ਅਵਤਾਰ ਸਿੰਘ
ਫੋਨ ਨੰ: 9417518384
ਸਾਨੂੰ ਅੱਠਵੀਂ ਵਿਚ ਇਕ ਲੇਖ ਲਿਖਣ ਲਈ ਕਿਹਾ ਜਾਂਦਾ ਸੀ, ਜਿਸਦਾ ਸਿਰਲੇਖ ਹੁੰਦਾ ਸੀ: ਜੇ ਮੈਂ ਪ੍ਰਧਾਨ ਮੰਤਰੀ ਹੋਵਾਂ। ਪਤਾ ਨਹੀਂ ਕਿਉਂ ਸਾਨੂੰ ਕਿਸੇ ਨੇ ਇਹ ਲੇਖ ਲਿਖਣ ਲਈ ਕਦੇ ਨਹੀਂ ਕਿਹਾ: ਜੇ ਮੈਂ ਮੁਖ ਮੰਤਰੀ ਹੋਵਾਂ।
ਇਸਦਾ ਕਾਰਨ ਇਹ ਹੋ ਸਕਦਾ ਹੈ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਰਿਜ਼ਰਵ ਨਹੀਂ ਹੈ, ਜਿਸ ਕਰਕੇ ਕੋਈ ਵੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲੈ ਸਕਦਾ ਹੈ। ਪਰ ਪੰਜਾਬ ਦੇ ਮੁਖ ਮੰਤਰੀ ਦਾ ਅਹੁਦਾ ਰਿਜ਼ਰਵ ਸਮਝਿਆ ਜਾਂਦਾ ਹੈ, ਜਿਸ ਕਰਕੇ ਜਿਹੜੇ ਲੋਕ ਆਪਣੀ ਜਾਤ ਕਰਕੇ ਪੰਜਾਬ ਦੇ ਮੁਖ ਮੰਤਰੀ ਨਹੀਂ ਬਣਾਏ ਜਾ ਸਕਦੇ, ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੇ ਮਨਾਂ ਵਿਚ ਅਜਿਹਾ ਸੁਪਨਾ ਹੀ ਨਾ ਲੈਣ ਦਿਤਾ ਜਾਵੇ।
ਇਸ ਲਈ ਜਦ ਵੀ ਕਿਤੇ ਦੋ-ਚਾਰ ਲੋਕ ਮਿਲਦੇ ਹਨ ਤਾਂ ਉਨ੍ਹਾਂ ਦੀ ਗੱਲਬਾਤ ਵਿਚ ਉਹੀ ਲੋਕ ਆਉਂਦੇ ਹਨ, ਜਿਹੜੇ ਮੁਖ ਮੰਤਰੀ ਬਣਨ ਦੀ ਕਾਬਲੀਅਤ ਧੁਰੋਂ ਲਿਖਾ ਕੇ ਆਏ ਹੋਏ ਹਨ। ਬੇਸ਼ਕ ਉਹ ਧੁਰ ਰੱਬ ਦਾ ਨਹੀਂ, ਬਲਕਿ ਆਪਣਾ ਹੀ ਬਣਾਇਆ ਹੋਇਆ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮਾਜ ਦੀ ਰਾਜਸੀ ਚੇਤਨਾ ਦਾ ਇਹ ਚਿਰੋਕਣਾ ਦੋਸ਼ ਦੂਰ ਕਰਨ ਲਈ ਇਸ ਅੰਦੋਲਨ ਦਾ ਐਲਾਨ ਕੀਤਾ ਕਿ ‘ਜਿਨਕੀ ਜਾਤ ਗੋਤ ਕੁਲ ਮਾਹੀਂ, ਸਰਦਾਰੀ ਨਾ ਭਈ ਕਦਾਹੀਂ। ਤਿਨਹੀ ਕੋ ਸਰਦਾਰ ਬਨਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ।’
ਦੇਸ਼ ਅਜ਼ਾਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਦਾ ਜਾਤੀ-ਦੋਸ਼ ਟੁੱਟਦਾ ਨਜ਼ਰ ਆਉਣ ਲੱਗਾ ਤੇ ਇਥੇ ਬਣਨ ਵਾਲੇ ਮੁਖ ਮੰਤਰੀਆਂ ਵਿਚ ਵੰਨ-ਸੁਵੰਨਤਾ ਨਜ਼ਰ ਆਉਣ ਲੱਗੀ। ਗੋਪੀ ਚੰਦ ਭਾਰਗਵ, ਭੀਮ ਸੈਨ ਸੱਚਰ, ਪਰਤਾਪ ਸਿੰਘ ਕੈਰੋਂ ਤੇ ਰਾਮ ਕਿਸ਼ਨ ਉਸ ਸਮੇਂ ਦੇ ਮੁਖ ਮੰਤਰੀ ਸਨ, ਜਿਸ ਸਮੇਂ ਪੰਜਾਬ ਵਿਚ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਬੋਲਬਾਲਾ ਹਾਲੇ ਸ਼ਾਇਦ ਬਚਿਆ ਹੋਇਆ ਸੀ।
ਸਾਡੇ ਸਮਾਜ ਵਿਚ ਅਜਿਹਾ ਬੋਲਬਾਲਾ ਵਿਹਾਰਕ ਰੂਪ ਵਿਚ ਪਸੰਦ ਨਹੀਂ ਕੀਤਾ ਜਾਂਦਾ। ਸਿਰਫ ਇਸਦੀਆਂ ਗੱਲਾਂ ਹੁੰਦੀਆਂ ਹਨ। ਇਸ ਲਈ 1966 ਤੋਂ ਬਾਅਦ ਪੰਜਾਬ ਦੇ ਮੁਖ ਮੰਤਰੀ ਦੇ ਅਹੁਦੇ ਦਾ ਅਣਲਿਖਤ ਰਾਖਵਾਂਕਰਣ ਕਰ ਦਿਤਾ ਗਿਆ। ਇਹ ਰਾਖਵਾਂਕਰਣ ਇਕ ਵਾਰੀ ਗਿਆਨੀ ਜ਼ੈਲ ਸਿੰਘ ਨੇ ਤੋੜਿਆ ਤੇ ਦੂਜੀ ਵਾਰ ਚੰਨੀ ਵੇਲੇ ਇਹ ਮਸਾਂ ਹੀ ਟੁੱਟਣੋ ਬਚਿਆ। ਵਿਚਾਰੇ ਚੰਨੀ ਨੂੰ ਇਸ ‘ਗੁਨਾਹ’ ਬਦਲੇ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਈ, ਜਿਸ ਕਰਕੇ ਉਸਨੇ ਦੋ ਥਾਵਾਂ ‘ਤੋਂ ਚੋਣ ਲੜੀ। ਪਰ ਉਸਨੂੰ ਦੋਵਾਂ ਥਾਵਾਂ ਤੋਂ ਹਰਾ ਕੇ ਦੱਸ ਦਿਤਾ ਗਿਆ ਕਿ ਜੇ ਉਸਨੇ ਗੁਰੂਆਂ ਦੀ ਧਰਤੀ ‘ਤੇ ਰਹਿਣਾ ਹੈ ਤਾਂ ਉਹ ਇਥੋਂ ਦੀ ਸਰਦਾਰੀ ਦੇ ਸਤੀਰਾਂ ਨੂੰ ਜੱਫੇ ਪਾਉਣ ਤੋਂ ਗੁਰੇਜ਼ ਕਰੇ। ਸ਼ਾਇਦ ਉਸਨੂੰ ਪਤਾ ਨਹੀਂ ਸੀ ਕਿ ਜਦ ਗਿਆਨੀ ਜ਼ੈਲ ਸਿੰਘ ਪੰਜਾਬ ਦਾ ਮੁਖ ਮੰਤਰੀ ਸੀ ਤਾਂ ਉਸ ਵੇਲੇ ਅਕਾਲੀ ਕਾਨਫਰੰਸਾਂ ਵਿਚ ਇਹ ਨਾਅਰਾ ਪ੍ਰਚੱਲਤ ਹੋ ਗਿਆ ਸੀ: ‘ਉੱਪਰ ਬਾਹਮਣੀ ਹੇਠ ਤਖਾਣ, ਭੁੱਖਾ ਮਰ ਗਿਆ ਹਿੰਦੁਸਤਾਨ।’
ਸਾਰੀ ਸ੍ਰਿਸ਼ਟੀ ਗੁਰਮਤਿ ਦਾ ਘਰ ਹੈ। ਪਰ ਪੰਜਾਬ ਵਿਚ ਇਸਦੀ ਹਾਜ਼ਰੀ ਕੁਝ ਵਧੇਰੇ ਸਮਝੀ ਜਾਂਦੀ ਹੈ। ਹੈਰਾਨੀ ਹੁੰਦੀ ਹੈ ਕਿ ਇਕ ਪਾਸੇ ‘ਪੰਜਾਬ ਵਸਦਾ ਗੁਰਾਂ ਦੇ ਨਾਂ’ ਦਾ ਪ੍ਰਚਾਰ ਹੈ ਤੇ ਦੂਜੇ ਪਾਸੇ ਗੁਰੂ ਸਾਹਿਬਾਨ ਦੇ ਵਿਚਾਰ ਅਤੇ ਵਿਹਾਰ ਨੂੰ ਪੰਜਾਬ ਵਿਚ ਸੁਪਨੇ ਲੈਣ ਦੀ ਵੀ ਮਨਾਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸਾਡੇ ਲੋਕ ਸੰਵਿਧਾਨ ਵਿਚ ਲਿਖੇ ਹੋਏ ਰਾਖਵੇਂਕਰਣ ਨੂੰ ਖਤਮ ਕਰਨ ਲਈ ਤਾਂ ਸੋਚਦੇ ਹਨ, ਪਰ ਜਿਹੜਾ ਰਾਖਵਾਂਕਰਣ ਕਿਤੇ ਲਿਖਿਆ ਵੀ ਨਹੀਂ ਹੋਇਆ, ਉਹਦੇ ਬਾਰੇ ਕੋਈ ਨਹੀਂ ਸੋਚਦਾ।
ਕਿਸੇ ਦੀ ਚੰਗਿਆਈ ਦਾ ਉਸਦੀ ਜਾਤ ਨਾਲ ਕੋਈ ਸਬੰਧ ਨਹੀਂ ਹੁੰਦਾ। ਇਸ ਲਈ ਹਰ ਜਾਤ ਦੇ ਲੋਕ ਚੰਗੇ ਵੀ ਹੋ ਸਕਦੇ ਹਨ ਤੇ ਮਾੜੇ ਵੀ। ਚੰਗੇ ਮਾੜੇ ਹੋਣਾ ਜਾਤੀ ਵਰਤਾਰਾ ਨਹੀਂ, ਜ਼ਾਤੀ ਹੈ। ਸਾਨੂੰ ਜਾਤ ਅਤੇ ਜ਼ਾਤ ਵਿਚਲੇ ਫਰਕ ਦਾ ਪਤਾ ਹੋਣਾ ਚਾਹੀਦਾ। ਕਿਸੇ ਦੀ ਜ਼ਾਤ ਦੇਖਣੀ ਚਾਹੀਦੀ ਹੈ ਜਾਤ ਨਹੀਂ। ਜਾਤ ਆਪ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ ਜਦਕਿ ਆਪਣੀ ਜ਼ਾਤ ਹਰ ਕੋਈ ਆਪ ਘੜਦਾ ਹੈ। ਜਾਤ ਦਾ ਸਬੰਧ ਨਸਲ ਨਾਲ ਹੈ ਤੇ ਜ਼ਾਤ ਦਾ ਸਬੰਧ ਖ਼ਸਲਤ ਨਾਲ ਹੈ। ਖ਼ਸਲਤ ਸ਼ਖ਼ਸੀਅਤ ਨੂੰ ਕਹਿੰਦੇ ਹਨ।
ਪੰਜਾਬ ਦਾ ਮੁਖ ਮੰਤਰੀ ਬਣਨ ਦੇ ਦਾਅਵੇਦਾਰਾਂ ਦੀ ਨਸਲ ਦੀ ਬਜਾਏ ਖਸਲਤ, ਸ਼ਖ਼ਸੀਅਤ ਜਾਂ ਜ਼ਾਤ ਦੇਖਣ ਦੀ ਲੋੜ ਹੈ ਕਿ ਉਸਦੀ ਸੋਚ ਕਿਸਤਰਾਂ ਦੀ ਹੈ ਤੇ ਉਸਦਾ ਕਿਰਦਾਰ ਅਤੇ ਵਿਵਹਾਰ ਕਿਹੋ ਜਿਹਾ ਹੈ। ਕਿਆ ਉਸਦੇ ਕਿਰਦਾਰ ਅਤੇ ਵਿਵਹਾਰ ਵਿਚ ਲਿਆਕਤ ਤੇ ਸਦਾਚਾਰ ਨਾਂ ਦੀ ਕੋਈ ਚੀਜ਼ ਹੈ?
ਸਦਾਚਾਰ ਦਾ ਅਰਥ ਉਹ ਆਚਰਣ ਨਹੀਂ, ਜਿਹੜਾ ਸਦਾ ਰਹਿੰਦਾ ਹੈ। ਸਦਾ ਚੋਰੀ ਕਰਨ ਵਾਲੇ ਦਾ ਚੋਰੀ ਸਦਾਚਾਰ ਨਹੀਂ ਹੁੰਦਾ। ਬਲਕਿ ਸਦਾਚਾਰ ਦਾ ਅਰਥ ਸੱਚਾ ਆਚਰਣ ਹੈ। ਸੰਸਕ੍ਰਿਤ ਵਿਚ ਸਤ ਅਤੇ ਸਦ ਦਾ ਇਕ ਹੀ ਅਰਥ ਹੈ। ਧਰਮ ਦਾ ਅਰਥ ਵੀ ਸਦਾਚਾਰ ਹੈ। ਜਿਹੜਾ ਬੰਦਾ ਸਦਾਚਾਰੀ ਨਹੀਂ, ਉਹ ਧਰਮੀ ਨਹੀਂ। ਉਹੀ ਧਰਮੀ ਹੈ ਜਿਹੜਾ ਸਦਾਚਾਰੀ ਹੈ।
ਸੱਚ ਦੇ ਵੀ ਦੋ ਪੱਖ ਹਨ, ਜਿਸਦਾ ਇਕ ਪੱਖ ਸਮੇਂ ਨਾਲ ਜੁੜਿਆ ਹੋਇਆ ਹੈ ਤੇ ਦੂਜਾ ਸਥਾਨ ਨਾਲ। ਜਿਹੜਾ ਬੰਦਾ ਅੱਜ ਕੁਝ ਹੋਰ ਕਹਿੰਦਾ ਹੈ ਤੇ ਅਗਲੇ ਦਿਨ ਬਦਲ ਜਾਂਦਾ ਹੈ ਉਹ ਸੱਚਾ ਨਹੀਂ। ਜਿਹੜਾ ਬੰਦਾ ਇਕ ਥਾਂ ਕੁਝ ਕਹਿੰਦਾ ਹੈ ਤੇ ਕਿਸੇ ਹੋਰ ਥਾਂ ਕੁਝ ਹੋਰ, ਉਹ ਵੀ ਸੱਚਾ ਨਹੀਂ। ਸੱਚਾ ਉਹ ਹੈ ਜਿਸਦਾ ਵਿਚਾਰ ਤੇ ਵਿਹਾਰ ਹਰ ਥਾਂ ਤੇ ਹਰ ਸਮੇਂ ਇਕਸਾਰ ਰਹਿੰਦਾ ਹੈ।
ਇਕ ਵਾਰੀ ਅਟਲ ਬਿਹਾਰੀ ਬਾਜਪੇਈ ਜੀ ਚੰਡੀਗੜ੍ਹ ਆਏ ਤੇ ਜਦ ਉਹ ਸਟੇਜ ਵੱਲ ਆਏ ਤਾਂ ਲੋਕ ਨਾਅਰੇ ਮਾਰਨ ਲਗੇ ਕਿ ‘ਦੇਸ਼ ਕਾ ਨੇਤਾ ਕੈਸਾ ਹੋ, ਬਾਜਪੇਈ ਜੈਸਾ ਹੋ।’ ਪਰ ਜਦ ਉਹ ਮਾਈਕ ‘ਤੇ ਆਏ ਤਾਂ ਆਪਣੇ ਅੰਦਾਜ਼ ਵਿਚ ਕਹਿਣ ਲੱਗੇ ‘ਸਵਾਲ ਇਹ ਨਹੀਂ ਕਿ ਦੇਸ਼ ਕਾ ਨੇਤਾ ਕੈਸਾ ਹੋ। ਸਵਾਲ ਇਹ ਹੈ ਕਿ ਦੇਸ਼ ਕੈਸਾ ਹੋ’। ਫਿਰ ਉਨ੍ਹਾਂ ਨੇ ਗੱਲ ਸੁਣਾਈ ਕਿ ਇਕ ਬੰਦਾ ਸ਼ਹਿਰ ਤੋਂ ਦੋ ਅੰਬ ਲੈ ਆਇਆ। ਜਦ ਉਹ ਘਰ ਪਹੁੰਚਿਆ ਤਾਂ ਉਸਨੇ ਆਪਣੇ ਦੋਵਾਂ ਹੱਥਾਂ ਵਿਚ ਇਕ ਇਕ ਅੰਬ ਫੜ ਲਿਆ। ਦੇਖਿਆ ਕਿ ਉਸਦੇ ਜਿਸ ਹੱਥ ਵਿਚ ਛੋਟਾ ਅੰਬ ਹੈ ਉਸ ਪਾਸੇ ਉਸਦਾ ਆਪਣਾ ਬੱਚਾ ਹੈ ਤੇ ਜਿਸ ਹੱਥ ਵਿਚ ਵੱਡਾ ਅੰਬ ਹੈ ਉਸ ਪਾਸੇ ਉਸਦੇ ਭਾਈ ਦਾ ਬੱਚਾ ਹੈ। ਇਸ ਲਈ ਉਸਨੇ ਆਪਣੇ ਦੋਵੇਂ ਹੱਥ ਕਰੌਸ ਕਰ ਲਏ ਤਾਂ ਜੋ ਉਸਦੇ ਆਪਣੇ ਬੱਚੇ ਨੂੰ ਵੱਡਾ ਅੰਬ ਮਿਲ ਸਕੇ। ਬਾਜਪੇਈ ਨੇ ਦੱਸਿਆ ਕਿ ਇਹ ਸਦਾਚਾਰ ਨਹੀਂ ਹੈ। ਇਸਦਾ ਮਤਲਬ ਸਾਫ ਹੈ ਕਿ ਸਦਾਚਾਰ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਨੂੰ ਕਿਹਾ ਜਾਂਦਾ ਹੈ।
ਬੇਸ਼ਕ ਬਾਜਪੇਈ ਜੀ ਦੀਆਂ ਕਹੀਆਂ ਦੋਵੇਂ ਗੱਲਾਂ ਸਹੀ ਸਨ। ਪਰ ਅਜ ਸਾਨੂੰ ਦੇਸ਼ ਕੈਸਾ ਹੈ ਦੇ ਨਾਲ ਇਹ ਵੀ ਦੇਖਣ ਦੀ ਲੋੜ ਹੈ ਕਿ ਦੇਸ਼ ਦਾ ਨੇਤਾ ਕੈਸਾ ਹੋਵੇ। ਕੀ ਉਸਦੇ ਵਿਚਾਰ ਅਤੇ ਵਿਹਾਰ ਵਿਚ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਭਾਵ ਹੈ? ਜੇ ਇਹ ਭਾਵ ਉਸਦੀ ਖਸਲਤ ਦਾ ਹਿੱਸਾ ਹੈ ਤਾਂ ਉਹ ਸਾਡਾ ਨੇਤਾ ਹੈ। ਨਹੀਂ ਤਾਂ ਨਹੀਂ। ਕਿਉਂਕਿ ਮੁਖ ਮੰਤਰੀ ਲਈ ਜ਼ਰੂਰੀ ਹੈ ਕਿ ਉਹ ਹਰ ਧਰਮ, ਹਰ ਜਾਤ ਤੇ ਹਰੇਕ ਕਿੱਤੇ ਦੇ ਲੋਕਾਂ ਦਾ ਇਕੋ ਜਿਹਾ ਖਿਆਲ ਰੱਖੇ।
ਕਿਸੇ ਦੀਆਂ ਦੋ ਧੀਆਂ ਸਨ। ਇਕ ਕਿਸਾਨ ਪਰਿਵਾਰ ਵਿਚ ਤੇ ਦੂਜੀ ਮਿੱਟੀ ਦੇ ਭਾਂਡਿਆਂ ਦਾ ਕਾਰੋਬਾਰ ਕਰਨ ਵਾਲੇ ਪਰਿਵਾਰ ਵਿਚ ਵਿਆਹੀ ਗਈ। ਉਨ੍ਹਾਂ ਦਾ ਬਾਪ ਮਿਲਣ ਆਇਆ ਤਾਂ ਕਿਸਾਨ ਪਰਿਵਾਰ ਵਾਲੀ ਕੁੜੀ ਕਹਿਣ ਲੱਗੀ ਬਾਪੂ ਜੇ ਮੀਂਹ ਚੰਗਾ ਪੈ ਜਾਵੇ ਤਾਂ ਚਾਰ ਟਾਂਡੇ ਹੋ ਜਾਣਗੇ ਤੇ ਬਚ ਜਾਵਾਂਗੇ। ਦੂਜੀ ਦੇ ਘਰ ਗਿਆ ਤਾਂ ਉਹ ਕਹਿਣ ਲਗੀ ਕਿ ਜੇ ਮੀਂਹ ਨਾ ਪਵੇ ਤਾਂ ਚਾਰ ਭਾਂਡੇ ਪੱਕ ਜਾਣਗੇ ਤਾਂ ਬਚ ਜਾਵਾਗੇ। ਬਾਪ ਘਰ ਵਾਪਸ ਗਿਆ ਤਾਂ ਉਸਦੀ ਪਤਨੀ ਕੁੜੀਆਂ ਬਾਰੇ ਪੁੱਛਣ ਲੱਗੀ। ਬਾਪ ਕਹਿਣ ਲੱਗਾ ਕਿ ਇਕ ਹੀ ਬਚਣੀ ਹੈ ਜਾਂ ਭਾਂਡਿਆਂ ਵਾਲੀ ਗਈ ਜਾਂ ਟਾਂਡਿਆਂ ਵਾਲੀ ਗਈ।
ਇਹ ਕੁਦਰਤ ਦਾ ਅਸੂਲ ਹੈ। ਪਰ ਸੱਭਿਆਚਾਰ ਦਾ ਇਹ ਅਸੂਲ ਨਹੀਂ ਹੈ। ਸੱਭਿਆਚਾਰ ਵਿਚ ਸਭ ਦਾ ਖਿਆਲ ਰੱਖਣਾ ਹੁੰਦਾ ਹੈ। ਨੇਚਰ ਵਿਚ ਉਹੀ ਬਚਦਾ ਹੈ ਜਿਹੜਾ ਫਿੱਟ ਹੋਵੇ। ਪਰ ਕਲਚਰ ਦਾ ਅਰਥ ਉਸਨੂੰ ਪਹਿਲ ਦੇਣੀ ਹੈ ਜਿਹੜਾ ਕਮਜ਼ੋਰ ਹੋਵੇ।
ਕੁਦਰਤ ਵਿਚ ਸ਼ੇਰ ਵੀ ਦੌੜਦਾ ਹੈ ਤੇ ਹਿਰਨ ਵੀ। ਸ਼ੇਰ ਦਾ ਬਚਾਅ ਦੌੜ ਕੇ ਹਿਰਨ ਨੂੰ ਮਾਰਨ ਵਿਚ ਹੈ ਤੇ ਹਿਰਨ ਦਾ ਬਚਾਅ ਦੌੜ ਕੇ ਸ਼ੇਰ ਤੋਂ ਬਚਣ ਵਿਚ ਹੈ। ਜਦ ਕੋਈ ਸੱਭਿਅਕ ਇਨਸਾਨ ਸ਼ੇਰ ਨੂੰ ਹਿਰਨ ਦੇ ਮਗਰ ਦੌੜਦੇ ਹੋਏ ਦੇਖਦਾ ਹੈ ਤਾਂ ਉਸਦੇ ਮਨ ਵਿਚ ਹਿਰਨ ਪ੍ਰਤੀ ਹਮਦਰਦੀ ਜਾਗਦੀ ਹੈ। ਉਹ ਮਨ ਹੀ ਮਨ ਹਿਰਨ ਦੇ ਨਾਲ ਦੌੜਨ ਲਗਦਾ ਹੈ ਤਾਂ ਕਿ ਹਿਰਨ ਦਾ ਬਚਾਅ ਹੋ ਸਕੇ।
ਆਰਥਰ ਸ਼ੋਪਨਿਅਰ ਨੇ ਆਪਣੀ ਕਿਤਾਬ ‘ਠਹੲ ੱੋਰਲਦ ੳਸ ੱਲਿਲ ੳਨਦ ੍ਰੲਪਰੲਸੲਨਟਅਟiੋਨ’ ਵਿਚ ਕਿਹਾ: ਮੇਰਾ ਸਰੀਰ ਮੇਰੀ ਇੱਛਾ ਦਾ ਹੀ ਸਾਕਾਰ ਰੂਪ ਹੈ। ਇੱਛਾ ਪਹਿਲਾਂ ਆਉਂਦੀ ਹੈ ਤੇ ਸਰੀਰ ਉਸ ਇੱਛਾ ਦੀ ਪੂਰਤੀ ਲਈ ਬਾਅਦ ਵਿੱਚ ਆਉਂਦਾ ਹੈ। ਜੇ ਕੋਈ ਮਾਸ ਖਾਣਾ ਚਾਹੁੰਦਾ ਹੈ ਤਾਂ ਕੁਦਰਤ ਉਸਨੂੰ ਸ਼ੇਰ ਵਰਗਾ ਸ਼ਿਕਾਰੀ ਸਰੀਰ ਦਿੰਦੀ ਹੈ। ਜੇ ਕੋਈ ਉੜਨਾ ਚਾਹੁੰਦਾ ਹੈ ਤਾਂ ਕੁਦਰਤ ਉਸਨੂੰ ਪੰਛੀ ਵਰਗਾ ਸਰੀਰ ਦਿੰਦੀ ਹੈ। ਜੇ ਕੋਈ ਸੋਚਣਾ ਚਾਹੁੰਦਾ ਹੈ ਤਾਂ ਕੁਦਰਤ ਉਸਨੂੰ ਮਨੁੱਖ ਜਿਹਾ ਸਰੀਰ ਦਿੰਦੀ ਹੈ। ਸ਼ੌਪਨਿਅਰ ਨੇ ਕਿਹਾ: ਸਾਡਾ ਸਰੀਰ ਅਸਲ ਵਿਚ ਸਾਡੀ ਇੱਛਾ ਦਾ ਹੀ ਦਿਖਦਾ ਰੂਪ ਹੈ। ਰਿਸ਼ੀ ਅਰਬਿੰਦੋ ਜੀ ਨੇ ਇਸ ਵਿਚਾਰ ਨੂੰ ਇਸਤਰਾਂ ਕਿਹਾ: ਜੇ ਸਾਡਾ ਸਰੀਰ ਇੱਛਾ ਦਾ ਹੀ ਵਿਸਥਾਰ ਹੈ ਤਾਂ ਜਦ ਸਾਡੀ ਇੱਛਾ ਮਹਾਨ ਇੱਛਾ ਵਿਚ ਬਦਲੇਗੀ ਤਾਂ ਸਾਡਾ ਸਰੀਰ ਵੀ ਜ਼ਰੂਰ ਬਦਲੇਗਾ। ਇਸੇ ਲਈ ਉਸਨੇ ਕਿਹਾ: ਭਵਿੱਖ ਦੇ ਮਨੁੱਖ ਦਾ ਸਰੀਰ ਅਜਿਹਾ ਨਹੀਂ ਹੋਵੇਗਾ।
ਅਜ ਅਸੀਂ ਇਹ ਸੋਚ ਕੇ ਹੈਰਾਨ ਹੁੰਦੇ ਹਾਂ ਕਿ ਬੀਤੇ ਵਿਚ ਮਨੁਖ, ਮਨੁਖ ਨੂੰ ਮਾਰ ਕੇ ਖਾਂਦਾ ਸੀ। ਉਹ ਸਮਾਂ ਵੀ ਆਵੇਗਾ ਜਦ ਮਨੁਖ ਇਹ ਸੋਚ ਕੇ ਹੈਰਾਨ ਹੋਵੇਗਾ, ਉਹ ਕਿਸੇ ਵੇਲੇ ਮਾਸ ਖਾਂਦਾ ਸੀ। ਇਸਤੋਂ ਵੀ ਅੱਗੇ ਜਾ ਕੇ ਲੋਕ ਇਹ ਸੋਚ ਕੇ ਹੈਰਾਨ ਹੋਣਗੇ ਕਿ ਉਨ੍ਹਾਂ ਦੇ ਪੂਰਵਜ ਕਿਸੇ ਵੇਲੇ ਪਸ਼ੂਆਂ ਦੇ ਬੱਚਿਆਂ ਦੇ ਹਿੱਸੇ ਦਾ ਦੁੱਧ ਪੀਂਦੇ ਸਨ। ਇਹ ਗੱਲ ਤਾਂ ਸੋਚਣੀ ਵੀ ਹਾਲੇ ਦੂਰ ਲਗਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਲੋਕ ਇਹ ਸੋਚ ਕੇ ਦੁਖੀ ਹੋਣਗੇ ਕਿ ਉਹ ਕਿਸੇ ਵੇਲੇ ਪਰਾਇਆ ਹੱਕ ਖਾਂਦੇ ਸਨ। ਸੁਰਜੀਤ ਪਾਤਰ ਨੇ ਆਪਣੀ ਕਵਿਤਾ ਵਿਚ ਅਜਿਹਾ ਕਿਆਸ ਕੀਤਾ ਹੈ: ਜਾਲ ‘ਚੋ ਮਛਲੀਆਂ ਉਹ ਫਿਰ ਜਲ ‘ਚ ਸੁਟ ਗਏ, ਮੇਰੇ ਜਿਹੇ ਹੀ ਕੋਈ ਕਮਦਿਲੇ ਹੋਣਗੇ।
ਅੱਜ ਵੀ ਕਿਸੇ ਮਨੁਖ ਨੂੰ ਲੋਕਾਂ ਦਾ ਭਾਰ ਖਿੱਚ੍ਹਦੇ ਹੋਏ ਦੇਖਦੇ ਹਾਂ ਤਾਂ ਮਨ ਵਿਚ ਸਵਾਲ ਉਠਦਾ ਹੈ ਕਿ ਹਾਲੇ ਵੀ ਬਹੁਤ ਸਾਰੇ ਲੋਕਾਂ ਲਈ ਕੁਝ ਲੋਕ ਖੋਤੇ, ਘੋੜੇ ਜਾਂ ਬਲਦਾਂ ਤੋਂ ਵੱਧ ਨਹੀਂ ਹਨ। ਰਿਕਸ਼ੇ ਦੇ ਪਿੱਛੇ ਬੈਠੇ ਲੋਕ ਬੇਸ਼ਕ ਇਸ ਵਿਚ ਆਪਣੀ ਸ਼ਾਨ ਸਮਝਦੇ ਹੋਣ ਕਿ ਉਹ ਏਨੇ ਜੋਗੇ ਹਨ ਕਿ ਉਨ੍ਹਾਂ ਨੂੰ ਪੈਦਲ ਨਾ ਤੁਰਨਾ ਪਵੇ। ਪਰ ਉਹ ਇਹ ਨਹੀਂ ਜਾਣਦੇ ਕਿ ਸੰਵੇਦਨਸ਼ੀਲ ਲੋਕਾਂ ਦੀ ਨਜ਼ਰ ਵਿਚ ਉਹ ਅਪਾਹਜ ਹਨ, ਜੋ ਤੁਰ ਨਹੀਂ ਸਕਦੇ। ਬੇਸ਼ਕ ਉਨ੍ਹਾਂ ਦਾ ਸਰੀਰ ਅਪਾਹਜ ਨਹੀਂ, ਸਿਰਫ ਸੋਚ ਹੀ ਅਪਾਹਜ ਹੁੰਦੀ ਹੈ। ਪਰ ਉਨ੍ਹਾਂ ਦੀ ਸੋਚ ਨੇ ਹੀ ਇਕ ਦਿਨ ਉਨ੍ਹਾਂ ਨੂੰ ਅਪਾਹਜ ਬਣਾ ਦੇਣਾ ਹੈ। ਬੇਸ਼ਕ ਹਾਲੇ ਕਵਿਤਾ ਵਿਚ ਹੀ ਸਹੀ, ਪਰ ਅਜਿਹੀ ਸੰਵੇਦਨਾ ਦੀ ਕਨਸੋ ਸੁਣਨੀ ਸ਼ੁਰੂ ਹੋ ਚੁੱਕੀ ਹੈ ਕਿ ਜਿਹੜਾ ਆਪਣੇ ਹੱਥ ਪੈਰ ਹੁੰਦੇ ਹੋਏ ਵੀ ਹੋਰਨਾਂ ਦੇ ਹੱਥਾਂ ਪੈਰਾਂ ‘ਤੇ ਨਿਰਭਰ ਕਰੇਗਾ ਤੇ ਉਸਨੂੰ ਉਸਦਾ ਬਣਦਾ ਹੱਕ ਵੀ ਨਹੀਂ ਦੇਵੇਗਾ, ਉਹ ਵੀ ਇਕ ਨਾ ਇਕ ਦਿਨ ਅਪਾਹਜ ਹੀ ਨਹੀਂ ਬਲਕਿ ਸਮਾਜ ਦੀ ਮੈਲ਼ ਸਮਝਿਆ ਜਾਵੇਗਾ। ਕਿਉਂਕਿ ਕਰੀਮੀ ਲੇਅਰ ਵਜੋਂ ਜਾਣਿਆਂ ਜਾਂਦਾ ਸਮਾਜ ਦਾ ਉਪਰਲਾ ਵਰਗ ਮਲਾਈ ਨਹੀਂ, ਮੈਲ਼ ਹੁੰਦਾ ਹੈ।
ਇਸ ਲਈ ‘ਘਾਲਿ ਖਾਇ ਕਿਛੁ ਹਥੋਂ ਦੇਇ’ ਦਾ ਵਿਚਾਰ ਅਤੇ ਵਿਹਾਰ ਗੁਰੂ ਨਾਨਕ ਦੇ ਸਮਾਜ ਦਾ ਆਦਰਸ਼ ਹੈ, ਜਿਸ ਵੱਲ ਮਨੁਖ ਜ਼ਰੂਰ ਕਦੇ ਵਧੇਗਾ ਤੇ ਪੁਰਾਣੇ ਧਰਮ ਗ੍ਰੰਥਾਂ ਵਿਚ ਕਿਤੇ-ਕਿਤੇ ਇਹੋ ਜਿਹੀਆਂ ਭਵਿੱਖਬਾਣੀਆਂ ਵੀ ਮਿਲਦੀਆਂ ਹਨ ਜਿਥੇ ਕਿਹਾ ਗਿਆ ਹੈ ਕਿ ਸ਼ੇਰ ਤੇ ਬੱਕਰੀ ਇਕ ਘਾਟ ‘ਤੇ ਇਕੱਠੇ ਪਾਣੀ ਪੀਣਗੇ। ਜਿਥੇ ਕੋਈ ਕਿਸੇ ਦਾ ਸ਼ਿਕਾਰ ਨਹੀਂ ਕਰੇਗਾ, ਬਲਕਿ ਹਰ ਕੋਈ ਮਿਹਨਤ ਕਰ ਕੇ ਆਪੋ ਆਪਣੇ ਹੱਕ ਦੀ ਕਮਾਈ ‘ਤੇ ਨਿਰਭਰ ਰਹੇਗਾ।
ਬੇਸ਼ਕ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਅਜਿਹਾ ਸਮਾਂ ਕਦੇ ਸਚਮੁਚ ਆਵੇਗਾ, ਜਦ ਕੋਈ ਕਿਸੇ ਦਾ ਹੱਕ ਨਹੀਂ ਮਾਰੇਗਾ। ਪਰ ਇਸਤਰਾਂ ਚਾਹੁਣ ਨਾਲ ਮਨੁਖ ਦੇ ਇਨਸਾਨ ਹੋਣ ਦੀ ਪਰਿਭਾਸ਼ਾ ਜ਼ਰੂਰ ਜੁੜੀ ਹੋਈ ਹੈ। ਜਿਹੜਾ ਇਸਤਰਾਂ ਸੋਚੇਗਾ ਸ਼ਾਇਦ ਆਉਣ ਵਾਲੇ ਸਮੇਂ ਵਿਚ ਉਹੀ ਮਨੁਖ ਇਨਸਾਨ ਸਮਝਿਆ ਜਾਵੇਗਾ।
