ਘੋਰ-ਸੱਜੇਪੱਖ ਨੂੰ ਹਰਾ ਕੇ ਲੂਲਾ ਚੌਥੀ ਵਾਰ ਰਾਸ਼ਟਰਪਤੀ ਬਣੇ

ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ
ਲੁਈਜ਼ ਇਨਾਸਿਓ ਲੂਲਾ ਦ ਸਿਲਵਾ ਨੇ ਐਤਵਾਰ ਨੂੰ ਬ੍ਰਾਜ਼ੀਲ ਵਿਚ ਹੋਏ ਰਾਸ਼ਟਰਪਤੀ ਚੋਣ ਦੇ ਦੂਜੇ ਗੇੜ ਵਿਚ ਲਿਬਰਲ ਪਾਰਟੀ (ਪੀਐੱਲ) ਦੇ ਫਲਾਵਿਓ ਬੋਲਸੋਨਾਰੋ ਨੂੰ ਹਰਾ ਕੇ ਇਤਿਹਾਸਕ ਚੌਥਾ ਕਾਰਜਕਾਲ ਹਾਸਲ ਕਰ ਲਿਆ। ਲੂਲਾ ਨੂੰ ਛੇ ਕਰੋੜ ਚਾਲੀ ਲੱਖ ਵੋਟਾਂ ਮਿਲੀਆਂ, ਜੋ ਬ੍ਰਾਜ਼ੀਲ ਦੀ ਕਿਸੇ ਵੀ ਰਾਸ਼ਟਰਪਤੀ ਚੋਣ ਵਿਚ ਹੁਣ ਤੱਕ ਕਿਸੇ ਉਮੀਦਵਾਰ ਨੂੰ ਮਿਲੀਆਂ ਸਭ ਤੋਂ ਵੱਧ ਵੋਟਾਂ ਹਨ।

ਉਨ੍ਹਾਂ ਨੇ ਬੋਲਸੋਨਾਰੋ ਨੂੰ ਚਾਲੀ ਲੱਖ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਨੂੰ ‘ਝੂਠ ਅਤੇ ਹਕੀਕਤਾਂ ਤੋਂ ਮੁਨਕਰ ਹੋਣ ਦੀ ਸੋਚ ਦੀ ਹਾਰ’ ਕਰਾਰ ਦਿੰਦਿਆਂ 80 ਸਾਲਾ ਲੂਲਾ ਨੇ ਸਾਰੇ ਬ੍ਰਾਜ਼ੀਲ ਵਾਸੀਆਂ ਲਈ ਸਰਕਾਰ ਚਲਾਉਣ ਅਤੇ ਮੁਲਕ ਦੀ ਪ੍ਰਭੂਸੱਤਾ ਦੀ ਰਾਖੀ ਕਰਨ ਦਾ ਅਹਿਦ ਕੀਤਾ। ਅੱਧੀ ਰਾਤ ਨੂੰ ਹੋਈ ਰੈਲੀ ਵਿਚ ਉਨ੍ਹਾਂ ਐਲਾਨ ਕੀਤਾ, “ਬ੍ਰਾਜ਼ੀਲ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੈ।” ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੁਨੇਹਾ ਦਿੰਦਿਆਂ ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਨੇ ਘੋਰ-ਸੱਜੇਪੱਖ ਦੇ ਝੂਠਾਂ, ਬਦੇਸ਼ੀ ਦਖ਼ਲ-ਅੰਦਾਜ਼ੀ ਅਤੇ ਸੋਸ਼ਲ ਮੀਡੀਆ ਕੰਪਨੀਆਂ ਵੱਲੋਂ ਚੋਣਾਂ ਵਿਚ ਕੀਤੀ ਦਖ਼ਲਅੰਦਾਜ਼ੀ ਨੂੰ ਹਰਾ ਦਿੱਤਾ ਹੈ। ਭਾਵੁਕ ਹੋਏ ਲੂਲਾ ਨੇ ਔਰਤਾਂ ਅਤੇ ਵਡੇਰੀ ਉਮਰ ਦੇ ਵੋਟਰਾਂ ਦਾ ਉਨ੍ਹਾਂ ਦੀ ਹਮਾਇਤ ਲਈ ਧੰਨਵਾਦ ਕੀਤਾ ਅਤੇ ਸੜਕਾਂ ਤੇ ਸੋਸ਼ਲ ਮੀਡੀਆ ਉੱਪਰ ਨੌਜਵਾਨਾਂ ਦੀ ਲਾਮਬੰਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, “ਲੋਕ ਵੋਟਾਂ ਪਾਉਣ ਲਈ ਇਸ ਕਰਕੇ ਨਿਕਲੇ ਕਿਉਂਕਿ ਅਸੀਂ ਉਨ੍ਹਾਂ ਨੂੰ ਇਹ ਯਕੀਨ ਦਿਵਾਉਣ ਵਿਚ ਕਾਮਯਾਬ ਰਹੇ ਕਿ ਮੁਲਕ ਵਿਚ ਜਮਹੂਰੀਅਤ ਦੀ ਰਾਖੀ ਲਈ ਉਨ੍ਹਾਂ ਦੀਆਂ ਵੋਟਾਂ ਬੇਹੱਦ ਅਹਿਮ ਹਨ।” ਲੂਲਾ ਨੇ ਚੋਣ ਵਿਚ ਬੇਮਿਸਾਲ ਵਾਪਸੀ ਕੀਤੀ। ਪਹਿਲੇ ਗੇੜ ਵਿਚ ਉਹ ਪਿੱਛੇ ਰਹਿ ਗਏ ਸਨ ਅਤੇ ਉਨ੍ਹਾਂ ਨੂੰ ਕੁੱਲ ਜਾਇਜ਼ ਵੋਟਾਂ ਦਾ 45.16% ਮਿਲਿਆ ਸੀ, ਜਦਕਿ ਫਲਾਵਿਓ ਨੂੰ 47.03% ਵੋਟਾਂ ਮਿਲੀਆਂ ਸਨ।
ਜਮਹੂਰੀਅਤ ਦਾ ਨਾਟਕੀ ਮੋੜ
ਬੋਲਸੋਨਾਰੋ ਦੇ ਰਾਸ਼ਟਰਪਤੀ ਬਣਨ ਦੀ ਸੰਭਾਵਨਾ ਨੇ ਨੌਜਵਾਨਾਂ ਵਿਚ, ਖ਼ਾਸ ਕਰਕੇ ਜਨਤਕ ਸਿੱਖਿਆ, ਸਿਹਤ ਸੇਵਾਵਾਂ ਅਤੇ ਆਵਾਜਾਈ ਨੂੰ ਲੈ ਕੇ, ਡੂੰਘੀ ਚਿੰਤਾ ਪੈਦਾ ਕਰ ਦਿੱਤੀ ਸੀ। ਇਸ ਕਾਰਨ ਲੱਖਾਂ ਲੋਕ ਪੂਰੇ ਮੁਲਕ ਵਿਚ ਹਰ ਹਫ਼ਤੇ ਹੋਣ ਵਾਲੀਆਂ ਰੈਲੀਆਂ ਵਿਚ ਸ਼ਾਮਲ ਹੋਏ। ਉਨ੍ਹਾਂ ਨੇ ਲੂਲਾ ਦੀ ਹਮਾਇਤ ਦਾ ਅਹਿਦ ਕੀਤਾ ਅਤੇ ਜਨਤਕ ਸੇਵਾਵਾਂ ਦੀ ਰਾਖੀ ਦੀ ਮੰਗ ਕੀਤੀ।
ਐਤਵਾਰ ਨੂੰ ਲੂਲਾ ਨੇ ਆਪਣੇ ਨੌਜਵਾਨ ਹਮਾਇਤੀਆਂ ਨੂੰ ਕਿਹਾ ਕਿ ਉਨ੍ਹਾਂ ਦੀ ਆਵਾਜ਼ ਸੁਣ ਲਈ ਗਈ ਹੈ। ਲੂਲਾ ਨੇ ਕਿਹਾ, ‘ਅਸੀਂ ਏਕੀਕ੍ਰਿਤ ਸਿਹਤ ਪ੍ਰਣਾਲੀ ਵਿਚ ਨਿਵੇਸ਼ ਵਧਾਵਾਂਗੇ, ਮਸਨੂਈ ਬੁੱਧੀ ਦੀ ਕੌਮੀ ਪ੍ਰਣਾਲੀ ਵਿਕਸਿਤ ਕਰਾਂਗੇ, ਸਰਕਾਰੀ ਯੂਨੀਵਰਸਿਟੀਆਂ ਦਾ ਵਿਸਥਾਰ ਜਾਰੀ ਰੱਖਾਂਗੇ ਅਤੇ ਡਿਜੀਟਲ ਤੇ ਸਿਰਜਣਾਤਮਕ ਅਰਥਚਾਰਿਆਂ ਦੀ ਹਮਾਇਤ ਕਰਾਂਗੇ।’
4 ਅਕਤੂਬਰ ਨੂੰ ਹੋਏ ਚੋਣਾਂ ਦੇ ਪਹਿਲੇ ਗੇੜ ਤੋਂ ਬਾਅਦ ਪਲਟਿਆ ਪਾਸਾ ਇਤਿਹਾਸਕ ਹੋਣ ਦੇ ਨਾਲ-ਨਾਲ ਨਾਟਕੀ ਵੀ ਸੀ। ਲੂਲਾ ਦੀ ਅਧਿਕਾਰਤ ਚੋਣ ਪ੍ਰਚਾਰ ਟੀਮ ਲਗਭਗ ਪਿੱਛੇ ਰਹਿ ਗਈ, ਕਿਉਂਕਿ ਲੱਖਾਂ ਲੋਕ ਸੜਕਾਂ ਉੱਪਰ ਨਿਕਲ ਆਏ ਅਤੇ ਸੋਸ਼ਲ ਮੀਡੀਆ ਮੁਹਿੰਮ ਵਿਚ ਸ਼ਾਮਲ ਹੋ ਗਏ। ਜ਼ਿਆਦਾਤਰ ਚੋਣ ਸਰਵੇਖਣ ਬਹੁਤ ਫਸਵੇਂ ਮੁਕਾਬਲੇ ਦੀ ਪੇਸ਼ੀਨਗੋਈ ਕਰ ਰਹੇ ਸਨ ਅਤੇ ਕੁਝ ਤਾਂ ਥੋੜ੍ਹੇ ਦਿਨ ਪਹਿਲਾਂ ਤੱਕ ਬੋਲਸੋਨਾਰੋ ਨੂੰ ਮਾਮੂਲੀ ਅੱਗੇ ਵੀ ਦੱਸ ਰਹੇ ਸਨ। ਅਜਿਹੀ ਸਥਿਤੀ ਵਿਚ ਵਰਕਰਜ਼ ਪਾਰਟੀ ਨੇ ਆਪਣੇ ਪ੍ਰਚਾਰ ਦਾ ਕੇਂਦਰ ਉਮੀਦਵਾਰਾਂ ਦੇ ਨਿੱਜੀ ਕੰਮਕਾਜ ਦੀ ਤੁਲਨਾ ਤੋਂ ਹਟਾ ਕੇ ਠੋਸ ਵਾਅਦਿਆਂ ਉੱਪਰ ਆਧਾਰਤ ਭਵਿੱਖਮੁਖੀ ਏਜੰਡੇ ਵੱਲ ਕਰ ਦਿੱਤਾ। ਵੋਟਰਾਂ ਨਾਲ ਵਾਅਦੇ ਕਰਦੇ ਸਮੇਂ ਵੀ ਲੂਲਾ ਦੀ ਚੋਣ ਮੁਹਿੰਮ ਸਾਹਮਣੇ ਇਕ ਵੱਡੀ ਚੁਣੌਤੀ ਸੀ: ਵੱਡੀਆਂ ਤਕਨਾਲੋਜੀ ਕੰਪਨੀਆਂ ਖੁੱਲ੍ਹੇਆਮ ਬੋਲਸੋਨਾਰੋ ਦੀ ਚੋਣ ਮੁਹਿੰਮ ਦੀ ਹਮਾਇਤ ਕਰ ਰਹੀਆਂ ਸਨ, ਜਦਕਿ ਲੂਲਾ ਦੀ ਟੀਮ ਦੇ ਇਸ਼ਤਿਹਾਰਾਂ ਨੂੰ ਦਬਾ ਰਹੀਆਂ ਸਨ। ਐਤਵਾਰ ਦੇ ਆਪਣੇ ਭਾਸ਼ਣ ਵਿਚ ਲੂਲਾ ਨੇ ਕਿਹਾ ਕਿ ਉਨ੍ਹਾਂ ਨੂੰ ਡਿਜੀਟਲ ਮੰਚਾਂ ਦੀ ‘ਦਖ਼ਲਅੰਦਾਜ਼ੀ’ ਨਾਲ ਨਜਿੱਠਣਾ ਪਿਆ। ਉਨ੍ਹਾਂ ਨੇ ਬ੍ਰਾਜ਼ੀਲ ਵਿਚ ਵੱਡੀਆਂ ਤਕਨਾਲੋਜੀ ਕੰਪਨੀਆਂ ਨੂੰ ਨਿਯਮਾਂ ਦੇ ਘੇਰੇ ਵਿਚ ਲਿਆਉਣ ਦਾ ਅਹਿਦ ਕੀਤਾ। ਲੂਲਾ ਨੇ ਕਿਹਾ, ‘ਇਹ ਅਜਿਹੀ ਚੋਣ ਸੀ ਜਿਸ ਵਿਚ ਸਾਨੂੰ ਬਾਹਰੋਂ ਅਤੇ ਡਿਜੀਟਲ ਮੰਚਾਂ ਰਾਹੀਂ ਹੋ ਰਹੀ ਦਖ਼ਲਅੰਦਾਜ਼ੀ ਦਾ ਮੁਕਾਬਲਾ ਕਰਨਾ ਪਿਆ। ਸਾਨੂੰ ਇਨ੍ਹਾਂ ਨੂੰ ਨਿਯਮਾਂ ਦੇ ਘੇਰੇ ਵਿਚ ਲਿਆਉਣਾ ਪਵੇਗਾ।’ 16 ਅਕਤੂਬਰ ਨੂੰ ਬ੍ਰਾਜ਼ੀਲ ਦੇ ਮੀਡੀਆ ਵਿਚ ਹੋਏ ਇਕ ਖ਼ੁਲਾਸੇ ਤੋਂ ਬਾਅਦ ਮੈਟਾ ਨੇ ਮੰਨਿਆ ਸੀ ਕਿ ਉਸ ਦੇ ਮਸਨੂਈ ਬੁੱਧੀ ਵਾਲੇ ਸਾਧਨ ਨੇ ਲੂਲਾ ਦੀ ਹਮਾਇਤ ਵਿਚ ਇਸ਼ਤਿਹਾਰੀ ਸਮੱਗਰੀ ਤਿਆਰ ਕਰਨ ਉੱਪਰ ਰੋਕ ਲਾਈ ਸੀ, ਜਦਕਿ ਫਲਾਵਿਓ ਦੀ ਚੋਣ ਮੁਹਿੰਮ ਨੂੰ ਉਹੀ ਤਕਨਾਲੋਜੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਸੀ।
ਇਕ ਸਮੇਂ ਇਹ ਲਗਭਗ ਅਸੰਭਵ ਜਾਪਦਾ ਸੀ ਕਿ ਬ੍ਰਾਜ਼ੀਲ ਦੇ 80 ਸਾਲਾ ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਦ ਸਿਲਵਾ, 4 ਅਕਤੂਬਰ ਨੂੰ ਚੋਣਾਂ ਦੇ ਪਹਿਲੇ ਗੇੜ ਵਿਚ ਫਲਾਵਿਓ ਬੋਲਸੋਨਾਰੋ ਤੋਂ ਪਿੱਛੇ ਰਹਿ ਕੇ ਦੂਜੇ ਸਥਾਨ ਉੱਪਰ ਆਉਣ ਤੋਂ ਬਾਅਦ, ਬਾਜ਼ੀ ਪਲਟ ਸਕਣਗੇ। ਬ੍ਰਾਜ਼ੀਲ ਦੇ ਇਤਿਹਾਸ ਵਿਚ ਪਹਿਲੇ ਗੇੜ ਵਿਚ ਦੂਜੇ ਸਥਾਨ ਉੱਪਰ ਰਹਿਣ ਵਾਲਾ ਕੋਈ ਵੀ ਉਮੀਦਵਾਰ ਰਾਸ਼ਟਰਪਤੀ ਚੋਣ ਦਾ ਦੂਜਾ ਗੇੜ ਨਹੀਂ ਜਿੱਤ ਸਕਿਆ ਸੀ। ਪਹਿਲੇ ਗੇੜ ਤੋਂ ਬਾਅਦ ਮੁਕਾਬਲੇ ਤੋਂ ਬਾਹਰ ਹੋਏ ਜ਼ਿਆਦਾਤਰ ਉਮੀਦਵਾਰ ਸੱਜੇਪੱਖ ਨਾਲ ਸਬੰਧਤ ਸਨ। ਫਲਾਵਿਓ ਦੀ ਲਿਬਰਲ ਪਾਰਟੀ ਨੇ ਕਾਂਗਰਸ ਦੇ ਦੋਵੇਂ ਸਦਨਾਂ ਵਿਚ ਆਪਣੀ ਸਥਿਤੀ ਹੋਰ ਮਜ਼ਬੂਤ ਕਰ ਲਈ ਸੀ, ਜਦਕਿ ਸੱਜੇਪੱਖੀ ਉਮੀਦਵਾਰਾਂ ਨੇ ਕਈ ਸੂਬਾਈ ਚੋਣਾਂ ਜਿੱਤ ਲਈਆਂ ਸਨ। ਪਰ ਸਾਬਕਾ ਟਰੇਡ ਯੂਨੀਅਨ ਆਗੂ ਅਤੇ ਆਰਗੇਨਾਈਜ਼ਰ ਲੂਲਾ, ਜਿਨ੍ਹਾਂ ਦੀ ਅੱਲ੍ਹੜ ਉਮਰ ਵਿਚ ਇਕ ਹਾਦਸੇ ਦੌਰਾਨ ਉਂਗਲ ਕੱਟੀ ਗਈ ਸੀ, ਹਾਰ ਮੰਨਣ ਲਈ ਤਿਆਰ ਨਹੀਂ ਸੀ। ਲੂਲਾ ਅਤੇ ਉਨ੍ਹਾਂ ਦੀ ਵਰਕਰਜ਼ ਪਾਰਟੀ ਨੇ ਚੋਣ ਮੁਹਿੰਮ ਦੀਆਂ ਕਮਜ਼ੋਰੀਆਂ ਦੀ ਪਛਾਣ ਕੀਤੀ, ਆਪਣਾ ਧਿਆਨ ਆਰਥਿਕ ਮੁੱਦਿਆਂ ਵੱਲ ਮੋੜਿਆ, ਵਿਕਾਸ ਅਤੇ ਲੋਕ ਭਲਾਈ ਦੇ ਵਾਅਦੇ ਕੀਤੇ ਅਤੇ ਹੋਰ ਵੱਧ ਵੋਟਰਾਂ ਨੂੰ ਐਤਵਾਰ ਦੇ ਦੂਜੇ ਗੇੜ ਵਿਚ ਵੋਟਾਂ ਪਾਉਣ ਲਈ ਪ੍ਰੇਰਿਆ। ਲੂਲਾ ਨੂੰ 51.7% ਵੋਟਾਂ ਮਿਲੀਆਂ, ਜਦਕਿ ਫਲਾਵਿਓ ਨੂੰ 48.2% ਵੋਟਾਂ ਮਿਲੀਆਂ।
ਜਿੱਤ ਦਾ ਇਹ ਫ਼ਰਕ ਚਾਰ ਸਾਲ ਪਹਿਲਾਂ ਫਲਾਵਿਓ ਦੇ ਪਿਤਾ ਜਾਇਰ ਬੋਲਸੋਨਾਰੋ ਵਿਰੁੱਧ ਉਨ੍ਹਾਂ ਦੀ ਜਿੱਤ ਦੇ ਫ਼ਰਕ ਨਾਲੋਂ ਵੱਡਾ ਸੀ। ਅਗਲੇ ਹਫ਼ਤਿਆਂ ਦੌਰਾਨ ਲੂਲਾ ਨੇ ਪਹਿਲੇ ਗੇੜ ਵਿਚ ਸੱਜੇਪੱਖ ਨੂੰ ਮਿਲੀਆਂ ਕਾਮਯਾਬੀਆਂ ਨੂੰ ਉਸੇ ਦੇ ਖ਼ਿਲਾਫ਼ ਵਰਤਿਆ। ਉਨ੍ਹਾਂ ਨੇ ਉਜਾਗਰ ਕੀਤਾ ਕਿ ਬੋਲਸੋਨਾਰੋ ਦੀ ਜਿੱਤ ਜਮਹੂਰੀਅਤ ਅਤੇ ਸ਼ਹਿਰੀ ਹੱਕਾਂ ਲਈ ਕਿਹੜੇ ਖ਼ਤਰੇ ਖੜ੍ਹੇ ਕਰ ਸਕਦੀ ਹੈ। ਫਲਾਵਿਓ ਵੱਲੋਂ ਆਪਣੇ ਪਿਤਾ ਨੂੰ ਰਿਹਾਅ ਕਰਾਉਣ ਅਤੇ ਸੁਪਰੀਮ ਕੋਰਟ ਦੇ ਜੱਜਾਂ ਵਿਰੁੱਧ ਮਹਾਦੋਸ਼ ਚਲਾਉਣ ਦੇ ਚੋਣ ਵਾਅਦਿਆਂ ਨੇ ਸੱਜੇਪੱਖ ਦੇ ਘੇਰੇ ਤੋਂ ਬਾਹਰਲੇ ਵੋਟਰਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਅਤੇ ਉਹ ਇਕ ਜਾਣੇ-ਪਛਾਣੇ ਚਿਹਰੇ ਦੇ ਹੱਕ ਵਿਚ ਇਕੱਠੇ ਹੋ ਗਏ। ਫਲਾਵਿਓ ਦੇ ਪਿਤਾ ਲੂਲਾ ਦੀ 2022 ਦੀ ਜਿੱਤ ਨੂੰ ਉਲਟਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ 27 ਸਾਲ ਦੀ ਕੈਦ ਕੱਟ ਰਹੇ ਹਨ।
ਲੂਲਾ ਨੇ ਨੌਜਵਾਨ ਵੋਟਰਾਂ ਨੂੰ ਲਾਮਬੰਦ ਕਰਨ ਲਈ ਸੋਸ਼ਲ ਮੀਡੀਆ ਉੱਪਰ ਜ਼ੋਰਦਾਰ ਮੁਹਿੰਮ ਚਲਾਈ। ਇਕ ਕਰੋੜ ਦਸ ਲੱਖ ਫਾਲੋਅਰਾਂ ਵਾਲੇ ‘ਲੂਲਾ ਦੀ ਫ਼ੌਜ’ ਨਾਂ ਦੇ ਵ੍ਹਟਸਐਪ ਚੈਨਲ ਨੇ ਉਨ੍ਹਾਂ ਦੇ ਕੰਮ ਅਤੇ ਨੀਤੀਆਂ ਨੂੰ ਜਾਰੀ ਰੱਖਣ ਦਾ ਪੈਗ਼ਾਮ ਦੂਰ-ਦੂਰ ਤੱਕ ਫੈਲਾਇਆ। ਉਨ੍ਹਾਂ ਨੇ ਗ਼ਰੀਬਾਂ ਨੂੰ ਨਕਦ ਸਹਾਇਤਾ ਦੇਣ ਦੀ ਯੋਜਨਾ ਦਾ ਵਿਸਥਾਰ ਕਰਨ, ਕਰਜ਼ੇ ਤੋਂ ਰਾਹਤ ਲਈ ਨਵਾਂ ਪੈਕੇਜ ਲਿਆਉਣ ਅਤੇ ਉੱਦਮੀਆਂ ਲਈ ਸਹਾਇਕ ਕਦਮ ਚੁੱਕਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ। ਵਰਕਰਜ਼ ਪਾਰਟੀ ਦੇ ਗੜ੍ਹ ਉੱਤਰ-ਪੂਰਬ ਵਿਚ ਉਨ੍ਹਾਂ ਨੂੰ ਲਗਭਗ ਤੀਹ ਲੱਖ ਵਾਧੂ ਵੋਟਾਂ ਮਿਲੀਆਂ ਅਤੇ ਸਾਓ ਪਾਓਲੋ ਸਮੇਤ ਵੱਡੇ ਸ਼ਹਿਰਾਂ ਦੀਆਂ ਮਜ਼ਦੂਰ ਬਸਤੀਆਂ ਵਿਚ ਵੀ ਉਨ੍ਹਾਂ ਦੀਆਂ ਵੋਟਾਂ ਚੋਖੀਆਂ ਵਧੀਆਂ। ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਵਿਕਾਸ ਅਤੇ ਘਟਦੀ ਬੇਰੁਜ਼ਗਾਰੀ ਵਾਲੇ ਮੁਕਾਬਲਤਨ ਸਥਿਰ ਆਰਥਿਕ ਪ੍ਰਦਰਸ਼ਨ ਨੇ ਵੀ ਲੂਲਾ ਦੀ ਅਪੀਲ ਨੂੰ ਭਰੋਸੇਯੋਗ ਬਣਾਇਆ। ਉਨ੍ਹਾਂ ਦੀ ਜਿੱਤ ਦੱਖਣੀ ਅਮਰੀਕਾ ਦੇ ਹਾਲੀਆ ਰੁਝਾਨ ਦੇ ਉਲਟ ਜਾਂਦੀ ਹੈ, ਜਿੱਥੇ ਵਾਸ਼ਿੰਗਟਨ ਨਾਲ ਜੁੜੀਆਂ ਸੱਜੇਪੱਖੀ ਅਤੇ ਰੂੜ੍ਹੀਵਾਦੀ ਤਾਕਤਾਂ ਨੇ ਆਪਣਾ ਆਧਾਰ ਵਧਾਇਆ ਹੈ। ਲੂਲਾ ਇਕ ਪਾਸੇ ਸਥਿਰਤਾ ਦਾ ਭਰੋਸਾ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਸਮਾਜਿਕ ਤੇ ਆਰਥਿਕ ਪਹੁੰਚ ਪੇਸ਼ ਕਰਦੇ ਹਨ, ਤਾਂ ਦੂਜੇ ਪਾਸੇ ਦੱਖਣੀ ਅਮਰੀਕਾ ਦੀ ਸਭ ਤੋਂ ਵੱਡੀ ਆਰਥਿਕਤਾ ਦੇ ਰਾਸ਼ਟਰਪਤੀ ਵਜੋਂ ਉਹ ਡੋਨਾਲਡ ਟਰੰਪ ਦੀਆਂ ਸਾਮਰਾਜਵਾਦੀ ਖ਼ਵਾਇਸ਼ਾਂ ਦੇ ਵਿਰੋਧ ਦੀ ਆਵਾਜ਼ ਵੀ ਬਣ ਸਕਦੇ ਹਨ। ਇਸ ਦੇ ਨਾਲ ਹੀ ਆਪਣਾ ਏਜੰਡਾ ਅੱਗੇ ਵਧਾਉਣ ਲਈ ਲੂਲਾ ਨੂੰ ਸੱਜੇਪੱਖ ਦੇ ਕੰਟਰੋਲ ਵਾਲੀ ਕਾਂਗਰਸ ਨਾਲ ਕੰਮ ਕਰਨਾ ਪਵੇਗਾ। ਉਨ੍ਹਾਂ ਨੂੰ ਕਾਨੂੰਨ ਬਣਾਉਣ ਲਈ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਨਾਲ ਹੀ ਬ੍ਰਾਜ਼ੀਲ ਦੀਆਂ ਆਰਥਿਕ ਚੁਣੌਤੀਆਂ ਨੂੰ ਹੱਲ ਕਰਨ ਉੱਪਰ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਬ੍ਰਾਜ਼ੀਲ ਅਜੇ ਵੀ ਦੁਨੀਆ ਦੀਆਂ ਸਭ ਤੋਂ ਵੱਧ ਆਰਥਿਕ ਨਾਬਰਾਬਰੀ ਵਾਲੀਆਂ ਵੱਡੀਆਂ ਆਰਥਿਕਤਾਵਾਂ ਵਿਚੋਂ ਇਕ ਹੈ। (ਦ ਹਿੰਦੂ ਅਤੇ ਹੋਰ ਸਰੋਤਾਂ ਦੇ ਧੰਨਵਾਦ ਸਹਿਤ)

ਲੂਲਾ ਦੀ ਜਿੱਤ ਦਾ ਰਾਜ਼:
ਸ਼ਹਿਰਾਂ ਵਿਚ ਵਧਦੀ ਹਮਾਇਤ, ਉੱਤਰ-ਪੂਰਬ ਵਿਚ ਮਜ਼ਬੂਤ ਪਕੜ
ਰਾਸ਼ਟਰਪਤੀ ਲੁਈਜ਼ ਇਨਾਸਿਓ ਲੂਲਾ ਦਾ ਸਿਲਵਾ ਨੇ ਬ੍ਰਾਜ਼ੀਲ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚ ਆਪਣਾ ਆਧਾਰ ਵਧਾਉਂਦਿਆਂ ਅਤੇ ਉੱਤਰ-ਪੂਰਬ ਵਿਚ ਆਪਣੀ ਮਜ਼ਬੂਤ ਹਮਾਇਤ ਬਰਕਰਾਰ ਰੱਖਦਿਆਂ ਚੌਥੀ ਵਾਰ ਰਾਸ਼ਟਰਪਤੀ ਦੀ ਚੋਣ ਜਿੱਤ ਲਈ। ਉਨ੍ਹਾਂ ਦੀ ਹਮਾਇਤ ਦਾ ਭੂਗੋਲਿਕ ਆਧਾਰ ਬਦਲ ਰਿਹਾ ਹੈ ਅਤੇ ਇਹ ਤਬਦੀਲੀ ਬ੍ਰਾਜ਼ੀਲ ਦੇ 200 ਸਭ ਤੋਂ ਵੱਡੇ ਸ਼ਹਿਰਾਂ ਵਿਚ ਸਭ ਤੋਂ ਸਪਸ਼ਟ ਨਜ਼ਰ ਆਉਂਦੀ ਹੈ। ਇਨ੍ਹਾਂ ਸ਼ਹਿਰਾਂ ਵਿਚ ਕੁੱਲ ਜਾਇਜ਼ ਵੋਟਾਂ ਵਿਚੋਂ ਲੂਲਾ ਦਾ ਹਿੱਸਾ 2022 ਦੇ 47.1% ਤੋਂ ਵਧ ਕੇ ਇਸ ਸਾਲ 49.57% ਹੋ ਗਿਆ, ਭਾਵ 2.4 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ। ਛੋਟੇ ਸ਼ਹਿਰਾਂ ਵਿਚ ਉਨ੍ਹਾਂ ਦਾ ਹਿੱਸਾ 54.6% ਤੋਂ ਘਟ ਕੇ 53.9% ਰਹਿ ਗਿਆ।
ਉੱਤਰ-ਪੂਰਬ ਅਜੇ ਵੀ ਲੂਲਾ ਦੀ ਹਮਾਇਤ ਦਾ ਮੁੱਖ ਖੇਤਰ ਹੈ। ਇਸ ਖੇਤਰ ਵਿਚ ਲੂਲਾ ਨੂੰ ਕੁੱਲ ਜਾਇਜ਼ ਵੋਟਾਂ ਦਾ 69.37% ਹਾਸਲ ਹੋਇਆ, ਜੋ ਚਾਰ ਸਾਲ ਪਹਿਲਾਂ ਮਿਲੇ 69.34% ਦੇ ਲਗਭਗ ਬਰਾਬਰ ਹੈ। ਉਨ੍ਹਾਂ ਨੇ ਓਨੀਆਂ ਹੀ ਨਗਰਪਾਲਿਕਾਵਾਂ ਵਿਚ ਜਿੱਤ ਹਾਸਲ ਕੀਤੀ, ਜਿੰਨੀਆਂ ਵਿਚ 2022 ਵਿਚ ਕੀਤੀ ਸੀ।
ਉੱਤਰ-ਪੂਰਬ ਤੋਂ ਬਾਹਰ ਲੂਲਾ ਨੂੰ 2022 ਦੇ ਮੁਕਾਬਲੇ ਵੱਧ ਵੋਟਾਂ ਮਿਲੀਆਂ, ਪਰ ਉਨ੍ਹਾਂ ਦੀ ਜਿੱਤ ਵਾਲੇ ਸ਼ਹਿਰਾਂ ਦੀ ਗਿਣਤੀ ਘਟ ਗਈ। ਉਨ੍ਹਾਂ ਦਾ ਵੋਟ ਹਿੱਸਾ 43.9% ਤੋਂ ਵਧ ਕੇ 44.8% ਹੋ ਗਿਆ, ਪਰ ਜਿਨ੍ਹਾਂ ਸ਼ਹਿਰਾਂ ਵਿਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ, ਉਨ੍ਹਾਂ ਦੀ ਗਿਣਤੀ 1,349 ਤੋਂ ਘਟ ਕੇ 1,101 ਰਹਿ ਗਈ। ਦੇਸ਼ ਭਰ ਵਿਚ ਉਨ੍ਹਾਂ ਨੇ 2,875 ਨਗਰਪਾਲਿਕਾਵਾਂ ਵਿਚ ਜਿੱਤ ਹਾਸਲ ਕੀਤੀ, ਜਦਕਿ ਪਹਿਲਾਂ ਇਹ ਗਿਣਤੀ 3,123 ਸੀ। ਇਸ ਤਰ੍ਹਾਂ ਉਨ੍ਹਾਂ ਦੀ ਜਿੱਤ ਵਾਲੇ ਸ਼ਹਿਰਾਂ ਦੀ ਗਿਣਤੀ 248 ਘਟੀ ਅਤੇ ਇਹ ਸਾਰੇ ਸ਼ਹਿਰ ਉੱਤਰ-ਪੂਰਬ ਤੋਂ ਬਾਹਰ ਸਨ।
ਰਾਜਧਾਨੀਆਂ ਵਿਚ ਲੂਲਾ ਦੀ ਸ਼ਹਿਰੀ ਮਜ਼ਬੂਤੀ ਸਭ ਤੋਂ ਸਪਸ਼ਟ ਨਜ਼ਰ ਆਉਂਦੀ ਹੈ। ਸਾਰੀਆਂ 27 ਰਾਜਧਾਨੀਆਂ ਵਿਚ ਕੁੱਲ ਜਾਇਜ਼ ਵੋਟਾਂ ਵਿਚੋਂ ਉਨ੍ਹਾਂ ਦਾ ਹਿੱਸਾ 2022 ਦੇ 49.7% ਤੋਂ ਵਧ ਕੇ 52.8% ਹੋ ਗਿਆ, ਭਾਵ 3.1 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ। ਉਨ੍ਹਾਂ ਨੇ ਬ੍ਰਾਜ਼ੀਲ ਦੇ 26 ਰਾਜਾਂ ਦੀਆਂ ਰਾਜਧਾਨੀਆਂ ਵਿਚੋਂ 13 ਵਿਚ ਜਿੱਤ ਹਾਸਲ ਕੀਤੀ, ਜਦਕਿ ਪਿਛਲੀ ਚੋਣ ਵਿਚ ਇਹ ਗਿਣਤੀ 11 ਸੀ।
ਰੀਓ ਡੀ ਜਨੇਰੋ ਤੋਂ ਪਤਾ ਲੱਗਦਾ ਹੈ ਕਿ ਹਾਲਾਤ ਕਿੰਨੇ ਬਦਲ ਗਏ ਹਨ। ਉੱਥੇ 2022 ਵਿਚ ਜਾਇਰ ਬੋਲਸੋਨਾਰੋ ਨੇ ਲੂਲਾ ਨੂੰ ਹਰਾਇਆ ਸੀ; ਬੋਲਸੋਨਾਰੋ ਨੂੰ 52.66% ਅਤੇ ਲੂਲਾ ਨੂੰ 47.34% ਵੋਟਾਂ ਮਿਲੀਆਂ ਸਨ। ਇਸ ਸਾਲ ਲੂਲਾ ਨੇ ਉਹ ਨਤੀਜਾ ਉਲਟਾ ਦਿੱਤਾ ਅਤੇ 51.54% ਵੋਟਾਂ ਨਾਲ ਸ਼ਹਿਰ ਵਿਚ ਜਿੱਤ ਹਾਸਲ ਕੀਤੀ।
ਲੂਲਾ ਨੇ ਉਨ੍ਹਾਂ ਰਾਜਧਾਨੀਆਂ ਵਿਚ ਵੀ ਆਪਣੀ ਜਿੱਤ ਦਾ ਫ਼ਰਕ ਵਧਾਇਆ, ਜਿੱਥੇ ਉਹ ਪਹਿਲਾਂ ਹੀ ਜਿੱਤ ਚੁੱਕੇ ਸਨ। ਸਾਓ ਪਾਓਲੋ ਵਿਚ ਉਨ੍ਹਾਂ ਦਾ ਵੋਟ ਹਿੱਸਾ 53.54% ਤੋਂ ਵਧ ਕੇ 55.50% ਹੋ ਗਿਆ। ਪੋਰਟੋ ਅਲੇਗਰੇ ਵਿਚ ਇਹ 53.50% ਤੋਂ ਵਧ ਕੇ 55.84% ਹੋ ਗਿਆ। ਅਮਾਪਾ ਦੀ ਰਾਜਧਾਨੀ ਮਕਾਪਾ ਵਿਚ 2022 ਵਿਚ ਬੋਲਸੋਨਾਰੋ ਨੇ 54.92% ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇਸ ਸਾਲ ਉੱਥੇ ਲੂਲਾ 50.99% ਵੋਟਾਂ ਨਾਲ ਜਿੱਤੇ।
ਵੱਡੇ ਅਤੇ ਛੋਟੇ ਸ਼ਹਿਰਾਂ ਵਿਚਲਾ ਇਹ ਫ਼ਰਕ ਜਿੱਤੀਆਂ ਗਈਆਂ ਨਗਰਪਾਲਿਕਾਵਾਂ ਦੀ ਗਿਣਤੀ ਵਿਚ ਵੀ ਨਜ਼ਰ ਆਉਂਦਾ ਹੈ। 200 ਸਭ ਤੋਂ ਵੱਡੇ ਸ਼ਹਿਰਾਂ ਤੋਂ ਬਾਹਰ ਲੂਲਾ ਨੇ 255 ਨਗਰਪਾਲਿਕਾਵਾਂ ਵਿਚ ਆਪਣੀ ਬੜ੍ਹਤ ਗੁਆ ਦਿੱਤੀ ਅਤੇ ਉਨ੍ਹਾਂ ਦੀ ਬੜ੍ਹਤ ਵਾਲੀਆਂ ਨਗਰਪਾਲਿਕਾਵਾਂ ਦੀ ਗਿਣਤੀ 3,062 ਤੋਂ ਘਟ ਕੇ 2,807 ਰਹਿ ਗਈ। 200 ਸਭ ਤੋਂ ਵੱਡੇ ਸ਼ਹਿਰਾਂ ਵਿਚ ਉਨ੍ਹਾਂ ਦੀ ਬੜ੍ਹਤ ਵਾਲੇ ਸ਼ਹਿਰਾਂ ਦੀ ਗਿਣਤੀ 61 ਤੋਂ ਵਧ ਕੇ 68 ਹੋ ਗਈ।
ਇਹ ਨਤੀਜੇ ਸ਼ਹਿਰਾਂ ਵਿਚ ਵਰਕਰਜ਼ ਪਾਰਟੀ ਦੇ ਵੋਟ ਆਧਾਰ ਦੀ ਲੰਮੇ ਸਮੇਂ ਤੋਂ ਜਾਰੀ ਮੁੜ-ਬਹਾਲੀ ਨੂੰ ਅੱਗੇ ਵਧਾਉਂਦੇ ਹਨ। 2002 ਵਿਚ, ਜਦੋਂ ਲੂਲਾ ਨੇ ਆਪਣੀ ਪਹਿਲੀ ਰਾਸ਼ਟਰਪਤੀ ਚੋਣ ਜਿੱਤੀ ਸੀ, ਪਾਰਟੀ ਨੂੰ 200 ਸਭ ਤੋਂ ਵੱਡੀਆਂ ਨਗਰਪਾਲਿਕਾਵਾਂ ਵਿਚ ਕੁੱਲ ਜਾਇਜ਼ ਵੋਟਾਂ ਦਾ 66.3% ਮਿਲਿਆ ਸੀ। ਇਹ ਹਿੱਸਾ 2006 ਵਿਚ ਘਟ ਕੇ 59.6%, 2010 ਵਿਚ 53.6% ਅਤੇ 2014 ਵਿਚ 46.8% ਰਹਿ ਗਿਆ। ਇਹ 2018 ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ, ਜਦੋਂ ਫਰਨਾਂਡੋ ਹਦਾਦ ਨੇ ਬੋਲਸੋਨਾਰੋ ਵਿਰੁੱਧ ਚੋਣ ਲੜੀ ਅਤੇ ਇਨ੍ਹਾਂ ਸ਼ਹਿਰਾਂ ਵਿਚ ਪਾਰਟੀ ਨੂੰ 38.1% ਵੋਟਾਂ ਮਿਲੀਆਂ। 2022 ਵਿਚ 47.1% ਵੋਟ ਹਿੱਸੇ ਨਾਲ ਮੁੜ ਚੜ੍ਹਤ ਸ਼ੁਰੂ ਹੋਈ ਅਤੇ ਹੁਣ ਇਹ 49.6% ਤੱਕ ਪਹੁੰਚ ਗਿਆ ਹੈ।
ਰਾਜਧਾਨੀਆਂ ਵਿਚ ਵੀ ਇਹੋ ਰੁਝਾਨ ਦਿਖਾਈ ਦਿੰਦਾ ਹੈ। 2002 ਵਿਚ ਵਰਕਰਜ਼ ਪਾਰਟੀ ਨੇ ਸਾਰੀਆਂ 27 ਰਾਜਧਾਨੀਆਂ ਵਿਚ ਜਿੱਤ ਹਾਸਲ ਕੀਤੀ ਸੀ ਅਤੇ ਇਨ੍ਹਾਂ ਵਿਚ ਕੁੱਲ ਜਾਇਜ਼ ਵੋਟਾਂ ਦਾ 66.9% ਪ੍ਰਾਪਤ ਕੀਤਾ ਸੀ। 2018 ਤੱਕ ਉਹ ਸਿਰਫ਼ ਛੇ ਰਾਜਧਾਨੀਆਂ ਵਿਚ ਜਿੱਤ ਸਕੀ ਅਤੇ ਉਸ ਦਾ ਵੋਟ ਹਿੱਸਾ 40.4% ਰਹਿ ਗਿਆ। ਇਸ ਤੋਂ ਬਾਅਦ ਉਸ ਨੇ 2022 ਵਿਚ 11 ਅਤੇ ਇਸ ਸਾਲ 13 ਰਾਜਧਾਨੀਆਂ ਵਿਚ ਜਿੱਤ ਹਾਸਲ ਕੀਤੀ। ਇਸ ਸਾਲ ਰਾਜਧਾਨੀਆਂ ਵਿਚ ਉਸ ਦਾ ਕੁੱਲ ਵੋਟ ਹਿੱਸਾ 52.8% ਰਿਹਾ।
ਵੋਟਰਾਂ ਦੀ ਗਿਣਤੀ ਦੇ ਆਧਾਰ ’ਤੇ ਕੀਤੀ ਵੰਡ ਤੋਂ ਪਤਾ ਲੱਗਦਾ ਹੈ ਕਿ ਵਾਧਾ ਕਿੱਥੇ ਕੇਂਦਰਿਤ ਹੈ। ਵਿਸ਼ਲੇਸ਼ਣ ਵਿਚ ਤੁਲਨਾ ਦੇ ਯੋਗ 5,570 ਨਗਰਪਾਲਿਕਾਵਾਂ ਨੂੰ 2022 ਵਿਚ ਪਈਆਂ ਕੁੱਲ ਜਾਇਜ਼ ਵੋਟਾਂ ਦੀ ਗਿਣਤੀ ਅਨੁਸਾਰ ਦਰਜਾਬੱਧ ਕਰਕੇ ਦਸ ਬਰਾਬਰ ਸਮੂਹਾਂ ਵਿਚ ਵੰਡਿਆ ਗਿਆ। ਲੂਲਾ ਨੂੰ ਸਿਰਫ਼ ਸਭ ਤੋਂ ਉੱਪਰਲੇ ਸਮੂਹ ਵਿਚ ਹੀ ਵਾਧਾ ਮਿਲਿਆ, ਜਿਸ ਵਿਚ 557 ਸਭ ਤੋਂ ਵੱਡੀਆਂ ਨਗਰਪਾਲਿਕਾਵਾਂ ਸ਼ਾਮਲ ਹਨ। ਉੱਥੇ ਉਨ੍ਹਾਂ ਦਾ ਵੋਟ ਹਿੱਸਾ 47.6% ਤੋਂ ਵਧ ਕੇ 49.6% ਹੋ ਗਿਆ, ਭਾਵ ਦੋ ਪ੍ਰਤੀਸ਼ਤ ਅੰਕਾਂ ਦਾ ਵਾਧਾ ਹੋਇਆ। ਬਾਕੀ ਨੌਂ ਸਮੂਹਾਂ ਵਿਚ, ਜਿਨ੍ਹਾਂ ਵਿਚ 5,013 ਸ਼ਹਿਰ ਸ਼ਾਮਲ ਹਨ, ਉਨ੍ਹਾਂ ਦਾ ਵੋਟ ਹਿੱਸਾ ਔਸਤਨ 1.4 ਪ੍ਰਤੀਸ਼ਤ ਅੰਕ ਘਟਿਆ। ਸਭ ਤੋਂ ਵੱਧ ਗਿਰਾਵਟ 557 ਸਭ ਤੋਂ ਛੋਟੀਆਂ ਨਗਰਪਾਲਿਕਾਵਾਂ ਵਿਚ ਆਈ, ਜਿੱਥੇ ਉਨ੍ਹਾਂ ਦਾ ਵੋਟ ਹਿੱਸਾ 3.9 ਪ੍ਰਤੀਸ਼ਤ ਅੰਕ ਘਟ ਕੇ 50.6% ਤੋਂ 46.7% ਰਹਿ ਗਿਆ। (ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ)