ਝੇਲਮ ਰਾਏ
ਅਨੁਵਾਦ : ਬੂਟਾ ਸਿੰਘ ਮਹਿਮੂਦਪੁਰ
ਨਾਰੀਵਾਦੀ ਕਾਰਕੁਨ ਅਤੇ ਖੋਜਾਰਥੀ ਝੇਲਮ ਰਾਏ ਆਪਣੇ ਇਸ ਲੇਖ ਵਿਚ ਇਸ ਮਹੱਤਵਪੂਰਨ ਸਵਾਲ ਨੂੰ ਮੁਖ਼ਾਤਬ ਹੁੰਦੀ ਹੈ ਕਿ ਫਾਸ਼ੀਵਾਦੀ ਹਕੂਮਤਾਂ ਪਬਲਿਕ ਯੂਨੀਵਰਸਿਟੀ ਉੱਪਰ ਕੰਟਰੋਲ ਸਥਾਪਤ ਕਰਨ ਲਈ ਐਨਾ ਤਾਹੂ ਕਿਉਂ ਹੁੰਦੀਆਂ ਹਨ।
ਜੇ.ਐੱਨ.ਯੂ. ਅਤੇ ਹੋਰ ਕੇਂਦਰੀ ਯੂਨੀਵਰਸਿਟੀਆਂ ਦੀ ਕੈਂਪਸ ਜ਼ਿੰਦਗੀ ਉੱਪਰ ਮੋਦੀ ਸਰਕਾਰ ਵੱਲੋਂ ਕੱਸਿਆ ਜਾ ਰਿਹਾ ਸ਼ਿਕੰਜਾ ਅਤੇ ਫਾਸ਼ੀਵਾਦੀ ਰੋਕਾਂ ਇਸ ਦੀਆਂ ਗਵਾਹ ਹਨ। ਅੱਜ ਜਦੋਂ ਭਾਰਤ ਦੇ ਲੋਕ ਆਪਣੀਆਂ ਪਬਲਿਕ ਯੂਨੀਵਰਸਿਟੀਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਨ ਤਾਂ ਸਾਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਦਾਅ ਉੱਤੇ ਸਿਰਫ਼ ਲੋਕਤੰਤਰੀ ਅਮਲ, ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਜਾਂ ਅਕਾਦਮਿਕ ਆਜ਼ਾਦੀ ਹੀ ਨਹੀਂ ਲੱਗੀ ਹੋਈ। ਸਗੋਂ ਖ਼ੁਦ ਪਬਲਿਕ ਯੂਨੀਵਰਸਿਟੀ ਦਾ ਮੂਲ ਵਿਚਾਰ ਹੀ ਦਾਅ ’ਤੇ ਲੱਗਿਆ ਹੋਇਆ ਹੈ। ਵਿਸ਼ੇ ਦੇ ਮਹੱਤਵ ਦੇ ਮੱਦੇਨਜ਼ਰ ਇਸਦਾ ਪੰਜਾਬੀ ਰੂਪ ਪਾਠਕਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।- ਸੰਪਾਦਕ॥
‘ਮੈਂ ਰਾਜੇ, ਉਸਦੇ ਸ਼ਾਹੀ ਜਾਨਸ਼ੀਨਾਂ ਅਤੇ ਫਾਸ਼ੀਵਾਦੀ ਰਾਜ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਦਾ ਹਾਂ। ਮੈਂ ਨੈਸ਼ਨਲ ਫਾਸ਼ਿਸਟ ਪਾਰਟੀ ਦੇ ਵਿਧਾਨ ਅਤੇ ਰਾਜ ਦੇ ਹੋਰ ਕਾਨੂੰਨਾਂ ਦਾ ਸਤਿਕਾਰ ਕਰਨ ਅਤੇ ਮਿਹਨਤੀ, ਨੇਕ, ਦੇਸ਼ਭਗਤ ਅਤੇ ਫਾਸ਼ੀਵਾਦੀ ਰਾਜ ਪ੍ਰਤੀ ਸਮਰਪਿਤ ਨਾਗਰਿਕ ਤਿਆਰ ਕਰਨ ਦੇ ਉਦੇਸ਼ ਨਾਲ ਇਕ ਅਧਿਆਪਕ ਅਤੇ ਵਿਦਵਾਨ ਵਜੋਂ ਆਪਣੇ ਸਾਰੇ ਫ਼ਰਜ਼ ਨਿਭਾਉਣ ਦੀ ਸਹੁੰ ਚੁੱਕਦਾ ਹਾਂ। ਮੈਂ ਸਹੁੰ ਚੁੱਕਦਾ ਹਾਂ ਕਿ ਮੈਂ ਉਨ੍ਹਾਂ ਸੰਗਠਨਾਂ ਜਾਂ ਪਾਰਟੀਆਂ ਦਾ ਮੈਂਬਰ ਨਹੀਂ ਹਾਂ ਅਤੇ ਨਾ ਹੀ ਕਦੇ ਬਣਾਂਗਾ, ਜਿਨ੍ਹਾਂ ਦੀਆਂ ਸਰਗਰਮੀਆਂ ਮੇਰੇ ਸਰਕਾਰੀ ਫ਼ਰਜ਼ਾਂ ਨਾਲ ਬੇਮੇਲ ਹਨ।’
ਸਾਲ 1931, ਮੁਸੋਲਿਨੀ ਦਾ ਇਟਲੀ। ਰਾਜ ਨੇ ਯੂਨੀਵਰਸਿਟੀਆਂ ਦੇ ਸਾਰੇ ਪ੍ਰੋਫ਼ੈਸਰਾਂ ਲਈ ਰਾਜੇ ਅਤੇ ਫਾਸ਼ੀਵਾਦੀ ਹਕੂਮਤ ਦੇ ਨਾਂ ’ਤੇ ਜਨਤਕ ਤੌਰ ’ਤੇ ਵਫ਼ਾਦਾਰੀ ਦੀ ਸਹੁੰ ਚੁੱਕਣੀ ਲਾਜ਼ਮੀ ਕਰ ਦਿੱਤੀ ਸੀ। ਬਾਰਾਂ ਪ੍ਰੋਫ਼ੈਸਰਾਂ ਨੇ ਇਹ ਐਲਾਨ ਕਰਦਿਆਂ ਸਹੁੰ ਚੁੱਕਣ ਤੋਂ ਨਾਂਹ ਕਰ ਦਿੱਤੀ ਕਿ ਇਹ ਉਨ੍ਹਾਂ ਦੀ ਅਕਾਦਮਿਕ ਅਤੇ ਸਿਆਸੀ ਇਮਾਨਦਾਰੀ ਨਾਲ ਬੇਮੇਲ ਹੈ। ਇਸ ਅਵੱਗਿਆ ਕਾਰਨ ਉਨ੍ਹਾਂ ਨੂੰ ਆਪਣੀਆਂ ਨੌਕਰੀਆਂ ਅਤੇ ਸਮਾਜਿਕ ਰੁਤਬਾ ਗੁਆਉਣਾ ਪਿਆ ਅਤੇ ਕੁਝ ਦੀ ਆਰਥਕ ਸੁਰੱਖਿਆ ਵੀ ਖੁੱਸ ਗਈ।
ਫਿਰ ਵੀ ਲਗਭਗ ਇਕ ਸਦੀ ਬਾਅਦ ਇਤਿਹਾਸ ਉਨ੍ਹਾਂ ਬਾਰਾਂ ਪ੍ਰੋਫ਼ੈਸਰਾਂ ਦੀ ਨਾਂਹ ਨੂੰ ਹੀ ਸ਼ਾਨਦਾਰ ਢੰਗ ਨਾਲ ਯਾਦ ਕਰਦਾ ਹੈ। ਪਰ ਅੱਜ ਜਦੋਂ ਅਸੀਂ ਆਪਣੇ ਵਰਤਮਾਨ ਨੂੰ ਸਮਝਣ ਲਈ ਇਸ ਘਟਨਾ ਵੱਲ ਮੁੜਦੇ ਹਾਂ ਤਾਂ ਦੋ ਅਸਹਿਜ ਸਵਾਲ ਸਾਡੇ ਸਾਹਮਣੇ ਖੜ੍ਹੇ ਹੋ ਜਾਂਦੇ ਹਨ ਅਤੇ ਉਹ ਸਾਡਾ ਖਹਿੜਾ ਛੱਡਣ ਤੋਂ ਇਨਕਾਰੀ ਹਨ।
ਪਹਿਲਾ ਸਵਾਲ ਹੈ: ਲਗਭਗ 1,250 ਅਕਾਦਮਿਕਾਂ ਨੇ—ਜਿਨ੍ਹਾਂ ਵਿੱਚੋਂ ਬਹੁਤ ਸਾਰੇ ਫਾਸ਼ੀਵਾਦੀ ਵਜੋਂ ਨਹੀਂ ਜਾਣੇ ਜਾਂਦੇ ਸਨ—ਇਸ ਹੁਕਮ ਦੀ ਪਾਲਣਾ ਕਿਉਂ ਕੀਤੀ?
ਦੂਜਾ ਸਵਾਲ ਸ਼ਾਇਦ ਹੋਰ ਵੀ ਜ਼ਿੱਦੀ ਹੈ: ਮੁਸੋਲਿਨੀ ਨੂੰ ਉਨ੍ਹਾਂ ਕੋਲੋਂ ਜਨਤਕ ਤੌਰ ’ਤੇ ਆਪਣੀ ਵਫ਼ਾਦਾਰੀ ਦਾ ਪ੍ਰਦਰਸ਼ਨ ਕਰਵਾਉਣ ਦੀ ਲੋੜ ਹੀ ਕਿਉਂ ਪਈ?
ਸਾਲ 1931 ਤੱਕ ਹਕੂਮਤ ਪਹਿਲਾਂ ਹੀ ਵਧੇਰੇ ਖ਼ਾਮੋਸ਼ ਤਰੀਕਿਆਂ ਨਾਲ ਯੂਨੀਵਰਸਿਟੀ ਉੱਤੇ ਆਪਣੀ ਪਕੜ ਬਣਾ ਰਹੀ ਸੀ—ਅਸੁਵਿਧਾਜਨਕ ਸਮਝੇ ਜਾਂਦੇ ਅਕਾਦਮਿਕਾਂ ਨੂੰ ਹਟਾਉਣਾ, ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਸੀਮਤ ਕਰਨਾ, ਨਿਯੁਕਤੀਆਂ ਉੱਪਰ ਕੰਟਰੋਲ ਕਰਨਾ, ਸਿਆਸੀ ਵਫ਼ਾਦਾਰੀ ਨੂੰ ਇਨਾਮ ਦੇਣਾ ਅਤੇ ਅਸਹਿਮਤੀ ਨੂੰ ਜ਼ਾਬਤਾਬੱਧ ਕਰਨਾ। ਪ੍ਰੋਫ਼ੈਸਰਾਂ ਨੂੰ ਜਨਤਕ ਤੌਰ ’ਤੇ ਸਹੁੰ ਚੁੱਕਣ ਲਈ ਕਹੇ ਜਾਣ ਤੋਂ ਬਹੁਤ ਪਹਿਲਾਂ ਹੀ ਯੂਨੀਵਰਸਿਟੀ ਨੂੰ ਅੰਦਰੋਂ ਖੋਖਲਾ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ।
ਤਾਂ ਫਿਰ ਇਸ ਸਹੁੰ ਨੇ ਹੋਰ ਕੀ ਜੋੜਿਆ?
ਸਹੁੰ ਦੀ ਆਪਣੀ ਭਾਸ਼ਾ ਹੀ ਇਸ ਸਵਾਲ ਦਾ ਕੁਝ ਜਵਾਬ ਦਿੰਦੀ ਹੈ। ਇਸ ਵਿਚ ਸਿਰਫ਼ ਆਗਿਆਕਾਰੀ ਦੀ ਮੰਗ ਹੀ ਨਹੀਂ ਕੀਤੀ ਗਈ ਸੀ। ਪ੍ਰੋਫ਼ੈਸਰਾਂ ਨੂੰ ਮਹਿਜ਼ ਹਕੂਮਤ ਦਾ ਵਿਰੋਧ ਨਾ ਕਰਨ ਲਈ ਨਹੀਂ ਕਿਹਾ ਗਿਆ ਸੀ। ਉਨ੍ਹਾਂ ਕੋਲੋਂ ਅਜਿਹੇ ‘ਮਿਹਨਤੀ ਅਤੇ ਨੇਕ ਨਾਗਰਿਕ ਤਿਆਰ ਕਰਨ’ ਦੀ ਮੰਗ ਕੀਤੀ ਗਈ ਸੀ, ਜੋ ‘ਦੇਸ਼ਭਗਤ ਅਤੇ ਫਾਸ਼ੀਵਾਦੀ ਹਕੂਮਤ ਪ੍ਰਤੀ ਸਮਰਪਿਤ’ ਹੋਣ।
ਇਸ ਸਹੁੰ ਰਾਹੀਂ ਯੂਨੀਵਰਸਿਟੀ ਦੇ ਉਦੇਸ਼ ਉੱਤੇ ਜਨਤਕ ਦਾਅਵਾ ਪੇਸ਼ ਕੀਤਾ ਗਿਆ ਸੀ। ਇਹ ਸਿਰਫ਼ ਨਿੱਜੀ ਵਿਸ਼ਵਾਸ ਦੀ ਪਰਖ ਨਹੀਂ ਸੀ, ਸਗੋਂ ਯੂਨੀਵਰਸਿਟੀ ਉੱਤੇ ਥੋਪੀ ਗਈ ਇਕ ਰਾਇਸ਼ੁਮਾਰੀ ਸੀ। ਸੰਸਥਾਵਾਂ ਉੱਤੇ ਅਥਾਹ ਤਾਕਤ ਰੱਖਣ ਦੇ ਬਾਵਜੂਦ ਫਾਸ਼ੀਵਾਦੀ ਪ੍ਰੋਜੈਕਟ ਨੂੰ ਅਜੇ ਵੀ ਜਨਤਕ ਵਾਜਬੀਅਤ ਦੀ ਲੋੜ ਸੀ। ਜਨਤਕ ਸਹਿਮਤੀ ਦਾ ਤਮਾਸ਼ਾ ਉਹ ਕੰਮ ਕਰ ਸਕਦਾ ਸੀ, ਜੋ ਅਨੁਸ਼ਾਸਨਾਤਮਕ ਕਾਰਵਾਈ ਦੇ ਦਸ ਲੱਖ ਨੋਟਿਸ ਵੀ ਨਹੀਂ ਕਰ ਸਕਦੇ ਸਨ।
ਇਸ ਨਾਲ ਫਾਸ਼ੀਵਾਦ ਨੂੰ ਸਿਰਫ਼ ਇਹ ਦਾਅਵਾ ਕਰਨ ਦਾ ਮੌਕਾ ਨਹੀਂ ਮਿਲਿਆ ਕਿ ਯੂਨੀਵਰਸਿਟੀ ਉਸਦੇ ਕੰਟਰੋਲ ਹੇਠ ਹੈ, ਸਗੋਂ ਇਹ ਦਾਅਵਾ ਕਰਨ ਦਾ ਮੌਕਾ ਵੀ ਮਿਲਿਆ ਕਿ ਯੂਨੀਵਰਸਿਟੀ ਨੇ ਫਾਸ਼ੀਵਾਦੀ ਪ੍ਰਬੰਧ ਦੇ ਅੰਦਰ ਆਪਣੀ ਥਾਂ ਖ਼ੁਦ ਚੁਣੀ ਹੈ।
ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਸੀ ਕਿ ਸਹੁੰ ਨੇ ਸਪੱਸ਼ਟ ਕਰ ਦਿੱਤਾ ਕਿ ਲੜਾਈ ਕਦੇ ਵੀ ਮਹਿਜ਼ ਇਸ ਗੱਲ ਨੂੰ ਲੈ ਕੇ ਨਹੀਂ ਸੀ ਕਿ ਯੂਨੀਵਰਸਿਟੀ ਵਿਚ ਕੌਣ ਪੜ੍ਹਾਏਗਾ, ਕੀ ਪੜ੍ਹਾਇਆ ਜਾ ਸਕੇਗਾ ਅਤੇ ਕਿਵੇਂ ਪੜ੍ਹਾਇਆ ਜਾਵੇਗਾ। ਲੜਾਈ ਇਸ ਗੱਲ ਦੀ ਸੀ ਕਿ ਯੂਨੀਵਰਸਿਟੀ ਕਿਸ ਤਰ੍ਹਾਂ ਦੇ ਲੋਕ ਤਿਆਰ ਕਰੇਗੀ, ਉਹ ਕਿਸ ਤਰ੍ਹਾਂ ਦੀਆਂ ਸਮੂਹਿਕ ਸਾਂਝਾਂ ਨੂੰ ਪ੍ਰਵਾਨਗੀ ਦੇਵੇਗੀ ਅਤੇ ਅੰਤ ਵਿੱਚ ਉਹ ਕਿਸ ਕਿਸਮ ਦੇ ਭਵਿੱਖ ਨੂੰ ਮੁੜ ਸਿਰਜਣ ਵਿੱਚ ਮੱਦਦ ਕਰੇਗੀ।
ਤਾਂ ਫਿਰ ਪਬਲਿਕ ਯੂਨੀਵਰਸਿਟੀ ਦੇ ਸੁਭਾਅ ਅਤੇ ਖ਼ਾਸੇ ਵਿਚ ਅਜਿਹੀ ਕਿਹੜੀ ਗੱਲ ਹੈ, ਜੋ ਉਸਦੇ ਉਦੇਸ਼ ਉੱਤੇ ਇੰਨੇ ਜਨਤਕ ਢੰਗ ਨਾਲ ਦਾਅਵਾ ਕਰਨ ਨੂੰ ਮਹੱਤਵਪੂਰਨ ਬਣਾਉਂਦੀ ਹੈ?
ਆਪਣੇ ਬੁਨਿਆਦੀ ਰੂਪ ਵਿੱਚ ਪਬਲਿਕ ਯੂਨੀਵਰਸਿਟੀ ਦਾ ਵਿਚਾਰ ਇਸ ਸਿਧਾਂਤ ਉੱਤੇ ਅਧਾਰਤ ਹੈ ਕਿ ਸਿੱਖਿਆ ਕੋਈ ਵਸਤੂ ਨਹੀਂ, ਸਗੋਂ ਇਕ ਸਮਾਜਿਕ ਭਲਾਈ ਹੈ, ਜਿਸ ਉੱਤੇ ਹਰ ਵਿਅਕਤੀ ਦਾ ਅਧਿਕਾਰ ਹੈ। ਇਹੀ ਸਿਧਾਂਤ ਪਬਲਿਕ ਯੂਨੀਵਰਸਿਟੀ ਨੂੰ ਕੁਝ ਲੋਕਤੰਤਰੀ ਕਦਰਾਂ-ਕੀਮਤਾਂ, ਸਮੂਹਿਕ ਜ਼ਿੰਦਗੀ ਦੀ ਸਿਰਜਣਾ ਕਰਨ ਵਾਲੇ ਅਮਲਾਂ ਅਤੇ ਉਸਨੂੰ ਕਾਇਮ ਰੱਖਣ ਵਾਲੇ ਸਮਾਜ ਪ੍ਰਤੀ ਵਚਨਬੱਧਤਾ ਦੇ ਸਾਹਮਣੇ ਜਵਾਬਦੇਹ ਬਣਾਉਂਦਾ ਹੈ।
ਯੂਨੀਵਰਸਿਟੀ ਇਨ੍ਹਾਂ ਸੰਭਾਵਨਾਵਾਂ ਨੂੰ ਖੁੱਲ੍ਹਾ ਰੱਖ ਸਕਦੀ ਹੈ ਅਤੇ ਇਸੇ ਕਰਕੇ ਇਤਿਹਾਸਕ ਤੌਰ ’ਤੇ ਇਹ ਹਮੇਸ਼ਾ ਸੰਘਰਸ਼ ਦਾ ਮੈਦਾਨ ਰਹੀ ਹੈ। ਪਬਲਿਕ ਯੂਨੀਵਰਸਿਟੀ ਸਮੂਹਿਕ ਵਸੀਲਿਆਂ ਨਾਲ ਬਣਦੀ ਹੈ। ਉਸਦੀਆਂ ਜਮਾਤਾਂ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ, ਹੋਸਟਲ, ਕੰਟੀਨਾਂ, ਵਜ਼ੀæਫੇ, ਤਨਖ਼ਾਹਾਂ ਅਤੇ ਬੁਨਿਆਦੀ ਢਾਂਚਾ ਮਿਹਨਤਕਸ਼ ਲੋਕਾਂ ਦੀ ਕਿਰਤ ਨਾਲ ਕਾਇਮ ਰੱਖੇ ਜਾਂਦੇ ਹਨ। ਇਹ ਤੱਥ ਉਸ ਮਿਹਨਤਕਸ਼ ਸਮਾਜ ਨੂੰ ਯੂਨੀਵਰਸਿਟੀ ਵਿਚ ਹਿੱਸੇਦਾਰ ਬਣਾਉਂਦਾ ਹੈ, ਭਾਵੇਂ ਉਸਦੇ ਬਹੁਤ ਸਾਰੇ ਲੋਕ ਕਦੇ ਯੂਨੀਵਰਸਿਟੀ ਦੇ ਅੰਦਰ ਕਦਮ ਵੀ ਨਾ ਰੱਖਣ।
ਇਹੀ ਗੱਲ ਆਖ਼ਿਰਕਾਰ ਯੂਨੀਵਰਸਿਟੀ ਨੂੰ ਇਸ ਸਮਾਜ ਪ੍ਰਤੀ ਜਵਾਬਦੇਹ ਬਣਾਉਂਦੀ ਹੈ। ਇਹ ਜ਼ਿੰਮੇਵਾਰੀ ਯੂਨੀਵਰਸਿਟੀ ਉੱਤੇ ਲੋਕਤੰਤਰੀ ਅਮਲ ਵਿਕਸਤ ਕਰਨ, ਜ਼ਿੰਦਗੀ ਨੂੰ ਵੱਖਰੇ ਢੰਗ ਨਾਲ ਜਥੇਬੰਦ ਕਰਨ ਅਤੇ ਸਭ ਤੋਂ ਵੱਧ ਇਹ ਕਲਪਨਾ ਕਰਨ ਦਾ ਫ਼ਰਜ਼ ਆਇਦ ਕਰਦੀ ਹੈ ਕਿ ਇਕ ਹੋਰ ਦੁਨੀਆ ਸੰਭਵ ਹੈ।
ਇਸ ਲਈ ਇਤਿਹਾਸ ਵਿਚ ਸਾਹਮਣੇ ਆਉਂਦਾ ਇਹ ਟਕਰਾਅ ਜ਼ਿੰਦਗੀ ਨੂੰ ਜਥੇਬੰਦ ਕਰਨ ਦੀਆਂ ਇਨ੍ਹਾਂ ਸੰਭਾਵਨਾਵਾਂ, ਸਮਾਜ ਦੀ ਕਲਪਨਾ ਕਰਨ ਦੇ ਵੱਖ-ਵੱਖ ਢੰਗਾਂ ਅਤੇ ਅਜਿਹੇ ਸਮਾਜ ਵਿਚ ਲੋਕਤੰਤਰੀ ਅਮਲਾਂ ਨੂੰ ਮੁੜ ਪੈਦਾ ਕਰਨ ਨੂੰ ਲੈ ਕੇ ਹੋਣ ਵਾਲਾ ਟਕਰਾਅ ਹੈ, ਜੋ ਖ਼ੁਦ ਜਮਾਤ, ਜਾਤ, ਲਿੰਗ, ਨਸਲੀ, ਭਾਸ਼ਾਈ ਅਤੇ ਖੇਤਰੀ ਦਰਜਾਬੰਦੀਆਂ ਰਾਹੀਂ ਡੂੰਘੇ ਰੂਪ ’ਚ ਬੱਝਵੀਂ ਵਿਵਸਥਾ ਹੈ।
ਇਹੀ ਗੱਲ ਲਾਇਬ੍ਰੇਰੀਆਂ, ਕਲਾਸਾਂ, ਗਲਿਆਰਿਆਂ, ਹੋਸਟਲਾਂ, ਖੇਡ ਮੈਦਾਨਾਂ ਅਤੇ ਕੰਟੀਨਾਂ ਨੂੰ ਇੰਨਾ ਖ਼ਤਰਨਾਕ ਬਣਾਉਂਦੀ ਹੈ, ਕਿਉਂਕਿ ਉਹ ਮੰਡੀ ਦੀਆਂ ਫ਼ੌਰੀ ਮਜਬੂਰੀਆਂ ਅੱਗੇ ਸਮਰਪਣ ਨਹੀਂ ਕਰਦੀਆਂ। ਇਹ ਥਾਵਾਂ ਹੁਣ ਨਿੱਜੀ ਲਾਭ ਦੇ ਆਲੇ-ਦੁਆਲੇ ਸੰਗਠਿਤ ਨਹੀਂ ਰਹਿੰਦੀਆਂ, ਸਗੋਂ ਅਜਿਹੀਆਂ ਥਾਵਾਂ ਬਣ ਜਾਂਦੀਆਂ ਹਨ ਜਿੱਥੇ ਲੋਕ ਠਹਿਰਦੇ ਹਨ, ਬਿਨਾਂ ਕਿਸੇ ਤੈਅਸ਼ੁਦਾ ਮਕਸਦ ਦੇ ਸਮਾਂ ਗੁਜ਼ਾਰਦੇ ਹਨ ਅਤੇ ਜਮਾਤਾਂ ਤੋਂ ਬਾਹਰ ਗੁਜ਼ਾਰੇ ਘੰਟਿਆਂ ਰਾਹੀਂ ਸਮਾਜਿਕ ਜ਼ਿੰਦਗੀ ਦੀ ਸਿਰਜਣਾ ਕਰਦੇ ਹਨ।
ਉੱਥੇ ਬਹਿਸਾਂ, ਅਧਿਐਨ-ਮੰਡਲੀਆਂ, ਵਿਦਿਆਰਥੀ ਜਥੇਬੰਦੀਆਂ, ਰਿਹਰਸਲਾਂ, ਹੜਤਾਲਾਂ ਜਾਂ ਹੋਸਟਲਾਂ ਦੇ ਗਲਿਆਰਿਆਂ, ਚਾਹ ਦੀਆਂ ਦੁਕਾਨਾਂ, ਕੰਟੀਨਾਂ ਅਤੇ ਲਾਇਬ੍ਰੇਰੀਆਂ ਵਿੱਚ ਹੋਣ ਵਾਲੀਆਂ ਸਧਾਰਨ ਗੱਲਬਾਤਾਂ ਰਾਹੀਂ ਦੋਸਤੀਆਂ ਅਤੇ ਸਾਥ ਦੇ ਰਿਸ਼ਤੇ ਬਣਦੇ ਹਨ।
ਇਹ ਗੱਲ ਨੋਟ ਕਰਨੀ ਮਹੱਤਵਪੂਰਨ ਹੈ ਕਿ ਇਹ ਥਾਵਾਂ ਬਾਹਰਲੇ ਸਮਾਜ ਨੂੰ ਬਣਤਰ ਦੇਣ ਵਾਲੀਆਂ ਦਰਜਾਬੰਦੀਆਂ ਨੂੰ ਕਿਸੇ ਜਾਦੂ ਨਾਲ ਖ਼ਤਮ ਨਹੀਂ ਕਰ ਦਿੰਦੀਆਂ। ਜਾਤ ਵਿਦਿਆਰਥੀਆਂ ਦਾ ਪਿੱਛਾ ਕਰਦੀ ਹੋਈ ਕਲਾਸਾਂ, ਕੰਟੀਨਾਂ ਅਤੇ ਗਲਿਆਰਿਆਂ ਤੱਕ ਪਹੁੰਚ ਜਾਂਦੀ ਹੈ। ਜਮਾਤ ਇਹ ਤੈਅ ਕਰਦੀ ਹੈ ਕਿ ਕੌਣ ਉੱਥੇ ਆਰਾਮ ਨਾਲ ਸਮਾਂ ਗੁਜ਼ਾਰ ਸਕਦਾ ਹੈ, ਕਿਸਨੂੰ ਪੜ੍ਹਾਈ ਦੇ ਨਾਲ ਕੰਮ ਵੀ ਕਰਨਾ ਪੈਂਦਾ ਹੈ, ਕੌਣ ਸੌਖ ਨਾਲ ਹੀ ਕਿਸੇ ਥਾਂ ਉੱਤੇ ਆਪਣਾ ਹੱਕ ਜਤਾ ਸਕਦਾ ਹੈ ਅਤੇ ਕਿਸਨੂੰ ਦੂਜਿਆਂ ਦੇ ਬਰਾਬਰ ਪਹੁੰਚਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ।
ਲਿੰਗ ਇਹ ਤੈਅ ਕਰਦਾ ਹੈ ਕਿ ਕੌਣ ਦੇਰ ਨਾਲ ਹੋਸਟਲ ਵਾਪਸ ਆ ਸਕਦਾ ਹੈ, ਕੌਣ ਜਿਨਸੀ ਪ੍ਰੇਸ਼ਾਨੀ ਵਿਰੁੱਧ ਆਵਾਜ਼ ਉਠਾਉਣ ਲਈ ਜਨਰਲ ਬਾਡੀ ਦੀ ਮੀਟਿੰਗ ਵਿੱਚ ਦਖ਼ਲ ਦੇ ਸਕਦਾ ਹੈ ਅਤੇ ਕਿਸ ਦੀਆਂ ਦੋਸਤੀਆਂ ਉੱਤੇ ਨਿਗਰਾਨੀ ਰੱਖੀ ਜਾਂਦੀ ਹੈ। ਯੂਨੀਵਰਸਿਟੀਆਂ ਨੇ ਇਤਿਹਾਸਕ ਤੌਰ ’ਤੇ ਇਨ੍ਹਾਂ ਨਬਰਾਬਰੀਆਂ ਨੂੰ ਓਨੀ ਹੀ ਕੁਸ਼ਲਤਾ ਨਾਲ ਮੁੜ ਪੈਦਾ ਕੀਤਾ ਹੈ, ਜਿੰਨੀ ਕੁਸ਼ਲਤਾ ਨਾਲ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ।
ਪਰ ਪਬਲਿਕ ਯੂਨੀਵਰਸਿਟੀ ਲਈ ਹਾਸ਼ੀਏਕਰਨ ਅਤੇ ਅਸਮਾਨਤਾ ਦੇ ਇਨ੍ਹਾਂ ਤਜਰਬਿਆਂ ਨੂੰ ਅਮੂਰਤ ਬਣਾਈ ਰੱਖਣਾ ਅਤੇ ਉਨ੍ਹਾਂ ਨੂੰ ਸਾਫ਼-ਸੁਥਰੇ, ਵੱਖਰੇ ਅਤੇ ਹਵਾ-ਬੰਦ ਖ਼ਾਨਿਆਂ ਵਿਚ ਕੈਦ ਕਰ ਦੇਣਾ ਏਨਾ ਸੌਖਾ ਨਹੀਂ ਹੁੰਦਾ।
ਕਿਸੇ ਦੋਸਤ ਵੱਲੋਂ ਸੁਣਾਇਆ ਗਿਆ ਜਾਤੀ ਅਪਮਾਨ ਸਿਰਫ਼ ਸਮਾਜ-ਵਿਗਿਆਨ ਦੀ ਕਿਤਾਬ ਵਿਚ ਦਰਜ ਇਕ ਇੰਦਰਾਜ ਨਹੀਂ ਰਹਿੰਦਾ। ਕਿਸੇ ਸਾਥਣ ਨੂੰ ਦੇਰ ਨਾਲ ਵਾਪਸ ਆਉਣ ਕਾਰਨ ਹੋਸਟਲ ਦੇ ਦਰਵਾਜ਼ੇ ਉੱਤੇ ਰੋਕ ਦਿੱਤੇ ਜਾਣ ਦੀ ਘਟਨਾ ਆਉਣ-ਜਾਣ ਉੱਤੇ ਲਿੰਗ-ਅਧਾਰਤ ਕੰਟਰੋਲ ਨੂੰ ਕਿਸੇ ਹੋਰ ਵਿਅਕਤੀ ਦੀ ਸਮੱਸਿਆ ਸਮਝਣਾ ਮੁਸ਼ਕਲ ਬਣਾ ਦਿੰਦੀ ਹੈ।
ਫ਼ੀਸ ਵਾਧੇ ਦਾ ਖ਼ਰਚਾ ਚੁਕਾਉਣ ਲਈ ਕੰਮ ਦੀ ਸ਼ਿਫ਼ਟ ਕਰਨ ਵਾਸਤੇ ਕੈਂਪਸ ਤੋਂ ਗ਼ਾਇਬ ਹੋਣ ਲਈ ਮਜਬੂਰ ਕਿਸੇ ਦੋਸਤ ਦੀ ਅਸੁਰੱਖਿਆ; ਭੋਜਨ, ਭਾਸ਼ਾ, ਧਰਮ ਜਾਂ ਉਪਨਾਮ ਕਾਰਨ ਕਿਸੇ ਹੋਰ ਨਾਲ ਹੋਣ ਵਾਲਾ ਵਿਤਕਰਾ; ਜਾਂ ਦਹਾਕਿਆਂ ਤੋਂ ਯੂਨੀਵਰਸਿਟੀ ਲਈ ਕੰਮ ਕਰਨ ਦੇ ਬਾਵਜੂਦ ਕਿਰਤ ਅਧਿਕਾਰਾਂ ਵਾਲੇ ਹਿੱਸੇਦਾਰ ਵਜੋਂ ਮਾਨਤਾ ਨਾ ਪ੍ਰਾਪਤ ਉਸ ਠੇਕਾ ਮਜ਼ਦੂਰ ਦੀ ਅਸੁਰੱਖਿਆ, ਜਿਸਨੂੰ ਅਸੀਂ ਹਰ ਰੋਜ਼ ਦੇਖਦੇ ਹਾਂ—ਇਨ੍ਹਾਂ ਸਾਰਿਆਂ ਨੂੰ ਹੌਲੀ-ਹੌਲੀ ਨਾਂ, ਚਿਹਰੇ ਅਤੇ ਇਤਿਹਾਸ ਮਿਲਣ ਲੱਗਦੇ ਹਨ।
ਦੋਸਤੀ ਆਪਣੇ ਆਪ ਲੋਕਾਂ ਦਾ ਸਿਆਸੀਕਰਨ ਨਹੀਂ ਕਰ ਦਿੰਦੀ, ਪਰ ਇਹ ਉਦਾਸੀਨ ਰਹਿਣਾ ਮੁਸ਼ਕਲ ਬਣਾ ਦਿੰਦੀ ਹੈ। ਉਹ ਸਿਆਸੀ ਮਹੱਤਤਾ ਹਾਸਲ ਕਰਨ ਲੱਗਦੀ ਹੈ। ਉਹ ਸਵਾਲ ਪੁੱਛਣ, ਅਸਹਿਮਤੀ ਪ੍ਰਗਟ ਕਰਨ, ਸਿੱਖੀਆਂ ਗੱਲਾਂ ਨੂੰ ਮੁੜ ਪਰਖਣ ਅਤੇ ਨਵੀਆਂ ਗੱਲਾਂ ਸਿੱਖਣ, ਵਖਰੇਵਿਆਂ ਦੇ ਆਰ-ਪਾਰ ਇਕਜੁੱਟਤਾਵਾਂ ਬਣਾਉਣ, ਸਿਆਸੀ ਤੌਰ ’ਤੇ ਜਥੇਬੰਦ ਹੋਣ ਅਤੇ ਲੋਕਤੰਤਰੀ ਅਮਲ ਵਿਕਸਤ ਕਰਨ ਲਈ ਸਪੇਸ ਪੈਦਾ ਕਰਦੀ ਹੈ।
ਅਜਿਹੇ ਸਮਾਜ ਵਿਚ ਜਿੱਥੇ ਲੋਕਤੰਤਰ ਦਾ ਅਨੁਭਵ ਬਹੁਤ ਅਸਾਵੇਂ ਢੰਗ ਨਾਲ ਹੁੰਦਾ ਹੈ, ਨੇੜਤਾ ਅਤੇ ਦੋਸਤੀਆਂ ਰਾਹੀਂ ਪੈਦਾ ਹੋਣ ਵਾਲੇ ਰੋਜ਼ਮਰ੍ਹਾ ਦੇ ਇਹ ਮਨੁੱਖੀ ਮੇਲ-ਜੋਲ—ਭਾਵੇਂ ਉਹ ਥੋੜ੍ਹੇ ਸਮੇਂ ਲਈ ਅਤੇ ਅਧੂਰੇ ਹੀ ਕਿਉਂ ਨਾ ਹੋਣ—ਜੀਵਨ-ਸਿਰਜਣਾ ਨੂੰ ਵੱਖਰੇ ਢੰਗ ਨਾਲ ਜਥੇਬੰਦ ਕਰਨ ਲੱਗਦੇ ਹਨ।
ਵਿਦਿਆਰਥੀ ਸੰਸਥਾਗਤ ਤੌਰ ’ਤੇ ਆਪਣੇ ਤੋਂ ਉੱਪਰ ਬਿਠਾਏ ਗਏ ਲੋਕਾਂ ਨੂੰ ਸਵਾਲ ਕਰਨਾ ਸਿੱਖਦੇ ਹਨ। ਜਾਤ ਜਾਂ ਧਰਮ ਦੇ ਆਧਾਰ ’ਤੇ ਵੱਖ ਕੀਤੇ ਲੋਕ ਇਕੱਠੇ ਖਾਂਦੇ, ਜਥੇਬੰਦ ਹੁੰਦੇ ਅਤੇ ਬਹਿਸ ਕਰਦੇ ਹਨ। ਮਜ਼ਦੂਰ ਅਤੇ ਵਿਦਿਆਰਥੀ ਆਪਣੇ ਆਪ ਨੂੰ ਕਿਸੇ ਸੰਘਰਸ਼ ਵਿਚ ਇਕੋ ਪਾਸੇ ਖੜ੍ਹਾ ਪਾਉਂਦੇ ਹਨ। ਯੂਨੀਵਰਸਿਟੀ ਦੇ ਦਰਵਾਜ਼ੇ ਦੇ ਬਾਹਰ ਚਾਹ ਵੇਚਣ ਵਾਲਿਆਂ, ਯੂਨੀਵਰਸਿਟੀ ਨੂੰ ਚੱਲਦਾ ਰੱਖਣ ਵਾਲੇ ਸਫ਼ਾਈ ਕਾਮਿਆਂ, ਰਿਕਸ਼ਾ ਚਾਲਕ ਅਤੇ ਬੱਸ ਡਰਾਈਵਰ ਦੀ ਜ਼ਿੰਦਗੀ ਇਸ ਸਮੂਹਿਕ ਜੀਵਨ-ਸਿਰਜਣਾ ਦਾ ਹਿੱਸਾ ਬਣ ਜਾਂਦੀ ਹੈ। ਇਸ ਨਾਲ ਯੂਨੀਵਰਸਿਟੀ ਕੋਈ ਮੁਕਤ ਖੇਤਰ ਨਹੀਂ ਬਣ ਜਾਂਦੀ। ਨਾ ਹੀ ਇਸਦਾ ਮਤਲਬ ਇਹ ਹੈ ਕਿ ਸਾਰੀਆਂ ਪਬਲਿਕ ਯੂਨੀਵਰਸਿਟੀਆਂ ਅਸਹਿਮਤੀ ਲਈ ਸਪੇਸ ਬਣ ਜਾਂਦੀਆਂ ਹਨ। ਪਰ ਇਹ ਯੂਨੀਵਰਸਿਟੀ ਨੂੰ ਅੰਤਰ-ਵਿਰੋਧਾਂ ਨਾਲ ਭਰਪੂਰ ਜ਼ਰੂਰ ਬਣਾ ਦਿੰਦਾ ਹੈ।
ਜਿਹੜੀ ਯੂਨੀਵਰਸਿਟੀ ਜਾਤੀ ਵਿਵਸਥਾ ਨੂੰ ਮੁੜ ਪੈਦਾ ਕਰਦੀ ਹੈ, ਉਸੇ ਵਿਚ ਜਾਤ-ਵਿਰੋਧੀ ਸਿਆਸਤ ਦਾ ਕੇਂਦਰ ਬਣਨ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਜਿਹੜਾ ਕੈਂਪਸ ਔਰਤਾਂ ਨੂੰ ਅਨੁਸ਼ਾਸਿਤ ਕਰਦਾ ਹੈ, ਉਹੀ ਅਜਿਹੀ ਥਾਂ ਬਣ ਸਕਦਾ ਹੈ ਜਿੱਥੇ ਔਰਤਾਂ ਕਰਫ਼ਿਊ ਦੀ ਉਲੰਘਣਾ ਕਰਨ ਲਈ ਇਕੱਠੀਆਂ ਹੁੰਦੀਆਂ ਹਨ। ਜਿਹੜੀ ਸੰਸਥਾ ਵਿਦਿਆਰਥੀਆਂ ਨੂੰ ਕਿਰਤ ਮੰਡੀ ਲਈ ਤਿਆਰ ਕਰਦੀ ਹੈ, ਉਹੀ ਉਨ੍ਹਾਂ ਨੂੰ ਅਜਿਹੇ ਰਿਸ਼ਤੇ, ਆਦਤਾਂ ਅਤੇ ਸਿਆਸੀ ਸਮਰੱਥਾਵਾਂ ਵੀ ਦੇ ਸਕਦੀ ਹੈ, ਜੋ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਮੁਕਾਬਲੇ ਅਤੇ ਨਿੱਜੀ ਤਰੱਕੀ ਦੇ ਪੈਮਾਨੇ ਰਾਹੀਂ ਸਮਝਣ ਤੋਂ ਇਨਕਾਰ ਕਰਦੀਆਂ ਹਨ। ਸ਼ਾਇਦ ਖ਼ਤਰਾ ਇੱਥੇ ਹੀ ਮੌਜੂਦ ਹੈ।
ਦਰਜਾਬੰਦੀਆਂ ਰਾਹੀਂ ਵਿਵਸਥਿਤ ਸਮਾਜ ਕੁਝ ਹੱਦ ਤੱਕ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਇਹ ਦਰਜਾਬੰਦੀਆਂ ਅਟੱਲ ਅਤੇ ਨਾ ਟਾਲੀਆਂ ਜਾ ਸਕਣ ਵਾਲੀਆਂ ਦਿਸਣ। ਪਬਲਿਕ ਯੂਨੀਵਰਸਿਟੀ ਨਾ ਸਿਰਫ਼ ਆਲੋਚਨਾਤਮਕ ਸਿਧਾਂਤ ਰਾਹੀਂ, ਸਗੋਂ ਰੋਜ਼ਾਨਾ ਦੇ ਲੋਕਤੰਤਰੀ ਅਮਲਾਂ ਰਾਹੀਂ ਵੀ ਇਸ ਅਟੱਲਤਾ ਨੂੰ ਭੰਗ ਕਰ ਸਕਦੀ ਹੈ। ਇਹ ਅਮਲ ਭਾਵੇਂ ਥੋੜ੍ਹੇ ਚਿਰ ਲਈ ਹੀ ਸਹੀ, ਸਮਾਜਿਕ ਰਿਸ਼ਤਿਆਂ ਨੂੰ ਮੁੜ ਜਥੇਬੰਦ ਕਰ ਸਕਦੇ ਹਨ।
ਪਬਲਿਕ ਯੂਨੀਵਰਸਿਟੀ ਅਜਿਹੀ ਸਪੇਸ ਮੁਹੱਈਆ ਕਰਦੀ ਹੈ ਜਿੱਥੇ ਸੱਤਾ ਨੂੰ ਸਵਾਲ ਕੀਤੇ ਜਾਂਦੇ ਹਨ; ਜਿੱਥੇ ਇਕਜੁੱਟਤਾ ਵਿਰਾਸਤ ਵਿਚ ਨਹੀਂ ਮਿਲਦੀ, ਸਗੋਂ ਉਸਦੀ ਉਸਾਰੀ ਕੀਤੀ ਜਾਂਦੀ ਹੈ; ਅਤੇ ਜਿੱਥੇ ‘ਜਨਤਾ’ ਦੀ ਪਰਿਭਾਸ਼ਾ ਪਹਿਲਾਂ ਤੋਂ ਰਾਜ ਜਾਂ ਮੰਡੀ ਵੱਲੋਂ ਤੈਅ ਹੋਣੀ ਲਾਜ਼ਮੀ ਨਹੀਂ ਹੁੰਦੀ। ਇਸਦੀ ਥਾਂ ਅਸਹਿਮਤੀ, ਸਾਂਝ ਅਤੇ ਸਮੂਹਿਕ ਭਾਗੀਦਾਰੀ ਰਾਹੀਂ ਪਬਲਿਕ ਨੂੰ ਸਿਆਸੀ ਤੌਰ ’ਤੇ ਸਿਰਜਿਆ ਜਾ ਸਕਦਾ ਹੈ। ਇਸ ਮਾਇਨੇ ’ਚ ਯੂਨੀਵਰਸਿਟੀ ਲੋਕਾਂ ਨੂੰ ਸਿਰਫ਼ ਇਕ ਹੋਰ ਦੁਨੀਆ ਦੀ ਸੰਭਾਵਨਾ ਦੀ ਕਲਪਨਾ ਕਰਨਾ ਹੀ ਨਹੀਂ ਸਿਖਾਉਂਦੀ। ਆਪਣੇ ਸਭ ਤੋਂ ਵੱਧ ਲੋਕਤੰਤਰੀ ਰੂਪ ਵਿਚ ਉਹ ਇਕ ਹੋਰ ਦੁਨੀਆ ਦੇ ਕੁਝ ਟੁਕੜਿਆਂ ਨੂੰ ਵਰਤਮਾਨ ਵਿੱਚ ਅਮਲ ਵਿਚ ਲਿਆਉਣ ਦਾ ਮੌਕਾ ਵੀ ਦਿੰਦੀ ਹੈ।
ਇਹੀ ਸੰਭਾਵਨਾ ਪਬਲਿਕ ਯੂਨੀਵਰਸਿਟੀ ਨੂੰ ਕਿਸੇ ਵੀ ਅਜਿਹੇ ਸਿਆਸੀ ਪ੍ਰੋਜੈਕਟ ਲਈ ਸੰਭਾਵੀ ਤੌਰ ’ਤੇ ਰਾਜਧ੍ਰੋਹੀ ਬਣਾ ਦਿੰਦੀ ਹੈ, ਜੋ ਪਹਿਲਾਂ ਹੀ ਇਹ ਤੈਅ ਕਰਨਾ ਚਾਹੁੰਦਾ ਹੋਵੇ ਕਿ ਕਿਸ ਕਿਸਮ ਦੀ ਜਨਤਾ ਦੀ ਹੋਂਦ ਪ੍ਰਵਾਨ ਕੀਤੀ ਜਾ ਸਕਦੀ ਹੈ।
ਇਸੇ ਲਈ ਹਕੂਮਤ ਇਸ ਥਾਂ ਨੂੰ ਕਾਬੂ ਕਰਨ ਲਈ ਲੜਦੀ ਹੈ। ਇਸੇ ਲਈ ਇਤਿਹਾਸ ਵਿਚ ਫਾਸ਼ੀਵਾਦੀਆਂ ਨੇ ਇਹ ਨਿਯਮਤ ਕਰਨ ਦੀ ਕੋਸ਼ਿਸ਼ ਕੀਤੀ ਕਿ ਯੂਨੀਵਰਸਿਟੀ ਕਿਸ ਕਿਸਮ ਦੀ ਜਨਤਾ ਤਿਆਰ ਕਰੇਗੀ, ਸਾਂਝ ਅਤੇ ਜਥੇਬੰਦੀ ਦੇ ਕਿਹੜੇ ਰੂਪ ਜਾਇਜ਼ ਰਹਿਣਗੇ ਅਤੇ ਸਿੱਖਿਆ ਕਿਸ ਸਿਆਸੀ ਦਿਸਹੱਦੇ ਦੀ ਸੇਵਾ ਕਰੇਗੀ।
ਅਸੀਂ ਹਿਟਲਰ ਦੇ ਜਰਮਨੀ ਵਿਚ ਯੂਨੀਵਰਸਿਟੀਆਂ ਦਾ ਨਾਜ਼ੀਕਰਨ ਦੇਖਿਆ ਹੈ। ਅਸੀਂ ਮੁਸੋਲਿਨੀ ਦਾ ਇਟਲੀ ਵਿਚ ਵਰਤਾਰਾ ਦੇਖਿਆ ਹੈ। ਅਸੀਂ ਫ਼ਰਾਂਕੋਵਾਦੀ ਸਪੇਨ ਵਿਚ ਯੂਨੀਵਰਸਿਟੀ ਨੂੰ ਜੰਗ ਦਾ ਮੈਦਾਨ ਬਣਦਿਆਂ ਦੇਖਿਆ ਹੈ। ਅੱਜ ਅਸੀਂ ਇਸੇ ਤਰ੍ਹਾਂ ਦੇ ਸੰਘਰਸ਼ ਆਪਣੇ ਘਰ ਦੇ ਨੇੜੇ ਵੀ ਦੇਖ ਸਕਦੇ ਹਾਂ—ਸਿੱਖਿਆ ਦੇ ਭਗਵਾਕਰਨ ਅਤੇ ਨਿੱਜੀਕਰਨ, ਸੰਸਥਾਗਤ ਖ਼ੁਦਮੁਖ਼ਤਿਆਰੀ ਨੂੰ ਖੋਰੇ, ਵਿਦਿਆਰਥੀ ਵਿਰੋਧ ਨੂੰ ਅਨੁਸ਼ਾਸਿਤ ਕਰਨ ਅਤੇ ਉਨ੍ਹਾਂ ਥਾਵਾਂ ਨੂੰ ਸੁੰਗੇੜਨ ਦੇ ਰੂਪ ਵਿਚ, ਜਿੱਥੇ ਲੋਕਤੰਤਰੀ ਸਾਂਝ ਕੋਈ ਰੂਪ ਧਾਰ ਸਕਦੀ ਹੈ।
ਦਾਅ ਉੱਤੇ ਸਿਰਫ਼ ਇਹ ਗੱਲ ਨਹੀਂ ਲੱਗੀ ਕਿ ਕੀ ਪੜ੍ਹਾਇਆ ਜਾ ਸਕਦਾ ਹੈ ਜਾਂ ਕੌਣ ਬੋਲ ਸਕਦਾ ਹੈ। ਸਵਾਲ ਇਹ ਹੈ ਕਿ ਯੂਨੀਵਰਸਿਟੀ ਕਿਸ ਕਿਸਮ ਦੀ ਜਨਤਾ ਪੈਦਾ ਕਰਨ ਵਿਚ ਸਹਾਇਤਾ ਕਰੇਗੀ ਅਤੇ ਕੀ ਉਹ ਅਜਿਹੀ ਜਗ੍ਹਾ ਬਣੀ ਰਹੇਗੀ, ਜਿੱਥੇ ਲੋਕ ਰਾਜ ਅਤੇ ਮੰਡੀ ਵੱਲੋਂ ਤੈਅ ਕੀਤੀਆਂ ਸ਼ਰਤਾਂ ਤੋਂ ਪਰੇ ਜਾ ਕੇ ਇਕੱਠੇ ਜੀਉਣਾ, ਸੋਚਣਾ ਅਤੇ ਕਾਰਵਾਈ ਕਰਨਾ ਸਿੱਖ ਸਕਣਗੇ। ਇਸੇ ਕਾਰਨ ਪਬਲਿਕ ਯੂਨੀਵਰਸਿਟੀਆਂ ਬਾਰੇ ਲੜਾਈਆਂ ਅਕਸਰ ਦੇਖਣ ਨੂੰ ਬਹੁਤ ਸਧਾਰਨ ਜਾਪਦੇ ਰੂਪ ਧਾਰ ਲੈਂਦੀਆਂ ਹਨ।
ਕੈਂਪਸ ਦੀਆਂ ਕੰਧਾਂ ਉੱਤੇ ਕਿਸਦੇ ਸੰਦੇਸ਼ ਰਹਿ ਸਕਦੇ ਹਨ? ਟੈਕਸ ਦੇਣ ਵਾਲਿਆਂ ਦਾ ਪੈਸਾ ਅਜਿਹੇ ਵਿਭਾਗਾਂ ਨੂੰ ਕਾਇਮ ਰੱਖਣ ਲਈ ਕਿਉਂ ਵਰਤਿਆ ਜਾਵੇ, ਜੋ ਸੱਤਾਧਾਰੀਆਂ ਨੂੰ ਬੇਚੈਨ ਕਰਨ ਦੇ ਸਮਰੱਥ ਆਲੋਚਨਾਤਮਕ ਚਿੰਤਨ ਪੈਦਾ ਕਰਦੇ ਹਨ? ਯੂਨੀਅਨਾਂ ਯੂਨੀਵਰਸਿਟੀ ਜ਼ਿੰਦਗੀ ਦਾ ਹਿੱਸਾ ਕਿਉਂ ਬਣੀਆਂ ਰਹਿਣ? ਯੂਨੀਵਰਸਿਟੀ ਦੇ ਦਰਵਾਜ਼ੇ ਉਨ੍ਹਾਂ ਲੋਕਾਂ ਲਈ ਕਿਉਂ ਖੁੱਲ੍ਹੇ ਰਹਿਣ, ਜਿਨ੍ਹਾਂ ਕੋਲ ਪਛਾਣ-ਪੱਤਰ ਨਹੀਂ ਹੈ? ਵਿਦਿਆਰਥੀਆਂ, ਅਧਿਆਪਕਾਂ ਅਤੇ ਕਾਮਿਆਂ ਨੂੰ ਜਾਤੀ ਹਿੰਸਾ, ਕਿਰਤ ਅਧਿਕਾਰਾਂ, ਲਿੰਗ ਨਿਆਂ, ਨਾਗਰਿਕਤਾ ਜਾਂ ਲੋਕਤੰਤਰ ਵਰਗੇ ਸਵਾਲਾਂ ਨਾਲ ਸਰੋਕਾਰ ਕਿਉਂ ਰੱਖਣਾ ਚਾਹੀਦਾ ਹੈ, ਜਿਹੜੇ ਡਿਗਰੀਆਂ ਹਾਸਲ ਕਰਨ ਅਤੇ ਵੰਡਣ ਦੇ ਫ਼ੌਰੀ ਕੰਮ ਤੋਂ ਬਾਹਰਲੇ ਜਾਪਦੇ ਹਨ?
ਅਸਲ ਵਿਚ ਇਨ੍ਹਾਂ ਵਿਚੋਂ ਹਰ ਸਵਾਲ ਇਹ ਪੁੱਛਦਾ ਹੈ ਕਿ ਪਬਲਿਕ ਯੂਨੀਵਰਸਿਟੀ ਦਾ ਉਦੇਸ਼ ਕੀ ਹੈ।
ਜੇ ਯੂਨੀਵਰਸਿਟੀ ਸਿਰਫ਼ ਰੁਜ਼ਗਾਰ-ਯੋਗ ਵਿਅਕਤੀ ਪੈਦਾ ਕਰਨ ਵਾਲੀ ਸੰਸਥਾ ਹੈ ਤਾਂ ਇਸ ਸਮੂਹਿਕ ਜ਼ਿੰਦਗੀ ਦਾ ਬਹੁਤਾ ਹਿੱਸਾ ਬੇਲੋੜਾ, ਇੱਥੋਂ ਤੱਕ ਕਿ ਅੜਿੱਕਾ ਪਾਊ ਵੀ ਜਾਪਦਾ ਹੈ। ਪਰ ਜੇ ਪਬਲਿਕ ਯੂਨੀਵਰਸਿਟੀ ਉਸਨੂੰ ਕਾਇਮ ਰੱਖਣ ਵਾਲੇ ਸਮਾਜ ਪ੍ਰਤੀ ਕੋਈ ਫ਼ਰਜ਼ ਰੱਖਦੀ ਹੈ ਤਾਂ ਇਨ੍ਹਾਂ ਥਾਵਾਂ ਦਾ ਮਾਇਨਾ ਬਦਲ ਜਾਂਦਾ ਹੈ।
ਕੰਧਾਂ ‘ਗ਼ਰੀਬਾਂ ਦੀਆਂ ਪ੍ਰਕਾਸ਼ਕ’ ਬਣ ਜਾਂਦੀਆਂ ਹਨ। ਯੂਨੀਅਨ ਉਨ੍ਹਾਂ ਸੰਸਥਾਗਤ ਰੂਪਾਂ ਵਿਚੋਂ ਇਕ ਬਣ ਜਾਂਦੀ ਹੈ, ਜਿਨ੍ਹਾਂ ਰਾਹੀਂ ਯੂਨੀਵਰਸਿਟੀ ਦੀ ਜ਼ਿੰਦਗੀ ਨੂੰ ਸਮੂਹਿਕ ਤੌਰ ’ਤੇ ਜਥੇਬੰਦ ਕੀਤਾ ਜਾ ਸਕਦਾ ਹੈ। ਖੁੱਲ੍ਹਾ ਗੇਟ ਗਿਆਨ ਅਤੇ ਸਿਆਸੀ ਜ਼ਿੰਦਗੀ ਦੀ ਆਵਾਜਾਈ ਨੂੰ ਯੂਨੀਵਰਸਿਟੀ ਤੋਂ ਸਮਾਜ ਅਤੇ ਸਮਾਜ ਤੋਂ ਯੂਨੀਵਰਸਿਟੀ ਵੱਲ ਜਾਰੀ ਰੱਖਦਾ ਹੈ ਅਤੇ ਦੋਵੇਂ ਇਕ-ਦੂਜੇ ਨੂੰ ਰੂਪ ਦਿੰਦੇ ਹਨ। ਵਿਰੋਧ-ਪ੍ਰਦਰਸ਼ਨ ਉਸ ਮਿਹਨਤਕਸ਼ ਸਮਾਜ ਪ੍ਰਤੀ ਇਕ ਜ਼ਿੰਮੇਵਾਰੀ ਬਣ ਜਾਂਦਾ ਹੈ, ਜਿਸਦੀ ਬਦੌਲਤ ਯੂਨੀਵਰਸਿਟੀ ਹੋਂਦ ਵਿਚ ਹੈ।
ਇਸੇ ਕਾਰਨ ਪਬਲਿਕ ਯੂਨੀਵਰਸਿਟੀਆਂ ਉੱਤੇ ਹਮਲੇ ਕੈਂਪਸ ਦੇ ਅੰਦਰੂਨੀ ਮਾਮਲੇ ਬਣੇ ਰਹਿਣ ਤੱਕ ਸੀਮਤ ਨਹੀਂ ਰਹਿੰਦੇ। ਜਦੋਂ ਵਿਦਿਆਰਥੀਆਂ ਨੂੰ ਕੁੱਟਿਆ ਜਾਂਦਾ ਹੈ, ਯੂਨੀਅਨਾਂ ਉੱਤੇ ਪਾਬੰਦੀ ਲਾਈ ਜਾਂਦੀ ਹੈ, ਵਿਭਾਗਾਂ ਦੀ ਵਿੱਤੀ ਸਹਾਇਤਾ ਰੋਕੀ ਜਾਂਦੀ ਹੈ, ਅਧਿਆਪਕਾਂ ਨੂੰ ਖ਼ਾਮੋਸ਼ ਕੀਤਾ ਜਾਂਦਾ ਹੈ, ਯੂਨੀਵਰਸਿਟੀ ਦੇ ਦਰਵਾਜ਼ੇ ਜਨਤਾ ਲਈ ਬੰਦ ਕਰ ਦਿੱਤੇ ਜਾਂਦੇ ਹਨ ਅਤੇ ਰਾਜ ਬਿਨਾਂ ਸਵਾਲ ਕੀਤੇ ਵਫ਼ਾਦਾਰੀ ਦੀ ਮੰਗ ਕਰਦਾ ਹੈ ਤਾਂ ਇਹ ‘ਪਬਲਿਕ’ ਨੂੰ ਮੁੜ ਪਰਿਭਾਸ਼ਤ ਕਰਨ ਅਤੇ ਸਮਾਜਿਕ ਰਿਸ਼ਤਿਆਂ ਤੇ ਲੋਕਤੰਤਰੀ ਅਮਲਾਂ ਨੂੰ ਮੁੜ ਜਥੇਬੰਦ ਕਰਨ ਦੀ ਕੋਸ਼ਿਸ਼ ਹੁੰਦੀ ਹੈ।
ਇਸ ਨਾਲ ਅਜਿਹੀਆਂ ਥਾਵਾਂ ਨੂੰ ਕਾਇਮ ਰੱਖਣ ਦੀ ਮਹੱਤਤਾ ਬਾਰੇ ਇਕ ਬਹੁਤ ਵੱਡਾ ਸਿਆਸੀ ਸਵਾਲ ਖੜ੍ਹਾ ਹੁੰਦਾ ਹੈ—ਉਹ ਥਾਵਾਂ ਜਿੱਥੇ ਲੋਕ ਮੰਡੀ ਅਤੇ ਰਾਜ ਵੱਲੋਂ ਉਨ੍ਹਾਂ ਲਈ ਤੈਅ ਕੀਤੇ ਰਿਸ਼ਤਿਆਂ ਤੋਂ ਬਾਹਰ ਇਕ-ਦੂਜੇ ਨੂੰ ਮਿਲ ਸਕਦੇ ਹਨ ਅਤੇ ਜਿੱਥੇ ‘ਪਬਲਿਕ’ ਦੇ ਮਾਇਨੇ ਨੂੰ ਲੈ ਕੇ ਟਕਰਾਅ ਦੀ ਸੰਭਾਵਨਾ ਖੁੱਲ੍ਹੀ ਰਹਿ ਸਕਦੀ ਹੈ।
ਪਰ ਜੇ ਇਹ ਸੰਭਾਵਨਾਵਾਂ ਯੂਨੀਵਰਸਿਟੀ ਨੂੰ ਸਿਆਸੀ ਤੌਰ ’ਤੇ ਇੰਨੀ ਮਹੱਤਵਪੂਰਨ ਬਣਾਉਂਦੀਆਂ ਹਨ ਤਾਂ ਦੂਜੇ ਸਵਾਲ ਨੂੰ ਨਜ਼ਰਅੰਦਾਜ਼ ਕਰਨਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ: ਲਗਭਗ 1,250 ਪ੍ਰੋਫ਼ੈਸਰਾਂ ਨੇ ਹੁਕਮ ਦੀ ਪਾਲਣਾ ਕਿਉਂ ਕੀਤੀ?
ਸਭ ਤੋਂ ਸੌਖਾ ਜਵਾਬ ਹੈ—ਕਾਇਰਤਾ। ਪਰ ਸਿਆਸੀ ਹਿੰਮਤ ਦਾ ਵੀ ਇਕ ਭੌਤਿਕ ਬੁਨਿਆਦੀ ਢਾਂਚਾ ਹੁੰਦਾ ਹੈ।
ਇਹ ਸਾਨੂੰ ਉਸ ਅਸਹਿਜ ਸੱਚਾਈ ਦਾ ਸਾਹਮਣਾ ਕਰਨ ਲਈ ਮਜਬੂਰ ਕਰਦਾ ਹੈ। 1931 ਵਿਚ ਜਦੋਂ ਸਹੁੰ ਦਾ ਹੁਕਮ ਆਇਆ ਤਾਂ ਉਸਦਾ ਸਾਹਮਣਾ ਕਰਨ ਵਾਲੇ ਪ੍ਰੋਫ਼ੈਸਰ ਉਸੇ ਯੂਨੀਵਰਸਿਟੀ ਵਿਚ ਨਹੀਂ ਖੜ੍ਹੇ ਸਨ, ਜਿਹੜੀ ਯੂਨੀਵਰਸਿਟੀ ਫਾਸ਼ੀਵਾਦ ਨੂੰ ਲਗਭਗ ਇਕ ਦਹਾਕਾ ਪਹਿਲਾਂ ਵਿਰਾਸਤ ਵਿਚ ਮਿਲੀ ਸੀ। ਸਹੁੰ ਤੋਂ ਪਹਿਲਾਂ ਦੇ ਸਾਲ ਆਪਣਾ ਕੰਮ ਕਰ ਚੁੱਕੇ ਸਨ।
‘ਮੁਸੀਬਤ ਖੜ੍ਹੀ ਕਰਨ ਵਾਲੇ’ ਸਮਝੇ ਜਾਂਦੇ ਅਕਾਦਮਿਕਾਂ ਨੂੰ ਪਹਿਲਾਂ ਹੀ ਹਟਾਇਆ ਜਾ ਚੁੱਕਾ ਸੀ, ਹਾਸ਼ੀਏ ਉੱਤੇ ਧੱਕ ਦਿੱਤਾ ਗਿਆ ਸੀ ਜਾਂ ਸੇਵਾਮੁਕਤੀ ਲੈਣ ਲਈ ਮਨਾ ਲਿਆ ਗਿਆ ਸੀ। ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਨੂੰ ਚੁੱਪ-ਚੁਪੀਤੇ ਖੋਰਿਆ ਜਾ ਚੁੱਕਾ ਸੀ। ਨਿਯੁਕਤੀਆਂ ਅਤੇ ਤਰੱਕੀਆਂ ਵਧਦੀ ਹੱਦ ਤੱਕ ਸਿਆਸੀ ਵਫ਼ਾਦਾਰੀ ਦੀਆਂ ਕਸੌਟੀਆਂ ਵਿਚੋਂ ਲੰਘਣ ਲੱਗੀਆਂ ਸਨ। ਵਿਦਿਆਰਥੀ ਜਥੇਬੰਦੀ ਨੂੰ ਅਪਰਾਧੀ ਕਰਾਰ ਦੇ ਕੇ ਫਾਸ਼ੀਵਾਦੀ ਕੰਟਰੋਲ ਹੇਠ ਲਿਆਂਦਾ ਜਾ ਚੁੱਕਾ ਸੀ।
ਅਸਹਿਮਤੀ ਕਿਸੇ ਇਕ ਨਾਟਕੀ ਸਫ਼ਾਏ ਨਾਲ ਗ਼ਾਇਬ ਨਹੀਂ ਹੋਈ ਸੀ। ਉਸਨੂੰ ਛੋਟੇ-ਛੋਟੇ ਸਮਝੌਤਿਆਂ, ਅਨੁਸ਼ਾਸਨਾਤਮਕ ਕਾਰਵਾਈਆਂ ਅਤੇ ਖ਼ਾਮੋਸ਼ੀਆਂ ਦੀ ਲੜੀ ਰਾਹੀਂ ਹੌਲੀ-ਹੌਲੀ ਕਮਜ਼ੋਰ ਕੀਤਾ ਗਿਆ ਸੀ।
ਜਦੋਂ ਇਕ ਸਹਿਕਰਮੀ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਬਾਕੀ ਪੜ੍ਹਾਉਂਦੇ ਰਹੇ; ਜਦੋਂ ਕਿਸੇ ਨਿਯੁਕਤੀ ਵਿਚ ਸਿਆਸੀ ਹੇਰਾ-ਫੇਰੀ ਹੋਈ ਅਤੇ ਅਕਾਦਮਿਕ ਜ਼ਿੰਦਗੀ ਪਹਿਲਾਂ ਵਾਂਗ ਚੱਲਦੀ ਰਹੀ; ਜਦੋਂ ਕਿਸੇ ਸਮੂਹਿਕ ਟਕਰਾਅ ਤੋਂ ਬਿਨਾਂ ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਨੂੰ ਟੁਕੜੇ-ਟੁਕੜੇ ਕਰਕੇ ਸਮਰਪਿਤ ਕਰ ਦਿੱਤਾ ਗਿਆ—ਤਾਂ ਯੂਨੀਵਰਸਿਟੀ ਨੇ ਇਸਦੀ ਕੀਮਤ ਆਪਣੀ ਸਮੂਹਿਕ ਜ਼ਿੰਦਗੀ ਨਾਲ ਤਾਰੀ।
ਜਦੋਂ ਆਖ਼ਿਰਕਾਰ ਪ੍ਰੋਫ਼ੈਸਰਾਂ ਨੂੰ ਸਹੁੰ ਚੁੱਕਣ ਲਈ ਕਿਹਾ ਗਿਆ, ਉਦੋਂ ਤੱਕ ਸਾਂਝ ਅਤੇ ਸੰਸਥਾਗਤ ਜ਼ਿੰਦਗੀ ਦੀ ਉਹ ਬਹੁਤੀ ਜ਼ਮੀਨ ਪਹਿਲਾਂ ਹੀ ਖੋਰ ਦਿੱਤੀ ਗਈ ਸੀ, ਜਿਸ ਉੱਤੇ ਖੜ੍ਹ ਕੇ ਉਹ ਸਾਰੇ ਇਕੱਠੇ ਇਨਕਾਰ ਕਰ ਸਕਦੇ ਸਨ। ਇਸ ਲਈ ਜਦੋਂ ਮੰਗ ਦੇ ਅਸਲ ਮਾਇਨੇ ਨੂੰ ਗ਼ਲਤ ਸਮਝਣਾ ਅਸੰਭਵ ਹੋ ਗਿਆ, ਉਸ ਸਮੇਂ ਪ੍ਰੋਫ਼ੈਸਰ ਵੱਡੀ ਹੱਦ ਤੱਕ ਵਿਅਕਤੀਆਂ ਵਜੋਂ ਉਸਦਾ ਸਾਹਮਣਾ ਕਰ ਰਹੇ ਸਨ।
ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਪ੍ਰੋਫ਼ੈਸਰੀ ਦਾ ਅਰਥ ਤਨਖ਼ਾਹ, ਸਮਾਜਿਕ ਰੁਤਬਾ, ਸਾਲਾਂ ਦੀ ਮਿਹਨਤ, ਕਿਤਾਬਾਂ ਅਤੇ ਪ੍ਰਯੋਗਸ਼ਾਲਾਵਾਂ ਤੱਕ ਪਹੁੰਚ, ਪੇਸ਼ਾਵਰ ਰਿਸ਼ਤੇ ਅਤੇ ਅਕਸਰ ਪੂਰੇ ਪਰਿਵਾਰ ਦੀ ਆਰਥਕ ਸੁਰੱਖਿਆ ਸੀ।
ਪ੍ਰੋਫ਼ੈਸਰ ਵਰਗ ਇਕ ਵਿਸ਼ੇਸ਼ ਅਧਿਕਾਰ ਪ੍ਰਾਪਤ ਸਮਾਜਿਕ ਸਥਿਤੀ ਉੱਤੇ ਕਾਬਜ਼ ਸੀ, ਜਿਸ ਨਾਲ ਫਾਸ਼ੀਵਾਦ ਸੌਦੇਬਾਜ਼ੀ ਕਰ ਸਕਦਾ ਸੀ। ਬਹੁਤ ਸਾਰੇ ਲੋਕਾਂ ਲਈ ਸਮਝੌਤਾ ਕਰਨਾ ਇਸ ਸਥਿਤੀ ਨੂੰ ਬਚਾਈ ਰੱਖਣ ਦਾ ਜ਼ਰੀਆ ਬਣਿਆ। ਅਹੁਦੇ ਕਾਇਮ ਰਹੇ, ਪੇਸ਼ਾਵਰ ਜ਼ਿੰਦਗੀ ਚੱਲਦੇ ਰਹੇ ਅਤੇ ਅਧਿਕਾਰ ਬਚੇ ਰਹੇ; ਕੁਝ ਲੋਕਾਂ ਲਈ ਨਵੇਂ ਮੌਕੇ ਵੀ ਖੁੱਲ੍ਹੇ।
ਹਕੂਮਤ ਅਕਾਦਮਿਕ ਕੁਲੀਨ ਵਰਗ ਨੂੰ ਪੂਰੀ ਤਰ੍ਹਾਂ ਵਸੀਲਿਆਂ ਤੋਂ ਵਾਂਝਾ ਕੀਤੇ ਬਿਨਾਂ ਉਸਦਾ ਸਹਿਯੋਗ ਪ੍ਰਾਪਤ ਕਰ ਸਕਦੀ ਸੀ। ਇਸ ਲਈ ਸਹੁੰ ਵਿਚ ਵਰਗ ਦੇ ਹਿੱਤ ਲਾਜ਼ਮੀ ਤੌਰ ’ਤੇ ਫਾਸ਼ੀਵਾਦੀ ਵਿਚਾਰਧਾਰਾ ਵਿਚ ਸੁਚੇਤ ਵਿਸ਼ਵਾਸ ਵਜੋਂ ਦਾਖ਼ਲ ਨਹੀਂ ਹੋਇਆ। ਉਹ ਇਸ ਤੋਂ ਕਿਤੇ ਵੱਧ ਖ਼ਾਮੋਸ਼ ਸਵਾਲ ਰਾਹੀਂ ਦਾਖ਼ਲ ਹੋਇਆ: ਸਮਝੌਤਾ ਕਰਕੇ ਵਿਅਕਤੀ ਆਪਣੇ ਕੋਲ ਕੀ ਕੁਝ ਬਚਾਈ ਰੱਖ ਸਕਦਾ ਹੈ?
ਫਿਰ ਵੀ ਇੱਥੇ ਇਕ ਨੈਤਿਕ ਚੋਣ ਨਾਲ ਸਬੰਧਤ ਵੱਡਾ ਸਵਾਲ ਕਾਇਮ ਰਹਿੰਦਾ ਹੈ। ਸਹੁੰ ਨੇ ਅਸਾਧਾਰਨ ਸਪੱਸ਼ਟਤਾ ਨਾਲ ਦੱਸਿਆ ਸੀ ਕਿ ਪ੍ਰੋਫ਼ੈਸਰਾਂ ਨੂੰ ਕੀ ਕਬੂਲ ਕਰਨ ਲਈ ਕਿਹਾ ਜਾ ਰਿਹਾ ਸੀ—ਉਨ੍ਹਾਂ ਦਾ ਅਧਿਆਪਨ ਹਕੂਮਤ ਪ੍ਰਤੀ ਸਮਰਪਿਤ ਨਾਗਰਿਕ ਤਿਆਰ ਕਰਨ ਵਿਚ ਸਹਾਇਤਾ ਕਰੇਗਾ।
ਕੋਈ ਵਿਅਕਤੀ ਆਪਣੇ ਆਪ ਨੂੰ ਇਹ ਕਹਿ ਸਕਦਾ ਸੀ ਕਿ ਸੰਸਥਾ ਦੇ ਅੰਦਰ ਬਣੇ ਰਹਿਣ ਨਾਲ ਵਿਦਿਆਰਥੀਆਂ ਦੀ ਰੱਖਿਆ ਹੋਵੇਗੀ, ਵਿਦਵਤਾ ਬਚੀ ਰਹੇਗੀ, ਪ੍ਰਯੋਗਸ਼ਾਲਾ ਖੁੱਲ੍ਹੀ ਰਹੇਗੀ ਜਾਂ ਆਜ਼ਾਦ ਚਿੰਤਨ ਲਈ ਕੋਈ ਛੋਟੀ ਜਿਹੀ ਸਪੇਸ ਬਚੀ ਰਹੇਗੀ। ਕੋਈ ਵਿਅਕਤੀ ਜਨਤਕ ਦਸਖ਼ਤ ਅਤੇ ਨਿੱਜੀ ਵਿਸ਼ਵਾਸ ਦਰਮਿਆਨ ਫ਼ਰਕ ਕਰ ਸਕਦਾ ਸੀ।
ਪਰ ਸਹੁੰ ਨੇ ਇਸ ਫ਼ਰਕ ਨੂੰ ਕਾਇਮ ਰੱਖਣਾ ਲਗਾਤਾਰ ਮੁਸ਼ਕਲ ਬਣਾ ਦਿੱਤਾ। ਉਸਨੇ ਅਕਾਦਮਿਕਾਂ ਸਾਹਮਣੇ ਇਹ ਸਵਾਲ ਰੱਖਿਆ ਕਿ ਕੀ ਉਨ੍ਹਾਂ ਦੀ ਆਪਣੀ ਪੇਸ਼ਾਵਰ ਜ਼ਿੰਦਗੀ ਦੀ ਨਿਰੰਤਰਤਾ ਨੂੰ ਉਸ ਜ਼ਿੰਮੇਵਾਰੀ ਤੋਂ ਵੱਖ ਕੀਤਾ ਜਾ ਸਕਦਾ ਹੈ, ਜਿਹੜੀ ਸੰਸਥਾ ਦੇ ਬਣਦੇ ਜਾ ਰਹੇ ਨਵੇਂ ਰੂਪ ਪ੍ਰਤੀ ਉਨ੍ਹਾਂ ਦੀ ਸੀ। ਸਹੁੰ ਨੇ ਉਨ੍ਹਾਂ ਨੂੰ ਪਬਲਿਕ ਯੂਨੀਵਰਸਿਟੀ ਦੀ ਇਕ ਵੱਖਰੀ ਕਲਪਨਾ ਨੂੰ ਜਿਊਂਦਾ ਰੱਖਣ ਦੀ ਜ਼ਿੰਮੇਵਾਰੀ ਤਿਆਗਣ ਲਈ ਵੀ ਕਿਹਾ।
ਫਾਸ਼ੀਵਾਦ ਨੂੰ 1,250 ਵਚਨਬੱਧ ਫਾਸ਼ੀਵਾਦੀਆਂ ਦੀ ਲੋੜ ਨਹੀਂ ਸੀ। ਸੰਸਥਾ ਉੱਤੇ ਖ਼ਾਮੋਸ਼ ਕਬਜ਼ੇ ਦੇ ਸਾਲਾਂ ਨੇ ਪਹਿਲਾਂ ਹੀ ਇਸ ਸੰਭਾਵਨਾ ਨੂੰ ਕਮਜ਼ੋਰ ਕਰ ਦਿੱਤਾ ਸੀ ਕਿ ਉਹ 1,250 ਲੋਕ ਇਕੱਠੇ ਇਸ ਸਵਾਲ ਦਾ ਸਾਹਮਣਾ ਕਰਨਗੇ।
ਹਕੂਮਤ ਨੂੰ ਇਸ ਗੱਲ ਦੀ ਲੋੜ ਸੀ ਕਿ ਉਨ੍ਹਾਂ ਵਿੱਚੋਂ ਹਰ ਵਿਅਕਤੀ ਇਕੱਲਾ ਸਹੁੰ ਦਾ ਸਾਹਮਣਾ ਕਰੇ—ਹਰ ਕੋਈ ਆਪਣੀ ਜ਼ਮੀਰ ਦੇ ਮੁਕਾਬਲੇ ਰੋਜ਼ੀ-ਰੋਟੀ, ਨੈਤਿਕਤਾ ਦੇ ਮੁਕਾਬਲੇ ਨਿੱਜੀ ਹਿੱਤ ਅਤੇ ਵਿਰੋਧ ਦੇ ਮੁਕਾਬਲੇ ਉਸ ਸਥਿਤੀ ਨੂੰ ਤੋਲੇ, ਜੋ ਪਹਿਲਾਂ ਹੀ ਆਮ ਜਾਪਣ ਲੱਗ ਪਈ ਸੀ। ਸਹਿਮਤੀ ਦੇ ਤਮਾਸ਼ੇ ਨੂੰ ਸਮੂਹਿਕ ਰੂਪ ਦਿੱਤੇ ਜਾਣ ਤੋਂ ਬਹੁਤ ਪਹਿਲਾਂ ਅਸਹਿਮਤੀ ਦੀ ਕੀਮਤ ਨੂੰ ਵਿਅਕਤੀਗਤ ਬਣਾ ਦਿੱਤਾ ਗਿਆ ਸੀ।
ਇਸ ਲਈ ਸ਼ਾਇਦ ਇਹ ਕੋਈ ਇਤਫ਼ਾਕ ਨਹੀਂ ਕਿ ਪਬਲਿਕ ਯੂਨੀਵਰਸਿਟੀ ਦਾ ਨਵ-ਉਦਾਰਵਾਦੀ ਪੁਨਰਗਠਨ ਅੱਜ ਸਾਡੇ ਆਲੇ-ਦੁਆਲੇ ਦਿਖਾਈ ਦੇ ਰਹੇ ਹਮਲਿਆਂ ਦੇ ਨਾਲ-ਨਾਲ ਚੱਲਿਆ ਹੈ ਅਤੇ ਇਸਨੇ ਯੂਨੀਵਰਸਿਟੀ ਨੂੰ ਇਨ੍ਹਾਂ ਹਮਲਿਆਂ ਪ੍ਰਤੀ ਹੋਰ ਕਮਜ਼ੋਰ ਬਣਾਇਆ ਹੈ।
ਨਾਜ਼ੀ ਜਰਮਨੀ ਵਿੱਚ ‘ਵ੍ਹਾਈਟ ਰੋਜ਼’ ਲਹਿਰ ਉਸ ਸਮੂਹਿਕ ਜ਼ਿੰਦਗੀ ਉੱਤੇ ਖੜ੍ਹੀ ਸੀ, ਜਿਸਨੂੰ ਦੋਸਤੀਆਂ ਅਤੇ ਸਮਾਜਿਕ-ਸੱਭਿਆਚਾਰਕ ਅਮਲਾਂ ਰਾਹੀਂ ਸਿਰਜਿਆ ਗਿਆ ਸੀ ਅਤੇ ਜਿਸਨੇ ਹਿੰਮਤ ਨੂੰ ਸੰਭਵ ਬਣਾਇਆ। ਫ਼ਰਾਂਕੋਵਾਦੀ ਸਪੇਨ ਵਿੱਚ ਵਿਦਿਆਰਥੀ ਨੈੱਟਵਰਕਾਂ, ਸੱਭਿਆਚਾਰਕ ਸੰਗਠਨਾਂ ਅਤੇ ਕੈਂਪਸ ਤੋਂ ਬਾਹਰ ਤੱਕ ਲਗਾਤਾਰ ਫੈਲ ਰਹੀਆਂ ਇਕਜੁੱਟਤਾਵਾਂ ਨੇ ਖਿੰਡੇ ਹੋਏ ਅਸੰਤੋਸ਼ ਨੂੰ ਜਥੇਬੰਦ ਵਿਰੋਧ ਵਿੱਚ ਬਦਲ ਦਿੱਤਾ।
ਭਾਰਤ ਵਿਚ ਐੱਨ.ਆਰ.ਸੀ. ਅਤੇ ਸੀ.ਏ.ਏ. ਵਿਰੋਧੀ ਅੰਦੋਲਨਾਂ ਦੌਰਾਨ ਅਸੀਂ ਯੂਨੀਵਰਸਿਟੀਆਂ ਨੂੰ ਵਿਰੋਧ ਦੀਆਂ ਲਾਇਬ੍ਰੇਰੀਆਂ, ਲੰਗਰਾਂ, ਮੁਹੱਲਾ-ਪੱਧਰੀ ਇਕਜੁੱਟਤਾਵਾਂ ਅਤੇ ਸਾਂਝੀ ਸਿਆਸੀ ਜ਼ਿੰਦਗੀ ਦੇ ਰੂਪ ਵਿਚ ਸੜਕਾਂ ਉੱਤੇ ਫੈਲਦਿਆਂ ਦੇਖਿਆ ਹੈ।
ਸਪੇਸਾਂ ਦਾ ਇਹ ਫੈਲਾਅ, ਦੋਸਤੀ ਦਾ ਸਿਆਸੀਕਰਨ ਅਤੇ ਸਮਾਜਿਕਤਾ ਤੇ ਸਮੂਹਿਕ ਜ਼ਿੰਦਗੀ ਦਾ ਪੁਨਰਗਠਨ ਸਾਨੂੰ ਇਸ ਗੱਲ ਦੀ ਝਲਕ ਦਿੰਦੇ ਹਨ ਕਿ ਪਬਲਿਕ ਯੂਨੀਵਰਸਿਟੀ ਕੀ ਹੋ ਸਕਦੀ ਹੈ ਅਤੇ ਕਿਸੇ ਯੂਨੀਵਰਸਿਟੀ ਦੇ ਸੱਚਮੁੱਚ ਪਬਲਿਕ ਹੋਣ ਦਾ ਕੀ ਮਾਇਨਾ ਹੈ।
ਇਹੀ ਸੰਭਾਵਨਾ ਅਤੇ ਸਮਰੱਥਾ ਇਸ ਥਾਂ ਅਤੇ ਇਨ੍ਹਾਂ ਸਾਂਝਾਂ ਨੂੰ ਰਾਜਧ੍ਰੋਹੀ ਬਣਾਉਂਦੀ ਹੈ। ਪਬਲਿਕ ਯੂਨੀਵਰਸਿਟੀ ਇਕ ਸਿਆਸੀ ਜੰਗ ਦਾ ਮੈਦਾਨ ਇਸ ਲਈ ਬਣਦੀ ਹੈ, ਕਿਉਂਕਿ ਉਹ ਸਮੂਹਿਕ ਜ਼ਿੰਦਗੀ ਦੇ ਅਜਿਹੇ ਰੂਪਾਂ ਦੀ ਸਿਰਜਣਾ ਕਰ ਸਕਦੀ ਹੈ, ਜਿਨ੍ਹਾਂ ਨੂੰ ਨਾ ਤਾਂ ਪੂਰੀ ਤਰ੍ਹਾਂ ਪਹਿਲਾਂ ਤੋਂ ਤੈਅ ਕਰ ਸਕਦੀ ਹੈ ਅਤੇ ਨਾ ਹੀ ਤਾਨਾਸ਼ਾਹ ਸੱਤਾ।
ਡੂੰਘੀ ਨਬਰਾਬਰੀ ਰਾਹੀਂ ਜਥੇਬੰਦ ਕੀਤੇ ਸਮਾਜ ਵਿਚ ਅਜਿਹੀਆਂ ਸਪੇਸ ਸਾਵਧਾਨੀ ਨਾਲ ਕਾਇਮ ਰੱਖੀ ਗਈ ਵਿਵਸਥਾ ਨੂੰ ਅਸਥਿਰ ਕਰਨ ਦੀ ਤਾਕਤ ਰੱਖਦੀਆਂ ਹਨ।
ਅੱਜ ਜਦੋਂ ਅਸੀਂ ਆਪਣੀਆਂ ਪਬਲਿਕ ਯੂਨੀਵਰਸਿਟੀਆਂ ਨੂੰ ਬਚਾਉਣ ਲਈ ਸੰਘਰਸ਼ ਕਰ ਰਹੇ ਹਾਂ, ਤਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਦਾਅ ਉੱਤੇ ਸਿਰਫ਼ ਲੋਕਤੰਤਰੀ ਅਮਲ, ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਜਾਂ ਅਕਾਦਮਿਕ ਆਜ਼ਾਦੀ ਹੀ ਨਹੀਂ ਲੱਗੀ ਹੋਈ। ਦਾਅ ਉੱਤੇ ਇਹ ਕਲਪਨਾ, ਇਹ ਸੰਭਾਵਨਾ ਅਤੇ ਖ਼ੁਦ ਪਬਲਿਕ ਯੂਨੀਵਰਸਿਟੀ ਦਾ ਇਹ ਵਿਚਾਰ ਲੱਗਿਆ ਹੋਇਆ ਹੈ। ਇਸ ਲਈ ਪਬਲਿਕ ਯੂਨੀਵਰਸਿਟੀ ਲਈ ਸੰਘਰਸ਼ ਇਸ ਗੱਲ ਲਈ ਵੀ ਸੰਘਰਸ਼ ਹੈ ਕਿ ਕੀ ਸਾਡੇ ਕੋਲ ਅਜਿਹੀਆਂ ਥਾਵਾਂ ਕਾਇਮ ਰਹਿਣਗੀਆਂ, ਜਿੱਥੇ ਇਕੱਠੇ ਜੀਉਣ ਦੇ ਹੋਰ ਢੰਗਾਂ ਨੂੰ ਇੰਨਾ ਹਕੀਕੀ ਰੂਪ ਦਿੱਤਾ ਜਾ ਸਕੇ ਕਿ ਕਿਸੇ ਹੋਰ ਥਾਂ ਵੀ ਉਨ੍ਹਾਂ ਦੀ ਕਲਪਨਾ ਕਰਨਾ ਸੰਭਵ ਹੋ ਜਾਵੇ।
