ਪ੍ਰਿੰ. ਸਰਵਣ ਸਿੰਘ
ਜੋਗਿੰਦਰ ਸਿੰਘ ਗੋਲਾ ਸੁੱਟਣ `ਚ ਏਸ਼ੀਆ ਦਾ ਦੋ ਵਾਰ ਚੈਂਪੀਅਨ ਬਣਿਆ। ਪ੍ਰਦੁੱਮਣ ਸਿੰਘ ਵਾਂਗ ਉਸ ਦੀ ਵੀ ਓਨੀ ਕਦਰ ਨਹੀਂ ਪਈ ਜਿੰਨੀ ਅੱਜ-ਕੱਲ੍ਹ ਦੇ ਸ਼ਾਟ ਪੁੱਟਰਾਂ ਦੀ ਪੈ ਰਹੀ ਹੈ। ਉਸ ਨੇ ਤਿੰਨ ਏਸ਼ਿਆਈ ਖੇਡਾਂ ਵਿਚ ਭਾਗ ਲਿਆ ਜਿਨ੍ਹਾਂ `ਚੋਂ ਇਕ ਬ੍ਰਾਂਜ਼ ਤੇ ਦੋ ਗੋਲਡ ਮੈਡਲ ਜਿੱਤੇ।
1968 ਵਿਚ ਉਸ ਨੂੰ ਭਾਰਤ ਸਰਕਾਰ ਨੇ ਅਰਜਨ ਅਵਾਰਡ ਨਾਲ ਸਨਮਾਨਿਤ ਕੀਤਾ ਪਰ ਨਾਲ ਕੋਈ ਕੈਸ਼ ਰਾਸ਼ੀ ਨਹੀਂ ਸੀ। ਉਦੋਂ ਏਸ਼ੀਆ ਦੇ ਚੈਂਪੀਅਨ ਤਾਂ ਕੀ, ਹਾਕੀ ਦੇ ਓਲੰਪਿਕ ਗੋਲਡ ਮੈਡਲਿਸਟਾਂ ਨੂੰ ਵੀ ਕੋਈ ਨਕਦਨਾਮਾ ਨਹੀਂ ਸੀ ਮਿਲਦਾ। ਉਹਦਾ ਪੂਰਾ ਨਾਂ ਜੋਗਿੰਦਰ ਸਿੰਘ ਬੈਂਸ ਸੀ। ਉਹਦੇ `ਚ ਸਿਰੜੀ ਕਿਸਾਨ, ਬਹਾਦਰ ਫੌਜੀ, ਚੈਂਪੀਅਨ ਖਿਡਾਰੀ ਤੇ ਖੇਡ ਲੇਖਕ ਹੋਣ ਦੇ ਸਭੇ ਗੁਣ ਮੌਜੂਦ ਸਨ। ਅਜੇ ਉਹ ਬਹੁਤ ਕੁਝ ਕਰਨ ਦੇ ਯੋਗ ਸੀ ਕਿ ਕੁਦਰਤ ਨੇ ਹੋਰ ਮੌਕਾ ਨਾ ਦਿੱਤਾ ਤੇ ਉਸ ਦਾ 60 ਸਾਲ ਦੀ ਉਮਰੇ ਅਚਾਨਕ ਚਲਾਣਾ ਹੋ ਗਿਆ। ਦਿੱਲੀ ਵਿਖੇ ਉਹ ਆਪਣੇ ਦੋਸਤ ਗੁਰਬਚਨ ਸਿੰਘ ਰੰਧਾਵਾ ਨੂੰ ਮਿਲਣ ਗਿਆ ਸੀ ਕਿ ਦਿਲ ਦੇ ਦੌਰੇ ਨਾਲ ਉਹਦੀ ਜੀਵਨ-ਲੀਲ੍ਹਾ ਖਤਮ ਹੋ ਗਈ।
ਉਹਦਾ ਘਰੇਲੂ ਨਾਂ ‘ਛੋਟਾ’, ਫੌਜ `ਚ ‘ਟਾਈਗਰ’, ਏਸ਼ੀਅਨ ਖੇਡਾਂ ਵੇਲੇ ‘ਇੰਡੀਆ’ ਤੇ ਪਟਿਆਲੇ ਕੈਂਪ `ਚ ਕੁੜੀਆਂ ‘ਜੋਗੀ’ ਕਹਿਣ ਲੱਗ ਪਈਆਂ ਸਨ। ਜਦੋਂ ਉਹ ਤਰਾਈ ਦੇ ਜੰਗਲਾਂ ਵਿਚ ਕੁਹਾੜੇ ਨਾਲ ਦਰੱਖਤ ਕੱਟ ਰਿਹਾ ਸੀ ਤਾਂ ਉਹਦਾ ਨਾਂ ‘ਆਰਾ’ ਪੈ ਗਿਆ ਤੇ ਜੰਗਲ ਵਾਹੁਣ ਵੇਲੇ ‘ਟ੍ਰੈਕਟਰ’। ਦੁੱਧ ਦੇਣੋਂ ਭੱਜੀ ਮੱਝ ਨੂੰ ਹਲ ਜੋੜ ਕੇ ਥਕਾਉਣ ਪਿੱਛੋਂ ਧਾਰ ਕੱਢਣ, ਉਜਾੜਾ ਕਰਦੀਆਂ ਘੋੜੀਆਂ ਨੂੰ ਘੁਲਾੜੀ ਜੋੜਨ ਤੇ ਹਿਰਨੀ ਦਾ ਦੁੱਧ ਚੁੰਘਣ ਕਰਕੇ ਜੋਗਿੰਦਰ ਦਾ ਨਾਂ ‘ਜ਼ਾਲਮ’ ਵੀ ਪੈ ਗਿਆ ਸੀ। ਆਟਾ ਪਿਹਾ ਕੇ ਮੁੜਦਿਆਂ ਬੌਲਦ ਨਾਲ ਜੁੜ ਕੇ 7 ਮੀਲ ਗੱਡਾ ਖਿੱਚਣ ਕਰਕੇ ਉਹਦਾ ਨਾਂ ‘ਅਫਲਾਤੂਨ’ ਪਿਆ। ਨਾਂ ਤਾਂ ਉਹਦੇ ਹੋਰ ਵੀ ਪਏ ਪਰ ‘ਜੋਗੀ’ ਉਸ ਨੂੰ ਸਭ ਤੋਂ ਵੱਧ ਪਸੰਦ ਸੀ। ਅਸੀਂ ਉਹਦੀ ਸਵੈ-ਜੀਵਨੀ ਦੇ ਨਾਂ ‘ਰਮਤਾ ਜੋਗੀ’, ‘ਘਰ ਦਾ ਜੋਗੀ’ ਤੇ ‘ਜੋਗੀ ਦਾ ਜੋਗ’ ਵਿਚਾਰੇ ਪਰ ਉਸ ਨੂੰ ‘ਜੱਗ ਦਾ ਜੋਗੀ’ ਵਧੇਰੇ ਜਚਿਆ। ਮੈਂ ਉਹਨੂੰ ਦਿੱਲੀ ਤੇ ਪਟਿਆਲੇ ਮਿਲਣ ਪਿੱਛੋਂ ਕਈ ਥਾਂਈਂ ਮਿਲਦਾ ਤੇ ਉਹਦੀਆਂ ਖੇਡ ਪ੍ਰਾਪਤੀਆਂ ਬਾਰੇ ਲਿਖਦਾ ਰਿਹਾ। ਖੇਡਾਂ ਤੋਂ ਰਿਟਾਇਰ ਹੋ ਕੇ ਉਸ ਨੇ ਆਪਣੀ ਹੱਡ ਬੀਤੀ ਲਿਖੀ ਜਿਸ ਦਾ ਨਾਂ ‘ਜੱਗ ਦਾ ਜੋਗੀ’ ਰੱਖਿਆ। ਉਹ ਖਿਡਾਰੀ ਸੀ ਤੇ ਮੌਲਿਕ ਲੇਖਕ ਵੀ।
ਉਸ ਨੇ ਆਪਣੇ ਜਨਮ ਬਾਰੇ ਲਿਖਿਆ: 15 ਅਪਰੈਲ 1935 ਦਾ ਸੁਹਾਵਣਾ ਦਿਨ ਸੀ। ਰੱਬ ਦਾ ਨਿੱਤਨੇਮ ਕਰਨ ਵਾਲੀ ਲੰਬੀ ਲੰਝੀ ਮਾਤਾ ਧਨਵੰਤ ਕੌਰ ਦੀ ਕੁੱਖੋਂ, ਪਿਤਾ ਸ. ਰਣਜੀਤ ਸਿੰਘ ਦੇ ਘਰ, ਪਿੰਡ ਕਿਸ਼ਨਪੁਰਾ, ਜ਼ਿਲ੍ਹਾ ਅੰਬਾਲਾ (ਹੁਣ ਰੂਪਨਗਰ) ਵਿਖੇ ਇਕ ਝੀਖ ਜਿਹੇ ਬਾਲਕ ਨੇ ਜਨਮ ਲਿਆ ਜਿਸ ਦੇ ਬਚਣ ਦੀ ਬਹੁਤੀ ਆਸ ਨਹੀਂ ਸੀ। ਕਈ ਮਹੀਨੇ ਪਿੰਡ ਵਾਲੇ ਇਹੋ ਕਹਿੰਦੇ ਰਹੇ ਕਿ ਕਿਸ਼ਨਪੁਰੇ `ਚ ਇਸ ਤੋਂ ਕਮਜ਼ੋਰ ਬੱਚਾ ਸ਼ਾਇਦ ਹੀ ਕੋਈ ਹੋਰ ਜੰਮਿਆ ਹੋਵੇ!
ਉਹ ਪੰਜ ਭਰਾ ਤੇ ਤਿੰਨ ਭੈਣਾਂ ਸਨ। 8 ਸਾਲਾਂ ਦਾ ਹੋ ਕੇ ਉਹ ਪੜ੍ਹਨ ਲੱਗਾ। ਬਾਕੀ ਦੇ ਵਿਦਿਆਰਥੀਆਂ ਨਾਲੋਂ ਉਹ ਸਿਰਕੱਢ ਸੀ। ਉਸ ਨੂੰ ਦੂਜੀ `ਚ ਪੜ੍ਹਦਿਆਂ ਕਬੱਡੀ-ਫੁੱਟਬਾਲ ਦੀਆਂ ਟੀਮਾਂ `ਚ ਪਾ ਲਿਆ ਗਿਆ। ਉਹ ਨਿੱਤ 5-6 ਕਿਲੋਮੀਟਰ ਦੌੜਦਾ। ਇਕ ਦਿਨ ਕਿਸੇ ਸੁਆਲ ਦਾ ਜਵਾਬ ਨਾ ਆਉਣ ਕਰਕੇ ਕੁੱਟ ਤੋਂ ਡਰਦਾ ਦੌੜ ਪਿਆ। ਅੱਗੇ ਉਹ ਤੇ ਪਿੱਛੇ ਮਾਸਟਰ। ਸੀ ਤਾਂ ਭਾਵੇਂ ਨਿਆਣਾ ਪਰ ਜੁਆਨ ਮਾਸਟਰ ਨੂੰ ਵੀ ਡਾਹੀ ਨਾ ਦਿੱਤੀ। ਦੌੜ ਮੁਕਾਬਲੇ `ਚ ਇਹ ਉਹਦੀ ਪਹਿਲੀ ਜਿੱਤ ਸੀ।
ਕੁਰਾਲੀ ਤੋਂ ਦਸ ਜਮਾਤਾਂ ਪਾਸ ਕਰ ਕੇ ਉਹ ਯੂ.ਪੀ. ਫਾਰਮ `ਤੇ ਚਲਾ ਗਿਆ ਸੀ ਜਿਥੋਂ ਸੱਪਾਂ ਸ਼ੇਰਾਂ ਦਾ ਸਤਾਇਆ ਫੌਜ ਵਿਚ ਭਰਤੀ ਹੋ ਗਿਆ। ਉਸ ਨੇ 1959 `ਚ ਗੋਲਾ ਸੁੱਟਣਾ ਸ਼ੁਰੂ ਕੀਤਾ ਤੇ 1961 `ਚ ਭਾਰਤੀ ਫੌਜ ਦਾ ਚੈਂਪੀਅਨ ਬਣ ਗਿਆ। 1962 ਦੀਆਂ ਏਸ਼ਿਆਈ ਖੇਡਾਂ `ਚੋਂ ਉਸ ਨੇ ਤਾਂਬੇ ਦਾ ਤਗ਼ਮਾ ਜਿੱਤਿਆ। ਫਿਰ ਦਸ ਸਾਲ ਉਹਦੀ ਏਸ਼ੀਆ `ਚ ਗੋਲਾ ਸੁੱਟਣ ਦੀ ਝੰਡੀ ਰਹੀ।
1962 ਦੀਆਂ ਏਸ਼ਿਆਈ ਖੇਡਾਂ ਲਈ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿਚ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ। ਮੈਂ ਉਦੋਂ ਦਿੱਲੀ ਪੜ੍ਹਦਾ ਸਾਂ। ਅਸੀਂ ਉਥੇ ਪ੍ਰੈਕਟਿਸ ਕਰਨ ਜਾਂਦੇ ਸਾਂ। ਉਥੇ ਮੈਨੂੰ ਨਾਮੀ ਅਥਲੀਟਾਂ ਨਾਲ ਜੋਗਿੰਦਰ ਸਿੰਘ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਉਹ ਜਕਾਰਤਾ ਗਿਆ ਤੇ ਗੋਲਾ ਸੁੱਟਣ ਵਿਚ ਬਰਾਂਜ਼ ਮੈਡਲ ਜਿੱਤ ਕੇ ਮੁੜਿਆ। ਉਹਦੀ ਰਜਮੈਂਟ ਦੇ ਫੌਜੀਆਂ ਨੂੰ ਵੀ ਏਸ਼ੀਆ ਪੱਧਰ `ਤੇ ਮੈਡਲ ਜਿੱਤਣ ਦਾ ਪਤਾ ਤਦ ਤਕ ਨਾ ਲੱਗਾ ਜਦੋਂ ਤਕ ਉਸ ਨੇ ਆਪ ਆ ਕੇ ਨਾ ਦੱਸਿਆ। ਇਹ ਹਾਲ ਸੀ ਉਦੋਂ ਏਸ਼ਿਆਈ ਖੇਡਾਂ `ਚੋ ਮੈਡਲ ਜਿੱਤਣ ਵਾਲਿਆਂ ਦਾ!
1966 ਦੀਆਂ ਏਸ਼ਿਆਈ ਖੇਡਾਂ `ਚੋਂ ਉਸ ਨੇ 16.52 ਮੀਟਰ ਗੋਲਾ ਸੁੱਟ ਕੇ ਨਵੇਂ ਰਿਕਾਰਡ ਨਾਲ ਸੋਨੇ ਦਾ ਤਗ਼ਮਾ ਜਿੱਤਿਆ। 1970 ਦੀਆਂ ਏਸ਼ਿਆਈ ਖੇਡਾਂ `ਚ ਉਹ 17.09 ਮੀਟਰ ਨਾਲ ਆਪਣਾ ਹੀ ਰਿਕਾਰਡ ਤੋੜ ਕੇ ਦੁਬਾਰਾ ਏਸ਼ੀਆ ਦਾ ਚੈਂਪੀਅਨ ਬਣਿਆ। ਫਿਰ ਉਸ ਨੂੰ ਫੌਜ `ਚ ਕਮਿਸ਼ਨ ਮਿਲ ਗਿਆ ਤੇ ਉਹ ਮੇਜਰ ਦੇ ਰੈਂਕ ਨਾਲ ਰਿਟਾਇਰ ਹੋਇਆ। ਉਸ ਨੇ ਐਨ.ਆਈ.ਐੱਸ. ਪਟਿਆਲੇ ਤੋਂ ਕੋਚਿੰਗ ਦਾ ਡਿਪਲੋਮਾ ਵੀ ਕੀਤਾ। ਦਿੱਲੀ ਦੀਆਂ ਦੂਜੀਆਂ ਏਸ਼ਿਆਈ ਖੇਡਾਂ ਸਮੇਂ ਉਹ ਭਾਰਤੀ ਅਥਲੈਟਿਕ ਟੀਮ ਦਾ ਕੋਚ ਸੀ।
ਉਸ ਨੇ ਆਪਣੀ ਹੱਡ ਬੀਤੀ ਇੰਜ ਆਰੰਭ ਕੀਤੀ: ਘਰ ਫੂਕ ਤਮਾਸ਼ਾ ਵੇਖਾਂਗੇ, ਕਹਿਣੋਂ ਨਾ ਸ਼ਰਮਾਵਾਂ ਮੈਂ, ਜੱਗ ਬੀਤੀ ਹਰ ਕੋਈ ਆਖੇ, ਹੱਡ ਬੀਤੀ ਸੁਣਾਵਾਂ ਮੈਂ। ਖੇਡਣਾ ਛੱਡਣ ਮਗਰੋਂ ਮੇਰੀ ਇਹ ਤਮੰਨਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਜੋ ਸਿੱਖਿਆ, ਉਹ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚਾਇਆ ਜਾਵੇ। ਕਾਮਯਾਬੀ ਲਈ ਮਿਹਨਤ ਤੋਂ ਵੱਡਾ ਕੋਈ ਗੁਰ ਨਹੀਂ। ਮੇਰੇ ਜੀਵਨ `ਚ ਬਹੁਤ ਸਾਰੀਆਂ ਔਕੜਾਂ ਆਈਆਂ। ਮੈਂ ਕਿਸੇ ਨਾ ਕਿਸੇ ਕਾਰਨ ਹਰ ਕੰਮ ਕਰਨ ਵਿਚ ਲੇਟ ਹੋਇਆ। ਮੇਰੇ ਭੈਣ ਭਰਾਵਾਂ ਵਿਚ ਮੇਰਾ ਛੇਵਾਂ ਨੰਬਰ ਸੀ। ਜੰਮਣ ਵਿਚ ਲੇਟ, ਭਰਤੀ ਹੋਣ ਵਿਚ ਲੇਟ, ਫੌਜ ਵਿਚ ਅਫਸਰ ਬਣਨ ਦੀ ਸੋਚੀ, ਉਹ ਵੀ ਲੇਟ। ਗੋਲਾ ਸੁੱਟਣਾ ਸ਼ੁਰੂ ਕੀਤਾ ਤਾਂ ਉਹ ਵੀ ਬਹੁਤ ਲੇਟ। ਇੰਨਾ ਲੇਟ ਕਿ ਸਹੀ ਅਭਿਆਸ 31ਵੇਂ ਸਾਲ ਵਿਚ ਜਾ ਕੇ ਕੀਤਾ। ਇਸ ਦੀ ਕਮੀ ਪੂਰੀ ਕਰਨ ਲਈ ਮੈਂ ਫਿਰ ਕਦੇ ਵੀ ਆਪਣੀ ਡਿਊਟੀ ਜਾਂ ਪ੍ਰੈਕਟਿਸ ਤੋਂ ਲੇਟ ਨਹੀਂ ਹੋਇਆ।
ਉਹ ਲਿਖਣ ਵੀ ਲੇਟ ਲੱਗਾ ਪਰ ਕੁਦਰਤ ਨੇ ਉਸ ਨੂੰ ਸਾਹਾਂ ਦੀ ਪੂੰਜੀ ਹੀ ਬੜੀ ਘੱਟ ਦਿੱਤੀ। ਡਾਕਟਰਾਂ ਨੇ ਦੱਸਿਆ ਕਿ ਉਹਦੇ ਦਿਲ `ਚ ਜਮਾਂਦਰੂ ਹੀ ਮੋਰੀ ਸੀ। ਉਸ ਨੇ 1953 `ਚ ਦਸਵੀਂ ਪਾਸ ਕੀਤੀ। ਦੋ ਕਾਲਜਾਂ ਤੋਂ ਚਿੱਠੀਆਂ ਆਈਆਂ ਜਿਨ੍ਹਾਂ ਨੂੰ ਖਿਡਾਰੀਆਂ ਦੀ ਲੋੜ ਸੀ। ਪਰ ਘਰ ਵਾਲਿਆਂ ਇਹ ਕਹਿ ਕੇ ਪੜ੍ਹਨੋਂ ਹਟਾ ਲਿਆ ਕਿ ਬਥੇਰਾ ਪੜ੍ਹਾ ਲਿਆ। ਫੇਰ ਉਹ ਕਿਸ਼ਨਪੁਰੇ ਤੋਂ 80 ਮੀਲ ਦੂਰ ਜ਼ਿਲ੍ਹਾ ਕਰਨਾਲ ਦੇ ਪਿੰਡ ਕਲਿਓੜ ਚਲਾ ਗਿਆ ਜਿਥੇ ਉਨ੍ਹਾਂ ਦੀ ਜ਼ਮੀਨ ਸੀ। ਇਕ ਦਿਨ ਭਰਾ ਕਹਿਣ ਲੱਗਾ ਕਣਕ ਵੱਢਣ ਲਈ ਤਕੜਾ ਹੋ ਜਾ। ਉਸ ਨੂੰ ਤਾਏ ਨੇ ਪਹਿਲਾਂ ਹੀ ਚੰਡਿਆ ਹੋਇਆ ਸੀ।
ਉਸ ਨੇ ਲਿਖਿਆ: ਅਸੀਂ ਤਿੰਨ ਦਿਨ ਤੇ ਦੋ ਰਾਤਾਂ ਲਗਾਤਾਰ ਵਾਢੀ ਕਰਦੇ ਰਹੇ। ਤੀਜੀ ਰਾਤ ਕੰਡਿਆਰੀ ਨੇ ਵਾਹ ਨਾ ਚੱਲਣ ਦਿੱਤੀ ਤਾਂ ਕਿਤੇ ਘਰ ਮੁੜੇ। ਕਲਿਓੜ ਚਿੱਠੀ ਆ ਜਾਂਦੀ ਕਿ ਕਿਸ਼ਨਪੁਰੇ ਵਾਲੀਬਾਲ ਦਾ ਮੈਚ ਹੈ, ਤੂੰ ਖੇਡਣ ਪਹੁੰਚੀਂ। ਮੈਂ ਮੈਚ ਵਾਲੇ ਦਿਨ ਸਵੇਰੇ ਸਾਈਕਲ `ਤੇ ਲੱਤ ਦੇਣੀ ਤੇ ਖੇਡਣ ਪਹੁੰਚ ਜਾਣਾ। ਬਜ਼ੁਰਗਾਂ ਨੇ ਕਹਿਣਾ, ਇਹ ਪਤਲੂ ਜਿਆ ਥਕਦਾ ਈ ਨਹੀਂ। ਫਿਰ ਮੈਨੂੰ ਹੁਕਮ ਹੋਇਆ ਕਿ ਕਿਸ਼ਨਪੁਰੇ ਤੋਂ ਫਾਤਾਂ ਝੋਟੀ ਲੈ ਕੇ ਅੰਬਾਲੇ ਪਹੁੰਚ। 55 ਮੀਲ ਦਾ ਪੈਂਡਾ ਮਾਰ ਕੇ ਮੈਂ ਅੰਬਾਲੇ ਪਹੁੰਚਿਆ। ਅਸੀਂ ਟਰੱਕਾਂ `ਤੇ ਸਮਾਨ ਤੇ ਡੰਗਰ ਲੱਦ ਕੇ ਯੂ.ਪੀ. ਦੇ ਜੰਗਲਾਂ ਵੱਲ ਵਹੀਰ ਘੱਤ ਦਿੱਤੀ। ਚਾਰੇ ਬੰਨੇ ਕੋਠੇ ਜਿੱਡਾ ਘਾਹ ਤੇ ਜੰਗਲੀ ਦਰੱਖਤ ਖੈਰ, ਢੱਕ, ਗੁੱਲ੍ਹਰ, ਟਾਹਲੀ ਆਦ ਬੇਅੰਤ ਸੰਘਣੇ ਰੁੱਖ ਸਨ। ਓਥੇ ਹੀ ਜੰਗਲੀ ਜੋਗੀ ਨੇ ਜਾ ਧੂਣਾ ਰਮਾਇਆ। ਮੱਛਰ ਤੇ ਜੋਕਾਂ ਦਾ ਅੰਤ ਨਹੀਂ ਸੀ। ਰਾਮ ਨਗਰਾ ਛੜਿਆਂ ਦਾ ਬਸੇਰਾ ਸੀ ਜਿਥੇ ਸ਼ਾਮਾਂ ਨੂੰ ਗਿੱਦੜ ਰੋਂਦੇ ਤੇ ਰਾਤਾਂ ਨੂੰ ਸ਼ੇਰ ਗਰਜਦੇ। ਸਵੇਰੇ ਤੁਰੇ ਜਾਂਦਿਆਂ ਦੇ ਜੋਕਾਂ ਚੰਬੜ ਜਾਂਦੀਆਂ। ਪਹਿਲੇ ਚਾਰ-ਪੰਜ ਦਿਨ ਸ਼ੇਰਾਂ ਤੋਂ ਡਰ ਲੱਗਦਾ ਰਿਹਾ। ਫਿਰ ਸ਼ੇਰਾਂ ਦੇ ਘਰ ਨੂੰ ਆਪਣਾ ਘਰ ਬਣਾ ਲਿਆ। ਪਾੜ੍ਹੇ, ਚੀਤਲ, ਰੋਝ, ਗੋਂਦਾਂ, ਜੰਗਲੀ ਮੱਝਾਂ, ਜੰਗਲੀ ਸੂਰ ਤੇ ਸ਼ੇਰਾਂ ਨਾਲ ਟੱਕਰ ਲੈਣ ਦੀ ਠਾਣ ਲਈ। ਅਸੀਂ ਦੋਵੇਂ ਭਰਾ ਤੇ ਇਕ ਕੁੱਤਾ ਕਣਕ ਦੀ ਰਾਖੀ ਕਰਦੇ। ਦਿਨੇ ਜੋਕਾਂ ਲਹੂ ਪੀਂਦੀਆਂ ਤੇ ਰਾਤਾਂ ਨੂੰ ਮੱਛਰ ਤੋੜ-ਤੋੜ ਖਾਂਦਾ। ਸ਼ੇਰਾਂ ਤੇ ਸੱਪਾਂ ਦਾ ਕੋਈ ਅੰਤ ਨਹੀਂ ਸੀ। ਸਾਰਾ ਦਿਨ ਕੰਮ ਕਰ ਕੇ ਰਾਤ ਨੂੰ ਰੋਟੀ ਟੁੱਕ ਵੀ ਆਪੇ ਕਰਨਾ ਪੈਂਦਾ ਸੀ।
ਇਕ ਦਿਨ ਆਪਣੇ ਇਕ ਬੰਦੇ ਨੇ ਮੈਨੂੰ ਥੱਕੇ-ਟੁੱਟੇ ਨੂੰ ਦਰਿਆ ਤੋਂ ਸ਼ਤੀਰੀਆਂ ਲਿਆਉਣ ਲਈ ਮੱਲੋਜ਼ੋਰੀ ਨਾਲ ਤੋਰ ਲਿਆ। ਉਥੇ ਮੈਂ ਸ਼ੇਰ ਦੀ ਸੱਜਰੀ ਪੈੜ ਵੇਖ ਕੇ ਚਿਤਾਵਨੀ ਵੀ ਦਿੱਤੀ। ਥੋੜ੍ਹੀ ਦੂਰ ਤਾਜ਼ੀ ਗਾਂ ਮਰੀ ਪਈ ਸੀ। ਉਹ ਜ਼ਿੱਦੀ ਬੰਦਾ ਗਾਂ ਕੋਲੋਂ ਲੰਘਣ ਲੱਗਾ ਤਾਂ ਸ਼ੇਰ ਨੇ ਉਸ `ਤੇ ਵਾਰ ਕਰ ਦਿੱਤਾ। ਸ਼ੇਰ ਦਾ ਅਸੂਲ ਹੈ, ਜੇ ਪਹਿਲੇ ਵਾਰ ਸ਼ਿਕਾਰ ਮਰ ਜਾਵੇ ਠੀਕ ਹੈ। ਫਿਰ ਦੂਜਾ ਵਾਰ ਨਹੀਂ ਕਰਦਾ। ਪਰ ਆਪਣੀ ਮਾਰ ਚੁੱਕਣ ਵੀ ਨਹੀਂ ਦਿੰਦਾ। ਜਦੋਂ ਸ਼ੇਰ ਨੇ ਛਾਲ ਮਾਰੀ, ਉਹ ਬੰਦਾ ਬੇਹੋਸ਼ ਹੋ ਕੇ ਡਿੱਗ ਪਿਆ। ਡਿੱਗਣ ਵੇਲੇ ਸ਼ੇਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਿਆ ਤੇ ਥੋੜ੍ਹੀ ਦੂਰ ਜਾ ਕੇ ਬੈਠ ਗਿਆ। ਮੈਂ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਉਸ ਨੂੰ ਸ਼ੇਰ ਕੋਲੋਂ ਕੱਢ ਲਿਆਇਆ ਤੇ ਚੁੱਕ ਕੇ ਦੂਰ ਲੈ ਗਿਆ। ਸ਼ੇਰ ਨੇ ਮੇਰੇ ਉਤੇ ਵਾਰ ਨਹੀਂ ਕੀਤਾ। ਅਸਲ ਵਿਚ ਜਾਨਵਰ ਵੀ ਬੰਦਾ ਕੁਬੰਦਾ ਵੇਖ ਲੈਂਦੈ! ਜੇ ਮੈਂ ਸਾਥੀ ਨੂੰ ਛੱਡ ਕੇ ਭੱਜਦਾ ਤਾਂ ਸ਼ੇਰ ਨੇ ਮੈਨੂੰ ਵੀ ਭੱਜਣ ਨਹੀਂ ਸੀ ਦੇਣਾ। ਮੈਨੂੰ ਖੇਡਾਂ `ਚ ਜਿਹੜੀ ਕਾਮਯਾਬੀ ਮਿਲੀ ਉਸ ਵਿਚ ਜੰਗਲ `ਚ ਕੀਤੀ ਮਿਹਨਤ ਬੜੀ ਰਾਸ ਆਈ।
7 ਅਪਰੈਲ 1957 ਨੂੰ ਉਹ ਫੌਜੀ ਬਣ ਗਿਆ। ਅੰਬਾਲੇ ਭਰਤੀ ਹੋ ਕੇ ਅਹਿਮਦ ਨਗਰ ਪਹੁੰਚ ਗਿਆ। ਫੌਜ ਵਿਚ ਰੰਗਰੂਟੀ ਕਰਦਿਆਂ ਮੁਹਾਰ ਫਿਰ ਖੇਡਾਂ ਵੱਲ ਮੋੜ ਲਈ। ਉਥੇ ਵਾਲੀਬਾਲ, ਬੌਕਸਿੰਗ ਤੇ ਬਾਸਕਟਬਾਲ ਖੇਡਿਆ। ਖੇਡ ਅਜਿਹੀ ਦਾਤ ਹੈ ਜਿਹੜੀ ਸਭ ਤੋਂ ਵੱਧ ਖ਼ੁਸ਼ੀ, ਪਿਆਰ ਤੇ ਦੋਸਤਾਨੇ ਵੰਡਦੀ ਹੈ। ਉਦੋਂ ਉਹ 23ਵੇਂ ਸਾਲ ਵਿਚ ਹੋ ਗਿਆ ਸੀ। ਉਥੇ ਇਕ ਲੰਮਾ ਲੰਝਾ ਮੁੰਡਾ ਕਹਿੰਦਾ ਫਿਰੇ ਕਿ ਮੈਂ ਮੇਲਿਆਂ ਵਿਚ ਗੋਲਾ ਸੁੱਟਦਾ ਰਿਹਾਂ। ਜੋਗੀ ਦਾ ਮੁਕਾਬਲਾ ਉਸ ਮੁੰਡੇ ਨਾਲ ਕਰਵਾ ਦਿੱਤਾ ਤੇ ਜੋਗੀ ਨੇ 30 ਕੁ ਫੁੱਟ ਗੋਲਾ ਸੁੱਟ ਕੇ ਉਸ ਨੂੰ ਹਰਾ ਦਿੱਤਾ। 1957-58 ਦੇ ਸੈਂਟਰ ਮੁਕਾਬਲਿਆਂ ਵਿਚ ਉਹ ਫਸਟ ਆ ਗਿਆ। ਫਿਰ ਉਹਦੀਆਂ ਬਦਲੀਆਂ ਕਦੇ ਬਬੀਨੇ, ਕਦੇ ਜੰਮੂ, ਕਦੇ ਸੰਗਰੂਰ ਹੋਈਆਂ। ਸੰਗਰੂਰ ਉਹਦੇ ਬੜਾ ਰਾਸ ਆਇਆ ਤੇ ਉਹ ਗੋਲੇ ਦਾ ਨੈਸ਼ਨਲ ਚੈਂਪੀਅਨ ਬਣ ਗਿਆ।
ਉਹ ਲਿਖਦੈ: 12 ਦਸੰਬਰ 1966 ਦਾ ਦਿਨ ਸੀ। ਸ਼ਾਮ ਨੂੰ ਮੇਰਾ ਮੁਕਾਬਲਾ ਸੀ। ਧਰਤੀ ਮਾਂ ਨੂੰ ਨਮਸਕਾਰ ਕਰ ਕੇ ਮੈਂ ਦਾਤੇ ਅੱਗੇ ਅਰਦਾਸ ਕੀਤੀ, ਦਾਤਾ ਫਤਿਹ ਬਖਸ਼ਣੀ। ਪਹਿਲੀਆਂ ਤਿੰਨ ਵਾਰੀਆਂ ਵਿਚ ਜਪਾਨ ਤੇ ਇਰਾਨ ਦੇ ਦੋਵੇਂ ਸੁਟਾਵੇ ਮੈਥੋਂ ਅੱਗੇ ਸਨ। ਪਾਕਿਸਤਾਨ ਦਾ ਹਰਡਲਾਂ ਵਾਲਾ ਰਾਜ਼ਿਕ ਪੰਜਾਬੀ ਹੋਣ ਦੇ ਨਾਤੇ, ਹਰਡਲਾਂ ਦੀ ਦੌੜ ਜਿੱਤ ਕੇ ਮੇਰੇ ਕੋਲ ਆ ਗਿਆ। ਉਸ ਨੇ ਮੈਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ, ਸ਼ੇਰਾ ਇਨ੍ਹਾਂ ਨੂੰ ਛੱਡਣਾ ਨਹੀਂ। ਪਾਕਿਸਤਾਨ ਦਾ ਗੋਲਾ ਸੁਟਾਵਾ ਬਾਜਵਾ ਵੀ ਮੇਰੇ ਲਈ ਜੂਸ ਦੀ ਥਰਮੋਸ ਲੈ ਆਇਆ। ਮੈਂ ਆਪਣੀ ਚੌਥੀ ਵਾਰੀ `ਚ ਉਨ੍ਹਾਂ ਦੋਨਾਂ ਤੋਂ ਅੱਗੇ ਗੋਲਾ ਸੁੱਟ ਗਿਆ। ਰਾਜ਼ਿਕ ਨੇ ਮੈਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਬੜਾ ਜ਼ੋਰ ਲਾਇਆ ਪਰ ਮੇਰਾ ਚੌਥੀ ਵਾਰੀ ਦਾ ਗੋਲਾ ਉਨ੍ਹਾਂ ਤੋਂ ਅੱਗੇ ਹੀ ਰਿਹਾ। ਬੈਂਗਕੌਕ ਦੀ ਇਕ ਸੋਹਣੀ ਮੁਟਿਆਰ ਸਾਨੂੰ ਤਿੰਨਾਂ ਨੂੰ ਵਿਕਟਰੀ ਸਟੈਂਡ ਕੋਲ ਲੈ ਗਈ। ਅੱਗੇ ਤਿੰਨ ਮੁਟਿਆਰਾਂ ਮੈਡਲ ਲਈ ਖੜ੍ਹੀਆਂ ਸਨ। ਅਨਾਊਂਸਮੈਂਟ ਹੋਈ, ਜੋਗਿੰਦਰ ਸਿੰਘ ਇੰਡੀਆ ਫਸਟ। ਸੋਨੇ ਦਾ ਮੈਡਲ ਮੇਰੇ ਗਲ ਪਾ ਕੇ ਮੈਨੂੰ ਮੁਬਾਰਕਬਾਦ ਦਿੱਤੀ। ਤਿਰੰਗਾ ਚਾੜ੍ਹਨ ਦੀ ਰਸਮ ਵੇਲੇ ਜਨ ਗਣ ਮਨ ਗੂੰਜਿਆ ਤਾਂ ਸਾਰੇ ਦਰਸ਼ਕ ਉਠ ਖੜ੍ਹੇ ਹੋਏ। ਮੇਰੇ ਦੇਸ਼ ਦਾ ਝੰਡਾ ਉੱਚਾ ਚੜ੍ਹਦਾ ਵੇਖ ਕੇ ਮੇਰੀਆਂ ਅੱਖਾਂ ਵਿਚ ਖ਼ੁਸ਼ੀਆਂ ਦਾ ਦਰਿਆ ਵਗ ਪਿਆ। ਮੈਂ ਦਰਸ਼ਕਾਂ ਦੀਆਂ ਤਾੜੀਆਂ ਦਾ ਸਿਰ ਨਿਵਾ ਕੇ ਧੰਨਵਾਦ ਕੀਤਾ।
12 ਦਸੰਬਰ 1970 ਨੂੰ ਫਿਰ ਉਸੇ ਥਾਂ ਛੇਵੀਆਂ ਏਸ਼ੀਅਨ ਖੇਡਾਂ ਦਾ ਮੁਕਾਬਲਾ ਸੀ। 1966 ਵਾਲੇ ਜਪਾਨੀ ਤੇ ਇਰਾਨੀ ਸੁਟਾਵੇ ਫਿਰ ਮੁਕਾਬਲੇ ਵਿਚ ਸਨ। ਮੈਂ ਹਰ ਵਾਰ ਇਰਾਨ ਦੇ ਜਲਾਲ ਕਸ਼ਮੀਰੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਪਰ ਚਾਰ ਵਾਰੀਆਂ ਤਕ ਉਹ ਅੱਗੇ ਹੀ ਰਿਹਾ। ਜਦੋਂ ਪੰਜਵੀਂ ਵਾਰੀ ਆਈ ਤਾਂ ਮੈਂ ਹੋਰ ਜੋਸ਼ ਭਰਿਆ। ਛੋਟੀ ਜਿਹੀ ਹਰਕਾਰੀ ਮਾਰੀ ਤੇ ਸਾਰੇ ਅੰਗ ਗੋਲੇ ਦੇ ਪਿੱਛੇ ਧੱਕਾ ਮਾਰਨ ਲਈ ਇਕੱਠੇ ਕੀਤੇ। ਮੈਂ ਤੇਜ਼ੀ ਨਾਲ ਗਲਾਈਡ ਲਈ। ਪੈਰ ਠੀਕ ਥਾਂ ਟਿਕਾ ਕੇ ਮੋਢੇ ਪੂਰੇ ਪਿੱਛੇ ਰੱਖ ਕੇ ਆਪਣੇ ਵੱਲੋਂ ਜਿੰਨਾ ਜ਼ੋਰ ਸੀ ਲਾ ਦਿੱਤਾ। ਜ਼ੋਰ ਦਾ ਲਲਕਾਰਾ ਵੱਜਾ। ਮੇਰਾ ਗੋਲਾ ਇਰਾਨੀ ਦੇ ਗੋਲੇ ਤੋਂ ਅੱਗੇ ਜਾ ਡਿੱਗਾ। ਬਾਹਰੋਂ ਅਜਮੇਰ ਪਾਰਟੀ ਦੀ ਆਵਾਜ਼ ਸੁਣਾਈ ਦਿੱਤੀ, ਜੋਗੀ ਚੱਕਤੇ ਫੱਟੇ! ਗੋਲਾ ਮਿਣਿਆ ਤਾਂ 17.09 ਮੀਟਰ ਸੀ ਜਿਹੜਾ ਜਲਾਲ ਨਾਲੋਂ ਵੱਧ ਸੀ। ਉਹਦੀ ਛੇਵੀਂ ਸੁੱਟ ਫਾਊਲ ਹੋ ਗਈ ਤੇ ਮੈਂ ਜੇਤੂ ਬਣ ਗਿਆ। ਇਕ ਸੁੰਦਰੀ ਗੋਲੇ ਦੀ ਜੇਤੂ ਤਿੱਖੜੀ ਨੂੰ ਵਿਕਟਰੀ ਸਟੈਂਡ ਕੋਲ ਲੈ ਗਈ। ਅਨਾਊਂਸਮੈਂਟ ਹੋਈ, ਜੋਗਿੰਦਰ ਸਿੰਘ ਇੰਡੀਆ ਫਸਟ, ਜਿਸ ਨੇ 17.09 ਮੀਟਰ ਗੋਲਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਕੀਤਾ। ਮੇਰੀਆਂ ਅੱਖਾਂ ਵਿਚ ਖੁਸ਼ੀ ਦੇ ਸੋਮੇ ਫੁੱਟ ਪਏ! ਬਾਹਰ ਆਉਂਦੇ ਹੀ ਦੋਸਤਾਂ ਨੇ ਮੈਨੂੰ ਬਾਹਾਂ `ਤੇ ਚੁੱਕ ਲਿਆ। ਅਜਮੇਰ ਨੇ ਕੁਰਸੀ `ਤੇ ਖੜ੍ਹ ਕੇ ਜੱਫੀ ਪਾਉਂਦਿਆਂ ਕਿਹਾ, ਬਾਈ ਅੱਜ ਤਾਂ ਧੰਨ-ਧੰਨ ਕਰਵਾ ਦਿੱਤੀ!
400 ਮੀਟਰ ਦੌੜ ਦਾ ਏਸ਼ੀਆ ਚੈਂਪੀਅਨ ਅਜਮੇਰ ਸਿੰਘ ਆਪਣੇ ਤੋਂ ਗਿੱਠ ਉੱਚੇ ਸਾਢੇ 6 ਫੁੱਟੇ ਜੋਗੀ ਨੂੰ ਕੁਰਸੀ `ਤੇ ਚੜ੍ਹ ਕੇ ਹੀ ਜੱਫੀ ਪਾਉਂਦਾ ਸੀ! ਤਦ ਤਕ ਜੋਗਿੰਦਰ ਸਿੰਘ ਸਿਪਾਹੀ ਤੋਂ ਕੈਪਟਨ ਬਣ ਚੁੱਕਾ ਸੀ। 1968 ਵਿਚ ਉਸ ਨੂੰ ਅਰਜਨ ਅਵਾਰਡ ਨਾਲ ਸਨਮਾਨਿਆ ਗਿਆ ਅਤੇ ਉਹ ਮੇਜਰ ਦੇ ਅਹੁਦੇ `ਤੇ ਅੱਪੜ ਕੇ ਫੌਜ ਵਿਚੋਂ ਰਿਟਾਇਰ ਹੋਇਆ। ਆਪਣੀ ਹੱਡ ਬੀਤੀ ਲਿਖਣ ਪਿੱਛੋਂ ਉਹ ਆਪਣੇ ਦੋਸਤ, ਟੋਕੀਓ ਓਲੰਪਿਕਸ ਵਿਚੋਂ 110 ਮੀਟਰ ਹਰਡਲਜ਼ ਦੌੜ `ਚੋਂ ਪੰਜਵਾਂ ਸਥਾਨ ਲੈਣ ਵਾਲੇ ਗੁਰਬਚਨ ਸਿੰਘ ਰੰਧਾਵੇ ਦੇ ਘਰ ਗਿਆ ਜਿਥੇ ਚਾਹ ਪੀਂਦਿਆਂ ਦਿਲ ਦੇ ਦੌਰੇ ਨਾਲ ਅਚਾਨਕ ਚਲਾਣਾ ਕਰ ਗਿਆ। ਇੰਜ ਉਹ ਜੋਗੀਆਂ ਵਾਲੀ ਫੇਰੀ ਵਾਂਗ ਜੱਗ ਤੋਂ ਚਲਾ ਗਿਆ। ‘ਜੱਗ ਦੇ ਜੋਗੀ’ ਦੀਆਂ ਆਖ਼ਰੀ ਸਤਰਾਂ ਹਨ: ਇਹ ਜੋਗੀ ਵਾਲੀ ਫੇਰੀ ਸੀ, ਮੁੜ ਪਵੇ ਕਿ ਨਾ, ਇਹ ਚੰਗੀ ਸੀ ਜਾਂ ਮਾੜੀ ਸੀ, ਉਹ ਰੱਬ ਜਾਣੇ!
