ਸੈਂਕੜੇ ਧੀਆਂ ਦਾ ਬਾਪ – ਕੁਲਦੀਪ ਸਿੰਘ ਸਰਾ

ਰਵਿੰਦਰ ਸਿੰਘ ਸਹਿਰਾਅ
ਹਿੰਦੁਸਤਾਨ ਵਿਚ ਤੇ ਖਾਸ ਕਰਕੇ ਸਾਂਝੇ ਪੰਜਾਬ ਵਿਚ ਸਦੀਆਂ ਤੋਂ ਜਿਵੇਂ ਕੁੜੀਆਂ ਨੂੰ ਬਦਸ਼ਗਨੀ, ਮਾਪਿਆਂ ਉਪਰ ਬੋਝ ਅਤੇ ਪੁਰਖਿਆਂ ਦਾ ਵਾਰਸ ਨਾ ਬਣਨ ਜਿਹੀਆਂ ਅਲਾਮਤਾਂ ਨਾਲ ਨਿਵਾਜਿਆ ਜਾਂਦਾ ਰਿਹਾ ਹੈ, ਉਹ ਕਿਸੇ ਤੋਂ ਗੁੱਝਾ ਨਹੀਂ ਹੈ।

ਪੁਰਾਣੇ ਜ਼ਮਾਨੇ ਵਿਚ ਤਾਂ ਦੱਸਦੇ ਨੇ ਕਿ ਕੁੜੀ ਦੇ ਜੰਮਦਿਆਂ ਹੀ ਉਸਨੂੰ ਕੁੱਜੇ ਜਾਂ ਕਿਸੇ ਹੋਰ ਮਿੱਟੀ ਦੇ ਭਾਂਡੇ ਵਿਚ ਰੱਖ ਕੇ, ਨਾਲ ਕੁਝ ਪੂਣੀਆਂ ਅਤੇ ਗੁੜ ਦੀ ਡਲੀ ਰੱਖ ਕੇ ਜ਼ਮੀਨ ਵਿਚ ਦੱਬ ਦਿੱਤਾ ਜਾਂਦਾ ਸੀ। ਦੱਬਣ ਤੋਂ ਬਾਅਦ ਘਰ ਦੀ ਬਜ਼ੁਰਗ ਤੀਵੀਂ ਇਹ ਕਹਿੰਦੀ ਹੁੰਦੀ ਸੀ :-
ਗੁੜ ਖਾਈਂ ਪੂਣੀ ਕੱਤੀਂ
ਆਪ ਨਾ ਆਈਂ
ਵੀਰ ਨੂੰ ਘੱਲੀਂ।
ਹੁਣ ਭਾਵੇਂ ਮਿੱਟੀ ਵਿਚ ਦੱਬਣ ਵਾਲੀ ਗੱਲ ਤਾਂ ਰਹੀ ਨਹੀਂ ਪਰ ਇਸ ਤੋਂ ਵੀ ਭੈੜੀ ਰੀਤ ਚੱਲ ਪਈ ਕਿ ਜੰਮਣ ਤੋਂ ਪਹਿਲਾਂ ਹੀ ਗਰਭ ਵਿਚ ਮਿੱਟੀ ਬਣਾ ਦਿਉ। ਅਜੇ ਕੱਲ੍ਹ ਦੀ ਹੀ ਤਾਂ ਗੱਲ ਹੈ ਜਦੋਂ ਪੰਜਾਬ ਦੇ ਹਰ ਕੋਨੇ ਵਿਚ ‘ਲਿੰਗ ਟੈਸਟ’ ਕਰਨ ਵਾਲੇ ਕਾਤਲ ਡਾਕਟਰਾਂ ਦੇ ਇਸ਼ਤਿਹਾਰ ਦੇਖਣ ਨੂੰ ਮਿਲ ਜਾਂਦੇ ਸਨ। ਵਕਤ ਪੈਣ ਨਾਲ ਕਈ ਜਥੇਬੰਦੀਆਂ ਵੱਲੋਂ ਵਿਰੋਧ ਹੋਇਆ ਤਾਂ ਸਰਕਾਰਾਂ ਸਖ਼ਤ ਹੋਈਆਂ ਪਰ ਦੱਸਦੇ ਨੇ ਕਿ ਚੋਰੀ ਛਿਪੇ ਅਜੇ ਵੀ ਇਹ ਧੰਦਾ ਚੱਲ ਰਿਹਾ ਹੈ।
ਕੁੜੀਆਂ ਨੂੰ ਨਫਰਤ ਕਰਨ ਦਾ ਕਾਰਣ ਵਿਆਹਾਂ ਉੱਪਰ ਬੇਲੋੜੇ ਖਰਚੇ, ਮੁੰਡੇ ਵਾਲਿਆਂ ਦਾ ਲਾਲਚ ਤੇ ਸਮਾਜ ਵਿਚ ਗੁੰਡਾ ਅਨਸਰਾਂ ਦਾ ਬੋਲਬਾਲਾ ਵੀ ਰਿਹਾ ਹੈ। ਹੈਰਾਨੀ ਤਾਂ ਉਦੋ ਹੁੰਦੀ ਹੈ ਜਦੋਂ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ। ਸਮਾਂ ਬਦਲਣ ਨਾਲ ਭਾਵੇਂ ਬੜਾ ਫਰਕ ਪੈ ਗਿਆ ਹੈ। ਪਰ ਅੱਜ ਵੀ ਅਮੀਰ ਘਰਾਂ ਦੇ ਕਾਕੇ ਭ੍ਰਿਸ਼ਟ ਸਿਆਸੀ ਆਕਾਵਾਂ ਦੀ ਸ਼ਹਿ ’ਤੇ ਸਕੂਲ-ਕਾਲਜ ਜਾਂਦੀਆਂ ਲੜਕੀਆਂ ਲਈ ਦਹਿਸ਼ਤ ਅਤੇ ਖੌLਫ ਵਾਲਾ ਮਾਹੌਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਸ਼ਰ੍ਹੇਆਮ ਅਗਵਾ ਕਰਕੇ ਗੈਂਗ ਰੇਪ ਤੇ ਫਿਰ ਮਾਰ ਖਪਾ ਦੇਣ ਦੀਆਂ ਕਿੰਨੀਆਂ ਹੀ ਘਟਨਾਵਾਂ ਪੰਜਾਬ ਦੀ ਧਰਤੀ ਉੱਪਰ ਲਹੂ ਨਾਲ ਲਿਖੀਆਂ ਜਾ ਚੁੱਕੀਆਂ ਹਨ। ਗਰੀਬ ਮਾਪੇ ਇਸ ਖੌLਫ ਕਾਰਣ ਧੀਆਂ ਨੂੰ ਸਕੂਲ ਭੇਜਣ ਤੋਂ ਕੰਨੀ ਕਤਰਾਉਂਦੇ ਹਨ।
ਅਜਿਹੇ ਖ਼ੌਫਨਾਕ ਸਮਿਆਂ ਵਿਚ ਕੁਲਦੀਪ ਸਿੰਘ ਸਰਾ ਧੀਆਂ ਲਈ ਵਰਦਾਨ ਬਣ ਕੇ ਸਾਹਮਣੇ ਆਇਆ ਹੈ। ਉਸ ਦੀ ਆਪਣੀ ਧੀ ਨਹੀਂ ਸੀ ਪਰ ਉਸਦੇ ਸੰਵੇਦਨਸ਼ੀਲ ਮਨ ਨੇ ਫੈਸਲਾ ਕੀਤਾ ਕਿ ਗੁਰੂਆਂ, ਪੀਰਾਂ ਤੇ ਸੂਫੀਆਂ ਦੀ ਧਰਤੀ ਪੰਜਾਬ ਵਿਚ ਖੌLਫਜ਼ਦਾ ਧੀਆਂ ਦੀ ਬਾਂਹ ਫੜਨ ਅਤੇ ਉਨ੍ਹਾਂ ਦੇ ਸਿਰ ਉੱਪਰ ਹੱਥ ਰੱਖਣ ਦਾ ਵਕਤ ਆ ਗਿਆ ਹੈ।
ਕੰਮ ਸੌਖਾ ਨਹੀਂ ਸੀ। ਪਰ ‘ਹਿੰਮਤੇ ਮਰਦਾਂ-ਮਦਦੇ ਖੁਦਾ’ ਦੀ ਕਹਾਵਤ ਮੁਤਾਬਿਕ ਉਸਨੇ 2011 ਵਿਚ ਇਕ ਜਥੇਬੰਦੀ ‘ਧੀਆਂ ਪੁਕਾਰਦੀਆਂ’ ਬਣਾਈ। ਥਾਂ-ਥਾਂ ਜਾ ਕੇ ਹੋਕਾ ਦਿੱਤਾ। ਕਈਆਂ ਨੇ ਹੱਸ ਛੱਡਿਆ ਪਰ ਬਥੇਰਿਆਂ ਨੇ ਇਸਨੂੰ ਗੰਭੀਰਤਾ ਨਾਲ ਲਿਆ। ਉਸਨੇ ਪੰਜਾਬ ਗੇੜੇ ਮਾਰਨੇ ਸ਼ੁਰੂ ਕੀਤੇ। ਪਹਿਲ ਆਪਣੇ ਜ਼ਿਲ੍ਹੇ ਗੁਰਦਾਸਪੁਰ ਤੋਂ ਕੀਤੀ। ਸਕੂਲ-ਕਾਲਜਾਂ ਦੇ ਮੋਢੀਆਂ ਨਾਲ ਮੁਲਾਕਾਤਾਂ ਕੀਤੀਆਂ। ਉਨ੍ਹਾਂ ਕੁੜੀਆਂ ਦੀ ਪਛਾਣ ਕੀਤੀ ਜੋ ਪੜ੍ਹਾਈ ਵਿਚ ਲਾਇਕ ਤਾਂ ਸਨ ਪਰ ਸਾਧਨਾਂ ਦੀ ਘਾਟ ਕਾਰਣ ਉਚੇਰੀ ਪੜ੍ਹਾਈ ਵੱਸੋਂ ਬਾਹਰ ਸੀ। ਪਹਿਲੇ ਸਾਲ ਉਸ ਕੋਲ ਸਿਰਫ ਛੇ ਕੁੜੀਆਂ ਸਨ। ਸਕੂਲ ਮੁਖੀਆਂ ਰਾਹੀਂ ਉਸਨੇ ਹਰ ਕੁੜੀ ਲਈ ਮਹੀਨੇਵਾਰ ਲੋੜੀਂਦੀ ਰਕਮ ਭੇਜਣੀ ਸ਼ੁਰੂ ਕੀਤੀ। ਉਨ੍ਹਾਂ ਵਿਚ ਉਹ ਕੁੜੀਆਂ ਵੀ ਸਨ ਜਿਨ੍ਹਾਂ ਦੇ ਬਾਪ ਨਸ਼ਿਆਂ ਕਾਰਣ ਘਰ ਤਬਾਹ ਕਰ ਰਹੇ ਸਨ। ਖ਼ਾਸ ਕਰਕੇ ਧੀਆਂ ਅਤੇ ਮਾਵਾਂ ਲਈ ਅਜਿਹੇ ਘਰ ਨਰਕ ਬਣ ਚੁੱਕੇ ਸਨ। ਕੁਲਦੀਪ ਦਾ ਕੋਮਲ ਮਨ ਉਨ੍ਹਾਂ ਦੀ ਕਹਾਣੀ ਸੁਣ ਕੇ ਵਲੂੰਧਰਿਆ ਗਿਆ।
ਐਮਰਜੈਂਸੀ (1975) ਦੀਆਂ ਵਧੀਕੀਆਂ ਦਾ ਸ਼ਿਕਾਰ ਕੁਲਦੀਪ ਸਿੰਘ ਸਰਾ ਵੱਖ-ਵੱਖ ਦੇਸ਼ਾਂ ਵਿਚ ਹੁੰਦਾ ਹੋਇਆ ਅਮੈਰਿਕਾ ਦੀ ਸਟੇਟ ਇਲੀਨੌਏ ਪਹੁੰਚਿਆ, ਤੇ ਹੁਣ ਉਹ ਇਸ ਦੇ ਜਗਤ ਪ੍ਰਸਿਧ ਸ਼ਹਿਰ ਸ਼ਿਕਾਗੋ ਦੀ ਇਕ ਖੂਬਸਰਤ ਸਬਰਬ ਨੇਪਰਵਿੱਲ ਵਿਚ ਰਹਿੰਦਾ ਹੈ। ਕੁਲਦੀਪ ਨੇ ਆਪਣੇ ਹਮਖਿਆਲਾਂ, ਨੇੜਲੇ ਰਿਸ਼ਤੇਦਾਰਾਂ ਅਤੇ ਇਲਾਕੇ ਦੇ ਗੁਰੂਘਰਾਂ ਵਿਚ ਆਪਣੀ ਗੱਲ ਰੱਖੀ। ਉਸਦੇ ਤਰਕਸੰਗਤ, ਸੰਜਮ, ਮਿੱਠ ਬੋਲੜੇ, ਸਹਿਜ ਵਾਲੇ ਸੁਭਾਅ ਨੇ ਜਾਦੂਮਈ ਅਸਰ ਕੀਤਾ। ਨਤੀਜੇ ਵਜੋਂ ਸਾਲ 2025 ਤਕ ਅੱਪੜਦਿਆਂ ਉਸਨੇ ਕਰੀਬ ਤੇਰਾਂ ਸੌ ਬੱਚੀਆਂ ਦੀ ਬਾਂਹ ਫੜ ਕੇ ਕਾਲਜ ਤੱਕ ਦੀ ਉਚੇਰੀ ਪੜ੍ਹਾਈ ਕਰਨ ਵਿਚ ਮਦਦ ਕੀਤੀ ਹੈ। ਵੱਡੀ ਗਿਣਤੀ ਵਿਚ ਲੋਕ ਹੁਣ ਹਰ ਸਾਲ ਬੱਝਵੀਂ ਰਕਮ ਨਾਲ ਲਗਾਤਾਰ ਮਦਦ ਕਰਦੇ ਆ ਰਹੇ ਹਨ। ‘ਧੀਆਂ ਪੁਕਾਰਦੀਆਂ’ ਅਮਰੀਕਾ ਵਿਚ ਰਜਿਸਟਰਡ ਸੰਸਥਾ ਹੈ। ਦਾਨ ਕੀਤੀ ਰਕਮ ਟੈਕਸ-ਮੁਆਫ ਹੈ। ਇਹ ਸੰਸਥਾ ਅਮਰੀਕੀ ਕਾਨੂੰਨ 501 (ਚ) (3) ਦੀ ਧਾਰਾ ਥੱਲੇ ਦਰਜ ਹੈ ਜਿਸ ਰਾਹੀਂ ਦਾਨੀ ਸੱਜਣ ਆਪਣੀ ਆਮਦਨ ਵਿਚੋਂ ਹਰ ਸਾਲ ਟੈਕਸ ਭਰਨ ਸਮੇਂ ਛੋਟ ਲੈ ਸਕਦੇ ਹਨ। ਪਰ ਫਿਰ ਵੀ ਉਹ ਦੱਸਦੇ ਹਨ ਕਿ ਕਈ ਕਾਨੂੰਨ (ਦੇਸ ਅਤੇ ਵਿਦੇਸ਼) ਅੜਿੱਕਾ ਬਣਦੇ ਹਨ। ਉਹ ਹਰ ਹਾਲਤ ਦਾ ਮੁਕਬਲਾ ਕਰਦੇ ਹੋਏ ਲਗਾਤਾਰ ਸਹਾਇਤਾ ਭੇਜਣ ਲਈ ਵਚਨਬੱਧ ਹਨ। ਧੀਆਂ ਨੂੰ ਉਹ ਸਮਾਜ ਦਾ ਸਭ ਤੋਂ ਅਹਿਮ ਅੰਗ ਮੰਨਦੇ ਹਨ। ਬਾਬੇ ਨਾਨਕ ਦੇ ਫਲਸਫੇ ਨੂੰ ਅਗਾਂਹ ਤੋਰਨ ਵਾਲਾ ਸਾਡਾ ਸ਼ਾਇਰ ਤ੍ਰੈਲੋਚਨ ਲੋਚੀ ਵੀ ਲਿਖਦਾ ਹੈ:-
ਜ਼ਾਲਮ ਕਹਿਣ ਬਲਾਵਾਂ ਹੁੰਦੀਆਂ।
ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ
ਹੋਰ ਵੀ ਕਈ ਸ਼ਾਇਰਾਂ ਨੇ ਧੀਆਂ ਬਾਰੇ ਬਹੁਤ ਖੂਬਸੂਰਤ ਨਜ਼ਮਾਂ ਲਿਖੀਆਂ ਹਨ। ਪੰਜਾਬੀ ਦੇ ਮਾਣਮੱਤੇ ਕਵੀ ਧਨੀ ਰਾਮ ਚਾਤ੍ਰਿਕ ਲਿਖਦੇ ਹਨ:-
ਭਾਗ ਲੱਗਾ ਸੀ ਚਾਰ (ਚੁਫੇਰੇ)
ਐਸੀ ਸੋਹਣੀ ਪਿਆਰੀ ਮਿੱਠੀ
ਇਸ ਤੋਂ ਪਹਿਲਾਂ ਨਹਿੰ ਸੀ ਡਿੱਠੀ (ਇਕ ਲੰਮੀ ਕਵਿਤਾ ‘ਚੋਂ)
ਮੇਰੀ ਇੱਕ ਨਜ਼ਮ ‘ਧੀਆਂ’ ਦੀਆਂ ਕੁਝ ਸਤਰਾਂ ਹਨ:
ਹੱਜ ਕਰਨ ਤੋਂ
ਕਿਸੇ ਵੀ ਤਰ੍ਹਾਂ ਘੱਟ ਨਹੀਂ ਹੁੰਦਾ
ਕਲਾਵੇ ਵਿਚ ਲਈ ਧੀ ਦਾ ਮੱਥਾ ਚੁੰਮਣਾ।
ਕੁਲਦੀਪ ਸਿੰਘ ਸਰਾ ਨੂੰ ਹਾਸ਼ੀਏ ‘ਤੇ ਰਹਿੰਦੇ ਲੋਕਾਂ ਦੀ ਧਿਰ ਬਣਨ ਦੀ ਗੁੜ੍ਹਤੀ ਪਰਿਵਾਰ ਕੋਲੋਂ ਮਿਲੀ। 7 ਜੁਲਾਈ 1945 ਨੂੰ ਉਨ੍ਹਾਂ ਦਾ ਜਨਮ ਨਾਨਕੇ ਪਿੰਡ ਵੀਲ੍ਹਾ ਬੱਜੂ (ਨੇੜੇ ਸ੍ਰੀ ਹਰਗੋਬਿੰਦ ਪੁਰ ਜ਼ਿਲ੍ਹਾ ਗੁਰਦਾਸਪੁਰ) ਵਿਚ ਪਿਤਾ ਸ. ਰਘਬੀਰ ਸਿੰਘ ਅਤੇ ਮਾਤਾ ਆਗਿਆ ਕੌਰ ਦੀ ਕੁੱਖੋਂ ਹੋਇਆ। ਉਂਜ ਉਨ੍ਹਾਂ ਦਾ ਜੱਦੀ ਪਿੰਡ ਧੌਲਪੁਰ ਜ਼ਿਲ੍ਹਾ ਗੁਰਦਾਸਪੁਰ ਹੈ। ਉਨ੍ਹਾਂ ਦੇ ਪੁਰਖੇ ਸਾਲ 1957 ਵਿਚ ਪੰਜਾਬ ਵਿਚਲੀ ਜ਼ਮੀਨ ਵੇਚ ਕੇ ਨੇਪਾਲ ਦੇ ਬਾਰਡਰ ਲਾਗੇ ਯੂ.ਪੀ. ਵਿਚ ਵਸ ਗਏ। ਇਨ੍ਹਾਂ ਦੇ ਪਰਿਵਾਰ ਦੀ ਨੇੜਤਾ ਗਦਰੀ ਬਾਬਾ ਵਿਸਾਖਾ ਸਿੰਘ ਜੀ ਨਾਲ ਉਨ੍ਹਾਂ ਦੇ ਅੰਤਲੇ ਸਾਹਾਂ ਤਕ ਰਹੀ। ਘਰ ਵਿਚ ਅਕਸਰ ਬਾਬਾ ਜੀ ਦੀਆਂ ਕੁਰਬਾਨੀਆਂ ਦਾ ਜ਼ਿਕਰ ਹੁੰਦਾ ਰਹਿੰਦਾ ਸੀ, ਜਿਸਦਾ ਅਸਰ ਬਾਲ ਕੁਲਦੀਪ ਉਪਰ ਏਨਾ ਪਿਆ ਕਿ ਉਸਦੀ ਸੋਚ ਹੀ ਬਦਲ ਗਈ।
ਪੰਜਾਬ ਵਿਚ ਰਹਿੰਦਿਆਂ ਉਨ੍ਹਾਂ ਦੇ ਪਿਤਾ ਨੇ ਭਾਵੇਂ ਵੈਟਰਨਰੀ ਡਾਕਟਰ ਦੀ ਡਿਗਰੀ ਤਾਂ ਪ੍ਰਾਪਤ ਨਾ ਕੀਤੀ ਪਰ ਹਿਸਾਰ (ਹੁਣ ਹਰਿਆਣਾ) ਵਿਚ ਕੁਝ ਮਹੀਨਿਆਂ ਦੀ ਸਿਖਲਾਈ ਲੈ ਕੇ ਉਹ ਚੰਗੇ ਕਹਿੰਦੇ ਕਹਾਉਂਦੇ ਡਾਕਟਰਾਂ ਵਾਂਗ ਇਲਾਕੇ ਵਿਚ ਕੰਮ ਕਰਦੇ ਰਹੇ। ਕਿਸੇ ਗਰੀਬ-ਗੁਰਬੇ ਦਾ ਮਾਲ ਡੰਗਰ ਬਿਮਾਰ ਹੋ ਜਾਣਾ ਤਾਂ ਉਹ ਨਾ ਦਿਨ ਦੇਖਦੇ ਤੇ ਨਾ ਰਾਤ। ਬਿਨਾਂ ਫੀਸ ਲਿਆਂ ਉਸਦਾ ਇਲਾਜ ਕਰਦੇ ਤਾਂ ਅਸੀਸਾਂ ਲੈਂਦੇ।
ਉਹ ਪੰਜ ਭੈਣ-ਭਰਾਵਾਂ ਵਿਚੋਂ ਵੱਡੇ ਹਨ। ਤਿੰਨ ਭਰਾ ਅੱਜ-ਕੱਲ੍ਹ ਅਮਰੀਕਾ ਵਿਚ ਚੰਗੇ ਕਾਰੋਬਾਰ ਕਰਦੇ ਹਨ। ਇੱਕ ਭਰਾ ਪ੍ਰੋ. ਮਨਜੀਤ ਸਿੰਘ ਪੰਜਾਬ ਯੂਨੀਵਰਸਿਟੀ ਵਿਚੋਂ ਕੰਮ ਮੁਕਤ (੍ਰਓਠੀ੍ਰਓ) ਹੋ ਕੇ ਪੰਜਾਬ ਦੀ ਸਿਆਸਤ ਬਾਰੇ ਤਬਸਰਾ ਕਰਨ ਵਾਲੇ ਕੁਝ ਕੁ ਉਂਗਲਾਂ ‘ਤੇ ਗਿਣੇ ਜਾਣ ਵਾਲੇ ਵਿਅਕਤੀਆਂ ਵਿਚ ਸ਼ੁਮਾਰ ਹੈ। ਜਿਸਨੇ ਇਤਿਹਾਸਕ ਕਿਸਾਨ ਮੋਰਚੇ ਵੇਲੇ ਮੂਹਰਲੀਆਂ ਸਫਾਂ ਵਿਚ ਰਹਿ ਕੇ ਦਿਨ-ਰਾਤ ਇੱਕ ਕਰ ਦਿੱਤਾ ਸੀ। ਇੱਕ ਭਰਾ ਅਮਰੀਕ ਸਿੰਘ ਜਵਾਨੀ ਵੇਲੇ ਵਿਦਿਆਰਥੀ ਲਹਿਰਾਂ ਦਾ ਹਿੱਸਾ ਰਿਹਾ। ਉਸ ਨੂੰ ਗਾਂਧੀ ਚੌਕ ਫਗਵਾੜਾ (ਜੋ ਹੁਣ ਨਹੀਂ ਰਿਹਾ) ਵਿਚ ਗਾਂਧੀ ਦਾ ਬੁੱਤ ਤੋੜਨ ਦੇ ਇਲਜ਼ਾਮ ਵਿਚ ਜੇਲ੍ਹ ਵੀ ਜਾਣਾ ਪਿਆ ਸੀ। ਪੰਜਾਂ ਭਰਾਵਾਂ ਦੀ ਇਕਲੌਤੀ ਭੈਣ ਇੰਦਰਜੀਤ ਕਿਸੇ ਵੇਲੇ ਪੰਜਾਬ ਸਟੂਡੈਂਟਸ ਯੂਨੀਅਨ ਦੀ ਸਰਗਰਮ ਵਰਕਰ ਰਹੀ। ਅੱਜ-ਕੱਲ, ਉਹ ਕਾਲਜ ਵਿਚੋਂ ਕੰਮ ਮੁਕਤ ਹੋ ਕੇ ਆਪਣੇ ਸਾਥੀ ਦਲਜੀਤ ਸਿੰਘ ਸਰਾਂ ਨਾਲ ਚੰਡੀਗੜ੍ਹ ਕਿਆਮ ਕਰ ਰਹੀ ਹੈ। ਦਲਜੀਤ ਵੀ ਪੰਜਾਬੀ ਦੇ ਸਿਰਕੱਢ ਪੱਤਰਕਾਰਾਂ ਵਿਚ ਗਿਣਿਆ ਜਾਂਦਾ ਹੈ।
ਕੁਲਦੀਪ ਨੇ ਪ੍ਰਾਇਮਰੀ ਪੜ੍ਹਾਈ ਤੋਂ ਬਾਅਦ ਹਾਇਰ ਸੈਕੰਡਰੀ ਖ਼ਾਲਸਾ ਕਾਲਜ ਅੰਬਰਸਰ ਦੇ ਸਕੂਲ ਤੋਂ ਪਾਸ ਕੀਤੀ। ਪੜ੍ਹਨ ਵਿਚ ਲਾਇਕ ਹੋਣ ਕਾਰਨ ਉਨ੍ਹਾਂ ਰਾਮਗੜ੍ਹੀਆ ਪਾਲੇਟੈਕਨਿਕ ਕਾਲਜ ਫਗਵਾੜਾ ਵਿਚ ਦਾਖਲਾ ਲਿਆ ਅਤੇ ਮਕੈਨੀਕਲ ਇੰਜੀਨੀਅਰ ਦੀ ਡਿਗਰੀ/ਡਿਪਲੋਮਾ ਹਾਸਲ ਕੀਤਾ। ਉਨ੍ਹੀਂ ਦਿਨੀਂ ਉਹ ਫਗਵਾੜਾ ਦੇ ਸਤਨਾਮਪੁਰਾ ਮੁਹੱਲੇ ਵਿਚ ਇੱਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਮਾਤਾ-ਪਿਤਾ ਅਤੇ ਚਾਚੇ ਕਿਉਂਕਿ ਯੂ.ਪੀ. ਵਿਚ ਰਹਿੰਦੇ ਸਨ ਪਰ ਪੜ੍ਹਾਈ ਦੀ ਅਹਿਮੀਅਤ ਨੂੰ ਬਾਖੂਬੀ ਸਮਝਦੇ ਸਨ। ਬੱਚਿਆਂ ਨੂੰ ਪੜ੍ਹਾ ਤਾਂ ਉਹ ਉੱਥੇ ਵੀ ਸਕਦੇ ਸਨ ਪਰ ਪੰਜਾਬੀ ਬੋਲੀ ਤੇ ਸੱਭਿਆਚਾਰ ਤੋ ਉਨ੍ਹਾਂ ਕੋਰੇ ਰਹਿ ਜਾਣਾ ਸੀ। ਇਸੇ ਲਈ ਛੋਟੇ ਭੈਣ-ਭਰਾਵਾਂ ਨੂੰ ਵੀ ਉਨ੍ਹਾਂ ਕੁਲਦੀਪ ਕੋਲ ਫਗਵਾੜੇ ਹੀ ਭੇਜ ਦਿੱਤਾ। ਤਾਂ ਜੋ ਉਹ ਪੰਜਾਬ ਦੇ ਅਮੀਰ ਵਿਰਸੇ ਨੂੰ ਆਪਣੇ ਦਿਲੋ-ਦਿਮਾਗ ਵਿਚ ਵਸਾ ਸਕਣ।
ਇੱਥੇ ਹੀ ਉਨ੍ਹਾਂ ਦੀ ਜ਼ਿੰਦਗੀ ਵਿਚ ਬੜੀਆਂ ਦਿਲਚਸਪ ਤੇ ਰੰਗੀਨ ਤਬਦੀਲੀਆਂ ਸ਼ੁਰੂ ਹੁੰਦੀਆਂ ਹਨ। ਉਹ ਮਾਂ-ਬਾਪ ਦੀ ਗੈਰ-ਹਾਜ਼ਰੀ ਵਿਚ ਛੋਟੇ ਭੈਣ ਭਰਾਵਾਂ ਲਈ ਬਾਪ ਅਤੇ ਖਾਸ ਕਰਕੇ ਮਾਂ ਬਣ ਕੇ ਵਿਚਰਨ ਲੱਗੇ। ਸਵੇਰੇ ਉੱਠ ਕੇ ਉਨ੍ਹਾਂ ਨੂੰ ਨੁਹਾ ਕੇ ਤਿਆਰ ਕਰਨਾ, ਚੰਗੀ ਸਿੱਖਿਆ ਦੇਣਾ, ਸਕੂਲ ਭੇਜਣਾ, ਉਨ੍ਹਾਂ ਦੀ ਜ਼ਿੰਦਗੀ ਦਾ ਨਿੱਤ ਦਾ ਕਰਮ ਬਣ ਗਿਆ। ਆਂਢ-ਗੁਆਂਢ ਦੇ ਲੋਕ ਵੀ ਉਸਦੀ ਲਗਨ ਉੱਪਰ ਫਖ਼ਰ ਕਰਦੇ। ਉਹ ਅਕਸਰ ਕਹਿੰਦੇ ਕਿ ‘ਰੱਬਾ ਜੇ ਪੁੱਤ ਦੇਣਾ ਹੈ ਤਾਂ ਉਹ ਕੁਲਦੀਪ ਵਰਗਾ ਦੇਵੀਂ।’
ਇਹ ਦਿਨ ਸਿਆਸਤ ਵਿਚ ਇਨਕਲਾਬੀ ਉੱਥਲ਼-ਪੁੱਥਲ਼ ਦੇ ਸਨ। ਮਈ 1967 ਵਿਚ ਬੰਗਾਲ ਦੇ ਜ਼ਿਲ੍ਹਾ ਦਾਰਜੀਲਿੰਗ ਦੇ ਪਿੰਡ, ਨਕਸਲਬਾੜੀ ਵਿਚ ਹਥਿਆਰਬੰਦ ਇਨਕਲਾਬ ਦਾ ਬਿਗਲ ਵੱਜ ਚੁੱਕਾ ਸੀ। ਇਸ ਲਾਲ ਹਨੇਰੀ ਦੇ ਬੁੱਲ੍ਹੇ ਹੋਰ ਸੂਬਿਆਂ ਸਮੇਤ ਪੰਜਾਬ ਵਿਚ ਵੀ ਪਹੁੰਚ ਰਹੇ ਸਨ। ਪੋਲੀਟੈਕਨਿਕ ਕਾਲਜ ਫਗਵਾੜਾ ਵਿਚ ਪੜ੍ਹਦਿਆਂ ਉਨ੍ਹਾਂ ਦਾ ਇੱਕ ਪ੍ਰੋਫੈਸਰ ਮਨੋਹਰ ਸਿੰਘ ਪਰਮਾਰ ਹੁੰਦਾ ਸੀ ਜੋ ਅਗਾਂਹਵਧੂ ਖਿਆਲਾਂ ਦਾ ਸੀ। ਇਕ ਦਿਨ ਉਸ ਨੇ ਕੁਲਦੀਪ ਨੂੰ ਕਿਹਾ, ‘ਮੈਂ ਬਾਬਾ ਸੋਹਣ ਸਿੰਘ ਭਕਨਾ ਨੂੰ ਮਿਲਣ ਜਾਣਾ ਹੈ। ਤੂੰ ਵੀ ਮੇਰੇ ਨਾਲ ਚੱਲ’। ਬਾਬਾ ਜੀ ਨਾਲ ਮੁਲਾਕਾਤ ਨੇ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਦਿੱਤੀ। ਇਹ ਉਹੀ ਦਿਨ ਸਨ ਜਦੋਂ ਮਲਵਿੰਦਰਜੀਤ ਸਿੰਘ ਵੜੈਚ ਅਤੇ ਰਜਿੰਦਰ ਸਿੰਘ ਚੀਮਾ (ਜੋ ਬਾਅਦ ਵਿਚ ਕਾਂਗਰਸ ਸਰਕਾਰ ਵੇਲੇ ਅਟਾਰਨੀ ਜਨਰਲ ਵੀ ਰਹੇ) ਆਦਿ ਕੁੱਝ ਨੌਜਵਾਨਾਂ ਨੇ ਭਗਤ ਸਿੰਘ ਦੀ ਮਾਤਾ ਦੀ ਪ੍ਰੇਰਨਾ ਨਾਲ ਜਲੰਧਰ ਵਿਚ ‘ਯੁਵਕ ਕੇਂਦਰ’ ਬਣਾਇਆ। ਕੁਲਦੀਪ ਸਿੰਘ ਵੀ ਉੱਥੇ ਜਾਣ ਲੱਗ ਪਿਆ। ਨੌਜਵਾਨਾਂ ਵਿਚ ਇਨਕਲਾਬ ਦੀ ਚਿਣਗ ਲਾਉਣ ਲਈ ਯੁਵਕ ਕੇਂਦਰ ਦਾ ਬੜਾ ਅਹਿਮ ਰੋਲ ਰਿਹਾ ਹੈ। ਇੱਥੇ ਹੀ ਉਨ੍ਹਾਂ ਦੀ ਦੋਸਤੀ ਪ੍ਰਸਿੱਧ ਕਵੀ (ਹੁਣ ਸਫਲ ਕਿਸਾਨ ਵਜੋਂ ਜਾਣੇ ਜਾਂਦੇ) ਮੁਹਿੰਦਰ ਸਿੰਘ ਦੋਸਾਂਝ ਨਾਲ ਹੋਈ। ਦੋਸਾਂਝ ਦੇ ਪਿੰਡ ਜਗਤਪੁਰ ਉਨ੍ਹਾਂ ਦੇ ਖੁਹ ‘ਤੇ ਪਹਿਲੀ ਵੇਰ ਬਾਬਾ ਬੂਝਾ ਸਿੰਘ ਅਤੇ ਭਾਗ ਸਿੰਘ ਕੈਨੇਡੀਆ ਨਾਲ ਵੀ ਮੁਲਾਕਾਤ ਇੱਕ ਸਕੂਲਿੰਗ ਦੌਰਾਨ ਹੋਈ। ਕੁਲਦੀਪ ਸਿੰਘ ਦੇ ਬਾਬੇ ਸ. ਪੂਰਨ ਸਿੰਘ ਦੇ ਭਰਾ ਸ. ਲਸ਼ਮਣ ਸਿੰਘ ਅਤੇ ਸ. ਬਿਸ਼ਨ ਸਿੰਘ ਅੰਗਰੇਜ਼ਾਂ ਖ਼ਿਲਾਫ ਲੱਗੇ ਕਈ ਮੋਰਚਿਆਂ ਵਿਚ ਹਿੱਸਾ ਲੈਂਦੇ ਰਹੇ ਸਨ। ‘ਪ੍ਰੀਤ ਲੜੀ’ ਮੈਗਜ਼ੀਨ ਵੀ ਉਨ੍ਹਾਂ ਦੇ ਘਰ ਆਉਂਦਾ ਸੀ, ਜਿਸ ਕਾਰਣ ਗੁਰਬਖਸ਼ ਸਿੰਘ ਦਾ ਆਦਰਸ਼ਿਕ ਜੀਵਨ ਜਿਉਣ ਦਾ ਢੰਗ ਉਨ੍ਹਾਂ ਨੂੰ ਚੰਗਾ ਲੱਗਦਾ ਸੀ ਤੇ ਹੁਣ ਤਕ ਉਹ ਉਸੇ ਜੀਵਨ ਜਾਚ ਨਾਲ ਜਿਉ ਰਹੇ ਹਨ। ਆਮ ਤੌਰ ‘ਤੇ ਬਹੁਤੇ ਕਾਮਰੇਡ ਸਾਥੀ ਸਿਗਰਟ, ਦਾਰੂ ਆਦਿ ਪੀਣ ਨੂੰ ਆਪਣਾ ਇਨਕਲਾਬੀ ਕਰਮ ਮੰਨਦੇ ਸਨ ਪਰ ਇਹ ਚੀਜ਼ਾਂ ਉਨ੍ਹਾਂ ਲਾਗੇ ਵੀ ਨਹੀਂ ਲੱਗਣ ਦਿੱਤੀਆਂ।
1971 ਵਿਚ ਉਨ੍ਹਾਂ ਦਾ ਵਿਆਹ ਬਰਜਿੰਦਰ ਕੌਰ (ਬਿੰਦਰ) ਨਾਲ ਹੋ ਗਿਆ। ਵਿਆਹ ਦਾ ਕਿੱਸਾ ਵੀ ਕਿਸੇ ਪਰੀ ਕਹਾਣੀ ਤੋਂ ਘੱਟ ਨਹੀਂ। ਫਗਵਾੜੇ ਦੇ ਸਤਨਾਮਪੁਰਾ ਮੁਹੱਲੇ (ਰਾਮਗ੍ਹੜੀਆ ਕਾਲਜਾਂ ਦੇ ਸਾਹਮਣੇ) ਜਿੱਥੇ ਉਹ ਰਹਿੰਦੇ ਸਨ, ਉਨ੍ਹਾਂ ਦੇ ਗੁਆਂਢ ਵਿਚ ਰਾਮਗੜ੍ਹੀਆ ਆਰਟਸ ਕਾਲਜ ਵਿਚ ਅੰਗਰੇਜ਼ੀ ਦੇ ਪ੍ਰੋਫੈਸਰ ਹਰਬੰਸ ਸਿੰਘ ਵਿਰਕ ਆਪਣੀ ਅਧਿਆਪਕ ਪਤਨੀ ਨਾਲ ਰਹਿੰਦੇ ਸਨ। ਵਿਰਕ ਹੋਰਾਂ ਦਾ ਪਿੰਡ ਨਡਾਲੇ ਅਤੇ ਲੱਖਣਕੇ ਪੱਡਾ ਵਿਚਕਾਰ ਜੱਗਾਂ ਸੀ। ਛੇ ਭਰਾਵਾਂ ਅਤੇ ਦੋ ਭੈਣਾਂ ਵਿਚੋਂ ਉਹ ਦੂਜੇ ਨੰਬਰ ‘ਤੇ ਸਨ। ਕੁਲਦੀਪ ਦੇ ਛੋਟੇ ਭੈਣ ਭਰਾਵਾਂ ਵਾਂਗ ਉਨ੍ਹਾਂ ਦੀ ਛੋਟੀ ਭੈਣ ਬਿੰਦਰ ਅਤੇ ਇਕ ਭਰਾ ਕਮਲਜੀਤ ਵੀ ਉਨ੍ਹਾਂ ਕੋਲ ਹੀ ਰਹਿੰਦੇ ਸਨ। ਕਮਲਜੀਤ ਰਾਮਗੜ੍ਹੀਆ ਹਾਇਰ ਸੈਕੰਡਰੀ ਸਕੂਲ ਦੀ ਫੁੱਟਬਾਲ ਟੀਮ ਵਿਚ ਚੰਗਾ ਖਿਡਾਰੀ ਸੀ। ਇਹ ਉਹੀ ਕਮਲਜੀਤ ਸੀ ਜੋ ਬਾਅਦ ਵਿਚ ਨਡਾਲੇ ਕਾਲਜ ਵਿਚ ਪੜ੍ਹਦਿਆਂ ਪੀ.ਐੱਸ.ਯੂ. ਦੇ ਸੰਪਰਕ ਵਿਚ ਆ ਕੇ ਧੜੱਲੇਦਾਰ ਆਗੂ ਬਣਿਆ ਤੇ ਕਮਲਜੀਤ ਵਿਰਕ ਦੇ ਨਾਂਅ ਨਾਲ ਜਾਣਿਆ ਜਾਣ ਲੱਗਿਆ। ਉਸਨੇ ਸਾਡੇ ਨਾਲ ਐਮਰਜੈਂਸੀ ਵਿਚ ਮੀਸਾ ਤਹਿਤ ਨਜ਼ਰਬੰਦੀ ਵੀ ਕੱਟੀ ਅਤੇ ਅੰਬਰਸਰ ਦੇ ਬਦਨਾਮ ਬੁੱਚੜਖ਼ਾਨੇ ਦਾ ਤਸ਼ੱਦਦ ਵੀ ਝੱਲਿਆ।
ਖੈਰ……ਆਪਾਂ ਤਾਂ ਕੁਲਦੀਪ ਸਿੰਘ ਦੇ ਵਿਆਹ ਦੀ ਗੱਲ ਕਰਨ ਲੱਗੇ ਸੀ। ਪ੍ਰੋ. ਵਿਰਕ ਬਹੁਤ ਹੀ ਸਹਿਜ, ਸਿਆਣੇ ਅਤੇ ਸੰਤ ਸੁਭਾਅ ਵਾਲੀ ਸ਼ਖਸੀਅਤ ਦੇ ਮਾਲਕ ਸਨ। ਉਨ੍ਹਾਂ ਹਰ ਰੋਜ਼ ਕੁਲਦੀਪ ਦੀਆਂ ਸਰਗਰਮੀਆਂ ਦੇਖਣੀਆਂ ਕਿ ਕਿਵੇਂ ਉਹ ਆਪਣੇ ਨਿੱਕੇ ਭੈਣ ਭਰਾਵਾਂ ਦੀ ਦੇਖਭਾਲ ਕਰਦਾ ਹੈ। ਉਨ੍ਹਾਂ ਦੋਵਾਂ ਜੀਆਂ ਦੇ ਮਨ ਵਿਚ ਆਉਣਾ ਕਿ ਕਿਉਂ ਨਾ ਬਿੰਦਰ ਦਾ ਰਿਸ਼ਤਾ ਇਸ ਨੌਜਵਾਨ ਨਾਲ ਕਰ ਦਿੱਤਾ ਜਾਵੇ। ਬਿੰਦਰ ਵੀ ਸੋਹਣੀ ਫੱਬਦੀ ਗੋਰੀ ਚਿੱਟੀ ਸਲੀਕੇ ਵਾਲੀ ਕੁੜੀ ਸੀ। ਗੁਆਂਢ ਵਿਚ ਰਹਿਣ ਕਾਰਨ ਉਹ ਕੁਲਦੀਪ ਦੇ ਭਰਾ ਤੇ ਭੈਣ ਨਾਲ ਕਾਫੀ ਘੁਲ-ਮਿਲ ਗਈ ਸੀ। ਇੱਕ ਵਾਰ ਛੁੱਟੀਆਂ ਵਿਚ ਕੁਲਦੀਪ ਆਪਣੇ ਮਾਪਿਆਂ ਦੀ ਮਦਦ ਕਰਨ ਯੂ.ਪੀ. ਗਿਆ ਹੋਇਆ ਸੀ। ਪਿੱਛੋਂ ਭੈਣ ਭਰਾ ਨੇ ਬਿੰਦਰ ਨਾਲ ਤੇ ਵਿਰਕ ਜੋੜੀ ਨਾਲ ਸਲਾਹ ਕਰਕੇ ਮਤਾ ਪਕਾ ਲਿਆ ਕਿ ਇਨ੍ਹਾਂ ਦੋਵਾਂ ਦਾ ਵਿਆਹ ਕਰ ਦੇਣਾ ਹੈ। ਕੁਲਦੀਪ ਭਾਜੀ ਦੱਸਦੇ ਨੇ ਕਿ ਜਦੋ ਮੈਂ ਵਾਪਸ ਫ਼ਗਵਾੜੇ ਆਇਆ ਤਾਂ ਨਿੱਕੇ ਭੈਣ, ਭਰਾ ਨੇ ਬਿਠਾ ਕੇ ਫੈਸਲਾ ਸੁਣਾ ਦਿੱਤਾ ਕਿ ਅਸੀਂ ਤੁਹਾਡੇ ਲਈ ਕੁੜੀ ਪਸੰਦ ਕਰ ਲਈ ਹੈ। ਤੁਸੀਂ ਨਾਂਹ ਨਹੀਂ ਕਰ ਸਕਦੇ। ਉਹ ਹੱਕੇ-ਬੱਕੇ ਹੋ ਕੇ ਰਹਿ ਗਏ ਕਿ ਇਹ ਕਿਹੋ ਜਿਹਾ ਫੈਸਲਾ ਹੈ ਤੇ ਉੱਤੋ ਨਾਂਹ ਵੀ ਨਹੀਂ ਕਰਨੀ। ਇਸ ਤਰ੍ਹਾਂ ਇਨ੍ਹਾਂ ਦਾ ਵਿਆਹ ਹੋ ਗਿਆ। ਬਰਾਤ ਨਾਲ ਗਏ ਚੰਦ ਕੁ ਜਮਾਤੀਆਂ-ਮਿੱਤਰਾਂ ਨਾਲ ਉਹ ਬੜੀ ਹੀ ਸਾਦਗੀ ਨਾਲ ਜਦੋਂ ਬਿਨਾਂ ਕਿਸੇ ਦਾਜ ਦਹੇਜ ਤੋਂ ਬਰਜਿੰਦਰ ਕੌਰ ਨੂੰ ਵਿਆਹ ਕੇ ਲੈ ਆਏ ਤਾਂ ਪਿੰਡ (ਜੱਗਾਂ) ਵਾਲੇ ਹੈਰਾਨ ਵੀ ਹੋਏ ਅਤੇ ਖੁਸ਼ ਵੀ ਕਿ ਵਿਆਹ ਇਸ ਤਰ੍ਹਾਂ ਵੀ ਹੁੰਦੇ ਹਨ।
1972 ਵਿਚ ਉਨ੍ਹਾਂ ਦੇ ਘਰ ਵੱਡੇ ਲੜਕੇ ਅਮਨਦੀਪ ਸਿੰਘ ਜਿਸ ਨੂੰ ਸਾਰੇ ਪਿਆਰ ਨਾਲ ਰਿੰਕੂ ਕਹਿੰਦੇ ਸਨ ਦਾ ਜਨਮ ਹੋਇਆ। 1973-74 ਵਿਚ ਮੇਰਾ ਵਾਹ ਇਨ੍ਹਾਂ ਨਾਲ ਪੈਂਦਾ ਹੈ। ਉਦੋਂ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿਚ ਪੀ.ਐਸ.ਯੂ. ਦਾ ਸਕੱਤਰ ਸੀ। ਉਦੋਂ ਅਜੇ ਯੁਨੀਅਨ ਦੋਫਾੜ ਨਹੀਂ ਸੀ ਹੋਈ। ਉਨ੍ਹਾਂ ਦੀ ਭੈਣ ਇੰਦਰਜੀਤ ਨੇ ਵੀ ਪ੍ਰੀ-ਮੈਡੀਕਲ ਵਿਚ ਦਾਖਲਾ ਲਿਆ ਸੀ ਅਤੇ ਉਹ ਸਾਡੀ ਸਰਗਰਮ ਵਰਕਰ ਬਣ ਗਈ। ਉਨ੍ਹਾਂ ਦੀ ਰਿਹਾਇਸ਼ ਰਾਮਗੜ੍ਹੀਆ ਮਾਡਲ ਸਕੂਲ (ਹੁਣ ਭਾਈ ਲਾਲੋ ਕਾਲਜ ਲੜਕੀਆਂ) ਦੇ ਰਿਹਾਇਸ਼ੀ ਕੁਆਰਟਰਾਂ ਵਿਚ ਸੀ। ਨਾਲ ਲੰਘਦੀ ਜੀ.ਟੀ. ਰੋਡ ਉੱਤੇ ਇੰਜਣਾਂ ਦੇ ਹਿੱਸੇ ਪੁਰਜ਼ੇ ਬਣਾਉਣ ਦੀ ਉਨ੍ਹਾਂ ਨੇ ਇੱਕ ਨਿੱਕੀ ਜਿਹੀ ਵਰਕਸ਼ਾਪ ਖੋਲ੍ਹ ਲਈ ਸੀ। ਉਨ੍ਹਾਂ ਦਾ ਕੁਆਰਟਰ ਕਾਮਰੇਡਾਂ ਦੇ ਘਰ ਵਜੋਂ ਜਾਣਿਆਂ ਜਾਂਦਾ ਸੀ। ਕਾਲਜ ਤੋਂ ਬਾਅਦ ਤਕਰੀਬਨ ਹਰ ਰੋਜ਼ ਮੇਰਾ ਇੱਥੇ ਆਉਣਾ-ਜਾਣਾ ਸੀ। ਇੱਥੇ ਹੀ ਮੈਂ ਪਹਿਲੀ ਵੇਰ ਕਾਮਰੇਡ ਦਰਸ਼ਨ ਦੋਸਾਂਝ, ਦਰਸ਼ਨ ਖਟਕੜ, ਅਜਮੇਰ ਸਿੰਘ ਸਮਰਾ, ਜੈਮਲ ਪੱਡਾ, ਕੇਵਲ ਕੌਰ, ਤਾਰਾ ਸਿੰਘ ਚਲਾਕੀ ਅਤੇ ਕਈ ਹੋਰ ਅਗੂਆਂ ਨੂੰ ਮਿਲਿਆ। ਰੂਪੋਸ਼ ਹੋਣ ਦੇ ਕਾਰਨ ਉਨ੍ਹਾਂ ਦੇ ਨਾਮ ਫਰਜ਼ੀ ਰੱਖੇ ਹੋਏ ਸਨ। ਉਹ ਆਉਂਦੇ ਰੋਟੀ ਪਾਣੀ ਛਕਦੇ ਤੇ ਜ਼ਰੂਰੀ ਗੱਲਬਾਤ ਕਰਕੇ ਕੁਆਰਟਰ ਪਿਛਲੀ ਗਲੀ ਵਿਚੋਂ ਨਿਕਲ ਕੇ ਆਪਣੇ ਅਗਲੇ ਪੜਾਅ ਵੱਲ ਨਿਕਲ ਜਾਂਦੇ। ਕਮਲਜੀਤ ਵਿਰਕ ਦੇ ਯੂਨੀਅਨ ਵਿਚ ਸਰਗਰਮ ਹੋਣ ਨਾਲ ਸਾਡਾ ਦੋਵਾਂ ਪਰਿਵਾਰਾਂ ਨਾਲ ਪਰਿਵਾਰਕ ਰਿਸ਼ਤਾ ਬਣ ਗਿਆ। ਜੋ ਹੁਣ ਤੱਕ ਕਾਇਮ ਹੈ। ਬਿੰਦਰ ਭੈਣ ਹੁਣ ਵਿਰਕਾਂ ਦੀ ਭੈਣ ਹੀ ਨਹੀਂ ਸਗੋਂ ਸਾਰੇ ਜੁਝਾਰੂ ਸਾਥੀਆਂ ਦੀ ਭੈਣ ਬਣ ਗਈ ਸੀ। ਸਾਂਵਲੇ ਰੰਗ ਦੀ ਨਟਖਟ ਇੰਦਰਜੀਤ ਦੇ ਹਾਸੇ-ਮਜ਼ਾਕ ਸਾਰਿਆਂ ਦਾ ਦਿਲ ਖੁਸ਼ ਕਰ ਦਿੰਦੇ। ਇੱਕ ਦਿਨ ਜਲੰਧਰ ਕੇਵਲ ਕੌਰ ਦੇ ਘਰ ਛਾਪਾ ਪੈ ਗਿਆ। ਇੰਦਰਜੀਤ ਵੀ ਉੱਥੇ ਹੀ ਸੀ। ਬਾਲੜੀ ਇੰਦਰਜੀਤ ਨੂੰ ਥਹੁ ਟਿਕਾਣਾ ਪੁੱਛਿਆ ਤਾਂ ਸ਼ੱਕ ਦੀ ਸੂਈ ਫਗਵਾੜੇ ਵਾਲੇ ਕੁਆਰਟਰ ‘ਤੇ ਅਟਕ ਗਈ। ਪੁਲਸ ਨੇ ਸੋਚਿਆ ਹੋਣਾ ਕਿ ਫਗਵਾੜੇ ਰਹਿੰਦੀ ਕੁੜੀ ਦਾ ਜਲੰਧਰ ਕੇਵਲ ਕੌਰ ਦੇ ਘਰ, ਕਿਵੇਂ ਆਉਣਾ ਹੋਇਆ। ਉਨ੍ਹਾਂ ਨੇ ਕੁਲਦੀਪ ਦੀ ਇੰਜਣਾਂ ਦੇ ਪੁਰਜ਼ੇ ਬਣਾਉਣ ਵਾਲੀ ਵਰਕਸ਼ਾਪ ਵਿਚ ਇਨਕਲਾਬੀਆਂ ਲਈ ਹਥਿਆਰ ਬਣਾਉਣ ਦਾ ਦੋਸ਼ ਮੜ੍ਹ ਦਿੱਤਾ। ਅਸਲ ਵਿਚ ਇਹ ਸ਼ੱਕ ਸੱਚਾ ਵੀ ਸੀ ਪਰ ਇਸ ਦਾ ਕੋਈ ਵੀ ਸਬੂਤ ਪੁਲਸ ਕੋਲ ਨਹੀਂ ਸੀ।
25 ਜੂਨ 1975 ਨੂੰ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਰੂਸੀ ਅਕਾਵਾਂ ਦੀ ਸ਼ਹਿ ‘ਤੇ ਦੇਸ਼ ਵਿਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਬਹਾਨੇ ਭਾਵੇਂ ਕਈ ਸਨ ਪਰ ਇਹ ਸ਼ਹਿਰੀ ਅਜ਼ਾਦੀਆਂ ਉੱਪਰ ਦਿਨ ਦਿਹਾੜੇ ਡਾਕਾ ਸੀ। ਸੀ.ਪੀ. ਆਈ. (ਕਮਿਊਨਿਸਟ ਪਾਰਟੀ ਆਫ ਇੰਡੀਆ) ਜਿਸ ਦੀਆਂ ਤਾਰਾਂ ਰੂਸ ਤੋਂ ਹਿੱਲਦੀਆਂ ਸਨ ਤੋਂ ਇਲਾਵਾ ਹਰ ਵਿਰੋਧੀ ਪਾਰਟੀ ਦੇ ਨਿੱਕੇ-ਵੱਡੇ ਵਰਕਰਾਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ। ਪੂਰਾ ਹਿੰਦੁਸਤਾਨ ਇਕ ਵੱਡੀ ਜੇਲ੍ਹ ਦਾ ਰੂਪ ਧਾਰਨ ਕਰ ਗਿਆ। ਕੁਲਦੀਪ ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ ਪਰ ਕੁਝ ਮਹੀਨਿਆਂ ਬਾਅਦ ਬੰਦਖਲਾਸੀ ਹੋ ਗਈ। ਮੈਂ ਅਤੇ ਕਮਲਜੀਤ ਨੇ ਵੀ ਕੁਝ ਹੋਰ ਸਾਥੀਆਂ ਸਮੇਤ ਪਹਿਲੇ ਛੇ ਮਹੀਨੇ ਤਾਂ ਬਚ-ਬਚਾਅ ਨਾਲ਼ ਲੰਘਾ ਲਏ ਪਰ ਫਰਵਰੀ 1976 ਵਿਚ ਇੱਕ ਗਦਾਰ ਦੀ ਵਜ੍ਹਾ ਨਾਲ਼ ਫੜੇ ਗਏ। ਬਿੰਦਰ ਭੈਣ ਮੁਲਾਕਾਤਾਂ ਲਈ ਕਦੇ ਜਲੰਧਰ, ਕਦੇ ਫਿਰੋਜ਼ਪੁਰ, ਕਦੇ ਸੰਗਰੂਰ ਤੇ ਕਦੇ ਅੰਬਰਸਰ ਜਾਂਦੀ ਤਾਂ ਪੁਲਸੀਆਂ ਨੇ ਕਹਿਣਾ ‘ਭੈਣੇ ਕੀ ਤੇਰੇ ਸਾਰੇ ਈ ਭਰਾ ਜੇਲ੍ਹਾਂ ਵਿਚ ਹਨ?’ ਇੱਕ ਵੇਰ ਕਪੂਰਥਲੇ ਸਾਡੀ ਪੇਸ਼ੀ ਸੀ। ਨਿੱਕਾ ਜਿਹਾ ਸੋਹਣਾ ਸੁਨੱਖਾ ਤੇ ਲਾਲ ਸੂਹੇ ਰੰਗ ਵਾਲਾ ਰਿੰਕੂ (ਭਾਜੀ ਦਾ ਵੱਡਾ ਲੜਕਾ ਜੋ ਉਦੋਂ ਢਾਈ-ਤਿੰਨ ਸਾਲ ਦਾ ਸੀ) ਪੁਲਸੀਆਂ ਨੂੰ ਲਾਹਨਤਾਂ ਪਾ ਰਿਹਾ ਸੀ। ਕਹਿੰਦਾ ‘ਮੈਨੂੰ ਵੱਡਾ ਹੋ ਲੈਣ ਦਿਉ। ਜਿਨ੍ਹਾਂ ਮੇਰੇ ਮਾਮਿਆਂ ਨੂੰ ਫੜਿਆ ਮੈਂ ਬਦੂਕ (ਬੰਦੂਕ) ਨਾਲ ਮਾਰ ਦੇਣਾ।’ ਇਸ ਦਾ ਜ਼ਿਕਰ ਮੈਂ ਆਪਣੀ ਇਕ ਕਵਿਤਾ ਵਿਚ ਵੀ ਕੀਤਾ ਸੀ।
ਨੰਨ੍ਹੇ ਜਿਹੇ ਰਿੰਕੂ ਦੇ
ਰੋਹਲੇ ਬੋਲਾਂ ਨੂੰ
ਕਿਉਂ ਦਿਉ ਕੱਦ ਪੁਲਸੀਏ ਚਿਹਰੇ
ਹਨ ਘੂਰਦੇ ਰਹਿੰਦੇ?
ਮਾਰਚ ਜਾਂ ਅਪਰੈਲ 1977 ਦੀ ਗੱਲ ਹੈ। ਦੇਸ਼ ਵਿਚ ਆਮ ਚੋਣਾਂ ਹੋਈਆਂ। ਕਾਂਗਰਸ ਪੂਰੀ ਤਰ੍ਹਾਂ ਪਛਾੜ ਦਿੱਤੀ ਗਈ। ਇੰਦਰਾ ਗਾਂਧੀ ਨੂੰ ਇਕ ਮਜ਼ਾਕੀਆ ਕਿਸਮ ਦੇ ਉਮੀਦਵਾਰ ਨੇ ਹਰਾ ਕੇ ਸਭ ਨੂੰ ਹੈਰਾਨ ਕਰ ਦਿਤਾ। ਹਾਲਾਤ ਆਮ ਵਰਗੇ ਹੋਣ ਲੱਗੇ ਪਰ ਕੁਲਦੀਪ ਨੇ ਸੋਚਿਆ ਕਿ ਹੁਣ ਇਸ ਮੁਲਕ ਵਿਚ ਰਹਿਣਾ ਸੌਖਾ ਨਹੀਂ। ਇਸੇ ਸਾਲ ਹੀ ਉਨ੍ਹਾਂ ਦੇ ਘਰ ਦੂਜੇ ਬੱਚੇ ਗਗਨਦੀਪ ਨੇ ਜਨਮ ਲਿਆ। ਉਨ੍ਹਾਂ ਨੇ ਮਹਿਰੂਮ ਕਾਮਰੇਡ ਦਰਸ਼ਨ ਦੋਸਾਂਝ ਨਾਲ ਸਲਾਹ ਕੀਤੀ। ਉਸ ਨੇ ਵੀ ਸਹਿਮਤੀ ਦਿੱਤੀ। ਭਾਜੀ ਨੇ ਮੈਨੂੰ ਅਤੇ ਕਮਲਜੀਤ ਵਿਰਕ ਨੂੰ ਬਿਠਾ ਕੇ ਕਿਹਾ ‘ਹੁਣ ਮੈਂ ਬਾਹਰ ਚੱਲਿਆਂ, ਤੁਸੀਂ ਬਿੰਦਰ ਅਤੇ ਬੱਚਿਆਂ ਦਾ ਖਿਆਲ ਰੱਖ਼ਣਾ।’ ਉਹ ਇਰਾਨ ਚਲੇ ਗਏ। ਸ਼ਾਹ (ਮੁਹੰਮਦ ਰਜ਼ਾ ਪਹਿਲਵੀ) ਦੀ ਹਕੂਮਤ ਸੀ। ਜਾਣ ਲਈ ਵੀਜ਼ੇ ਦੀ ਜ਼ਰੂਰਤ ਵੀ ਨਹੀਂ ਹੁੰਦੀ ਸੀ। ਦੱਸਦੇ ਨੇ ਕਿ ਲੋਕ ਬਹੁਤ ਖੁਸ਼ ਸਨ, ਪਰ 1979 ਦੇ ਅਖੀਰ ਵਿਚ ਉੱਥੇ ਰਾਜ ਪਲਟਾ ਹੋ ਗਿਆ। ਕੱਟੜਪੰਥੀ ਆਇਤਉੱਲਾ ਰੂਹਉੱਲਾ ਖ਼ਮੇਨੀ ਨੇ ਇਸਲਾਮਿਕ ਸਰਕਾਰ ਬਣਾ ਲਈ। ਲੋਕਾਂ ਉਪਰ ਇਸਲਾਮੀ ਫੈਸਲੇ ਜ਼ਬਰਦਸਤੀ ਥੋਪਣੇ ਸ਼ੁਰੂ ਕਰ ਦਿੱਤੇ। ਆਦਰਸ਼ਕ ਤੇ ਜੁਝਾਰੂ ਕੁਲਦੀਪ ਦਾ ਦਮ ਘੁੱਟਣ ਲੱਗਾ ਤਾਂ ਉਹ ਸਵਾ ਦੋ ਸਾਲਾਂ ਬਾਅਦ ਇਰਾਨ ਨੂੰ ਅਲਵਿਦਾ ਆਖ ਮੁੜ ਪੰਜਾਬ ਆ ਗਿਆ।
ਭਾਰਤ ਦੀ ਕੁਰੱਪਟ ਰਾਜਨੀਤੀ ਅਤੇ ਬਦਨਾਮ ਰਿਸ਼ਵਤਖੋਰ ਅਫਸਰਸ਼ਾਹੀ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਰੱਖਿਆ ਸੀ ਜੋ ਹੁਣ ਤਕ ਵੀ ਜਾਰੀ ਹੈ। ਕੁਲਦੀਪ ਨੇ ਫਿਰ ਹਿੰਮਤ ਕੀਤੀ। ਕੁਝ ਪਾਰਟੀ ਆਗੂਆਂ ਨੇ ਦੱਬੀ ਜੀਭ ਨਾਲ ਨੁਕਤਾਚੀਨੀ ਵੀ ਕੀਤੀ। ਆਖਰ ਉਹ ਬੈਲਜੀਅਮ, ਨੌਰਵੇ ਹੁੰਦਾ ਹੋਇਆ ਅਮਰੀਕਾ ਪਹੁੰਚ ਗਿਆ। ਹਿੰਮਤ ਅਤੇ ਕੁਝ ਕਰ ਗੁਜ਼ਰਨ ਦੀ ਲਗਨ ਨੇ ਉਸਦਾ ਸਾਥ ਦਿੱਤਾ। ਉਸਨੇ ਲੰਬਾਰਡ ਸਥਿਤ ‘ਮਿੱਡ ਵੈਸਟ ਕਾਲਜ ਆਫ ਇੰਜੀਨੀਅਰਿੰਗ’ ਵਿਚ ਇੱਕ ਹੋਰ ਡਿਗਰੀ ਲਈ ਦਾਖ਼ਲਾ ਲੈ ਲਿਆ। ਪਰ ਛੇਤੀ ਹੀ ਮਹਿਸੂਸ ਕੀਤਾ ਕਿ ਇਸ ਪੜ੍ਹਾਈ ਨਾਲ ਟੈਕਨੌਲੋਜੀ ਦੇ ਗਿਆਨ ਵਿਚ ਕੋਈ ਜ਼ਿਆਦਾ ਵਾਧਾ ਨਹੀਂ ਹੋਣਾ। ਇੱਕ ਕੋਰਸ ਤੋਂ ਬਾਅਦ ਹੀ ਉਨ੍ਹਾਂ ਉਸ ਨੂੰ ਵੀ ਅਲਵਿਦਾ ਆਖ ਦਿੱਤੀ। ਜੌਬ (ਕੰਮ) ਸ਼ੁਰੂ ਕਰ ਲਈ। ਸ਼ਾਇਦ ਇਹ 1980 ਦੀ ਗੱਲ ਹੈ। ਸਮਾਂ ਬੀਤਦਾ ਗਿਆ। ਦੋ-ਤਿੰਨ ਹੋਰ ਜੌਬਾਂ ਕਰਨ ਤੋਂ ਬਾਅਦ ਉਨ੍ਹਾਂ ਨੇ ‘ਫਰਮੀ ਨੈਸ਼ਨਲ ਐਕਸਿਲਰੇਟਰ ਲੈਬ’ ਵਿਚ ਕੰਮ ਸ਼ੁਰੂ ਕਰ ਲਿਆ। ਕੁਲਦੀਪ ਨੇ ਇਸ ਲੈਬ ਵਿਚ ਲੰਮਾ ਸਮਾਂ ਕੰਮ ਕੀਤਾ ਅਤੇ 2010 ਵਿਚ ਰਿਟਾਇਰ ਹੋਏ।
ਗੱਲ ਲੰਮੀ ਹੋ ਰਹੀ ਹੈ ਤਾਂ ਹੁਣ ਆਪਾਂ ‘ਧੀਆਂ ਪੁਕਾਰਦੀਆਂ’ ਵੱਲ ਮੁੜ ਪਰਤਦੇ ਹਾਂ। ਕੰਮ ਮੁਕਤ (ਰਿਟਾਇਰਮੈਂਟ ਨੂੰ ਮੈਂ ਜਾਣਬੁਝ ਕੇ ਸੇਵਾ ਮੁਕਤ ਦੀ ਥਾਂ ਕੰਮ ਮੁਕਤ ਲਿਖਦਾ ਹਾਂ ਕਿਉਂਕਿ ਸੇਵਾ ਤਾਂ ਮੁਫ਼ਤ ਦੀ ਹੁੰਦੀ ਹੈ ਤੇ ਕੰਮ ਆਪਾਂ ਤਨਖਾਹ ਲੈ ਕੇ ਕਰਦੇ ਹਾਂ) ਹੋ ਕੇ ਉਨ੍ਹਾਂ ਨੇ ਜਨਵਰੀ ਦੀ ਸਤਾਰਾਂ ਤਰੀਕ ਵੀਹ ਸੌ ਗਿਆਰਾਂ ਨੂੰ ਇਹ ਸੰਸਥਾ ਬਣਾਈ। ਫੰਡ ਦੇਣ ਵਾਲਿਆਂ ਜਾਂ ਸਹਾਇਤਾ ਕਰਨ ਵਾਲਿਆਂ ਨਾਲ ਇਹ ਵਾਅਦਾ ਕੀਤਾ ਗਿਆ ਕਿ ‘ਧੀਆਂ ਪੁਕਾਰਦੀਆਂ’ ਲਈ ਆਇਆ ਇੱਕ-ਇੱਕ ਡਾਲਰ ਧੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵਰਤਿਆ ਜਾਏਗਾ ਤੇ ਸੰਸਥਾ ਨੂੰ ਚਲਾਉਣ ਦਾ ਖਰਚਾ ਵੀ ਆਪ ਕਰਨਗੇ। ਅੱਜ ਤਕ ਉਹ ਆਪਣੇ ਇਸ ਵਾਅਦੇ ਉੱਪਰ ਖ਼ਰੇ ਉੱਤਰ ਰਹੇ ਹਨ। ਹਜ਼ਾਰ ਤੋਂ ਉੱਪਰ ਧੀਆਂ ਵਿਚੋਂ ਇੱਕ ਹੋਣਹਾਰ ਧੀ ਮਨਦੀਪ ਕੌਰ ਨੂੰ ਗੋਦ ਲੈ ਲਿਆ। ਉਸਨੇ ਪਟਿਆਲਾ ਤੋਂ ਗਰੈਜੂਏਸ਼ਨ ਕੀਤੀ। ਕੁਲਦੀਪ ਦੀ ਰਹਿਨੁਮਾਈ ਥੱਲੇ ਉਹਨੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਉਚੇਰੀ ਪੜ੍ਹਾਈ ਦੇ ਦਾਖਲੇ ਲਈ ਅਰਜ਼ੀਆਂ ਦਿੱਤੀਆਂ ਤੇ ਆਖਰ ਸ਼ਿਕਾਗੋਲੈਂਡ ਦੀ ਇਕ ਯੂਨੀਵਰਸਿਟੀ ਵਿਚ ਉਹਨੂੰ ਦਾਖਲਾ ਮਿਲ ਗਿਆ। ਜਿੱਥੇ ਉਸਨੇ ਕੰਪਿਊਟਰ ਸਾਇੰਸ ਵਿਚ ਮਾਸਟਰ ਡਿਗਰੀ ਪਾਸ ਕੀਤੀ। ਅਜੇ ਪਿਛਲੇ ਸਾਲ 2025 ਵਿਚ ਹੀ ਉਸਦੀ ਸ਼ਾਦੀ ਹੋਈ ਹੈ ਅਤੇ ਉਹ ਆਪਣੇ ਸਹੁਰੇ ਪਰਿਵਾਰ ਆਪਣੇ ਸੁਚੱਜੇ ਪੜ੍ਹੇ-ਲਿਖੇ ਸਾਥੀ ਨਾਲ ਹੱਸਦੀ ਵਸਦੀ ਰਹਿੰਦੀ ਹੈ। ਹਰ ਦੂਜੇ ਵੀਕਐਂਡ ‘ਤੇ ਉਹ ਆਪਣੇ ਹੀਂ ਨਹੀਂ ਸਗੋਂ ਸੈਂਕੜੇ ਧੀਆਂ ਦੇ ਬਾਪ ਨੂੰ ਬਿਨਾਂ ਨਾਗਾ ਮਿਲਣ ਆਉਂਦੀ ਹੈ ਅਤੇ ‘ਧੀਆਂ ਪੁਕਾਰਦੀਆਂ’ ਸੰਸਥਾ ਵਿਚ ਪਿਤਾ ਦੀ ਮਦਦ ਕਰਦੀ ਹੈ।
ਮੇਰੇ ਇੱਕ ਬਹੁਤ ਹੀ ਪਿਆਰੇ ਸ਼ਾਇਰ ਦੋਸਤ ਤੇ ਯੁੱਧ ਸਾਥੀ ਰਹੇ ਜਸਵਿੰਦਰ ਦਾ ਇੱਕ ਸ਼ੇਅਰ ਹੈ –
ਸਾਡੇ ਪੈਰ ‘ਚ ਚੱਕਰ ਯਾਰ
ਅਸੀਂ ਤਾਂ ਤੁਰਦੇ ਜਾਣਾ।
ਕੁਲਦੀਪ ਸਿੰਘ ਸਰਾ ਭਾਜੀ ਦੇ ਵੀ ਪੈਰ ’ਚ ਚੱਕਰ ਹੈ। ਉਹ ਟਿਕ ਕੇ ਨਹੀਂ ਬਹਿ ਸਕਦੇ। ਹਰ ਕੰਮ ਨੂੰ ਤਰਤੀਬ ਅਤੇ ਸਲੀਕੇ ਨਾਲ ਕਰਦੇ ਹਨ। ਘਰ ਵਿਚ ਅਜੇ ਵੀ ਨਿੱਕੇ-ਮੋਟੇ ਪੁਰਜ਼ੇ ਤਿਆਰ ਕਰਨ ਵਾਲੀ ਮਸ਼ੀਨ ਰੱਖੀ ਹੋਈ ਹੈ। ਜਿਸ ਨਾਲ ਉਨ੍ਹਾਂ ਨੂੰ ਪੈਨਸ਼ਨ ਤੋਂ ਇਲਾਵਾ ਵਾਧੂ ਕਮਾਈ ਹੋ ਜਾਂਦੀ ਹੈ। ਘਰ ਵਿਚ ਕਿਤਾਬਾਂ ਹਨ। ਚੰਗੀਆਂ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ। ਅਮਰੀਕਨ ਤਿਉਹਾਰਾਂ ਵਿਚ ਉਹ ਮੋਹਰੀ ਬਣ ਕੇ ਵਿਚਰ ਰਹੇ ਹਨ। ਥੈਂਕਸ ਗਿਵਿੰਗ ਦਾ ਤਿਉਹਾਰ ਉਹ ਹਰ ਸਾਲ ਆਪਣੇ ਘਰ ਵਿਚ ਆਪਣੇ ਕਰੀਬੀ ਮਿੱਤਰਾਂ ਨਾਲ ਦਹਾਕਿਆਂ ਬੱਧੀ ਮਨਾਉਂਦੇ ਰਹੇ ਹਨ। ਉਮਰ ਦੇ ਇਕਾਸੀਵੇਂ ਵਰ੍ਹੇ ਵਿਚ ਵੀ ਉਹ ਆਪਣੀ ਸੁਚੱਜੀ ਜੀਵਨ ਜਾਚ ਕਾਰਨ ਜਵਾਨ ਲੱਗਦੇ ਹਨ। ਪਰ ਪਿੱਛੇ ਜਿਹੇ ਸਿਹਤ ਕੁਝ ਢਿੱਲੀ ਵੀ ਹੋ ਗਈ ਸੀ ਅਤੇ 2009 ਵਿਚ ਸਟੈਂਟ ਵੀ ਪਾਇਆ ਗਿਆ ਸੀ। ਨਿੱਕੀਆਂ-ਮੋਟੀਆਂ ਬਿਮਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਹਮੇਸ਼ਾਂ ਹਾਂ-ਪੱਖੀ ਖਿਆਲਾਂ ਨਾਲ ਲਬਰੇਜ਼ ਰਹਿੰਦੇ ਹਨ।
ਉਨ੍ਹਾਂ ਦੀ ਦੋਸਤੀ ਦਾ ਘੇਰਾ ਵੀ ਕਮਾਲ ਦਾ ਹੈ। ਜੋ ਆਪੋ ਆਪਣੇ ਖੇਤਰ ਵਿਚ ਜ਼ਿਕਰਯੋਗ ਕੰਮ ਕਰ ਰਹੇ ਹਨ। ਪਿਛੇ ਜਿਹੇ ਉਨ੍ਹਾਂ ਆਪਣੇ ਇਕ ਦੋਸਤ ਲਾਲ ਸਿੰਘ ਪਨੇਸਰ ਨਾਲ ਰਲ਼ ਕੇ ਇਕ ਹੋਰ ਸੰਸਥਾ ਪਗੜੀ (PAGRI-PUNJAB AGRICULTURAL REJUVATION INITATIVE) ਵੀ ਬਣਾਈ। ਜਿਸਨੇ ਪੰਜਾਬ ਵਿਚ ਕਿਸਾਨਾਂ ਤੇ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਵਰਗੀਆਂ ਰਵਾਇਤੀ ਫਸਲਾਂ ਛੱਡ ਕੇ ਜੈਵਿਕ ਖੇਤੀ ਵੱਲ ਅਤੇ ਹੋਰ ਲਾਹੇਵੰਦ ਕਿੱਤਿਆਂ ਵੱਲ ਮੋੜਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ। ਭਾਵੇਂ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਖੇਤੀ ਵਿਗਿਆਨੀ ਵੀ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਕੰਮ ਕਰਦੇ ਆ ਰਹੇ ਹਨ ਪਰ ਗੱਲ ਤਾਂ ਹਜ਼ਾਰਾਂ ਮੀਲ ਦੂਰ ਬਹਿ ਕੇ ਵੀ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਹੰਭਲਾ ਮਾਰਨ ਦੀ ਹੈ। ਵਿਹਲੇ ਸਮੇਂ ਵਿਚ ਉਹ ਘਰ ਦੀ ਬਗੀਚੀ ਵਿਚ ਵੀ ਔਰਗੈਨਿਕ ਸਬਜ਼ੀਆਂ ਤਿਆਰ ਕਰਦੇ ਹਨ। ਲੋੜੋਂ ਵੱਧ ਸਬਜ਼ੀਆਂ ਨੂੰ ਉਹ ਦੋਸਤਾਂ- ਮਿੱਤਰਾਂ ਦੇ ਘਰ ਵੰਡ ਕੇ ਖੁਸ਼ੀ ਮਹਿਸੂਸ ਕਰਦੇ ਹਨ। ਅਗਲੇ ਸਾਲ ਲਈ ਉਹ ਬੀਜ ਵੀ ਖੁਦ ਤਿਆਰ ਕਰ ਲੈਂਦੇ ਹਨ ਤੇ ਫਿਰ ਸਲੀਕੇ ਨਾਲ ਬਹੁਤ ਸੋਹਣੀ ਪੈਕਿੰਗ ਕਰਕੇ ਸੰਭਾਲ ਲੈਂਦੇ ਹਨ।
ਦਸ ਕੁ ਸਾਲ ਪਹਿਲਾਂ ਮੈਂ ਉਨ੍ਹਾਂ ਨੂੰ ਤਾਕੀਦ ਕੀਤੀ ਕਿ ਭਾਜੀ ਤੁਹਾਡੇ ਕੋਲ ਖੱਟੇ-ਮਿੱਠੇ ਤਜਰਬਿਆਂ ਦਾ ਏਨਾ ਵੱਡਾ ਖਜ਼ਾਨਾ ਹੈ ਕਿਉਂ ਨਹੀਂ ਤੁਸੀਂ ਇਸਨੂੰ ਕਲਮਬੱਧ ਕਰ ਲੈਂਦੇ। ਫਿਰ ਉਨ੍ਹਾਂ ਨੇ ‘ਵਿੰਗੇ ਟੇਢੇ ਰਾਹ’ ਨਾਂਅ ਥੱਲੇ ਇਕ ਖੂਬਸੂਰਤ ਲੇਖ ਲਿਖਿਆ, ਜਿਸਨੂੰ ਅਸੀਂ ਸਾਹਿਤਕ ਚੌਮਾਸਕ ਮੈਗਜ਼ੀਨ ‘ਹੁਣ’ ਦੇ ਇਕੱਤੀਵੇਂ ਅੰਕ ਵਿਚ ਛਾਪਿਆ ਵੀ ਸੀ। ਦੋ ਕੁ ਸਾਲ ਪਹਿਲਾਂ ਉਹ ਆਪਣੀਆਂ ਸੰਸਥਾਵਾਂ ਦੇ ਸਬੰਧ ਵਿਚ ਪੰਜਾਬ ਜਾ ਰਹੇ ਸਨ। ਸ਼ਿਕਾਗੋ ਤੋਂ ਦਿੱਲੀ ਦੀ ਫਲਾਈਟ ਸੀ। ਅੱਧ ਅਸਮਾਨੀ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਪਾਇਲਟ ਨੂੰ ਜਹਾਜ਼ ਫਿਨਲੈਂਡ ਦੀ ਰਾਜਧਾਨੀ ਹਿਲਸਿੰਕੀ ਉਤਾਰਨਾ ਪਿਆ। ਹਫਤੇ ਕੁ ਦੇ ਇਲਾਜ ਮਗਰੋਂ ਉਹ ਸ਼ਿਕਾਗੋ ਆ ਗਏ ਤੇ ਮੁੜ ਉਸੇ ਰਫ਼ਤਾਰ ਨਾਲ ਆਪਣੇ ਕੰਮਾਂ ਵਿਚ ਜੁੱਟ ਗਏ। ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਤੇ ਦਰਸ਼ਨ ਖਟਕੜ ਮੇਰੇ ਵਡੇ ਭਰਾ ਵੀ ਹਨ ਅਤੇ ਰੋਲ ਮਾਡਲ ਵੀ। ਪੰਜ ਕੁ ਸਾਲ ਤੋਂ ਅਸੀਂ ਪੈਨਸਿਲਵੇਨੀਆ ਤੋਂ ਇੰਡਿਆਨਾ ਆ ਗਏ ਤਾਂ ਇਹ ਮਿਲਣੀਆਂ ਹੋਰ ਵੀ ਵਧ ਗਈਆਂ। ਡਾ. ਆਤਮਜੀਤ ਦਾ ਸ਼ਿਕਾਗੋ ਆ ਜਾਣਾ ਤੇ ਹੁਣ ਉਨ੍ਹਾਂ ਦੇ ਹੀ ਸ਼ਹਿਰ ਨੇਪਰਵਿੱਲ ਵਿਚ ਆਪਣੇ ਬੱਚਿਆਂ ਕੋਲ ਟਿਕਾਣਾ ਬਣਾ ਲੈਣਾ, ਸਾਡੇ ਲਈ ਬਹੁਤ ਲਾਹੇਵੰਦ ਹੋ ਨਿਬੜਿਆ ਹੈ। ਠੰਢੀਆਂ ਹਵਾਵਾਂ ਨਾਲ ਜਾਣਿਆ ਜਾਂਦਾ ਸ਼ਿਕਾਗੋ ਜੋ ਮਜ਼ਦੂਰ ਸੰਘਰਸ਼ ਦਾ ਅਮੀਰ ਵਿਰਸਾ ਸੰਭਾਲੀ ਬੈਠਾ ਹੈ, ਹੁਣ ਸਾਹਿਤਕ ਫਿਜ਼ਾਵਾਂ ਵਿਚ ਮਹਿਕਾਂ ਵੀ ਬਖੇਰ ਰਿਹਾ ਹੈ। ਕੁਲਦੀਪ ਸਰਾ ਦੀ ਸੂਝ ਅਤੇ ਲਗਨ ਨੂੰ ਸਲਾਮ।