ਬੂਟਾ ਸਿੰਘ ਮਹਿਮੂਦਪੁਰ
ਆਰ.ਐੱਸ.ਐੱਸ.-ਭਾਜਪਾ ਬਹੁਤ ਲੰਮੇ ਸਮੇਂ ਤੋਂ ‘ਵੰਦੇ ਮਾਤ੍ਰਮ’ (ਮਾਂਭੂਮੀ ਦੀ ਪੂਜਾ) ਦੇ ਮੁਕੰਮਲ ਰੂਪ ਨੂੰ ਭਾਰਤ ਉੱਪਰ ਥੋਪਣ ਲਈ ਯਤਨਸ਼ੀਲ ਸੀ ਅਤੇ ਆਖ਼ਿਰਕਾਰ ਇਸਦੇ ਸਾਰੇ ਬੰਦ ਗਾਉਣਾ ਲਾਜ਼ਮੀ ਕਰਾਰ ਦਿੰਦਾ ਬਿੱਲ (ਕੌਮੀ ਗੌਰਵ ਦਾ ਅਪਮਾਨ ਰੋਕੂ (ਸੋਧ) ਬਿੱਲ 2026) 30 ਜੁਲਾਈ ਨੂੰ ਪਾਸ ਕਰਕੇ ਕਾਨੂੰਨ ਬਣਾ ਦਿੱਤਾ ਗਿਆ ਹੈ। ਭਾਜਪਾ ਤੋਂ ਸਿਵਾਏ ਇਹ ਕਿਸੇ ਨੂੰ ਵੀ ਮਨਜ਼ੂਰ ਨਹੀਂ ਹੈ।
ਕਾਂਗਰਸ ਨੇ ਵੀ ਇਸਦੇ ਸਿਰਫ਼ ਪਹਿਲੇ ਦੋ ਬੰਦ ਗਾਉਣ ਦਾ ਫ਼ੈਸਲਾ ਲਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ਫ਼ੈਸਲੇ ਨੂੰ ‘ਰਾਸ਼ਟਰ-ਵਿਰੋਧੀ’ ਕਰਾਰ ਦਿੰਦਿਆਂ ਹੁਕਮ ਸੁਣਾ ਦਿੱਤਾ ਹੈ ਕਿ ਸਾਰੇ ਸਰਕਾਰੀ ਸਮਾਗਮਾਂ ਵਿਚ ਪੂਰਾ ‘ਵੰਦੇ ਮਾਤ੍ਰਮ’ ਗਾਇਆ ਜਾਵੇਗਾ ਅਤੇ ਇਸਦੀ ਅਵੱਗਿਆ ਕਰਨਾ ਦੇਸ਼ਧ੍ਰੋਹ ਮੰਨਿਆ ਜਾਵੇਗਾ। ਇਸ ਨਾਲ ਉਸ ਵਿਵਾਦ ਨੂੰ ਮੁੜ ਚੇਤੇ ਕਰਨਾ ਜ਼ਰੂਰੀ ਹੋ ਗਿਆ ਹੈ ਜੋ ‘ਵੰਦੇ ਮਾਤ੍ਰਮ’ ਨੂੰ ਆਜ਼ਾਦੀ ਸੰਗਰਾਮ ਵਿਚ ਗਾਉਣਾ ਸ਼ੁਰੂ ਕਰਨ ਨਾਲ ਸ਼ੁਰੂ ਹੋਇਆ ਸੀ ਅਤੇ ਆਖ਼ਿਰਕਾਰ ਵੱਡੀਆਂ ‘ਮੁੱਖਧਾਰਾ’ ਸ਼ਖ਼ਸੀਅਤਾਂ – ਸੁਭਾਸ਼ ਚੰਦਰ ਬੋਸ, ਗਾਂਧੀ, ਰਾਬਿੰਦਰਨਾਥ ਟੈਗੋਰ – ਅਤੇ ਕਾਂਗਰਸ ਦੇ ਪ੍ਰਮੁੱਖ ਆਗੂਆਂ ਦਰਮਿਆਨ ਲੰਮੀ ਸੋਚ-ਵਿਚਾਰ ਤੋਂ ਬਾਅਦ ਸਿਰਫ਼ ਇਸਦੇ ਸ਼ੁਰੂਆਤੀ ਦੋ ਬੰਦ ਹੀ ਗਾਏ ਜਾਣ ’ਤੇ ਸਹਿਮਤੀ ਬਣੀ ਸੀ।
ਪਿਛਲੇ ਸਾਲ 8 ਨਵੰਬਰ ਨੂੰ ਨਵੀਂ ਦਿੱਲੀ ਵਿਚ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਸਬੰਧੀ ਸਾਲ ਭਰ ਚੱਲਣ ਵਾਲੇ ਸਮਾਗਮਾਂ ਦਾ ਉਦਘਾਟਨ ਕਰਦਿਆਂ ਮੋਦੀ ਨੇ ਫਰਮਾਇਆ, ‘ਆਜ਼ਾਦੀ ਦੇ ਸੰਘਰਸ਼ ਦੌਰਾਨ ‘ਵੰਦੇ ਮਾਤਰਮ’ ਦੀ ਭਾਵਨਾ ਨੇ ਪੂਰੇ ਮੁਲਕ ਨੂੰ ਰੌਸ਼ਨ ਕੀਤਾ ਸੀ। ਪਰ ਬਦਕਿਸਮਤੀ ਨਾਲ, 1937 ’ਚ ‘ਵੰਦੇ ਮਾਤਰਮ’ ਦੇ ਮਹੱਤਵਪੂਰਨ ਬੰਦ—ਜੋ ਇਸ ਦੀ ਆਤਮਾ ਦਾ ਹਿੱਸਾ ਸਨ—ਵੱਖ ਕਰ ਦਿੱਤੇ ਗਏ। ‘ਵੰਦੇ ਮਾਤਰਮ’ ਨੂੰ ਟੁਕੜਿਆਂ ਵਿਚ ਵੰਡ ਦਿੱਤਾ ਗਿਆ। ‘ਵੰਦੇ ਮਾਤਰਮ’ ਦੀ ਇਸ ਵੰਡ ਨੇ ਮੁਲਕ ਦੀ ਵੰਡ ਦੇ ਬੀਜ ਵੀ ਬੀਜੇ। ਰਾਸ਼ਟਰ-ਨਿਰਮਾਣ ਦੇ ਇਸ ਮਹਾਨ ਮੰਤਰ ਨਾਲ ਅਜਿਹਾ ਅਨਿਆਂ ਕਿਉਂ ਕੀਤਾ ਗਿਆ? ਅੱਜ ਦੀ ਪੀੜ੍ਹੀ ਲਈ ਇਹ ਸਮਝਣਾ ਜ਼ਰੂਰੀ ਹੈ, ਕਿਉਂਕਿ ਉਹ ਵੰਡਪਾਊ ਸੋਚ ਅੱਜ ਵੀ ਦੇਸ਼ ਲਈ ਇੱਕ ਚੁਣੌਤੀ ਬਣੀ ਹੋਈ ਹੈ।’ ਲਿਹਾਜ਼ਾ, ਭਗਵਾ ਹਕੂਮਤ ਨੇ ਮੁਲਕ ਉੱਪਰ ਸੰਪੂਰਨ ‘ਵੰਦੇ ਮਾਤ੍ਰਮ’ ਥੋਪ ਕੇ ਇਹ ਪ੍ਰਭਾਵ ਦੇਣਾ ਚਾਹਿਆ ਹੈ ਕਿ ਕਾਂਗਰਸ ਨੇ ਧਾਰਮਿਕ ਘੱਟ-ਗਿਣਤੀਆਂ ਨੂੰ ਖ਼ੁਸ਼ ਕਰਨ ਲਈ ਇਸ ਦੇ ਸਿਰਫ਼ ਦੋ ਬੰਦ ਅਪਣਾ ਕੇ ਦੇਸ਼-ਧ੍ਰੋਹ ਕੀਤਾ ਸੀ ਅਤੇ ਭਾਜਪਾ ਸਰਕਾਰ ਨੇ ਉਸ ਇਤਿਹਾਸਕ ਅਪਰਾਧ ਨੂੰ ਦਰੁਸਤ ਕਰਕੇ ਰਾਸ਼ਟਰੀ ਗੌਰਵ ਨੂੰ ਮੁੜ ਬਹਾਲ ਕਰਨ ਦਾ ਇਤਿਹਾਸਕ ਕਾਰਨਾਮਾ ਕੀਤਾ ਹੈ!
‘ਵੰਦੇ ਮਾਤ੍ਰਮ’ ਮੂਲ ਰੂਪ ’ਚ ਬੰਗਾਲੀ ਲੇਖਕ ਬੰਕਿਮ ਚੰਦਰ ਚੱਟੋਪਾਧਿਆਏ ਵੱਲੋਂ 1870ਵਿਆਂ ’ਚ ਲਿਖਿਆ ਗੀਤ ਹੈ ਜਿਸਨੂੰ ਉਸਨੇ ਪਿੱਛੋਂ 1882 ’ਚ ਆਪਣੇ ਨਾਵਲ ‘ਆਨੰਦ ਮਠ’ ਵਿਚ ਸ਼ਾਮਲ ਕੀਤਾ। ਇਹ ਨਾਵਲ ਉਸ ਵਕਤ ਲਿਖਿਆ ਗਿਆ ਜਦੋਂ ਭਾਰਤ ਦੇ ਵੱਡੇ ਹਿੱਸੇ ਉੱਪਰ ਅੰਗਰੇਜ਼ ਬਸਤੀਵਾਦੀ ਹਕੂਮਤ ਰਸਮੀ ਤੌਰ ’ਤੇ ਸਥਾਪਤ ਹੋ ਚੁੱਕੀ ਸੀ। ਬੰਕਿਮ ਨੇ ਬਤੌਰ ਜ਼ਿਲ੍ਹਾ ਮੈਜਿਸਟ੍ਰੇਟ 33 ਸਾਲ (1858-1891) ਅੰਗਰੇਜ਼ੀ ਰਾਜ ਦੀ ਸੇਵਾ ਕੀਤੀ। ਦਿਲਚਸਪ ਗੱਲ ਇਹ ਹੈ ਕਿ ਅੰਗਰੇਜ਼ੀ ਰਾਜ ਵਿਰੁੱਧ ਸੰਘਰਸ਼ ਦੌਰਾਨ ਕਾਂਗਰਸ ਅਤੇ ਇਨਕਲਾਬੀ ਦੇਸ਼ਭਗਤ ਦੋਵੇਂ ਧਾਰਾਵਾਂ ਉਸ ਦੇ ਲਿਖੇ ਗੀਤ ਨੂੰ ਸ਼ਰਧਾ ਨਾਲ ਗਾਉਂਦੀਆਂ ਰਹੀਆਂ।
‘ਆਨੰਦ ਮਠ’ ਬੰਗਾਲ ਦੇ ਖ਼ਾਸ ਇਤਿਹਾਸਕ ਕਾਲ-ਖੰਡ ਦੇ ਘਟਨਾਕ੍ਰਮ ਦਾ ਮਨਘੜਤ ਬਿਰਤਾਂਤ ਹੈ ਜਿਸ ਬਾਰੇ ਇਤਿਹਾਸਕਾਰ ਤਾਨਿਕਾ ਸਰਕਾਰ ਲਿਖਦੇ ਹਨ: ‘ਨਾਵਲ ਦਾ ਕਾਲ-ਖੰਡ ਅਠਾਰ੍ਹਵੀਂ ਸਦੀ ਦੇ ਆਖ਼ਰੀ ਦੌਰ ਨਾਲ ਸਬੰਧਤ ਹੈ, ਜਦੋਂ ਇੱਕ ਭਿਆਨਕ ਅਕਾਲ ਨੇ ਬੰਗਾਲ ਨੂੰ ਤਬਾਹ ਕਰ ਦਿੱਤਾ ਸੀ। ਉਸ ਸਮੇਂ ਬੰਗਾਲ ਉੱਤੇ ਕਠਪੁਤਲੀ ਨਵਾਬ ਦਾ ਰਾਜ ਸੀ, ਜਿਸ ਨੂੰ ਲੁਟੇਰੀ ਈਸਟ ਇੰਡੀਆ ਕੰਪਨੀ ਦਾ ਥਾਪੜਾ ਸੀ। ਖ਼ੁਦ ਕੰਪਨੀ ਦੇ ਅਧਿਕਾਰੀਆਂ ਅਨੁਸਾਰ, ਵਾਰ-ਵਾਰ ਫ਼ਸਲਾਂ ਤਬਾਹ ਹੋਣ ਦੇ ਬਾਵਜੂਦ ਕੰਪਨੀ ਨੇ ਕਿਸਾਨਾਂ ਦੀ ਪੈਦਾਵਾਰ ਨੂੰ ਆਪਣੇ ਲਈ ਏਨੀ ਬੇਰਹਿਮੀ ਅਤੇ ਲਗਾਤਾਰਤਾ ਨਾਲ ਨਿਚੋੜਿਆ ਕਿ ਅਕਾਲ ਦਾ ਪੈਣਾ ਅਟੱਲ ਹੋ ਗਿਆ। ਪਰ ਬੰਕਿਮ ਨੇ ਇਸ ਲਈ ਪੂਰੀ ਤਰ੍ਹਾਂ ਮੁਸਲਿਮ ਨਵਾਬ ਨੂੰ ਦੋਸ਼ੀ ਠਹਿਰਾਇਆ। ਇਸ ਤੋਂ ਇਲਾਵਾ, ਨਵਾਬ ਦੇ ਕਥਿਤ ਅਪਰਾਧ ਨੂੰ ਤੁਰੰਤ ਮੁਸਲਮਾਨਾਂ ਦੇ ਜਮਾਂਦਰੂ ਬੁਰੇ ਹੋਣ ਦੀ ਭਿਆਨਕ ਤਸਵੀਰ ਵਜੋਂ ਵਿਸਤਾਰ ਦੇ ਦਿੱਤਾ ਗਿਆ। ਇੱਕ ਪਾਸੇ ਨਵਾਬੀ ਤੇ ਕੰਪਨੀ ਦੀਆਂ ਫ਼ੌਜਾਂ ਅਤੇ ਦੂਜੇ ਪਾਸੇ ਹਥਿਆਰਬੰਦ ਹਿੰਦੂ ਸੰਨਿਆਸੀਆਂ ਅਤੇ ਮੁਸਲਿਮ ਫ਼ਕੀਰਾਂ ਵਿਚਕਾਰ ਭਿਆਨਕ ਲੜਾਈਆਂ ਹੋਈਆਂ ਸਨ। ਪਰ ਬੰਕਿਮ ਨੇ ਫ਼ਕੀਰ ਵਿਦਰੋਹਾਂ ਨੂੰ ਆਪਣੇ ਬਿਰਤਾਂਤ ਵਿਚੋਂ ਪੂਰੀ ਤਰ੍ਹਾਂ ਮਨਫ਼ੀ ਕਰ ਦਿੱਤਾ।’
ਨਾਵਲ ਦੀ ਕਹਾਣੀ ’ਚ ‘ਉੱਚ’ ਜਾਤੀ ਸੰਨਿਆਸੀਆਂ ਦੀ ਇੱਕ ਕਾਲਪਨਿਕ ਟੋਲੀ (ਮਾਂਭੂਮੀ ਦੀ ‘ਸੰਤਾਨ’) ਹਿੰਦੂ ਪਿੰਡ ਵਾਸੀਆਂ ਨੂੰ ਮੁਸਲਮਾਨਾਂ ਦਾ ਕਤਲੇਆਮ ਕਰਨ, ਉਨ੍ਹਾਂ ਦੀਆਂ ਝੌਂਪੜੀਆਂ ਲੁੱਟਣ, ਉਨ੍ਹਾਂ ਦੀਆਂ ਮਸਜਿਦਾਂ ਢਾਹੁਣ, ਉਨ੍ਹਾਂ ਦੀਆਂ ਔਰਤਾਂ ਨੂੰ ਬੰਦੀ ਬਣਾਉਣ ਅਤੇ ਉਨ੍ਹਾਂ ਦੇ ਮ੍ਰਿਤਕ ਚਿਹਰਿਆਂ ਨੂੰ ਪੈਰਾਂ ਹੇਠ ਕੁਚਲ ਦੇਣ ਲਈ ਉਕਸਾਉਂਦੀ ਹੈ। ਜਦੋਂ ਤੱਕ ਜੰਗ ਚੱਲਦੀ ਹੈ, ਉਹ ਜਾਤਪਾਤੀ ਊਚ-ਨੀਚ ਨੂੰ ਮੁਅੱਤਲ ਰੱਖਦੇ ਹਨ, ਪਰ ਜਿੱਤ ਤੋਂ ਬਾਅਦ ਉਸ ਨੂੰ ਮੁੜ ਸਥਾਪਤ ਕਰਨ ਦਾ ਵਾਅਦਾ ਕਰਦੇ ਹਨ। ਇਸ ਵਿਚ ਅੰਗਰੇਜ਼ਾਂ ਦੀ ਭੂਮਿਕਾ ਮੁਕਾਬਲਤਨ ਗੌਣ ਹੈ ਅਤੇ ਇਸ ਦਾ ਆਖ਼ਰੀ ਭਾਗ ਉਨ੍ਹਾਂ ਦੀ ਜਿੱਤ ਨਾਲ ਸਮਾਪਤ ਹੁੰਦਾ ਹੈ। ਇੱਕ ਦੈਵੀ ਆਵਾਜ਼ ਬਾਗ਼ੀ ਆਗੂ ਨੂੰ ਤਸੱਲੀ ਦਿੰਦੀ ਹੈ ਕਿ ਹਾਲੇ ਅੰਗਰੇਜ਼ਾਂ ਨੂੰ ਖ਼ਤਮ ਕਰਨ ਦਾ ਵਕਤ ਨਹੀਂ ਆਇਆ; ਹਿੰਦੂਆਂ ਨੂੰ ਪਹਿਲਾਂ ਉਨ੍ਹਾਂ ਤੋਂ ਉਨ੍ਹਾਂ ਦੇ ਹੁਨਰ ਸਿੱਖਣੇ ਹੋਣਗੇ। ਕੁਲ-ਮਿਲਾ ਕੇ ਨਾਵਲ ਮੁਸਲਮਾਨਾਂ ਵਿਰੁੱਧ ਖ਼ੂਨ-ਖ਼ਰਾਬੇ ਨੂੰ ਦੇਵੀ ਦੇ ਆਦੇਸ਼ ਅਨੁਸਾਰ ਹਿੰਦੂਆਂ ਦਾ ਸਰਬੋਤਮ ਪਵਿੱਤਰ ਫ਼ਰਜ਼ ਦੱਸਦਾ ਹੈ, ਅੰਗਰੇਜ਼ੀ ਰਾਜ ਵਿਰੁੱਧ ਲੜਨ ਤੋਂ ਵਰਜਦਾ ਹੈ ਅਤੇ ਅੰਗਰੇਜ਼ ਹਾਕਮਾਂ ਨੂੰ ਮਿੱਤਰ ਦੱਸਦਾ ਹੋਇਆ ਇਹ ਸੰਦੇਸ਼ ਦਿੰਦਾ ਹੈ ਕਿ ਅੰਗਰੇਜ਼ ਹੀ ਸਨਾਤਨ ਧਰਮ ਦੀ ਰੱਖਿਆ ਕਰਨਗੇ ਅਤੇ ਸੰਤਾਨ ਬਗ਼ਾਵਤ ਦਰਅਸਲ ਅੰਗਰੇਜ਼ਾਂ ਨੂੰ ‘ਰਾਜਦੰਡ’ (ਸੱਤਾ) ਦਿਵਾਉਣ ਲਈ ਸੀ।
ਹੁਣ ਸਵਾਲ ਇਹ ਹੈ ਕਿ ‘ਵੰਦੇ ਮਾਤ੍ਰਮ’ ਵਿਚ ਅਜਿਹਾ ਕੀ ਹੈ ਜੋ ਗ਼ੈਰ-ਹਿੰਦੂ ਧਾਰਮਿਕ ਅਕੀਦੇ ਵਾਲਿਆਂ ਨੂੰ ਮਨਜ਼ੂਰ ਨਹੀਂ ਹੈ। ਇਤਿਹਾਸ ਖੋਜ ਦੱਸਦੀ ਹੈ ਕਿ ਬੰਗਾਲੀ ਕਵੀ ਰਵਿੰਦਰਨਾਥ ਟੈਗੋਰ ਨੇ ਇਸ ਗੀਤ ਨੂੰ ਹਰਮਨ-ਪਿਆਰਾ ਬਣਾਇਆ, ਇਸ ਨੂੰ ਸੁਰਬੱਧ ਕੀਤਾ ਅਤੇ ਪਹਿਲੀ ਵਾਰ ਇਹ ਗੀਤ ਕਾਂਗਰਸ ਦੇ 1896 ਦੇ ਕਲਕੱਤਾ ਸੈਸ਼ਨ ਵਿਚ ਗਾਇਆ। 1905 ’ਚ ਬੰਗਾਲ ਦੀ ਵੰਡ ਦੇ ਖ਼ਿਲਾਫ਼ ਅੰਦੋਲਨ ਸ਼ੁਰੂ ਹੋਇਆ ਤਾਂ ‘ਵੰਦੇ ਮਾਤ੍ਰਮ’ ਦਾ ਮੁੱਖੜਾ ਅੰਗਰੇਜ਼ੀ ਰਾਜ ਵਿਰੁੱਧ ਮੁੱਖ ਰਾਜਨੀਤਕ ਨਾਅਰੇ ਵਜੋਂ ਸਥਾਪਤ ਹੋ ਗਿਆ। ਬਾਅਦ ਵਿਚ, ਜਿਨਾਹ ਦੀ ਅਗਵਾਈ ਹੇਠ ਮੁਸਲਿਮ ਲੀਗ ਨੇ ਇਹ ਦਲੀਲ ਦਿੰਦਿਆਂ ਇਸ ਨੂੰ ਗਾਏ ਜਾਣ ਦਾ ਵਿਰੋਧ ਕੀਤਾ ਕਿ ਹਿੰਦੂ ਦੇਵੀਆਂ ਦੀ ਪੂਜਾ ਕਰਦਾ ਇਹ ਗੀਤ ਸਮੁੱਚੇ ਹਿੰਦੁਸਤਾਨ ਦਾ ਸਾਂਝਾ ਰਾਸ਼ਟਰੀ ਗਾਇਣ ਨਹੀਂ ਹੋ ਸਕਦਾ। ਇਸ ਤਿੱਖੇ ਵਿਰੋਧ ਦੇ ਮੱਦੇਨਜ਼ਰ ਕਾਂਗਰਸ ਦੀ ਲੀਡਰਸ਼ਿਪ ਨੂੰ ਇਸ ਉੱਪਰ ਸੋਚ-ਵਿਚਾਰ ਕਰਨੀ ਪਈ। 1937 ’ਚ ਕਾਂਗਰਸ ਦੀ ਵਰਕਿੰਗ ਕਮੇਟੀ ਨੂੰ ਇਸ ਦੇ ਸਿਰਫ਼ ਪਹਿਲੇ ਦੋ ਬੰਦ ਗਾਉਣ ਤੱਕ ਸੀਮਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਵੀ ਟੈਗੋਰ ਹੀ ਸੀ ਕਿਉਂਕਿ ਹਿੰਦੂ ਦੇਵੀਆਂ ਦੀ ਮਹਿਮਾ ਹੋਣ ਕਾਰਨ ਇਹ ਮੁਸਲਮਾਨ ਦੇਸ਼ਭਗਤਾਂ ਨੂੰ ਮਨਜ਼ੂਰ ਨਹੀਂ ਸੀ ਅਤੇ ਕਾਂਗਰਸ ਦਾ ਬਹੁਲਤਾਵਾਦੀ ਅਕਸ ਉਭਾਰਨ ਲਈ ਇਸਨੂੰ ਸੀਮਤ ਕਰਨਾ ਜ਼ਰੂਰੀ ਸੀ। ਦਰਅਸਲ, 1951 ’ਚ ਟੈਗੋਰ ਦੇ ਲਿਖੇ ‘ਜਨ-ਗਣ-ਮਨ’ ਨੂੰ ਰਾਸ਼ਟਰੀ ਗਾਇਣ ਵਜੋਂ ਅਪਣਾਏ ਜਾਣ ਤੋਂ ਪਹਿਲਾਂ ‘ਵੰਦੇ ਮਾਤ੍ਰਮ’ ਹੀ ਭਾਰਤੀ ਰਾਸ਼ਟਰਵਾਦੀਆਂ ’ਚ ‘ਰਾਸ਼ਟਰੀ ਗਾਇਣ’ ਵਜੋਂ ਪ੍ਰਚਲਤ ਸੀ। ਫਿਰਕੂ ਹਿੰਦੂ ਰਾਸ਼ਟਰਵਾਦੀ ਇਸ ਨੂੰ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਲਈ ਗਾਉਂਦੇ ਸਨ।
‘ਵੰਦੇ ਮਾਤ੍ਰਮ’ ਵਿਚ ਮਾਂਭੂਮੀ ਨੂੰ ਤਿੰਨ ਦੇਵੀਆਂ—ਜਗੱਧਾਤਰੀ, ਕਾਲੀ ਅਤੇ ਦੁਰਗਾ—ਦੇ ਮਿਲੇ-ਜੁਲੇ ਰੂਪ ਵਿਚ ਚਿਤਰਿਆ ਗਿਆ ਹੈ, ਜੋ ਉਸ ਦੇ ਗੌਰਵਮਈ ਅਤੀਤ, ਅਪਮਾਨਜਨਕ ਵਰਤਮਾਨ ਅਤੇ ਉਸ ਦੇ ਪੁੱਤਰਾਂ ਵੱਲੋਂ ਦੁਸ਼ਮਣ ਨੂੰ ਹਰਾਉਣ ਤੋਂ ਬਾਅਦ ਦੇ ਸ਼ਾਨਦਾਰ ਭਵਿੱਖ ਦਾ ਪ੍ਰਤੀਕ ਹਨ। ਪਹਿਲੇ ਦੋ ਬੰਦਾਂ ਵਿਚ ਇੱਕ ਖੁਸ਼ਹਾਲ ਅਤੇ ਸ਼ਾਂਤ ਧਰਤੀ ਦਾ ਕੋਮਲ ਸ਼ਬਦਾਂ ’ਚ ਚਿਤਰਣ ਅਤੇ ਸਿਮਰਨ ਹੈ, ਪਰ ਅਗਲੇ ਬੰਦਾਂ ਵਿਚ ਗੀਤ ਦਾ ਮਾਹੌਲ ਅਤੇ ਸੁਰ ਇਕਦਮ ਭਿਆਨਕ ਯੁੱਧ-ਮਾਹੌਲ ਵਿਚ ਬਦਲ ਜਾਂਦੇ ਹਨ। ਫਿਰ ਤਲਵਾਰਾਂ ਦੇ ਭਿੜਨ ਦਾ ਸ਼ੋਰ ਅਤੇ ਦੁਸ਼ਮਣ ਨੂੰ ਤਬਾਹ ਕਰਨ ਦੇ ਜੰਗੀ ਐਲਾਨ ਹਨ ਅਤੇ ਮਾਂ-ਭੂਮੀ ਆਪਣੇ ਦਸਾਂ ਹੱਥਾਂ ਵਿਚ ਘਾਤਕ ਹਥਿਆਰ ਫੜੀ ਦੈਂਤਾਂ ਦਾ ਨਾਸ਼ ਕਰਨ ਵਾਲੀ ਦੇਵੀ ਦਾ ਰੂਪ ਧਾਰ ਲੈਂਦੀ ਹੈ।
ਸਨਾਤਨੀ ਆਸਥਾ ਵਾਲਿਆਂ ਨੂੰ ਛੱਡ ਕੇ ਬਾਕੀ ਧਰਮਾਂ ਵਿਚ ਦੇਵੀ-ਦੇਵਤੇ ਪੂਜਣ ਦੀ ਕੋਈ ਧਾਰਨਾ ਨਹੀਂ ਹੈ। ਕਾਂਗਰਸ ਦੇ ਸੈਸ਼ਨਾਂ ਵਿਚ ਇਸ ਗੀਤ ਨੂੰ ਗਾਏ ਜਾਣ ’ਤੇ ਇਸਲਾਮਿਕ ਅਕੀਦੇ ਵਾਲੇ ਰਾਸ਼ਟਰਵਾਦੀਆਂ ਅਤੇ ਦੇਸ਼ਭਗਤਾਂ ਦਾ ਇਤਰਾਜ਼ ਕਰਨਾ ਸੁਭਾਵਿਕ ਸੀ। ਹੋਰ ਧਰਮਾਂ ਨੂੰ ਮੰਨਣ ਵਾਲੇ ਹਿੰਦੂਆਂ ਦੇਵੀਆਂ ਦੇ ਸਿਮਰਨ ਵਿਚ ਸ਼ਾਮਲ ਕਿਉਂ ਹੋਣਗੇ। ‘ਆਨੰਦ ਮੱਠ’ ਨੇ ਮੁਸਲਮਾਨਾਂ ਨੂੰ ਦੈਂਤਾਂ ਦੇ ਰੂਪ ’ਚ ਚਿਤਰਿਆ ਹੈ ਅਤੇ ਉਨ੍ਹਾਂ ਵਿਰੁੱਧ ਯੁੱਧ ਦੀ ਕਮਾਂਡ ਹਿੰਦੂ ਦੈਵੀ ਰੂਪੀ ਮਾਂਭੂਮੀ ਕਰਦੀ ਹੈ। ਉਹ ਆਪਣੇ ਅਪਮਾਨ ਦੇ ਗੁਣਗਾਣ ਵਿਚ ਸ਼ਾਮਲ ਕਿਉਂ ਹੋਣਗੇ। ਜਦੋਂ ਕਾਂਗਰਸ ਦੀਆਂ ਕੇਂਦਰੀ ਸੂਬਿਆਂ ਦੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਵਿਚ ਸਾਰੇ ਵਿਦਿਆਰਥੀਆਂ ਲਈ ‘ਬੰਦੇ ਮਾਤ੍ਰਮ’ ਗਾਉਣਾ ਲਾਜ਼ਮੀ ਕਰ ਦਿੱਤਾ ਤਾਂ ਮੁਸਲਮਾਨਾਂ ਆਗੂਆਂ ’ਚ ਵਧ ਰਹੀ ਬੇਚੈਨੀ ਕਾਰਨ ਕਾਂਗਰਸ ਦੀ ਲੀਡਰਸ਼ਿਪ ਨੂੰ ਇਸ ਉੱਪਰ ਮੁੜ ਵਿਚਾਰ ਕਰਨਾ ਪਿਆ ਅਤੇ 1937 ’ਚ ਸਿਰਫ਼ ਪਹਿਲੇ ਦੋ ਬੰਦ ਗਾਉਣ ਦਾ ਫ਼ੈਸਲਾ ਕੀਤਾ ਗਿਆ।
‘ਵੰਦੇ ਮਾਤ੍ਰਮ’ ਵਿਚਲਾ ਹਿੰਦੂ ਦੇਵੀ ਗੁਣਗਾਣ ਸਿਰਫ਼ ਇਸਲਾਮਿਕ ਅਤੇ ਹੋਰ ਧਾਰਮਿਕ ਅਕੀਦਿਆਂ ਨਾਲ ਹੀ ਨਹੀਂ ਟਕਰਾਉਂਦਾ, ਇਹ ਭਾਰਤ ਦੀ ਸਹੀ ਤਸਵੀਰ ਵੀ ਪੇਸ਼ ਨਹੀਂ ਕਰਦਾ। ਭਾਰਤ ਵਿਚ ਸਨਾਤਨ ਧਰਮੀਂ ਅਕੀਦੇ ਵਾਲੇ ਹਿੰਦੂਆਂ ਤੋਂ ਇਲਾਵਾ ਮੁਸਲਮਾਨ, ਈਸਾਈ, ਪਾਰਸੀ, ਸਿੱਖ, ਬੋਧੀ, ਜੈਨੀ ਆਦਿ ਵੱਖ-ਵੱਖ ਧਾਰਮਿਕ ਅਕੀਦਿਆਂ ਵਾਲੇ ਲੋਕ ਵਸਦੇ ਹਨ ਜਿਨ੍ਹਾਂ ਦੀ ਧਾਰਮਿਕ ਅੰਤਰ-ਆਤਮਾ ਉਨ੍ਹਾਂ ਨੂੰ ਹਿੰਦੂ ਦੇਵੀਆਂ ਦੀ ਪੂਜਾ-ਸਿਮਰਨ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਤੋਂ ਇਲਾਵਾ, ਆਦਿਵਾਸੀ ਲੋਕ ਹਨ ਜਿਨ੍ਹਾਂ ਦੇ ਧਾਰਮਿਕ ਅਕੀਦਿਆਂ ਦਾ ਸਨਾਤਨ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਿੰਦੂ ਰਾਸ਼ਟਰ ਜਾਤ-ਪਾਤੀ ਅਤੇ ਪਿਤਰਸੱਤਾ ਦੇ ਦਾਬੇ ਦਾ ਚਿੰਨ੍ਹ ਹੈ, ਦਲਿਤ ਅਤੇ ਹੋਰ ਦੱਬੇ-ਕੁਚਲੇ ਹਿੱਸੇ ਵੀ ਇਸਦੀ ਜੈ-ਜੈਕਾਰ ਕਿਉਂ ਕਰਨਗੇ। ਇਸ ਤੋਂ ਇਲਾਵਾ, ਧਰਮ-ਨਿਰਲੇਪ ਅਤੇ ਨਾਸਤਿਕ ਹਿੱਸੇ ਹਨ। ‘ਵੰਦੇ ਮਾਤ੍ਰਮ’ ਵਿਚ ਇਨ੍ਹਾਂ ਦੇ ਅਕੀਦਿਆਂ ਲਈ ਕੋਈ ਜਗ੍ਹਾ ਨਹੀਂ ਹੈ।
ਮੁਕੰਮਲ ‘ਵੰਦੇ ਮਾਤ੍ਰਮ’ ਅਤੇ ਆਨੰਦ ਮੱਠ ਵਿਚ ਹਿੰਦੂ ਦੇਵੀਆਂ ਅਤੇ ਬ੍ਰਾਹਮਣਵਾਦ ਦੀ ਜੈ-ਜੈਕਾਰ ਸੰਘ ਬਰਗੇਡ ਦੇ ਹਿੰਦੂ ਰਾਸ਼ਟਰ ਦੇ ਪ੍ਰੋਜੈਕਟ ਨੂੰ ਬਹੁਤ ਰਾਸ ਆਉਂਦੇ ਹਨ, ਇਸ ਕਾਰਨ ਵਿਸ਼ੇਸ਼ ਕਾਨੂੰਨੀ ਸੋਧ ਪਾਸ ਕਰਕੇ ਇਸਨੂੰ ਕੌਮੀ ਗੌਰਵ ਦਾ ਮੁੱਦਾ ਬਣਾਇਆ ਗਿਆ ਹੈ। ‘ਵੰਦੇ ਮਾਤ੍ਰਮ’ ਨੂੰ ਕਾਨੂੰਨ ਦੁਆਰਾ ਲਾਜ਼ਮੀ ਕਰਾਰ ਦੇ ਕੇ ਆਰ.ਐੱਸ.ਐੱਸ. ਆਪਣੇ ਆਪ ਨੂੰ ਆਜ਼ਾਦੀ ਦੀ ਲੜਾਈ ਨਾਲ ਜੋੜ ਕੇ ਪੇਸ਼ ਕਰਨਾ ਚਾਹੁੰਦਾ ਹੈ, ਜਿਸ ਵਿਚ ਉਸਨੇ ਕਦੇ ਹਿੱਸਾ ਨਹੀਂ ਲਿਆ ਸਗੋਂ ਇਸਦਾ ਵਿਰੋਧ ਕਰਦਾ ਰਿਹਾ ਹੈ, ਅਤੇ ਬਾਕੀ ਤਾਕਤਾਂ ਨੂੰ ਉਹ ਇਸ ਬਹਾਨੇ ਰਾਸ਼ਟਰ ਵਿਰੋਧੀ ਦੇ ਤੌਰ ’ਤੇ ਪੇਸ਼ ਕਰਕੇ ਦਬਾਉਣਾ ਚਾਹੁੰਦਾ ਹੈ। ਦਰਅਸਲ, ਇਹ ਹਮਲਾ ਮੁਕੰਮਲ ‘ਵੰਦੇ ਮਾਤ੍ਰਮ’ ਗਾਉਣ ਤੱਕ ਰੁਕਣ ਵਾਲਾ ਨਹੀਂ ਹੈ। ਆਰ.ਐੱਸ.ਐੱਸ.-ਹਿੰਦੂ ਮਹਾ ਸਭਾ ਦੇ ਆਗੂ ਤਾਂ ਇਹ ਵੀ ਸ਼ਰ੍ਹੇਆਮ ਕਹਿੰਦੇ ਰਹੇ ਹਨ ਕਿ ‘ਵੰਦੇ ਮਾਤ੍ਰਮ’ ਦੀ ਥਾਂ ‘ਜਨ-ਗਣ-ਮਨ’ ਨੂੰ ਰਾਸ਼ਟਰੀ ਗੀਤ ਕਿਉਂ ਬਣਾਇਆ ਗਿਆ, ਨਵਾਂ ਸੰਵਿਧਾਨ ਕਿਉਂ ਬਣਾਇਆ ਗਿਆ ਜਦੋਂ ਸਾਡੇ ਕੋਲ ਪਹਿਲਾਂ ਹੀ ਮਨੂਸਮ੍ਰਿਤੀ ਹੈ! ਉਨ੍ਹਾਂ ਨੂੰ ਇਹ ਮਨਜ਼ੂਰ ਨਹੀਂ ਹੈ। ਹੁਣ ਵੀ ਇਹ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ ਕਿ ‘ਜਨ-ਗਣ-ਮਨ’ ਦੀ ਬਜਾਏ ‘ਵੰਦੇ ਮਾਤ੍ਰਮ’ ਨੂੰ ਰਾਸ਼ਟਰੀ ਗੀਤ ਬਣਾਇਆ ਜਾਵੇ। ਆਰ.ਐੱਸ.ਐੱਸ. ਦਾ ਪ੍ਰਚਾਰਤੰਤਰ ਇਹ ਦਲੀਲ ਵੀ ਦਿੰਦਾ ਹੈ ਕਿ ਆਜ਼ਾਦੀ ਦੀ ਲੜਾਈ ਵਿਚ ਅਸਲੀ ਜੋਸ਼ ‘ਵੰਦੇ ਮਾਤ੍ਰਮ’ਨੇ ਭਰਿਆ ਸੀ, ਇਸ ਲਈ ‘ਜਨ-ਗਣ-ਮਨ’ਦੀ ਬਜਾਏ ਇਸ ਨੂੰ ਸਰਵਉੱਚ ਸਥਾਨ ਦਿੱਤਾ ਜਾਣਾ ਚਾਹੀਦਾ ਹੈ।
ਰਾਸ਼ਟਰਵਾਦ ਦੇ ਨਾਂ ’ਤੇ ਬਹੁਲਤਾਵਾਦੀ ਮੁਲਕ ਉੱਪਰ ‘ਵੰਦੇ ਮਾਤ੍ਰਮ’ ਥੋਪਣਾ ਘੋਰ ਲੋਕ ਵਿਰੋਧੀ ਅਤੇ ਧੱਕੜ, ਫਾਸ਼ੀਵਾਦੀ ਕਾਰਾ ਹੈ। ਜੇਕਰ ਸੰਵਿਧਾਨ ਦੇ ਨਜ਼ਰੀਏ ਤੋਂ ਗੱਲ ਕਰਨੀ ਹੋਵੇ ਤਾਂ ‘ਵੰਦੇ ਮਾਤ੍ਰਮ’ ਸੰਵਿਧਾਨ ਦੀ ਆਦਿਕਾ ਦੀ ਮੂਲ਼ ਭਾਵਨਾ ਦੇ ਬਿਲਕੁਲ ਉਲਟ ਹੈ ਜਿਸ ਵਿਚ ਧਰਮ-ਨਿਰਪੱਖ, ਜਮਹੂਰੀ ਮੁੱਲਾਂ ਨੂੰ ਬੁਲੰਦ ਕੀਤਾ ਗਿਆ ਹੈ। ਸੰਘ ਬਰਗੇਡ ਨੇ ‘ਵੰਦੇ ਮਾਤ੍ਰਮ’ ਨਾ ਗਾਉਣ ਨੂੰ ਸਜ਼ਾਯੋਗ ਅਪਰਾਧ ਇਸ ਲਈ ਬਣਾਇਆ ਹੈ ਤਾਂ ਜੋ ਸਜ਼ਾ ਦੇ ਖ਼ੌਫ਼ ਦੇ ਜ਼ੋਰ ਗ਼ੈਰ-ਹਿੰਦੂਆਂ ਤੋਂ ਹਿੰਦੂ ਦੇਵੀ-ਦੇਵਤਿਆਂ ਦਾ ਗੁਣਗਾਣ ਕਰਾਇਆ ਜਾ ਸਕੇ। ਇਹ ਮਨੁੱਖ ਦੀ ਪ੍ਰਗਟਾਵੇ ਦੀ ਆਜ਼ਾਦੀ ਅਤੇ ਆਪਣੀ ਅੰਤਰ-ਆਤਮਾ ਅਨੁਸਾਰ ਧਰਮ ਨੂੰ ਮੰਨਣ ਦੀ ਆਜ਼ਾਦੀ ਉੱਪਰ ਸਿੱਧਾ ਹਮਲਾ ਹੈ। ਮਗਰਲੇ ਦੀ ਗਾਰੰਟੀ ਸੰਵਿਧਾਨ ਦੇ ਆਰਟੀਕਲ 25 ਅਤੇ 26 ਵਿਚ ਦਿੱਤੀ ਗਈ ਹੈ। ਜਦੋਂ ਕੇਰਲਾ ਵਿਚ ਇਕ ਈਸਾਈ ਪੰਥ ‘ਜੇਹੋਵਾਹ’ ਦੇ ਪੈਰੋਕਾਰ ਤਿੰਨ ਬੱਚਿਆਂ ਨੂੰ ‘ਜਨ-ਗਣ-ਮਨ’ ਗਾਏ ਜਾਣ ਸਮੇਂ ਅਵੱਗਿਆ ਕਾਰਨ ਸਕੂਲ ਵਿਚੋਂ ਕੱਢ ਦਿੱਤਾ ਗਿਆ ਤਾਂ ਭਾਰਤ ਦੀ ਸੁਪਰੀਮ ਕੋਰਟ ਨੇ ਬਿਜੋਏ ਇਮੈਨੂਅਲ ਅਤੇ ਹੋਰ ਬਨਾਮ ਕੇਰਲਾ ਰਾਜ (1986) ਕੇਸ ਦੇ ਆਪਣੇ ਫ਼ੈਸਲੇ ਵਿਚ ਉਨ੍ਹਾਂ ਦੀ ਅੰਤਰ-ਆਤਮਾ ਦੀ ਆਜ਼ਾਦੀ ਦੇ ਹੱਕ ਨੂੰ ਬੁਲੰਦ ਕੀਤਾ ਸੀ।
ਜਿੱਥੋਂ ਤੱਕ ਆਮ ਲੋਕਾਂ ਦਾ ਸਵਾਲ ਹੈ, ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਰਕਾਰੀ ਸਮਾਗਮਾਂ ਵਿਚ ‘ਜਨ-ਗਣ-ਮਨ’ ਗਾਇਆ ਜਾ ਰਿਹਾ ਹੈ, ‘ਜਨ-ਗਣ-ਮਨ’ ਅਤੇ ‘ਵੰਦੇ ਮਾਤ੍ਰਮ’ ਦੋਵੇਂ ਗਾਏ ਜਾ ਰਹੇ ਹਨ ਜਾਂ ਵੰਦੇ ਮਾਤ੍ਰਮ ਦੇ ਕਿੰਨੇ ਬੰਦ ਗਾਏ ਜਾ ਰਹੇ ਹਨ। ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਬੁਨਿਆਦੀ ਮਨੁੱਖੀ ਜ਼ਰੂਰਤਾਂ ਤੋਂ ਵਾਂਝੇ, ਅਤੇ ਗ਼ਰੀਬੀ, ਭੁੱਖਮਰੀ, ਬੇਰੁਜ਼ਗਾਰੀ ਆਦਿ ਦੇ ਸਤਾਏ ਦੱਬੇ-ਕੁਚਲੇ, ਕਿਰਤੀ ਲੋਕਾਂ ਲਈ ਫੋਕਾ ਰਾਸ਼ਟਰੀ ਗੌਰਵ ਕੋਈ ਮਾਇਨੇ ਨਹੀਂ ਰੱਖਦਾ। ਉਨ੍ਹਾਂ ਦਾ ਮੂਲ਼ ਸਰੋਕਾਰ ਜ਼ਿੰਦਗੀ ਦੀਆਂ ਬੁਨਿਆਦੀ ਜ਼ਰੂਰਤਾਂ ਦੀ ਪੂਰਤੀ ਲਈ ਸੰਘਰਸ਼ ਨਾਲ ਅਤੇ ਆਪਣੀ ਜ਼ਿੰਦਗੀ ਨੂੰ ਮਨੁੱਖ ਦੇ ਜਿਊਣਯੋਗ ਬਣਾਉਣ ਨਾਲ ਹੈ। ਫਿਰਕੂ ਰਾਸ਼ਟਰਵਾਦ ਤਾਂ ਦਰਅਸਲ ਉਨ੍ਹਾਂ ਦਾ ਧਿਆਨ ਬੁਨਿਆਦੀ ਮਸਲਿਆਂ ਤੋਂ ਭਟਕਾਉਣ ਦਾ ਪਾਟਕ-ਪਾਊ ਹਥਿਆਰ ਹੈ ਜਿਸ ਦੀ ਮੱਦਦ ਨਾਲ ਅਵਾਮ ਵਿਚ ਦੇਸ਼ਭਗਤ ਅਤੇ ਦੇਸ਼ਧ੍ਰੋਹੀ ਦੀ ਝੂਠੀ ਵੰਡ ਖੜ੍ਹੀ ਕੀਤੀ ਜਾ ਰਹੀ ਹੈ ਅਤੇ ਫਾਸ਼ੀਵਾਦੀ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾ ਰਿਹਾ ਹੈ।
