ਗੁਰਮਤਿ ਚਿੰਤਨ ਵਿਚ ਨਾਰੀ ਚੇਤਨਾ ਅਤੇ ਇਸਤ੍ਰੀ ਦਾ ਸਥਾਨ

ਗੁਰਨਾਮ ਕੌਰ
ਪ੍ਰੋਫੈਸਰ (ਸੇਵਾਮੁਕਤ)
ਗੁਰਮਤਿ ਚਿੰਤਨ ਦਾ ਮੂਲ ਸ੍ਰੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਗੁਰਮਤਿ ਚਿੰਤਨ ਵਿਚ ਮਨੁੱਖ ਦੀ ਜਨਮ-ਮੂਲਕ ਬਰਾਬਰੀ ਦਾ ਸਿਧਾਂਤ ਸਮੁੱਚੀ ਮਨੁੱਖਤਾ ਅੰਦਰ ਵਿਆਪਕ ਇੱਕੋ ਰੱਬੀ ਜੋਤਿ ਦਾ ਹੋਣਾ ਦਿੱਤਾ ਗਿਆ ਹੈ, ‘ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥’

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰ.13)। ਗੁਰਮਤਿ ਚਿੰਤਨ ਅਨੁਸਾਰ ਮਨੁੱਖ ਸੰਸਾਰ ‘ਤੇ ਉਦੋਂ ਜਨਮ ਲੈਂਦਾ ਹੈ ਜਦੋਂ ਪਰਮਾਤਮਾ ਉਸ ਅੰਦਰ ਆਪਣੀ ਜੋਤਿ ਰਖਦਾ ਹੈ, ‘ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥'(ਪੰ.921) ਇਹ ਮਨੁੱਖੀ ਬਰਾਬਰੀ ਦਾ ਮੂਲ ਸਿਧਾਂਤ ਹੈ, ਜਿਸ ਵਿਚ ਇਹ ਨਹੀਂ ਕਿਹਾ ਕਿ ਪੁਰਸ਼ ਜਗ ‘ਤੇ ਆਇਆ ਜਾਂ ਇਸਤ੍ਰੀ ਜਗ ‘ਤੇ ਆਈ। ਇਸ ਤਰ੍ਹਾਂ ਸਾਰੇ ਜੀਵਾਂ ਵਿਚ ਉਹ ਇੱਕ ਹੀ ਪਰਮਜੋਤਿ ਪ੍ਰਕਾਸ਼ਮਾਨ ਹੈ ਅਤੇ ਮਨੁੱਖ ਦੇ ਸਾਹਮਣੇ ਆਦਰਸ਼ ਉਸ ਪਰਮਜੋਤਿ, ਜੋ ਹਰ ਇੱਕ ਅੰਦਰ ਵਿਆਪਕ ਹੈ, ਨੂੰ ਅਨੁਭਵ ਕਰਨ ਦਾ ਰੱਖਿਆ ਹੈ, ਭਾਵੇਂ ਕੋਈ ਇਸਤ੍ਰੀ ਹੈ ਜਾਂ ਪੁਰਸ਼, ‘ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥'(ਪੰ.441)। ਇਸੇ ਨੂੰ ਗੁਰੂ ਨਾਨਕ ਸਾਹਿਬ ਨੇ ‘ਸਚਿਆਰ’ ਹੋਣਾ ਕਿਹਾ ਹੈ, ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥’ (ਪੰ.1)। ਸਤਿ ੴ ਦਾ ਗੁਣ ਹੈ ਅਤੇ ਇਸ ਸਤਿ ਦੀ ਪ੍ਰਾਪਤੀ ਹੀ ‘ਸਚਿਆਰ’ ਪਦ ਹੈ। ਗੁਰਮਤਿ ਚਿੰਤਨ ਵਿਚ ਦੱਸਿਆ ਹੈ ਕਿ ਸਤਿ ਸਭ ਤੋਂ ਉਪਰ ਹੈ ਪ੍ਰੰਤੂ ਸਤਿ ਦਾ ਅਨੁਭਵ ਪ੍ਰਾਪਤ ਕਰਕੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ ਉਸ ਤੋਂ ਵੀ ਉਪਰ ਹੈ, ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥'(ਪੰ.62)। ਇਸ ਆਦਰਸ਼ ਦੀ ਪ੍ਰਾਪਤੀ ਲਈ ਜੋ ਗੁਰਮਤਿ ਜੁਗਤਿ ਦਿੱਤੀ ਹੈ, ਉਹ ਗੁਰੂ ਨਾਨਕ ਸਾਹਿਬ ਨੇ ਜਪੁਜੀ ਦੇ ਅਰੰਭ ਵਿਚ ਹੀ ਸਪੱਸ਼ਟ ਕਰ ਦਿੱਤੀ ਹੈ, ਜਦੋਂ ਉਹ ਪ੍ਰਸ਼ਨ ਰੱਖਦੇ ਹਨ, ‘ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ’ ਅਤੇ ਨਾਲ ਹੀ ਇਸ ਦਾ ਉੱਤਰ ਦਿੰਦੇ ਹਨ, ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥'(ਪੰ.1)। ਉਸ ਕੁਦਰਤੀ ਹੁਕਮ ਨੂੰ ਸਮਝਣਾ ਅਤੇ ਉਸ ਦਾ ਅਨੁਸਾਰੀ ਹੋ ਕੇ ਚੱਲਣਾ, ਜੋ ਮਨੁੱਖ ਦੇ ਅੰਦਰ ਹੀ ਨਿਹਤ ਹੈ ਅਤੇ ਇਸ ਦੀ ਜੁਗਤਿ ਗੁਰੂ ਪਾਸੋਂ ਪਤਾ ਲੱਗਣੀ ਹੈ। ਗੁਰਮਤਿ ਚਿੰਤਨ ਅਨੁਸਾਰ ਗੁਰੂ ਸ਼ਬਦ ਹੈ, ‘ਸਬਦੁ ਗੁਰੂ ਸੁਰਤਿ ਧੁਨਿ ਚੇਲਾ॥'(ਪੰ.943)। ਸ਼ਬਦ ਅਚੁੱਕ ਹੈ ਅਤੇ ਅਬਿਨਾਸ਼ੀ ਹੈ। ਇਸ ਲਈ ਸ਼ਬਦ ਵਿਚ, ਬਾਣੀ ਵਿਚ ਭਰੋਸਾ ਹੀ ਗੁਰੂ ਵਿਚ ਭਰੋਸਾ ਹੈ। ਇਸ ਭਰੋਸੇ ਲਈ, ਇਸ ਅਨੁਭਵੀ ਮਾਰਗ ‘ਤੇ ਚੱਲਣ ਲਈ ਇਸਤ੍ਰੀ ਜਾਂ ਪੁਰਸ਼ ਹੋਣ ਦੀ ਕੋਈ ਸ਼ਰਤ ਨਹੀਂ ਹੈ, ਕੋਈ ਵਖਰੇਵਾਂ ਨਹੀਂ ਹੈ। ਗੁਰਮਤਿ ਚਿੰਤਨ ਅਨੁਸਾਰ ਮਨੁੱਖ ਜਾਤ, ਜਨਮ, ਇਸਤ੍ਰੀ ਜਾਂ ਪੁਰਸ਼ ਹੋਣ ਕਾਰਨ ਵੱਡਾ ਜਾ ਛੋਟਾ, ਊਚਾ ਜਾਂ ਨੀਵਾਂ ਨਹੀਂ ਹੁੰਦਾ। ਮਨੁੱਖ ਆਪਣੇ ਅਮਲਾਂ ਕਾਰਨ ਛੋਟਾ ਜਾਂ ਵੱਡਾ, ਊਚਾ ਜਾਂ ਨੀਵਾਂ ਹੁੰਦਾ ਹੈ, ‘ਬਾਬਾ ਬੋਲੀਐ ਪਤਿ ਹੋਇ॥ ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ॥'(ਪੰ.15); ਅਤੇ ਗੁਰੂ ਨਾਨਕ ਸਾਹਿਬ ਨੇ ਕਿਸੇ ਕਿਸਮ ਦੀ ਵੀ ਕਿਰਤ ਕਰਨ ਵਾਲੇ ਨੂੰ ਨੀਵਾਂ ਨਹੀਂ ਕਿਹਾ, ਉਨ੍ਹਾਂ ਨਾਲ ਤਾਂ ਖੜ੍ਹਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਲਬੁ (ਲਾਲਚ), ਕੂੜੁ (ਝੂਠ ਬੋਲਣਾ), ਕ੍ਰੋਧ ਆਦਿ ਨੂੰ ਨੀਚ ਕੰਮਾਂ ਨਾਲ ਜੋੜਿਆ ਹੈ। ਇਸ ਤਰ੍ਹਾਂ ਗੁਰਮਤਿ ਚਿੰਤਨ ਵਿਚ ਇਸਤ੍ਰੀ ਜਾਂ ਪੁਰਸ਼ ਹੋਣ ਦੇ ਨਾਤੇ, ਜਾਤ ਜਾਂ ਜਨਮ ਕਰਕੇ ਮਨੁੱਖ ਵਿਚ ਕੋਈ ਵੰਡ ਨਹੀਂ ਕੀਤੀ, ਸਾਰੇ ਜੀਵ ਬਰਾਬਰ ਹਨ। ‘ਬਰਾਬਰਤਾ’ ਦਾ ਸੰਕਲਪ ਸਮਾਜਿਕ ਨਿਆਉਂ ਨਾਲ ਜੁੜਿਆ ਹੋਇਆ ਹੈ। ‘ਸਮਾਜਿਕ ਨਿਆਉਂ’ ਦਾ ਅਰਥ ਹੈ ਕਿ ਸਮਾਜਿਕ ਤੌਰ ‘ਤੇ ਸਭ ਦੇ ਹੱਕ ਬਰਾਬਰ ਹਨ, ਇਸਤ੍ਰੀ ਜਾਂ ਪੁਰਸ਼ ਹੋਣ ਦੇ ਨਾਤੇ ਉਨ੍ਹਾਂ ਦੇ ਅਧਿਕਾਰਾਂ ਵਿਚ ਕੋਈ ਫ਼ਰਕ ਨਹੀਂ ਹੈ, ਉਨ੍ਹਾਂ ਨਾਲ ਬਰਾਬਰ ਦਾ ਵਰਤਾਉ ਹੋਣਾ ਚਾਹੀਦਾ ਹੈ। ਕਹਿਣ ਤੋਂ ਭਾਵ ਹੈ ਕਿ ਇਸਤ੍ਰੀ ਜਾਂ ਪੁਰਸ਼ ਹੋਣ ਦੇ ਨਾਤੇ ਉਹ ਇੱਕੋ ਜਿਹੇ ਵਰਤਾਉ ਦੇ, ਇੱਕੋ ਜਿਹੇ ਮੌਕਿਆਂ ਦੇ ਹੱਕਦਾਰ ਹਨ, ਕੋਈ ਪੱਖਪਾਤ ਨਹੀਂ, ਉਹ ਸਮਾਜ ਦੇ ਇੱਕੋ ਜਿਹੇ ਭਾਗੀਦਾਰ ਜਾਂ ਮੈਂਬਰ ਹਨ। ਗੁਰਮਤਿ ਵਿਚ ਮਨੁੱਖ ਦੀਆਂ ਦੋ ਹੀ ਕੋਟੀਆਂ ਪਰਵਾਨ ਕੀਤੀਆਂ ਹਨ, ਭਾਵੇਂ ਕੋਈ ਇਸਤ੍ਰੀ ਹੈ ਜਾਂ ਪੁਰਸ਼, ਗੁਰਮੁਖਿ ਅਤੇ ਮਨਮੁਖਿ। ਗੁਰਮੁਖਿ ਉਹ ਹੈ ਜੋ ਗੁਰੂ ਦੀ ਸਿੱਖਿਆ ਅਨੁਸਾਰ ਚੱਲਦਾ ਹੈ, ਸ਼ਬਦ ਦਾ ਅਨੁਸਾਰੀ ਹੈ; ਮਨਮੁਖਿ ਜੋ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਆਦਿ ਵਿਕਾਰਾਂ ਵਿਚ ਉਲਝੇ ਮਨ ਦੀ ਮੱਤ ਅਨੁਸਾਰ ਚੱਲਦਾ ਹੈ। ਇਸ ਤਰ੍ਹਾਂ ਮਨਮੁਖਿ ਗੈਰ-ਪਰਵਾਨਿਤ ਸ਼੍ਰੇਣੀ ਹੈ। ਅਸੀਂ ਦੇਖ ਸਕਦੇ ਹਾਂ ਕਿ ਅਧਿਆਤਮਕ ਪ੍ਰਾਪਤੀ ਲਈ ਇਸਤ੍ਰੀ ਪੁਰਸ਼ ਦੇ ਬਰਾਬਰ ਦੀ ਹੱਕਦਾਰ ਹੈ, ਕੋਈ ਵਖਰੇਵਾਂ ਨਹੀਂ ਹੈ।
ਹਰ ਧਰਮ ਵਿਚ ਇਲਹਾਮ ਦਾ, ਰੱਬੀ ਪ੍ਰਕਾਸ਼ਨ ਦਾ ਕੋਈ ਨਾ ਕੋਈ ਮਾਧਿਅਮ ਹੁੰਦਾ ਹੈ ਅਤੇ ਉਸ ਮਾਧਿਅਮ ਦੇ ਸਤਿ ਦੇ ਪ੍ਰਕਾਸ਼ਨ ਦੇ ਆਪਣੇ ਆਪਣੇ ਬਿੰਬ ਅਤੇ ਚਿੰਨ੍ਹ ਵੀ ਹੁੰਦੇ ਹਨ। ਕਿਸੇ ਵੀ ਇਲਹਾਮੀ ਧਰਮ ਦਾ ਡੂੰਘਾ ਅਧਿਐਨ ਕਰੀਏ ਤਾਂ ਅਸੀਂ ਇਨ੍ਹਾਂ ਚਿੰਨ੍ਹਾਂ ਨੂੰ ਭਲੀ-ਭਾਂਤ ਦੇਖ ਸਕਦੇ ਹਾਂ। ਗੁਰਮਤਿ ਇਲਹਾਮ, ਗੁਰੂ ਜੋਤਿ ਅਤੇ ਗੁਰੂ ਜੁਗਤ ਰਾਹੀਂ ਬਾਣੀ ਦੇ ਰੂਪ ਵਿਚ ਹੋਇਆ ਹੈ ਜਿਸ ਸਤਿ ਦਾ ਪ੍ਰਕਾਸ਼ਨ ਗੁਰੂ ਸਾਹਿਬਾਨ ਨੇ ਲੋਕਾਂ ਦੇ ਬੋਲੀ ਜਾਣ ਵਾਲੀ ਭਾਸ਼ਾ ਵਿਚ ਕਾਵਿ ਰੂਪ ਵਿਚ ਕੀਤਾ। ਜੇ ਅਸੀਂ ਬਾਣੀ ਦਾ ਅਧਿਐਨ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਗੁਰੂ ਸਾਹਿਬਾਨ ਨੇ ਕੁਦਰਤਿ, ਸਮਾਜ ਅਤੇ ਆਮ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਵਿਚੋਂ ਚਿੰਨ੍ਹ ਲੈ ਕੇ ਇਸ ਸਤਿ ਨੂੰ ਪਰਗਟ ਕੀਤਾ ਹੈ। ਸਮੁੱਚੀ ਬਾਣੀ ਵਿਚ ਦੋ ਚਿੰਨ੍ਹਾਂ ਇਸਤ੍ਰੀ ਅਤੇ ਪੁਰਸ਼ ਦੀ ਭਰਪੂਰ ਵਰਤੋਂ ਹੋਈ ਹੈ। ਇਸਤ੍ਰੀ ਜਗਿਆਸੂ ਦਾ, ਖੋਜੀ ਦਾ, ਭਗਤ ਦਾ, ਸਿੱਖ ਦਾ, ਜੀਵ-ਆਤਮਾ ਦਾ ਚਿੰਨ੍ਹ ਹੈ ਜਿਸ ਨੂੰ ਦੱਸਣ ਲਈ ਧਨ, ਕਾਮਣਿ, ਭੈਣ, ਸਹੇਲੀ, ਪਤਨੀ, ਸੁਹਾਗਣ, ਸੁਲਖਣੀ, ਮਾਈ ਆਦਿ ਦੇ ਪ੍ਰਸੰਗਾਂ ਰਾਹੀਂ ਪਰਗਟ ਕੀਤਾ ਹੈ। ਇੱਥੋਂ ਤੱਕ ਕਿ ਪਰਮਾਤਮਾ ਪ੍ਰਤੀ ਆਪਣੀ ਤਾਂਘ, ਵੇਦਨਾ ਅਤੇ ਜਗਿਆਸਾ ਨੂੰ ਦੱਸਣ ਲਈ ਗੁਰੂ ਸਾਹਿਬਾਨ ਨੇ ਆਪਣੇ ਆਪ ਨੂੰ ਇਸਤ੍ਰੀ ਦੇ ਰੂਪ ਵਿਚ ਦੱਸਿਆ ਹੈ, ਉਦਾਹਰਣ ਲਈ, ‘ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ॥ ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ॥ ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ॥ ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ॥'(ਪੰ.244)। ਇਥੇ ਪਿਰ ਪਰਮਾਤਮਾ ਲਈ ਵਰਤਿਆ ਚਿੰਨ੍ਹ ਹੈ, ਜਿਸ ਨੂੰ ਪਤੀ, ਪ੍ਰੀਤਮ, ਸਾਹਿਬ, ਪਿਤਾ ਆਦਿ ਪ੍ਰਸੰਗ ਅਨੁਸਾਰ ਵੱਖਰੇ- ਵੱਖਰੇ ਚਿੰਨ੍ਹਾਂ ਰਾਹੀਂ ਪਰਗਟ ਕੀਤਾ ਹੈ। ਸਹੇਲੀ, ਸਖੀ ਅਤੇ ਭੈਣ ਆਮ ਤੌਰ ‘ਤੇ ਸਤਿਸੰਗੀ ਅਤੇ ਸਾਥੀ ਦੇ ਰੂਪ ਵਿਚ ਆਏ ਹਨ, ਜਿਵੇਂ, ‘ਆਉ ਸਖੀ ਹਰਿ ਮੇਲੁ ਕਰੇਹਾ॥ ਮੇਰੇ ਪ੍ਰੀਤਮੁ ਕਾ ਮੈ ਦੇਇ ਸਨੇਹਾ॥ ਮੇਰਾ ਮਿਤ੍ਰ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ॥'(ਪੰ.95)। ਇਸੇ ਤਰ੍ਹਾਂ ਪਤਨੀ, ਸੁਲੱਖਣੀ, ਸੁਹਾਗਣ ਆਦਿ ਗੁਰਮੁਖਿ ਲਈ ਵਰਤੇ ਗਏ ਚਿੰਨ੍ਹ ਹਨ। ਮਨਮੁਖਿ ਲਈ ਕੁਲਖਣੀ, ਦੁਹਾਗਣ ਸ਼ਬਦ ਆਮ ਵਰਤੇ ਗਏ ਹਨ। ਇਸੇ ਤਰ੍ਹਾਂ ਪਰਮਾਤਮਾ ਲਈ ਕੰਤ, ਪਿਰ, ਪਤੀ, ਸੁਹਾਗ ਆਦਿ ਸ਼ਬਦ ਵਰਤੇ ਗਏ ਹਨ। ਗੁਰਮਤਿ ਚਿੰਤਨ ਵਿਚ ਜਿੱਥੇ ਇਸਤ੍ਰੀ ਨੂੰ ਅਧਿਆਤਮਕ ਪ੍ਰਾਪਤੀ ਦੇ ਬਰਾਬਰ ਦੇ ਅਧਿਕਾਰ ਪ੍ਰਾਪਤ ਹਨ, ਉਥੇ ਹੀ ਸਮਾਜਿਕ ਤੌਰ ‘ਤੇ ਵੀ ਉਸ ਨੂੰ ਸਤਿਕਾਰਯੋਗ ਸਥਾਨ ਦਿੱਤਾ ਗਿਆ ਹੈ ਅਤੇ ਉਹ ਪੁਰਸ਼ ਦੀ ਤਰ੍ਹਾਂ ਸਮਾਜਿਕ ਬਰਾਬਰੀ ਅਤੇ ਨਿਆਉਂ ਦੀ ਹੱਕਦਾਰ ਹੈ ਕਿਉਂਕਿ ਬਰਾਬਰਤਾ ਦਾ ਸਬੰਧ ਸਮਾਜਿਕ ਨਿਆਉਂ ਅਤੇ ਬਰਾਬਰ ਦੇ ਮੌਕੇ ਮਿਲਣ ਨਾਲ ਜੁੜਿਆ ਹੋਇਆ ਹੈ। ਸਮਾਜਿਕ ਨਿਆਉਂ ਅਤੇ ਬਰਾਬਰ ਦੇ ਮੌਕਿਆਂ ਤੋਂ ਬਿਨਾਂ ਬਰਾਬਰਤਾ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਗੁਰੂ ਸਾਹਿਬਾਨ ਨੇ ਇਸ ਪੱਖ ਤੋਂ ਸਮਾਜ ਨੂੰ ਚੇਤੰਨ ਵੀ ਕੀਤਾ ਹੈ ਅਤੇ ਸਮਾਜਿਕ ਚੇਤਨਾ ਦੇ ਨਾਲ-ਨਾਲ ਇਸਤ੍ਰੀ ਨੂੰ ਆਪ ਵੀ ਚੇਤੰਨ ਹੋਣ ਦੀ ਪ੍ਰੇਰਨਾ ਕੀਤੀ ਹੈ। ਬਾਣੀ ਅਨੁਸਾਰ ਤਾਂ ਉਹ ਸਿਰਜਣਹਾਰ ਹੀ ਇਕੱਲਾ ਪੁਰਸ਼ ਹੈ ਬਾਕੀ ਸਭ ਉਸ ਦੀਆਂ ਜੀਵ-ਇਸਤ੍ਰੀਆਂ ਹਨ, ‘ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ॥’ (ਪੰ. 527) ਅਤੇ ‘ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥ ਸਭਿ ਘਟਿ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ॥ ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ॥’ (ਮ.3, ਪੰ.591)। ਅਰਥਾਤ ਪਰਮਹਸਤੀ, ਜੋ ਇਸ ਸ੍ਰਿਸ਼ਟੀ ਦਾ ਰਚਣਹਾਰਾ ਵੀ ਹੈ, ਇੱਕੋ ਪਤੀ ਹੈ, ਹੋਰ ਸਾਰੀ ਸ੍ਰਿਸ਼ਟੀ ਉਸ ਦੀ ਪਤਨੀ ਹੈ। ਉਹ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ, ਇਸ ਨੂੰ ਭੋਗਦਾ ਹੈ ਅਤੇ ਇਸ ਤੋਂ ਅਲਿਪਤ ਵੀ ਹੈ ਜਿਸ ਨੂੰ ਸਮਝਿਆ ਨਹੀਂ ਜਾ ਸਕਦਾ। ਪੂਰੇ ਗੁਰੂ ਰਾਹੀਂ ਉਸ ਨੂੰ ਦੇਖ ਸਕੀਦਾ ਹੈ ਅਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੀ ਸਮਝ ਪੈਂਦੀ ਹੈ। ਗੁਰੂ ਦੇ ਸ਼ਬਦ ਦੀ ਸੋਝੀ ਰਾਹੀਂ ਜੋ ਉਸ ਨੂੰ ਜਪਦੇ ਹਨ, ਉਸ ਦੀ ਵਿਆਪਕਤਾ ਨੂੰ ਅਨੁਭਵ ਕਰਦੇ ਹਨ ਉਹ ਉਸ ਵਰਗੇ ਹੋ ਜਾਂਦੇ ਹਨ। ਗੁਰਮਤਿ ਚਿੰਤਨ ਵਿਚ ਜੋ ਸਿਧਾਂਤ ਦਿੱਤੇ ਗਏ ਹਨ ਉਨ੍ਹਾਂ ਦੇ ਅਮਲੀ ਪ੍ਰਕਾਸ਼ਨ ਲਈ ਸਮੇਂ-ਸਮੇਂ ਗੁਰੂ ਸਾਹਿਬਾਨ ਨੇ ਸੰਸਥਾਵਾਂ ਵੀ ਕਾਇਮ ਕੀਤੀਆਂ। ਇਸਤ੍ਰੀ ਦੇ ਬਿੰਬ ਰਾਹੀਂ ਅਧਿਆਤਮਕ ਪ੍ਰਾਪਤੀ ਦੇ ਰਸਤੇ ਦਾ ਜੋ ਵਰਣਨ ਕੀਤਾ ਹੈ, ਉਸ ਨੂੰ ਸਮਝਣ ਲਈ ਰਾਗੁ ਸੂਹੀ ਵਿਚ ਗੁਰੂ ਰਾਮਦਾਸ ਸਾਹਿਬ ਦੀ ਰਚੀ ਬਾਣੀ ‘ਲਾਵਾ’ ਦਾ ਸੰਖੇਪ ਅਧਿਐਨ ਕਰ ਸਕਦੇ ਹਾਂ।
‘ਲਾਵਾ’ ਸਿਰਲੇਖ ਤੋਂ ਪਹਿਲੇ ਸ਼ਬਦ ਵਿਚ ਬਾਣੀ ਵਿਚ ਭਰੋਸਾ ਲਿਆਉਣ ਦੀ ਪ੍ਰੇਰਨਾ ਕੀਤੀ ਗਈ ਹੈ। ਇਥੇ ਜੀਵ ਇਸਤ੍ਰੀ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਉਸ ਨੂੰ ਗੁਰੂ ਮਿਲ ਜਾਵੇ ਤਾਂ ਜੋ ਸਿਮਰਨ ਦੁਆਰਾ ਹਉਮੈ ਰੋਗ ਨੂੰ ਦੂਰ ਕਰ ਲਵੇ, ‘ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ॥’ (ਪੰ772)। ਦੱਸਿਆ ਹੈ ਕਿ ਜਿਸ ਜੀਵ-ਰੂਪ ਇਸਤ੍ਰੀ ਨੂੰ ਗੁਰੂ ਦੀ ਬਾਣੀ ਨਾਲ ਸਦੀਵੀ ਪਿਆਰ ਹੋ ਜਾਂਦਾ ਹੈ, ਉਸ ਦੇ ਅੰਦਰੋਂ ਹਰ ਤਰ੍ਹਾਂ ਦੇ ਪਾਪ ਅਤੇ ਵਿਕਾਰ ਦੂਰ ਹੋ ਜਾਂਦੇ ਹਨ, ਹਉਮੈ ਰੋਗ ਤੋਂ ਉਹ ਛੁਟ ਜਾਂਦੀ ਹੈ ਅਤੇ ਸਹਿਜ ਅਵਸਥਾ ਵਿਚ ਟਿਕ ਜਾਂਦੀ ਹੈ। ਇਥੇ ਜੀਵ ਨੂੰ ਇਸਤ੍ਰੀ ਕਿਹਾ ਹੈ, ਉਸ ਦੇ ਹਿਰਦੇ ਨੂੰ ਸੇਜ ਕਿਹਾ ਹੈ। ਅਕਾਲ ਪੁਰਖ ਨੂੰ ਆਤਮਕ ਸੂਝ ਦਾ ਮੂਲ ਕਿਹਾ ਹੈ, ਉਹ ਗਿਆਨ-ਸਰੂਪ ਹੈ ਜਿਸ ਨਾਲ ਮਿਲਾਪ ਦਾ ਜੀਵ-ਇਸਤ੍ਰੀ ਸੁੱਖ ਭੋਗਦੀ ਹੈ। ਅਕਾਲ ਪੁਰਖ ਨਾਲ ਮਿਲਾਪ, ਜਿਸ ਨੂੰ ਸੰਜੋਗ ਕਿਹਾ ਹੈ, ਉਸ ਲਈ ਆਤਮਕ ਅਨੰਦ ਦੀ ਸਿਖਰ ਹੈ। ਇਸ ਦੇ ਨਾਲ ਹੀ ਅੱਗੇ ਚੱਲ ਕੇ ਗੁਰੂ ਵਾਸਤੇ ‘ਕੁੜਮ’ ਚਿੰਨ੍ਹ ਵਰਤਿਆ ਹੈ ਜੋ ਜੀਵ-ਇਸਤ੍ਰੀ ਦਾ ਅਕਾਲ ਪੁਰਖ ਨਾਲ ਮੇਲ ਕਰਾਉਣ ਵਾਸਤੇ ਵਿਚੋਲਗਿਰੀ ਦਾ ਕੰਮ ਕਰਨ ਆਇਆ ਹੈ, ‘ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ॥’ ਪੰ.773)। ਪਰਮਾਤਮਾ ਦੀ ਹਜ਼ੂਰੀ ਨੂੰ ‘ਮਹਲੁ’ ਕਿਹਾ ਹੈ। ਲਗਨੁ, ਪਾਧਾ, ਪੰਡਤਿ, ਪੱਤਰੀ, ਸਾਜਨ, ਵਰ ਆਦਿ ਦੇ ਚਿੰਨ੍ਹਾਂ ਰਾਹੀਂ ਦੱਸਿਆ ਹੈ ਕਿ ਗੁਰੂ ਦੀ ਮਿਹਰ ਰਾਹੀਂ ਜੀਵ ਦੇ ਅੰਦਰ ਜਦੋਂ ਵਾਹਿਗੁਰੂ ਦੀ ਜੋਤਿ ਦਾ ਅਨੁਭਵ ਹੁੰਦਾ ਹੈ, ਜੋਤਿ ਪਰਗਟ ਹੁੰਦੀ ਹੈ ਤਾਂ ਜੀਵ ਅਨੰਦਮਈ ਹੋ ਜਾਂਦਾ ਹੈ। ਗੁਰਮੁਖਿ ਸਾਧਸੰਗਤਿ ਵਿਚ ਮਿਲ ਬੈਠ ਕੇ ਬਾਣੀ ਪੜ੍ਹਦੇ ਅਤੇ ਵਿਚਾਰਦੇ ਹਨ ਅਤੇ ਇਸ ਨਾਲ ਜੀਵ-ਇਸਤ੍ਰੀ ਦੇ ਅੰਦਰ ਸੱਜਣ-ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ। ਵਾਹਿਗੁਰੂ ਗਿਆਨ-ਇੰਦ੍ਰੀਆਂ ਦੀ ਪਹੁੰਚ ਤੋਂ ਪਰੇ ਹੈ। ਉਸ ਦਾ ਪ੍ਰੇਮ ਸਦਾ ਨਵਾਂ ਹੈ ਅਤੇ ਉਹ ਬਚਪਨ ਤੋਂ ਹੀ ਮਿੱਤਰ ਹੈ, ਗੁਰੂ ਦੀ ਮਿਹਰ ਰਾਹੀਂ ਜਦੋਂ ਉਸ ਨਾਲ ਇੱਕ ਵਾਰ ਜੀਵ-ਇਸਤ੍ਰੀ ਦਾ ਮਿਲਾਪ ਹੋ ਜਾਂਦਾ ਹੈ ਤਾਂ ਉਹ ਸਦਾ ਸੁਹਾਗਣ ਹੈ, ਫਿਰ ਉਹ ਵਾਹਿਗੁਰੂ ਤੋਂ ਵਿਛੜਦੀ ਨਹੀਂ।
‘ਲਾਵਾ’ (ਰਾਗੁ ਸੂਹੀ, ਮਹਲਾ 4, ਪੰ. 772-773) ਸਿਰਲੇਖ ਵਾਲੀ ਬਾਣੀ ਦਾ ਅਧਿਆਤਮਕ ਅਤੇ ਦੁਨਿਆਵੀ ਸੰਦਰਭ ਹੈ ਕਿਉਂਕਿ ਗੁਰਮਤਿ ਚਿੰਤਨ ਵਿਚ ਅਧਿਆਤਮਿਕਤਾ ਸੰਸਾਰਕ ਜੀਵਨ ਨਾਲ ਸੁਮੇਲ ਵਿਚ ਹੈ ਭਿੰਨਤਾ ਵਿਚ ਨਹੀਂ। ‘ਲਾਵਾ’ ਦਾ ਪਾਠ ਜੋ ਸਿੱਖ ਰਹਿਤ-ਮਰਿਯਾਦਾ ਅਨੁਸਾਰ ਵਿਆਹੁਤ-ਸਬੰਧ ਨੂੰ ਸੰਪੰਨ ਕਰਨ ਹਿਤ ਕੀਤਾ ਜਾਂਦਾ ਹੈ, ਵਿਚ ਦੱਸਿਆ ਹੈ ਕਿ ਜੀਵ-ਇਸਤ੍ਰੀ ਦਾ ਪਰਮਹਸਤੀ ਨਾਲ ਮੇਲ ਹੀ ਉਸ ਨਾਲ ਵਿਆਹ ਹੈ। ਦੁਨਿਆਵੀ ਸੰਦਰਭ ਵਿਚ ਇਹ ਇਸਤ੍ਰੀ ਦਾ ਪਤੀ ਨਾਲ ਮੇਲ ਹੈ। ਅਧਿਆਤਮਕ ਸੰਦਰਭ ਵਿਚ ਜੀਵ-ਰੂਪੀ ਇਸਤ੍ਰੀ ਇੱਥੇ ਵਾਹਿਗੁਰੂ ਤੋਂ ਸਦਕੇ ਜਾਂਦੀ ਹੈ ਕਿ ਗੁਰੂ ਨੇ ਅਕਾਲ ਪੁਰਖ ਦਾ ਨਾਮ ਜਪਣ ਦੇ ਉਸ ਨੂੰ ਆਹਰ ਲਾਇਆ ਹੈ। ਇਹ ਪਰਮਾਤਮ-ਪਤੀ ਨਾਲ ਉਸ ਦੀ ਪਹਿਲੀ ਲਾਂਵ ਹੈ। ਇਥੇ ਬਾਣੀ ਨੂੰ ਦ੍ਰਿੜ ਕਰਨ ਲਈ ਕਿਹਾ ਹੈ ਜੋ ਕਿ ਜਗਿਆਸੂ ਸਿੱਖ ਲਈ ਬ੍ਰਹਮਾ ਵੇਦ ਹੈ। ਨਾਮ-ਸਿਮਰਨ ਨੂੰ ਇਥੇ ਸਿਮਰਤੀ-ਸ਼ਾਸਤ੍ਰ ਕਿਹਾ ਹੈ ਜਿਸ ਨਾਲ ਧਰਮ ਪੱਕਾ ਹੁੰਦਾ ਹੈ, ਪਾਪ ਦੂਰ ਹੁੰਦੇ ਹਨ। ਦੂਸਰੀ ਲਾਂਵ ਵਿਚ ਜੀਵ-ਇਸਤ੍ਰੀ ਦੇ ਮਨ ਵਿਚੋਂ ਭੈਅ ਅਤੇ ਹਉਮੈ ਦੂਰ ਹੋ ਕੇ, ਉਸ ਦਾ ਮਨ ਨਿਰਭਉ ਹੋ ਜਾਣਾ ਅਤੇ ਮਨ ਅੰਦਰ ਪਰਮਾਤਮਾ ਦਾ ਨਿਰਮਲ ਭਉ ਵਸ ਜਾਣਾ ਕਿਹਾ ਹੈ; ਕਿਉਂਕਿ ਜੋ ਪਰਮਾਤਮਾ ਦੇ ਭੈ ਵਿਚ ਵਸਦਾ ਹੈ ਉਸ ਦੇ ਅੰਦਰੋਂ ਹੋਰ ਸਾਰੇ ਭੈ ਦੂਰ ਹੋ ਜਾਂਦੇ ਹਨ, ‘ਸਤਿਗੁਰੁ ਸੇਵੇ ਸੋ ਜੋਗੀ ਹੋਇ॥ਭੈ ਰਚਿ ਰਹੈ ਸੁ ਨਿਰਭਉ ਹੋਇ॥ ਜੈਸਾ ਸੇਵੈ ਤੈਸੋ ਹੋਇ'(ਪੰ.223)। ੴ ਦੇ ਮੂਲ ਮੰਤ੍ਰ ਵਿਚ ਦਰਸਾਏ ਗੁਣਾਂ ਵਿਚ ਇੱਕ ਗੁਣ ਨਿਰਭਉ ਅਤੇ ਨਿਰਵੈਰ ਹੈ। ਜੀਵ ਨੇ ਵਾਹਿਗੁਰੂ ਦੇ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਹੈ; ਗੁਰਮਤਿ ਚਿੰਤਨ ਅਨੁਸਾਰ ਜਿਸ ਕਿਸਮ ਦੇ ਇਸ਼ਟ ਨੂੰ ਮਨੁੱਖ ਧਿਆਉਂਦਾ ਹੈ ਉਸੇ ਕਿਸਮ ਦਾ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ। ਤੀਸਰੀ ਲਾਂਵ ਵਿਚ ਵੈਰਾਗ ਦਾ ਜ਼ਿਕਰ ਹੈ। ਇਹ ਵੈਰਾਗ ਵੇਦਾਂ ਸ਼ਾਸਤ੍ਰਾਂ ਵਿਚ ਦੱਸਿਆ ਦੇਹੀ ਦੁੱਖ ਅਤੇ ਗ੍ਰਹਿਸਤ ਤਿਆਗ ਵਿਚੋਂ ਪੈਦਾ ਹੋਇਆ ਵੈਰਾਗ ਨਹੀਂ ਹੈ। ਇਸ ਵੈਰਾਗ ਦਾ ਅਰਥ ਹੈ ਸੰਸਾਰਕ ਜੀਵਨ ਵਿਚ ਰਹਿੰਦਿਆਂ ਹੋਇਆਂ ਅਤੇ ਸਮਾਜਿਕ ਕਾਰਜ ਕਰਦਿਆਂ ਹੋਇਆਂ ਵੀ ਮਨ ਨੇ ਇਨ੍ਹਾਂ ਵਿਚ ਗ੍ਰਸਤ ਨਹੀਂ ਹੋ ਜਾਣਾ, ਨਿਰਲੇਪ ਰਹਿਣਾ ਹੈ। ਸਮਾਜਿਕ ਜੀਵਨ ਜਿਉਂਦਿਆਂ ਹੋਇਆਂ ਨਿਰਮਲ ਰਹਿਣ ਦੀ ਇਹ ਜੁਗਤਿ ਹੀ ਵੈਰਾਗ ਹੈ। ਜਿਸ ਜੀਵ-ਇਸਤ੍ਰੀ ਨੇ ਆਪਣੇ ਮਨ ਨੂੰ ਮੋਹ-ਮਾਇਆ ਦੇ ਬੰਧਨਾਂ ਤੋਂ ਮੁਕਤ ਕਰ ਲਿਆ ਹੈ ਉਸ ਦੇ ਮਨ ਵਿਚ ਪਰਮਾਤਮਾ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਹੈ ਅਤੇ ਉਹ ਉਸ ਦੀ ਸਿਫ਼ਤਿ-ਸਾਲਾਹ ਕਰਨ ਲਈ ਬਾਣੀ ਦੇ ਲੜ ਲੱਗ ਜਾਂਦੀ ਹੈ। ਚੌਥੀ ਲਾਂਵ ਵਿਚ ‘ਕਾਜ ਰਚਾਇਆ’ ਦੇ ਚਿੰਂਨ੍ਹ ਰਾਹੀਂ ਦੱਸਿਆ ਹੈ ਕਿ ਤਿੰਨਾਂ ਅਵਸਥਾਵਾਂ ਜਾਂ ਲਾਵਾਂ ਨੂੰ ਪਾਰ ਕਰਕੇ, ਜੋ ਮਨੁੱਖ ਚੌਥੀ ਅਵਸਥਾ ਵਿਚ ਪਹੁੰਚਦਾ ਹੈ, ਉਸ ਵਿਚ ਸਹਿਜ ਕੁਦਰਤੀ ਆ ਜਾਂਦਾ ਹੈ ਅਤੇ ਸਹਿਜ ਅਵਸਥਾ ਵਿਚ ਉਸ ਦਾ ਪਰਮਹਸਤੀ-ਪ੍ਰੀਤਮ ਨਾਲ ਮੇਲ ਹੋ ਜਾਂਦਾ ਹੈ। ਉਸ ਦਾ ਮਨ ਅਤੇ ਤਨ ਦੋਵੇਂ ਵਾਹਿਗੁਰੂ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ। ਇਹ ਮਿਲਾਪ ਸਦੀਵੀ ਅਨੰਦ ਦੇਣ ਵਾਲਾ ਅਤੇ ਅਬਿਨਾਸ਼ੀ ਹੈ , ਜਿਸ ਨੂੰ ‘ਨ ਕਦੇ ਮਰੇ ਨ ਜਾਇਆ’ ਕਿਹਾ ਹੈ। ਇਸ ਦੀ ਪ੍ਰੋੜਤਾ ਗੁਰੂ ਨਾਨਕ ਰਾਗੁ ਆਸਾ ਵਿਚ ਵੀ ਕਰਦੇ ਹਨ ਜਿੱਥੇ ਪਰਮਾਤਮਾ ਨਾਲ ਆਤਮਾ ਦੇ ਮੇਲ ਲਈ ‘ਵਿਆਹ’ ਦੀ ਸੰਗਿਆ ਵਰਤੀ ਹੈ। ਜਦੋਂ ਮਨੁੱਖੀ ਮਨ ਪਰਮਾਤਮਾ ਨਾਲ ਇਕਸੁਰ ਹੋ ਜਾਂਦਾ ਹੈ, ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ, ਮਨੁੱਖ ਦੇ ਗਿਆਨ-ਇੰਦਰੇ ਉਚਤਮ ਸਤਿ ਦੇ ਸੰਗੀ ਹੋ ਜਾਂਦੇ ਹਨ, ‘ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ॥ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ॥'(ਪੰ.351)।
ਬਾਬਾ ਫਰੀਦ ਜੀ ਨੇ ਵੀ ਆਪਣੀ ਬਾਣੀ ਵਿਚ ਜੀਵ-ਇਸਤ੍ਰੀ ਨੂੰ ਚਿੰਨ੍ਹ ਬਣਾ ਕੇ ਨੈਤਿਕ ਗੁਣਾਂ ਦੀ ਗੱਲ ਸਮਝਾਈ ਹੈ ਕਿ ਮਨੁੱਖ ਕਿਹੜੇ ਗੁਣ ਧਾਰਨ ਕਰੇ, ਕਿਸ ਮੰਤ੍ਰ ਨੂੰ ਧਾਰਨ ਕਰੇ ਜਿਸ ਰਾਹੀਂ ਉਹ ਵਾਹਿਗੁਰੂ ਨੂੰ ਆਪਣੇ ਵੱਲ ਕਰ ਸਕੇ? ਅਤੇ ਇਸ ਦਾ ਉੱਤਰ ਬਾਬਾ ਫਰੀਦ ਆਪ ਹੀ ਦਿੰਦੇ ਹਨ ਕਿ ਜੇ ਮਨੁੱਖ ਇਨ੍ਹਾਂ ਤਿੰਨ ਗੁਣਾਂ ਹਲੀਮੀ, ਦੂਸਰਿਆਂ ਨੂੰ ਖਿਮਾ ਕਰ ਦੇਣਾ
ਅਤੇ ਮਿੱਠਾ ਬੋਲਣ ਨੂੰ ਆਪਣੇ ਸੁਭਾਅ ਦਾ ਹਿੱਸਾ ਬਣਾ ਲਵੇ, ਅਰਥਾਤ ਇਹ ਤਿੰਨੇ ਗੁਣ ਉਸ ਦੇ ਵਿਅਕਤੀਤਵ ਦਾ ਅੰਗ ਬਣ ਜਾਣ ਤਾਂ ਰੱਬ-ਰੂਪੀ ਮਾਲਕ ਉਸ ਦੇ ਵੱਸ ਵਿਚ ਆ ਸਕਦਾ ਹੈ; ਉਸ ਦੇ ਵੱਲ ਦਾ ਹੋ ਸਕਦਾ ਹੈ, ‘ਕਵਣੁ ਸੁ ਅਖਰੁ ਕਵਣੁ ਗੁਣ ਕਵਣੁ ਸੁ ਮਣੀਆ ਮੰਤੁ॥ ਕਵਣੁ ਸੁ ਵੇਸਉ ਹਉ ਕਰੀ ਜਿਤ ਵਸ ਆਵੀ ਕੰਤੁ॥ ਨਿਵਣ ਸੁ ਅਖਰ ਖਵਣ ਗੁਣ ਜਿਹਵਾ ਮਣੀਆ ਮੰਤ॥ ਇਹ ਤ੍ਰੈ ਭੈਣੇ ਵੇਸੁ ਕਰ ਤਾ ਵਸ ਆਵੀ ਕੰਤ॥’ (ਪੰ.1384)।
ਭਾਰਤ ਵਿਚ ਪਹਿਲਾਂ ਪ੍ਰਾਪਤ ਧਰਮਾਂ ਵਿਚ ਅਧਿਆਤਮਕ-ਪ੍ਰਾਪਤੀ ਲਈ ਗ੍ਰਹਿਸਤ ਦਾ ਤਿਆਗ ਅਤੇ ਸੰਨਿਆਸ ਧਾਰਨ ਕਰਨਾ ਇੱਕ ਲਾਜ਼ਮ ਪ੍ਰੰਪਰਾ ਰਹੀ ਹੈ। ਪ੍ਰੰਤੂ ਗੁਰਮਤਿ ਚਿੰਤਨ ਵਿਚ ਗ੍ਰਹਿਸਤ ਨੂੰ ਪ੍ਰਧਾਨਤਾ ਦਿੱਤੀ ਗਈ ਹੈ। ਗੁਰੂ ਨਾਨਕ ਸਿੱਧਾਂ ਨਾਲ ਹੋਈ ਵਾਰਤਾਲਾਪ ਵਿਚ ਸਪੱਸ਼ਟ ਕਰਦੇ ਹਨ ਕਿ ਪਹਿਲਾਂ ਗ੍ਰਹਿਸਤ ਦਾ ਤਿਆਗ ਕਰਨਾ ਅਤੇ ਫਿਰ ਆਪਣੀ ਜੀਵਕਾ ਲਈ ਉਨ੍ਹਾਂ ਦੇ ਹੀ ਘਰ ਮੰਗਣ ਜਾਣਾ, ਇਹ ਕੋਈ ਸਹੀ ਅਧਿਆਤਮਕ ਰਸਤਾ ਨਹੀਂ ਹੈ। ਦੂਸਰਿਆਂ ਦੀ ਕਮਾਈ ਅਤੇ ਇਸਤ੍ਰੀ ‘ਤੇ ਨਿਗਾਹ ਰੱਖਣੀ, ਘਰ ਤਿਆਗ ਕੇ ਉਜਾੜ-ਬੀਆਬਾਨਾਂ ਜਾਂ ਮੜੀਆਂ ਮਸਾਣਾਂ ਵਿਚ ਘੁੰਮਦੇ ਰਹਿਣਾ ਮਨਮੁਖਤਾ ਹੈ, ‘ਮਨਮੁਖਿ ਭੁਲੇ ਜਮ ਕੀ ਕਾਣਿ॥ ਪਰ ਘਰੁ ਜੋਹੈ ਹਾਣੇ ਹਾਣਿ॥ ਸਬਦੁ ਨ ਚੀਨੈ ਲਵੈ ਕੁਬਾਣਿ॥’ ਅਤੇ ਇਸ ਦੇ ਉਲਟ ਗੁਰੂ ਦੀ ਸਿੱਖਿਆ ‘ਤੇ ਚੱਲਣ ਵਾਲਾ ਅਤੇ ਗੁਰੂ ਦੇ ਸ਼ਬਦ ‘ਤੇ ਵਿਚਾਰ ਕਰਕੇ ਪਰਮਾਤਮਾ ਦੇ ਗੁਣ ਗਾਉਣ ਵਾਲਾ ਗੁਰਮੁਖਿ ਘਰਬਾਰੀ ਹੁੰਦਾ ਹੋਇਆ ਵੀ ਜ਼ਿੰਦਗੀ ਨੂੰ ਸਫ਼ਲ ਬਣਾ ਲੈਦਾ ਹੈ, ‘ਗੁਰਮੁਖਿ ਅਕਥੁ ਕਥੈ ਬੀਚਾਰਿ॥ ਗੁਰਮੁਖਿ ਨਿਬਹੈ ਸਪਰਵਾਰਿ॥’ (ਪੰ.941)। ਗੁਰੂ ਤੇਗ ਬਹਾਦਰ ਇਸੇ ਮਾਰਗ ਨੂੰ ਸੁਦ੍ਰਿੜ ਕਰਾਉਂਦੇ ਹਨ, ‘ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥’ (ਪੰ.684)। ਪੰਜਵੇਂ ਗੁਰੂ ਵੀ ਸਪਸ਼ਟ ਕਰਦੇ ਹਨ ਕਿ ਗੁਰੂ ਦੇ ਦੱਸੇ ਰਸਤੇ ਤੇ ਚੱਲਦਿਆਂ ਇਸ ਸੰਸਾਰਕ ਜੀਵਨ ਦਾ ਅਨੰਦ ਮਾਣਦੇ ਹੋਏ ਵੀ ਮੁਕਤਿ ਹੋਇਆ ਜਾ ਸਕਦਾ ਹੈ, ‘ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥ ਹਸੰਦਿਆ ਖੇਲੰਦਿਆ ਪੈਨੰ੍ਹਦਿਆ ਵਿਚੇ ਹੋਵੈ ਮੁਕਤਿ॥2॥’ (ਪੰ.522)। ਗ੍ਰਹਿਸਤ ਦੀ ਪ੍ਰਧਾਨਤਾ ਨੂੰ ਸਵੀਕਾਰਨ ਦਾ ਅਰਥ ਹੈ ਇਸਤ੍ਰੀ ਦਾ ਸਤਿਕਾਰ ਕਿਉਂਕਿ ਪਰਵਾਰਿਕ ਜੀਵਨ ਇਸਤ੍ਰੀ ਨਾਲ ਹੀ ਚੱਲਦਾ ਹੈ। ਗੁਰੂ ਸਾਹਿਬਾਨ ਨੇ ਸਿਰਫ਼ ਗ੍ਰਹਿਸਤ ਜੀਵਨ ਨੂੰ ਪ੍ਰਧਾਨ ਹੀ ਨਹੀਂ ਮੰਨਿਆ ਗੁਰੂ ਨਾਨਕ ਸਾਹਿਬ ਨੇ ਇਸ ਸਬੰਧੀ ਸਮਾਜਿਕ ਤੌਰ ‘ਤੇ ਮਨੁੱਖ ਨੂੰ ਚੇਤੰਨ ਵੀ ਕੀਤਾ ਹੈ ਕਿ ਇਸਤ੍ਰੀ ਤੋਂ ਬਿਨਾ ਸਮਾਜ ਦੀ ਕਲਪਣਾ ਹੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸਤ੍ਰੀ ਰਾਹੀਂ ਹੀ ਮਨੁੱਖ ਸੰਸਾਰ ਤੇ ਜਨਮ ਲੈਂਦਾ ਹੈ; ਸਾਰੇ ਸਮਾਜਿਕ ਰਿਸ਼ਤੇ ਇਸਤ੍ਰੀ ਰਾਹੀਂ ਹੀ ਬਣਦੇ ਹਨ। ਇਸ ਲਈ ਇਸਤ੍ਰੀ ਨੂੰ ਅਧਿਆਤਮਕਤਾ ਦੇ ਰਸਤੇ ਦਾ ਰੋੜਾ ਸਮਝਣਾ, ਉਸ ਨੂੰ ਨੀਵਾਂ ਸਮਝਣਾ ਗਲਤ ਹੈ। ਇਹ ਸੰਸਾਰਕ ਜੀਵਨ ਇਸਤ੍ਰੀ ਰਾਹੀਂ ਹੀ ਘੜਿਆ ਜਾਂਦਾ ਹੈ, ‘ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥ਭੰਡਿ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥’ (ਪੰ.473)। ਇਥੇ ਗੁਰੂ ਨਾਨਕ ਇਸਤ੍ਰੀ ਨੂੰ ਪੁਰਸ਼ ਤੋਂ ਨੀਵਾਂ ਸਮਝਣ ਵਾਲਿਆਂ ਨੂੰ ਸੁਚੇਤ ਕਰਦੇ ਹਨ ਕਿ ਇਸਤ੍ਰੀ ਰਾਹੀਂ ਮਨੁੱਖ ਜਨਮ ਲੈਂਦਾ ਹੈ ਅਤੇ ਉਸ ਦੇ ਪੇਟ ਵਿਚ ਪਲਦਾ ਹੈ। ਇਸਤ੍ਰੀ ਰਾਹੀਂ ਹੀ ਸਮਾਜਿਕ ਰਿਸ਼ਤੇ ਕੁੜਮਾਈ ਅਤੇ ਵਿਆਹ ਆਦਿ ਬਣਦੇ ਹਨ। ਰਾਜੇ ਆਦਿ ਜਿਨ੍ਹਾਂ ਨੂੰ ਦੁਨਿਆਵੀ ਸ਼ਕਤੀ ਦੇ ਪ੍ਰਤੀਕ ਮੰਨਿਆ ਜਾਂਦਾ ਹੈ, ਉਹ ਵੀ ਇਸਤ੍ਰੀ ਰਾਹੀਂ ਹੀ ਸੰਸਾਰ ਤੇ ਆਉਂਦੇ ਹਨ; ਜਦੋਂ ਹਰ ਜੀਵ ਦੇ ਸੰਸਾਰ ਤੇ ਆਉਣ ਦਾ ਰਸਤਾ ਹੀ ਇਸਤ੍ਰੀ ਹੈ ਉਸ ਨੂੰ ਬੁਰਾ ਕਿਵੇਂ ਕਿਹਾ ਜਾ ਸਕਦਾ ਹੈ? ਇੱਕ ਪਰਮਾਤਮਾ ਹੀ ਹੈ ਜੋ ਆਪਣੇ ਆਪ ਤੋਂ ਹੈ। ਉਹੀ ਮਨੁੱਖ, ਭਾਵੇਂ ਇਸਤ੍ਰੀ ਹੈ ਜਾਂ ਪੁਰਸ਼, ਭਾਗਾਂ ਵਾਲਾ ਹੈ ਜੋ ਆਪਣੇ ਮੂੰਹ ਤੋਂ ਉਸ ਅਕਾਲ ਪੁਰਖ ਪਰਮਾਤਮਾ ਦੇ ਗੁਣ ਗਾਉਂਦਾ ਹੈ। ਗੁਰਮਤਿ ਚਿੰਤਨ ਵਿਚ ਮਹਿਜ ਸਿਧਾਂਤ ਹੀ ਨਹੀਂ ਸਿਰਜਿਆ ਗਿਆ, ਸੰਸਥਾਗਤ ਰੂਪ ਵਿਚ ਇਸ ਸਿਧਾਂਤ ਦਾ ਅਮਲੀ ਪ੍ਰਕਾਸ਼ਨ ਵੀ ਕੀਤਾ ਗਿਆ।
ਉਪਰ ਦਿੱਤੇ ਇਸ ਸੰਖੇਪ ਵਿਸ਼ਲੇਸ਼ਣ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਗੁਰਮਤਿ ਚਿੰਤਨ ਵਿਚ ਇਸਤ੍ਰੀ ਅਤੇ ਪੁਰਸ਼ ਜੀਵ ਅਤੇ ਪਰਮਹਸਤੀ ਲਈ ਵਰਤੇ ਗਏ ਚਿੰਨ੍ਹ ਹਨ। ਮਨੁੱਖ ਗੁਰਮੁਖਿ ਅਤੇ ਮਨਮੁਖਿ ਤੋਂ ਇਲਾਵਾ ਹੋਰ ਕਿਸੇ ਵੰਨਗੀ ਵਿਚ ਵੀ ਵੰਡਿਆ ਨਹੀਂ ਗਿਆ। ਭਾਵੇਂ ਕੋਈ ਇਸਤ੍ਰੀ ਹੈ ਜਾਂ ਪੁਰਸ਼, ਪਰਮਹਸਤੀ ਦੀ ਨਿਗਾਹ ਵਿਚ ਉਹ ਜੀਵ ਹੈ, ਜਿਸ ਨੇ ਗੁਰੂ ਰਾਹੀਂ ਪਰਮਹਸਤੀ ਨਾਲ ਇਕਸੁਰ ਹੋਣਾ ਹੈ, ਮਿਲਾਪ ਪ੍ਰਾਪਤ ਕਰਨਾ ਹੈ। ਦੂਸਰਾ ਨੁਕਤਾ ਜੋ ਦ੍ਰਿਸ਼ਟੀਗੋਚਰ ਹੁੰਦਾ ਹੈ ਉਹ ਇਹ ਹੈ ਕਿ ਇਸਤ੍ਰੀ ਅਤੇ ਪੁਰਸ਼ ਅਧਿਆਤਮਕਤਾ, ਪਰਮਾਰਥ ਦੇ ਇੱਕੋ ਜਿਹੇ ਹੱਕਦਾਰ ਹਨ ਅਤੇ ਉਨ੍ਹਾਂ ਨੂੰ ਇੱਕੋ ਜਿਹੇ ਯਤਨਾਂ ਦੀ ਜ਼ਰੂਰਤ ਹੈ। ਤੀਸਰੀ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਗੁਰਮਤਿ ਮਾਰਗ ਸਮਾਜਿਕ ਮਾਰਗ ਹੈ ਜਿਸ ਵਿਚ ਗ੍ਰਹਿਸਤ ਜੀਵਨ ਬਹੁਤ ਮਹੱਤਵਪੂਰਨ ਹੈ; ਇਸ ਲਈ ਇਸ ਜੀਵਨ ਵਿਚ ਇਸਤ੍ਰੀ ਅਤੇ ਪੁਰਸ਼ ਦੀ ਬਰਾਬਰ ਦੀ ਭੁਮਿਕਾ ਹੈ। ਇਹ ਮਾਰਗ ਗੰਭੀਰ ਰੂਪ ਵਿਚ ਸਮਾਜ ਨਾਲ ਜੁੜਿਆ ਹੋਇਆ ਹੈ ਜਿਸ ਵਿਚ ਸੰਨਿਆਸ ਜਾਂ ਤਿਆਗ ਨੂੰ ਕੋਈ ਥਾਂ ਨਹੀਂ ਹੈ। ਇਸ ਮਾਰਗ ਅਨੁਸਾਰ, ‘ਉਦਮ ਕਰੇਦਿਆ ਜੀਉ ਤੂੰ ਕਮਾਵਦਿਆ ਸੁਖੁ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥1॥’ (ਪੰ.522)। ਜਿੱਥੇ ਗ੍ਰਹਿਸਤ ਪ੍ਰਧਾਨ ਹੈ ਉਥੇ ਇਸਤ੍ਰੀ ਨੂੰ ਉਸ ਦਾ ਯੋਗ ਸਥਾਨ ਮਿਲਣਾ ਇੱਕ ਲਾਜ਼ਮ ਸਿੱਟਾ ਹੈ ਕਿਉਂਕਿ ਗ੍ਰਹਿਸਤ ਇਸਤ੍ਰੀ ਤੋਂ ਬਿਨਾ ਚੱਲ ਹੀ ਨਹੀਂ ਸਕਦਾ। ਇਸਤ੍ਰੀ ਸਮਾਜਿਕ ਜੀਵਨ ਦੀ ਨੀਂਹ ਹੈ ਜਿਸ ਤੋਂ ਸਮਾਜ ਅੱਗੇ ਉਸਰਦਾ ਹੈ ਅਤੇ ਸਾਰੇ ਸਮਾਜਿਕ ਰਿਸ਼ਤੇ ਇਸਤ੍ਰੀ ਤੋਂ ਹਨ। ਇਸ ਤੋਂ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਸਮਾਜਿਕ ਨਿਆਉਂ, ਜਿਸ ਦਾ ਪਹਿਲਾਂ ਜ਼ਿਕਰ ਕੀਤਾ ਹੈ ਜਿਸ ਨਾਲ ਬਰਬਰਤਾ ਦਾ ਸੰਕਲਪ ਜੁੜਿਆ ਹੋਇਆ ਹੈ, ਦੀ ਇਸਤ੍ਰੀ ਵੀ ਪੁਰਸ਼ ਜਿੰਨੀ ਹੀ ਹੱਕਦਾਰ ਹੈ। ਇੱਕ ਹੋਰ ਨੁਕਤਾ ਜੋ ਸਾਹਮਣੇ ਆਉਂਦਾ ਹੈ ਉਹ ਹੈ ਕਿ ਗੁਰਮਤਿ ਮਾਰਗ ਵਿਅਕਤੀ-ਵਿਸ਼ੇਸ਼ ਤੱਕ ਸੀਮਤ ਨਾ ਹੋ ਕੇ ਸੰਗਤੀ ਮਾਰਗ ਹੈ। ਮਨੁੱਖ ਨੇ ਗੁਰਮਤਿ ਵਾਲਾ ਰਸਤਾ ਸੰਗਤਿ ਵਿਚ ਜਾ ਕੇ ਸਿੱਖਣਾ ਹੈ। ਬਹੁਤ ਸਾਰੇ ਵਿਦਵਾਨ ਜਦੋਂ ‘ਲਾਵਾ’ ਜਾਂ ਅਜਿਹੀ ਸੁਰ ਵਾਲੀ ਕਿਸੇ ਹੋਰ ਬਾਣੀ ਦਾ ਅਧਿਐਨ ਕਰਦੇ ਹਨ ਤਾਂ ਉਹ ਸੋਚਦੇ ਹਨ ਕਿ ਇਹ ਇਸਤ੍ਰੀ ਮਾਤਰ ਲਈ ਉਪਦੇਸ਼ ਹੈ। ਉਦਾਹਰਣ ਲਈ ਸਿਰੀਰਾਗੁ ਵਿਚ ਗੁਰੂ ਰਾਮਦਾਸ ਦੇ ‘ਵੀਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ’ ਸ਼ਬਦ ਦਾ ਵਿਸ਼ਲੇਸ਼ਣ ਕਰਦਿਆਂ ਉਹ ਭੁੱਲ ਜਾਂਦੇ ਹਨ ਕਿ ਇਥੇ ਵੀ ਚੌਥੀ ਨਾਨਕ ਜੋਤਿ ਨੇ ਵੀਆਹ, ਅਕਾਲਿ ਮੂਰਤਿ ਵਰ, ਜੰਞ ਆਦਿ ਸ਼ਬਦਾਂ ਨੂੰ ਚਿੰਨ੍ਹਾਂ ਦੇ ਤੌਰ ਤੇ ਵਰਤਿਆ ਹੈ। ਗੁਰੂ ਮਹਾਰਾਜ ਨੇ ‘ਪੇਈਅੜੇ’ ਇਸ ਦੁਨੀਆ ਲਈ ਅਤੇ ਸਹੁਰਾ ਘਰ ਵਾਹਿਗੁਰੂ ਦਾ ਘਰ ਜਾਂ ਅਗਲੇ ਸੰਸਾਰ ਲਈ ਵਰਤਿਆ ਹੈ। ਉਪਦੇਸ਼ ਜੀਵ-ਇਸਤ੍ਰੀ ਲਈ ਭਾਵ ਇਸਤ੍ਰੀ ਅਤੇ ਪੁਰਸ਼ ਦੋਵਾਂ ਲਈ ਸਾਂਝਾ ਹੈ।
ਭਾਰਤੀ ਸਮਾਜ ਵਿਚ ਸਤੀ ਦੀ ਰਸਮ ਨੂੰ ਸਮਾਜਿਕ ਤੌਰ ਤੇ ਸਥਾਪਤ ਵੀ ਕੀਤਾ ਹੋਇਆ ਸੀ ਅਤੇ ਧਾਰਮਿਕ ਤੌਰ ‘ਤੇ ਪਰਮਾਣਿਕ ਅਤੇ ਪਰਵਾਨ ਵੀ ਕੀਤਾ ਗਿਆ। ਸਤੀ ਹੋਣ ਦਾ ਅਰਥ ਹੈ ਪਤੀ ਦੀ ਮੌਤ ਤੋਂ ਬਾਅਦ ਵਿਧਵਾ ਪਾਸੋਂ ਜਿਊਣ ਦੇ ਸਾਰੇ ਹੱਕ ਖੋਹ ਲੈਣਾ ਅਤੇ ਉਸ ਨੂੰ ਪਤੀ ਦੀ ਚਿੱਖਾ ‘ਤੇ ਜਿਊਂਦਿਆ ਸੜ ਜਾਣ ਲਈ ਪ੍ਰੇਰਤ ਕਰਨਾ ਅਤੇ ਕਈ ਵਾਰ ਮਜ਼ਬੂਰ ਵੀ ਕਰਨਾ। ਗੁਰਮਤਿ ਚਿੰਤਨ ਵਿਚ ਇਸ ਰਸਮ ਦਾ ਸਖਤ ਵਿਰੋਧ ਕੀਤਾ ਮਿਲਦਾ ਹੈ। ਤੀਸਰੀ ਨਾਨਕ ਜੋਤਿ ਗੁਰੂ ਅਮਰਦਾਸ ਜੀ ਨੇ ਬਾਣੀ ਰਾਹੀਂ ਦੱਸਿਆ ਹੈ ਕਿ ਸਤੀਆਂ ਉਹ ਨਹੀਂ ਹੁੰਦੀਆਂ ਜਿਹੜੀਆਂ ਪਤੀ ਦੇ ਨੜੋਏ ਨਾਲ ਚਿਖਾ ਤੇ ਸੜ ਕੇ ਮਰ ਜਾਂਦੀਆਂ ਹਨ। ਸਤੀ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਜੋ ਪਤੀ ਦੀ ਮੌਤ ਦੇ ਵਿਛੋੜੇ ਦੀ ਸੱਟ ਨਾਲ ਹੀ ਮਰ ਜਾਂਦੀਆਂ ਹਨ। ਸਤੀਆਂ ਉਨ੍ਹਾਂ ਨੂੰ ਵੀ ਸਮਝਣਾ ਚਾਹੀਦਾ ਹੈ ਜਿਹਨਾਂ ਦਾ ਆਚਰਣ ਸੁੱਚਾ ਹੁੰਦਾ ਹੈ ਅਤੇ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ ਅਤੇ ਉੱਦਮ ਨਾਲ ਆਪਣਾ ਧਰਮ ਚੇਤੇ ਰੱਖਦੀਆਂ ਹਨ। ਇਸਤ੍ਰੀਆਂ ਆਪਣੇ ਆਪ ਨੂੰ ਪਤੀ ਦੀ ਚਿਖਾ ਤੇ ਅੱਗ ਵਿਚ ਸਾੜ ਲੈਂਦੀਆਂ ਹਨ। ਜੇਕਰ ਪਤੀ ਨੂੰ ਆਪਣਾ ਜਾਣਦੀਆਂ ਹਨ ਫਿਰ ਤਾਂ ਪਤੀ ਦੇ ਮਰਨ ਨਾਲ ਹੀ ਬਹੁਤ ਜ਼ਿਆਦਾ ਦੁੱਖ ਸਹਿ ਲੈਂਦੀਆਂ ਹਨ, ਉਨ੍ਹਾਂ ਨੂੰ ਸਤੀ ਹੋਣ ਦੀ ਕੀ ਜ਼ਰੂਰਤ ਹੈ? ਜੇਕਰ ਉਹ ਪਤੀ ਦੀ ਕਦਰ ਨਹੀਂ ਜਾਣਦੀਆਂ ਤਾਂ ਉਹ ਅੱਗ ਵਿਚ ਕਿਉਂ ਸੜਨ? ਇਸ ਦਾ ਅਰਥ ਇਹੀ ਬਣਦਾ ਹੈ ਕਿ ਦੋਵਾਂ ਹਾਲਤਾਂ ਵਿਚ ਇਸਤ੍ਰੀ ਨੂੰ ਸਤੀ ਹੋਣ ਦੀ ਜ਼ਰੂਰਤ ਨਹੀਂ ਹੈ, ‘ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ੍ਹ॥ ਨਾਨਕ ਸਤੀਆ ਜਾਣੀਅਨਿ੍ਹ ਜਿ ਬਿਰਹੇ ਚੋਟ ਮਰੰਨਿ੍ਹ॥1॥….’ (ਪੰ.787)। ਗੁਰੂ ਅਮਰਦਾਸ ਜੀ ਨੇ ਜਿੱਥੇ ਹਰ ਮਾਈ ਭਾਈ ਨੂੰ ਗੁਰੂ ਦੀ ਸੰਗਤਿ ਵਿਚ ਆਉਣ ਤੋਂ ਪਹਿਲਾਂ, ਗੁਰੂ ਦਰਸ਼ਨਾਂ ਤੋਂ ਪਹਿਲਾਂ ਪੰਗਤਿ ਵਿਚ ਸਭ ਨਾਲ ਬਰਾਬਰ ਬੈਠ ਕੇ ਲੰਗਰ ਛਕਣ ਦਾ ਅਦੇਸ਼ ਕੀਤਾ, ਉਸ ਦੇ ਨਾਲ ਹੀ ਉਨ੍ਹਾਂ ਨੇ ਬੀਬੀਆਂ ਨੂੰ ਸੰਗਤਿ ਵਿਚ ਪੜਦਾ ਕਰਨ ਦੀ ਮਨਾਹੀ ਵੀ ਕੀਤੀ। ਗੁਰੂ ਅਮਰਦਾਸ ਸਾਹਿਬ ਨੇ ਗੁਰਮਤਿ ਦੇ ਪ੍ਰਚਾਰ ਲਈ ਦੇਸ਼ ਦੇ ਵੱਖ ਵੱਖ ਹਿੱਸਿਆ ਵਿਚ ਮੰਜੀਆਂ (ਵੱਡੇ ਪ੍ਰਚਾਰ ਕੇਂਦਰ) ਅਤੇ ਪੀੜ੍ਹੀਆਂ (ਛੋਟੇ ਪ੍ਰਚਾਰ ਕੇਂਦਰ) ਸਥਾਪਤ ਕੀਤੇ ਤਾਂ ਉਨ੍ਹਾਂ ਵਿਚੋਂ ਕੁੱਝ ਕੇਂਦਰਾਂ ‘ਤੇ ਬੀਬੀਆਂ ਵੀ ਪ੍ਰਚਾਰਕ ਥਾਪੀਆਂ। ਪਹਿਲਾਂ ਵੀ ਜ਼ਿਕਰ ਕਰ ਆਏ ਹਾਂ ਕਿ ਬਾਣੀ ਦਾ ਜਿੱਥੇ ਅਧਿਆਤਮਕ ਸੰਦਰਭ ਹੈ ਉਥੇ ਹੀ ਸਮਾਜਿਕ ਵੀ ਹੈ। ਮਨੁੱਖ ਲਈ ਸਫ਼ਲ ਜੀਵਨ-ਜਾਚ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਦਿਆਂ, ਸ਼ਬਦ ਦੀ ਅਗਵਾਈ ਵਿਚ ਸਮਾਜਿਕ ਫਰਜ਼ ਨਿਭਾਉਂਦਿਆਂ ਜੀਵਨ ਦਾ ਪੰਧ ਮੁਕੰਮਲ ਕਰਨਾ। ਇਸੇ ਨੂੰ ਗੁਰੂ ਨਾਨਕ ਸਾਹਿਬ ਵੱਲੋਂ ਦਿੱਤਾ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦਾ ਸਿਧਾਂਤ ਕਿਹਾ ਹੈ। ਭਗਤ ਕਬੀਰ ਜੀ ਦਾ ਰਾਗੁ ਆਸਾ ਵਿਚ 484 ਪੰਨੇ ‘ਤੇ ਦਿੱਤਾ ਸ਼ਬਦ ਜਿੱਥੇ ਇੱਕ ਪਾਸੇ ਆਪਣੀ ਜਿੰਦ ਨੂੰ ਪਰਮਾਤਮਾ ਵੱਲੋਂ ਪੜਦਾ ਹਟਾਉਣ ਦਾ ਅਦੇਸ਼ ਹੈ ਉਤੇ ਹੀ ਦੂਸਰੇ ਅਰਥਾਂ ਵਿਚ ਆਪਣੀ ਨੂੰਹ ਨੂੰ ਪੜਦਾ ਕਰਨ ਤੋਂ ਵਰਜਣ ਦਾ ਵੀ ਸੰਦੇਸ਼ ਹੈ। ਇੱਕ ਅਰਥਾਂ ਵਿਚ ਭਗਤ ਕਬੀਰ ਆਪਣੀ ਜਿੰਦ ਨੂੰ ਸਮਝਾ ਰਹੇ ਹਨ ਕਿ ਤੇਰੇ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਜਿੰਦੜੀਆਂ ਪਤੀ-ਪਰਮਾਤਮਾ ਤੋਂ ਪੜਦਾ ਰੱਖ ਕੇ ਤੁਰ ਗਈਆਂ ਕੁੱਝ ਨਹੀਂ ਖੱਟਿਆ। ਦੂਸਰੇ ਪਾਸੇ ਉਨ੍ਹਾਂ ਵੱਲੋਂ ਆਪਣੀ ਨੂੰਹ ਨੂੰ ਵੀ ਉਪਦੇਸ਼ ਹੈ ਕਿ ਤੇਰੇ ਤੋਂ ਪਹਿਲੀ ਵੀ ਘੁੰਡ ਕੱਢਦੀ ਤੁਰ ਗਈ ਉਸ ਨੇ ਕੀ ਖੱਟਿਆ? ਵੱਧ ਤੋਂ ਵੱਧ ਇਹੀ ਹੈ ਕਿ ਪੜਦਾ ਕਰਨ ਤੇ ਲੋਕ ਕਹਿਣਗੇ ਕਿ ਨੂੰਹ ਬਹੁਤ ਭਲੇ ਘਰ ਦੀ ਆਈ ਹੈ। ਸੱਚਾ ਘੁੰਡ ਤਾਂ ਇਹ ਹੈ ਕਿ ਤੂੰ ਪਰਮਾਤਮਾ ਦੇ ਗੁਣ ਗਾਵੇਂ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਤੇਰਾ ਅੰਦਰ ਝੂਮ ਉੱਠੇ। ਮਨੁੱਖਾ ਜਨਮ ਦੀ ਬਾਜ਼ੀ ਤਾਂ ਹੀ ਜਿੱਤੀ ਜਾ ਸਕਦੀ ਹੈ ਜੇ ਆਪਣਾ ਜੀਵਨ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਿਆਂ ਗੁਜ਼ਰੇ, ‘ਰਹੁ ਰਹੁ ਰੀ ਬਹੁਰੀਆ ਘੂੰਘਟ ਜਿਨਿ ਕਾਢੈ॥ਅੰਤ ਕੀ ਬਾਰ ਲਹੈਗੀ ਨ ਆਢੈ॥1॥ਰਹਾਉ॥ਘੂੰਘਟ ਕਾਢਿ ਗਈ ਤੇਰੀ ਆਗੈ ਉਨ ਕੀ ਗੈਲਿ ਤੋਹਿ ਜਿਨਿ ਲਾਗੈ॥1॥ ਘੂੰਘਟ ਕਾਢੈ ਕੀ ਇਹੈ ਬਡਾਈ॥ਦਿਨ ਦਸ ਪਾਂਚ ਬਹੂ ਭਲੇ ਆਈ॥2॥…’ (ਪੰ.484)।
ਭਾਈ ਗੁਰਦਾਸ ਨੂੰ ਸਿੱਖ ਧਰਮ-ਚਿੰਤਨ ਦੇ ਪਹਿਲੇ ਧਰਮ-ਸ਼ਾਸਤਰੀ ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਰਚਨਾਵਾਂ ਨੂੰ ਬਹੁਤ ਮਹਾਨਤਾ ਪ੍ਰਾਪਤ ਹੈ। ਭਾਈ ਗੁਰਦਾਸ ਰਚਿਤ ਵਾਰਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਗੁਰੂ ਸਾਹਿਬਾਨ ਦੇ ਨਿਕਟਵਰਤੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਲਿਖਾਰੀ ਹੋਣ ਦਾ ਮਾਣ ਪ੍ਰਾਪਤ ਹੈ ਜੋ ਪੰਜਵੇਂ ਗੁਰੂ ਸਾਹਿਬ ਨੇ ਤਿਆਰ ਕੀਤੀ। ਭਾਈ ਗੁਰਦਾਸ ਜੀ ਨੇ ਵੀ ਗੁਰਮੁਖਿ ਦੇ ਕਿਰਦਾਰ ਦੀ ਵਿਆਖਿਆ ਸੁਹਾਗਣ ਇਸਤ੍ਰੀ ਦੇ ਚਿੰਨ੍ਹ ਰਾਹੀਂ ਕਰਦਿਆਂ ਉਸ ਨੂੰ ‘ਅਰਧ-ਸਰੀਰੀ’ ਅਤੇ ‘ਮੋਖ-ਦੁਆਰੀ’ ਕਿਹਾ ਹੈ, ਜਿਹੜੀ ਪੇਕੇ ਘਰ ਵਿਚ ਸਭ ਦੀ ਲਾਡਲੀ ਅਤੇ ਪਿਆਰੀ ਹੈ; ਨਾਨਕ ਦਾਦਕ ਵਿਚ ‘ਸਪਰਵਾਰੀ’, ਸਹੁਰੇ ਘਰ ਵਿਚ ਚੰਗੇ ਨਛੱਤਰਾਂ ਵਾਲੀ ਅਤੇ ‘ਲੋਕ ਵੇਦ ਗੁਣੁ ਗਿਆਨ ਵਿਚਿ ਅਰਧ ਸਰੀਰੀ ਮੋਖ ਦੁਆਰੀ’ ਹੈ (ਵਾਰਾਂ ਭਾਈ ਗੁਰਦਾਸ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 5/16)। ਇਸ ਨਾਲ ਇਸਤ੍ਰੀ ਪ੍ਰਤੀ ਪ੍ਰੰਪਰਕ ਅਤੇ ਸਿਧਾਂਤਕ ਦੋਵੇਂ ਭਰਾਂਤੀਆਂ ਦੂਰ ਹੋ ਜਾਂਦੀਆਂ ਹਨ। ਸੰਸਾਰ ਵਿਚ ਇਸਤ੍ਰੀ ਅਰਧ-ਸਰੀਰੀ ਅਤੇ ਮੋਖ ਦੁਆਰੀ ਹੋਣ ਕਰਕੇ ਪੁਰਸ਼ ਨਾਲੋਂ ਕਿਸੇ ਤਰ੍ਹਾਂ ਵੀ ਕਮਜ਼ੋਰ, ਘਟੀਆ ਅਤੇ ਅਪੂਰਨ ਨਹੀਂ ਹੈ। ਸਹੁਰੇ ਘਰ ਵਿਚ ਉਸ ਦੀ ਮਾਨਤਾ ਹੈ ਅਤੇ ਪਰਿਵਾਰ ਵਿਚ ਸੁਧਾਰ ਲਿਆਉਣ ਦੀ ਉਹ ਯੋਗਤਾ ਰੱਖਦੀ ਹੈ। ਉਹ ਬਾਣੀ ਵਿਚ ਗੁਣਾਂ ਅਤੇ ਗਿਆਨ ਦੀ ਸਮਰੱਥਾ ਰੱਖਦੀ ਹੈ, ਇਸੇ ਨੂੰ ਮਨੁੱਖ ਦੀ ਅਰਧ-ਸਰੀਰੀ ਅਤੇ ਮੋਖ-ਦੁਆਰੀ ਆਖਿਆ ਹੈ। ਇਸ ਦੇ ਨਾਲ ਹੀ ਮਾਨਵ-ਮੁਕਤੀ ਵਿਚ ਯੋਗਦਾਨ ਪਾਉਣ ਲਈ ਉਹ ਪੁਰਸ਼ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ ਹੈ।
ਗੁਰੂ ਸਾਹਿਬਾਨ ਦੀਆਂ ਜੀਵਨੀਆਂ ਵਿਚੋਂ ਸਾਨੂੰ ਉਦਾਹਰਣਾਂ ਮਿਲ ਜਾਂਦੀਆਂ ਹਨ ਜੋ ਇਸਤ੍ਰੀਆਂ ਗੁਰਮੁਖਿ ਹਨ ਉਹ ਵਾਹਿਗੁਰੂ ਦੇ ਮਿਲਾਪ ਦੀਆਂ, ਧਰਮ ਅਤੇ ਬਾਣੀ ਦੀਆਂ ਪੁਰਸ਼ਾਂ ਜਿੰਨੀਆਂ ਹੀ ਅਧਿਕਾਰੀ ਹਨ। ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਇੱਕ ਜਾਗੀ ਹੋਈ ਰੂਹ ਹੈ ਜੋ ਗੁਰੂ ਨਾਨਕ ਸਾਹਿਬ ਦੇ ਪੈਗੰਬਰੀ ਗੁਣਾਂ ਨੂੰ ਪਹਿਚਾਣਦੀ ਹੈ। ਇਸ ਤਰ੍ਹਾਂ ਉਹ ਗੁਰੂ ਨਾਨਕ ਸਾਹਿਬ ਦੀ ਪਹਿਲੀ ਸਿੱਖ ਬੀਬੀ ਹੈ। ਮਾਤਾ ਸੁਲੱਖਣੀ ਜੀ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ ਵੇਲੇ ਬੱਚਿਆਂ ਦੀ ਸੰਭਾਲ ਕਰਦੇ ਹਨ ਅਤੇ ਪਰਿਵਾਰਕ ਜਿੰਮੇਂਵਾਰੀਆਂ ਨਿਭਾਉਂਦੇ ਹਨ। ਗੁਰੂ ਅੰਗਦ ਸਹਿਬ ਜਿੱਥੇ ਖਡੂਰ ਸਾਹਿਬ ਵਿਚ ਸੰਗਤਾਂ ਲਈ ਸ਼ਬਦ ਦਾ ਲੰਗਰ ਚਲਾ ਰਹੇ ਸਨ ਉਥੇ ਹੀ ਮਾਤਾ ਖੀਵੀ ਜੀ, ਉਨ੍ਹਾਂ ਦੀ ਧਰਮ-ਪਤਨੀ ਆਈਆਂ ਸੰਗਤਾਂ ਲਈ ਪਰਸ਼ਾਦੇ ਦਾ ਲੰਗਰ ਚਲਾ ਰਹੇ ਸਨ। ਸਤਾ ਅਤੇ ਬਲਵੰਡ ਨੇ ਰਾਗੁ ਰਾਮਕਲੀ ਵਿਚ ਰਚੀ ਆਪਣੀ ਵਾਰ ਵਿਚ ਗੁਰੂ ਅੰਗਦ ਸਾਹਿਬ ਵੱਲੋਂ ਚਲਾਏ ਜਾਂਦੇ ਸ਼ਬਦ ਦੇ ਲੰਗਰ ਅਤੇ ਮਾਤਾ ਖੀਵੀ ਵੱਲੋਂ ਪਰਸ਼ਾਦੇ ਦੇ ਲੰਗਰ ਬਾਰੇ ਫਰਮਾਇਆ ਹੈ, ‘ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ’ ਅਤੇ ‘ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ॥ ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥’ (ਪੰ.966-67) ਅਰਥਾਤ ਮਾਤਾ ਖੀਵੀ ਗੁਰੂ ਅੰਗਦ ਦੇ ਲੰਗਰ ਵਿਚ ਘਿਉ ਵਾਲੀ ਖੀਰ ਵਰਤਾ ਰਹੇ ਹਨ ਜਿਨ੍ਹਾਂ ਦੀ ਬਹੁਤ ਸੰਘਣੀ ਛਾਂ ਹੈ ਭਾਵ ਸੰਗਤਾਂ ਨੂੰ ਬਹੁਤ ਆਸਰਾ ਹੈ। ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਬੀਬੀ ਅਮਰੋ ਵੀ ਇੱਕ ਜਾਗੀ ਹੋਈ ਰੂਹ ਹੈ ਜੋ ਗੁਰੂ ਅਮਰਦਾਸ ਦੇ ਪਰਿਵਾਰ ਵਿਚ ਬਾਸਰਕੇ ਪਿੰਡ ਵਿਚ ਉਨ੍ਹਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ। ਅੰਮ੍ਰਿਤ ਵੇਲੇ ਘਰ ਦੇ ਕੰਮ-ਕਾਜ ਕਰਦਿਆਂ ਬੀਬੀ ਬਾਣੀ ਦਾ ਪਾਠ ਕਰਦੀ ਸੀ। ਉਸ ਦੇ ਮੁਖ ਤੋਂ ਬਾਣੀ ਦਾ ਪਾਠ ਸੁਣਕੇ ‘ਭਇਆ ਮਨੂਰੁ ਕੰਚਨੁ ਫਿਰ ਹੋਵੈ ਜੇ ਗੁਰ ਮਿਲੈ ਤਿਨੇਹਾ’ (ਮਾਰੂ ਮਹਲਾ 1) ਦੇ ਮਹਾਂ ਵਾਕ ਅਨੁਸਾਰ ਗੁਰੂ ਅਮਰਦਾਸ ਦੀ ਰੂਹ ‘ਤੇ ਅਸਰ ਹੋਇਆ ਅਤੇ ਗੁਰੂ ਅੰਗਦ ਸਾਹਿਬ ਦੇ ਦਰਸ਼ਨਾਂ ਦੀ ਮਨ ਵਿਚ ਤਾਂਘ ਜਾਗੀ। ਬੀਬੀ ਅਮਰੋ ਹੀ ਗੁਰੂ ਪਿਤਾ ਦੇ ਦਰਸ਼ਨ ਕਰਾਉਣ ਲਈ ਉਨ੍ਹਾਂ ਨੂੰ ਖਡੂਰ ਸਾਹਿਬ ਲੈ ਕੇ ਆਈ ਅਤੇ ਉਹ ਸਦਾ ਲਈ ਗੁਰੂ ਚਰਨਾਂ ਵਿਚ ਟਿਕ ਗਏ ਅਤੇ ਤੀਸਰੀ ਨਾਨਕ ਜੋਤਿ ਥਾਪੇ ਗਏ। ਬੀਬੀ ਭਾਨੀ ਗੁਰੂ ਪੁੱਤਰੀ ਵੀ ਹਨ, ਗੁਰੂ ਪਤਨੀ ਵੀ ਅਤੇ ਗੁਰੂ ਮਾਤਾ ਵੀ ਅਤੇ ਇਨ੍ਹਾਂ ਤਿੰਨਾਂ ਹੀ ਰੂਪਾਂ ਵਿਚ ਆਪਣਾ ਫ਼ਰਜ਼ ਬਾਖੂਬੀ ਨਿਭਾਉਂਦੇ ਹਨ। ਗੁਰੂ ਤੇਗ ਬਹਾਦਰ ਦੀ ਸੁਪਤਨੀ ਅਤੇ ਗੁਰੂ ਗੋਬਿੰਦ ਸਿੰਘ ਨੂੰ ਜਨਮ ਦੇਣ ਵਾਲੀ ਮਾਤਾ ਗੁਜਰੀ ਜੀ ਨੇ ਗੁਰੂ ਤੇਗ ਬਹਾਦਰ ਦਾ ਸਾਥ ਦੇਣ ਤੋਂ ਲੈ ਕੇ ਬਾਲਕ ਗੋਬਿੰਦ ਰਾਇ ਦੀ ਸਿੱਖਿਆ-ਦੀਖਿਆ ਦਾ ਜੋ ਪ੍ਰਬੰਧ ਕੀਤਾ ਅਤੇ ਸ਼ਹਾਦਤ ਤੱਕ ਆਪਣੇ ਪੋਤਿਆਂ ਦਾ ਸਾਥ ਨਿਭਾਇਆ ਉਸ ਦਾ ਇਤਿਹਾਸ ਗਵਾਹ ਹੈ। ਇਸੇ ਤਰ੍ਹਾਂ ਇਹ ਮਨੌਤ ਹੈ ਅਤੇ ਸਿੱਖ ਪ੍ਰੰਪਰਾ ਦਾ ਕੇਂਦਰੀ ਧੁਰਾ ਵੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਸਿੰਘ ਸਜਾਉਣ ਲਈ ਜਦੋਂ ਅੰਮ੍ਰਿਤ ਤਿਆਰ ਕੀਤਾ ਤਾਂ ਮਾਤਾ ਜੀਤੋ ਜੀ ਨੇ (ਕਈਆਂ ਅਨੁਸਾਰ ਮਾਤਾ ਸਾਹਿਬ ਦੇਵਾਂ) ਨੇ ਪਤਾਸੇ ਪਾ ਕੇ ਅੰਮ੍ਰਿਤ ਦਾ ਮਿਠਾਸ ਅਤੇ ਮਾਤਰੀ ਪੱਖ ਦ੍ਰਿੜ ਕਰਨ ਦਾ ਬਿੰਬ ਸਾਹਮਣੇ ਲਿਆਂਦਾ ਅਤੇ ਸ਼ਕਤੀ ਨਾਲ ਖਾਲਸੇ ਨੂੰ ਮਿਠਾਸ ਬਖਸ਼ੀ। ਦਸਮ ਗੁਰੂ ਨੇ ਜਦੋਂ ਆਪਣੇ ਆਪ ਨੂੰ ਖਾਲਸੇ ਦਾ ਪਿਤਾ ਐਲਾਨਿਆ ਤਾਂ ਨਾਲ ਹੀ ਮਾਤਾ ਸਾਹਿਬ ਕੌਰ ਜੀ ਨੂੰ (ਜੋ ਅੰਮ੍ਰਿਤ ਛਕ ਕੇ ਸਾਹਿਬ ਦੇਵਾਂ ਤੋਂ ਸਾਹਿਬ ਕੌਰ ਬਣਦੇ ਹਨ) ਖਾਲਸਾ ਪੰਥ ਦੀ ਮਾਤਾ ਦਾ ਖਿਤਾਬ ਦਿੱਤਾ। ਇਸੇ ਤਰ੍ਹਾਂ ਮਾਈ ਭਾਗੋ ਦੇ ਇੱਕ ਸੱਚੀ ਸਿੰਘ ਹੋਣ ਦਾ ਸਬੂਤ ਉਸ ਵੱਲੋਂ ਮਹਾਂ ਸਿੰਘ ਦੇ ਜਥੇ ਦੀ ਅਗਵਾਈ ਕਰਕੇ ਖਿਦਰਾਣੇ ਦੀ ਢਾਬ ਕੰਢੇ ਮੁਗਲ ਫ਼ੌਜ ਨਾਲ ਯੁੱਧ ਕਰਨਾ ਅਤੇ ਫਿਰ ਗੁਰੂ ਗੋਬਿੰਦ ਸਿੰਘ ਦੀ ਅਗਵਾਈ ਵਿਚ ਨਾਦੇੜ ਵਿਖੇ ਗੁਰੂ ਦੀ ਅੰਗ-ਰਖਿਅਕ ਹੋਣ ਦੀ ਸੇਵਾ ਨਿਭਾਉਣੀ ਸਿੱਖ ਇਸਤ੍ਰੀ ਦੀ ਬਹੁਤ ਵੱਡੀ ਮਿਸਾਲ ਹੈ।
ਇਹ ਕੁੱਝ ਉਦਾਹਰਣਾਂ ਸਿੱਖ ਇਸਤ੍ਰੀ ਦੇ ਸਥਾਨ ਨੂੰ ਬਾਖੂਬੀ ਦਰਸਾਉਂਦੀਆਂ ਹਨ। ਸਿੱਖ ਇਸਤ੍ਰੀ ਸੰਗਤਿ ਦਾ ਓਨਾ ਹੀ ਜ਼ਰੂਰੀ ਭਾਗ ਹੈ ਜਿੰਨਾ ਪੁਰਸ਼। ਦੋ ਤੋਂ ਇੱਕ ਹੋਣ ਦੀ ਜੁਗਤਿ ਨੇ ਇਸਤ੍ਰੀ ਅਤੇ ਪੁਰਸ਼ ਨੂੰ ਇੱਕ ਦੂਜੇ ਦੇ ਪੂਰਕ ਪਰਵਾਨ ਕਰਕੇ, ਸਹਿਜ ਸਮਾਜਿਕ ਪ੍ਰਕਾਸ਼ਨ ਦੀ ਨੀਂਹ ਰੱਖ ਦਿੱਤੀ। ਇਸ ਨਾਲ ਇਹ ਨੁਕਤਾ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਗੁਰਮਤਿ ਵਿਚ ਨਾਰੀ ਚੇਤਨਾ ਅਤੇ ਬਰਾਬਰਤਾ ਦਾ ਸਿਧਾਂਤਕ ਪ੍ਰਸੰਗ ਕਾਇਮ ਹੈ। ਇਸ ਸਿਧਾਂਤਕ ਧਰਾਤਲ ‘ਤੇ ਨਾਰੀ ਚੇਤਨਾ ਦੇ ਜਿਹੜੇ ਸਰੋਕਾਰਾਂ ਦਾ ਪਿੱਛੇ ਵਰਨਣ ਕੀਤਾ ਗਿਆ ਹੈ, ਉਨ੍ਹਾਂ ਦੇ ਅਧਾਰ ਤੇ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਲਿੰਗ-ਅਧਾਰਤ ਵੰਡ ਵਿਚੋਂ ਪੈਦਾ ਹੋਈਆਂ ਸ਼ੋਸ਼ਣੀ ਜੁਗਤਾਂ ਨੂੰ ਸਿੱਖ ਧਰਮ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਇਸ ਨਾਲ ਨਾਰੀ ਅਬਲਾ ਪਰਿਪੇਖ ਦੀ ਦੁਰਬਲਤਾ ਵਿਚੋਂ ਨਿਕਲਕੇ ਸਵੈ-ਸੰਪੰਨ ਮਾਨਵੀ-ਮਾਡਲ ਦੀ ਸਮਰੱਥਾ ਦੀ ਧਾਰਨੀ ਸਾਬਤ ਹੋ ਜਾਂਦੀ ਹੈ। ਗੁਰਬਾਣੀ ਰਾਹੀਂ ਇਹ ਮਾਡਲ ਪਹਿਲੀ ਵਾਰ ਧਾਰਮਿਕ ਚੇਤੰਨਤਾ ਵਜੋਂ ਸਾਹਮਣੇ ਆਇਆ ਪ੍ਰਤੀਤ ਹੁੰਦਾ ਹੈ।