ਟਰੰਪ ਦੀ ਈਰਾਨ ਨੀਤੀ ਕਾਰਨ ਖਾੜੀ ਸਹਿਯੋਗੀਆਂ `ਚ ਵਧੀ ਬੇਚੈਨੀ

ਨਵੀਂ ਦਿੱਲੀ:ਪੱਛਮੀ ਏਸ਼ੀਆ ਵਿਚ ਈਰਾਨ ਨਾਲ ਚੱਲ ਰਹੇ ਲੰਬੇ ਸੰਘਰਸ਼ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਕਾਰਨ ਖਾੜੀ ਦੇ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਦੀ ਚਿੰਤਾ ਵਧਦੀ ਜਾ ਰਹੀ ਹੈ।

ਛੇ ਮਹੀਨਿਆਂ ਤੋਂ ਚੱਲ ਰਹੇ ਯੁੱਧ ਦੌਰਾਨ ਈਰਾਨ ਨਾਲ ਸਮਝੌਤੇ ਵਿਚ ਦੇਰੀ ਨੇ ਅਮਰੀਕਾ ਦੇ ਖਿੱਤੇ ਵਿਚਲੇ ਸਾਥੀਆਂ ਨੂੰ ਚਿੰਤਤ ਕਰ ਦਿੱਤਾ ਹੈ। ਵਾਸ਼ਿੰਗਟਨ ਪੋਸਟ ਅਨੁਸਾਰ, ਅਰਥ ਅਤੇ ਪੱਛਮੀ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਨ੍ਹਾਂ ਦੇਸ਼ਾਂ ਨੂੰ ਇਹ ਡਰ ਹੈ ਕਿ ਯੁੱਧ ਖ਼ਤਮ ਕਰਨ ਦੀ ਕੋਸ਼ਿਸ਼ ਵਿਚ ਟਰੰਪ ਪ੍ਰਸ਼ਾਸਨ ਸੰਵੇਦਨਸ਼ੀਲ ਕੂਟਨੀਤੀ ਨੂੰ ਗ਼ਲਤ ਤਰੀਕੇ ਨਾਲ ਸੰਭਾਲ ਸਕਦਾ ਹੈ, ਜਿਸ ਨਾਲ ਈਰਾਨ ਨੂੰ ਫ਼ਾਇਦਾ ਹੋ ਸਕਦਾ ਹੈ। ਸਹਿਯੋਗੀਆਂ ਵਿਚ ਹੁਣ ਟਰੰਪ ਦੀ ਇਸ ਜਟਿਲ ਸਥਿਤੀ ਨੂੰ ਸੰਭਾਲਣ ਦੀ ਸਮਰੱਥਾ ‘ਤੇ ਵੀ ਸਵਾਲ ਉੱਠ ਰਹੇ ਹਨ। ਹਾਲਾਂਕਿ, ਵ੍ਹਾਈਟ ਹਾਊਸ ਨੇ ਇਨ੍ਹਾਂ ਅਨੁਮਾਨਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਅਮਰੀਕਾ ਆਪਣੇ ਖੇਤਰ ਦੇ ਸਹਿਯੋਗੀਆਂ ਨਾਲ ਲਗਾਤਾਰ ਸੰਪਰਕ ਵਿਚ ਹੈ। ਪਿਛਲੇ ਹਫ਼ਤੇ ਐਕਸੀਓਸ ਦੀ ਰਿਪੋਰਟ ਅਨੁਸਾਰ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਈਰਾਨ ਦੇ ਮਾਮਲੇ ਨੂੰ ਇਸ ਵੇਲੇ ਜਿਆਦਾ ਤਵੱਜੇ ਨਹੀਂ ਦੇ ਰਿਹਾ ਅਤੇ ਨਵੇਂ ਫ਼ੌਜੀ ਹਮਲੇ ਦੀ ਤਿਆਰੀ ਵੀ ਨਹੀਂ ਕਰ ਰਿਹਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਈਰਾਨ ਨਾਲ ਮਾਮੂਲੀ ਪੱਧਰ ‘ਤੇ ਗੱਲਬਾਤ ਚੱਲ ਰਹੀ ਹੈ ਅਤੇ ਅਮਰੀਕਾ ਉਸ ਦੀ ਖ਼ਰਾਬ ਹੋ ਰਹੀ ਆਰਥਿਕ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ।
ਹੋਰਮੁਜ਼ ਬਾਰੇ ਤਹਿਰਾਨ ਦੀ ਖੁੱਲ੍ਹੀ ਚੁਣੌਤੀ
ਇਸ ਦੌਰਾਨ, ਈਰਾਨੀ ਫ਼ੌਜ ਦੇ ਮੁਖੀ ਨੇ ਟਰੰਪ ਨੂੰ ਸਿੱਧੀ ਚਿਤਾਵਨੀ ਦਿੱਤੀ ਹੈ। ਅਲ ਜ਼ਜ਼ੀਰਾ ਅਨੁਸਾਰ, ਫ਼ੌਜ ਦੇ ਮੁਖੀ ਮੇਜਰ ਜਨਰਲ ਆਮਿਰ ਹਾਤਮੀ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਬਾਰੇ ਟਰੰਪ ਦੀਆਂ ਟਿੱਪਣੀਆਂ ਦਾ ਕਰਾਰਾ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਈਰਾਨ ਦਾ ਮਜ਼ਾਕ ਉਡਾਉਣਾ ਅਮਰੀਕੀ ਰਾਸ਼ਟਰਪਤੀ ਨੂੰ ਮਹਿੰਗਾ ਪਵੇਗਾ ਅਤੇ ਈਰਾਨ ਆਪਣੇ ਰਣਨੀਤਕ ਸਮੁੰਦਰੀ ਖੇਤਰ ਵਿਚ ਅਮਰੀਕੀ ਮੌਜੂਦਗੀ ਨੂੰ ਸਵੀਕਾਰ ਨਹੀਂ ਕਰੇਗਾ। ਏਪੀ ਅਨੁਸਾਰ ਈਰਾਨੀ ਫ਼ੌਜ ਨੇ ਅਮਰੀਕੀ ਫ਼ੌਜੀ ਨੂੰ ਫੜਨ ਜਾਂ ਮਾਰਨ ‘ਤੇ 30 ਹਜ਼ਾਰ ਡਾਲਰ ਦੇ ਇਨਾਮ ਦੀ ਐਲਾਨ ਕੀਤਾ ਹੈ। ਈਰਾਨੀ ਫ਼ੌਜ ਦੇ ਮੁਖੀ ਮੁਤਾਬਕ, ਜੇ ਇਹ ਕੰਮ ਈਰਾਨੀ ਔਰਤਾਂ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਦੁੱਗਣਾ ਇਨਾਮ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਰੀਕੀ ਸੈਨਿਕਾਂ ਖ਼ਿਲਾਫ਼ ਅਜਿਹੀ ਮੁਹਿੰਮ ਕਦੋਂ ਅਤੇ ਕਿੱਥੇ ਚਲਾਈ ਜਾਵੇਗੀ। ਇਸ ਐਲਾਨ ਨੂੰ ਟਰੰਪ ਦੀ ਉਸ ਚਿਤਾਵਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਜਿਸ ਵਿਚ ਉਨ੍ਹਾਂ ਨੇ ਅਮਰੀਕੀ ਸੈਨਿਕਾਂ ਨੂੰ ਈਰਾਨ ਦੀ ਜ਼ਮੀਨ ‘ਤੇ ਉਤਾਰਨ ਦੀ ਸੰਭਾਵਨਾ ਪ੍ਰਗਟਾਈ ਸੀ।
ਵਿਦੇਸ਼ੀ ਦਖ਼ਲ ‘ਤੇ ਈਰਾਨ ਵਿਚ ਸਖ਼ਤੀ
ਈਰਾਨੀ ਸੰਸਦ ਨੇ ਇਕ ਅਜਿਹੇ ਬਿੱਲ ਦੇ ਆਮ ਸਿਧਾਂਤਾਂ ਨੂੰ ਮਨਜ਼ੂਰੀ ਦਿੱਤੀ, ਜਿਸ ‘ਚ ਇਜ਼ਰਾਇਲੀ ਮੀਡੀਆ ਨਾਲ ਇੰਟਰਵਿਊ ਅਤੇ ਗੱਲਬਾਤ ਨੂੰ ਅਪਰਾਧ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਕਾਨੂੰਨ ਬਣਨ ਤੋਂ ਬਾਅਦ, ਅਜਿਹੇ ਮੀਡੀਆ ਨਾਲ ਗੱਲਬਾਤ ਕਰਨ ‘ਤੇ ਛੇ ਮਹੀਨੇ ਤੋਂ ਦੋ ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਕਤਰ-ਕੁਵੈਤ ਤੋਂ ਮਦਦ ਮੰਗੀ
ਈਰਾਨ ਨੇ ਕਤਰ ਅਤੇ ਕੁਵੈਤ ਤੋਂ ਆਪਣੇ ਲਾਪਤਾ ਸੈਨਿਕਾਂ ਦੀ ਤਲਾਸ਼ ਲਈ ਜਾਂਚ ਦਲ ਭੇਜਣ ਦੀ ਆਗਿਆ ਮੰਗੀ ਹੈ। ਇਨ੍ਹਾਂ ਵਿਚ ਤਿੰਨ ਲੜਾਕੂ ਜਹਾਜ਼ਾਂ ਦੇ ਪਾਇਲਟ ਅਤੇ ਈਰਾਨੀ ਇਨਕਲਾਬੀ ਗਾਰਡਜ਼ ਦੇ ਚਾਰ ਮੈਂਬਰ ਸ਼ਾਮਲ ਹਨ।
ਫਰਾਂਸ ਨੂੰ ਚਿਤਾਵਨੀ
ਆਈਏਐੱਨਐੱਸ ਅਨੁਸਾਰ, ਈਰਾਨ ਦੇ ਖ਼ੁਫ਼ੀਆ ਮੰਤਰੀ ਨੇ ਫਰਾਂਸ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਕਥਿਤ ਦਖ਼ਲਅੰਦਾਜ਼ੀ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਮੰਤਰੀ ਦਾ ਦੋਸ਼ ਹੈ ਕਿ ਫਰਾਂਸੀਸੀ ਡਿਪਲੋਮੈਟ ਜੁਲਾਈ ਵਿਚ ਤਹਿਰਾਨ ਵਿਚ ਵਿਦੇਸ਼ੀ ਦਖ਼ਲ ਨਾਲ ਜੁੜੇ ਮਾਮਲਿਆਂ ਦੇ ਸ਼ੱਕੀ ਲੋਕਾਂ ਨਾਲ ਗੁਪਤ ਮੀਟਿੰਗ ਵਿਚ ਮਿਲੇ ਸਨ। ਜੇ ਅਜਿਹੀਆਂ ਗਤੀਵਿਧੀਆਂ ਦੁਬਾਰਾ ਹੋਈਆਂ, ਤਾਂ ਲੁੜੀਂਦੀ ਕਾਰਵਾਈ ਕੀਤੀ ਜਾਵੇਗੀ।