ਗੁਲਜ਼ਾਰ ਸਿੰਘ ਸੰਧੂ
ਮੇਰਾ ਮਿੱਤਰ ਬਲਬੀਰ ਮਾਧੋਪੁਰੀ ਆਪਣੇ ਆਪ ਨੂੰ ਮਿੱਟੀ ਦਾ ਜਾਇਆ ਦੱਸਦਾ ਹੈ| ਅਜਿਹਾ ਕਰਦਿਆਂ ਉਹ ਗੁਰਬਾਣੀ ਦੇ ਹੇਠ ਲਿਖੇ ਸ਼ਬਦਾਂ ਉੱਤੇ ਸਹੀ ਪਾਉਂਦਾ ਹੈ|
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ|
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ«
ਉਹ ਆਪਣੇ ਚੁਗਿਰਦੇ ਨੂੰ ਛਾਂਗੇ ਹੋਏ ਰੁੱਖ ਕਹਿ-ਕਹਿ ਕੇ ਨਿਵਾਜੇ ਜਾਂ ਮਿੱਟੀ ਨੂੰ ਬੋਲਣ ਵਾਲੇ ਚਿੰਨ੍ਹ ਦੇ ਕੇ ਉਹ ਮਿੱਟੀ ਨੂੰ ਫਰੋਲਣ ਦਾ ਪੈਂਡਾ ਅਪਣਾ ਕੇ ਉਹ ਤਨੋਂ-ਮਨੋਂ ਧਰਤੀ ਮਾਤਾ ਨੂੰ ਹਰ ਰੂਪ ਵਿਚ ਅਪਣਾਉਂਦਾ ਤੇ ਨਿਵਾਜਦਾ ਹੈ| ‘ਮਿੱਟੀ ਫਰੋਲਦਿਆਂ’ ਸਿਰਲੇਖ ਵਾਲਾ ਨਵਾਂ-ਨਵਾਂ ਉਪ੍ਰਕਿਰਤੀ ਦੇ ਸੁਰਜ ਸਿਆਣਪ ਨੂੰ ਨਤਮਸਤਕ ਹੁੰਦਾ ਹੈ|
‘ਮਿੱਟੀ ਫਰੋਲਦਿਆਂ’ ਲੋਕਗੀਤ ਪ੍ਰਕਾਸ਼ਨ, ਪੰਨੇ 204 ਮੁੱਲ 350, (2026) ਪਹਿਲਾ ਪੰਜਾਬੀ ਨਾਵਲ ਹੈ, ਜਿਹੜਾ ਕਬਰਪੁੱਟਾਂ ਤੇ ਕਬਰਸਤਾਨਾਂ ਦੇ ਥੀਮ ਉੱਤੇ ਕੇਂਦਰਿਤ ਹੈ| ਇਸ ਦਾ ਘਟਨਾ ਸਥਾਨ ਪੰਜਾਬ ਨਹੀਂ, ਆਂਧਰਾ ਪ੍ਰਦੇਸ਼ ਹੈ| ਉੱਥੇ ‘ਮਾਲਾ’ ਅਛੂਤ/ਬੇਰਾਗੀ ਆਖੀ ਜਾਂਦੀ ਜਾਤ ਦੇ ਲੋਕਾਂ ਨੂੰ ਸਦੀਆਂ ਤੋਂ ਸੇਵਾ ਦੀ ਜ਼ਿੰਮੇਵਾਰੀ ਮਿਲੀ ਹੋਈ ਹੈ| ਇਸ ਜਾਤੀ ਲਈ ਉੱਚ ਜਾਤੀਆਂ ਦੇ ਮੋਇਆਂ ਬੰਦਿਆਂ ਲਈ ਕਬਰਾਂ ਪੁੱਟ ਕੇ ਦਫ਼ਨਾਉਣਾ ਹੀ ਮੁੱਖ ਕਿੱਤਾ ਹੈ| ਨਿਮਨ ਜਾਤੀ ਔਰਤਾਂ ਵੀ ਮਜਬੂਰੀ ਵਸ ਕਬਰਾਂ ਪੁੱਟਦੀਆਂ ਹਨ| ਮੁੱਖ ਪਾਤਰ ਜੱਗਾ, ਉਹਦਾ ਨਾਨਾ ਤੇ ਹੋਰ ਪੁਰਖੇ ਵਰਣ ਵਿਵਸਥਾ ਦੇ ਸਤਾਏ ਹੋਏ ਸਰੀਰਕ ਤੇ ਮਾਨਸਕ ਤਸ਼ੱਦਦ ਝੱਲਦੇ ਹੋਏ ਵੀ ਮਾਨਵ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਵਿਖਾਈ ਦੇਂਦੇ ਹਨ| ‘ਮਾਲਾ’ ਤੇ ‘ਮਾਦਿਗਾ’ ਨਿਮਨ ਜਾਤੀਆਂ ਆਪਣੇ ਸਮਾਜ ਸੁਧਾਰਕਾਂ, ਰਹਿਬਰਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਵੈ-ਸਨਮਾਨ ਲਈ ਜਨ ਅੰਦੋਲਨਾਂ ਦੇ ਰਾਹ ਦੀ ਤੁਰਦੇ ਹਨ| ਜ਼ਿੰਮੀਂਦਾਰੀ ਤੇ ਸਰਕਾਰੀ ਵਿਵਸਥਾ ਅਜੇਹਿਆਂ ਉੱਤੇ ਖ਼ੌਫ਼ਨਾਕ ਜ਼ੁਲਮ ਚਾਹੁੰਦੀ ਹੈ| ਨਾਲ ਇਨ੍ਹਾਂ ਆਮ ਲੋਕਾਂ ’ਚ ਪਾੜੇ ਦੇ ਪੁਆੜੇ ਪਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ|
ਇਸ ਦੇ ਨਾਲ-ਨਾਲ ਨਾਵਲੀ ਬਿਰਤਾਂਤ ਵਿਚ ਅਨੁਸੂਚਿਤ ਜਾਤੀਆਂ ਤੇ ਜਨ-ਜਾਤੀਆਂ ਦੀ ਆਪਸੀ ਏਕਤਾ ਤੇ ਇਕਜੁੱਟਤਾ ਰਾਹੀਂ ਮਾਨਵੀਂ ਅਧਿਕਾਰਾਂ, ਜਲ, ਜੰਗਲ ਅਤੇ ਜ਼ਮੀਨੀ ਅਧਿਕਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਝਰੋਖਾ ਖੁੱਲ੍ਹਦਾ ਹੈ| ਇਹ ਨਾਵਲ ਭਾਰਤ ਵਿਚ ਰਹਿੰਦੇ ਤੇ ਸਭ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣੇ ਤੇ ਹਾਸ਼ੀਆ ਗ੍ਰਸਤ ਤਬਕੇ ਦਾ ਜੀਵਨ ਬਿਰਤਾਂਤ ਹੈ| ਬਲਬੀਰ ਮਾਧੋਪੁਰੀ ਨੇ ਅਜੇਹੇ ਅਣਹੋਇਆਂ ਦੀ ਹੋਂਦ ਤੇ ਜੀਣ-ਬੀਣ ਦਾ ਮੁੱਖ ਮਸਲਾ ਉਭਾਰਿਆ ਹੈ| ਨਾਵਲੀ ਬਿਰਤਾਂਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਅਜੇਹੇ ਤਬਕੇ ਦੇ ਜੀਵਨ-ਬੋਧ ਨੂੰ ਆਪਣੀ ਸਥਿਤੀ ਤੋਂ ਉੱਪਰ ਉੱਠਣ ਦੇ ਉਸਾਰੂ ਤੇ ਆਸ ਭਾਵੀ ਮਾਨਵੀ ਨਜ਼ਰੀਏ ਨਾਲ ਪੇਸ਼ ਕੀਤਾ ਗਿਆ ਹੈ| ਮੁੱਖ ਪਾਤਰ ਜੱਗੇ ਰਾਹੀਂ ਜੀਵਨ ਦੀ ਸ਼ਾਹ-ਕਾਲੀ ਰਾਤ ਵਿਚੋਂ ਵੀ ਚੇਤਨਾ, ਜਾਗਰਤੀ ਤੇ ਉੱਦਮ ਨਾਲ ਨਵਾਂ ਪਹੁ-ਫੁਟਾਲਾ ਹੋ ਜਾਣ ਵਿਚ ਵਿਸ਼ਵਾਸ ਪ੍ਰਗਟਾਇਆ ਗਿਆ ਹੈ| ਨਾਵਲ ਦਾ ਕੇਂਦਰ ਪਾਤਰ ਜੱਗਾ ਵਿਅਕਤੀਗਤ ਰੂਪ ਵਿਚ ਆਪਣੀ ਸਥਿਤੀ ਤੋਂ ਉੱਪਰ ਉੱਠ ਜਾਣ ਦੀ ਪ੍ਰਤੀਨਿਧ ਮਿਸਾਲ ਹੈ| ਇਹ ਨਿਰੰਤਰ ਵਿਕਾਸ ਕਰਦੇ ਤੇ ਜੀਵਨ ਵਿਚ ਅੱਗੇ ਵਧਦੇ ਰੂਪ ਵਿਚ ਪੇਸ਼ ਹੋਇਆ ਹੈ|
ਨਾਵਲੀ ਥੀਮ ਮੁਤਾਬਕ ਸਾਡੇ ਸਮਾਜ/ਸੰਸਾਰ ਦਾ ਯਥਾਰਥ ਅਜੀਬ ਕਿਸਮ ਦਾ ਡੱਬ-ਖੜੱਬਾ ਹੈ| ਇਥੇ ਕਿਸੇ ਦਾ ਮਰਨਾ ਇੱਕ ਸੋਗ ਤੇ ਘਾਟਾ ਹੈ, ਪਰ ਦੂਜੇ ਲਈ ਇਹ ਰੋਜ਼ੀ-ਰੋਟੀ ਦੇ ਕਿੱਤੇ ਵਜੋਂ ਜਿਊਣ ਦਾ ਵਸੀਲਾ ਹੈ| ਸਾਡੇ ਕਰੂਰ ਯਥਾਰਥ ਵਿਚ ਲੋੜਾਂ ਤੇ ਗਰਜ਼ਾਂ ਮਾਰੇ ਪਾਤਰ ਕਬਰਾਂ ਦੀ ਫੋਲਾ-ਫਾਲੀ ਕਰਦੇ ਹੋਏ ਮੁਰਦਿਆਂ ਦੇ ਨੱਕ-ਕੰਨ ਦੇ ਗਹਿਣੇ ਲਾਹ ਲੈਂਦੇ ਹਨ| ਜੱਗੇ ਤੇ ਉਸਦੇ ਨਾਨੇ ਨੂੰ ਪੂਰਾ ਵਿਸ਼ਵਾਸ ਹੈ ਕਿ ਨਾ ਲੋਕਾਂ ਦਾ ਮਰਨਾ ਬੰਦ ਹੋਣਾ ਤੇ ਨਾ ਹੀ ਸਾਡੇ ਕਿੱਤੇ ਨੂੰ ਕੋਈ ਜ਼ੋਖ਼ਮ ਹੈ| ਕਬਰਸਤਾਨ ਵਿਚ ਕਬਰਾਂ ਪੁੱਟਣ ਦੇ ਕਿੱਤੇ ਨੇ ਬਾ-ਦਸਤੂਰ ਸਮਾਜ ਵਿਚ ਚਲਦੇ ਤੇ ਜਿਊਂਦੇ ਰਹਿਣਾ ਹੈ| ਸਥਿਤੀ ਦਾ ਵਿਅੰਗ ਭਾਰੀ ਸਿਤਮ ਇਹ ਹੈ ਕਿ ਅਜੇਹੇ ਕਿੱਤੇ ਨੂੰ ਵੀ ‘ਬੇਗਾਰ’ ਭਾਵ ਮੁਫ਼ਤ ਦੀ ਸੇਵਾ ਵਜੋਂ ਮਾਨਤਾ ਪ੍ਰਾਪਤ ਹੈ| ਦੇਸ਼ ਦੀ ਸੁਤੰਤਰਤਾ ਦੇ ਅੱਠ ਦਹਾਕੇ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਜੇਹਾ ਤ੍ਰਾਸਦਿਕ ਰੂਪ ਜਾਰੀ ਹੈ| ਸਾਡੇ ਭਾਰਤ ਵਿਚ ਕਈ ਸਬ-ਭਾਰਤ ਹਨ| ਸ਼ਹਿਰ ਤੇ ਪਿੰਡ ਦਾ ਫ਼ਰਕ ਹੈ| ਸ਼ਹਿਰ ਤੇ ਪਿੰਡ ਵਿਚ ਉੱਚੀਆਂ ਜਾਤੀਆਂ ਤੇ ਨੀਵੀਆਂ ਜਾਤੀਆਂ ਦੀ ਰਿਹਾਇਸ਼ ਤੇ ਮੁਹੱਲਿਆਂ ਵਿਚ ਫ਼ਰਕ ਤੇ ਦੂਰੀਆਂ ਹਨ| ਸਾਡੀ ਸਾਂਸਕ੍ਰਿਤਿਕ ਵੰਨ-ਸੁਵੰਨਤਾ ਤੇ ਸਮਾਜਕ ਵਸੇਬਿਆਂ ਵਿਚ ਕਈ ਜਾਤੀ ਤੇ ਜਮਾਤੀ ਉਚਾਣ-ਨਿਵਾਣ ਹਨ| ਭਾਰਤੀ ਸਮਾਜ ਵਿਚ ਸੰਤਾਂ ਭਗਤਾਂ ਤੇ ਗੁਰੂ ਸਾਹਿਬਾਨ ਦੇ ਮਾਨਵੀ ਯੋਗਦਾਨ ਦੇ ਬਾਵਜੂਦ ਸਮਾਜਕ ਬਰਾਬਰਤਾ ਪ੍ਰਤੀ ਕਈ ਸੀਮਾਵਾਂ ਹਨ| ਨਾਵਲ ਦੇ ਨਾਮਕਰਣ ਵਿਚ ‘ਮਿੱਟੀ’ ਰੂਪੀ ਸ਼ਬਦ ਲਖ਼ਸ਼ਣਾ ਭਾਵੀ ਹੈ| ਸਾਡੇ ਸਮਾਜ ਦੀ ਮਿੱਟੀ ਰੂਪੀ ਸਮਾਜਕ ਚਾਦਰ ਰੰਗ-ਬਰੰਗੀ ਹੈ| ਇਥੇ ਬਹੁਤਿਆਂ ਲਈ ਜੀਵਨ ਦਾ ਅਰਥ ਦਿਨ ਕਟੀ ਹੈ| ਅਜੇ ਤੱਕ ਅਜੇਹੇ ਬਹੁਤਿਆਂ ਨੂੰ ਮੁਕਤੀ ਜੀਵਨ ਵਿਚ ਨਹੀਂ, ਆਪਣੀ ਮੌਤ ਵਿਚ ਹੀ ਦਿਸਦੀ ਹੈ| ਸਾਡੇ ਸਮਾਜ ਵਿਚ ਬੰਦੇ/ਮਾਨਵ ਨੂੰ ਮਾਨਵ ਨਾ ਸਮਝੇ ਜਾਣ ਦੀ ਮੁੱਖ ਸਮੱਸਿਆ ਬਣੀ ਹੋਈ ਹੈ| ਅਜੋਕੀ ਵਿਵਸਥਾ ਵਿਚ ਵਿੱਦਿਆ, ਨੌਕਰੀਆਂ ਤੇ ਸਿਆਸਤੀ ਖੇਤਰ ਵਿਚ ਰਾਖਵੇਂਕਰਨ ਦੇ ਆਪਣੇ ਪੋਲ ਹਨ| ਅਜੇਹੀ ਬਣਤਰ ਜਾਂ ਸੁਵਿਧਾ ਜਾਤ-ਪਾਤ ਨੂੰ ਕੱਟਦੀ ਨਹੀਂ, ਹੋਰ ਪੱਕਾ ਕਰਦੀ ਹੈ| ਇਹ ਮਹਿਸੂਸ ਤੇ ਦ੍ਰਿੜ੍ਹ ਕਰਵਾਉਂਦੀ ਹੈ ਕਿ ਤੁਹਾਨੂੰ ਨੀਵੇਂ ਹੋਣ ਕਰਕੇ ਤਰਸ ਦੇ ਆਧਾਰ ’ਤੇ ਅਜੇਹੇ ਵਿਸ਼ੇਸ਼ ਮੌਕੇ ਦਿੱਤੇ ਜਾ ਰਹੇ ਹਨ| ਇਹੋ ਜਿਹੀਆਂ ਨਵੀਆਂ-ਨਵੀਆਂ ਨੀਤੀਆਂ ਦੇ ਬਾਵਜੂਦ ਜਾਤ-ਪਾਤ ਢਿੱਲੀ ਨਹੀਂ, ਦਿਨੋ-ਦਿਨ ਪੱਕੀ ਹੁੰਦੀ ਜਾ ਰਹੀ ਹੈ| ਸਾਡਾ ਮੁੱਖ ਮਸਲਾ ਤਾਂ ਸਭ ਲਈ ਬਿਨਾਂ ਕਿਸੇ ਖ਼ਰਚ ਦੇ ਵਿੱਦਿਆ ਅਤੇ ਸਿਹਤ ਸੁਵਿਧਾ ਨਾ ਹੋਣ ਦਾ ਹੈ| ਅਜੇਹੀਆਂ ਸਹੂਲਤਾਂ ਹਰੇਕ ਲਈ ਜੀਵਨ ਦਾ ਬੁਨਿਆਦੀ, ਕਾਨੂੰਨੀ ਤੇ ਸੰਵਿਧਾਨਕ ਹੱਕ ਵਜੋਂ ਹਾਸਲ ਹੋਣੀਆਂ ਚਾਹੀਦੀਆਂ ਹਨ| ਆਪਣੀ ਯੋਗਤਾ ਤੇ ਲਿਆਕਤ ਦੇ ਮੁਤਾਬਕ ਰੋਜ਼ਗਾਰ ਦੇ ਮੌਕੇ ਮਿਲਣੇ ਚਾਹੀਦੇ ਹਨ| ਵਿਸ਼ੇਸ਼ ਆਰਥਿਕ ਜਾਂ ਮਾਲੀ ਸੁਧਾਰ ਰਾਹੀਂ ਹਰ ਤਰ੍ਹਾਂ ਦੇ ਰਾਖਵੇਂਕਰਣ ਤੋਂ ਬਾਹਰ ਨਿਕਲਣ ਦੀ ਲੋੜ ਹੈ| ਹਰੇਕ ਆਪਣੀ ਯੋਗਤਾ ਮੁਤਾਬਕ ਰੋਜ਼ਗਾਰ ਹਾਸਲ ਕਰਨ ਦਾ ਸਮਾਜਕ ਮਾਣ ਮਹਿਸੂਸ ਕਰੇ| ਪਰ ਅਸੀਂ ਤਾਂ ਆਪਣੀਆਂ ਵੋਟਰੀ ਕੁੰਡੀਆਂ ਰਾਹੀਂ ਜਾਤ-ਪਾਤੀ ਪਾੜ ਨੂੰ ਹੋਰ ਪੱਕਾ ਕਰ ਰਹੇ ਹਾਂ| ਅਜੇਹੀ ਔੜ ਦੇ ਸਖ਼ਤ ਮਾਰੂਥਲ ਵਿਚੋਂ ਵੀ ਜੱਗੇ ਵਰਗੇ ਕੰਵਲ ਫੁੱਲ ਵਾਂਗ ਚਮਕ ਪੈਂਦੇ ਹਨ| ਜੱਗਾ ਬਕਾਇਦਾ ਨਾਨੇ ਤੇ ਫਿਰ ਅਧਿਆਪਕ ਤੇ ਇਤਿਹਾਸਕਾਰ ਦੀ ਸੰਗਤ ਵਿਚ ਜਾਗਰਿਤ ਤੇ ਚੇਤਨ ਹੁੰਦਾ ਇੱਕ ਗਤੀਸ਼ੀਲ ਪਾਤਰ ਹੈ| ਇਹ ਆਪਣਾ ਸਥਾਨ ਵੀ ਬਦਲਦਾ ਹੈ ਤੇ ਆਪਣੇ ਆਪ ਨੂੰ ਵੀ| ਅਜੇਹੀ ਤਬਦੀਲੀ ਵਿਚ ਇਹ ਜਾਗਰਿਤ ਹੁੰਦਾ ਹੋਇਆ ਇੱਕ ਮਾਨਵਵਾਦੀ ਸਾਹਿਤਕਾਰ ਬਣਦਾ ਹੈ| ਜੱਗੇ ਨੂੰ ਪੜ੍ਹਾਈ-ਲਿਖਾਈ ਦੀ ਜਾਗ ਉਹਦਾ ਨਾਨਾ ਲਾਉਂਦਾ ਹੈ ਜਿਹੜਾ ਖ਼ੁਦ ਜੱਦੀ-ਪੁਸ਼ਤੀ ਕਬਰਪੁੱਟ ਹੈ| ਜੱਗਾ ਸਮਾਜਕ ਦਹਿਸ਼ਤਗਰਦੀ ਤੇ ਬੁਰਛਾਗਰਦੀ ਮਾਹੌਲ ’ਚੋਂ ਬਾਹਰ ਨਿਕਲਦਾ ਹੈ| ਇਹ ਆਦਿਵਾਸੀ ਜਨ-ਜੀਵਨ ਦੀ ਜਾਣਕਾਰੀ ਲੈਂਦਾ ਹੋਇਆ ਹੈਦਰਾਬਾਦ ਦੇ ਇੱਕ ਕਬਰਸਤਾਨ ਵਿਚ ਗੋਰਕੁਨ ਦਾ ਕਿੱਤਾ ਕਰਦਾ ਹੈ| ਗੋਰਕੁਨ ਦੇ ਪੁੱਤ ਅਬਦੁੱਲਾ ਤੋਂ ਹਿੰਦੀ ਤੇ ਉਰਦੂ ਸਿਖਦਾ ਹੈ| ਜੱਗੇ ਦੀ ਆਪਣੀ ਮਾਂ-ਬੋਲੀ ਤੇਲਗੂ ਵਿਚ ਪਹਿਲਾਂ ਦੀ ਪੂਰੀ ਮੁਹਾਰਤ ਹੈ| ਉਹ ਅਖ਼ਬਾਰਾਂ/ਰਸਾਲੇ ਤੇ ਕਿਤਾਬਾਂ ਪੜ੍ਹਦਾ ਹੋਇਆ ਅਖ਼ੀਰ ਲੇਖਕ ਬਣ ਜਾਂਦਾ ਹੈ| ਇਸਦਾ ‘ਮਾਰੀਆ’ ਨਾਂ ਦੀ ਵਿਦੇਸ਼ੀ ਪਰ ਸਾਹਿਤ ਪਾਰਖੂ ਕੁੜੀ ਨਾਲ ਮਿਲਾਪ ਹੀ ਨਹੀਂ, ਸੰਗ-ਸਾਥ ਹੋ ਜਾਂਦਾ ਹੈ| ਮਾਰੀਆ ਦੇ ਮਾਨਵੀ ਵਤੀਰੇ ਰਾਹੀਂ ਨਾਵਲਕਾਰ ਇਹ ਦ੍ਰਿੜ੍ਹ ਕਰਦਾ ਹੈ ਕਿ ਵਿਦੇਸ਼ੀ ਵੀ ਕਿਵੇਂ ਸਾਡੀ ਸਮਾਜਕ ਊਚ-ਨੀਚਤਾ ਨੂੰ ਵੱਡੀ ਬੁਰਾਈ ਸਮਝਦੇ ਹਨ| ਇਹ ਬੰਦੇ ਦੇ ਸੰਕਟ, ਸਮੱਸਿਆਵਾਂ ਦੇ ਬਾਵਜੂਦ ਆਪਣੇ ਉੱਦਮੀ ਬਲ ਨਾਲ ਜੀਵਨ ਵਿਚ ਵਿਸ਼ਵਾਸ ਪ੍ਰਗਟਾਉਣ ਵਾਲੀ ਆਸ਼ਾ ਭਾਵੀ ਰਚਨਾ ਹੈ|
‘ਮਿੱਟੀ ਫਰੋਲਦਿਆਂ’ ਨਾਵਲ ਵਿਚੋਂ ਤਿੰਨ ਸਭਿਆਚਾਰਾਂ ਦੀ ਝਲਕ ਉੱਭਰਦੀ ਹੈ| ਤੇਲਗੂ-ਤੇਲੰਗਾਨਾ ਮੁੱਖ ਸਭਿਆਚਾਰ ਵਜੋਂ ਪੇਸ਼ ਹੋਇਆ ਹੈ| ਪੰਜਾਬੀ ਸਭਿਆਚਾਰ ਦੀਆਂ ਰਮਜ਼ਾਂ ਵਿਚੋਂ ਸੈਕੂਲਰ ਵਿਚਾਰਧਾਰਾ ਝਲਕਦੀ ਹੈ| ਕਿਉਂਕਿ, ਲੇਖਕ ਆਪ ਪੰਜਾਬੀ ਖਿੱਤੇ ਵਿਚੋਂ ਹੈ| ਇਸ ਕਰਕੇ ਲੇਖਕ ਦੀ ਲਿਖਤ ਉੱਤੇ ਆਪਣੇ ਖਿੱਤੇ ਦੇ ਉਸਾਰੂ ਤੇ ਮਾਨਵੀ ਪੱਖਾਂ ਦਾ ਪ੍ਰਭਾਵ ਤਾਂ ਹੁੰਦਾ ਹੀ ਹੈ| ਯੂਰਪੀਅਨ ਕੁੜੀ ਮਾਰੀਆ ਦਾ ਨਜ਼ਰੀਆ ਰੰਗ, ਨਸਲ, ਜਾਤ-ਪਾਤ, ਭਾਸ਼ਾ, ਧਰਮ ਤੇ ਇਲਾਕਾਵਾਦ ਦੀਆਂ ਹੱਦਾਂ-ਸਰਹੱਦਾਂ ਨੂੰ ਉਲੰਘਦਾ ਹੈ| ਉਸਨੂੰ ਜੱਗੇ ਦੀ ਮਾਨਵ ਕੇਂਦਰਿਤ ਸਾਹਿਤ ਦ੍ਰਿਸ਼ਟੀ ਟੁੰਬਦੀ ਹੈ, ਜੋ ਉਨ੍ਹਾਂ ਦੀ ਨਜ਼ਦੀਕੀ ਦਾ ਸਬੱਬ ਬਣਦਾ ਹੈ| ਇਉਂ ਸਮੁੱਚੇ ਨਾਵਲ ਵਿਚ ਸਥਿਤੀਆਂ ਅੰਤਰ-ਸੰਬੰਧਿਤ ਰੂਪ ਵਿਚ ਇੱਕ-ਦੂਜੇ ਦੀਆਂ ਸਹਾਈ ਹੋ ਕੇ ਵਿਸ਼ਵ-ਦ੍ਰਿਸ਼ਟੀ ਵਜੋਂ ਬੋਲਦੀਆਂ ਹਨ|
‘ਮਿੱਟੀ ਫਰੋਲਦਿਆਂ’ ਸਮੂਹ ਕਿਰਤੀਆਂ/ਨੀਵਿਆਂ/ਅਛੂਤਾਂ ਪ੍ਰਤੀ ਮਾਨਵ ਹਮਦਰਦੀ ਉਭਾਰਨ ਵਾਲੀ ਖੇਤਰੀ ਹੱਦਾਂ-ਸਰਹੱਦਾਂ ਦੇ ਆਰ-ਪਾਰ ਜਾਣ ਵਾਲੀ ਰਚਨਾ ਹੈ| ਜੀਵਨ ਕੀ ਹੈ? ਬੰਦੇ ਦਾ ਸਮਾਜ ਤੇ ਆਪਣੇ-ਆਪ ਪ੍ਰਤੀ ਰੋਲ ਕੀ ਹੈ? ਜੀਵਨ ਨੂੰ ਜਿਊਣਯੋਗ ਬਣਾਉਣ ਲਈ ਸਾਡੇ ਸਭ ਫ਼ਿਲਾਸਫ਼ਰ, ਭਗਤ ਤੇ ਸੰਤ ਪ੍ਰੇਰਨਾ ਦੇਂਦੇ ਰਹੇ ਹਨ| ਮੌਤ ਤਾਂ ਛੋਤ ਹੈ ਭਾਵ ਇਹ ਖ਼ਤਮ ਹੋਣ ਦਾ ਨਾਮ ਹੈ| ਇਸਦਾ ਕਿਸੇ ਨਾਲ ਕੋਈ ਵਿਤਕਰਾ ਹੈ| ਪਰ ਬੰਦੇ ਦਾ ਸਮਾਜ ਨੂੰ ਸੱਭਿਅਕ ਬਣਾਉਣ ਪ੍ਰਤੀ ਨਿਭਾਇਆ ਰੋਲ ਹਮੇਸ਼ਾ ਯਾਦਗਾਰੀ ਬਣਦਾ ਹੈ| ਅਜੇਹੇ ਨਰਕ ਵਿਚ ਵੀ ਜਿਊਣ ਹੈ| ਇਸ ਮਾਨਵ ਕੇਂਦਰਿਤ ਵਿਸ਼ਵ-ਦ੍ਰਿਸ਼ਟੀ ਵਜੋਂ ਹੀ ਜੱਗੇ ਵਰਗੇ ਪਾਤਰ ਆਪਣੇ ਚਾਰੇ ਚੁਫੇਰੇ ਫੈਲੇ ਚਿੱਕੜ ਤੋਂ ਉੱਪਰ ਉੱਠਦੇ ਹਨ| ਇਸ ਨਾਵਲ ਵਿਚ ਬੰਦੇ ਦੇ ਉੱਦਮੀ ਹੋਣ ਤੇ ਅੱਗੇ ਵਧਣ ਵਿਚ ਵਿਸ਼ਵਾਸ ਪ੍ਰਪੱਕ ਕੀਤਾ ਹੈ|
ਬਲਬੀਰ ਮਾਧੋਪੁਰੀ ਆਪਣੇ ਮਾਨਵਵਾਦੀ ਸਾਹਿਤ ਸਦਕਾ ਅੰਤਰ-ਰਾਸ਼ਟਰੀ ਪੱਧਰ ਉੱਤੇ ਜਾਣਿਆ ਜਾਂਦਾ ਸਾਹਿਤਕਾਰ ਹੈ| ਸਵੈ-ਜੀਵਨੀ ‘ਛਾਂਗਿਆਂ ਰੁੱਖ’ (2002) ਨਾਲ ਉਸਦੀ ਲੇਖਣੀ ਸਿਖਰਾਂ ਤੱਕ ਪਹੁੰਚਦੀ ਹੈ| ਇਸ ਨੂੰ ਸਾਲ 2010 ਵਿਚ ਐਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਨੇ ਅੰਗਰੇਜ਼ੀ ਵਿਚ ਛਾਪਿਆ ਸੀ ਅਤੇ ਇਸ ਸਵੈ-ਜੀਵਨੀ ਨੂੰ 2023 ਤੱਕ ਐਕਸਫੋਰਡ ਨੇ 12 ਵਾਰ ਛਾਪਿਆ ਹੈ| ਫਿਰ ਰੂਸੀ ਵਿਚ ਮਾਸਕੋ ਸਟੇਟ ਯੂਨੀਵਰਸਿਟੀ ਨੇ ਆਪਣੇ ਖ਼ਰਚੇ ਨਾਲ ਨਾਉਕਾ (ਂਅੁਕਅ) ਪ੍ਰਕਾਸ਼ਨ ਤੋਂ 2026 ਵਿਚ ਛਪਵਾਇਆ ਹੈ| ਇਹ ਸਵੈ-ਜੀਵਨੀ ਕੁੱਲ 11 ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈ ਹੈ| ‘ਮਿੱਟੀ ਬੋਲ ਪਈ’ (ਨਾਵਲ) ਅਤੇ ਆਦਿ ਧਰਮ ਦੇ ਬਾਨੀ: ਗ਼ਦਰੀ ਬਾਬਾ ਮੰਗੂ ਰਾਮ’ ਮਾਧੋਪੁਰੀ ਦੀਆਂ ਹੋਰ ਚਰਚਿਤ ਤੇ ਜੀਵੰਤ ਰਚਨਾਵਾਂ ਹਨ| ਉਸ ਦੀਆਂ 15 ਮੌਲਿਕ ਪੁਸਤਕਾਂ ਹਨ| ਉਸਨੇ 45 ਕਿਤਾਬਾਂ ਦਾ ਅਨੁਵਾਦ ਤੇ 40 ਕਿਤਾਬਾਂ ਦਾ ਸੰਪਾਦਨ ਕੀਤਾ ਹੈ| ਇਹ ਸਦਾ ਰਵਾਂ-ਦਵਾਂ ਰਹਿਣ ਵਾਲਾ ਸਾਹਿਤਕਾਰ ਹੈ| ਮਾਧੋਪੁਰੀ ਦੀ ਲੇਖਣੀ ਵਿਚੋਂ ਸਦਾ ਵੰਨ-ਸਵੰਨਤਾ ਹੈ ਤੇ ਤਾਜ਼ਗੀ ਵਿਖਾਈ ਦੇਂਦੀ ਹੈ| ‘ਮਿੱਟੀ ਫਰੋਲਦਿਆਂ’ ਵੀ ਵਿਸ਼ੇ ਤੇ ਦ੍ਰਿਸ਼ਟੀ ਦੇ ਪੱਖ ਤੋਂ ਵੱਖਰੀ ਤੇ ਵਿਸ਼ੇਸ਼ ਹੈ|
ਅੰਤਿਕਾ
(ਜੀਵਨ ਜਾਚ)
ਚਾਹ ਗਈ ਚਿੰਤਾ ਗਈ, ਮਨਣਾ ਬੇਪ੍ਰਵਾਹ
ਜਿਸ ਕੋ ਕਿੱਛੁ ਨਾ ਚਾਹੀਏ, ਸੋ ਹੀ ਸ਼ਹਿਨਸ਼ਾਹ।
