ਚਿਤਕਾਰਾ ਤੋਂ ਲਵਲੀ ਤੱਕ ਫ਼ਰਜ਼ੀ ਨੈਰੇਟਿਵ ਦਾ ਜਾਲ

ਚੰਡੀਗੜ੍ਹ:ਪੰਜਾਬ ਦੇ ਵੱਡੇ ਸਿੱਖਿਆ ਸੰਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਸੋਸ਼ਲ ਮੀਡੀਆ ‘ਤੇ ਫਰਜ਼ੀ ਖ਼ਬਰਾਂ ਅਤੇ ਡਰ ਫੈਲਾਉਣ ਵਾਲੇ ਨੈਰੇਟਿਵ ਪ੍ਰਸਾਰਿਤ ਕਰਨ ਦਾ ਮਾਮਲਾ ਗੰਭੀਰ ਹੋ ਗਿਆ ਹੈ।

ਚਿਤਕਾਰਾ ਯੂਨੀਵਰਸਿਟੀ ਵਿੱਚ ਦੋ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ, ਹੋਸਟਲ ਵਿੱਚ ਭੂਤ ਦਾ ਸਾਇਆ ਅਤੇ ਚੀਕਾਂ ਸੁਣਾਈ ਦੇਣ ਦੀਆਂ ਅਫ਼ਵਾਹਾਂ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲ.ਪੀ.ਯੂ.) ਵਿੱਚ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਅਤੇ ਸੁਰੱਖਿਆ ਪ੍ਰਬੰਧਾਂ ਵਿੱਚ ਵੱਡੀ ਕਮੀ ਦਾ ਵੀਡੀਓ ਵਾਇਰਲ ਕੀਤਾ ਗਿਆ।
ਪੁਲਿਸ ਦੀ ਜਾਂਚ ਵਿੱਚ ਇਨ੍ਹਾਂ ਮਾਮਲਿਆਂ ਨਾਲ ਜੁੜੇ ਕਈ ਦਾਅਵੇ ਝੂਠੇ ਪਾਏ ਗਏ ਹਨ। ਦੋਵੇਂ ਸੰਸਥਾਨਾਂ ਨੂੰ ਲਗਭਗ ਇੱਕੋ ਸਮੇਂ ਨਿਸ਼ਾਨਾ ਬਣਾਏ ਜਾਣ ਕਾਰਨ ਪੁਲਿਸ ਵੱਲੋਂ ਇਸ ਪਿੱਛੇ ਕਿਸੇ ਸੁਨਿਯੋਜਿਤ ਕੋਸ਼ਿਸ਼ ਦੀ ਸੰਭਾਵਨਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਚਿਤਕਾਰਾ ਯੂਨੀਵਰਸਿਟੀ ਬਾਰੇ ਸੋਸ਼ਲ ਮੀਡੀਆ ‘ਤੇ ਹੋਸਟਲ ਵਿੱਚ ਭੂਤ ਦਾ ਸਾਇਆ ਹੋਣ ਅਤੇ ਦੋ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਗੱਲਾਂ ਫੈਲਾਈਆਂ ਗਈਆਂ। ਵਿਦਿਆਰਥਣਾਂ ਦੇ ਚੀਕਣ ਅਤੇ ਹੋਸਟਲ ਵਿੱਚ ਡਰ ਦਾ ਮਾਹੌਲ ਹੋਣ ਦੇ ਦਾਅਵੇ ਵੀ ਕੀਤੇ ਗਏ। ਪੁਲਿਸ ਦੀ ਜਾਂਚ ਵਿੱਚ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਹੋਈ। ਨਾ ਦੋ ਵਿਦਿਆਰਥਣਾਂ ਦੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਅਤੇ ਨਾ ਹੀ ਉਨ੍ਹਾਂ ਦੇ ਲਾਪਤਾ ਹੋਣ ਦੀ ਕੋਈ ਸ਼ਿਕਾਇਤ ਮਿਲੀ। ਅਫ਼ਵਾਹਾਂ ਤੋਂ ਬਾਅਦ ਪੁਲਿਸ ਨੇ ਕੈਂਪਸ ਵਿੱਚ ਗਸ਼ਤ ਵਧਾ ਦਿੱਤੀ।
ਐੱਲ.ਪੀ.ਯੂ. ਨਾਲ ਸਬੰਧਤ ਇੱਕ ਵੀਡੀਓ ਵਾਇਰਲ ਕਰਕੇ ਵਿਦਿਆਰਥਣ ਨਾਲ ਕਥਿਤ ਜਬਰ ਜਨਾਹ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ ਗਏ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਵੀਡੀਓ ਵਿੱਚ ਦਿਖਾਇਆ ਗਿਆ ਘਟਨਾਕ੍ਰਮ ਸਕ੍ਰਿਪਟਿਡ ਸੀ ਅਤੇ ਇਸ ਦੇ ਆਧਾਰ ‘ਤੇ ਫੈਲਾਇਆ ਗਿਆ ਨੈਰੇਟਿਵ ਗਲਤ ਸੀ। ਹਾਲਾਂਕਿ, ਯੂਨੀਵਰਸਿਟੀ ਨਾਲ ਸਬੰਧਤ ਅਸਲ ਘਟਨਾਕ੍ਰਮ ਦੇ ਮਾਮਲੇ ਵਿੱਚ ਪੁਲਿਸ ਨੇ ਅਣਪਛਾਤੇ ਸ਼ਰਾਰਤੀ ਤੱਤਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਸਾਵਧਾਨੀ ਵਜੋਂ ਕਲਾਸਾਂ 10 ਦਿਨਾਂ ਲਈ ਮੁਲਤਵੀ ਕੀਤੀਆਂ ਗਈਆਂ ਹਨ।