ਕੈਨੇਡਾ-ਅਮਰੀਕਾ ਵਪਾਰਕ ਸਮਝੌਤਾ ਟੁੱਟਿਆ

ਵੈਨਕੂਵਰ:ਕੈਨੇਡਾ ਅਤੇ ਅਮਰੀਕਾ ਵਿਚਾਲੇ ਵਪਾਰਕ ਸਮਝੌਤੇ ਨੂੰ ਨਵਿਆਉਣ ਲਈ ਪਿਛਲੇ ਦੋ ਹਫ਼ਤਿਆਂ ਤੋਂ ਚੱਲ ਰਹੀ ਗੱਲਬਾਤ ਐਨ ਆਖ਼ਰੀ ਮੌਕੇ ‘ਤੇ ਟੁੱਟ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵਿਚਾਰ- ਵਟਾਂਦਰੇ ਲਈ ਭੇਜੀ ਉੱਚ-ਪੱਧਰੀ ਟੀਮ ਨੂੰ ਵਾਪਸ ਸੱਦ ਲਿਆ ਹੈ।

ਉਨ੍ਹਾਂ ਐਲਾਨ ਕੀਤਾ ਕਿ ਹੁਣ ਅਮਰੀਕਾ ਨਾਲ ਡਾਲਰ ਦਾ ਹਿਸਾਬ ਕਰ ਕੇ ਵਪਾਰ ਅੱਗੇ ਵਧਾਇਆ ਜਾਵੇਗਾ ਅਤੇ ਅਮਰੀਕੀ ਸ਼ਰਤਾਂ ਅਧੀਨ ਕੋਈ ਗੱਲ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਅੱਧੀ ਰਾਤ ਤੋਂ ਅਮਰੀਕਾ ਵੱਲੋਂ ਲਾਏ ਜਾਣ ਵਾਲੇ 50 ਫ਼ੀਸਦੀ ਟੈਰਿਫ ਦਾ ਡਟ ਕੇ ਸਾਹਮਣਾ ਕੀਤਾ ਜਾਵੇਗਾ। ਕਾਰਨੀ ਨੇ ਕਿਹਾ ਕਿ ਕੈਨੇਡਾ 8 ਸਤੰਬਰ ਤੋਂ ਅਮਰੀਕੀ ਵਸਤਾਂ ‘ਤੇ ਜਵਾਬੀ ਟੈਰਿਫ ਲਗਾਏਗਾ। ਕੁਝ ਸਾਲ ਪਹਿਲਾਂ ਹੋਏ ਵਪਾਰ ਸਮਝੌਤੇ ਦੀ ਮਿਆਦ ਬੀਤੇ ਮੰਗਲਵਾਰ ਤੱਕ ਸੀ, ਜਿਸ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਨੇ ਤਿੰਨ ਦਿਨ ਲਈ ਵਧਾਉਂਦਿਆਂ ਸਮਝੌਤਾ ਹੋਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਕੈਨੇਡਾ ਨੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਮਰੀਕੀ ਸ਼ਰਾਬ ਦੀ ਵਿਕਰੀ ਸ਼ੁਰੂ ਕਰਨ ਦੇ ਹੁਕਮ ਵੀ ਦਿੱਤੇ ਸਨ ਪਰ ਦੇਰ ਸ਼ਾਮ ਸਾਰੀਆਂ ਉਮੀਦਾਂ ਟੁੱਟ ਗਈਆਂ। ਕਾਰਨੀ ਨੇ ਸਪੱਸ਼ਟ ਕੀਤਾ ਕਿ ਉਹ ਪਿਛਲੇ ਡੇਢ ਸਾਲ ਤੋਂ ਵਿਗੜੇ ਸਬੰਧ ਸੁਧਾਰਨਾ ਚਾਹੁੰਦੇ ਸਨ ਪਰ ਉਹ ਅਮਰੀਕਾ ਦੀ ਹਰ ਸ਼ਰਤ ਅੱਗੇ ਗੋਡੇ ਨਹੀਂ ਟੇਕ ਸਕਦੇ। 28 ਅਰਬ ਡਾਲਰ ਦੇ ਵਪਾਰ ਨੂੰ ਹੋਰ ਮੁਲਕਾਂ ਤੱਕਫੈਲਾ ਕੇ ਕੈਨੇਡਾ ਦੀ ਸਨਅਤ ਅਤੇ ਕਾਮਿਆਂ ਦੀ ਬਾਂਹ ਫੜੀ ਜਾਵੇਗੀ।
ਬਿਆਨ ‘ਚ ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਐਨ ਮੌਕੇ ਪੇਸ਼ ਕੀਤੀਆਂ ਗਈਆਂ ਸੋਧਾਂ ਆਰਥਿਕ ਤੌਰ ‘ਤੇ ਕੈਨੇਡਾ ਲਈ ਨੁਕਸਾਨਦੇਹ ਅਤੇ ਸਮਝੌਤੇ ਦੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਲਾਉਣ ਵਾਲੀਆਂ ਸਨ। ਅਰਥਸ਼ਾਸਤਰੀ ਹੋਣ ਦੇ ਨਾਤੇ ਉਨ੍ਹਾਂ ਮੰਨਿਆ ਕਿ ਹਾਲੀਆ ਆਰਥਿਕ ਤਰੱਕੀ ਨਾਕਾਫ਼ੀ ਸੀ ਪਰ ਸਰਕਾਰ ਅਮਰੀਕੀ ਬਾਜ਼ਾਰ ਤੱਕ ਪਹੁੰਚ ਬਰਕਰਾਰ ਰੱਖਣਾ ਚਾਹੁੰਦੀ ਸੀ।।