ਭਾਜਪਾ ਵਲੋਂ ਵੰਦੇ ਮਾਤਰਮ ਦੇ ਮੁੱਦੇ ‘ਤੇ ਕਾਂਗਰਸ ਖ਼ਿਲਾਫ਼ ਮਤਾ ਪਾਸ

ਨਵੀਂ ਦਿੱਲੀ:ਵੰਦੇ ਮਾਤਰਮ ਦੇ ਮੁੱਦੇ ‘ਤੇ ਸਿਆਸੀ ਘਮਸਾਣ ਮੱਚ ਗਿਆ ਹੈ। ਭਾਜਪਾ ਨੇ ਮਤਾ ਪਾਸ ਕਰ ਕੇ ਕਾਂਗਰਸ ਵਰਕਿੰਗ ਕਮੇਟੀ ਵੱਲੋਂ ਕੌਮੀ ਗੀਤ ਵੰਦੇ ਮਾਤਰਮ ਦੇ ਸਿਰਫ਼ ਦੋ ਪੈਰੇ ਗਾਉਣ ਦੇ ਫ਼ੈਸਲੇ ਦੀ ਜ਼ੋਰਦਾਰ ਨਿੰਦਾ ਕੀਤੀ ਹੈ।

ਭਾਜਪਾ ਨੇ ਸਪੱਸ਼ਟ ਕੀਤਾ ਕਿ ਪੂਰਾ ਗੀਤ ਮੁਲਕ ਦੀ ਕੌਮੀ ਚੇਤਨਾ ਦਾ ਪ੍ਰਤੀਕ ਹੈ ਅਤੇ ਸੰਸਦ ਵੱਲੋਂ ਪਾਸ ਕਾਨੂੰਨ ਅਨੁਸਾਰ ਇਸ ਨੂੰ ਕੌਮੀ ਗਾਣ ਦੇ ਬਰਾਬਰ ਦਰਜਾ ਹਾਸਲ ਹੈ। ਪਾਰਟੀ ਨੇ ਸਪੱਸ਼ਟ ਕੀਤਾ ਕਿ । ਸਿਆਸੀ ਸਹੂਲਤ ਜਾਂ ਤੁਸ਼ਟੀਕਰਨ ਲਈ ਰਾਸ਼ਟਰੀ ਗੀਤ ਦੇ ਸਨਮਾਨ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਰਟੀ ਕਾਂਗਰਸ ਵਰਕਿੰਗ ਕਮੇਟੀ ਵੱਲੋਂ 1937 ਦੇ ਮਤੇ ਨੂੰ ਦੁਹਰਾਉਣ ਅਤੇ ਆਪਣੇ ਪ੍ਰੋਗਰਾਮਾਂ ‘ਚ ਵੰਦੇ ਮਾਤਰਮ ਨੂੰ ਸਿਰਫ਼ ਦੋ ਪੈਰਿਆਂ ਤੱਕ ਸੀਮਤ ਕਰਨ ਦੇ ਫ਼ੈਸਲੇ ਦਾ ਬਿਨਾਂ ਸ਼ਰਤ ਵਿਰੋਧ ਕਰਦੀ ਹੈ। ਮਤੇ ‘ਚ ਕਿਹਾ ਗਿਆ ਹੈ ਕਿ ਵੰਦੇ ਮਾਤਰਮ ਭਾਰਤ ਮਾਤਾ ਪ੍ਰਤੀ ਆਸਥਾ, ਆਜ਼ਾਦੀ ਦੇ ਸੰਗਰਾਮ ਦਾ ਮੰਤਰ ਅਤੇ ਮੁਲਕ ਦੀ ਅਖੰਡਤਾ ਦਾ ਅਮਰ ਪ੍ਰਤੀਕ ਹੈ। ਭਾਜਪਾ ਵੱਲੋਂ ਪਾਸ ਕੀਤੇ ਗਏ ਮਤੇ ‘ਚ ਸੰਵਿਧਾਨਕ ਅਤੇ ਕਿਹਾ ਗਿਆ ਕਿ ਕਾਂਗਰਸ ਵਰਕਿੰਗ ਕਮੇਟੀ ਦਾ ਕੋਈ ਵੀ ਮਤਾ ਭਾਰਤ ਦੇ ਸੰਵਿਧਾਨਕ ਅਦਾਰਿਆਂ ਜਾਂ ਸੰਸਦ ਦੁਆਰਾ ਬਣਾਏ ਕਾਨੂੰਨਾਂ ਤੋਂ ਉਪਰ ਨਹੀਂ ਹੋ ਸਕਦਾ। ਪਾਰਟੀ ਨੇ ਦੋਸ਼ ਲਾਇਆ ਕਿ ਕਾਂਗਰਸ ਵੋਟ ਬੈਂਕ ਅਤੇ ਫਿਰਕੂ ਤੁਸ਼ਟੀਕਰਨ ਦੀ ਸਿਆਸਤ ਤਹਿਤ ਕੌਮੀ ਗੀਤ ਦੇ ਵਜੂਦ ਨਾਲ ਸਮਝੌਤਾ ਕਰ ਰਹੀ ਹੈ ਜੋ ਸ਼ਹੀਦਾਂ ਦਾ ਅਪਮਾਨ ਹੈ। ਮਤੇ ਅਨੁਸਾਰ ਭਾਜਪਾ ਵਰਕਰ ਪੂਰੇ ਮੁਲਕ ‘ਚ ਵਿਸ਼ੇਸ਼ ਮੁਹਿੰਮ ਚਲਾਉਣਗੇ, ਜਿਸ ਰਾਹੀਂ ਵੰਦੇ ਮਾਤਰਮ ਦੇ ਇਤਿਹਾਸ, ਮਹੱਤਵ ਅਤੇ ਇਸ ਦੇ ਛੇ ਪੈਰਿਆਂ ਦਾ ਘਰ-ਘਰ ਜਾ ਕੇ ਪ੍ਰਚਾਰ ਕੀਤਾ ਜਾਵੇਗਾ। ਪਾਰਟੀ ਨੇ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਗੀਤ ਦੇ ਪਿੱਛੇ ਦਿੱਤੀਆਂ ਗਈਆਂ ਕੁਰਬਾਨੀਆਂ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ। ਨਿਤਿਨ ਨਬੀਨ ਨੇ ਕਿਹਾ, ‘ਜਿਸ ਵੰਦੇ ਮਾਤਰਮ ਨੇ 1947 ‘ਚ ਆਜ਼ਾਦੀ ਦਾ ਨਾਅਰਾ ਬੁਲੰਦ ਕੀਤਾ ਸੀ, ਉਹੀ ਗੀਤ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ‘ਵਿਕਸਿਤ ਭਾਰਤ 2047’ ਦੇ ਸੰਕਲਪ ਨੂੰ ਪੂਰਾ ਕਰਨ ਲਈ ਮੁਲਕ ਭਰ ‘ਚ ਗੂੰਜੇਗਾ। ਕੌਮੀ ਵਿਰਾਸਤ ਨੂੰ ਸਿਆਸੀ ਲਾਹੇ ਜਾਂ ਵੋਟ ਬੈਂਕ ਦੇ ਸਮੀਕਰਨਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ ਹੈ।“ ਇਸ ਦੌਰਾਨ ਭਾਜਪਾ ਦੇ ਕੌਮੀ ਤਰਜਮਾਨ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸੰਸਦ ਦੇਸ਼ ਦੇ ਸਰਵਉੱਚ ਲੋਕਤੰਤਰ ਦਾ ਮੰਦਰ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਸੰਸਦ ਵੱਡੀ ਹੈ ਜਾਂ ਕਾਂਗਰਸ ਵਰਕਿੰਗ ਕਮੇਟੀ ਹੈ ਜਿਸ ਨੇ ਵੰਦੇ ਮਾਤਰਮ ਦੇ ਵਿਰੋਧ ‘ਚ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ਕਿਸੇ ਪਾਰਟੀ ਦੇ ਦਫ਼ਤਰ ‘ਚ ਹੋਏ ਫ਼ੈਸਲਿਆਂ ਨਾਲ ਨਹੀਂ ਸਗੋਂ ਸੰਸਦ ਦੇ ਫ਼ੈਸਲਿਆਂ ਨਾਲ ਚੱਲੇਗਾ। ਕੋਈ ਵੀ ਪਰਿਵਾਰ, ਵਿਅਕਤੀ ਜਾਂ ਪਾਰਟੀ ਮੁਲਕ ਦੇ ਸੰਵਿਧਾਨ ਅਤੇ ਕਾਨੂੰਨ ਤੋਂ ਉਪਰ ਨਹੀਂ ਹੈ। ਉਨ੍ਹਾਂ ਕਾਂਗਰਸ ‘ਤੇ ਵੰਦੇ ਮਾਤਰਮ ਬਾਰੇ ਸਿਆਸੀ ਲਾਹੇ ਲਈ ਵਿਵਾਦ ਪੈਦਾ ਕਰਨ ਦਾ ਦੋਸ਼ ਲਾਇਆ ਅਤੇ ਸਪੱਸ਼ਟ ਕੀਤਾ ਕਿ ਭਾਜਪਾ ਰਾਸ਼ਟਰੀ ਗੀਤ ਦੇ ਗਾਇਨ ‘ਚ ਕਿਸੇ ਵੀ ਰੁਕਾਵਟ ਨੂੰ ਬਰਦਾਸ਼ਤ ਨਹੀਂ ਕਰੇਗੀ।