈਂ ਜਾਂਦੀ ਹੈ,
ਦਾਨੁ ਮਹਿੰਡਾ ਤਲੀ ਖਾਕੁ
ਜੇ ਮਿਲੈ ਤ ਮਸਤਕਿ ਲਾਈਐ॥
ਕੂੜਾ ਲਾਲਚੁ ਛਡੀਐ
ਹੋਇ ਇਕ ਮਨਿ ਅਲਖੁ ਧਿਆਈਐ॥ (ਪੰਨਾ 468)
ਗੁਰੂ ਨਾਨਕ ਸਾਹਿਬ ਦੇ ਦਿੱਤੇ ਸਿਧਾਂਤ ਕਿਧਰੇ ਵੀ ਤਰਕ/ਵਿਚਾਰ ਦਾ ਪੱਲਾ ਨਹੀਂ ਛੱਡਦੇ। ਇੱਥੋਂ ਕਿ ਉਨ੍ਹਾਂ ਨੇ ਤਾਂ ਸ਼ਬਦ ਨੂੰ ਵੀ ਵਿਚਾਰ ਜਾਂ ਦਲੀਲ ਰਾਹੀਂ ਸਮਝਣ ਦਾ ਅਦੇਸ਼ ਕੀਤਾ ਹੈ ਤਾਂ ਕਿ ਉਹ ਮਨੁੱਖ ਦੀ ਵਿਚਾਰਧਾਰਾ ਦਾ ਹਿੱਸਾ ਬਣ ਸਕੇ। ਨਾਮ ਸਿਮਰਨ ਦਾ ਅਰਥ ਨਾਮ ਨੂੰ ਸਮਝ ਕੇ ਆਪਣੇ ਅੰਦਰ ਵਸਾਉਣਾ ਹੈ, ਨਾ ਕਿ ਤੋਤੇ-ਰੱਟਣੀ ਜੋ ਅੱਜ ਦੇ ਬਹੁਤੇ ਡੇਰੇਦਾਰ ਲੋਕਾਂ ਨੂੰ ‘ਗੁਪਤ’ ਨਾਮ ਦੇ ਕੇ ਕਰਨ ਲਈ ਕਹਿੰਦੇ ਹਨ। ਇਸੇ ਤਰਕ ਦੀ ਪ੍ਰੋੜਤਾ ਗੁਰੂ ਨਾਨਕ ਸਾਹਿਬ ਦਾ ਅਗਲਾ ਸਲੋਕ ਕਰਦਾ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਤਰਕ ਨੂੰ ਸਮਝਾਉਣ ਲਈ ਪਹਿਲਾ ਦ੍ਰਿਸ਼ਟਾਂਤ ਖੇਤੀ ਬੀਜਣ ਦੇ ਕਾਰਜ ਵਿਚੋਂ ਦਿੱਤਾ ਹੈ ਅਤੇ ਦੂਸਰਾ ਕਪੜਾ ਰੰਗਣ ਦੇ ਕੰਮ ਵਿਚੋਂ। ਕਲਿਜੁਗ ਦੀ ਗੱਲ ਕਰਦਿਆਂ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਅਜਿਹਾ ਸਮਾਂ ਆ ਗਿਆ ਹੈ ਜਦੋਂ ਸੰਸਾਰਕ ਜੀਵਾਂ ਦੇ ਮਨ ਵਿਚੋਂ ਸੱਚ ਖਤਮ ਹੋ ਗਿਆ ਹੈ ਅਤੇ ਝੂਠ-ਫ਼ਰੇਬ ਹੀ ਪ੍ਰਧਾਨ ਹੋ ਗਿਆ ਹੈ, ਕੂੜ ਦੀ ਸਰਦਾਰੀ ਹੋ ਗਈ ਹੈ, ਕਲਿਜੁਗ ਦੇ ਇਸ ਵਰਤਾਰੇ ਕਾਰਨ ਮਨੁੱਖ ਆਪਣੀ ਚੰਗੀ ਮਤ ਨੂੰ ਛੱਡ ਕੇ ਭੂਤਨੇ ਬਣ ਗਏ ਹਨ (ਗੁਰਮਤਿ ਅਨੁਸਾਰ ਕਲਿਜੁਗ ਕਿਸੇ ਖ਼ਾਸ ਸਮੇਂ ਅਤੇ ਸਥਾਨ ਵਿਚ ਨਹੀਂ ਵਾਪਰਦਾ। ਕਲਿਜੁਗ ਉਦੋਂ ਵਾਪਰਦਾ ਹੈ ਜਦੋਂ ਮਨੁੱਖ ਦੇ ਮਨ ਨੂੰ ਕਾਮ, ਕ੍ਰੋਧ, ਲੋਭ, ਮੋਹ, ਅੰਹਕਾਰ ਆਦਿ ਵਿਕਾਰ ਦੱਬ ਲੈਂਦੇ ਹਨ, ਜਿਨ੍ਹਾਂ ਦੇ ਅਧੀਨ ਹੋ ਕੇ ਮਨੁੱਖ ਚੰਗਿਆਈ ਛੱਡ ਕੇ ਬੁਰੇ ਕੰਮ ਕਰਨ ਲੱਗ ਪੈਂਦਾ ਹੈ। ਇਹ ਕਿਸੇ ਵੀ ਸਮੇਂ ਅਤੇ ਸਥਾਨ ‘ਤੇ ਵਾਪਰ ਸਕਦਾ ਹੈ, ਜਦੋਂ ਕੂੜ ਦੀ ਪ੍ਰਧਾਨਤਾ ਹੋ ਜਾਂਦੀ ਹੈ ਅਤੇ ਸੱਚ ਅਲੋਪ ਹੋ ਜਾਂਦਾ ਹੈ)।
ਇਥੇ ਖੇਤੀ ਦੇ ਦ੍ਰਿਸ਼ਟਾਂਤ ਰਾਹੀਂ ਗੁਰੂ ਨਾਨਕ ਸਾਹਿਬ ਦੱਸਦੇ ਹਨ ਕਿ ਫਸਲ ਉਗਾਉਣ ਲਈ ਖੇਤ ਨੂੰ ਵੱਤਰ ਕਰਕੇ ਸਮੇਂ ਸਿਰ ਸਾਬਤ ਦਾਣਾ ਬੀਜਣਾ ਹੁੰਦਾ ਹੈ। ਜੇ ਖੇਤ ਵੱਤਰ ਨਾ ਹੋਵੇ, ਸਮਾਂ ਢੁਕਵਾਂ ਨਾ ਹੋਵੇ ਅਤੇ ਟੁੱਟਿਆ ਹੋਇਆ ਬੀਜ ਪਾਇਆ ਜਾਵੇ ਤਾਂ ਫਸਲ ਨਹੀਂ ਉਗਦੀ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਜਿਨ੍ਹਾਂ ਨਾਮ-ਰੂਪੀ ਸਾਬਤ ਦਾਣਾ ਆਪਣੇ ਮਨ ਵਿਚ ਬੀਜਿਆ ਸੀ, ਅਰਥਾਤ ਸੱਚ ਦੇ ਮਾਰਗ ‘ਤੇ ਤੁਰੇ ਸੀ ਉਨ੍ਹਾਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਗਿਆ ਹੈ। ਉਹ ਇਸ ਦਾ ਲਾਹਾ ਲੈ ਗਏ ਹਨ ਅਤੇ ਸੰਸਾਰ ਤੋਂ ਸੋਭਾ ਖੱਟ ਗਏ ਹਨ। ਪਰ ਜਿਨ੍ਹਾਂ ਨੇ ਦਾਲ ਬੀਜੀ ਹੈ ਅਰਥਾਤ ਜਿਨ੍ਹਾਂ ਦੇ ਮਨ ਵਿਚ ਕੂੜ ਹੈ, ਮਨ ਸੱਚ ਵਾਲੇ ਪਾਸੇ ਨਹੀਂ ਲੱਗਿਆ ਹੋਇਆ, ਮਨ ਵਿਚ ਅਕਾਲ ਪੁਰਖ ਦਾ ਨਾਮ ਨਹੀਂ ਵੱਸਿਆ ਹੋਇਆ ਉਨ੍ਹਾਂ ਨੂੰ ਹੁਣ ਇਸ ਦਾ ਲਾਹਾ ਕਿਉਂ ਮਿਲੇਗਾ? ਹੁਣ ਅੰਕੁਰ ਫੁੱਟਣੋ ਰਹਿ ਗਿਆ ਹੈ। ਦੋਫਾੜ ਹੋਇਆ ਮਨ ਅਰਥਾਤ ਦੁਬਿਧਾ ਵਿਚ ਪਏ ਮਨ ਵਿਚ ਚੰਗਿਆਈ ਕਿਵੇਂ ਪਲ੍ਹਰੇਗੀ? ਟੁੱਟਿਆ ਹੋਇਆ ਬੀਜ ਕਿਉਂ ਉਗੇਗਾ? ਇਸੇ ਤਰ੍ਹਾਂ ਕਪੜੇ ਨੂੰ ਰੰਗ ਦੇਣ ਵਾਸਤੇ ਪਹਿਲਾਂ ਉਸ ਨੂੰ ਖੁੰਭ ਚੜ੍ਹਾਈ ਜਾਂਦੀ ਹੈ ਅਤੇ ਫਿਰ ਉਸ ਨੂੰ ਪਾਹ ਲਾਇਆ ਜਾਂਦਾ ਹੈ। ਉਸ ਤੋਂ ਪਿੱਛੋਂ ਹੀ ਰੰਗ ਦੇਣ ਨਾਲ ਉਸ ਨੂੰ ਰੰਗ ਚੜ੍ਹਦਾ ਹੈ। ਕੋਰੇ ਕਪੜੇ ‘ਤੇ ਰੰਗ ਨਹੀਂ ਚੜ੍ਹਦਾ। ਇਸੇ ਤਰ੍ਹਾਂ ਕੋਰੇ ਮਨ ਨੂੰ ਜੇ ਰੱਬ ਦੇ ਸੋਹਣੇ ਰੰਗ ਵਿਚ ਰੰਗਣਾ ਹੋਵੇ ਤਾਂ ਪਹਿਲਾਂ ਇਸ ਨੂੰ ਰੱਬ ਦੇ ਡਰ ਰੂਪ ਖੁੰਬ ਤੇ ਧਰੀਏ ਅਤੇ ਫਿਰ ਇਸ ਨੂੰ ਮਿਹਨਤ ਦੀ ਤੇ ਉਦਮ ਦੀ ਪਾਹ ਦੇਈਏ। ਇਸ ਤੋਂ ਪਿੱਛੋਂ ਹੀ ਜੇ ਇਸ ਨੂੰ ਰੱਬ ਦੀ ਭਗਤੀ ਦੇ, ਨਾਮ-ਰੂਪੀ ਰੰਗ ਵਿਚ ਰੰਗਿਆ ਜਾਵੇ ਤਾਂ ਹੀ ਇਹ ਮਾਇਆ ਆਦਿ ਛਲ ਤੋਂ ਬਚ ਸਕਦਾ ਹੈ,
ਸਚਿ ਕਾਲੁ ਕੂੜੁ ਵਰਤਿਆ
ਕਲਿ ਕਾਲਖ ਬੇਤਾਲ॥
ਬੀਉ ਬੀਜਿ ਪਤਿ ਲੈ ਗਏ
ਅਬ ਕਿਉ ਉਗਵੈ ਦਾਲਿ॥
ਜੇ ਇਕੁ ਹੋਇ ਤਾ ਉਗਵੈ
ਰੁਤੀ ਹੂ ਰੁਤਿ ਹੋਇ॥ (ਪੰਨਾ 468)
ਆਸਾ ਦੀ ਵਾਰ ਵਿਚ ਜਿੱਥੇ ਗੁਰੂ ਨਾਨਕ ਉਸ ਵੇਲੇ ਦੇ ਹਾਲਾਤ ਦਾ ਜ਼ਿਕਰ ਕਰ ਰਹੇ ਹਨ, ਉਸ ਦੇ ਨਾਲ ਹੀ ਉਸ ਸਦੀਵੀ ਸੱਚ ਦੀ ਸੋਝੀ ਵੀ ਮਨੁੱਖ ਨੂੰ ਕਰਾ ਰਹੇ ਹਨ ਕਿ ਜਦੋਂ ਸੁੱਚੀਆਂ ਕੀਮਤਾਂ ਗੁਆਚ ਜਾਂਦੀਆਂ ਹਨ, ਕੂੜ ਦਾ ਵਰਤਾਰਾ ਹੁੰਦਾ ਹੈ ਤਾਂ ਹਾਲਾਤ ਕਿਹੋ ਜਿਹੇ ਬਣ ਜਾਂਦੇ ਹਨ। ਸੰਸਾਰ ‘ਤੇ ਉਦੋਂ ਕਲਿਜੁਗ ਦਾ ਪਸਾਰਾ ਹੋ ਜਾਂਦਾ ਹੈ। ਅਗਲੇ ਸਲੋਕ ਵਿਚ ਗੁਰੂ ਸਾਹਿਬ ਦੱਸਦੇ ਹਨ ਕਿ ਜੀਭ ਦਾ ਚਸਕਾ ਮਨੁੱਖਾਂ ਲਈ ਇੱਕ ਤਰ੍ਹਾਂ ਨਾਲ ਰਾਜਾ ਬਣ ਗਿਆ ਹੈ, ਪਾਪ ਵਜ਼ੀਰ ਬਣ ਗਿਆ ਹੈ ਅਤੇ ਝੂਠ ਦੀ ਚੌਧਰ ਹੋ ਗਈ ਹੈ। ਅਜਿਹੇ ਦਰਬਾਰ ਵਿਚ ਕਾਮ ਨਾਇਬ ਹੈ, ਕਾਮ ਇਨ੍ਹਾਂ ਦਾ ਵੱਡਾ ਸਲਾਹਕਾਰ ਹੈ। ਪਰਜਾ ਗਿਆਨ ਤੋਂ ਸੱਖਣੀ ਹੋਣ ਦੇ ਕਾਰਨ ਅੰਨੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ ਦੀ ਚੱਟੀ ਭਰ ਰਹੀ ਹੈ। ਜਿਹੜੇ ਮਨੁੱਖ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ, ਉਹ ਨੱਚਦੇ ਹਨ ਅਤੇ ਵਾਜੇ ਵਜਾਉਂਦੇ ਹਨ, ਕਈ ਤਰ੍ਹਾਂ ਦੇ ਭੇਸ ਵਟਾ ਕੇ ਸ਼ਿੰਗਾਰ ਕਰਦੇ ਹਨ। ਉਹ ਗਿਆਨੀ ਉਚੀ ਉਚੀ ਕੂਕਦੇ ਹਨ, ਜੁੱਧਾਂ ਦੇ ਪ੍ਰਸੰਗ ਸੁਣਾਉਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ। ਪੰਡਿਤ ਅਰਥਾਤ ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਜਾਣਦੇ ਹਨ ਅਤੇ ਮਾਇਆ ਇਕੱਠੀ ਕਰਨ ਵਿਚ ਲੱਗੇ ਹੋਏ ਹਨ। ਆਪਣੇ ਆਪ ਨੂੰ ਧਰਮੀ ਸਮਝਣ ਵਾਲੇ ਮਨੁੱਖ ਆਪਣੇ ਵੱਲੋਂ ਤਾਂ ਧਰਮ ਦਾ ਕੰਮ ਕਰ ਰਹੇ ਹਨ ਪਰ ਇਸ ਧਰਮ-ਕਰਮ ਦੇ ਬਦਲੇ ਵਿਚ ਮੁਕਤੀ ਦਾ ਦਰ ਮੰਗਦੇ ਹਨ ਜਿਸ ਕਰਕੇ ਆਪਣਾ ਸਾਰਾ ਕੀਤਾ-ਕਰਾਇਆ ਅਜਾਈਂ ਗੁਆ ਰਹੇ ਹਨ। ਕਹਿਣ ਤੋਂ ਭਾਵ ਹੈ ਕਿ ਧਰਮ ਦਾ ਕੰਮ ਤਾਂ ਕਰਦੇ ਹਨ ਪਰ ਇਹ ਨਿਸ਼ਕਾਮ ਨਹੀਂ, ਧਰਮ ਨਿਜੀ ਸਵਾਰਥ ਨਾਲ ਜੁੜਿਆ ਹੋਇਆ ਹੈ। ਕਈ ਆਪਣੇ ਆਪ ਨੂੰ ਜਤੀ ਅਖਵਾਉਂਦੇ ਹਨ ਪਰ ਜਤੀ ਹੋਣ ਦੀ ਜੁਗਤ ਨਹੀਂ ਜਾਣਦੇ ਅਤੇ ਇਸੇ ਲਈ ਘਰ-ਬਾਰ ਛੱਡ ਕੇ ਜੰਗਲਾਂ ਵਿਚ ਜਾ ਬੈਠਦੇ ਹਨ। ਅਜਿਹੇ ਲੱਬ, ਪਾਪ, ਕੂੜ ਅਤੇ ਕਾਮ ਦੇ ਵਰਤਾਰੇ ਕਾਰਨ ਹਰ ਕੋਈ ਆਪਣੇ ਆਪ ਨੂੰ ਪੂਰਨ ਤੌਰ ‘ਤੇ ਸਿਆਣਾ ਸਮਝ ਰਿਹਾ ਹੈ, ਕੋਈ ਵੀ ਆਪਣੇ ਆਪ ਨੂੰ ਊਣਾ ਨਹੀਂ ਮੰਨ ਰਿਹਾ ਕਿ ਉਸ ਵਿਚ ਕੋਈ ਘਾਟ ਵੀ ਹੈ।
ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਮਨੁੱਖ ਪੂਰਾ ਤਾਂ ਹੀ ਉਤਰੇਗਾ ਜੇ ਤੱਕੜੀ ਦੇ ਦੂਸਰੇ ਪੱਲੇ ਵਿਚ ਇੱਜ਼ਤ-ਰੂਪ ਵੱਟਾ ਪਾਇਆ ਜਾਵੇ ਅਤੇ ਮਨੁੱਖ ਰੱਬ ਦੀ ਨਜ਼ਰ ਵਿਚ ਵੀ ਪੂਰਾ ਉਤਰੇ। ਇਹ ਇੱਕ ਤਰ੍ਹਾਂ ਨਾਲ ਉਸ ਵੇਲੇ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਵਰਤਾਰੇ ਦਾ ਚਿਤਰਣ ਹੈ। ਵਰਤਮਾਨ ਸਮੇਂ ਨੂੰ ਵੀ ਇਸੇ ਕਸਵੱਟੀ ‘ਤੇ ਪਰਖਿਆ ਜਾ ਸਕਦਾ ਹੈ,
ਲਬੁ ਪਾਪੁ ਦੁਇ ਰਾਜਾ ਮਹਤਾ
ਕੂੜੁ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ
ਬਹਿ ਬਹਿ ਕਰੇ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ
ਭਾਹਿ ਭਰੇ ਮੁਰਦਾਰੁ॥ (ਪੰਨਾ 468)
ਹਿੰਦੂ ਧਰਮ-ਸ਼ਾਸਤਰਾਂ ਅਨੁਸਾਰ ਮਨੁੱਖ ਨੂੰ ਜਾਤ ਅਤੇ ਜਨਮ ਦੇ ਆਧਾਰ ‘ਤੇ ਵੰਡਿਆ ਹੋਇਆ ਹੈ। ਮਨੁੱਖ ਜਿਸ ਜਾਤ ਵਿਚ ਜਨਮ ਲੈਂਦਾ ਹੈ, ਉਸ ਅਨੁਸਾਰ ਹੀ ਉਸ ਨੂੰ ਊਚਾ ਜਾਂ ਨੀਵਾਂ ਮੰਨਿਆ ਜਾਂਦਾ ਹੈ। ਗੁਰਮਤਿ ਅਨੁਸਾਰ ਮਨੁੱਖ ਆਪਣੀ ਜਾਤ ਜਾਂ ਜਨਮ ਕਰਕੇ ਉਚਾ ਜਾਂ ਨੀਵਾਂ ਨਹੀਂ ਹੁੰਦਾ। ਮਨੁੱਖ ਜਿਸ ਕਿਸਮ ਦੇ ਕਰਮ ਕਰਦਾ ਹੈ, ਉਨ੍ਹਾਂ ਅਨੁਸਾਰ ਹੀ ਉਹ ਉਚਾ ਜਾਂ ਨੀਵਾਂ ਹੁੰਦਾ ਹੈ ਅਤੇ ਉਸੇ ਅਨੁਸਾਰ ਹੀ ਰੱਬ ਦੀ ਦਰਗਾਹ ਵਿਚ ਉਹ ਸਤਿਕਾਰਿਆ ਜਾਂ ਦੁਰਕਾਰਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਅਗਲੇ ਸਲੋਕ ਵਿਚ ਦੱਸਦੇ ਹਨ ਕਿ ਕਰਤਾ ਪੁਰਖ ਨੇ ਜੋ ਗੱਲ ਸਥਾਪਤ ਕਰ ਦਿੱਤੀ ਹੈ, ਉਹੀ ਹੋ ਕੇ ਰਹੇਗੀ ਕਿਉਂਕਿ ਉਹ ਸੱਚਾ ਅਕਾਲ ਪੁਰਖ ਹੀ ਹਰ ਜੀਵ ਦੀ ਸੰਭਾਲ ਕਰ ਰਿਹਾ ਹੈ। ਸਾਰੇ ਜੀਵ ਆਪਣੇ ਵੱਲੋਂ ਆਪਣਾ ਆਪਣਾ ਪੂਰਾ ਤਾਣ ਲਾਉਂਦੇ ਹਨ ਪਰ ਹੁੰਦਾ ਉਹੀ ਹੈ ਜੋ ਅਕਾਲ ਪੁਰਖ ਕਰਦਾ ਹੈ। ਰੱਬ ਦੇ ਦਰਬਾਰ ਵਿਚ ਕਿਸੇ ਜਾਤ ਜਾਂ ਜਨਮ ਦਾ ਜ਼ੋਰ ਨਹੀਂ ਹੁੰਦਾ, ਇਸ ਲਈ ਕਿਸੇ ਦੀ ਕੋਈ ਜਾਤ-ਜਨਮ ਦੀ ਧੌਂਸ ਨਹੀਂ ਚਲਦੀ। ਉਥੇ ਉਹੀ ਵਿਰਲੇ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਆਪਣੇ ਇਸ ਸੰਸਾਰ ‘ਤੇ ਕੀਤੇ ਕੰਮਾਂ ਕਾਰਨ ਸਤਿਕਾਰ ਮਿਲਦਾ ਹੈ। ਮਨੁੱਖ ਇਸ ਸੰਸਾਰ ‘ਤੇ ਕੀਤੇ ਚੰਗੇ ਕੰਮਾਂ ਕਰਕੇ ਉਚਾ ਹੈ ਅਤੇ ਮਾੜੇ ਕੰਮਾਂ ਕਰਕੇ ਨੀਵਾਂ ਹੁੰਦਾ ਹੈ (ਗੁਰਮਤਿ ਵਿਚ ਕਿਸੇ ਵੀ ਕਿਸਮ ਦੀ ਕੀਤੀ ਕਿਰਤ ਨੂੰ ਮਾੜਾ ਜਾਂ ਨੀਵਾਂ ਨਹੀਂ ਮੰਨਿਆ ਗਿਆ। ਮੰਦੇ ਕਰਮਾਂ ਤੋਂ ਭਾਵ ਹੈ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਬਿਰਤੀਆਂ ਦੇ ਅਧੀਨ ਕੀਤੇ ਬੁਰੇ ਕੰਮ),
ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ॥
ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥
ਜਿਨ੍ਹ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥3॥ (ਪੰਨਾ 469)
ਗੁਰਮਤਿ ਦਾ ਮਾਰਗ ਨਾਮ ਸਿਮਰਨ ਦਾ ਸਹਿਜ ਮਾਰਗ ਹੈ ਜਿਸ ‘ਤੇ ਚੱਲ ਸਕਣਾ ਹਰ ਮਨੁੱਖ ਲਈ ਸੰਭਵ ਹੈ ਜੇ ਉਹ ਕੋਸ਼ਿਸ਼ ਕਰੇ। ਕੋਸ਼ਿਸ਼ ਦਾ ਅਰਥ ਹੈ ਕਿ ਉਹ ਚੰਗੇ ਕੰਮ ਕਰਕੇ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣੇ। ਉਸ ਦੀ ਬਖਸ਼ਿਸ਼ ਹੀ ਉਸ ਦੀ ਪ੍ਰਾਪਤੀ ਹੈ। ਅਗਲੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਇਸ ਤੱਥ ਨੂੰ ਉਜਾਗਰ ਕਰਦੇ ਹਨ ਕਿ ਜਿਨ੍ਹਾਂ ਮਨੁੱਖਾਂ ਉਤੇ ਵਾਹਿਗੁਰੂ ਨੇ ਧੁਰੋਂ ਬਖਸ਼ਿਸ਼ ਕੀਤੀ ਹੈ, ਉਹ ਹੀ ਉਸ ਦੇ ਨਾਮ ਦਾ ਸਿਮਰਨ ਕਰਦੇ ਹਨ। ਇਨ੍ਹਾਂ ਜੀਵਾਂ ਦੇ ਆਪਣੇ ਵੱਸ ਵਿਚ ਕੁਝ ਵੀ ਨਹੀਂ ਹੈ। ਕਰਤਾ ਪੁਰਖ ਨੇ ਇਹ ਸੰਸਾਰ ਬੇਅੰਤ ਰੰਗਾਂ ਵਿਚ ਬਣਾਇਆ ਹੈ। ਕਈ ਜੀਵਾਂ ਨੂੰ ਉਹ ਆਪਣੇ ਨਾਮ ਵਿਚ ਜੋੜੀ ਰੱਖਦਾ ਹੈ, ਪਰ ਕਈਆਂ ਨੂੰ ਉਸ ਨੇ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ। ਜਿਸ ਭਾਗਾਂ ਵਾਲੇ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਨੇ ਜੀਵਨ-ਸੋਝੀ ਪਾ ਦਿੱਤੀ ਹੈ, ਉਸ ਨੇ ਕਰਤਾ ਪੁਰਖ ਨੂੰ ਪਛਾਣ ਲਿਆ ਹੈ, ਉਸ ਨੇ ਆਪਣੇ ਜੋਤਿ-ਸਰੂਪ ਹੋਣ ਦਾ ਅਨੁਭਵ ਕਰ ਲਿਆ ਹੈ। ਅਜਿਹਾ ਮਨੁੱਖ ਸਹਿਜ ਸੁਭਾਅ ਹੀ ਆਪਣੇ ਅਸਲੇ, ਆਪਣੇ ਸੋਮੇ ਰੱਬੀ ਜੋਤਿ ਨਾਲ ਇੱਕ-ਮਿੱਕ ਹੋ ਗਿਆ ਹੈ,
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ
ਤਾ ਤਿਨੀ ਖਸਮੁ ਧਿਆਇਆ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ
ਤੁਧੁ ਵੇਕੀ ਜਗਤੁ ਉਪਾਇਆ॥ (ਪੰਨਾ 469)
ਗੁਰਮਤਿ ਅਨੁਸਾਰ ਇਸ ਸੰਸਾਰ ਦੀ ਰਚਨਾ ਕਰਤਾ ਪੁਰਖ ਨੇ ਆਪਣੇ ਆਪ ਤੋਂ ਕੀਤੀ ਹੈ ਅਤੇ ਉਹ ਆਪਣੀ ਰਚਨਾ ਦੇ ਜ਼ੱਰੇ ਜ਼ੱਰੇ ਵਿਚ, ਹਰ ਜੀਵ ਵਿਚ ਵਿਆਪਕ ਹੈ। ਅਗਲੇ ਸਲੋਕ ਵਿਚ ਗੁਰੂ ਨਾਨਕ ਉਸ ਅਕਾਲ ਪੁਰਖ ਦੀ ਸਰਬਵਿਆਪਕਤਾ ਦੀ ਗੱਲ ਕਰਦਿਆਂ ਕਹਿੰਦੇ ਹਨ ਕਿ ਉਸ ਦੀ ਕੁਦਰਤਿ ਅਨੋਖੀ ਹੈ, ਵਿਲੱਖਣ ਹੈ। ਹੁੰਦਾ ਇਸ ਤਰ੍ਹਾਂ ਹੈ ਕਿ ਕਈ ਵਾਰ ਮਨੁੱਖ ‘ਤੇ ਪਈ ਹੋਈ ਬਿਪਤਾ, ਉਸ ਦਾ ਦੁੱਖ ਉਸ ਲਈ ਦਵਾ ਬਣ ਜਾਂਦਾ ਹੈ, ਬਿਪਤਾ ਹੀ ਜੀਵ ਦੇ ਰੋਗ ਦਾ ਇਲਾਜ ਬਣ ਜਾਂਦੀ ਹੈ। ਇਸ ਦੇ ਉਲਟ ਕਈ ਵਾਰ ਮਨੁੱਖ ਨੂੰ ਮਿਲਿਆ ਹੋਇਆ ਸੁੱਖ ਹੀ ਉਸ ਦੇ ਦੁੱਖ ਦਾ ਕਾਰਨ ਬਣ ਜਾਂਦਾ ਹੈ। ਪਰ ਜੇ ਮਨੁੱਖ ਨੂੰ ਅਸਲੀ ਆਤਮਕ ਸੁੱਖ ਮਿਲ ਜਾਵੇ ਤਾਂ ਫਿਰ ਦੁੱਖ ਨਹੀਂ ਰਹਿੰਦਾ। ਮਨੁੱਖ ਦੀ ਏਨੀ ਸਮਰੱਥਾ ਨਹੀਂ ਹੈ ਕਿ ਉਹ ਉਸ ਕਰਤਾ ਪੁਰਖ ਨੂੰ ਸਮਝ ਸਕੇ। ਜੇ ਮਨੁੱਖ ਇਹ ਸਮਝਣ ਲੱਗ ਪਵੇ ਕਿ ਉਹ ਸਭ ਕੁਝ ਸਮਝਦਾ ਹੈ ਤਾਂ ਇਹ ਸਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਉਹ ਤਾਂ ਕੁਦਰਤਿ ਵਿਚ ਵੱਸ ਰਹੇ ਉਸ ਕਰਤਾਰ ਤੋਂ ਸਦਕੇ ਜਾਂਦੇ ਹਨ। ਸਾਰੀ ਸ੍ਰਿਸ਼ਟੀ ਵਿਚ ਉਸ ਅਕਾਲ ਪੁਰਖ ਦਾ ਹੀ ਨੂਰ ਵੱਸ ਰਿਹਾ ਹੈ। ਸਾਰੇ ਜੀਵ ਉਸ ਦੀ ਰੋਸ਼ਨੀ ਨਾਲ ਹੀ ਰੋਸ਼ਨ ਹਨ, ਜੋ ਸਰਬ-ਵਿਆਪਕ ਹੈ। ਉਹ ਅਕਾਲ ਪੁਰਖ ਸਦੀਵੀ ਕਾਇਮ ਰਹਿਣ ਵਾਲੀ ਹਸਤੀ ਹੈ ਅਤੇ ਉਸ ਦੀਆਂ ਵਡਿਆਈਆਂ ਸੋਹਣੀਆਂ ਹਨ। ਜਿਸ ਕਿਸੇ ਨੇ ਵੀ ਉਸ ਦੇ ਗੁਣਾਂ ਦਾ ਗਾਇਨ ਕੀਤਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਹੈ। ਗੁਰੂ ਸਾਹਿਬ ਮਨ ਨੂੰ ਪਰਮਾਤਮਾ ਦੇ ਗੁਣ-ਗਾਨ ਦਾ ਆਦੇਸ਼ ਕਰਦਿਆਂ ਉਸ ਦੇ ਕੀਤੇ ਨੂੰ ਭਲਾ ਕਰਕੇ ਮੰਨਣ ਦਾ ਉਪਦੇਸ਼ ਦਿੰਦੇ ਹਨ,
ਦੁਖੁ ਦਾਰੂ ਸੁਖੁ ਰੋਗੁ ਭਇਆ
ਜਾ ਸੁਖੁ ਤਾਮਿ ਨ ਹੋਈ॥
ਤੂੰ ਕਰਤਾ ਕਰਣਾ ਮੈ ਨਾਹੀ
ਜਾ ਹਉ ਕਰੀ ਨ ਹੋਈ॥1॥ (ਪੰਨਾ 469)

Be the first to comment

Leave a Reply

Your email address will not be published.