ਮਲਵਿੰਦਰ
ਉਂਕਾਰਪ੍ਰੀਤ ਦੋ ਗ਼ਜ਼ਲ ਸੰਗ੍ਰਹਿ, ਤਿੰਨ ਨਾਟਕ ਅਤੇ ਇੱਕ ਕਾਵਿ-ਸੰਗ੍ਰਹਿ ਤੋਂ ਬਾਅਦ ਵਾਰਤਕ ਦੀ ਪੁਸਤਕ ‘ਕਣ-ਕਣ ਕਥਾ’ ਨਾਲ਼ ਹਾਜ਼ਰ ਹੈ। ਇਹ ਵੱਖਰੀ ਵਾਰਤਕ ਹੈ। ਉਪਰੀ ਨਜ਼ਰੇ ਇਹ ਕੁਝ ਕਾਵਿ-ਸੰਗ੍ਰਹਿਆਂ ਦੇ ਰਿਵੀਊ ਹਨ।
ਪਰ ਨੀਝ ਨਾਲ਼ ਪੜ੍ਹਿਆਂ ਇਸ ਵਿਚੋਂ ਬੜਾ ਕੁਝ ਲੱਭਦਾ ਹੈ। ਕਾਵਿ-ਸੰਗ੍ਰਹਿਆਂ ਦੀ ਚੋਣ ਤੁਹਾਡੇ ਅੰਦਰ ਜਗਿਆਸਾ ਜਗਾਉਂਦੀ ਹੈ। ਇੱਕ ਪਾਤਰ ‘ਬਾਬਾ ਮਿੱਪਲ’ ਇਸ ਜਗਿਆਸਾ ਨੂੰ ਦਾਰਸ਼ਨਿਕ ਬਣਾਉਂਦਾ ਹੈ। ਬਾਬਾ ਮਿੱਪਲ ਉਂਕਾਰਪ੍ਰੀਤ ਦੇ ਅੰਦਰ ਪਈ ਜਗਿਆਸਾ ਦੀ ਦਾਰਸ਼ਨਿਕਤਾ ਹੈ। ਲੇਖਕ ਦਾ ਬਾਬਾ ਮਿੱਪਲ ਨਾਲ਼ ਰਚਾਇਆ ਸੰਵਾਦ ਕਾਵਿ-ਸਮੀਖਿਆ ਦੀ ਨਵੀਂ ਵਿਧਾ ਨੂੰ ਉਜਾਗਰ ਕਰਦਾ ਹੈ। ਇਹ ਸੰਵਾਦ ਦਾਰਸ਼ਨਿਕ ਹੈ, ਕਾਵਿਕ ਹੈ, ਰਹੱਸ ਸਿਰਜਦਾ ਹੈ ਤੇ ਫਿਰ ਆਪ ਹੀ ਰਹੱਸ ਖੋਲਦਾ ਹੈ। ਲੱਗਦੈ ਜਿਵੇਂ ਕਵਿਤਾ ਦੀਆਂ ਗੰਢਾਂ ਖੋਲ੍ਹ ਰਿਹਾ ਹੋਵੇ। ਇਸ ਸੰਵਾਦ ਵਿਚ ਬਹੁਤ ਸਾਰੇ ਸਵਾਲ ਹਨ। ਸਵਾਲ ਜਗਿਆਸਾ ਜਗਾਉਂਦੇ ਹਨ। ਵਰਤਾਰੇ ਦੀ ਹਰ ਸ਼ੈਅ ਵਿਚ ਕਵਿਤਾ ਸ਼ਾਮਲ ਹੋ ਜਾਂਦੀ ਹੈ। ਕਵਿਤਾਵਾਂ ਉਸ ਦੇ ਅੰਦਰੋਂ ਬੋਲਦੀਆਂ ਹਨ। ਇਸ ਵਿਧਾ ਵਿਚ ਸੰਵਾਦੀ ਬਿਰਤਾਂਤ ਕਾਵਿਕ ਹੋ ਜਾਂਦਾ ਹੈ। ਕਾਵਿਕਤਾ ਪਾਠਕ ਦੇ ਹਿਰਦੇ ਨੂੰ ਨੇੜਿਉਂ ਟੁੰਭਦੀ ਹੈ। ਇਹ ਸੰਵਾਦੀ ਬਿਰਤਾਂਤ ਕਵੀ ਅਤੇ ਕਵਿਤਾ ਦੀ ਸਾਂਝੀ ਗੱਲ ਕਰਦਾ ਹੈ। ਇਸ ਸਾਂਝ ਵਿਚੋਂ ਜਿਸ ਸਮੀਖਿਆ ਦਾ ਜਨਮ ਹੁੰਦਾ ਹੈ, ਉਹ ਨਿਰਸੰਦੇਹ ਨਾ ਪੇਤਲੀ ਆਲੋਚਨਾ ਹੈ ਤੇ ਨਾ ਹੀ ਜਟਿਲ ਭਾਸ਼ਾ ਸਿਰਜਦਾ ਅਕਾਊ ਬਿਰਤਾਂਤ ਹੈ। ਕਿਉਂਕਿ ਗੱਲ ਕਵਿਤਾ ਦੀ ਹੋ ਰਹੀ ਹੈ ਅਤੇ ਕਾਵਿਕ ਭਾਸ਼ਾ ਵਿਚ ਹੋ ਰਹੀ ਹੈ, ਇਸ ਲਈ ਪਾਠਕ ਦੀ ਦਿਲਚਸਪੀ ਬਣੀ ਰਹਿੰਦੀ ਹੈ। ਸੰਵਾਦ ਵਿਚ ਭਰੇ ਹੁੰਗਾਰੇ ਪਾਠਕ ਨੂੰ ਵਾਹ ਕਹਿਣ ਲਈ ਮਜਬੂਰ ਕਰਦੇ ਹਨ।
ਗੱਲ ਜੇ ਇਸ ਕਿਤਾਬ ਵਿਚ ਸ਼ਾਮਲ ਸ਼ਾਇਰਾਂ ਤੇ ਕਿਤਾਬਾਂ ਦੀ ਕਰਨੀ ਹੋਵੇ ਤਾਂ ਚੌਦਾਂ ਕਵੀਆਂ ਦੀ ਸ਼ਾਇਰੀ ਦਾ ਜ਼ਿਕਰ ਉਨ੍ਹਾਂ ਦੀਆਂ ਕਿਤਾਬਾਂ ਦੇ ਹਵਾਲੇ ਨਾਲ਼ ਕੀਤਾ ਗਿਆ ਹੈ। ਡਾ. ਹਰਭਜਨ ਸਿੰਘ, ਸਾਧੂ ਬਿਨਿੰਗ, ਉਲਫ਼ਤ ਬਾਜਵਾ, ਇਕਬਾਲ ਰਾਮੂਵਾਲੀਆ, ਦਲਜੀਤ ਮੋਖਾ, ਦੇਵਿੰਦਰ ਸਤਿਆਰਥੀ, ਡਾ. ਜਗਤਾਰ, ਰਵਿੰਦਰ ਸਹਿਰਾਅ, ਪ੍ਰਤੀਕ, ਸੁਰਜੀਤ ਪਾਤਰ, ਨਵਤੇਜ ਭਾਰਤੀ, ਪਾਸ਼, ਸਮੇਤ ਚੌਦਾਂ ਸ਼ਾਇਰਾਂ ਦੀ ਚੋਣ ਉਂਕਾਰਪ੍ਰੀਤ ਦੀ ਕਾਵਿਕ ਸੂਝ ਦੀ ਗਵਾਹੀ ਭਰਦੀ ਹੈ। ਨਿਰਸੰਦੇਹ ਇਹ ਪੰਜਾਬੀ ਕਵਿਤਾ ਵਿਚ ਵੱਡੇ ਨਾਂ ਹਨ। ਇਨ੍ਹਾਂ ਨਾਵਾਂ ਦੇ ਕ੍ਰਮ ਵਿਚ ਪਹਿਲਾ ਨਾਂ ਸੁਰਿੰਦਰ ਸੋਹਲ ਦਾ ਹੈ ਤੇ ਕਿਤਾਬ ਹੈ ‘ਖੰਡਰ, ਖ਼ਾਮੋਸ਼ੀ ਤੇ ਰਾਤ’। ਗੱਲ ਸ਼ੁਰੂ ਕਰਨ ਲੱਗਿਆਂ ਉਹ ਪਹਿਲਾਂ ਕੁਦਰਤ ਨੂੰ ਵਿਚ ਸ਼ਾਮਲ ਕਰਦਾ ਹੈ: ‘ਖਿੜਕੀ ਤੋਂ ਬਾਹਰ ਤੱਕਦਾਂ। ਪਤਝੜ ਅੰਤਲੇ ਸਾਹਾਂ ‘ਤੇ। ਰੁੰਡ ਮਰੁੰਡ ਰੁੱਖ ਖਲੋਤੇ ਚੁੱਪ ਚਾਪ। ਵਿਛੜੇ ਪੱਤਿਆਂ ਦਾ ਭੂਰਾ ਭੂਰਾ ਦਰਦ। ਫੁੱਲ-ਹੀਣ ਫ਼ਿਜ਼ਾ। ਹੁਣੇ ਪੜ੍ਹਿਆ ਸ਼ਿਅਰ ਅੰਦਰੋਂ ਬੋਲਿਆ;
ਖਿੜਦਿਆਂ ਹੀ ਪੱਤੀ ਪੱਤੀ ਕਰਕੇ ਝਾੜੇ ਏਸ ਨੇ
ਮਨਚਲੀ ਪਤਝੜ ਨੇ ਫੁੱਲਾਂ ਦੀ ਚਲਾਈ ਫੁੱਲਝੜੀ ( ਪੰ;11)
ਮਿਪਲ ਬਾਬੇ ਨਾਲ਼ ਇਸ ਸੰਵਾਦ ਵਿਚ ਵਿਸ਼ਵ ਦੇ ਹੋਰ ਕਵੀ ਵੀ ਸ਼ਾਮਲ ਹੋ ਜਾਂਦੇ ਹਨ ਜਦੋਂ ਬਾਬਾ ਮਿਪਲ ਪੁੱਛਦਾ ਹੈ, ‘ਵਰਡਸਵਰਥ ਕਵੀ ਨੂੰ ਪੜ੍ਹਿਆ ਤੂੰ? ਇਸ ਸੰਵਾਦ ਵਿਚ ਕਵਿਤਾ ਤੁਹਾਡੇ ਨਾਲ਼ ਤੁਰਦੀ ਹੈ, ਤੁਹਾਡੇ ਅੰਦਰ। ਇੰਝ ਤੁਸੀਂ ਇਸ ਕਿਤਾਬ ਨੂੰ ਪੜ੍ਹਦਿਆਂ ਕਵਿਤਾ ਹੀ ਪੜ੍ਹ ਰਹੇ ਹੁੰਦੇ ਓ। ਕਵਿਤਾ ਦੀਆਂ ਗੱਲਾਂ ਕਰਦਿਆਂ ਕਵਿਤਾਵਾਂ ਵੀ ਪੜ੍ਹੀਆਂ ਜਾਂਦੀਆਂ ਹਨ ਤੇ ਸਮੀਖਿਆ ਵੀ ਹੋਈ ਜਾਂਦੀ ਹੈ। ਕਿਸੇ ਸ਼ਾਇਰ ਦਾ ਸ਼ੇਅਰ ਪੜ੍ਹਦਿਆਂ ਕਿਸੇ ਹੋਰ ਸ਼ਾਇਰ ਦਾ ਸ਼ੇਅਰ ਚੇਤੇ ਆ ਜਾਣਾ ਸਿਰਜਣਾ ਦੇ ਬਹਾਨੇ ਵਿਚਾਰਾਂ ਦੀ ਸਾਂਝ ਸਿਰਜਦਾ ਹੈ। ਜਿਹੜੀ ਕਵਿਤਾ ਕੁਦਰਤ ਦੇ ਹਾਣ ਦੀ ਹੋ ਜਾਵੇ, ਉਸਦੀ ਪ੍ਰਸ਼ੰਸਾ ਦੀ ਲੋੜ ਨਹੀਂ ਰਹਿੰਦੀ ਕਿਉਂਕਿ ਉਸਨੂੰ ਕੁਦਰਤ ਦਾ ਥਾਪੜਾ ਮਿਲ ਗਿਆ ਹੁੰਦਾ ਹੈ।
ਸਾਧੂ ਬਨਿੰਗ ਦੀ ਕਿਤਾਬ ‘ਯਾਰ ਮੇਰਾ ਦਰਿਆ’ ਪੜ੍ਹਦਿਆਂ ਦਰਿਆਵਾਂ ਬਾਰੇ ਲਿਖੀ ਆਗੀ ਲੈਗਸਟਨ ਹਿਊਸ ਦੀ ਕਵਿਤਾ ‘ਦਾ ਨੀਗਰੋ ਸਪੀਕਸ ਔਫ ਰਿਵਰਜ਼’ ਪੋਲੇ ਪੈਰੀਂ ਵਿਚ ਆ ਜਾਂਦੀ ਹੈ। ਪਰ ਆਪਾਂ ਸਾਧੂ ਬਨਿੰਗ ਦੀ ਦਰਿਆ ਨਾਲ਼ ਗੱਲਾਂ ਕਰਦੇ ਦੀ ਕਵਿਤਾ ਪੜ੍ਹਦੇ ਹਾਂ;
ਤੇਰੇ ਕੰਢੇ ਬੈਠੇ ਏਨੇ ਮਛੇਰੇ/ਉਹਨਾਂ ਨਾਲ਼ ਕਿਉਂ ਨਹੀਂ ਕਰਦਾ ਗੱਲਾਂ
ਮਛੇਰਿਆਂ ਵੱਲ ਵੇਖਦਿਆਂ/ਦਰਿਆ ਮੁਸਕਰਾ ਕੇ ਕਹੇ
ਉਹਨਾਂ ਦੀ ਸੁਤਾ ਮੇਰੀਆਂ ਮੱਛੀਆਂ ‘ਚ ਹੈ/ ਗੱਲਾਂ ਮੈਂ ਸਿਰਫ਼ ਦੋਸਤਾਂ ਨਾਲ਼ ਕਰਦਾ ਹਾਂ
ਇਸ ਪੁਸਤਕ ਵਿਚ ਘਰ ਬਾਰੇ ਸਤਾਰਾਂ ਨਜ਼ਮਾਂ ਹਨ। ਇੱਕ ਨਜ਼ਮ ਦੀਆਂ ਕੁਝ ਸਤਰਾਂ ਹਨ;
ਘਰਾਂ ‘ਚ ਰਹਿੰਦਿਆਂ ਅੱਜ-ਕੱਲ
ਲਾਜਵਾਬ ਸਵਾਲ ਉੱਗਦੇ ਹਨ
ਘਰ ਕੀ ਹੁੰਦਾ ਹੈ, ਕਿੱਥੇ ਹੁੰਦਾ ਹੈ, ਕਿੱਦਾਂ ਬਣਦਾ ਹੈ?
ਇੰਝ ਇੱਕ ਨਜ਼ਮ ਹੈ ‘ਚੁੱਪ’। ਚੁੱਪ ਨੂੰ ਸੁਣਨਾ ਸਿੱਖ। ਕਵਿਤਾ ‘ਯਾਰ ਮੇਰਾ ਦਰਿਆ’ ਵਿਚ ਕੁਦਰਤ ਫਿਰ ਦਸਤਕ ਦਿੰਦੀ ਹੈ;
ਕਵਿਤਾ ਹੁੰਦੀ ਹੈ
ਪੱਤਿਆਂ ‘ਤੇ ਹੁੰਦੇ ਹਵਾ ਦੇ ਨਾਚ ਨੂੰ
ਪਾਣੀ ਵਿਚ ਵਗਦੇ ਸੰਗੀਤ ਨੂੰ
ਸ਼ਬਦਾਂ ਵਿਚ ਪਰੋਣ ਲਈ
ਮਨ ਅੰਦਰ ਝਾਤੀ ਪਾਉਣ ਲਈ
ਸੱਜਣਾ ਨਾਲ਼ ਬਾਤਾਂ ਪਾਉਣ ਲਈ
ਇੰਝ ਉਂਕਾਰ ਕਵਿਤਾਵਾਂ ਦੇ ਹਵਾਲੇ ਦੇਣ ਲੱਗਿਆਂ ਵੀ ਆਪਣੀ ਸੂਖ਼ਮ ਸੂਝ ਦਾ ਕੁਦਰਤ ਪ੍ਰੇਮ ਤਿਆਗਦਾ ਨਹੀਂ।
ਹੁਣ ਗੱਲ ਭਾਵੇਂ ਹਰਿਭਜਨ ਸਿੰਘ ਦੀ ‘ਰੁੱਖ ਤੇ ਰਿਸ਼ੀ’ ਦੀ ਤੋਰ ਲਵੋ ਜਾਂ ਫਿਰ ਉਲਫ਼ਤ ਬਾਜਵਾ ਦੀ ‘ਸਾਰਾ ਜਹਾਨ ਮੇਰਾ’ ਤੇ ਹੋਰ ਸ਼ਾਇਰਾਂ ਦੀ, ਮੇਰੀ ਮੁਸ਼ਕਲ ਇਹ ਹੈ ਕਿ ਮੈਂ ਇਨ੍ਹਾਂ ਦੀਆਂ ਕਵਿਤਾਵਾਂ, ਗ਼ਜ਼ਲਾਂ ਦੀ ਗੱਲ ਕਰਾਂ ਜਾਂ ਬਾਬਾ ਮਿੱਪਲ ਦੇ ਉਂਕਾਰਪ੍ਰੀਤ ਨਾਲ਼ ਰਚਾਏ ਸੰਵਾਦ ਦੀ ਜਾਂ ਉਸ ਨਿਰਖ-ਪਰਖ ਦੀ ਜਿਹੜੀ ਉਂਕਾਰ ਨੇ ਕੀਤੀ ਹੈ? ਮਤਲਬ ਮੈਂ ਕੌਣ ਹਾਂ, ਕਿੱਥੇ ਖੜਾ ਹਾਂ ਤੇ ਕੀ ਕਹਿਣਾ ਚਾਹੁੰਦਾ ਹਾਂ? ਇਹੋ ਇਸ ਪੁਸਤਕ ਦੀ ਵਡੱਤਣ ਹੈ ਕਿ ਇਹ ਸਵਾਲ ਪੈਦਾ ਕਰਦੀ ਹੈ। ਇਨ੍ਹਾਂ ਸਵਾਲਾਂ ਦੇ ਰੂਬਰੂ ਉਂਕਾਰਪ੍ਰੀਤ ਵੀ ਹੁੰਦਾ ਹੈ। ‘ਰੁੱਖ ਤੇ ਰਿਸ਼ੀ’ ਪੜ੍ਹਦਿਆਂ ਉਹ ਲਿਖਦਾ ਹੈ, ‘ਰਿਸ਼ੀ ਕੌਣ ਹੁੰਦੇ’? ‘ਰੁੱਖ ਕੌਣ ਹੁੰਦੇ’? ਇੰਝ ਹੀ ਇਕਬਾਲ ਰਾਮੂਵਾਲੀਆ ਨੂੰ ਪੜ੍ਹਦਿਆਂ ਸਵਾਲ ਆਉਂਦੇ ਹਨ ‘ਕਵਿਤਾ ਕਿਵੇਂ ਲਿਖਦੀ? ਕੌਣ ਕਾਗਜ਼? ਕਲਮ ਕੌਣ? ਸਿਆਹੀ ਕੀ? ਅੱਖਰ ਕਿਹੜੇ? ਪੁਸਤਕ ਦੇ ਪੰਨੇ ਪਲਟਦਿਆਂ ਸਵਾਲ ਵੀ ਛਾਲਾਂ ਮਾਰਦੇ। ਤੇ ਉਂਕਾਰ ਫਿਰ ਇੱਕ ਕਵਿਤਾ ਦੇ ਹਵਾਲੇ ਨਾਲ਼ ਉਹ ਜਵਾਬ ਘੜਦਾ ਹੈ:
ਰਿਸ਼ੀ ਦਾ ਮੇਲ ਹੈ ਨਿਰੀ ਸੰਭਾਵਨਾ, ਪਸ਼ੂ ਤੋਂ ਦਿਓਤੇ ਤੱਕ ਫੈਲੇ ਦੇਸ਼ ਵਿਚ
ਜਿਸਮ ਤੋਂ ਰੂਹ ਤੀਕ ਪੈਂਡਾ, ਵਿਚ ਕਿਤੇ ਕੋਈ ਡੁੱਲਾ ਹੋਇਆ ਬੀਜ ਹੈ
ਜੋ ਅਚਨਚੇਤ ਨਿਰੀ ਪੁਰੀ ਖ਼ੁਸ਼ਬੂ ਬਣ ਜਾਂਦਾ, ਨਾ ਫਲ ਨਾ ਫੁੱਲ ਨਾ ਪੱਤਾ। (ਪੰਨਾ 98)
ਬਾਬਾ ਮਿੱਪਲ ਕਹਿੰਦਾ ਕਿ ਹਰਿਭਜਨ ਸਿੰਹੁ ਨੇ ਆਪਣੀ ਕਵਿਤਾ ਵਿਚ ਮਨੁੱਖ ਦੀ ਹਸਤੀ ਨੂੰ ਪ੍ਰਕ੍ਰਿਤੀ ਨਾਲ਼ ਅਭੇਦ ਕਰਕੇ ਉਹਦੇ ਆਰ-ਪਾਰ ਵੇਖਿਆ, ਨਿਰਖਿਆ, ਪਰਖਿਆ ਤੇ ਪੇਸ਼ ਕੀਤੈ। ਮਨੁੱਖ ਦੀ ਹਸਤੀ ਨੂੰ ਅਜਿਹੀ ਅਭੇਦੀ ਤੱਕਣੀ ਨਾਲ਼ ਵੇਖਣ ਆਲ਼ਾ ਕਵੀ ਕਵਿਤਾ ਦੇ ਅੰਗ-ਸੰਗ ਹੀ ਨਹੀਂ ਵਿਚਰਦਾ ਸਗੋਂ ਖ਼ੁਦ ਉਸਦਾ ਅੰਗ ਬਣ ਜਾਂਦਾ। ਇਸ ਤੋਂ ਵੱਧ ਤੁਸੀਂ ਹਰਿਭਜਨ ਸਿੰਘ ਦੀ ਕਵਿਤਾ ਬਾਰੇ ਕੀ ਕਹੋਗੇ? ਤੇ ਆਹ ਉਲਫ਼ਤ ਬਾਜਵਾ ਸਿਰਫ ਕਹਿੰਦਾ ਹੀ ਨਹੀਂ ਕਿ ਸਾਰਾ ਜਹਾਨ ਮੇਰਾ ਸਗੋਂ ਸਮਝਦਾ ਵੀ ਹੈ:
ਨਾ ਇਹ ਸਤਾਨ ਮੇਰਾ ਨਾ ਉਹ ਸਤਾਨ ਮੇਰਾ
ਸਾਰੇ ਜਹਾਨ ਦਾ ਮੈਂ ਸਾਰਾ ਜਹਾਨ ਮੇਰਾ (ਪੰਨਾ 25)
ਸਟੇਟ ਪ੍ਰਤੀ ਉਲਫ਼ਤ ਬਾਜਵਾ ਦੀ ਸੋਚ ਬਾਰੇ ਬਾਬਾ ਮਿੱਪਲ ਨਾਲ਼ ਸੰਵਾਦ ਬਹਾਨੇ ਵਿਸਤਾਰ ਵਿਚ ਚਰਚਾ ਹੁੰਦੀ ਹੈ। ਚਰਚਾ ਕਰਦਿਆਂ ਉਸ ਦੀਆਂ ਗ਼ਜ਼ਲਾਂ ਦੇ ਢੁੱਕਵੇਂ ਹਵਾਲੇ ਦੇਣੇ ਨਹੀਂ ਭੁੱਲਦਾ ਉਂਕਾਰ;
ਮਨਾਂ ‘ਤੇ ਰਾਜ ਨਾ ਤੇਰਾ ਤਨਾਂ ‘ਤੇ ਰਾਜ ਹੈ ਤਾਂ ਕੀ
ਮੇਰੀ ਸਰਕਾਰ ਤੂੰ ਬਿਲਕੁਲ ਨਹੀਂ ਸਰਕਾਰ ਦੇ ਕਾਬਲ (ਪੰਨਾ 57)
ਮੁਲਕਾਂ ਦੇ ਹੱਦਾਂ ਬੰਨੇ ਦਿਲ ਢ੍ਹਾ ਕੇ ਕਰੀਏ ਸਾਫ਼ ਹੁਣ
ਸਾਰਾ ਜਹਾਨ ਅਪਣਾ ਇਕ ਘਰ ਬਣਾਈ ਦੋਸਤੋ। (ਪੰਨਾ 79)
ਉਂਕਾਰਪ੍ਰੀਤ ਕਵਿਤਾਵਾਂ ਦੇ ਹਵਾਲੇ ਤੇ ਫਿਰ ਸਮੀਖਿਆ ਇੰਝ ਕਰਦਾ ਜਿਵੇਂ ਦਾਦੀ, ਨਾਨੀ ਆਪਣੇ ਨਿੱਕੜਿਆਂ ਨੂੰ ਬਾਤ ਸੁਣਾ ਰਹੀ ਹੋਵੇ। ਉਹ ਕਵਿਤਾ ਨੂੰ ਪਰਿਭਾਸ਼ਤ ਵੀ ਏਨੇ ਸਹਿਜ ਨਾਲ਼ ਕਰਦਾ ਕਿ ਤੁਹਾਡੇ ਅੰਦਰ ਸੰਗੀਤ ਗੂੰਜਣ ਲੱਗ ਪੈਂਦਾ:
‘ਕਵਿਤਾ ਦੀ ਰੂਹ ਸੰਗੀਤ ਹੁੰਦਾ। ਸੰਗੀਤ ਹੁੰਦਾ ਸੁਰ ਅਤੇ ਤਾਲ ਦਾ ਸੁਮੇਲ। ਤਦ ਹੀ ਜਦ ਕਵਿਤਾ ਲਿਖਦੀ ਤਾਂ ਉਸਦਾ ਪਹਿਲਾ ਸਰੋਕਾਰ ਸਭ ਕਾਸੇ ‘ਚ ਸੁਰਤਾਲ ਪੈਦਾ ਕਰਨਾ ਹੁੰਦਾ। ਕਵਿਤਾ ਡੂੰਘੇ ਅਰਥਾਂ ‘ਚ ਸੁਰਤਾਲਣ ਹੁੰਦੀ’। ਇਕਬਾਲ ਦੀ ਇੱਕ ਕਵਿਤਾ ਵੀ ਪੜ੍ਹ ਸਕਦੇ ਹਾਂ:
ਉਹ ਮੈਨੂੰ ਅਖਦੀ ਹੈ ਬਸਤਰਾਂ ‘ਚੋਂ ਬਾਹਰ ਆ, ਬਾਲੀ
ਅਲਫ਼ ਨੰਗਾ ਹੋ, ਮੇਰੇ ‘ਚੋਂ ਦੇਖ ਅਪਣਾ ਹਰ ਨਗਨ ਖੂੰਜਾ
ਖੋਲ੍ਹ ਆਪਣੇ ਮਨ ਦੀਆਂ ਦੀਵਾਰ ਕਰੀਆਂ ਤਾਕੀਆਂ
ਵੇਖ ਧੋਤੇ ਵਸਤਰਾਂ ਹੇਠ ਬੁਨੈਣਾ ਪਾਟੀਆਂ
ਪੋਟਿਆਂ ਅੰਦਰ ਛਲਕਦੇ ਸਾਜ਼ ਹੇਏ ਦਾਤੀਆਂ
ਵੈਦ ਕੇਹਰ ਸਿੰਘ ਮੋਤੀ ਦਾ ਨਾਂ ਮੈਂ ਪਹਿਲੀ ਵਾਰ ਪੜ੍ਹ ਸੁਣ ਰਿਹਾ ਹਾਂ। ਵੈਦ ਹੋਰਾਂ ਦੀ ਕਿਤਾਬ ‘ਚਮਕਦੇ ਮੋਤੀ’ ਇਸ ਪੁਸਤਕ ਵਿਚ ਸ਼ਾਮਲ ਕੀਤੀ ਗਈ ਹੈ। ਇਹ ਦੋਹਰਿਆਂ ਦੀ ਕਿਤਾਬ ਹੈ ਯਾਨੀ ਛੰਦਬੱਧ ਕਵਿਤਾ। ਉਂਕਾਰ ਇਸ ਕਿਤਾਬ ਨੂੰ ਲੈ ਕੇ ਬਾਬੇ ਮਿੱਪਲ ਕੋਲ਼ ਨਹੀਂ ਜਾਂਦਾ ਸਗੋਂ ਪਿੰਗਲ ਮੁਨੀ ਦੀ ਕੁਟੀਆ ਦਾ ਰੁਖ ਕਰਦਾ ਹੈ। ਛੰਦ ਸ਼ਸ਼ਤਰ ਦਾ ਰਚੇਤਾ ਮੁਨੀ। ਵੇਖ ਲਓ ਕਵਿਤਾ ਦੀ ਵਿਧਾ ਬਦਲਣ ਨਾਲ਼ ਆਲੋਚਕ ਆਪਣਾ ਡੇਰਾ ਵੀ ਬਦਲ ਲੈਂਦਾ ਹੈ। ਨਵੇਂ ਗੁਰੂ ਦੇ ਲੜ ਜਾ ਲੱਗਦਾ ਹੈ। ਸ਼ੁਰੂ ਲੋਕ ਕਵੀ ਊਧਮ ਸਿੰਘ ਮੌਜੀ ਦੇ ਦੋਹੇ ਨਾਲ਼ ਕਰਦਾ ਹੈ:;
ਮੋਤੀ ਲਿਸ਼ਕਾਂ ਮਾਰਦੇ, ਖੋਲਣ ਗੁੱਝੇ ਭੇਤ
ਰੂਹ ਨੂੰ ਮਿਲ਼ੇ ਤਰੌਤ ਜਿਹੀ, ਹੋਵੇ ਸੁਰਤ ਸੁਚੇਤ।
ਤੇ ਵੈਦ ਕੇਹਰ ਸਿੰਘ ਦਾ ਦੋਹਾ ‘ਮੋਰ ਬਬੀਹੇ ਬੋਲਦੇ, ਕੋਕਲ ਕਰੇ ਪੁਕਾਰ, ਸਾਵਣ ਸੁਹਾਵੇ ਉਸ ਨੂੰ, ਬੁੱਕਲ ਜਿਹਦਾ ਯਾਰ’ ਸੁਣ ਕੇ ਬਾਬਾ ਮਿੱਪਲ ਵੀ ਹਾਜ਼ਰ ਹੋ ਜਾਂਦੈ। ਵੈਦ ਦੀ ਸ਼ਾਇਰੀ ਉਪਰ ਦਾਰਸ਼ਨਿਕ ਗੱਲਾਂ ਹੋਣ ਲੱਗਦੀਆਂ ਹਨ। ਕਾਵਿਕ ਸਫ਼ਰ ਦੀ ਨਿਰੰਤਰਤਾ ਬਣੀ ਰਹਿੰਦੀ ਹੈ।
ਕਵੀ ਤੇ ਕਿਤਾਬ ਕੋਈ ਵੀ ਹੋਵੇ, ਹਰ ਰਚਨਾ ਵਿਚੀਂ ਗੁਜ਼ਰਦਿਆਂ ਉਂਕਾਰ ਉਸ ਰਚਨਾ ਦੀ ਤਹਿ ‘ਚ ਪਏ ਅਰਥਾਂ ਦੀ ਥਾਹ ਪਾ ਹੀ ਲੈਂਦਾ ਹੈ। ਕਦੀ-ਕਦੀ ਤਾਂ ਹੈਰਾਨੀ ਹੁੰਦੀ ਹੈ ਤੇ ਕਵਿਤਾ ਨੂੰ ਬਾਰ-ਬਾਰ ਪੜ੍ਹਨਾ ਪੈਂਦਾ ਹੈ। ਦਲਜੀਤ ਮੋਖਾ ਦੀ ਪੁਸਤਕ ‘ਸਮੁੰਦਰੀ ਹਵਾ’ ਪੜ੍ਹਦਿਆਂ ਮੈਂ ਅਜਿਹੇ ਅਹਿਸਾਸ ਵਿਚੋਂ ਗੁਜ਼ਰਿਆ ਹਾਂ
ਇਸ ਮਿੱਟੀ ਦੀ ਤਾਸੀਰ ਹੈ ਐਸੀ ਕਿ ਰੁੱਖ ਉੱਗ ਜਾਏ ਪਰ ਹਵਾ ਨਹੀਂ
ਫੁੱਲ ਖਿੜ ਜਾਏ ਪਰ ਮਹਿਕ ਨਹੀਂ, ਲਾਅਨ ਪਲਮ ਜਾਏ ਪਰ ਤਿੱਤਲੀ ਨਹੀਂ
ਇਹ ਮਿੱਟੀ ਹੈ ਸਰਾਪੀ , ਕੱਟਦੀ ਹੈ ਬਨਵਾਸ।
ਆਪਣੀ ਟਿੱਪਣੀ ‘ਚ ਉਂਕਾਰ ਕਹਿੰਦਾ ਹੈ ਕਿ ਮੋਖੇ ਦੀ ਕਵਿਤਾ ਵਿਚਲਾ ਸਮੁੰਦਰ ਇਹ ਦਿਸਦਾ ਸੰਸਾਰ ਨਹੀਂ। ਇਹ ‘ਸੰਸਾਰ ਸਮੁੰਦੇ ਤਾਰ ਗੋਵਿੰਦੇ’ ਵਾਲਾ ਸਮੁੰਦ ਨਹੀਂ। ਉਸ ਤੋਂ ਕੀ ਪਾਰਲਾ ਸਮੁੰਦਰ ਹੈ ਜਿਸਦੀ ਹਵਾ ਉਸ ਦੀਆਂ ਕਵਿਤਾਵਾਂ ਵਿਚ ਰੁਮਕਦੀ ਹੈ। ਇਸ ਕਾਵਿ ਵਿਚਲੀ ਸਮੁੰਦਰੀ ਹਵਾ ਜੋ ਸਿਰਜਦੀ, ਸਿਰਜਣਾ ਲੋਚਦੀ, ਉਹ ਕਿਵੇਂ ਵੀ ਦ੍ਰਿਸ਼ਟਾਮਾਨ ਸਿਰਜਣਾ ਨਹੀਂ।
ਦੇਵਿੰਦਰ ਸਤਿਆਰਥੀ ਸਾਈਂ ਲੋਕ ਸਾਰੀ ਉਮਰ ਲੋਕ-ਗੀਤ ਇਕੱਠੇ ਕਰਦਿਆਂ ਲੰਘਾ ਦਿੱਤੀ। ਸਾਹਿਤ ਸਿਰਜਣਾ ਵੀ ਕੀਤੀ ਤੇ ਉਹ ਵੀ ਕਮਾਲ ਦੀ। ਘੋੜਾ ਬਾਦਸ਼ਾਹ ਵਰਗਾ ਕਲਾਸਿਕ ਨਾਵਲ ਲਿਖਿਆ। ਇੱਕ ਉਮਰ ਸਾਹਿਤ ਦੇ ਲੇਖੇ ਲਾ ਦਿੱਤੀ। ਚਾਰ ਭਾਸ਼ਾਵਾਂ ਵਿਚ ਸਾਹਿਤ ਰਚਣ ਵਾਲ਼ੇ ਸਤਿਆਰਥੀ ਦੀ ਬਹੁ-ਚਰਚਿਤ ਕਿਤਾਬ ‘ਗਿੱਧਾ’ ਨੂੰ ਆਪਣੀ ਪੁਸਤਕ ‘ਕਣ-ਕਣ ਕਥਾ’ ਵਿਚ ਸ਼ਾਮਲ ਕਰਕੇ ਵੱਡਾ ਕੰਮ ਕੀਤਾ ਹੈ। ਕੁਝ ਬੋਲੀਆਂ ਪੜ੍ਹਦੇ ਹਾਂ
ਲੈ ਕੇ ਡੋਰੀਆ ਗੰਢੇ ਦੀ ਛਿਲ ਵਰਗਾ,
ਰੋਟੀ ਲੈ ਕੇ ਦਿਉਰ ਦੀ ਚੱਲੀ (ਪੰਨਾ 22)
ਮਾਹੀ ਮੇਰਾ ਚੀਨ ਨੂੰ ਗਿਆ, ਮੈਂ ਧਾਰ ਕੱਢਾਂ ਨਾਲੇ ਰੋਵਾਂ (ਪੰਨਾ 23)
ਗੋਰਾ ਰੰਗ ਡੱਬੀਆਂ ਵਿਚ ਆਇਆ, ਕਾਲਿਆਂ ਨੂੰ ਖਬਰ ਕਰੋ (ਪੰਨਾ 28)
ਡਾ. ਜਗਤਾਰ ਪੰਜਾਬੀ ਸਾਹਿਤ ਵਿਚ ਇੱਕ ਹੋਰ ਵੱਡਾ ਨਾਂ ਹੈ। ਉਸ ਦੀਆਂ ਨਜ਼ਮਾਂ ਦੀ ਪੁਸਤਕ ‘ ਦੁੱਧ ਪਥਰੀ’ ਬਾਰੇ ਲਿਖਣਾ ਇਕ ਹੋਰ ਵੱਡਾ ਕਾਰਜ ਹੈ। ਜਗਤਾਰ ਦੀਆਂ ਗਹਿਰੀਆਂ ਨਜ਼ਮਾਂ ਨੂੰ ਜਿਵੇਂ ਸਰਲ ਸੰਵਾਦੀ ਜੁਗਤ ਨਾਲ਼ ਸਧਾਰਨ ਪਾਠਕ ਦੀ ਸੂਝ ਸਮਝ ਦੇ ਹਾਣ ਦਾ ਬਣਾਇਆ, ਉਹ ਕਮਾਲ ਹੈ। ਇਸੇ ਸੰਵਾਦ ਦੀਆਂ ਕੁਝ ਸਤਰਾਂ ਪੜ੍ਹਦੇ ਹਾਂ;
‘ਜੀਵਨ ਦੀ ਵਿਰਾਟ ਕਵਿਤਾ ਡੂੰਘੇ ਸੰਸਾਰ-ਸਮੁੰਦ ਤਲਾਂ `ਚੋਂ ਕੀ ਦੁੱਧ ਪਥਰੀ ਦਾ ਟੋਟਾ ਲਿਆ ਥਮਾਉਂਦੀ ਜਗਤਾਰ ਵਰਗੇ ਕਵੀ ਦੇ ਹੱਥ। ਜ਼ਿੰਦਗੀ ਦੀਆਂ ਕਾਲਖਾਂ ‘ਤੇ ਉਘੜਨ ਲੱਗਦੀਆਂ ਦੁਧੀਆਂ ਇਬਾਰਤਾਂ। ਜੁਗਨੂੰਆਂ ਦੇ ਕਾਫ਼ਲੇ ਰਵਾਂ ਹੁੰਦੇ ਕਾਲਖ ਦੀ ਚਾਦਰ ਓਹਲੇ ਲੁਕੀ ਸਵੇਰ ਰੌਸ਼ਨ ਕਰਨ। ਤਕੜੀਆਂ ਹੁੰਦੀਆਂ ਲੋਕ ਲਹਿਰਾਂ…ਧੋਅ ਸੁੱਟਦੀਆਂ ਕਾਲਖਾਂ:
ਲੋਕ ਲਹਿਰਾਂ ਅੱਜ ਇੱਕ ਸਾਗਰ ਨੇ ਬਣੀਆਂ,
ਵੇਖ ਪੂਰਬ ਤੋਂ ਨੇ ਪੱਛਮ ਤੀਕ ਤਣੀਆਂ
ਦੀਪ ਬਾਲ਼ੇ ਨੇ ਉਹਨਾਂ ਨੇ ਸੂਝ ਵਾਲ਼ੇ,
ਨੇਰੀਆਂ ਰਾਤਾਂ ਨੇ ਛਣੀਆਂ,
ਇੱਕ ਨਵਾਂ ਸੂਰਜ ਹੈ ਚੜ੍ਹਿਆ।
ਰਵਿੰਦਰ ਸਹਿਰਾਅ ਦੀ ਪੁਸਤਕ ‘ਕਾਗਦ ਕਲਮ ਕਿਤਾਬ’ ਵਿਚ ਚਾਰ ਕਿਤਾਬਾਂ ‘ਅੱਖਰਾਂ ਦੀ ਲੋਅ’, ‘ਰਿਸ਼ਤਾ ਸ਼ਬਦ ਸਲੀਬ ਦਾ’, ‘ਜ਼ਖ਼ਮੀ ਪਲ’ ਅਤੇ ‘ਚੁਰਾਏ ਪਲਾਂ ਦਾ ਹਿਸਾਬ’। ਉਂਕਾਰ ਦੇ ਕਲਾਵੇ ‘ਚ ਚਾਰੇ ਆ ਗਈਆਂ। ਕਲਾਵਾ ਸਿਰਫ ਵੱਡਾ ਨਹੀਂ ਨਿੱਘਾ ਤੇ ਮਹੀਨ ਦ੍ਰਿਸ਼ਟੀ ਵਾਲ਼ਾ ਵੀ ਹੋਣਾ ਚਾਹੀਦਾ। ਕਣ-ਕਣ ਕਥਾ ਨੇ ਚਹੁੰ ਨੂੰ ਪੜ੍ਹਿਆ, ਤੋਲਿਆ, ਮਾਪਿਆ ਤੇ ਵਿਚਾਰਿਆ। ਬਾਬੇ ਮਿੱਪਲ ਨਾਲ਼ ਗੋਸ਼ਟ ਰਚਾਈ। ਕਵਿਤਾ ਦੀ ਵਿਚਾਰਧਾਰਕ ਪ੍ਰਤੀਬੱਧਤਾ ਅਤੇ ਰਾਜਸੀ, ਮਾਨਵੀ ਦ੍ਰਿਸ਼ਟੀ ਨੂੰ ਵਾਚਿਆ ਤੇ ਗੱਲਾਂ ਕੀਤੀਆਂ। ਗੱਲਾਂ ਨੇ ਪਾਠਕਾਂ ਨਾਲ਼ ਗੱਲ ਕੀਤੀ, ਕਵੀ ਦਾ ਹੁੰਗਾਰਾ ਸੁਣਿਆ, ਪੜ੍ਹਿਆ ਤੇ ਗੱਲ ਅਗਾਂਹ ਤੋਰੀ। ਤੁਰਦੀ ਗੱਲ ਕਣ-ਕਣ ਵਿਚ ਧੜਕੀ, ਰੜਕੀ ਤੇ ਮਹਿਕੀ। ਇੰਝ ਵੀ ਹੁੰਦੀ ਆਲੋਚਨਾ। ਇਸ ਨੂੰ ਹੀ ਤਾਂ ਕਹਿੰਦੇ ਸਿਰਜਣਾਤਮਿਕ ਆਲੋਚਨਾ। ਇਹ ਵਿਧਾ ਹੀ ਨਵੇਂ ਰਾਹ ਸਿਰਜਦੀ। ਇਨ੍ਹਾਂ ਰਾਹਾਂ ਦੀਆਂ ਪੈੜਾਂ ਹੀ ਸ਼ਬਦ ਸ਼ਬਦ ਕਣ-ਕਣ ਦੀ ਕਥਾ ਬਣਦੀਆਂ। ਬਾਬੇ ਮਿੱਪਲ ਦੀ ਵਾਹ-ਵਾਹ ਕਵੀ ਦੇ ਹਿਰਦੇ ਠੰਡਕ ਵਰਤਾਉਂਦੀ। ਬਾਬੇ ਮਿੱਪਲ ਦੇ ਗੋਸ਼ਟ ਉਪਰ ਝਾਤੀ ਮਾਰ ਲੈਂਦੇ ਹਾਂ:
‘ਕਿਆ: ਖੂਬ ਨਾਓਂ ਕਾਗਦ ਕਲਮ ਕਿਤਾਬ। ਆਪਣੇ ਆਪ ‘ਚ ਇੱਕ ਮੁਕੰਮਲ ਕਵਿਤਾ। ਆਹਾ! ਕਿ ਇਹ ਸਭ ਧਰਤੀ ਕਾਗਦ। ਇਸ ਕਾਗਦ ‘ਤੇ ਸਭ ਜੀਅ ਜੰਤ ਵਣ ਤ੍ਰਿਣ ਦੇ ਸਾਹਾਂ ਦੀ ਕਲਮ ਲਿਖਦੀ ਪਲ ਪਲ ਜੀਵਨ..ਤੇ ਇਹਨਾਂ ਲਿਖਿਆਂ ਦਾ ਜੋੜ ਸ੍ਰਿਸ਼ਟੀ ਇੱਕ ਕਿਤਾਬ ਜੋ ਮੁਕੰਮਲ ਵੀ ਤੇ ਨਾ-ਮੁਕੰਮਲ ਵੀ। ਆਹਾ! ਕਿ ਕਲਮ ਸਾਹਾਂ ਦੀ ਲਿਖ ਰਹੀ ਪਲ ਪਲ ਇੱਕ ਜੀਣ ਦੀ ਸਤਰ ਨਵੀਂ। ਜਿਵੇਂ ਉਹ ਕਹਿੰਦੇ ਨੇ ਕਿ ਬ੍ਰਹਿਮੰਡ ਫੈਲ ਰਿਹਾ ਲਗਾਤਾਰ ਡੂੰਘੇ ਅਰਥਾਂ ‘ਚ ਜਿਵੇਂ ਉਹ ਕਵਿਤਾ ਦਾ ਹੀ ਵਿਸਥਾਰ…ਇੱਕ ਨਿਰੰਤਰ ਫੈਲਾਅ’।
ਕਣ-ਕਣ ਕਥਾ ਅਗਾਂਹ ਤੁਰਦੀ ਹੈ। ਬਰੈਂਪਟਨ ਵਿਚ ਵੱਸਦੇ ਨੌਜਵਾਨ ਸ਼ਾਇਰ ਪ੍ਰਤੀਕ ਆਰਟਿਸਟ ਦੀ ਪਲੇਠੀ ਕਾਵਿ-ਪੋਥੀ ‘ਬੁਣਤੀ’ ਇਸ ਕਥਾ ਦਾ ਵਾਹਨ ਬਣਦੀ ਹੈ। ਇਸ ਕਥਾ ਵਿਚ ਬਾਬੇ ਨਾਨਕ ਦੇ ‘ਭੈ ਵਿਚ ਪਵੁਣ ਵਹੈ ਸਦਵਾਹੁ’ ਦਾ ਜ਼ਿਕਰ ਵੀ ਆਉਂਦਾ ਹੈ, ਜੀਂ ਪੌਲ ਸਾਰਤਰ ਦੇ ਨਾਟਕ ‘ਨੋ ਐਗਜਿਟ’ ਦਾ ਖ਼ਿਆਲ ਵੀ, ਬਰੈਖਤ ਦਾ ‘ਵੇਟਿੰਗ ਫਾਰ ਗੋਦੋ’ ਅਤੇ ਅਲਬਰਟ ਕਾਮੂ ਦਾ ਅਸਤਿਤਵ ਦਰਸ਼ਨ ਅਧਾਰਿਤ ਪ੍ਰਸਤਾਵ ‘ਮਿਥ ਆਫ਼ ਸਿਸੀਫਸ’ ਵੀ। ਏਨੇ ਦਾਰਸ਼ਨਿਕ ਹਵਾਲਿਆਂ ਨਾਲ਼ ‘ਬੁਣਤੀ’ ਵਿਚਲੀ ਕਵਿਤਾ ਕਿਸੇ ਉੱਚੇ ਮਕਾਮ ‘ਤੇ ਖਲੋਤੀ ਮਹਿਸੂਸ ਹੁੰਦੀ ਹੈ। ਮੈਂ ਤੇ ਤੂੰ ਦੇ ਰਿਸ਼ਤੇ ਵਿਚਲੀ ਮੁਹੱਬਤ ਦੀ ਇਸ ਸੂਖ਼ਮ ਕਵਿਤਾ ਨੂੰ ਉਂਕਾਰਪ੍ਰੀਤ ਨੇ ਵੱਡਾ ਮਾਣ ਬਖ਼ਸ਼ਿਆ ਹੈ।
ਆਪਣੀ ਇਸ ਪੁਸਤਕ ਵਾਸਤੇ ਕਵੀਆਂ ਦੀ ਚੋਣ ਕਰਦਿਆਂ ਉਂਕਾਰ ਨੇ ਕਰਿਸ਼ਮੇ ਕੀਤੇ ਹਨ। ਪ੍ਰਤੀਕ ਦੀ ਬੁਣਤੀ ਤੋਂ ਬਾਅਦ ਨਵਤੇਜ ਭਾਰਤੀ ਦੀ ਲਾਲੀ ਕ੍ਰਿਸ਼ਮਾ ਹੀ ਤਾਂ ਹੈ। ਵੈਸੇ ਨਵਤੇਜ ਭਾਰਤੀ ਲੀਲਾ ਕਰਕੇ ਜਾਣਿਆਂ ਜਾਂਦਾ ਹੈ। ਤੇ ਲਾਲੀ ਪਟਿਆਲੇ ਦੇ ਭੂਤਵਾੜੇ ਦਾ ਇੱਕ ਭੂਤ। ਕੁਲ ਸੱਤ ਜਣੇ। ਸੱਤਵਾਂ ਨਵਤੇਜ ਜਿਸ ਇਹ ਸੂਖ਼ਮ ਕਥਾਵਾਂ ਸਿਰਜੀਆਂ। ਉਂਕਾਰ ਦਾ ਕਹਿਣਾ ਹੈ ਕਿ ਹੁਣ ਤੀਕ ਮੈਂ ਕਿਸੇ ਕਵਿਤਾ ਦੀ ਕਿਤਾਬ ਪੜ੍ਹ ਕੇ ਕਵਿਤਾਇਆ ਤਾਂ ਗਿਆ ਸਾਂ ਪਰ ਕਥਿਆਇਆ ਨਹੀਂ। ਲਾਲੀ ਵਿਚਲੀ ਕਵਿਤਾ ਪਾਠਕ ਨੂੰ ਕਥਿਆ ਦਿੰਦੀ ਹੈ। ਲਾਲੀ ਦੀ ਕਵਿਤਾ ਨਾਲ਼ ਜੁੜ ਕੇ ਤੁਸੀਂ ਇੱਕ ਅਕੱਥ-ਕਥਾ ਪ੍ਰਵਾਹ ਨਾਲ਼ ਜੁੜਦੇ ਹੀ ਨਹੀਂ ਸਗੋਂ ਉਸਦੀ ਇੱਕ ਕਥ-ਕਣੀ ਬਣਕੇ ਉਸਦੇ ਨਾਲ਼ ਵਹਿਣ ਲੱਗਦੇ ਹੋ।
ਲਾਲੀ ਜੀ ਕਹਿੰਦੇ ਹਨ, ਆਪਣੇ ਦੁਆਲੇ ਅਕੱਥ ਕਥਾਵਾਂ ਫਿਰਦੀਆਂ ਹਨ
ਆਪਣੇ ਕੱਥਕ ਭਾਲਦੀਆਂ, ਜਿਵੇਂ ਕਵਿਤਾ ਕਵੀ ਨੂੰ, ਚਿੱਤਰ ਚਿੱਤਰਕਾਰ ਨੂੰ
ਸ਼ਬਦ ਨਾਨਕ ਨੂੰ, ਸੁਰ ਮਰਦਾਨੇ ਨੂੰ…।
ਨਵਤੇਜ ਭਾਰਤੀ ਦੀ ਲੀਲਾ ਤੋਂ ਬਾਹਰ ਪਿਆ ਲਾਲੀ ਉਂਕਾਰਪ੍ਰੀਤ ਦੀ ਕਣ-ਕਣ ਕਥਾ ਨੇ ਸਾਂਭ ਲਿਆ ਹੈ। ਭੂਤਵਾੜੇ ਦੀ ਫਿਰ ਗੱਲ ਤੁਰੀ ਹੈ।
ਇਹ ਤੁਰੀ ਗੱਲ ਅਗਾਂਹ ਸੁਰਜੀਤ ਪਾਤਰ ਤੀਕ ਪਹੁੰਚੀ ਹੈ। ਹਵਾ ਵਿਚ ਲਿਖੇ ਹਰਫ਼ ਅੱਜ ਵੀ ਪੜ੍ਹੇ ਤੇ ਮਹਿਸੂਸ ਕੀਤੇ ਜਾ ਸਕਦੇ ਹਨ। ਪਾਤਰ ਦਾ ਤਰੰਨਮ ਉਹਦੀ ਦੇਹ ਅੰਦਰ ਸੁੱਤੇ ਰਾਗਾਂ ਦਾ ਅਲਾਪ ਹੁੰਦਾ ਸੀ। ਸ਼ਬਦ ਉਸ ਕੋਲ਼ ਹਵਾ ‘ਤੇ ਸਵਾਰ ਪੱਤਿਆਂ ਵਾਂਗ ਆਉਂਦੇ ਸਨ। ਅਚਾਨਕ ਤੁਰ ਜਾਣ ਤੋਂ ਢੇਰ ਚਿਰ ਪਹਿਲਾਂ ਉਸ ਕਿਹਾ ਸੀ ਕਿ ਮੈਂ ਨਹੀਂ ਰਹਾਂਗਾ ਮੇਰੇ ਗੀਤ ਰਹਿਣਗੇ
ਪਾਣੀ ਨੇ ਮੇਰੇ ਗੀਤ ਮੈਂ ਪਾਣੀ ‘ਤੇ ਲੀਕ ਹਾਂ।
ਉਸ ਦੇ ਗੀਤ ਅੱਜ ਵੀ ਵਗਦੇ ਪਾਣੀਆਂ ਵਾਂਗ ਸਾਡੀਆਂ ਰੂਹਾਂ ‘ਚ ਵਹਿ ਰਹੇ ਹਨ। ਉਸ ਦੀ ਸੁਰਜ਼ਮੀਨ ਦਿਸਹੱਦਿਆਂ ਤੋਂ ਬਾਹਰ ਤੀਕ ਫੈਲੀ ਭੋਇੰ ਹੈ। ਇਸੇ ਲਈ ਸ਼ਾਇਦ ਉਸ ਲਿਖਿਆ ਕਿ
ਭਾਫ਼ ਬਣ ਉਡਿਆ ਸਮੁੰਦਰ ਥਲ ਲਈ
ਦੇਖ ਇਸ ਮਿਲਣੀ ਨੂੰ ਇਸ ਹਿਜਰਤ ਨੂੰ ਵੇਖ (ਪੰਨਾ 62)
ਉਂਕਾਰ ਦਾ ਕਹਿਣਾ ਹੈ ਕਿ ਸੁਰਜ਼ਮੀਨ ਦੇ ਪਾਠ ਨਾਲ਼, ਪਾਠੀ ਮਨ ਦੀ ਜ਼ਮੀਨ, ਭਾਫ਼ ਦੇ ਐਸੇ ਬਹੁਪਰਤੀ, ਬਹੁਦਿਸ਼ਾਵੀ ਕਾਵਿ-ਬਿੰਬਾਂ ਨਾਲ਼ ਜਿਵੇਂ ਸੁਰਤਾਲੀ ਜਾਂਦੀ ਹੈ। ਭਾਫ਼ ਜਿਵੇਂ ‘ਸੁਰਜ਼ਮੀਨ’ ਵਿਚਲੀ ਸ਼ਾਇਰੀ ਦਾ ਆਦਿ-ਅੰਤ ਬਿੰਦੂ ਹੈ ਅਤੇ ਧੁਰਾ ਵੀ। ਪਾਤਰ ਦੀਆਂ ਸਤਰਾਂ ਪੜ੍ਹਦੇ ਹਾਂ;
ਇਹ ਪਹਿਲਾਂ ਤੜਪੇ ਸੀ ਸਾਗਰਾਂ ਵਿਚ
ਤੇ ਫਿਰ ਹਵਾ ਵਿਚ ਭਾਫ਼ ਬਣਕੇ
ਪਿਘਲ ਤੁਰੇ ਫਿਰ ਪਰਬਤਾਂ ਤੋਂ
ਇਹ ਨੀਰ ਨਾ ਕਿੱਧਰੇ ਟਿਕਣ ਵਾਲ਼ੇ
ਬਕੌਲ ਉਂਕਾਰ ‘ਇਸ ਪੁਸਤਕ ਦੀ ਸ਼ਾਇਰੀ ਪ੍ਰਗੀਤ ਰਾਹੀਂ, ਪ੍ਰਗੀਤ ਨੂੰ ਪਾਰ ਕਰਦੀ ਹੈ। ਇਸ ਵਿਚ ਪੇਸ਼ ਗ਼ਜ਼ਲਾਂ ਆਪਣੇ ਰੁਕਨਾਂ, ਮਿਸਰਿਆਂ, ਕਾਫ਼ੀਏ, ਰਦੀਫ਼ਾਂ ਰਾਹੀਂ ਨਜ਼ਮ ਤੀਕਰ ਬਾ-ਬਹਿਰ ਪੁਲ਼ ਸਿਰਜਦੀਆਂ ਹਨ।
ਪੁਸਤਕ ਦੇ ਪੰਨਿਆਂ ਦੀ ਗਿਣਤੀ ਨੇ ਕਿਤੇ ਠਹਿਰਨਾ ਵੀ ਹੁੰਦਾ। ਪਰ ਇਹ ਠਹਿਰਾਅ ਸਾਡੇ ਅੰਦਰ ਭਰੀ ਮੁਰਦਾ ਸ਼ਾਂਤੀ ਵਰਗਾ ਨਾ ਹੋਵੇ। ਇਸੇ ਲਈ ਉਂਕਾਰ ਨੇ ਇਹ ਪੰਨੇ ਪਾਸ਼ ਦੇ ਹਵਾਲੇ ਕੀਤੇ ਹਨ। ਪਾਸ਼ ਜੁਝਾਰੂ ਲਹਿਰ ਦਾ ਉੱਘਾ ਕਵੀ। ‘ਸਾਡੇ ਸਮਿਆਂ ਵਿਚ’ ਕੀ ਕਹਿੰਦਾ ਪਾਸ਼। ਸਾਡੇ ਸਮੇਂ ਸਾਡੇ ਕਿਉਂ ਨਹੀਂ ਹੋਏ? ਗੱਲਾਂ ਕਈ ਹਨ। ਉਂਕਾਰ ਕੋਲ ਗੱਲਾਂ ਦੀ ਤਹਿ ‘ਚ ਜਾਣ ਦੀ ਸੂਝ ਸਮਝ ਹੈ। ਉਸ ਕੋਲ਼ ਪਾਸ਼ ਆਪਣੇ ਹੀ ਬੋਲਾਂ ਦੀ ਵਿਆਖਿਆ ਕਰਨ ਬਹੁੜਦਾ ਹੈ। ਰਹਿੰਦੀ ਕਸਰ ਬਾਬਾ ਮਿੱਪਲ ਪੂਰੀ ਕਰ ਦਿੰਦਾ ਹੈ। ਪਾਸ਼ ਕਹਿੰਦਾ ਹੈ:
ਅਸੀਂ ਜਿਹਨਾਂ ਨੇ ਯੁੱਧ ਨਹੀਂ ਕੀਤਾ,
ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ
ਉਂਜ ਅਸੀਂ ਸਦਾ ਸਾਊ ਬਣਨਾ ਲੋਚਦੇ ਰਹੇ,
ਅਸੀਂ ਦੋ ਰੋਟੀਆਂ ਤੇ ਮਾੜੀ ਜਿਹੀ ਰਜਾਈ ਬਦਲੇ,
ਯੁੱਧ ਦੇ ਆਕਾਰ ਨੂੰ ਸੰਗੋੜਨਾ ਚਾਹਿਆ।
ਤੇ ਉਂਕਾਰਪ੍ਰੀਤ ਕਹਿੰਦਾ ਹੈ, ‘ਜੀਵਨ ਵਰਤਾਰੇ ਦੀ ਸੂਝ ਅਤੇ ਦਰਦ ਨੂੰ ਤ੍ਰੈਕਾਲਿਕ ਦ੍ਰਿਸ਼ਟੀ ਨਾਲ਼ ਲੋਕਾਂ ਦੇ ਪੱਖ ਵਿਚ ਉਜਾਗਰ ਕਰਨ ਵਾਲਾ ਮਨੁੱਖ ਹੀ ਅਸਲ ਸਾਹਿਤਕਾਰ ਜਾਂ ਕਵੀ ਕਹਾਉਣ ਦਾ ਹੱਕਦਾਰ ਹੁੰਦਾ ਹੈ’।
ਕਣ-ਕਣ ਕਥਾ ਵੱਖਰੀ ਤਰ੍ਹਾਂ ਦੀ ਵਾਰਤਕ ਹੈ। ਉਂਕਾਰਪ੍ਰੀਤ ਨੇ ਗੁਰੂ-ਬਾਣੀ ਦਾ ਵੀ ਗਹਿਰਾ ਅਧਿਐਨ ਕੀਤਾ ਹੈ। ਨਾਟਕ ਦੀ ਵਿਧਾ ਨੂੰ ਪ੍ਰਣਾਇਆ ਹੋਣ ਕਰਕੇ ਉਸ ਨੇ ਅੰਤਰਰਾਸ਼ਟਰੀ ਨਾਟਕਕਾਰਾਂ ਨੂੰ ਵੀ ਪੜ੍ਹਿਆ ਹੈ। ਵਿਸ਼ਵ ਦੇ ਦਾਰਸ਼ਨਿਕਾਂ ਦੀਆਂ ਲਿਖਤਾਂ ਵੀ ਉਸਦੇ ਚੇਤਿਆਂ ਵਿਚ ਤਾਜ਼ਾ ਹਨ। ਕਵਿਤਾ ਦੀ ਸਮਝ ਤਾਂ ਉਸ ਕੋਲ਼ ਹੈ ਈ। ਬਾਬਾ ਮਿੱਪਲ ਦੀ ਪਾਤਰ ਉਸਾਰੀ ਇਸ ਵਾਰਤਕ ਨੂੰ ਦਿਲਚਸਪ ਤੇ ਭਾਵਪੂਰਤ ਬਣਾਉਂਦੀ ਹੈ। ਪਾਤਰ ਮੈਂ ਅਤੇ ਬਾਬਾ ਮਿੱਪਲ ਦਰਮਿਆਨ ਰਚਾਇਆ ਸੰਵਾਦ ਇਸ ਸਮੀਖਿਆ ਨੂੰ ਦਾਰਸ਼ਨਿਕਤਾ ਪ੍ਰਦਾਨ ਕਰਦੇ ਹਨ। ਇਹ ਸਭ ਕੁਝ ਦੀ ਭਿਣਖ ਕਣ-ਕਣ ਕਥਾ ਨੂੰ ਪੜ੍ਹਦਿਆਂ ਪੈਂਦੀ ਹੈ। ਇਸੇ ਕਰਕੇ ਇਹ ਪੁਸਤਕ ਵੱਖਰੀ ਹੈ। ਵੱਖਰਾ ਹੋਣਾ ਬਿਹਤਰ ਹੋਣਾ ਹੁੰਦਾ ਹੈ। ਇਸ ਬਿਹਤਰ ਰਚਨਾ ਲਈ ਮੈਂ ਉਂਕਾਰ ਨੂੰ ਵਧਾਈ ਦਿੰਦਾ ਹਾਂ।
+1 365 994 6744
